ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੜ੍ਹਦੀਕਲਾ ਦਾ ਨਵਾਂ ਉਭਾਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ

ਆਸ ਤੇ ਭਰੋਸੇ ਦੀ ਭਾਵਨਾ ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਹੀ ਸਿੱਖਾਂ ਦਾ ਪੰਧ ਰੌਸ਼ਨ ਤੇ ਸਹਿਜ ਕਰਦੀ ਆਈ ਹੈ। ਗੁਰੂ ਅਰਜਨ ਸਾਹਿਬ ਦੀ ਲਾਹੌਰ ਵਿੱਚ ਹੋਈ ਸ਼ਹੀਦੀ ਨੇ ਸਿੱਖੀ ਸਿਧਾਂਤਾਂ ਤੇ ਦ੍ਰਿੜ੍ਹਤਾ ਦੇ ਜਜ਼ਬੇ ਨੂੰ ਠੋਸ ਆਧਾਰ...
ਕਸ਼ਮੀਰੀ ਪੰਡਿਤਾਂ ਵੱਲੋਂ ਗੁਰੂ ਤੇਗ ਬਹਾਦਰ ਜੀ ਨਾਲ ਕੀਤੀ ਮੁਲਾਕਾਤ ਦਾ ਚਿੱਤਰ।
Advertisement

ਆਸ ਤੇ ਭਰੋਸੇ ਦੀ ਭਾਵਨਾ ਗੁਰੂ ਨਾਨਕ ਦੇਵ ਜੀ ਦੇ ਕਾਲ ਤੋਂ ਹੀ ਸਿੱਖਾਂ ਦਾ ਪੰਧ ਰੌਸ਼ਨ ਤੇ ਸਹਿਜ ਕਰਦੀ ਆਈ ਹੈ। ਗੁਰੂ ਅਰਜਨ ਸਾਹਿਬ ਦੀ ਲਾਹੌਰ ਵਿੱਚ ਹੋਈ ਸ਼ਹੀਦੀ ਨੇ ਸਿੱਖੀ ਸਿਧਾਂਤਾਂ ਤੇ ਦ੍ਰਿੜ੍ਹਤਾ ਦੇ ਜਜ਼ਬੇ ਨੂੰ ਠੋਸ ਆਧਾਰ ਪ੍ਰਦਾਨ ਕੀਤਾ ਸੀ। ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ ਤੇ ਪੀਰੀ ਦੇ ਸਿਧਾਂਤ ਨੇ ਸਿੱਖਾਂ ਅੰਦਰ ਧਰਮ ਲਈ ਸੂਰਬੀਰ ਯੋਧਾ ਬਣਨ ਦਾ ਸੰਕਲਪ ਪੈਦਾ ਕੀਤਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੇ ਉਸ ਸੰਕਲਪ ਨੂੰ “ਨ ਡਰੋ ਅਰਿ ਸੋ ਜਬ ਜਾਇ ਲਰੋ ਨਿਸਚੈ ਕਰਿ ਅਪੁਨੀ ਜੀਤ ਕਰੋ” ਵਿੱਚ ਬਦਲ ਦਿੱਤਾ। ਸਿੱਖਾਂ ਦੀ ਚੜ੍ਹਦੀਕਲਾ ਦੇ ਇਸ ਉਭਾਰ ਨੇ ਅਨਿਆਂ ਅਤੇ ਜਬਰ ਦੇ ਵਿਰੁੱਧ ਸਿੱਖਾਂ ਦੀ ਖਾਲਸ ਸ਼ਕਤੀ ਨੂੰ ਸਦਾ ਲਈ ਅਜਿੱਤ ਬਣਾ ਦਿੱਤਾ। ਚੜ੍ਹਦੀਕਲਾ ਦੀ ਭਾਵਨਾ ਸਿੱਖਾਂ ਦਾ ਉਹ ਬਲ ਬਣ ਗਈ, ਜਿਸ ਦੇ ਮੁਕਾਬਲੇ ਕੁਝ ਹੋ ਹੀ ਨਹੀਂ ਸਕਦਾ।

ਮੁਗ਼ਲ ਸ਼ਹਿਜ਼ਾਦੇ ਔਰੰਗਜ਼ੇਬ ਨੂੰ ਦਿੱਲੀ ਦਾ ਤਖ਼ਤ ਚਾਹੀਦਾ ਸੀ, ਉਸ ਨੇ ਆਪਣੇ ਪਿਤਾ ਭਾਵ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਨੂੰ ਹੀ ਕੈਦ ਕਰ ਲਿਆ। ਆਪਣੇ ਭਰਾ ਦਾਰਾ ਸ਼ਿਕੋਹ ਅਤੇ ਹੋਰ ਭਰਾਵਾਂ ਦੀ ਜਾਨ ਦਾ ਦੁਸ਼ਮਣ ਬਣ ਬੈਠਾ। ਔਰੰਗਜ਼ੇਬ ਨੇ ਤਾਕਤਵਰ ਫ਼ੌਜ ਬਣਾ ਲਈ। ਵੱਡਾ ਰਾਜ ਕਾਇਮ ਕੀਤਾ। ਐਨ ਇਸੇ ਕਾਲ ਵਿੱਚ ਸ੍ਰੀ ਆਨੰਦਪੁਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਰੂਪ ਵਿੱਚ ਇੱਕ ਅਦੁੱਤੀ ਰੂਹਾਨੀ ਤਾਕਤ ਦਾ ਉਦੈ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਕੋਲ ਕੋਈ ਦੁਨਿਆਵੀ ਰਾਜ ਨਹੀਂ ਸੀ, ਪਰ ਨਿਰੋਲ ਆਤਮਕ ਬਲ ਸੀ ਜਿਸ ਅੱਗੇ ਔਰੰਗਜ਼ੇਬ ਜਿਹੇ ਤਾਕਤਵਰ ਬਾਦਸ਼ਾਹ ਨੂੰ ਸ਼ਰਮਿੰਦਗੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਗੁਰੂ ਤੇਗ ਬਹਾਦਰ ਜੀ ਸੀਸ ਦੇ ਕੇ ਵੀ ਜਿੱਤ ਗਏ ਕਿਉਂਕਿ ਉਹ ਤਾਂ ਸੀਸ ਦੇਣ ਹੀ ਦਿੱਲੀ ਗਏ ਸਨ। ਔਰੰਗਜ਼ੇਬ ਸੀਸ ਲੈ ਕੇ ਵੀ ਹਾਰ ਗਿਆ ਕਿਉਂਕਿ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਨ੍ਹਾਂ ਦੇ ਸਿਧਾਂਤਕ ਰਾਹ ਤੋਂ ਥਿੜਕਾਉਣ ਦੀ ਹਰ ਕੋਸ਼ਿਸ਼ ’ਚ ਨਾਕਾਮ ਰਿਹਾ। ਰਾਜਾ ਲੋਕਾਂ ’ਤੇ ਆਪਣੇ ਭੈਅ ਦੇ ਕਾਰਨ ਹੀ ਰਾਜਾ ਹੁੰਦਾ ਹੈ। ਰਾਜੇ ਦਾ ਭੈਅ ਹੀ ਨਾ ਰਹੇ ਤਾਂ ਰਾਜ ਦੀ ਕੋਈ ਕੀਮਤ ਨਹੀਂ ਰਹਿੰਦੀ। ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹੀਦੀ ਦੇ ਕੇ ਉਸ ਔਰੰਗਜ਼ੇਬ ਦਾ ਭੈਅ ਮਿਟਾ ਦਿੱਤਾ, ਜਿਸ ਤੋਂ ਪੂਰਾ ਹਿੰਦੁਸਤਾਨ ਕੰਬਦਾ ਸੀ। ਕਸ਼ਮੀਰ ਦੇ ਬ੍ਰਾਹਮਣ ਤ੍ਰਾਹ ਤ੍ਰਾਹ ਕਰ ਰਹੇ ਸਨ। ਰਾਜ ਕਦੇ ਟਿਕੇ ਨਹੀਂ ਰਹਿੰਦੇ। ਅਸਲ ’ਚ ਧਰਮੀ ਨਾ ਹੋਣ ਤਾਂ ਰਾਜਿਆਂ ਮਹਾਰਾਜਿਆਂ ਨੂੰ ਵੀ ਕੋਈ ਯਾਦ ਨਹੀਂ ਕਰਦਾ ਪਰ ਆਤਮਕ ਬਲ ਦਾ ਧਾਰਕ ਸਦਾ ਲਈ ਲੋਕਾਈ ਦੇ ਮਾਣ, ਆਦਰ ਦਾ ਵਿਸ਼ਾ ਬਣ ਜਾਂਦਾ ਹੈ “ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ’’, ਉਹ ਲੋਕਾਂ ਦੇ ਮਨ ਵਿੱਚ ਸਦਾ ਜੀਵਤ ਰਹਿੰਦਾ ਹੈ।

Advertisement

ਅੱਜ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੀ ਇੱਕ ਇੱਕ ਘਟਨਾ ਨੂੰ ਸ਼ਰਧਾ ਨਾਲ ਯਾਦ ਕਰਨ ਵਾਲੇ ਦੁਨੀਆ ਭਰ ਵਿੱਚ ਮੌਜੂਦ ਹਨ ਪਰ ਔਰੰਗਜ਼ੇਬ ਦਾ ਕੋਈ ਨਾਮ ਲੇਵਾ ਵੀ ਨਹੀਂ ਹੈ। ਇਸ ਤੋਂ ਵੱਡੀ ਹਾਰ ਹੋਰ ਕੀ ਹੋ ਸਕਦੀ ਹੈ ਕਿਸੇ ਸਾਕਤ ਦੀ? ਗੁਰੂ ਤੇਗ ਬਹਾਦਰ ਸਾਹਿਬ ਦੇ ਸਿਖਰ ’ਤੇ ਪੁੱਜੇ ਆਤਮਕ ਬਲ ਨੇ ਇਹ ਮੁਮਕਿਨ ਕਰ ਵਿਖਾਇਆ ਕਿ ਧਰਮ ਦੇ ਮਾਰਗ ’ਤੇ ਚੱਲ ਕੇ ਬਿਖਮ ਤੋਂ ਬਿਖਮ ਸੰਕਟ ਵਿੱਚ ਵੀ ਰਾਹ ਕੱਢੀ ਜਾ ਸਕਦੀ ਹੈ। ਕਸ਼ਮੀਰ ਦੇ ਬ੍ਰਾਹਮਣ ਹਰ ਤਰਫ਼ ਤੋਂ ਨਿਰਾਸ਼ ਹੋ ਕੇ ਹੀ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਆਏ ਸਨ। ਗੁਰੂ ਤੇਗ ਬਹਾਦਰ ਜੀ ਕੋਲ ਸ਼ਰਨ ਵਿੱਚ ਆਏ ਦੀਨ, ਦੁਖੀ ਬ੍ਰਾਹਮਣਾਂ ਨੂੰ ਬਿਪਤਾ ਤੋਂ ਬਚਾਉਣ ਦਾ ਉਪਾਅ ਸੀ, ਉਪਾਅ ਨਿਕਲਿਆ ਵੀ ਕਿਉਂਕਿ ਗੁਰੂ ਸਾਹਿਬ ਕੋਲ ਸੱਚਾ ਬਲ ਸੀ ਜੋ ਕਿਸੇ ਵੀ ਬੰਧਨ ਨੂੰ ਤੋੜ ਸਕਦਾ ਸੀ।

ਗੁਰੂ ਹਰਿਗੋਬਿੰਦ ਜੀ ਨੇ ਜਦੋਂ ਕੀਰਤਪੁਰ ਵਿੱਚ ਗੁਰੂ ਹਰਿਰਾਏ ਜੀ ਨੂੰ ਗੁਰਤਾ ਗੱਦੀ ਸੌਂਪੀ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਬਕਾਲੇ ਚਲੇ ਜਾਣ ਦਾ ਹੁਕਮ ਦਿੱਤਾ।

ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਤਕਰੀਬਨ ਪੰਜ ਸੌ ਬ੍ਰਾਹਮਣਾਂ ਦਾ ਦਲ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਆਇਆ ਤੇ ਆਪਣੀ ਵਿਥਿਆ ਸੁਣਾਈ। ਗੁਰੂ ਤੇਗ ਬਹਾਦਰ ਜੀ ਉਨ੍ਹਾਂ ਦੇ ਹਿੱਤਾਂ ਲਈ ਖੜ੍ਹੇ ਹੋਣ ਨੂੰ ਤਿਆਰ ਹੋ ਗਏ। ਆਨੰਦਪੁਰ ਸਾਹਿਬ ਵਿੱਚ ਸਾਰੇ ਪ੍ਰਬੰਧ ਕਰਨ ਤੋਂ ਬਾਅਦ ਹੀ ਗੁਰੂ ਸਾਹਿਬ ਨੇ ਚਾਲੇ ਪਾਏ ਸਨ। ਇਸ ਤੋਂ ਅਹਿਸਾਸ ਹੁੰਦਾ ਹੈ ਕਿ ਆਪਣੀ ਸ਼ਹੀਦੀ ਦੀ ਕਥਾ ਗੁਰੂ ਸਾਹਿਬ ਨੇ ਬੜੇ ਇਤਮਿਨਾਨ ਨਾਲ ਸੋਚ ਵਿਚਾਰ ਕੇ ਆਪ ਲਿਖੀ ਸੀ। ਗੁਰੂ ਸਾਹਿਬ ਰਾਹ ਵਿੱਚ ਸੰਗਤ ਨੂੰ ਦਰਸ਼ਨ, ਉਪਦੇਸ਼ ਦਿੰਦੇ ਚੱਲੇ। ਜਦੋਂ ਗਿਆਤ ਹੋਇਆ ਕਿ ਔਰੰਗਜ਼ੇਬ ਆਗਰਾ ਆਇਆ ਹੋਇਆ ਹੈ ਤਾਂ ਗੁਰੂ ਸਾਹਿਬ ਆਗਰੇ ਵੱਲ ਤੁਰ ਪਏ। ਆਗਰੇ ਪੁੱਜੇ ਤਾਂ ਪਤਾ ਲੱਗਾ ਕਿ ਔਰੰਗਜ਼ੇਬ ਦਿੱਲੀ ਚਲਾ ਗਿਆ ਹੈ। ਔਰੰਗਜ਼ੇਬ ਦੇ ਹੁਕਮ ਅਨੁਸਾਰ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਫ਼ਤਾਰ ਕਰ ਕੇ ਆਗਰੇ ਤੋਂ ਦਿੱਲੀ ਲਿਆਂਦਾ ਗਿਆ। ਦਿੱਲੀ ਵਿੱਚ ਪਹਿਲਾਂ ਆਦਰਪੂਰਨ ਵਿਹਾਰ ਕੀਤਾ ਗਿਆ। ਔਰੰਗਜ਼ੇਬ ਨਾਲ ਗੁਰੂ ਸਾਹਿਬ ਦਾ ਸੰਵਾਦ ਹੋਇਆ। ਪਹਿਲਾਂ ਲੋਭ ਦਿੱਤੇ ਗਏ, ਫਿਰ ਡਰਾਉਣ ਦਾ ਯਤਨ ਕੀਤਾ ਗਿਆ ਕਿ ਗੁਰੂ ਸਾਹਿਬ ਇਸਲਾਮ ਸਵੀਕਾਰ ਕਰ ਲੈਣ ਪਰ ਗੁਰੂ ਸਾਹਿਬ ਅਡੋਲ ਰਹੇ। ਇਸ ’ਤੇ ਖਿੱਝ ਕੇ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਨਾਲ ਗਏ ਸਿੱਖਾਂ ਨੂੰ ਚਾਂਦਨੀ ਚੌਕ ਦੀ ਕੋਤਵਾਲੀ ਵਿੱਚ ਕੈਦ ਕਰ ਦਿੱਤਾ ਗਿਆ। ਔਰੰਗਜ਼ੇਬ ਨੇ ਸ਼ਹੀਦੀ ਦੇ ਹੁਕਮ ਦੇ ਦਿੱਤੇ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ। ਧਿਆਨ ਦੇਣ ਯੋਗ ਗੱਲ ਇਹ ਹੈ ਕਿ ਸਿੱਖਾਂ ਨੇ ਵੀ ਔਰੰਗਜ਼ੇਬ ਦਾ ਕੋਈ ਖ਼ੌਫ਼ ਨਹੀਂ ਖਾਧਾ। ਗੁਰੂ ਸਾਹਿਬ ਨੂੰ ਜਦੋਂ ਚਾਂਦਨੀ ਚੌਕ ਕੋਤਵਾਲੀ ਵਿੱਚ ਰੱਖਿਆ ਗਿਆ ਸੀ ਤੇ ਦਬਾਅ ਪਾਇਆ ਜਾ ਰਿਹਾ ਸੀ ਤਾਂ ਸਿੱਖਾਂ ਨੇ ਡਰਨ ਦੀ ਥਾਂ ਹਿੰਮਤ ਦਿਖਾਈ ਤੇ ਕਈ ਤਜਵੀਜ਼ਾਂ ਗੁਰੂ ਸਾਹਿਬ ਨੂੰ ਕੈਦ ਤੋਂ ਬਾਹਰ ਲਿਆਉਣ ਦੀਆਂ ਕੀਤੀਆਂ। ਜਿਸ ਦਾ ਗੁਰੂ ਨਿਡਰ ਹੋਵੇ, ਉਹ ਭਲਾ ਕਿਵੇਂ ਕਾਇਰ ਹੋ ਸਕਦਾ ਹੈ? ਭਾਈ ਜੈਤਾ ਜੀ, ਜਿਨ੍ਹਾਂ ਨੇ ਗੁਰੂ ਸਾਹਿਬ ਦਾ ਪਾਵਨ ਸੀਸ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਤੱਕ ਪੁਚਾਇਆ ਸੀ, ਦਿੱਲੀ ਦੇ ਹੀ ਰਹਿਣ ਵਾਲੇ ਸਨ। ਭਾਈ ਜੈਤਾ ਜੀ ਦੇ ਘਰ ਦੇ ਨਿਕਟ ਹੀ ਭਾਈ ਨਨੂਆ ਜੀ ਦਾ ਘਰ ਸੀ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਅਨਿੰਨ ਸਿੱਖ ਭਾਈ ਊਦਾ ਜੀ ਤੇ ਭਾਈ ਗੁਰਦਿੱਤਾ ਜੀ ਟਿਕੇ ਹੋਏ ਸਨ। ਭਾਈ ਜੈਤਾ ਜੀ ਤੇ ਭਾਈ ਲੱਖੀ ਸ਼ਾਹ ਨੇ ਪਹਿਲਾਂ ਹੀ ਤਿਆਰੀ ਕਰ ਲਈ ਸੀ ਕਿ ਸ਼ਹੀਦੀ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੀ ਦੇਹ ਦੀ ਸੰਭਾਲ ਕਿਵੇਂ ਕਰਨੀ ਹੈ। ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਅਚਨਚੇਤ ਭਾਰੀ ਝੱਖੜ ਝੁੱਲ ਪਿਆ। ਇਸ ਦਾ ਲਾਭ ਉਠਾ ਕੇ ਭਾਈ ਜੈਤਾ ਜੀ ਨੇ ਆਪਣੇ ਹੀ ਪਿਤਾ ਦਾ ਸੀਸ ਕੱਟ ਕੇ ਚਾਂਦਨੀ ਚੌਕ ਵਿੱਚ ਸੁੱਟ ਦਿੱਤਾ ਤੇ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਆਪਣੇ ਸਾਥੀਆਂ ਭਾਈ ਨਨੂਆ ਜੀ ਤੇ ਭਾਈ ਅੱਡਾ ਜੀ ਨਾਲ ਆਨੰਦਪੁਰ ਸਾਹਿਬ ਵੱਲ ਤੁਰ ਪਏ। ਭਾਈ ਜੈਤਾ ਜੀ ਦੇ ਪੰਜਵੇਂ ਦਿਨ ਕੀਰਤਪੁਰ ਪੁੱਜਣ ’ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਾਚਾਰ ਪ੍ਰਾਪਤ ਹੋਇਆ ਤਾਂ ਗੁਰੂ ਸਾਹਿਬ ਆਏ ਤੇ ਭਾਈ ਜੈਤਾ ਜੀ ਨੂੰ ਗਲੇ ਲਾ ਕੇ ਕਿਹਾ ਸੀ ‘‘ਰੰਗਰੇਟੇ ਗੁਰੂ ਕੇ ਬੇਟੇੇ’’।

ਔਰੰਗਜ਼ੇਬ ਸਮਝਦਾ ਸੀ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਿੱਖਾਂ ਦਾ ਮਨੋਬਲ ਤੋੜ ਦੇਵੇਗੀ ਤੇ ਹਿੰਦੂਆਂ ਵੱਲੋਂ ਵਿਰੋਧ ਵੀ ਸ਼ਾਂਤ ਹੋ ਜਾਵੇਗਾ, ਪਰ ਅਜਿਹਾ ਨਾ ਹੋਇਆ। ਗੁਰੂ ਤੇਗ ਬਹਾਦਰ ਜੀ ਤਾਂ ਆਪਣੇ ਜੀਵਨ ਕਾਲ ਵਿੱਚ ਹੀ ਬਚਨ ਕਰ ਗਏ ਸਨ: “ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।’’ਗੁਰੂ ਨਾਨਕ ਸਾਹਿਬ ਦਾ ਸਿੱਖ ਤਾਂ ਸਿਰ ਤਲੀ ’ਤੇ ਰੱਖ ਕੇ ਚੱਲਣ ਵਾਲਾ ਸਿੱਖ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਚਾਂਦਨੀ ਚੌਕ ਦੇ ਕੋਤਵਾਲ ਅਬਦੁੱਲਾ ਨੇ ਨੌਕਰੀ ਛੱਡ ਦਿੱਤੀ ਸੀ ਤੇ ਆਨੰਦਪੁਰ ਸਾਹਿਬ ਚਲਾ ਗਿਆ ਸੀ। ਜਿਸ ਕਾਜ਼ੀ ਨੇ ਫਤਵਾ ਦਿੱਤਾ ਸੀ, ਪੰਦਰਾਂ ਦਿਨ ਬਾਅਦ ਹੀ ਉਸ ਦੀ ਮੌਤ ਹੋ ਗਈ। ਦਿੱਲੀ ਦੇ ਅੰਦਰ ਖ਼ੁਦ ਔਰੰਗਜ਼ੇਬ ਨੂੰ ਸਿੱਖਾਂ ਦੇ ਸਿੱਧੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹ ਜਾਮਾ ਮਸਜਿਦ ਵਿੱਚ ਨਮਾਜ਼ ਪੜ੍ਹ ਕੇ ਪਰਤ ਰਿਹਾ ਸੀ ਤਾਂ ਇੱਕ ਸਿੱਖ ਨੇ ਉਸ ’ਤੇ ਹਮਲਾ ਕਰ ਦੋ ਇੱਟਾਂ ਸੁੱਟੀਆਂ। ਇਹ ਘਟਨਾ ਮੁਸਲਿਮ ਦਸਤਾਵੇਜ਼ਾਂ ਵਿੱਚ ਦਰਜ ਹੈ। ਘਟਨਾ ਦੀ ਤਿਥੀ 30 ਅਕਤੂਬਰ 1676 ਲਿਖੀ ਗਈ ਹੈ। ਸਿੱਧੇ ਬਾਦਸ਼ਾਹ ਨਾਲ ਟਕਰਾ ਜਾਣਾ ਇੱਕ ਵੱਡੀ ਘਟਨਾ ਸੀ। ਇੱਕ ਹੋਰ ਘਟਨਾ ਦਾ ਜ਼ਿਕਰ ਹੈ ਕਿ ਜਦੋਂ ਬਾਦਸ਼ਾਹ ਦੀ ਸਵਾਰੀ ਚਾਂਦਨੀ ਚੌਕ ਤੋਂ ਲੰਘ ਰਹੀ ਸੀ ਤਾਂ ਇੱਕ ਨੇ ਦੂਰੋਂ ਸੋਟੀ ਮਾਰੀ। ਹੋਰ ਘਟਨਾ ਹੈ ਕਿ ਜਦੋਂ ਉਹ ਘੋੜੇ ’ਤੇ ਜਾ ਰਿਹਾ ਸੀ ਤਾਂ ਇੱਕ ਸਿੱਖ ਨੇ ਤਲਵਾਰ ਨਾਲ ਵਾਰ ਕੀਤਾ ਸੀ। ਇਸ ਵਾਰ ਨਾਲ ਔਰੰਗਜ਼ੇਬ ਦੇ ਸਿਪਾਹਸਾਲਾਰ ਮੁਕੱਰਮ ਖ਼ਾਨ ਦੀ ਉਂਗਲ ਕੱਟੀ ਗਈ ਸੀ। ਘਟਨਾਵਾਂ ਨਿੱਕੀਆਂ ਨਿੱਕੀਆਂ ਸਨ ਪਰ ਮਜ਼ਬੂਤ ਇਰਾਦੇ ਪ੍ਰਗਟ ਕਰਨ ਵਾਲੀਆਂ ਸਨ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੇ ਸਿੱਖਾਂ ਅੰਦਰ ਤਿਆਗ, ਬਲਿਦਾਨ ਦੀ ਜ਼ਬਰਦਸਤ ਭਾਵਨਾ ਪੈਦਾ ਕੀਤੀ। ਇਸ ਭਾਵਨਾ ਨੂੰ ਸੱਚੇ ਬਲ ਵਿੱਚ ਬਦਲਣ ਦਾ ਮਹਾਨ ਕਾਰਜ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ।

ਸਿੱਖਾਂ ਨੂੰ ਆਪਣੇ ਸਿੱਖ ਹੋਣ ’ਤੇ ਮਾਣ ਮਹਿਸੂਸ ਹੋਵੇ ਅਤੇ ਉਹ ਹਰ ਸਥਿਤੀ ਵਿੱਚ ਗੁਰੂ ਦਾ ਸਿੱਖ ਅਖਵਾਉਣ ਯੋਗ ਸਾਬਤ ਹੋਣ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਪੱਖੀ ਕਦਮ ਚੁੱਕੇ। ਸਿੱਖਾਂ ਨੂੰ ਵਿਦਿਅਕ ਤੌਰ ’ਤੇ ਸਮਰੱਥ ਬਣਾਇਆ, ਬਾਣੀ ਨਾਲ ਜੋੜਿਆ, ਢਾਡੀ ਵਾਰਾਂ ਰਾਹੀਂ ਬੀਰ ਰਸ ਦਾ ਭਾਵ ਭਰਿਆ, ਸਰੀਰਕ ਕਸਰਤਾਂ ਤੇ ਛਦਮ ਯੁੱਧ ਕਰਾਏ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਦਰਬਾਰ ਸ਼ਾਹੀ ਅੰਦਾਜ਼ ਵਿੱਚ ਸਜਾਇਆ। ਦਰਬਾਰ ਵਿੱਚ ਬੈਠਣ ਲਈ ਉੱਚਾ ਸਿੰਘਾਸਣ ਸੀ। ਜੋਸ਼ ਭਰਨ ਲਈ ਰਣਜੀਤ ਨਗਾਰਾ ਤਿਆਰ ਕਰਾਇਆ। ਆਨੰਦਪੁਰ ਸਾਹਿਬ ਨੂੰ ਕਿਲੇ ਉਸਾਰ ਕੇ ਸੁਰੱਖਿਅਤ ਕੀਤਾ। ਲੰਮੀ ਤਿਆਰੀ ਤੋਂ ਬਾਅਦ ਸੰਨ 1699 ਦੀ ਵਿਸਾਖੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ। ਇਹ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਭ ਤੋਂ ਨਿੱਘਾ ਨਮਨ ਸੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਮਨੁੱਖੀ ਹੱਕਾਂ ਨੂੰ ਸਮਰਪਿਤ ਸੀ। ਖਾਲਸੇ ਦੀ ਸਾਜਨਾ ਉਸ ਮਿਸ਼ਨ ਨੂੰ ਅਗਾਂਹ ਵਧਾਉਣ ਲਈ ਹੋਈ। ਅੱਜ ਵੀ ਖਾਲਸਾ ਸਦਾ ਮਨੁੱਖੀ ਹਿੱਤਾਂ ਲਈ ਖੜ੍ਹਾ ਨਜ਼ਰ ਆਉਂਦਾ ਹੈ ਤਾਂ ਇਸ ਦੇ ਪਿਛੋਕੜ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਪ੍ਰੇਰਨਾ ਜੀਵੰਤ ਹੁੰਦੀ ਹੈ।

ਈਮੇਲ: akaalpurkh.7@gmail.com

Advertisement
Show comments