ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਜ਼ਿੰਦੇ ਪੁੱਛਦੇ ਸਾਜ਼ ਨੂੰ ਨਗਮਾ ਕਿੱਧਰ ਗਿਆ...

11 ਮਈ ਦੇ ਉਸ ਦਿਨ ਸਾਡੀ ਮਾਂ ਜ਼ੁਬਾਨ ਦਾ ਮਿੱਠੜਾ ਸ਼ਾਇਰ ਪਾਤਰ ਸਦਾ ਲਈ ਸੁਰਜੀਤ ਹੋ ਗਿਆ। ਪਾਤਰ ਹੋਰਾਂ ਨਾਲ ਇਹ ਆਖ਼ਰੀ ਮਿਲਣੀ ਸੀ। ਇਹ ਲਿਖਦਿਆਂ ਕਲਮ ਕੁਰਲਾ ਰਹੀ ਹੈ। ਸ਼ਬਦ ਵੈਣ ਪਾ ਰਹੇ ਹਨ। ਅੱਖਾਂ ਨਮ ਨੇ ਤੇ ਕੋਰੇ...
Advertisement

11 ਮਈ ਦੇ ਉਸ ਦਿਨ ਸਾਡੀ ਮਾਂ ਜ਼ੁਬਾਨ ਦਾ ਮਿੱਠੜਾ ਸ਼ਾਇਰ ਪਾਤਰ ਸਦਾ ਲਈ ਸੁਰਜੀਤ ਹੋ ਗਿਆ। ਪਾਤਰ ਹੋਰਾਂ ਨਾਲ ਇਹ ਆਖ਼ਰੀ ਮਿਲਣੀ ਸੀ। ਇਹ ਲਿਖਦਿਆਂ ਕਲਮ ਕੁਰਲਾ ਰਹੀ ਹੈ। ਸ਼ਬਦ ਵੈਣ ਪਾ ਰਹੇ ਹਨ। ਅੱਖਾਂ ਨਮ ਨੇ ਤੇ ਕੋਰੇ ਕਾਗਜ਼ ’ਤੇ ਹੰਝੂਆਂ ਦੀ ਵਾਛੜ ਹੋ ਰਹੀ ਹੈ। ਕੋਈ ਤਕਰੀਰ ਨਹੀਂ ਸੁੱਝਦੀ। ਮਨ ਵੈਰਾਗ ਵਿੱਚ ਹੈ। ਹੋਵੇ ਵੀ ਕਿਉਂ ਨਾ, ਪੰਜਾਬੀ ਮਾਂ ਬੋਲੀ ਦਾ ਥੰਮ ਜੋ ਡਿੱਗਿਆ ਸੀ। ਉਸ ਰਾਤ ਮਿੱਤਰ ਮਿਲਣੀ ’ਚ ਵਿਆਹ ਵਰਗਾ ਮਾਹੌਲ ਸੀ। ਦੁਪਹਿਰ ਦੇ ਕੋਈ ਦੋ ਢਾਈ ਵੱਜੇ ਸਨ। ਜਸਵੰਤ ਸੰਦੀਲਾ ਦੀ ਕਾਲ ਆਈ, ‘‘ਲੋਹਟ, ਅੱਜ ਆਥਣੇ ਕੀ ਕਰ ਰਿਹਾ ਏਂ?’’ ‘‘ਕੁਝ ਨਹੀਂ ਭਾ ਜੀ, ਹੁਕਮ ਕਰੋ,’’ ਮੈਂ ਕਿਹਾ। ਸੰਦੀਲਾ ਹੋਰੀਂ ਕਹਿੰਦੇ, ‘‘ਰੈੱਡ ਐਫ.ਐਮ. ਵਾਲੇ ਹਰਜਿੰਦਰ ਸਿੰਘ ਥਿੰਦ ਆ ਰਹੇ ਨੇ। ਮੈਂ ਤੇ ਸਦੀਕ ਸਾਬ੍ਹ ਵੀ ਆਵਾਂਗੇ। ਹੋ ਸਕਦੈ ਡਾ. ਸੁਰਜੀਤ ਪਾਤਰ ਵੀ ਆਉਣ। ਤੂੰ ਆਜੀਂ ਬਹਾਨੇ ਨਾਲ ਮਿਲ ਲਵਾਂਗੇ।’’ ‘‘ਭਾ ਜੀ ਮੈਂ ਪੂਰੀ ਕੋਸ਼ਿਸ਼ ਕਰਾਂਗਾ।’’ ਜਗਰਾਉਂ ਦੇ ਲੁਧਿਆਣਾ ਰੋਡ ’ਤੇ ਹੋਟਲ ਫਾਈਵ ਰਿਵਰ ’ਚ ਸ਼ਾਮ 7 ਵਜੇ ਦਾ ਸਮਾਂ ਤੈਅ ਹੋ ਗਿਆ। ਜੀ.ਐੱਸ. ਪੀਟਰ ਮੇਜ਼ਬਾਨ ਸੀ। ਬੇਹੱਦ ਪਿਆਰਾ ਮਿੱਤਰ। ਮਿੱਠੜਾ ਤੇ ਸੁਰੀਲਾ ਫਨਕਾਰ। ਡਾਕਟਰ ਪਾਤਰ ਉਸ ਦੀ ਗਾਇਕੀ ਦੇ ਮੁਰੀਦ ਸਨ ਤੇ ਪੀਟਰ ਉਨ੍ਹਾਂ ਦੀਆਂ ਸਾਹਿਤਕ ਕਿਰਤਾਂ ਦਾ ਆਸ਼ਕ ਹੈ। ਇੰਝ ਮਿੱਤਰ ਮਿਲਾਪ ’ਚ ਇਹ ਮਹਿਫ਼ਿਲਾਂ ਅਕਸਰ ਜੁੜਦੀਆਂ ਰਹੀਆਂ ਹਨ। ਹੋਟਲ ਦਾ ਮਾਲਕ ਬਲਦੇਵ ਬਾਵਾ ਵੀ ਕਲਾਕਾਰਾਂ-ਫਨਕਾਰਾਂ ਦਾ ਆਸ਼ਕ ਹੈ। ਮੁਹੱਬਤੀ ਤਬੀਅਤ ਦਾ ਮਾਲਕ ਤੇ ਬੇਹੱਦ ਲੱਠਾ ਬੰਦਾ। ਮੈਂ ਠੀਕ 7 ਵਜੇ ਪਹੁੰਚਿਆ। ਉਦੋਂ ਤੱਕ ਮਹਿਫ਼ਿਲ ਜੰਮ ਚੁੱਕੀ ਸੀ। ਖ਼ੂਬ ਰੰਗ ਬੰਨ੍ਹਿਆ ਹੋਇਆ ਸੀ। ਜੀ.ਐੱਸ. ਪੀਟਰ ਡਾਕਟਰ ਪਾਤਰ ਦੀ ਰਚਨਾ ਗਾ ਰਿਹਾ ਸੀ...

ਅਗਲੇ ਨੂੰ ਡੋਬ ਗਹਿਰਾ ਅਤੇ ਆਪ ਲੰਘ ਜਾਣਾ,

Advertisement

ਭਿੱਜ ਜਾਣ ਜਦ ਦੋ ਰੂਹਾਂ

ਕੱਲਿਆਂ ਨਹੀ ਤਰੀਦਾ

ਏਦਾਂ ਨਹੀਂ ਕਰੀਦਾ... ਏਦਾਂ ਨਹੀਂ ਕਰੀਦਾ...।

ਪੀਟਰ ਦੀ ਸੋਜ਼ਮਈ ਆਵਾਜ਼ ਨੇ ਮਾਹੌਲ ਨੂੰ ਭਾਵੁਕ ਕਰ ਦਿੱਤਾ। ਯਕਦਮ ਚੁੱਪ ਪਸਰ ਗਈ। ਸਰੋਤਿਆਂ ਨੇ ਵਾਹ-ਵਾਹ ਦੀ ਦਾਦ ਦਿੱਤੀ। ਸਭ ਦੀਆਂ ਨਜ਼ਰਾਂ ਡਾ. ਪਾਤਰ ’ਤੇ ਕੇਂਦਰਿਤ ਸਨ। ਹਾਜ਼ਰੀਨ ਉਨ੍ਹਾਂ ਦੀ ਆਵਾਜ਼ ’ਚ ਨਜ਼ਮਾਂ ਸੁਣਨ ਲਈ ਉਤਸੁਕ ਸਨ। ਮੰਗ ’ਤੇ ਪਾਤਰ ਹੋਰਾਂ ਨੇ ਸੋਜ਼ਮਈ ਆਵਾਜ਼ ’ਚ ਗਾਈ ਗ਼ਜ਼ਲ ਨਾਲ ਸਭ ਦਾ ਮਨ ਮੋਹ ਲਿਆ:

ਹੁੰਦਾ ਸੀ ਇਹ ਸ਼ਖ਼ਸ ਇੱਕ ਸੱਚਾ ਕਿੱਧਰ ਗਿਆ।

ਇਸ ਪੱਥਰਾਂ ਦੇ ਸ਼ਹਿਰ ਵਿੱਚ ਸ਼ੀਸ਼ਾ ਕਿੱਧਰ ਗਿਆ।

ਜਦ ਦੋ ਦਿਲਾਂ ਨੂੰ ਜੋੜਦੀ ਇੱਕ ਤਾਰ ਟੁੱਟ ਗਈ,

ਸਾਜ਼ਿੰਦੇ ਪੁੱਛਦੇ ਸਾਜ਼ ਨੂੰ ਨਗਮਾ ਕਿੱਧਰ ਗਿਆ।

ਜਦੋਂ ਇਹ ਰੂਹਦਾਰ ਬੋਲ ਕੰਨੀ ਪਏ ਤਾਂ ਰੂਹ ਨਸ਼ਿਆ ਗਈ। ਆਨੰਦ ਛਾ ਗਿਆ। ਧਿਆਨ ਤੋੜਦਿਆਂ ਜਸਵੰਤ ਸੰਦੀਲਾ ਨੇ ਆਪਣੀ ਸਾਹਿਤਕ ਕਾਵਿ ਰਚਨਾ...

ਤੇਰੇ ਜਾਣ ਪਿੱਛੋਂ ਮੁਰਝਾ ਗਏ ਸਾਂ, ਮੁਰਝਾ ਗਏ ਸਾਂ ਪਰ ਟੁੱਟੇ ਨਹੀਂ।

ਗਾ ਕੇ ਮਾਹੌਲ ਰੁਮਾਂਟਿਕ ਦਿਸ਼ਾ ਵੱਲ ਮੋੜ ਦਿੱਤਾ। ਗੀਤ ਦੀ ਫਰਮਾਇਸ਼ ਹੋਈ, ਪਰ ਮੁਹੰਮਦ ਸਦੀਕ ਹੋਰਾਂ ਨੇ ਮਜ਼ਾਹੀਆ ਟੋਟਕਾ ਸੁਣਾ ਕੇ ਹਾਸੇ ਦੀਆਂ ਫੁਲਝੜੀਆਂ ਬਿਖੇਰ ਦਿੱਤੀਆਂ। ਢਿੱਡੀਂ ਪੀੜਾਂ ਪੈਣ ਵਾਲੇ ਹਾਸੇ ਨਾਲ ਰੂਹ ਨੂੰ ਤਾਜ਼ਗੀ ਮਿਲੀ। ਫਿਰ ਇੱਕ ਤੋਂ ਇੱਕ ਲਤੀਫ਼ਿਆਂ ਦੀ ਵਾਛੜ ਹੋਈ। ਮਹਿਫ਼ਿਲ ਮੁੜ ਤੋਂ ਰੰਗੀਨ ਹੋ ਗਈ। ਹਮੇਸ਼ਾਂ ਦੀ ਤਰ੍ਹਾਂ ਰੇਡੀਓ ’ਤੇ ਖ਼ਰੀਆਂ-ਖ਼ਰੀਆਂ ਗੱਲਾਂ ਕਰਨ ਵਾਲੇ ਹਰਜਿੰਦਰ ਸਿੰਘ ਥਿੰਦ ਸਰੋਤੇ ਬਣ ਕੇ ਸੁਣਦੇ ਰਹੇ। ਜਦੋਂ ਕੋਈ ਟੋਟਕਾ ਛੱਡਦਾ, ਥਿੰਦ ਸਾਬ੍ਹ ਹੱਥ ’ਤੇ ਹੱਥ ਮਾਰ ਕੇ ਨਿਰਛਲ ਹੱਸਣੀ ਹੱਸਦੇ। ਉਹ ਖ਼ੂਬ ਲੁਤਫ਼ ਲੈ ਰਹੇ ਸਨ। ਉਨ੍ਹਾਂ ਦੇ ਚਿਹਰੇ ’ਤੇ ਖ਼ੂਬ ਰੌਣਕ ਸੀ। ‘‘ਵਾਹ! ਨਜ਼ਾਰਾ ਆ ਗਿਆ,’’ ਇਹ ਆਖ ਕੇ ਜਸਵੰਤ ਸੰਦੀਲਾ ਨੇ ਸਭ ਦੇ ਦਿਲ ਦੀ ਗੱਲ ਕੀਤੀ। ਢਿੱਡੀਂ ਪੀੜ ਪਾਉਣ ਵਾਲੇ ਹਾਸੇ ਨੇ ਮਹਿਫ਼ਿਲ ਰੰਗੀਨ ਕਰ ਦਿੱਤੀ। ਇਹ ਮਹਿਫ਼ਿਲ ਚੇਤਿਆਂ ’ਚ ਵਸਣ ਵਾਲੀ ਅਭੁੱਲ ਤੇ ਅਮਿੱਟ ਯਾਦ ਬਣ ਗਈ। ਕਿਸੇ ਦਾ ਵੀ ਘਰ ਜਾਣ ਨੂੰ ਨਹੀਂ ਸੀ ਚਿੱਤ ਕਰਦਾ। ਹੁਣ ਵਿਛੜਣ ਵੇਲਾ ਸੀ। ਪਾਤਰ ਹੋਰੀਂ ਸਭ ਨੂੰ ਘੁੱਟ ਕੇ ਕਲਾਵੇ ’ਚ ਲੈ ਰਹੇ ਸਨ। ਹਰਜਿੰਦਰ ਸਿੰਘ ਥਿੰਦ ਦੀਆਂ ਅੱਖਾਂ ’ਚ ਜੰਮਣ ਭੋਂਇ ਦਾ ਸਕੂਨ ਸਹਿਜੇ ਹੀ ਦੇਖਿਆ ਜਾ ਸਕਦਾ ਸੀ। ਇਹ ਦੇਖ ਕੇ ਸਦੀਕ ਹੋਰੀਂ ਵੀ ਬੇਹੱਦ ਭਾਵੁਕ ਹੋ ਗਏ। ਸੁਰਜੀਤ ਪਾਤਰ ਨੂੰ ਵਿਦਾਈ ਦੇਣ ਵੇਲੇ ਮਾਹੌਲ ਬੇਹੱਦ ਭਾਵੁਕ ਹੋ ਗਿਆ। ਸਾਰਿਆਂ ਦੀਆਂ ਅੱਖਾਂ ਨਮ ਹੋਈਆਂ। ਸੁਰਜੀਤ ਪਾਤਰ ਹੋਰੀਂ ਕਾਰ ’ਚ ਜਾ ਬੈਠੇ। ਸਦੀਕ ਹੋਰਾਂ ਨੇ ਘੁੱਟ ਕੇ ਜੱਫ਼ੀ ਪਾ ਲਈ। ਸੰਦੀਲਾ ਹੋਰੀਂ ਵੀ ਮਿਲੇ। ਮੈਂ ਵੀ ਚਰਨ ਛੂਹੇ। ਪਾਤਰ ਦੀ ਕਾਰ ਤੁਰ ਪਈ ਸੀ। ਸਦੀਕ ਹੋਰੀਂ ਵੀ ਆਪਣੀ ਕਾਰ ’ਚ ਬੈਠ ਗਏ। ਗੱਡੀ ਸਟਾਰਟ ਹੋ ਗਈ ਸੀ। ਮੁਹੰਮਦ ਸਦੀਕ ਗੱਡੀ ’ਚੋਂ ਉਤਰ ਆਏ। ਮੇਰੇ ਤੇ ਸੰਦੀਲਾ ਹੋਰਾਂ ਦੇ ਮੋਢੇ ’ਤੇ ਹੱਥ ਰੱਖਿਆ। ਇੱਕ ਮਿੰਟ ਖ਼ਾਮੋਸ਼ ਰਹੇ। ... ਚੁੱਪ ਟੁੱਟੀ। ਸਦੀਕ ਹੋਰਾਂ ਦੇ ਬੋਲਾਂ ਨੇ ਕਾਲਜਾ ਵਿੰਨ੍ਹ ਦਿੱਤਾ, ‘‘ਸੰਦੀਲੇ, ਜਦ ਕਦੇ ਇਹੋ ਜਿਹੀ ਮਹਿਫ਼ਲ ਜੁੜੇ, ਪਾਤਰ ਸਾਬ ਹੋਣ ਤਾਂ ਮੈਨੂੰ ਜ਼ਰੂਰ ਦੱਸਿਆ ਕਰ ਯਾਰ।’’ ‘‘ਲੈ ਕਿਉਂ ਨਹੀਂ ਭਾ ਜੀ ਪੱਕਾ। ਹੁਣ ਤਾਂ ਮਿਲਦੇ ਰਹਾਂਗੇ।’’ ਅਗਲੀ ਸਵੇਰ ਦੀ ਪਹੁ ਫੁੱਟੀ ਤਾਂ ਫੇਸਬੁੱਕ ’ਤੇ ਮਨਹੂਸ ਖ਼ਬਰ ਪੜ੍ਹੀ: ‘ਮਹਾਨ ਸ਼ਾਇਰ ਸੁਰਜੀਤ ਪਾਤਰ ਨਹੀਂ ਰਹੇ!’ ਮੈਂ ਅੱਖਾਂ ਭਰ ਆਇਆ। ਹੁਣ ਇਹ ਮਹਿਫ਼ਿਲ ਕਦੇ ਨਹੀਂ ਜੁੜੇਗੀ। ਉਸ ਰਾਤ ਦੀ ਮਹਿਫ਼ਿਲ ਦੇ ਹਾਸਿਆਂ ਦੀਆਂ ਤਸਵੀਰਾਂ ਅੱਖਾਂ ਸਾਹਵੇਂ ਆਉਣ ਲੱਗੀਆਂ। ਉਨ੍ਹਾਂ ਹੁਸੀਨ ਪਲਾਂ ਨੂੰ ਚੇਤੇ ਕਰਕੇ ਮੇਰੀਆਂ ਅੱਖਾਂ ’ਚੋਂ ਪਰਲ-ਪਰਲ ਹੰਝੂ ਵਹਿ ਰਹੇ ਸਨ। ਪਾਤਰ ਹੁਣ ਸੁਰਜੀਤ ਹੋ ਗਏ ਸਨ। ਉਨ੍ਹਾਂ ਦੁਆਰਾ ਮਿਸ਼ਰੀ ਵਰਗੀ ਮਿੱਠੀ ਆਵਾਜ਼ ’ਚ ਗਾਈ ਗ਼ਜ਼ਲ ਕੰਨੀਂ ਪੈ ਰਹੀ ਸੀ:

ਜਦ ਦੋ ਦਿਲਾਂ ਨੂੰ ਜੋੜਦੀ ਇੱਕ ਤਾਰ ਟੁੱਟ ਗਈ,

ਸਾਜ਼ਿੰਦੇ ਪੁੱਛਦੇ ਸਾਜ਼ ਨੂੰ ਨਗਮਾ ਕਿੱਧਰ ਗਿਆ।

ਸੰਪਰਕ: 98764-92410

Advertisement
Show comments