ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨੂਰੀ ਅਤੇ ਜਾਮ ਤਮਾਚੀ ਦੀ ਪ੍ਰੀਤ ਕਹਾਣੀ

ਲਖਵਿੰਦਰ ਜੌਹਲ ‘ਧੱਲੇਕੇ’ ਪਾਕਿਸਤਾਨ ਦੇ ਸੂਬਾ ਸਿੰਧ ਦੀ ਰਾਜਧਾਨੀ ਕਰਾਚੀ ਤੋਂ ਲਗਪਗ 120 ਕਿਲੋਮੀਟਰ ਦੂਰ ਚੜ੍ਹਦੇ ਵੱਲ ਸ਼ਹਿਰ ਠੱਠਾ ਪੈਂਦਾ ਹੈ। ਇਸ ਸ਼ਹਿਰ ਦੇ ਨਾਲ ਹੀ ਦੁਨੀਆ ਦੇ ਸਭ ਤੋਂ ਵੱਡੇ ਅਤੇ ਪੁਰਾਣੇ ਕਬਰਸਤਾਨਾਂ ਵਿੱਚੋਂ ਸ਼ੁਮਾਰ ਮਕਲੀ ਕਬਰਸਤਾਨ ਮੌਜੂਦ ਹੈ।...
Advertisement

ਲਖਵਿੰਦਰ ਜੌਹਲ ‘ਧੱਲੇਕੇ’

ਪਾਕਿਸਤਾਨ ਦੇ ਸੂਬਾ ਸਿੰਧ ਦੀ ਰਾਜਧਾਨੀ ਕਰਾਚੀ ਤੋਂ ਲਗਪਗ 120 ਕਿਲੋਮੀਟਰ ਦੂਰ ਚੜ੍ਹਦੇ ਵੱਲ ਸ਼ਹਿਰ ਠੱਠਾ ਪੈਂਦਾ ਹੈ। ਇਸ ਸ਼ਹਿਰ ਦੇ ਨਾਲ ਹੀ ਦੁਨੀਆ ਦੇ ਸਭ ਤੋਂ ਵੱਡੇ ਅਤੇ ਪੁਰਾਣੇ ਕਬਰਸਤਾਨਾਂ ਵਿੱਚੋਂ ਸ਼ੁਮਾਰ ਮਕਲੀ ਕਬਰਸਤਾਨ ਮੌਜੂਦ ਹੈ। ਦਸ ਵਰਗ ਕਿਲੋਮੀਟਰ ਵਿੱਚ ਫੈਲੇ ਇਸ ਵਿਸ਼ਾਲ ਕਬਰਸਤਾਨ ਵਿੱਚ ਸਿੰਧ ਇਲਾਕੇ ਦੇ ਮਸ਼ਹੂਰ ਸੂਫ਼ੀਆਂ, ਨਵਾਬਾਂ ਅਤੇ ਹੋਰ ਸਤਿਕਾਰਤ ਹਸਤੀਆਂ ਦੀਆਂ ਕਬਰਾਂ ਅਤੇ ਮਕਬਰੇ ਮੌਜੂਦ ਹਨ, ਜੋ ਕਿ ਸਿੰਧ ਦੀ ਪੁਰਾਤਨ ਭਵਨ ਨਿਰਮਾਣ ਕਲਾ ਦੇ ਸ਼ਾਨਦਾਰ ਨਮੂਨੇ ਹਨ। ਠੱਠਾ ਸ਼ਹਿਰ ਤੋਂ ਲਗਪਗ ਪੈਂਤੀ-ਚਾਲੀ ਕਿਲੋਮੀਟਰ ਉੱਤਰ-ਪੂਰਬ ਵੱਲ ਸਿੰਧ ਦੀ ਮਸ਼ਹੂਰ ਅਤੇ ਵੱਡੀ ਝੀਲ ਕਿੰਝਰ ਮੌਜੂਦ ਹੈ। ਇਸ ਝੀਲ ਵਿੱਚ ਇੱਕ ਛੋਟੇ ਜਿਹੇ ਟਾਪੂ ਉੱਤੇ ਦੋ ਕਬਰਾਂ ਹਨ। ਲੋਕ ਵਿਸ਼ਵਾਸ ਹੈ ਕਿ ਇਹ ਕਬਰਾਂ ਨੂਰੀ ਅਤੇ ਜਾਮ ਤਮਾਚੀ ਦੀਆਂ ਹਨ। ਸਿੰਧ ਦੇ ਇਤਿਹਾਸਕਾਰਾਂ, ਪੁਰਾਤੱਤਵ-ਵਿਗਿਆਨੀਆਂ ਅਤੇ ਹੋਰ ਖੋਜਕਾਰਾਂ ਦਾ ਮੰਨਣਾ ਹੈ ਕਿ ਇਹ ਕਬਰਾਂ ਨੂਰੀ ਅਤੇ ਜਾਮ ਤਮਾਚੀ ਦੀਆਂ ਨਹੀਂ ਹਨ, ਉਨ੍ਹਾਂ ਦੀਆਂ ਅਸਲੀ ਕਬਰਾਂ ਮਕਲੀ ਦੇ ਕਬਰਸਤਾਨ ਵਿੱਚ ਹੀ ਮੌਜੂਦ ਹਨ। ਨੂਰੀ ਅਤੇ ਜਾਮ ਤਮਾਚੀ ਦੀਆਂ ਅਸਲੀ ਕਬਰਾਂ ਬਾਰੇ ਭਾਵੇਂ ਖੋਜੀਆਂ ਦੀ ਕੋਈ ਵੀ ਰਾਏ ਹੋਵੇ ਪਰ ਆਮ ਲੋਕਾਂ ਵਿੱਚ ‘ਨੂਰੀ-ਜਾਮ ਤਮਾਚੀ’ ਦੀ ਪ੍ਰੀਤ ਕਹਾਣੀ ਬੜੀ ਹਰਮਨ ਪਿਆਰੀ ਹੈ। ਸਿੰਧ ਦੇ ਪ੍ਰਸਿੱਧ ਸੂਫ਼ੀ ਸ਼ਾਇਰ ਸ਼ਾਹ ਅਬਦੁਲ ਲਤੀਫ਼ ਭਿਟਾਈ ਨੇ ਆਪਣੇ ਸ਼ਾਹਕਾਰ ਸਿੰਧੀ ਕਾਵਿ-ਸੰਗ੍ਰਹਿ ‘ਸ਼ਾਹ ਜੋ ਰਸਾਲੋ’ ਵਿੱਚ ‘ਸੁਰ ਕਾਮੋਡ’ ਅੰਦਰ ਇਸ ਲੋਕ ਗਾਥਾ ਦਾ ਬਿਆਨ ਬੜੇ ਖ਼ੂਬਸੂਰਤ ਤਰੀਕੇ ਨਾਲ ਕੀਤਾ ਹੈ। ਇਸ ਵਿੱਚ ਮਾਮੂਲੀ ਮਛੇਰਨ ਤੋਂ ਰਾਣੀ ਬਣੀ ਨੂਰੀ ਸਾਦਗੀ ਦੀ ਮੂਰਤ, ਨਾਜ਼-ਨਖ਼ਰਿਆਂ ਤੋਂ ਦੂਰ ਅਤੇ ਆਪਣੇ ਸੱਚੇ ਪ੍ਰੇਮ ’ਤੇ ਮਾਣ ਕਰਨ ਵਾਲੀ ਇੱਕ ਕੁੜੀ ਹੈ ਅਤੇ ਉਸ ਦਾ ਪ੍ਰੀਤਮ ਰਾਜਾ ਜਾਮ ਤਮਾਚੀ ਸੂਰਤ ਨਾਲੋਂ ਸੀਰਤ ਦਾ ਆਸ਼ਕ ਅਤੇ ਨਿਆਂਪਸੰਦ ਰਾਜਾ ਹੈ। ਸ਼ੇਖ ਅਯਾਜ਼ ਅਤੇ ਸਾਜਿਦ ਸੂਮਰੋ ਵਰਗੇ ਹੋਰ ਸਿੰਧੀ ਸਾਹਿਤਕ ਦਿੱਗਜ ਵੀ ਆਪਣੀਆਂ ਕਵਿਤਾਵਾਂ ਅਤੇ ਵਾਰਤਕ ਰਚਨਾਵਾਂ ਵਿੱਚ ਇਸ ਕਹਾਣੀ ਨੂੰ ਬਿਆਨ ਕਰਦੇ ਹਨ।

Advertisement

ਇਸ ਪ੍ਰੀਤ ਕਹਾਣੀ ਦਾ ਸਮਾਂ ਚੌਦਵੀਂ ਸਦੀ ਦਾ ਮੰਨਿਆ ਜਾਂਦਾ ਹੈ। ਉਦੋਂ ਸਿੰਧ ਦੇ ਇਸ ਇਲਾਕੇ ਵਿੱਚ ਸੰਮਾ ਘਰਾਣੇ ਦੇ ਹਾਕਮਾਂ ਦਾ ਰਾਜ ਸੀ ਅਤੇ ਸ਼ਹਿਰ ਠੱਠਾ ਇਨ੍ਹਾਂ ਦੀ ਰਾਜਧਾਨੀ ਹੁੰਦਾ ਸੀ। ਸੰਮਾ ਹਾਕਮਾਂ ਦੇ ਸਮੇਂ ਦੌਰਾਨ ਹੀ ਠੱਠਾ ਇੱਕ ਵੱਡੇ ਤਜਾਰਤੀ ਕੇਂਦਰ ਵਜੋਂ ਉੱਭਰਿਆ ਸੀ। ਇਤਿਹਾਸ ਵਿੱਚ ਸੰਮਾ ਹਾਕਮ ਆਪਣੇ ਪ੍ਰਸ਼ਾਸਕੀ ਸੁਧਾਰਾਂ ਅਤੇ ਕਲਾਵਾਂ ਦੀ ਸਰਪ੍ਰਸਤੀ ਲਈ ਜਾਣੇ ਜਾਂਦੇ ਹਨ। ਇਸੇ ਰਾਜ ਘਰਾਣੇ ਵਿੱਚ ਹੀ ਚੌਥਾ ਹਾਕਮ ਰਾਜਾ ਜਾਮ ਤਮਾਚੀ ਹੋਇਆ ਸੀ। ਉਸ ਦਾ ਪੂਰਾ ਨਾਂ ਜਾਮ ਖੈਰੁਦੀਨ ਤਮਾਚੀ ਬਿਨ ਜਾਮ ਉਨਾਰ ਸੀ ਅਤੇ ਸ਼ਾਸਨ ਕਾਲ ਸਾਲ 1367 ਤੋਂ 1379 ਈਸਵੀ ਦਰਮਿਆਨ ਸੀ। ਰਾਜਾ ਜਾਮ ਤਮਾਚੀ ਨੇ ਬੜੇ ਹੀ ਨਿਆਂਪੂਰਨ ਤਰੀਕੇ ਨਾਲ ਰਾਜ ਕੀਤਾ ਜਿਸ ਕਰਕੇ ਆਪਣੀ ਪਰਜਾ ਵਿੱਚ ਉਹ ਬਹੁਤ ਹਰਮਨ ਪਿਆਰਾ ਰਾਜਾ ਹੋਇਆ। ਜਿੱਥੇ ਜਾਮ ਤਮਾਚੀ ਇੱਕ ਰਾਜ ਘਰਾਣੇ ਵਿੱਚ ਜੰਮਿਆ-ਪਲਿਆ ਸੀ, ਉੱਥੇ ਨੂਰੀ ਦਾ ਪਾਲਣ-ਪੋਸ਼ਣ ਕਿੰਝਰ ਝੀਲ ਕਿਨਾਰੇ ਝੁੱਗੀਆਂ ਝੌਪੜੀਆਂ ਵਿੱਚ ਵੱਸਦੇ ਗੰਧਰਾ ਕਬੀਲੇ ਨਾਲ ਸੰਬੰਧ ਰੱਖਣ ਵਾਲੇ ਮਛੇਰਿਆਂ ਦੇ ਘਰ ਵਿੱਚ ਹੋਇਆ। ਨੂਰੀ ਦੇ ਜਨਮ ਬਾਰੇ ਕੁਝ ਲੋਕ ਤੱਥਾਂ ਵਿੱਚ ਜ਼ਿਕਰ ਹੈ ਕਿ ਉਸ ਦਾ ਜਨਮ ਰਾਜਾ ਜਸੋਧਨ ਅਤੇ ਰਾਣੀ ਮਾਰਵੀ ਦੇ ਘਰ ਇੱਕ ਰਾਜ ਘਰਾਣੇ ਵਿੱਚ ਹੋਇਆ ਸੀ, ਪਰ ਰਾਜ ਮਹਿਲ ਵਿੱਚੋਂ ਮਛੇਰਿਆਂ ਦੀਆਂ ਝੌਂਪੜੀਆਂ ਵਿੱਚ ਨੂਰੀ ਕਿਵੇਂ ਪਹੁੰਚੀ? ਇਸ ਦਾ ਕਿਤੇ ਕੋਈ ਜ਼ਿਕਰ ਨਹੀਂ ਮਿਲਦਾ। ਸਿੰਧ ਦੇ ਇਸ ਗਰਮ ਇਲਾਕੇ ਦੀਆਂ ਕੜਕਦੀਆਂ ਧੁੱਪਾਂ ਵਿੱਚ ਸਾਰਾ ਦਿਨ ਮੱਛੀਆਂ ਫੜਦੇ ਮਛੇਰਿਆਂ ਅਤੇ ਮਛੇਰਨਾਂ ਦੇ ਰੰਗ ਪੱਕੇ ਸਨ, ਪਰ ਇਕੱਲੀ ਨੂਰੀ ਦਾ ਰੰਗ ਗੋਰਾ ਨਿਛੋਹ ਸੀ, ਜਿਸ ਕਰਕੇ ਮਾਂ-ਬਾਪ ਨੇ ਉਸ ਦਾ ਨਾਂ ਨੂਰੀ ਰੱਖਿਆ ਸੀ। ਨੂਰੀ ਵੱਡੀ ਹੋਈ ਤਾਂ ਉਸ ਦਾ ਰੂਪ ਹੋਰ ਨਿੱਖਰਿਆ। ਜਿਹੜਾ ਵੀ ਨੂਰੀ ਵੱਲ ਇੱਕ ਨਜ਼ਰ ਵੇਖਦਾ, ਮੋਹਿਆ ਜਾਂਦਾ। ਨੂਰੀ ਆਪਣੇ ਮਾਂ-ਬਾਪ ਨਾਲ ਮੱਛੀਆਂ ਫੜਨ ਜਾਂਦੀ ਅਤੇ ਘਰ ਚਲਾਉਣ ਵਿੱਚ ਉਨ੍ਹਾਂ ਦੀ ਸਹਾਇਤਾ ਕਰਦੀ।

ਇੱਕ ਦਿਨ ਰਾਜਾ ਜਾਮ ਤਮਾਚੀ ਆਪਣੇ ਲਾਮ-ਲਸ਼ਕਰ ਨਾਲ ਸ਼ਿਕਾਰ ਖੇਡਦਾ ਹੋਇਆ ਕਿੰਝਰ ਝੀਲ ਕਿਨਾਰੇ ਆ ਪਹੁੰਚਿਆ। ਉਸ ਦਿਨ ਗਰਮੀ ਜ਼ਿਆਦਾ ਹੋਣ ਕਰਕੇ ਉਸ ਨੇ ਇੱਥੇ ਅਰਾਮ ਕਰਨ ਬਾਰੇ ਸੋਚਿਆ। ਨੇੜੇ ਹੀ ਮਛੇਰਿਆਂ ਦੀ ਬਸਤੀ ਸੀ। ਜਦੋਂ ਉਨ੍ਹਾਂ ਨੂੰ ਰਾਜੇ ਦੇ ਆਉਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਇਕੱਠੇ ਹੋ ਕੇ ਰਾਜੇ ਨੂੰ ਉਨ੍ਹਾਂ ਦੀ ਬਸਤੀ ਵਿੱਚ ਆਉਣ ਦੀ ਬੇਨਤੀ ਕੀਤੀ। ਮਛੇਰਿਆਂ ਨੇ ਰਾਜੇ ਦੇ ਸਵਾਗਤ ਲਈ ਸਾਰੀ ਬਸਤੀ ਦੀ ਸਜਾਵਟ ਕੀਤੀ। ਰਾਜੇ ਅਤੇ ਉਸ ਦੇ ਲਸ਼ਕਰ ਲਈ ਭਾਂਤ-ਭਾਂਤ ਦੇ ਪਕਵਾਨ ਬਣਾਏ। ਝੀਲ ਦੀ ਸੈਰ ਵਾਸਤੇ ਮਛੇਰਿਆਂ ਨੇ ਜਾਮ ਤਮਾਚੀ ਲਈ ਬੇੜੀ ਦਾ ਪ੍ਰਬੰਧ ਕੀਤਾ। ਝੀਲ ਦੇ ਨਜ਼ਾਰਿਆਂ ਦੀ ਮੌਜ ਮਾਣਦੇ ਜਾਮ ਤਮਾਚੀ ਦੀ ਨਜ਼ਰ ਝੀਲ ਕਿਨਾਰੇ ਮੱਛੀਆਂ ਫੜਦੀ ਨੂਰੀ ’ਤੇ ਪਈ, ਜਿਸ ਨੂੰ ਵੇਖਦੇ ਸਾਰ ਜਾਮ ਕੀਲਿਆ ਗਿਆ। ਉੱਧਰ ਨੂਰੀ ਦੀ ਨਜ਼ਰ ਰਾਜੇ ਜਾਮ ਤਮਾਚੀ ’ਤੇ ਪਈ। ਨੂਰੀ ਨੇ ਪਹਿਲਾਂ ਕਦੇ ਕਿਸੇ ਸ਼ਾਹੀ ਬੰਦੇ ਨੂੰ ਨਹੀਂ ਸੀ ਵੇਖਿਆ। ਇਸ ਲਈ ਜਾਮ ਤਮਾਚੀ ਨੂੰ ਵੇਖਦੀ ਹੀ ਰਹਿ ਗਈ। ਦੋਵਾਂ ਦੀਆਂ ਨਜ਼ਰਾਂ ਮਿਲੀਆਂ ਅਤੇ ਇੱਕ ਦੂਜੇ ਦੀ ਤਸਵੀਰ ਦੋਵਾਂ ਦੇ ਦਿਲ ਵਿੱਚ ਵੱਸ ਗਈ। ਜਾਮ ਤਮਾਚੀ ਅਗਲੇ ਦਿਨ ਠੱਠੇ ਆਪਣੇ ਮਹਿਲਾਂ ਵਿੱਚ ਵਾਪਸ ਆ ਗਿਆ, ਪਰ ਨੂਰੀ ਹੁਣ ਉਸ ਦੇ ਦਿਲ ਵਿੱਚ ਵੱਸ ਰਹੀ ਸੀ। ਕੁਝ ਦਿਨ ਬਾਅਦ ਜਾਮ ਤਮਾਚੀ ਵਾਪਸ ਮਛੇਰਿਆਂ ਦੀ ਬਸਤੀ ਗਿਆ ਅਤੇ ਨੂਰੀ ਦੇ ਘਰ ਸ਼ਗਨ ਭੇਜ ਕੇ ਉਸ ਦੇ ਮਾਂ-ਬਾਪ ਕੋਲ਼ੋਂ ਉਸ ਦਾ ਸਾਕ ਮੰਗ ਲਿਆ। ਗ਼ਰੀਬ ਮਛੇਰਿਆਂ ਨੂੰ ਹੋਰ ਕੀ ਚਾਹੀਦਾ ਸੀ! ਉਨ੍ਹਾਂ ਨੂੰ ਆਪਣੇ ਘਰ ਖੁਸ਼ਹਾਲੀ ਆਉਂਦੀ ਦਿਸਦੀ ਸੀ। ਨੂਰੀ ਨੂੰ ਇਸ ਰਿਸ਼ਤੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਇਸ ਰਿਸ਼ਤੇ ਲਈ ਹਾਂ ਕਰ ਦਿੱਤੀ। ਇਸ ਖ਼ੁਸ਼ੀ ਵਿੱਚ ਰਾਜੇ ਜਾਮ ਤਮਾਚੀ ਨੇ ਸਾਰੀ ਬਸਤੀ ਦੇ ਗ਼ਰੀਬ ਮਛੇਰਿਆਂ ਲਈ ਖ਼ਜ਼ਾਨੇ ਦੇ ਮੂੰਹ ਖੋਲ੍ਹ ਦਿੱਤੇ, ਹਰ ਮਛੇਰੇ ਦੀ ਗ਼ੁਰਬਤ ਦੂਰ ਕੀਤੀ ਅਤੇ ਮਛੇਰਿਆਂ ਦੇ ਮੱਛੀਆਂ ਫੜ ਕੇ ਵੇਚਣ ਦਾ ਮਹਿਸੂਲ ਵੀ ਮੁਆਫ਼ ਕਰ ਦਿੱਤਾ। ਧੂਮਧਾਮ ਨਾਲ ਰਾਜਾ ਜਾਮ ਨੂਰੀ ਨੂੰ ਵਿਆਹ ਕੇ ਠੱਠੇ ਆਪਣੇ ਮਹਿਲਾਂ ਵਿੱਚ ਲੈ ਆਇਆ।

ਰਾਜੇ ਦੇ ਮਹਿਲਾਂ ਵਿੱਚ ਪਹਿਲਾਂ ਵੀ ਉਸ ਦੀਆਂ ਚਾਰ ਰਾਣੀਆਂ ਹੋਰ ਸਨ ਜੋ ਕਿ ਰਾਜ ਘਰਾਣਿਆਂ ਵਿੱਚੋਂ ਸਨ। ਨੂਰੀ ਇੱਕ ਮਾਮੂਲੀ ਮਛੇਰਨ ਤੋਂ ਹੁਣ ਰਾਣੀ ਬਣੀ ਸੀ। ਨੂਰੀ ਸੂਰਤ ਤੋਂ ਤਾਂ ਹੁਸੀਨ ਸੀ ਹੀ ਸਗੋਂ ਸੀਰਤ ਦੀ ਦੀ ਵੀ ਸੁਸ਼ੀਲ ਸੀ। ਰਾਣੀ ਬਣ ਕੇ ਵੀ ਉਸ ਦੀ ਹਲੀਮੀ ਅਤੇ ਸਾਦਗੀ ਵਿੱਚ ਰੱਤੀ ਭਰ ਫ਼ਰਕ ਨਹੀਂ ਸੀ ਪਿਆ। ਉਸ ਦੇ ਇਸ ਗੁਣ ਕਰਕੇ ਰਾਜਾ ਜਾਮ ਉਸ ਤੋਂ ਜਾਨ ਵਾਰਦਾ ਸੀ ਅਤੇ ਇਹ ਗੱਲ ਉਸ ਦੀਆਂ ਦੂਜੀਆਂ ਰਾਣੀਆਂ ਨੂੰ ਬਿਲਕੁਲ ਪਸੰਦ ਨਹੀਂ ਸੀ। ਇੱਕ ਦਿਨ ਜਾਮ ਤਮਾਚੀ ਨੇ ਨੂਰੀ ਦੀ ਸਾਦਗੀ ਅਤੇ ਹਲੀਮੀ ਦੀ ਪਰਖ ਕਰਨ ਬਾਰੇ ਸੋਚਿਆ। ਉਸ ਨੇ ਮਹਿਲਾਂ ਵਿੱਚ ਸਾਰੀਆਂ ਰਾਣੀਆਂ ਨੂੰ ਹੁਕਮ ਭੇਜਿਆ ਕਿ ਅੱਜ ਉਹ ਸਾਰੀਆਂ ਰਾਣੀਆਂ ਨੂੰ ਸਜੀਆਂ ਸੰਵਰੀਆਂ ਵੇਖਣਾ ਚਾਹੁੰਦਾ ਹੈ। ਜੋ ਰਾਣੀ ਸਭ ਤੋਂ ਵੱਧ ਸੋਹਣੀ ਲੱਗੇਗੀ ਉਸ ਨੂੰ ਪਟਰਾਣੀ ਦਾ ਖਿਤਾਬ ਦਿੱਤਾ ਜਾਵੇਗਾ। ਸਾਰੀਆਂ ਰਾਣੀਆਂ ਆਪਣੇ ਆਪ ਨੂੰ ਵਧੀਆ ਤੋਂ ਵਧੀਆ ਗਹਿਣਿਆਂ ਅਤੇ ਕੱਪੜਿਆਂ ਨਾਲ ਸਜਾਉਣ ਲੱਗੀਆਂ। ਸਾਰੀਆਂ ਨੇ ਖ਼ੂਬ ਹਾਰ ਸ਼ਿੰਗਾਰ ਕੀਤੇ। ਇੱਕ ਦੂਜੀ ਤੋਂ ਵੱਧ ਬਣ ਫਬ ਕੇ ਬੈਠ ਗਈਆਂ ਪਰ ਨੂਰੀ ਆਪਣੇ ਸਾਦੇ ਲਿਬਾਸ ਵਿੱਚ ਹੀ ਰਹੀ ਅਤੇ ਕੋਈ ਬਣਾਉਟੀ ਸ਼ਿੰਗਾਰ ਨਾ ਕੀਤਾ। ਸ਼ਾਮ ਪਈ ਤੋਂ ਜਦੋਂ ਜਾਮ ਤਮਾਚੀ ਮਹਿਲੀਂ ਵੜਿਆ ਤਾਂ ਉਸ ਨੇ ਸਾਰੀਆਂ ਰਾਣੀਆਂ ਨੂੰ ਇੱਕ ਨਜ਼ਰ ਵੇਖਿਆ। ਜਦ ਨੂਰੀ ਉੱਤੇ ਨਜ਼ਰ ਪਈ ਤਾਂ ਉਸ ਦੀ ਕੁਦਰਤੀ ਖ਼ੂਬਸੂਰਤੀ ਅੱਗੇ ਦੂਜੀਆਂ ਰਾਣੀਆਂ ਦੇ ਸ਼ਿੰਗਾਰ ਫਿੱਕੇ ਲੱਗੇ। ਇੱਕ ਵਾਰ ਫਿਰ ਨੂਰੀ ਦੀ ਸਾਦਗੀ ਨੇ ਜਾਮ ਤਮਾਚੀ ਦਾ ਮਨ ਮੋਹ ਲਿਆ। ਉਸ ਨੇ ਨੂਰੀ ਦੇ ਪਟਰਾਣੀ ਹੋਣ ਦਾ ਐਲਾਨ ਕਰ ਦਿੱਤਾ ਅਤੇ ਦੂਜੀਆਂ ਰਾਣੀਆਂ ਨੂੰ ਉਸ ਦੀ ਤਾਬੇਦਾਰੀ ਦਾ ਹੁਕਮ ਦਿੱਤਾ। ਸ਼ਾਹੀ ਘਰਾਣਿਆਂ ਨਾਲ ਸੰਬੰਧ ਰੱਖਣ ਵਾਲੀਆਂ ਰਾਣੀਆਂ ਨੂੰ ਇਹ ਗੱਲ ਉੱਕਾ ਹੀ ਨਾ ਜਚੀ ਕਿ ਉਹ ਇੱਕ ਮਾਮੂਲੀ ਮਛੇਰਨ ਤੋਂ ਰਾਣੀ ਬਣੀ ਨੂਰੀ ਦੀ ਤਾਬੇਦਾਰੀ ਕਰਨ। ਉਨ੍ਹਾਂ ਸਾਰੀਆਂ ਰਾਣੀਆਂ ਦੇ ਮਨ ਉਸ ਪ੍ਰਤੀ ਈਰਖਾ, ਘ੍ਰਿਣਾ ਅਤੇ ਨਫ਼ਰਤ ਨਾਲ ਭਰ ਗਏ। ਹੁਣ ਉਹ ਨੂਰੀ ਨੂੰ ਸ਼ਾਹੀ ਮਹਿਲ ਵਿੱਚੋਂ ਕਿਵੇਂ ਨਾ ਕਿਵੇਂ ਬਾਹਰ ਕੱਢਣ ਦੀਆਂ ਜੁਗਤਾਂ ਸੋਚਣ ਲੱਗੀਆਂ। ਸਾਰੀਆਂ ਨੇ ਜਾਮ ਤਮਾਚੀ ਦੇ ਮਨ ਵਿੱਚ ਨੂਰੀ ਪ੍ਰਤੀ ਜ਼ਹਿਰ ਭਰਨਾ ਚਾਹਿਆ ਪਰ ਰਾਜੇ ਉੱਤੇ ਉਨ੍ਹਾਂ ਦੀਆਂ ਗੱਲਾਂ ਦਾ ਕੋਈ ਅਸਰ ਨਾ ਹੋਇਆ।

ਕੁਝ ਦਿਨਾਂ ਪਿੱਛੋਂ ਮਹਿਲ ਦੇ ਪਹਿਰੇਦਾਰਾਂ ਕੋਲ਼ੋਂ ਰਾਣੀਆਂ ਨੂੰ ਖ਼ਬਰ ਮਿਲੀ ਕਿ ਰੋਜ਼ ਰਾਤ ਨੂੰ ਨੂਰੀ ਦਾ ਭਰਾ ਇੱਕ ਲੱਕੜ ਦਾ ਬਕਸਾ ਲਿਆਉਂਦਾ ਅਤੇ ਨੂਰੀ ਨੂੰ ਦੇ ਜਾਂਦਾ ਹੈ, ਕੁਝ ਸਮੇਂ ਬਾਅਦ ਨੂਰੀ ਉਹੀ ਬਕਸਾ ਆਪਣੇ ਭਰਾ ਨੂੰ ਵਾਪਸ ਮੋੜ ਦਿੰਦੀ ਹੈ ਅਤੇ ਉਹ ਉੱਥੋਂ ਚਲਾ ਜਾਂਦਾ ਹੈ। ਅਜਿਹੇ ਮੌਕੇ ’ਤੇ ਉਨ੍ਹਾਂ ਨੇ ਮਹਿਲ ਵਿੱਚ ਅਫ਼ਵਾਹ ਉਡਾ ਦਿੱਤੀ ਕਿ ਨੂਰੀ ਸ਼ਾਹੀ ਖ਼ਜ਼ਾਨੇ ਵਿੱਚੋਂ ਕੀਮਤੀ ਹੀਰੇ ਅਤੇ ਹੋਰ ਗਹਿਣੇ ਚੋਰੀ ਕਰਕੇ ਆਪਣੇ ਭਰਾ ਦੇ ਹੱਥੀਂ ਆਪਣੇ ਗ਼ਰੀਬ ਮਾਪਿਆਂ ਵੱਲ ਭੇਜਦੀ ਹੈ। ਉੱਡਦੀ ਉੱਡਦੀ ਇਹ ਅਫ਼ਵਾਹ ਰਾਜੇ ਜਾਮ ਦੇ ਕੰਨਾਂ ਵਿੱਚ ਵੀ ਜਾ ਪਈ। ਪਹਿਲਾਂ ਤਾਂ ਉਸ ਨੂੰ ਇਸ ਗੱਲ ਦਾ ਯਕੀਨ ਨਾ ਹੋਇਆ ਕਿ ਨੂਰੀ ਖ਼ਜ਼ਾਨੇ ਵਿੱਚੋਂ ਚੋਰੀ ਕਿਵੇਂ ਕਰ ਸਕਦੀ ਹੈ? ਕਿਉਂਕਿ ਉਸ ਨੇ ਤਾਂ ਨੂਰੀ ਨਾਲ ਵਿਆਹ ਮੌਕੇ ਮਛੇਰਿਆਂ ਦੀ ਸਾਰੀ ਬਸਤੀ ਵਿੱਚ ਖੁੱਲ੍ਹੇ ਦਿਲ ਨਾਲ ਧਨ ਦੌਲਤ ਵੰਡੀ ਸੀ। ਜਦੋਂ ਪਹਿਰੇਦਾਰਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਰੋਜ਼ ਰਾਤ ਨੂਰੀ ਦਾ ਭਰਾ ਉਸ ਕੋਲ ਆਉਂਦਾ ਹੈ ਤਾਂ ਰਾਜੇ ਨੇ ਵੀ ਵੇਖਣਾ ਚਾਹਿਆ ਕਿ ਇਸ ਗੱਲ ਵਿੱਚ ਕਿੰਨੀ ਕੁ ਸਚਾਈ ਹੈ? ਅਗਲੀ ਰਾਤ ਜਦੋਂ ਨੂਰੀ ਲੱਕੜੀ ਦਾ ਬਕਸਾ ਆਪਣੇ ਭਰਾ ਨੂੰ ਫੜਾਉਣ ਲੱਗੀ ਤਾਂ ਮੌਕੇ ’ਤੇ ਦੋਵਾਂ ਨੂੰ ਸਿਪਾਹੀਆਂ ਨੇ ਘੇਰ ਲਿਆ, ਰਾਜਾ ਜਾਮ ਤਮਾਚੀ ਵੀ ਮੌਕੇ ’ਤੇ ਹਾਜ਼ਰ ਹੋਇਆ। ਨੂਰੀ ਨੇ ਬੇਵਸ ਨਜ਼ਰਾਂ ਨਾਲ ਰਾਜੇ ਵੱਲ ਵੇਖਿਆ ਅਤੇ ਰਾਜੇ ਦੇ ਹੁਕਮ ਨਾਲ ਬਕਸਾ ਜ਼ਬਤ ਕਰ ਲਿਆ ਗਿਆ। ਅਗਲੇ ਦਿਨ ਭਰੇ ਦਰਬਾਰ ਵਿੱਚ ਨੂਰੀ ਅਤੇ ਉਸ ਦੇ ਭਰਾ ਨੂੰ ਪੇਸ਼ ਕੀਤਾ ਗਿਆ। ਹੁਣ ਸਭ ਨੂੰ ਬਕਸੇ ਦੇ ਖੁੱਲ੍ਹਣ ਦਾ ਇੰਤਜ਼ਾਰ ਸੀ। ਰਾਜੇ ਜਾਮ ਤਮਾਚੀ ਨੇ ਖ਼ੁਦ ਉਹ ਬਕਸਾ ਖੋਲ੍ਹਿਆ ਤਾਂ ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ। ਬਕਸੇ ਵਿੱਚ ਰੋਟੀ ਦੀਆਂ ਬਚੀਆਂ-ਖੁਚੀਆਂ ਬੁਰਕੀਆਂ ਅਤੇ ਮੱਛੀ ਦੇ ਕੰਡਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ। ਰਾਜੇ ਜਾਮ ਨੇ ਹੈਰਾਨ ਹੋ ਕੇ ਨੂਰੀ ਤੋਂ ਪੁੱਛਿਆ ਕਿ ਇਹ ਸਭ ਕੀ ਹੈ? ਉਸ ਨੇ ਜਵਾਬ ਦਿੱਤਾ, ‘‘ਰਾਜਾ ਜੀ, ਮੈਨੂੰ ਡਰ ਸੀ ਕਿ ਮੈਂ ਮਹਿਲਾਂ ਵਿੱਚ ਰਹਿ ਕੇ ਇੱਥੋਂ ਦੀਆਂ ਸੁੱਖ ਸਹੂਲਤਾਂ ਅਤੇ ਭੋਜਨ ਪਦਾਰਥ ਖਾ ਕੇ ਕਿਤੇ ਆਪਣੇ ਪਿਛੋਕੜ, ਆਪਣੇ ਮਾਂ-ਬਾਪ ਅਤੇ ਆਪਣੇ ਲੋਕਾਂ ਨੂੰ ਹੀ ਨਾ ਭੁੱਲ ਜਾਵਾਂ। ਇਸ ਲਈ ਮੈਂ ਆਪਣੇ ਭਰਾ ਨੂੰ ਕਿਹਾ ਸੀ ਕਿ ਉਹ ਜਦੋਂ ਵੀ ਕਦੇ ਮੈਨੂੰ ਮਿਲਣ ਆਵੇ ਤਾਂ ਆਪਣੇ ਨਾਲ ਮਾਂ ਦੇ ਹੱਥ ਦੀਆਂ ਬਣੀਆਂ ਰੋਟੀਆਂ ਅਤੇ ਮੱਛੀ ਲੈ ਕੇ ਆਵੇ। ਮੇਰੇ ਹੁਕਮ ’ਤੇ ਮੇਰੇ ਭਰਾ ਨੇ ਫੁੱਲ ਚੜ੍ਹਾਏ। ਉਹਨੇ ਇੰਜ ਹੀ ਕੀਤਾ। ਇਹ ਗੱਲ ਤੁਹਾਡੇ ਕੋਲੋਂ ਇਸ ਲਈ ਲੁਕੋਈ ਤਾਂ ਕਿ ਤੁਹਾਨੂੰ ਇਹ ਨਾ ਲੱਗੇ ਕਿ ਮੈਂ ਮਹਿਲ ਵਿੱਚ ਬਣੇ ਭੋਜਨ ਦੀ ਕਦਰ ਨਹੀਂ ਕਰਦੀ। ਮੈਨੂੰ ਮੇਰੇ ਮਾਂ-ਬਾਪ ਦੇ ਘਰ ਦੀ ਬਹੁਤ ਯਾਦ ਆਉਂਦੀ ਸੀ ਤਾਂ ਮੈਂ ਇਸ ਤਰੀਕੇ ਨਾਲ ਉਨ੍ਹਾਂ ਨੂੰ ਯਾਦ ਕਰ ਲੈਂਦੀ ਸੀ।’’ ਇਹ ਜਵਾਬ ਸੁਣ ਕੇ ਨੂਰੀ ਦੀ ਮਾਸੂਮੀਅਤ ਉੱਤੇ ਸਭ ਨੂੰ ਤਰਸ ਆ ਗਿਆ ਅਤੇ ਰਾਜੇ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਦੂਜੀਆਂ ਰਾਣੀਆਂ ਨੂੰ ਸ਼ਰਮਿੰਦਾ ਹੋਣਾ ਪਿਆ। ਉਸ ਦਿਨ ਤੋਂ ਬਾਅਦ ਰਾਜੇ ਦੇ ਮਨ ਵਿੱਚ ਨੂਰੀ ਲਈ ਪਿਆਰ ਅਤੇ ਇੱਜ਼ਤ ਦੋਵੇਂ ਹੋਰ ਵੀ ਵਧ ਗਏ। ਉਸ ਨੇ ਨੂਰੀ ਨੂੰ ਕਿਹਾ ਕਿ ਉਸ ਦਾ ਜਦੋਂ ਦਿਲ ਕਰੇ ਆਪਣੇ ਮਾਂ-ਬਾਪ ਨੂੰ ਮਿਲਣ ਜਾ ਸਕਦੀ ਹੈ। ਕਿਹਾ ਜਾਂਦਾ ਹੈ ਕਿ ਰਾਜਾ ਜਾਮ ਤਮਾਚੀ ਕਦੇ ਕਦੇ ਨੂਰੀ ਨਾਲ ਆਪ ਵੀ ਕਿੰਝਰ ਝੀਲ ਦੇ ਕਿਨਾਰੇ ਜਾਂਦਾ। ਨੂਰੀ ਵਾਸਤੇ ਝੀਲ ਵਿੱਚ ਸੈਰ ਕਰਨ ਲਈ ਸ਼ਾਹੀ ਬੇੜੀ ਤਿਆਰ ਕਰਵਾਈ ਗਈ ਜਿਸ ਵਿੱਚ ਰਾਜਾ ਜਾਮ ਅਤੇ ਨੂਰੀ ਦੋਵੇਂ ਘੰਟਿਆਂਬੱਧੀ ਝੀਲ ਦੇ ਨਜ਼ਾਰਿਆਂ ਦਾ ਆਨੰਦ ਮਾਣਦੇ। ਹੁਣ ਮਹਿਲ ਵਿੱਚ ਵੀ ਨੂਰੀ ਨੂੰ ਕੋਈ ਕੁਝ ਨਾ ਕਹਿੰਦਾ। ਉਸ ਵਿਰੁੱਧ ਕੋਈ ਸਾਜ਼ਿਸ਼ ਨਾ ਹੁੰਦੀ।

ਸਿੰਧ ਵਿੱਚ ਪ੍ਰਚਲਿਤ ਦੰਦਕਥਾ ਮੁਤਾਬਿਕ ਨੂਰੀ ਨੇ ਨੌਜਵਾਨ ਉਮਰ ਵਿੱਚ ਹੀ ਰਾਜੇ ਜਾਮ ਤਮਾਚੀ ਦੇ ਜਿਉਂਦੇ ਜੀਅ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤੀ, ਜਿਸ ਨਾਲ ਰਾਜਾ ਜਾਮ ਤਮਾਚੀ ਪੂਰੀ ਤਰ੍ਹਾਂ ਟੁੱਟ ਗਿਆ। ਆਪਣੀ ਪਿਆਰੀ ਰਾਣੀ ਨੂਰੀ ਨੂੰ ਰਾਜੇ ਨੇ ਕਿੰਝਰ ਝੀਲ ਕਿਨਾਰੇ ਉੱਥੇ ਹੀ ਦਫ਼ਨਾਇਆ, ਜਿੱਥੇ ਉਸ ਨੇ ਨੂਰੀ ਨੂੰ ਪਹਿਲੀ ਵਾਰ ਵੇਖਿਆ ਸੀ। ਅੱਜਕੱਲ੍ਹ ਇਹ ਕਬਰ ਕਿੰਝਰ ਝੀਲ ਦੇ ਪਾਣੀਆਂ ਦੇ ਵਿੱਚ ਹੈ ਕਿਉਂਕਿ ਜਦੋਂ ਅਯੂਬ ਖ਼ਾਨ ਦੇ ਸ਼ਾਸਨ ਦੌਰਾਨ ਕਰਾਚੀ ਸ਼ਹਿਰ ਨੂੰ ਵਧੇਰੇ ਪਾਣੀ ਮੁਹੱਈਆ ਕਰਾਉਣ ਲਈ ਕਿੰਝਰ ਝੀਲ ਦਾ ਵਿਸਥਾਰ ਕੀਤਾ ਗਿਆ ਤਾਂ ਇਹ ਜਗ੍ਹਾ ਝੀਲ ਵਿੱਚ ਆ ਗਈ, ਪਰ ਇਸ ਦੀ ਮਹੱਤਤਾ ਨੂੰ ਵੇਖਦੇ ਹੋਏ ਇਸ ਨੂੰ ਬਚਾ ਲਿਆ ਗਿਆ। ਕੁਝ ਮੰਨਦੇ ਹਨ ਕਿ ਰਾਜਾ ਜਾਮ ਤਮਾਚੀ ਅਤੇ ਰਾਣੀ ਨੂਰੀ ਦੋਵਾਂ ਨੂੰ ਇੱਥੇ ਦਫ਼ਨਾਇਆ ਗਿਆ ਸੀ ਜਦੋਂਕਿ ਇਤਿਹਾਸਕਾਰ ਅਤੇ ਖੋਜਕਾਰ ਮੰਨਦੇ ਹਨ ਕਿ ਦੋਵਾਂ ਨੂੰ ਮਕਲੀ ਕਬਰਸਤਾਨ ਵਿੱਚ ਦਫ਼ਨਾਇਆ ਗਿਆ ਸੀ। ਸਿੰਧ ਦੇ ਇਤਿਹਾਸ ਦੀ ਇੱਕ ਮਸ਼ਹੂਰ ਪੁਰਾਣੀ ਕਿਤਾਬ ‘ਤੁਹਫ਼ਤ-ਉਲ-ਕਰਮ’ ਦੇ ਰਚੇਤਾ ਮੀਰ ਅਲੀ ਸ਼ੇਰ ਕਾਨੀ ਠੱਠਵੀ ਦੇ ਮੁਤਾਬਿਕ ਵੀ ਦੋਵਾਂ ਨੂੰ ਮਕਲੀ ਕਬਰਸਤਾਨ ਵਿੱਚ ਹੀ ਦਫ਼ਨਾਇਆ ਗਿਆ ਸੀ। ਝੀਲ ਵਿੱਚ ਮੌਜੂਦ ਦੋਵਾਂ ਕਬਰਾਂ ਵਿੱਚੋਂ ਇੱਕ ਉੱਤੇ ਅੱਜ ਵੀ ਮਾਈ ਨੂਰੀ ਲਿਖਿਆ ਹੋਇਆ ਹੈ

ਜਦੋਂਕਿ ਦੂਸਰੀ ਕਬਰ ਉੱਤੇ ਸ਼ਾਹ ਹੁੰਦਰੋ ਲਿਖਿਆ ਹੋਇਆ। ਇਸ ਬਾਬਤ ਕਿਹਾ ਜਾਂਦਾ ਹੈ ਕਿ ਇਹ ਇੱਕ ਸੂਫ਼ੀ ਫ਼ਕੀਰ ਸੀ ਅਤੇ ਨੂਰੀ ਦੀ ਇਸ ਪ੍ਰਤੀ ਸ਼ਰਧਾ ਸੀ ਜਿਸ ਕਰਕੇ ਉਸ ਦੀ ਇੱਛਾ ਮੁਤਾਬਿਕ ਉਸ ਨੂੰ ਇੱਥੇ ਦਫ਼ਨਾਇਆ ਗਿਆ ਸੀ।

ਸੰਪਰਕ: 98159-59476

Advertisement