ਤੁਰ ਗਿਆ ਜ਼ਿੰਦਗੀ ਦਾ ਸ਼ਾਹ ਅਸਵਾਰ ...
ਸੱਭਿਆਚਾਰਕ ਮੇਲਿਆਂ, ਟੈਲੀਵਿਜ਼ਨ ਅਤੇ ਫਿਲਮੀ ਖੇਤਰ ਦੇ ਸ਼ਾਹ-ਅਸਵਾਰ ਕਲਾਕਾਰ ਜਸਵਿੰਦਰ ਭੱਲਾ ਦੇ ਸੰਸਾਰੋਂ ਤੁਰ ਜਾਣ ਦੀ ਖ਼ਬਰ ਨੇ ਪੰਜਾਬੀ ਜਗਤ ਨੂੰ ਇਕਦਮ ਵੱਡਾ ਸਦਮਾ ਦਿੱਤਾ ਹੈ। ਸ਼ੁੱਕਰਵਾਰ 22 ਅਗਸਤ ਦਾ ਸੂਰਜ ਚੜ੍ਹਨ ਤੋਂ ਪਹਿਲਾਂ ਉਨ੍ਹਾਂ ਦੇ ਵਿਛੋੜੇ ਦੀ ਪਾਟੀ ਚਿੱਠੀ ਪੰਜਾਬੀਆਂ ਤੱਕ ਪਹੁੰਚੀ ਤਾਂ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੇ ਹਾਉਕੇ ਸੁਣਨ ਲੱਗੇ। ਦੁਨੀਆ ਦੇ ਹਰ ਕੋਨੇ ’ਚੋਂ, ਜਿੱਥੇ ਵੀ ਪੰਜਾਬੀ ਵੱਸਦੇ ਹਨ, ਉੱਥੋਂ ਦੁੱਖ ਭਰੇ ਸੁਨੇਹੇ ਆਉਣ ਲੱਗੇ। ਪਿਆਰ ਕਰਨ ਵਾਲੇ ਲੋਕਾਂ ਨੇ ਆਪਣੇ ਮਹਿਬੂਬ ਕਲਾਕਾਰ ਦੇ ਵਿਛੋੜੇ ’ਤੇ ਦਿਲੋਂ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨਾਲ ਖਿਚਵਾਈਆਂ ਤਸਵੀਰਾਂ ਦੀਆਂ ਪੋਸਟਾਂ ਪੈਣ ਲੱਗੀਆਂ। ਸਾਹਿਤਕ, ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਕ ਖੇਤਰ ਦੀਆਂ ਸ਼ਖ਼ਸੀਅਤਾਂ ਸਮੇਤ ਜਨ-ਸਾਧਾਰਨ ਨੇ ਜਸਵਿੰਦਰ ਭੱਲਾ ਦੇ ਤੁਰ ਜਾਣ ਦਾ ਦੁੱਖ ਮਨਾਇਆ ਤੇ ਉਨ੍ਹਾਂ ਬਾਰੇ ਆਪਣੀਆਂ ਭਾਵਨਾਵਾਂ ਪ੍ਰਗਟਾਈਆਂ। ਲੋਕਾਈ ਦੀਆਂ ਭਾਵਨਾਵਾਂ ਵਿੱਚੋਂ ਕੀਰਨਿਆਂ ਦੀ ਝਲਕ ਪੈਣ ਲੱਗੀ। ਇਹੀ ਕਲਾਕਾਰ ਦੀ ਕਮਾਈ ਹੁੰਦੀ ਹੈ, ਸਨਮਾਨ ਹੁੰਦਾ ਹੈ, ਜੋ ਜਸਵਿੰਦਰ ਭੱਲਾ ਦੇ ਲੇਖੇ ਆਇਆ।
ਖ਼ਬਰ ਸੁਣਦਿਆਂ ਮੇਰੇ ਸਾਹਮਣੇ ਜਸਵਿੰਦਰ ਭੱਲਾ ਦਾ ਹੱਸਦਾ ਚਿਹਰਾ ਘੁੰਮਣ ਲੱਗਿਆ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿੱਚ ਜਦੋਂ ਮੈਂ ਐੱਮ.ਐੱਸਸੀ. ਵਿੱਚ ਦਾਖ਼ਲਾ ਲਿਆ ਤਾਂ ਪਹਿਲੇ ਸਮੈਸਟਰ ਵਿੱਚ ਸਾਨੂੰ ਡਾ. ਜਸਵਿੰਦਰ ਭੱਲਾ ਨੇ ਇੱਕ ਕੋਰਸ ਪੜ੍ਹਾਇਆ। ਉਦੋਂ ਉਹ ਟੈਲੀਵਿਜ਼ਨ ਪ੍ਰੋਗਰਾਮ ਕਰਦੇ ਹੁੰਦੇ ਸੀ। ‘ਜੱਟਾ ਜਾਗ ਬਈ ਹੁਣ ਜਾਗੋ ਆਈ ਆ’ ਉਨ੍ਹਾਂ ਦੀ ਮਕਬੂਲ ਆਈਟਮ ਸੀ, ਜਿਹੜੀ ਪਿੰਡਾਂ ਦੇ ਲੋਕਾਂ ਦੇ ਮੂੰਹ ’ਤੇ ਚੜ੍ਹੀ ਹੋਈ ਸੀ। ਸਾਨੂੰ ਚਾਅ ਸੀ ਕਿ ਅਸੀਂ ਇੱਕ ਕਲਾਕਾਰ ਕੋਲੋਂ ਪੜ੍ਹ ਰਹੇ ਹਾਂ। ਬਾਕੀ ਵਿਦਿਆਰਥੀਆਂ ਨਾਲੋਂ ਮੈਂ ਵਧੇਰੇ ਖ਼ੁਸ਼ ਸੀ ਕਿਉਂਕਿ ਮੈਂ ਖ਼ੁਦ ਸਟੇਜ ਨਾਲ ਜੁੜਿਆ ਹੋਇਆ ਸੀ। ਪਰ ਪਹਿਲੇ ਦਿਨੋਂ ਹੀ ਡਾ. ਭੱਲਾ ਨੇ ਕੋਈ ਅਜਿਹਾ ਪ੍ਰਭਾਵ ਨਾ ਪੈਣ ਦਿੱਤਾ, ਜਿਸ ਨਾਲ ਸਾਨੂੰ ਲੱਗੇ ਕਿ ਅਸੀਂ ਕਿਸੇ ਕਾਮੇਡੀ ਕਲਾਕਾਰ ਨਾਲ ਵਿਚਰ ਰਹੇ ਹਾਂ। ਉਨ੍ਹਾਂ ਆਪਣੇ ਸੰਵਾਦ ਅਤੇ ਰਵੱਈਏ ਵਿੱਚ ਅਧਿਆਪਕ ਦੀ ਭੂਮਿਕਾ ਨੂੰ ਕਾਇਮ ਰੱਖਿਆ, ਕਦੇ ਵੀ ਕਿਸੇ ਵਾਰਤਾਲਾਪ ਨੂੰ ਆਸੇ-ਪਾਸੇ ਲਿਜਾ ਕੇ ਖਿਲਰਨ ਦਾ ਮੌਕਾ ਨਹੀਂ ਦਿੱਤਾ। ਨਤੀਜਾ ਇਹ ਨਿਕਲਿਆ ਕਿ ਪੂਰਾ ਸਮੈਸਟਰ ਅਸੀਂ ਬਾਕੀ ਕਲਾਸਾਂ ਵਾਂਗ ਇਕਾਗਰਤਾ ਨਾਲ ਹੀ ਪੜ੍ਹਦੇ ਰਹੇ। ਕਲਾਕਾਰ ਹੋਣ ਕਰ ਕੇ ਉਨ੍ਹਾਂ ਦੀ ਕਲਾਸ ਵਿੱਚ ਮਾਹੌਲ ਸੁਖਾਵਾਂ ਜ਼ਰੂਰ ਹੁੰਦਾ ਸੀ।
ਪਸਾਰ ਸਿੱਖਿਆ ਦਾ ਜਿਹੜਾ ਕੋਰਸ ਉਹ ਸਾਨੂੰ ਪੜ੍ਹਾਉਂਦੇ ਸਨ, ਉਹ ਪੰਜਾਬ ਦੇ ਪੇਂਡੂ ਵਿਕਾਸ ਬਾਰੇ ਸੀ। ਪਹਿਲਾਂ ਖੇਤੀਬਾੜੀ ਵਿਭਾਗ ਵਿੱਚ ਇੰਸਪੈਕਟਰ ਰਹੇ ਹੋਣ ਕਰ ਕੇ ਪੰਜਾਬ ਦੇ ਪਿੰਡਾਂ ਅਤੇ ਕਿਸਾਨੀ ਬਾਰੇ ਉਹ ਜਾਣਦੇ ਸਨ ਜਿਸ ਕਰਕੇ ਉਹ ਕੋਰਸ ਸਮੱਗਰੀ ਨੂੰ ਹੋਰ ਅਸਰਦਾਰ ਬਣਾ ਕੇ ਸਮਝਾਉਣ ਦੇ ਸਮਰੱਥ ਸਨ। ਇੱਕ ਅਧਿਆਪਕ ਕੋਲ ਆਪਣੇ ਵਿਸ਼ੇ ਦੀ ਮੁਹਾਰਤ, ਸਵੈ-ਵਿਸ਼ਵਾਸ ਅਤੇ ਸੰਚਾਰ ਸਮਰੱਥਾ ਹੋਣੀ ਚਾਹੀਦੀ ਹੈ, ਜੋ ਉਨ੍ਹਾਂ ਕੋਲ ਸੀ। ਆਪਣੀ ਗੱਲ ਨੂੰ ਵਿਦਿਆਰਥੀਆਂ ਦੀ ਸਮਝ ਮੁਤਾਬਿਕ ਕਰਨ, ਖੁਸ਼ਕ ਗੱਲਾਂ ਨੂੰ ਦਿਲਚਸਪ ਬਣਾ ਕੇ ਸਮਝਾਉਣ, ਕਲਾਸ ਦੇ ਮਾਹੌਲ ਨੂੰ ਸੁਖਾਵਾਂ ਬਣਾ ਕੇ ਰੱਖਣ, ਆਪਣੀ ਕਿਸੇ ਵੀ ਪ੍ਰੇਸ਼ਾਨੀ ਨੂੰ ਵਿਦਿਆਰਥੀਆਂ ਤੋਂ ਦੂਰ ਰੱਖਣ, ਗੁੰਝਲਦਾਰ ਗੱਲਾਂ ਨੂੰ ਸਿੱਧੇ-ਸਾਦੇ ਢੰਗ ਨਾਲ ਕਰਨ ਅਤੇ ਵਿਦਿਆਰਥੀਆਂ ਦੇ ਮਨੋਬਲ ਨੂੰ ਉੱਚਾ ਚੁੱਕਣ ਵਾਲੇ ਗੁਣ ਮੈਂ ਜਸਵਿੰਦਰ ਭੱਲਾ ਵਿੱਚ ਵੇਖੇ, ਜੋ ਅਧਿਆਪਕ ਲਈ ਜ਼ਰੂਰੀ ਹੁੰਦੇ ਹਨ।
ਇਸ ਕੋਰਸ ਦੇ ਪ੍ਰੈਕਟੀਕਲ ਕਰਨ ਲਈ ਅਸੀਂ ਉਨ੍ਹਾਂ ਨਾਲ ਪਿੰਡਾਂ ਵਿੱਚ ਜਾਂਦੇ। ਅਕਸਰ ਲੋਕ ਉਨ੍ਹਾਂ ਨੂੰ ਸਿਆਣ ਲੈਂਦੇ ਸੀ ਪਰ ਉਹ ਹੱਸਦੇ-ਹਸਾਉਂਦੇ ਵੀ ਆਪਣੇ ਅਧਿਆਪਕੀ ਕਿਰਦਾਰ ਨੂੰ ਡੋਲਣ ਨਾ ਦਿੰਦੇ। ਲੋਕਾਂ ਵਿੱਚ ਕਿਵੇਂ ਜਾਣਾ, ਕੀ ਤੇ ਕਿਵੇਂ ਗੱਲਬਾਤ ਕਰਨੀ ਆ, ਕਿਵੇਂ ਵਿਚਰਨਾ, ਇਹ ਗੱਲਾਂ ਉਹ ਸਾਨੂੰ ਯੂਨੀਵਰਸਿਟੀ ਤੋਂ ਸਮਝਾ ਕੇ ਹੀ ਤੁਰਦੇ ਤਾਂ ਕਿ ਪਿੰਡ ਵਿੱਚ ਜਾ ਕੇ ਕੋਈ ਸ਼ਬਦ ਜਾਂ ਨੁਕਤਾ ਅਜਿਹਾ ਨਾ ਕਿਹਾ ਜਾਵੇ, ਜਿਹੜਾ ਕਿਸੇ ਦੀ ਸ਼ਾਨ ਨੂੰ ਠੇਸ ਪਹੁੰਚਾਵੇ। ਕੋਈ ਗੱਲ ਕਿਸੇ ਧਰਮ, ਜਾਤ, ਵਿਅਕਤੀ ਵਿਸ਼ੇਸ਼ ਦੀਆਂ ਭਾਵਨਾਵਾਂ ਦੇ ਖ਼ਿਲਾਫ਼ ਨਾ ਹੋਵੇ, ਕਿਸੇ ਦੇ ਦੁੱਖ ’ਚ ਹੋਰ ਵਾਧਾ ਨਾ ਕਰਦਾ ਹੋਵੇ।
ਮੈਨੂੰ ਯਾਦ ਹੈ ਕਿ ਸ਼ੁੱਕਰਵਾਰ ਨੂੰ ਪ੍ਰੈਕਟੀਕਲ ਦੀ ਸਾਡੀ ਪਹਿਲੀ ਕਲਾਸ ਸੀ। ਉਨ੍ਹਾਂ ਵੀਰਵਾਰ ਨੂੰ ਸਾਨੂੰ ਕਿਹਾ, ‘‘ਲਓ ਬਈ, ਕੱਲ੍ਹ ਨੂੰ ਪ੍ਰੈਕਟੀਕਲ ਲਈ ਆਪਾਂ ਸਿੱਧਵਾਂ, ਮਢਿਆਣੀ, ਭਰੋਵਾਲ ਤੇ ਵਿਰਕੀਂ ਜਾਵਾਂਗੇ। ਸਾਧਾਰਨ ਕੱਪੜੇ ਪਾ ਕੇ ਆਇਓ, ਜੇ ਟੌਅਰ ਜੀ ਕੱਢ ਕੇ ਆਗੇ ਪਿੰਡਾਂ ਵਾਲਿਆਂ ਨੇ ਗੱਲ ਨੀ ਕਰਨੀ, ਉੱਤੋਂ ਟਿੱਚਰਾਂ ਕਰਨਗੇ।’’ ਪ੍ਰੈਕਟੀਕਲ ਲਈ ਤੁਰਨ ਲੱਗਿਆਂ ਆਖਣ ਲੱਗੇ, ‘‘ਲੋਕਾਂ ਸਾਹਮਣੇ ਆਪਸ ਵਿੱਚ ਘੁਸਰ-ਮੁਸਰ ਨੀ ਕਰਨੀ, ਬੇਜਤੀ ਸਮਝਦੇ ਆ ਲੋਕ ਇਸ ਗੱਲ ਨੂੰ। ਗੱਲ ਠੇਠ ਪੰਜਾਬੀ ’ਚ ਕਰਿਓ। ਜਿੰਨੀ ਕੁ ਅੰਗਰੇਜ਼ੀ ਆਉਂਦੀ, ਆਵਦੇ ਕੋਲ ਸੰਭਾਲ ਲਿਓ ਪੇਪਰਾਂ ’ਚ ਕੰਮ ਆਜੂਗੀ।’’ ਪਿੰਡ ਜਾ ਕੇ ਬੱਸ ’ਚੋਂ ਉੱਤਰਨ ਤੋਂ ਪਹਿਲਾਂ ਸਾਨੂੰ ਸਮਝਾਉਣ ਲੱਗੇ, ‘‘ਲਓ ਬਈ ਫੇਰ ਸੁਣਲੋ, ਲੋਕਾਂ ਨੂੰ ਇਹ ਲੱਗੇ ਕਿ ਇਹ ਸਾਡੇ ਈ ਜੁਆਕ ਆ, ਕੋਈ ਚੱਕਵੀਂ ਗੱਲ ਨਾ ਕਰਿਓ। ਜੇ ਕਿਸੇ ਘਰ ਵਿੱਚ ਜਾਣਾ ਪਿਆ ਤਾਂ ਅੱਖ ਦੀ ਸ਼ਰਮ ਵਾਲੀ ਗੱਲ ਮਨ ’ਚ ਵਸਾ ਕੇ ਵਿਚਰਿਓ।’’ ਫੇਰ ਉਨ੍ਹਾਂ ਹੱਸਦੇ-ਹੱਸਦੇ ਮਿੱਠਾ ਜਿਹਾ ਡਰਾਵਾ ਵੀ ਦਿੱਤਾ, ‘‘ਪਿੰਡਾਂ ਆਲੇ ਸੇਵਾ ਵੀ ਅਪਣੱਤ ਨਾਲ ਕਰਦੇ ਆ, ਪਰ ਜੇ ਪੁੱਠੀ-ਸਿੱਧੀ ਚੱਕਵੀਂ ਗੱਲ ਕਰ ਬੈਠੇ ਤਾਂ ਵੱਖੀਆਂ ਵੀ ’ਧੇੜ ਦਿੰਦੇ ਆ। ਹੋਰ ਨਾ ਹੋਵੇ ਪਿੰਡ ’ਚੋਂ ਵੀ ਛਿੱਤਰ ਖਾਲੋਂ ਤੇ ਮੈਥੋਂ ਵੀ ਐਫ ਗਰੇਡ ਲੈਲੋਂ।’’
ਅਸੀਂ ਪਿੰਡ ਵਿੱਚ ਪਹੁੰਚੇ ਤਾਂ ਮੋਹਤਬਰ ਬੰਦਿਆਂ ਨੂੰ ਮਿਲਾਉਣ ਲੱਗਿਆਂ ਉਨ੍ਹਾਂ ਕਿਹਾ, ‘‘ਇਹ ਪੂਰੇ ਸਾਊ ਮੁੰਡੇ-ਕੁੜੀਆਂ ਆ ਜੀ ਯੂਨੀਵਰਸਿਟੀ ਦੇ, ਇਹ ਵੀ ਥੋਡੇ ਵਰਗੇ ਘਰਾਂ ’ਚੋਂ ਹੀ ਪੜ੍ਹਨ ਆਏ ਆ।’’ ਮੇਰੇ ਵੱਲ ਹੱਥ ਕਰ ਕੇ ਆਖਣ ਲੱਗੇ, ‘‘ਇਹ ਬਿਲਾਸਪੁਰੋਂ ਆਂ।’’ ਮੇਰੇ ਨਾਲ ਖੜ੍ਹੇ ਰਣਜੀਤ ਦੇ ਮੋਢੇ ਤਾਂ ਹੱਥ ਧਰ ਕੇ ਕਹਿੰਦੇ, ‘‘ਆ ਤਾਂ ਥੋਡਾ ਗੁਆਂਢੀ ਆ ਭਨੋਹੜਾਂ ਤੋਂ।’’ ‘‘ਆਹ ਸੁੰਦਰ ਲਾਲ ਆ ਅਬੋਹਰੋਂ, ਮੁੰਡਾ ਤਾਂ ਬਾਣੀਆਂ ਦਾ ਪਰ ਅਬੋਹਰ ਦੇ ਬਾਣੀਏ ਜੱਟਾਂ ਅਰਗੇ ਈ ਹੁੰਦੇ ਆ।’’ ਫੇਰ ਪਰਮਜੀਤ ਵੱਲ ਦੇਖ ਕੇ ਕਹਿੰਦੇ, ‘‘ਇਹ ਮੁਕਤਿਆਂ ਦੀ ਧਰਤੀ ਤੋਂ ਆ ਮੁਕਤਸਰੋਂ।’’ ਬੱਸ ਇੰਨੇ ਵਿੱਚ ਈ ਮਾਹੌਲ ਸੁਖਾਵਾਂ ਹੋ ਗਿਆ। ਜਦੋਂ ਮਢਿਆਣੀ ਤੋਂ ਸਿੱਧਵਾਂ ਨੂੰ ਜਾਣ ਲੱਗੇ ਤਾਂ ਬੱਸ ਵਿੱਚ ਉਹ ਸਭ ਨੂੰ ਮੁਖਾਤਿਬ ਹੋਏ, ‘‘ਵੈਰੀ ਗੁੱਡ, ਬਹੁਤ ਵਧੀਆ ਰਿਹਾ। ਗੱਲ ਪਤਾ ਕੀ ਆ ਲੋਕ ਉਹਦੀ ਗੱਲ ਸੁਣਦੇ ਆ ਜੋ ਉਨ੍ਹਾਂ ਦੀ ਸੁਣਦਾ, ਇਸ ਕਰ ਕੇ ਲੋਕਾਂ ਦੀ ਗੱਲ ਪਹਿਲਾਂ ਸੁਣੋ। ਦੂਜਾ, ਇੱਕ ਹੋਰ ਗੱਲ ਕਿ ਇਨ੍ਹਾਂ ਪਿੰਡਾਂ ਦੇ ਜੁਆਕ ਵੀ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਆ ਥੋਡੇ ਆਂਗੂ। ਥੋਡੇ ਵਧੀਆ ਤੌਰ-ਤਰੀਕਿਆਂ ਤੇ ਥੋਡੀ ਸੀਰੀਅਸਨੈੱਸ ਨੂੰ ਦੇਖ ਕੇ ਇਨ੍ਹਾਂ ਨੂੰ ਆਪਣੇ ਜੁਆਕਾਂ ਬਾਰੇ ਵੀ ਤਸੱਲੀ ਹੋਊ, ਇਹ ਸਾਈਕੌਲੋਜੀਕਲ ਇਫੈਕਟ ਹੁੰਦਾ।’’ ਹਰ ਪ੍ਰੈਕਟੀਕਲ ਵਿੱਚ ਅਸੀਂ ਇਨ੍ਹਾਂ ਗੱਲਾਂ ਦਾ ਖ਼ਿਆਲ ਰੱਖਦੇ।
ਜਸਵਿੰਦਰ ਭੱਲਾ ਨੇ ਇਕੱਤੀ ਸਾਲ ਯੂਨੀਵਰਸਿਟੀ ਵਿੱਚ ਪੜ੍ਹਾਇਆ। ਪਸਾਰ ਸਿੱਖਿਆ ਵਿਭਾਗ ਦੇ ਮੁਖੀ ਰਹੇ, ਸੱਭਿਆਚਾਰਕ ਸਰਗਰਮੀਆਂ ਦੇ ਇੰਚਾਰਜ ਰਹੇ। ਸੇਵਾਮੁਕਤੀ ਉਪਰੰਤ ਵੀ ਉਹ ਯੂਨੀਵਰਸਿਟੀ ਦੇ ਬਰਾਂਡ ਅੰਬੈਸਡਰ ਬਣੇ ਰਹੇ ਕਿਉਂਕਿ ਪਸਾਰ ਮਾਹਿਰ ਹੋਣ ਕਰਕੇ ਲੋਕਾਂ ਨਾਲ ਉਨ੍ਹਾਂ ਦਾ ਬਹੁਤ ਹੀ ਸੁਖਾਵਾਂਅਤੇ ਵਿਸ਼ਵਾਸ ਵਾਲਾ ਰਿਸ਼ਤਾ ਬਣ ਚੁੱਕਿਆ ਸੀ। ਕਿਸਾਨ ਭਾਈਚਾਰੇ ਨਾਲ ਰਾਬਤਾ ਮਜ਼ਬੂਤ ਸੀ।
ਉਨ੍ਹਾਂ ਦਾ ਜਨਮ ਦੋਰਾਹੇ ਨੇੜਲੇ ਪਿੰਡ ਕੱਦੋਂ ਵਿੱਚ 4 ਮਈ 1960 ਨੂੰ ਮਾਸਟਰ ਬਹਾਦਰ ਸਿੰਘ ਭੱਲਾ ਦੇ ਘਰ ਹੋਇਆ। ਸਕੂਲੀ ਪੜ੍ਹਾਈ ਤੋਂ ਬਾਅਦ ਉਹ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਬੀ.ਐੱਸਸੀ. ਖੇਤੀਬਾੜੀ ਕਰਨ ਲੱਗੇ, ਜਿੱਥੇ ਡਾਕਟਰ ਕੇਸ਼ੋ ਰਾਮ ਸ਼ਰਮਾ ਨੇ ਯੂਨੀਵਰਸਿਟੀ ਦੇ ਸੱਭਿਆਚਾਰਕ ਪ੍ਰੋਗਰਾਮ ਲਈ ਜਸਵਿੰਦਰ ਭੱਲਾ ਦੀ ਚੋਣ ਇੱਕ ਗਾਇਕ ਵਿਦਿਆਰਥੀ ਵਜੋਂ ਕੀਤੀ। ਇਸੇ ਪ੍ਰੋਗਰਾਮ ਦੌਰਾਨ ਭੱਲਾ ਸਾਹਿਬ ਦੀ ਮੁਲਾਕਾਤ ਬਾਲ ਮੁਕੰਦ ਸ਼ਰਮਾ ਨਾਲ ਹੋਈ। ਫਿਰ ਦੋਵਾਂ ਨੇ ਰਲ ਕੇ ਕਾਮੇਡੀ ਖ਼ਬਰਾਂ ਪੜ੍ਹੀਆਂ ਤਾਂ ਬਹਿਜਾ-ਬਹਿਜਾ ਹੋ ਗਈ। ਇਸ ਪ੍ਰੋਗਰਾਮ ਦਾ ਨਾਮ ਸੀ ਛਣਕਾਟਾ। ਫਿਰ ਇਸ ਜੋੜੀ ਨੇ ਐਸੀ ਧਮਾਲ ਪਾਈ ਕਿ ਇਹ ਛਣਕਾਟੇ ਵਾਲੀ ਜੋੜੀ ਬਣ ਗਈ। ਵਿਦਿਆਰਥੀ ਜੀਵਨ ਤੋਂ ਬਾਅਦ ਵੀ ਇਸ ਜੋੜੀ ਦੀ ਚੜ੍ਹਤ ਕਾਇਮ ਰਹੀ। ਜਗਦੇਵ ਸਿੰਘ ਜੱਸੋਵਾਲ ਅਤੇ ਗੁਰਭਜਨ ਗਿੱਲ ਦੀ ਅਗਵਾਈ ਵਿੱਚ ਇਨ੍ਹਾਂ ਨੇ ਪਹਿਲੀ ਕਮਰਸ਼ੀਅਲ ਕੈਸੇਟ 1988 ਵਿੱਚ ‘ਛਣਕਾਟਾ’ ਰਿਲੀਜ਼ ਕੀਤੀ ਤਾਂ ਹੱਥੋ-ਹੱਥੀ ਚੁੱਕੀ ਗਈ। ਫਿਰ ਇਹ ਛਣਕਾਟਾ ਲਗਾਤਾਰ 2009 ਤੱਕ ਪੈਂਦਾ ਰਿਹਾ। ਕਈ ਵਾਰ ਤਾਂ ਛੇ ਮਹੀਨਿਆਂ ਬਾਅਦ ਹੀ ਪੈ ਜਾਂਦਾ।
ਜਸਵਿੰਦਰ ਭੱਲਾ ਕੋਲ ਪੇਂਡੂ ਮੁਹਾਵਰਾ ਹੋਣ ਕਰਕੇ ਉਨ੍ਹਾਂ ਦੇ ਮੂੰਹੋਂ ਗੱਲ ਜਚਦੀ ਸੀ। ਇੱਕ ਉਨ੍ਹਾਂ ਨੂੰ ਪੰਜਾਬੀ ਲੋਕ ਧਾਰਾ ਦਾ ਗਿਆਨ ਬਹੁਤ ਸੀ, ਜਿਸ ਕਰਕੇ ਉਨ੍ਹਾਂ ਦੀਆਂ ਪੇਸ਼ਕਾਰੀਆਂ ਆਮ ਲੋਕਾਂ ਵਿੱਚ ਪ੍ਰਚਲਿਤ ਹੋਈਆਂ। ਬਾਲ ਮੁਕੰਦ ਸ਼ਰਮਾ ਨਾਲ ਸਮੀਕਰਨਾਂ ਮਿਲਦੀਆਂ ਹੋਣ ਕਰਕੇ ਇਸ ਜੋੜੀ ਨੇ ਆਪਣੇ ਵਿਅੰਗਮਈ ਅੰਦਾਜ਼ ਦਾ ਸਿੱਕਾ ਲਗਾਤਾਰ ਜਮਾਈ ਰੱਖਿਆ।
ਪੰਜਾਬੀ ਫਿਲਮਾਂ ਵਿੱਚ ਜਸਵਿੰਦਰ ਭੱਲਾ ਨੇ ਲੰਮੀ ਪਾਰੀ ਖੇਡੀ। ‘ਦੁੱਲਾ ਭੱਟੀ’, ‘ਮਾਹੌਲ ਖਰਾਬ ਹੈ’ ਤੋਂ ਲੈ ਕੇ ‘ਕੈਰੀ ਆਨ ਜੱਟਾ’ ਤੱਕ ਪੈਂਹਟ ਫਿਲਮਾਂ ਵਿੱਚ ਉਨ੍ਹਾਂ ਧਮਾਕੇਦਾਰ ਅਦਾਕਾਰੀ ਕੀਤੀ ਹੈ। ਸਾਧਾਰਨ ਅਦਾਕਾਰੀ ਨਹੀਂ ਸਗੋਂ ਲੋਕ ਮਨਾਂ ’ਤੇ ਛਾਪ ਛੱਡਣ ਵਾਲੀ ਅਦਾਕਾਰੀ। ਘਰੋੜਵੀਂ ਭਾਸ਼ਾ, ਸਪੱਸ਼ਟਤਾ ਅਤੇ ਸਵੈ-ਵਿਸ਼ਵਾਸ ਐਸਾ ਸੀ ਕਿ ਉਨ੍ਹਾਂ ਦੇ ਬੋਲੇ ਸੰਵਾਦ ਅਖਾਣਾਂ ਵਾਂਗ ਲੋਕਾਂ ਦੀ ਜ਼ੁਬਾਨੀ ਯਾਦ ਹੋਏ ਜਿਵੇਂ, ਜੜ ’ਤੇ ਕੋਕੇ, ਗੰਦੀ ਔਲਾਦ ਨਾ ਮਜ਼ਾ ਨਾ ਸੁਆਦ, ਜੇ ਚੰਡੀਗੜ੍ਹ ਢਹਿਜੂ ਪਿੰਡਾਂ ਵਰਗਾ ਤਾਂ ਰਹਿਜੂ ਪਰ ਜੇ ਪਿੰਡ ਹੀ ਢਹਿਜੂ ਪਿੱਛੇ ਕੀ ਰਹਿਜੂ, ਜਵਾਈ ਨੰਗ ਤੇ ਜੁੱਤੀ ਤੰਗ ਸਾਰੀ ਉਮਰ ਤੰਗ ਕਰਦੇ ਆ, ਮਾੜੀ ਸੋਚ ਤੇ ਪੈਰ ਦੀ ਮੋਚ ਬੰਦੇ ਨੂੰ ਅੱਗੇ ਨੀ ਵਧਣ ਦਿੰਦੀ, ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨੀ ਪਾਇਆ। ਅਸਲ ਵਿੱਚ ਸਾਧਾਰਨ ਗੱਲਾਂ ਨੂੰ ਕਹਿਣ ਦਾ ਅੰਦਾਜ਼ ਜਸਵਿੰਦਰ ਭੱਲਾ ਕੋਲ ਕਮਾਲ ਦਾ ਸੀ ਕਿ ਦਰਸ਼ਕਾਂ ਦੇ ਮਨਾਂ ’ਤੇ ਠੱਪੇ ਵਾਂਗ ਲੱਗ ਜਾਂਦੀ ਸੀ। ਇੱਕ ਹਾਸਰਸ ਕਲਾਕਾਰ ਦੇ ਤੌਰ ’ਤੇ ਜਸਵਿੰਦਰ ਭੱਲਾ ਦੀ ਮਕਬੂਲੀਅਤ ਉਨ੍ਹਾਂ ਸਮਿਆਂ ਵਿੱਚ ਬਣੀ ਜਦੋਂ ਸੋਸ਼ਲ ਮੀਡੀਆ ਦਾ ਬੋਲਬਾਲਾ ਵੀ ਨਹੀਂ ਸੀ ਸਿਰਫ਼ ਦੂਰਦਰਸ਼ਨ, ਰੇਡੀਓ ਹੀ ਮਾਧਿਅਮ ਹੁੰਦੇ ਸੀ। ਉਨ੍ਹਾਂ ਸਮਿਆਂ ਵਿੱਚ ਸਥਾਪਤੀ ਮਿਲਣ ਦਾ ਮਤਲਬ ਸੀ ਕਲਾਕਾਰ ਹੋਣਾ। ਭੱਲਾ ਸਾਹਿਬ ਦੀ ਸਿਫ਼ਤ ਸੀ ਕਿ ਉਹ ਜਦੋਂ ਵੀ ਕਿਸੇ ਕਲਾਤਮਕ ਪੇਸ਼ਕਾਰੀ ਲਈ ਤਿਆਰੀ ਕਰਦੇ ਤਾਂ ਪਹਿਲਾਂ ਉਹ ਲਿਖਦੇ, ਵਾਰ-ਵਾਰ ਪੜ੍ਹਦੇ, ਵੱਖ-ਵੱਖ ਦੋਸਤਾਂ ਤੋਂ ਸਲਾਹ ਲੈਂਦੇ, ’ਕੱਲੇ-’ਕੱਲੇ ਨੁਕਤੇ ’ਤੇ ਵਿਚਾਰ ਕਰਦੇ ਤਾਂ ਕਿ ਅਸਰਦਾਰ ਸੁਨੇਹਾ ਬਣ ਸਕੇ। ਉਨ੍ਹਾਂ ਨੇ ਕਲਾ ਨੂੰ ਸਮਾਜ ਸੁਧਾਰ ਲਈ ਵਰਤਿਆ, ਲੋਕਾਂ ਦੇ ਦੁੱਖ-ਸੁੱਖ ਨੂੰ ਸਮਝਿਆ, ਭਾਵਨਾਵਾਂ ਦਾ ਖ਼ਿਆਲ ਰੱਖਿਆ। ਉਹ ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਭਰੂਣ ਹੱਤਿਆ, ਪ੍ਰਦੂਸ਼ਣ ਵਰਗੀਆਂ ਅਲਾਮਤਾਂ ’ਤੇ ਵਿਅੰਗ ਰਾਹੀਂ ਸੁਨੇਹਾ ਦਿੰਦੇ। ਵਿਅੰਗ ਅਤੇ ਜ਼ਿੰਦਾਦਿਲੀ ਐਸੀ ਸੀ ਜਸਵਿੰਦਰ ਭੱਲਾ ਕੋਲ ਕਿ ਜਿੱਥੇ ਬੈਠਦਾ, ਮਹਿਫ਼ਿਲ ਲੱਗ ਜਾਂਦੀ। ਮੈਂ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਕਦੇ ਉਦਾਸ ਨਹੀਂ ਦੇਖਿਆ ਕਿਉਂਕਿ ਉਹ ਆਪਣੀਆਂ ਦੁੱਖ-ਤਕਲੀਫ਼ਾਂ ਨੂੰ ਲੁਕੋ ਕੇ ਰੱਖਣ ਦੇ ਮਾਹਿਰ ਸਨ।
31 ਮਈ 2020 ਨੂੰ ਜਦੋਂ ਉਹ ਯੂਨੀਵਰਸਿਟੀ ਤੋਂ ਸੇਵਾਮੁਕਤ ਹੋਏ ਤਾਂ ਲੌਕਡਾਊਨ ਕਰਕੇ ਔਨਲਾਈਨ ਸਮਾਗਮ ਹੋਇਆ। ਇਹ ਡਾ. ਭੱਲਾ ਦਾ ਸਨੇਹ ਅਤੇ ਹਰਮਨ ਪਿਆਰਤਾ ਸੀ ਕਿ ਔਨਲਾਈਨ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਜੁੜੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਅੰਦਾਜ਼ੇ ਤੋਂ ਵੱਧ ਸੀ। ਭੱਲਾ ਸਾਹਿਬ ਪਰਿਵਾਰ ਸਮੇਤ ਭਾਵੁਕ ਹੋਏ ਬੈਠੇ ਸਨ। ਸਮਾਗਮ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਅਧਿਕਾਰੀਆਂ ਦੇ ਨਾਲ ਨਾਲ ਭੱਲਾ ਸਹਿਬ ਦੇ ਸਹਿਪਾਠੀ, ਸੀਨੀਅਰ, ਮਿੱਤਰ ਪਿਆਰੇ ਆਖ ਰਹੇ ਸੀ ਕਿ ਉਹ ਸੁਹਿਰਦਤਾ ਅਤੇ ਦ੍ਰਿੜ੍ਹਤਾ ਨਾਲ ਕੰਮ ਕਰਨ ਵਾਲੇ ਕਲਾਕਾਰ ਹਨ। ਸਭ ਨੇ ਇਹ ਗੱਲ ਬਹੁਤ ਪ੍ਰੋੜ੍ਹਤਾ ਨਾਲ ਆਖੀ ਕਿ ਉਨ੍ਹਾਂ ਦੀ ਕਾਮੇਡੀ ਵਿੱਚ ਸਮਾਜਿਕ ਸੁਨੇਹਾ ਹੁੰਦਾ, ਥੋੜ੍ਹੇ ਸ਼ਬਦਾਂ ਵਿੱਚ ਵੱਡੀ ਗੱਲ ਹੁੰਦੀ ਹੈ, ਕਦੇ ਕਿਸੇ ਦਾ ਦਿਲ ਦੁਖਾਉਣ ਵਾਲੀ ਗੱਲ ਨਹੀਂ ਹੁੰਦੀ, ਉਹ ਹਰ ਪੇਸ਼ਕਾਰੀ ਸੋਚ ਸਮਝ ਕੇ ਕਰਦੇ ਹਨ। ਮੈਂ ਸੋਚ ਰਿਹਾ ਸੀ ਕਿ ਇਹ ਅਧਿਆਪਕ ਹੋਣ ਦਾ ਨਤੀਜਾ ਹੈ। ਦੁਨੀਆ ਭਰ ਦੇ ਸਨਮਾਨ ਉਨ੍ਹਾਂ ਨੂੰ ਮਿਲੇ ਕੀ ਸਰਕਾਰੀ, ਕੀ ਗ਼ੈਰ-ਸਰਕਾਰੀ, ਕਿੰਨੀਆਂ ਸੰਸਥਾਵਾਂ ਨੇ ਮਾਣ-ਤਾਣ ਦਿੱਤਾ, ਪਰ ਜੋ ਵਿਦਾਈ ਵੇਲੇ ਲੋਕ ਪਿਆਰ ਮਿਲਿਆ, ਉਹ ਅਣਮੁੱਲੀ ਮੁਹੱਬਤ ਆ, ਸਭ ਮਾਨਾਂ-ਸਨਮਾਨਾਂ ਤੋਂ ਉੱਪਰ। ਜ਼ਿੰਦਗੀ ਦੇ ਸ਼ਾਹ-ਅਸਵਾਰ ਜਸਵਿੰਦਰ ਭੱਲਾ ਦੀ ਭੱਲ ਦੇ ਕੀ ਕਹਿਣੇ... ਬਹੁਤ ਵਸੀਹ ਦਾਇਰਾ ਸੀ ਉਸ ਦਾ। ਸਰਦਾਰ ਬਹਾਦਰ ਸਿੰਘ ਅਤੇ ਸਰਦਾਰਨੀ ਸਤਵੰਤ ਕੌਰ ਲਈ ਲਾਡਲਾ ਪੁੱਤਰ ਸੀ, ਸਰਦਾਰਨੀ ਪਰਮਦੀਪ ਕੌਰ ਲਈ ਦੁੱਖਾਂ-ਸੁਖਾਂ ਦਾ ਜੀਵਨ ਸਾਥੀ ਸੀ, ਪੁਖਰਾਜ ਅਤੇ ਅਰਸ਼ਪ੍ਰੀਤ ਲਈ ਸੁਹਿਰਦ ਬਾਪ ਸੀ, ਅੰਤਰਰਾਸ਼ਟਰੀ ਨਕਸ਼ੇ ’ਤੇ ਉਹ ਵੱਡਾ ਫਨਕਾਰ ਸੀ, ਕਲਾਕਾਰ ਸਾਥੀਆਂ ਲਈ ਚੰਗਾ ਸਹਿਯੋਗੀ ਸੀ, ਯੂਨੀਵਰਸਿਟੀ ਲਈ ਉਹ ਪ੍ਰਸਿੱਧ ਸਿੱਖਿਆ ਸ਼ਾਸਤਰੀ ਸੀ, ਆਮ ਲੋਕਾਂ ਲਈ ਹਰਮਨ ਪਿਆਰਾ ਕਲਾਕਾਰ ਸੀ, ਫਿਲਮੀ ਦੁਨੀਆ ਵਿੱਚ ਉਹ ਸਫਲ ਅਦਾਕਾਰ ਸੀ, ਕਿਸੇ ਲਈ ਚੰਗਾ ਭਰਾ, ਕਈਆਂ ਲਈ ਚੰਗਾ ਦੋਸਤ, ਵਿਦਿਆਰਥੀਆਂ ਲਈ ਚੰਗਾ ਅਧਿਆਪਕ ਸੀ। ਜਸਵਿੰਦਰ ਭੱਲਾ ਦੀ ਭੱਲ ਪੰਜਾਬੀ ਸੰਸਾਰ ਵਿੱਚ ਸਦਾ ਬਣੀ ਰਹੇਗੀ।
ਸੰਪਰਕ: 98140-78799