ਮਹਾਨ ਇਨਕਲਾਬੀ ਸ਼ਹੀਦ ਮਦਨ ਲਾਲ ਢੀਂਗਰਾ
ਮਦਨ ਲਾਲ ਢੀਂਗਰਾ ਦਾ ਜਨਮ 18 ਫਰਵਰੀ 1883 ਨੂੰ ਅੰਮ੍ਰਿਤਸਰ ਦੇ ਇੱਕ ਅਮੀਰ ਅਤੇ ਪੜ੍ਹੇ ਲਿਖੇ ਪਰਿਵਾਰ ਵਿੱਚ ਹੋਇਆ, ਜੋ 1850 ਵਿੱਚ ਸਾਹੀਵਾਲ ਤੋਂ ਅੰਮ੍ਰਿਤਸਰ ਆਇਆ ਸੀ। ਉਸ ਦੇ ਪਿਤਾ ਸਾਹਿਬ ਦਿੱਤਾ ਮੱਲ ਅੱਖਾਂ ਦੇ ਮਸ਼ਹੂਰ ਡਾਕਟਰ ਸਨ। ਉਨ੍ਹਾਂ ਨੂੰ ਅੰਗਰੇਜ਼ਾਂ ਨੇ ਰਾਏ ਸਾਹਿਬ ਦੇ ਖ਼ਿਤਾਬ
ਨਾਲ ਨਿਵਾਜਿਆ ਹੋਇਆ ਸੀ। ਪਰਿਵਾਰ ਦੀ ਅੰਮ੍ਰਿਤਸਰ ਵਿੱਚ ਕਟੜਾ ਸ਼ੇਰ ਸਿੰਘ ਵਿੱਚ ਬਹੁਤ ਜਾਇਦਾਦ ਸੀ ਅਤੇ ਇਹ ਪਰਿਵਾਰ ਅੰਗਰੇਜ਼ੀ ਹਕੂਮਤ ਦਾ ਵਫ਼ਾਦਾਰ ਸੀ।
ਮਦਨ ਲਾਲ ਨੇ ਮਿਉਂਸਿਪਲ ਕਾਲਜ, ਲਾਹੌਰ ਵਿੱਚ ਕੁਝ ਸਮਾਂ ਪੜ੍ਹਾਈ ਕੀਤੀ। ਪਿਤਾ ਉਸ ਨੂੰ ਆਪਣੇ ਕਾਰੋਬਾਰ ਵਿੱਚ ਲਾਉਣਾ ਚਾਹੁੰਦੇ ਸਨ ਪਰ ਉਹ ਆਪਣੇ ਵੱਡੇ ਭਰਾ ਦੀ ਸਲਾਹ ਨਾਲ ਉਚੇਰੀ ਪੜ੍ਹਾਈ ਲਈ 1906 ਵਿੱਚ ਇੰਗਲੈਂਡ ਆ ਗਿਆ ਤੇ ਯੂਨੀਵਰਸਿਟੀ ਕਾਲਜ ਲੰਡਨ ਵਿੱਚ ਦਾਖ਼ਲਾ ਲੈ ਲਿਆ।
ਇੱਥੇ ਇੰਡੀਆ ਹਾਊਸ ਵਿੱਚ ਉਸ ਦਾ ਮੇਲ ਇਨਕਲਾਬੀ ਵਿਨਾਇਕ ਦਾਮੋਦਰ ਸਾਵਰਕਰ ਨਾਲ ਹੋਇਆ ਤੇ ਉਸ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ। ਉਨ੍ਹਾਂ ਦਿਨਾਂ ਵਿੱਚ ਇੰਡੀਆ ਹਾਊਸ ਦੀ ਵਰਤੋਂ ਵਿਦਿਆਰਥੀਆਂ ਦੇ ਹੋਸਟਲ ਵਜੋਂ ਹੁੰਦੀ ਸੀ। ਇਹ ਭਾਰਤੀ ਸਿਆਸਤਦਾਨਾਂ ਦਾ ਅੱਡਾ ਵੀ ਸੀ, ਜਿਸ ਨੂੰ 1905 ਵਿੱਚ ਸ਼ਿਆਮ ਜੀ ਕ੍ਰਿਸ਼ਨਾ ਵਰਮਾ ਨੇ ਖਰੀਦ ਲਿਆ ਸੀ। ਉਹ ਬੰਗਾਲੀ ਇਨਕਲਾਬੀਆਂ ਖ਼ੁਦੀ ਰਾਮ ਬੋਸ ਆਦਿ ਦੇ ਕਾਰਨਾਮਿਆਂ ਤੋਂ ਬਹੁਤ ਪ੍ਰਭਾਵਿਤ ਸੀ। ਉਸ ਨੇ ਦੂਜੇ ਇਨਕਲਾਬੀਆਂ ਨਾਲ ਵੀ ਸਬੰਧ ਸਥਾਪਤ ਕਰ ਲਏ ਜਿਨ੍ਹਾਂ ਵਿੱਚ ਸ਼ਿਆਮ ਜੀ ਕ੍ਰਿਸ਼ਨਾ ਵਰਮਾ, ਲਾਲਾ ਹਰਦਿਆਲ, ਗਿਆਨ ਚੰਦ ਅਤੇ ਕੋਰੇ ਗਾਕਰ ਆਦਿ ਸ਼ਾਮਲ ਸਨ। ਉਹ ਇੰਡੀਅਨ ਹੋਮ ਰੂਲ ਸੁਸਾਇਟੀ ਅਤੇ ਅਭਿਨਵ ਭਾਰਤ ਸੁਸਾਇਟੀ ਨਾਲ ਜੁੜ ਗਿਆ। ਸਾਵਰਕਰ ਨੇ ਢੀਂਗਰਾ ਨੂੰ ਹਥਿਆਰ ਚਲਾਉਣਾ ਸਿਖਾਇਆ। ਉਨ੍ਹਾਂ ਦਿਨਾਂ ਵਿੱਚ ਦੇਸ਼ ਭਗਤ ਖ਼ੁਦੀ ਰਾਮ ਬੋਸ, ਸਤਿੰਦਰ ਪਾਲ, ਕਾਂਸ਼ੀ ਰਾਮ ਅਤੇ ਕਨ੍ਹੱਈਆ ਦੱਤ ਨੂੰ ਫਾਂਸੀ ਤੇ 8 ਜੂਨ 1909 ਨੂੰ ਵੀਰ ਸਾਵਰਕਰ ਦੇ ਵੱਡੇ ਭਰਾ ਗਣੇਸ਼ ਦਾਮੋਦਰ ਸਾਵਰਕਰ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਮਦਨ ਲਾਲ ਢੀਂਗਰਾ, ਸਾਵਰਕਰ ਤੇ ਇੰਗਲੈਂਡ ਵਿਚਲੇ ਹੋਰ ਇਨਕਲਾਬੀ ਇਸ ਦਾ ਬਦਲਾ ਲੈਣਾ ਚਾਹੁੰਦੇ ਸਨ।
ਲੰਡਨ ਵਿੱਚ ਰਹਿੰਦੇ ਹਿੰਦੋਸਤਾਨੀਆਂ ਨੇ ਦੇਸੀ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਣ ਲਈ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਬਣਾਈ ਹੋਈ ਸੀ। ਮਿਸ ਐਮਾ ਜੋਸਫੀਨ ਬੈਕ ਇਸ ਦੀ ਸੈਕਟਰੀ ਸੀ। ਢੀਂਗਰਾ ਨੇ ਮਾਰਚ 1909 ਵਿੱਚ ਇਸ ਦੇ ਦਫ਼ਤਰ ਜਾ ਕੇ ਮੈਂਬਰ ਬਣਨ ਦੀ ਇੱਛਾ ਪ੍ਰਗਟਾਈ। ਉਸ ਨੂੰ ਅਪਰੈਲ 1909 ਵਿੱਚ ਮੈਂਬਰ ਬਣਾ ਲਿਆ ਗਿਆ। ਉਸ ਨੇ ਇੱਕ ਵਿਅਕਤੀ ਕੋਲੋਂ ਇੱਕ ਰਿਵਾਲਵਰ ਤੇ ਦੋ ਪਿਸਤੌਲ ਖਰੀਦੇ ਅਤੇ ਇਨ੍ਹਾਂ ਦੀ ਵਰਤੋਂ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ।
ਇੱਕ ਜੁਲਾਈ 1909 ਨੂੰ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਦਾ ਸਾਲਾਨਾ ਦਿਵਸ ਸੀ। ਇੰਪੀਰੀਅਲ ਇੰਸਟੀਚਿਊਟ ਦੇ ਜਹਾਂਗੀਰ ਹਾਲ ਨੂੰ ਇਸ ਸਮਾਗਮ ਲਈ ਚੁਣਿਆ ਗਿਆ। ਢੀਂਗਰਾ ਨੇ ਐਮਾ ਬੈਕ ਪਾਸੋਂ ਸਾਰੀ ਜਾਣਕਾਰੀ ਪ੍ਰਾਪਤ ਕਰਕੇ ਸਾਵਰਕਰ ਨਾਲ ਮਿਲ ਕੇ ਯੋਜਨਾ ਬਣਾਈ। ਉਸ ਪੰਜਾਬੀ ਅੰਦਾਜ਼ ਵਿੱਚ ਅਸਮਾਨੀ ਰੰਗ ਦੀ ਪਗੜੀ ਬੰਨ੍ਹੀ ਤੇ ਵਧੀਆ ਸੂਟ ਪਹਿਨਿਆ। ਉਸ ਨੇ ਕੋਟ ਦੀਆਂ ਜੇਬਾਂ ਵਿੱਚ ਇੱਕ ਰਿਵਾਲਵਰ, ਦੋ ਪਿਸਤੌਲ ਅਤੇ ਦੋ ਚਾਕੂ ਰੱਖੇ। ਢੀਂਗਰਾ ਪਾਰਟੀ ਵਿੱਚ ਸ਼ਾਮ ਅੱਠ ਵਜੇ ਪੁੱਜਿਆ। ਰਾਤ ਦੇ ਸਵਾ ਦਸ ਵਜੇ ਭਾਰਤ ਵਿਚਲੇ ਸੈਕਟਰੀ ਆਫ ਸਟੇਟ ਦੇ ਰਾਜਸੀ ਸਹਾਇਕ ਵਿਲੀਅਮ ਹੱਟ ਕਰਜ਼ਨ ਵਾਇਲੀ ਅਤੇ ਉਸ ਦੀ ਪਤਨੀ ਪੁੱਜੇ। ਵਾਇਲੀ ਭਾਰਤੀ ਵਿਦਿਆਰਥੀਆਂ ਦੀ ਖ਼ੁਫ਼ੀਆ ਨਿਗਰਾਨੀ ਕਰਦਾ ਸੀ। ਉਹ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਸੀ। ਇਸ ਲਈ ਭਾਰਤੀ ਵਿਦਿਆਰਥੀ ਉਸ ਤੋਂ ਦੁਖੀ ਸਨ। ਇਸ ਲਈ ਮਦਨ ਲਾਲ ਨੇ ਉਸ ਨੂੰ ਮਾਰਨ ਦਾ ਮਨ ਬਣਾਇਆ। ਗਿਆਰਾਂ ਵਜੇ ਦੇ ਕਰੀਬ ਸਾਰੀ ਕਾਰਵਾਈ ਮੁਕੰਮਲ ਹੋਈ। ਵਾਇਲੀ ਸਟੇਜ ਤੋਂ ਉਤਰ ਕੇ ਲੋਕਾਂ ਨੂੰ ਗ਼ੈਰ-ਰਸਮੀ ਮਿਲਣ ਲੱਗਾ। ਢੀਂਗਰਾ ਨੇ ਉਸ ’ਤੇ ਪੰਜ ਗੋਲੀਆਂ ਦਾਗ਼ੀਆਂ ਜਿਨ੍ਹਾਂ ਵਿੱਚੋਂ ਚਾਰ ਨਿਸ਼ਾਨੇ ’ਤੇ ਲੱਗੀਆਂ। ਇੱਕ ਪਾਰਸੀ ਡਾਕਟਰ ਨੇ ਵਾਇਲੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਛੇਵੀਂ ਤੇ ਸੱਤਵੀਂ ਗੋਲੀ ਮਾਰੀ। ਮਦਨ ਲਾਲ ਨੇ ਇਸ ਬਾਰੇ ਅਦਾਲਤ ’ਚ ਦੱਸਿਆ ਕਿ ਪਾਰਸੀ ਡਾਕਟਰ ਨੂੰ ਮਾਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ ਤੇ ਇਹ ਦੁਰਘਟਨਾਵੱਸ ਹੋ ਗਿਆ। ਜਦ ਭੀੜ ਵਿੱਚੋਂ ਕਿਸੇ ਨੇ ਉਸ ਨੂੰ ਕਾਤਲ ਕਿਹਾ ਤਾਂ ਉਸ ਨੇ ਕਿਹਾ, ‘‘ਮੈਂ ਦੇਸ਼ਭਗਤ ਹਾਂ ਤੇ ਆਪਣੀ ਮਾਤ-ਭੂਮੀ ਨੂੰ ਗ਼ੁਲਾਮੀ ਦੀ ਪੰਜਾਲੀ ਵਿੱਚੋਂ ਬਾਹਰ ਕੱਢਣਾ ਚਾਹੁੰਦਾ ਹਾਂ।’’
ਮਦਨ ਲਾਲ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਉਸ ਨੇ ਖ਼ੁਦ ਗ੍ਰਿਫ਼ਤਾਰੀ ਦਿੱਤੀ। ਉਸ ਨੂੰ ਸੱਤ ਦਿਨਾਂ ਲਈ ਪੁਲੀਸ ਹਵਾਲੇ ਕੀਤਾ ਗਿਆ। ਉਹ ਇਸ ਦੌਰਾਨ ਉਹ ਬਿਆਨ ਤਿਆਰ ਕਰਨ ਵਿੱਚ ਰੁੱਝਿਆ ਰਿਹਾ, ਜੋ ਉਸ ਨੇ ਅਦਾਲਤ ਵਿੱਚ ਦੇਣਾ ਸੀ। ਦਸ ਜੁਲਾਈ ਨੂੰ ਉਸ ਨੂੰ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ ਤਾਂ ਉਸ ਨੇ ਇਹ ਬਿਆਨ ਉੱਚੀ ਪੜ੍ਹ ਕੇ ਸੁਣਾਇਆ, ‘‘ਮੈਂ ਆਪਣੇ ਕੀਤੇ ਕੰਮ ਮਗਰੋਂ ਆਪਣੀ ਰੱਖਿਆ ਲਈ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਨਹੀਂ ਸਮਝਦਾ ਹਾਂ ਕਿ ਇੰਗਲੈਂਡ ਦੀ ਅਦਾਲਤ ਨੂੰ ਮੈਨੂੰ ਸਜ਼ਾ ਦੇਣ ਜਾਂ ਜੇਲ੍ਹ ਵਿੱਚ ਬੰਦੀ ਰੱਖਣ ਦਾ ਕੋਈ ਅਧਿਕਾਰ ਹੈ ਅਤੇ ਮੇਰਾ ਇਹ ਕਹਿਣਾ ਹੈ ਕਿ ਜੇ ਇਸ ਦੇਸ਼ ਨੂੰ ਜਰਮਨਾਂ ਨੇ ਆਪਣੇ ਕਬਜ਼ੇ ਵਿੱਚ ਕੀਤਾ ਹੁੰਦਾ ਤੇ ਬਰਤਾਨਵੀਆਂ ਦਾ ਜਰਮਨਾਂ ਖ਼ਿਲਾਫ਼ ਲੜਨਾ ਦੇਸ਼ਭਗਤੀ ਹੁੰਦੀ ਤਾਂ ਮੇਰੇ ਮਾਮਲੇ ਵਿੱਚ ਅੰਗਰੇਜ਼ਾਂ ਖ਼ਿਲਾਫ਼ ਲੜਨਾ ਉਸ ਨਾਲੋਂ ਵੀ ਜ਼ਿਆਦਾ ਹੱਕੀ ਅਤੇ ਦੇਸ਼ਭਗਤੀ ਵਾਲਾ ਕਾਰਜ ਹੈ। ਮੈਂ ਪੰਜਾਹ ਸਾਲਾਂ ਵਿੱਚ ਆਪਣੇ ਦੇਸ਼ ਵਾਸੀਆਂ ਦੇ 80 ਲੱਖ ਕਤਲਾਂ ਲਈ ਅੰਗਰੇਜ਼ਾਂ ਨੂੰ ਜ਼ਿੰਮੇਵਾਰ ਮੰਨਦਾ ਹਾਂ। ਉਹ ਹਰ ਸਾਲ ਦਸ ਕਰੋੜ ਪੌਂਡ ਹਿੰਦੋਸਤਾਨ ਤੋਂ ਇੱਥੇ ਲਿਆਉਣ ਲਈ ਜ਼ਿੰਮੇਵਾਰ ਹਨ। ਮੈਂ ਉਨ੍ਹਾਂ ਨੂੰ ਮੇਰੇ ਹਜ਼ਾਰਾਂ ਦੇਸ਼ ਵਾਸੀਆਂ ਨੂੰ ਫਾਂਸੀ ਲਾਉਣ ਅਤੇ ਜਲਾਵਤਨੀ ਦੇ ਜ਼ਿੰਮੇਵਾਰ ਸਮਝਦਾ ਹਾਂ।’’
ਤੇਈ ਜੁਲਾਈ ਨੂੰ ਓਲਡ ਬੈਲੇ ਕੋਰਟ, ਲੰਡਨ ਵਿੱਚ ਮੁਕੱਦਮੇ ਦੀ ਕਾਰਵਾਈ ਹੋਈ। ਵੀਹ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਅਦਾਲਤ ਨੇ ਢੀਂਗਰਾ ਨੂੰ 17 ਅਗਸਤ 1909 ਨੂੰ ਫਾਂਸੀ ਦੇਣ ਦਾ ਫ਼ੈਸਲਾ ਕਰ ਦਿੱਤਾ। ਜਦ ਜੱਜ ਨੇ ਸਜ਼ਾ ਸੁਣਾਈ ਤਾਂ ਉਸ ਨੇ ਗਰਜਵੀਂ ਆਵਾਜ਼ ਵਿੱਚ ਕਿਹਾ, ‘‘ਮੈਨੂੰ ਮਾਣ ਹੈ ਕਿ ਮੈਂ ਆਪਣੇ ਦੇਸ਼ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਹੈ ਪਰ ਯਾਦ ਰੱਖਿਉ ਭਵਿੱਖ ਵਿੱਚ ਸਮਾਂ ਸਾਡਾ ਹੋਵੇਗਾ।’’
ਉਸ ਨੇ ਆਪਣੇ ਲਈ ਕੋਈ ਵਕੀਲ ਨਹੀਂ ਕੀਤਾ ਤੇ ਅੰਤ ਉਸ ਨੂੰ 17 ਅਗਸਤ 1909 ਨੂੰ ਲੰਦਨ ਦੀ ਪੈਂਟਨਵਿਲੇ ਜੇਲ੍ਹ ਵਿੱਚ ਫਾਂਸੀ ਚਾੜ੍ਹ ਦਿੱਤਾ ਗਿਆ।
ਉਸ ਨੂੰ ਲਾਵਾਰਸ ਕੈਦੀ ਐਲਾਨ ਕੇ ਜੇਲ੍ਹ ਵਿੱਚ ਆਮ ਵਿਅਕਤੀ ਵਾਂਗ ਦਫ਼ਨਾ ਦਿੱਤਾ ਗਿਆ ਤੇ ਇੱਕ ਇੱਟ ਲਾ ਕੇ ਲਿਖ ਦਿੱਤਾ: ਐਮ ਐਲ ਡੀ। ਇਸ ਦਾ ਪਤਾ ਵੀ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਲਿਆਉਣ ਵੇਲੇ ਲੱਗਿਆ। ਸ਼ਹੀਦ ਊਧਮ ਸਿੰਘ ਦੀ ਕਬਰ ਲੱਭਦਿਆਂ ਇਹ ਇੱਟ ਨਜ਼ਰ ਪਈ ਤਾਂ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਇਹ ਮਦਨ ਲਾਲ ਢੀਂਗਰਾ ਦੀ ਕਬਰ ਹੈ।
ਉਸ ਵੇਲੇ ਬਰਤਾਨੀਆ ਅਤੇ ਭਾਰਤ ਦੀ ਜ਼ਿਆਦਾਤਰ ਪ੍ਰੈੱਸ ਨੇ ਢੀਂਗਰਾ ਦੀ ਕਾਰਵਾਈ ਦੀ ਨਿੰਦਾ ਕੀਤੀ। ਮਹਾਤਮਾ ਗਾਂਧੀ ਨੇ ਵੀ ਵਾਇਲੀ ਦੇ ਕਤਲ ਦੀ ਨਿਖੇਧੀ ਕੀਤੀ। ਇੰਗਲੈਂਡ ਦੇ ਇੰਡੀਅਨ ਸੋਸ਼ਿਆਲੋਜੀ ਪਰਚੇ ਨੇ ਢੀਂਗਰਾ ਦੀ ਹਮਦਰਦੀ ਵਿੱਚ ਲੇਖ ਲਿਖਿਆ। ਇਹ ਲੇਖ ਲਿਖਣ ਬਦਲੇ ਇਸ ਦੇ ਪ੍ਰਿੰਟਰ ਗਾਈ ਅਲਡਰੈਡ ਨੂੰ 12 ਮਹੀਨੇ ਦੀ ਕੈਦ ਹੋਈ।
ਢੀਂਗਰਾ ਫਾਂਸੀ ਤੋਂ ਪਹਿਲਾਂ ਇੱਕ ਬਿਆਨ ਅਖ਼ਬਾਰਾਂ ਨੂੰ ਦੇਣਾ ਚਾਹੁੰਦਾ ਸੀ ਪਰ ਉਸ ਦੀ ਇਹ ਇੱਛਾ ਪੂਰੀ ਨਾ ਕੀਤੀ ਗਈ ਪਰ ਉਹ ਇੱਕ ਵਿਦੇਸ਼ੀ ਮਹਿਲਾ ਪੱਤਰਕਾਰ ਦੀ ਸਹਾਇਤਾ ਨਾਲ ਦੇਸ਼ ਵਾਸੀਆਂ ਦੇ ਨਾਂ ਸੰਦੇਸ਼ ਦੇਣ ਵਿੱਚ ਕਾਮਯਾਬ ਰਿਹਾ। ਉਸ ਦਾ ਇਹ ਬਿਆਨ ਫਰਾਂਸੀਸੀ ਅਖ਼ਬਾਰਾਂ ਵਿੱਚ ਫਾਂਸੀ ਵਾਲੇ ਦਿਨ ਪ੍ਰਕਾਸ਼ਿਤ ਹੋਇਆ।
ਖ਼ੈਰ, 13 ਦਸੰਬਰ 1976 ਨੂੰ ਵੱਡੀ ਜੱਦੋਜਹਿਦ ਪਿੱਛੋਂ ਲੰਦਨ ਤੋਂ ਸ਼ਹੀਦ ਮਦਨ ਲਾਲ ਢੀਂਗਰਾ ਦੀਆਂ ਅਸਥੀਆਂ ਭਾਰਤ ਮੰਗਵਾਈਆਂ ਗਈਆਂ। ਸ਼ਰਧਾਂਜਲੀ ਭੇਟ ਕਰਨ ਹਿਤ ਸ਼ਹੀਦ ਦੀਆਂ ਅਸਥੀਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਹੁੰਦੀਆਂ ਹੋਈਆਂ 20 ਦਸੰਬਰ ਨੂੰ ਉਸ ਦੀ ਜਨਮ ਭੂਮੀ ਅੰਮ੍ਰਿਤਸਰ ਪੁੱਜੀਆਂ। ਸ਼ਹਿਰ ਦੀ ਮਾਲ ਮੰਡੀ ਨੇੜੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਉਸੇ ਦੌਰਾਨ ਸਸਕਾਰ ਵਾਲੇ ਸਥਾਨ ’ਤੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਸ਼ਹੀਦ ਢੀਂਗਰਾ ਦੀ ਸਮਾਧ ਤੇ ਸਮਾਰਕ ਦਾ ਨੀਂਹ ਪਥੱਰ ਰੱਖਿਆ। ਅਫ਼ਸੋਸ ਦੀ ਗੱਲ ਹੈ ਕਿ ਉਸ ਦੇ ਜੱਦੀ ਘਰ ਨੂੰ ਅਸੀਂ ਸੰਭਾਲ ਨਹੀਂ ਸਕੇ। ਹਾਈਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਇਹ ਘਰ ਖੰਡਰ ਬਣਿਆ ਪਿਆ ਹੈ। ਲੋੜ ਹੈ ਕਿ ਇਸ ਥਾਂ ’ਤੇ ਯਾਦਗਾਰ ਬਣਾਈ ਜਾਵੇ ਤੇ ਲੰਡਨ ਤੋਂ ਉਸ ਦਾ ਪਿਸਤੌਲ ਤੇ ਹੋਰ ਨਿਸ਼ਾਨੀਆਂ ਲਿਆ ਕੇ ਇੱਥੇ ਰੱਖੀਆਂ ਜਾਣ।