ਫ਼ਲਸਤੀਨੀ ਰੂਹ ਦੀ ਖੁਸ਼ਬੂ ਡਾ. ਹੈਨਨ
ਦੇਵ ਸਾਡਾ ਦੋਸਤ ਸੀ- ਪੇਂਟਰ, ਕਵੀ-ਕਲਾਕਾਰ ਦੇਵ, ਲੁਧਿਆਣੇ ਹੁੰਦਾ ਸੀ ਉਦੋਂ ਉਹ। ਬਾਅਦ ਵਿੱਚ ਵਿਦੇਸ਼ ਜਾ ਵੱਸਿਆ ਸੀ ਦੇਵ ਕਲਾਕਾਰ।
ਦੂਜਾ ਦੇਵ ਸੀ, ਦੇਵ ਭਾਰਦਵਾਜ- ਕਹਾਣੀਕਾਰ ਦੇਵ। ਉਹ ਚੰਡੀਗੜ੍ਹ ਦੇ ਸੈਕਟਰ 17 ਸਥਿਤ ਡੀ.ਪੀ.ਆਈ., ਪੰਜਾਬ ਦੇ ਦਫ਼ਤਰ ਵਿੱਚ ਕੰਮ ਕਰਦਾ ਸੀ। ਆਵਾਜ਼ ਮਾਰੋ, ਦੇਵ ਥੱਲੇ ਉਤਰ ਆਉਂਦਾ ਸੈਕਟਰ 17 ਦੇ ਪਲਾਜ਼ਾ ਵਿੱਚ।
ਕੁਲਚੇ ਛੋਲੇ, ਕੁਲਫ਼ੀ, ਛੱਲੀ ਅਤੇ ਮੂੰਗਫ਼ਲੀ। ਉਦੋਂ ਹਾਲੇ ਬਰਗਰਾਂ, ਡੋਸਿਆਂ ਅਤੇ ਰੈਪਾਂ ਦਾ ਯੁੱਗ ਨਹੀਂ ਸੀ ਆਇਆ। ਕਿਸੇ ਨਾ ਕਿਸੇ ਬੈਂਚ ’ਤੇ ਧੁੱਪੇ ਬੈਠ ਜਾਂਦੇ। ਜਾਂ ਫਿਰ ਛੋਟੇ ਛੋਟੇ ਦਰੱਖ਼ਤਾਂ ਦੀ ਕਿਸੇ ਨਾ ਕਿਸੇ ਛਤਰੀ ਦੀ ਛਾਂ ਹੇਠ ਬੈਠ ਕੇ ਕਹਾਣੀਆਂ ਵਰਗੀਆਂ ਗੱਲਾਂ ਕਰਦੇ, ਮੇਰੀ ਕੋਈ ਨਾ ਕੋਈ ਨਵੀਂ ਨਜ਼ਮ ਸਾਂਝੀ ਕਰਦੇ।
ਮੇਰੀ ਪੁਸਤਕ ‘ਹੈਂਗਰ ’ਤੇ ਲਟਕਦੇ ਪਲ’ ਉਸ ਨੂੰ ਬਹੁਤ ਪਸੰਦ ਸੀ। ਕਹਿਣ ਲੱਗਾ, “ਬਾਬਿਓ, ਥੋਡੀ ਅਗਲੀ ਕਿਤਾਬ ਮੈਂ ਛਾਪਾਂਗਾ। ਅਤੇ ਮੇਰੀ ਅਗਲੀ ਕਿਤਾਬ ‘ਧੌਲ ਧਰਮ ਦਇਆ ਕਾ ਪੂਤ’ (ਕਵਿਤਾ ਪੰਜਾਬ), ਨੀਲਾਂਬਰ ਪਬਲਿਸ਼ਰਜ਼ ਦੇ ਨਾਮ ਹੇਠ ਉਸ ਨੇ ਖ਼ੁਦ ਛਾਪੀ। ਯਾਰਾਂ ਦਾ ਯਾਰ ਸੀ ਉਹ।
ਦੇਵ, ਜਿੰਨਾ ਲਿਖਦਾ, ਉਸ ਤੋਂ ਵੱਧ ਬੋਲਦਾ ਅਤੇ ਉਸ ਤੋਂ ਵੀ ਵੱਧ ਤੋਰਾ-ਫੇਰਾ ਕਰਦਾ। ਬੜਾ ਜੁਗਤੀ-ਜੁਗਾੜੀ ਸੀ ਉਹ। ਤਰ੍ਹਾਂ ਤਰ੍ਹਾਂ ਦੀਆਂ ਸਾਹਿਤਕ ਜਥੇਬੰਦੀਆਂ ਨਾਲ ਜੁੜਿਆ ਹੋਇਆ- ਵੱਖ ਵੱਖ ਭਾਸ਼ਾਵਾਂ, ਰਾਜਾਂ ਅਤੇ ਵੱਖ ਵੱਖ ਦੇਸ਼ਾਂ ਵਿੱਚ। ਉਹ ਕਈ ਸਾਰੇ ਦੇਸ਼ਾਂ ਦੇ ਸਫ਼ਾਰਤਖਾਨਿਆਂ ਵਿੱਚ ਜਾਂਦਾ। ਉਸ ਯੁੱਗ ਵਿੱਚ ਹਰ ਪੱਧਰ ਦਾ ਸੰਪਰਕ ਬਣਾਉਂਦਾ, ਜਦੋਂ ਕੋਈ ਈ-ਮੇਲ ਜਾਂ ਮੋਬਾਈਲ ਫੋਨ ਨਹੀਂ ਸੀ ਹੁੰਦਾ। ਹਰ ਬੰਦੇ ਕੋਲ ਤਾਂ ਐੱਸ.ਟੀ.ਡੀ. ਦੀ ਸਹੂਲਤ ਵੀ ਨਹੀਂ ਸੀ ਹੁੰਦੀ।
2004-2005 ਵਿੱਚ ਉਸ ਨੇ ਭਾਰਤ ਸਰਕਾਰ ਤੋਂ ਕੌਮਾਂਤਰੀ ਲੇਖਕਾਂ ਦੇ ਇੱਕ ਡੈਲੀਗੇਸ਼ਨ ਦੀ ਭਾਰਤ ਫੇਰੀ ਦਾ ਪ੍ਰੋਗਰਾਮ ਪਾਸ ਕਰਵਾ ਲਿਆ। ਦਿੱਲੀ, ਆਗਰਾ, ਜੈਪੁਰ, ਕੁਰੂਕਸ਼ੇਤਰ, ਯਮੁਨਾਨਗਰ ਅਤੇ ਪਾਉਂਟਾ ਸਾਹਿਬ ਦਾ ਅੰਤਰਰਾਜੀ ਰੂਟ- ਪੰਜ ਰਾਜਾਂ ਦੇ ਸ਼ਹਿਰ ਸ਼ਾਮਿਲ ਕੀਤੇ। ਜੈਪੁਰ ਅਤੇ ਆਗਰਾ ਸੈਰ ਸਪਾਟੇ ਲਈ ਰੱਖੇ। ਕਵੀ ਸੰਮੇਲਨ ਇੱਕ ਦਿੱਲੀ ਯੂਨੀਵਰਸਿਟੀ ਵਿੱਚ, ਇੱਕ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਅਮਰਜੀਤ ਸਿੰਘ ਕਾਂਗ ਹੋਰਾਂ ਕੋਲ ਅਤੇ ਇੱਕ ਯਮੁਨਾਨਗਰ ਮੇਰੇ ਕੋਲ ਅਤੇ ਆਖ਼ਰੀ, ਪਾਉਂਟਾ ਸਾਹਿਬ ਦੇ ਇਤਿਹਾਸਕ ਗੁਰਦੁਆਰੇ ਵਿੱਚ ਸਮਾਪਤੀ।
ਉਸ ਗਰੁੱਪ ਵਿੱਚ 15 ਦੇਸ਼ਾਂ ਦੇ ਕਵੀ-ਕਵਿੱਤਰੀਆਂ ਸਨ। ਇੱਕ ਕੁੜੀ ਬੁਲਗਾਰੀਆ ਦੀ ਸੀ, ਇੱਕ ਸਪੇਨ ਦੀ ਅਤੇ ਇੱਕ ਫ਼ਲਸਤੀਨ ਦੀ ਡਾ. ਹੈਨਨ। ਕਈ ਕਵੀਆਂ ਦੇ ਮੂੰਹ-ਮੁਹਾਂਦਰੇ ਮੈਨੂੰ ਥੋੜ੍ਹੇ ਥੋੜ੍ਹੇ ਹੀ ਯਾਦ ਹਨ, ਪਰ ਇਹ ਤਿੰਨੋਂ ਕੁੜੀਆਂ ਜਿਵੇਂ ਕਈ ਵਾਰ ਮੇਰੀਆਂ ਅੱਖਾਂ ਸਾਹਵੇਂ ਆ ਖੜ੍ਹਦੀਆਂ ਹਨ, ਖ਼ਾਸਕਰ ਡਾ. ਹੈਨਨ।
ਮੇਜ਼ਬਾਨ ਕਾਲਜ ਦਾ ਪ੍ਰਿੰਸੀਪਲ ਹੋਣ ਨਾਤੇ ਮੈਂ ਸਭ ਨੂੰ ਇੱਕ ਇੱਕ ਫੁੱਲ ਦੇ ਕੇ ਸਵਾਗਤ ਕਰਨਾ ਸੀ। ਜਦ ਡਾ. ਹੈਨਨ ਦੀ ਵਾਰੀ ਆਈ ਅਤੇ ਉਸ ਨੇ ਦੱਸਿਆ ਤਾਂ ਪਤਾ ਲੱਗਾ ਕਿ ਉਹ ਫ਼ਲਸਤੀਨੀ ਕਵਿੱਤਰੀ ਹੈ ਤਾਂ ਮੈਂ ਉਸ ਨੂੰ ਦੱਸਿਆ ਕਿ ਮੇਰਾ ਉਸ ਨਾਲ ਇੱਕ ਹੋਰ ਨਾਤਾ ਵੀ ਹੈ।
ਉਸ ਹੈਰਾਨ ਹੋ ਕੇ ਪੁੱਛਿਆ, “ਉਹ ਕਿਵੇਂ?”
ਮੈਂ ਦੱਸਿਆ, “ਮੈਂ ਫ਼ਲਸਤੀਨ ਦਾ ਸਮਰਥਕ ਹਾਂ ਅਤੇ ਫ਼ਲਸਤੀਨੀ ਲਹਿਰ ਦੇ ਹੱਕ ਵਿੱਚ ਕਾਫ਼ੀ ਚਿਰ ਪਹਿਲਾਂ ਮੈਂ ਇੱਕ ਕਵਿਤਾ ਵੀ ਲਿਖੀ ਸੀ।”
ਉਸ ਨੇ ਉਤਸੁਕ ਹੋ ਕੇ ਪੁੱਛਿਆ, “ਕੀ ਅਸੀਂ ਉਹ ਕਵਿਤਾ ਮੰਗਵਾ ਸਕਦੇ ਹਾਂ?” ਮੈਂ ਲਾਇਬ੍ਰੇਰੀ ਤੋਂ ਆਪਣੀ ਪੁਸਤਕ ‘ਹੈਂਗਰ ’ਤੇ ਲਟਕਦੇ ਪਲ’ ਮੰਗਵਾ ਲਈ, ਜਿਸ ਵਿੱਚ ਉਹ ਕਵਿਤਾ ‘ਰੱਤਾ ਕੈਕਟਸ’ ਦਰਜ ਸੀ। ਮੈਂ ਉਸ ਨੂੰ ਸਮਝਾਉਣ ਲਈ ਕਿਹਾ, ‘‘ਰੈੱਡ ਕੈਕਟਸ।’’ ਉਸ ਨੇ ਬੜੀ ਹਲੀਮੀ ਅਤੇ ਆਪਣੇਪਣ ਨਾਲ ਕਿਹਾ, “ਕੀ ਇਹ ਸੰਭਵ ਹੋਵੇਗਾ ਕਿ ਖਾਣੇ ਤੋਂ ਬਾਅਦ ਕਵੀ ਸੰਮੇਲਨ ਵਿੱਚ ਤੁਸੀਂ ਇਹ ਕਵਿਤਾ ਸਟੇਜ ਤੋਂ ਸੁਣਾਓ?” ਮੈਂ ਕਿਹਾ, “ਜ਼ਰੂਰ, ਕਿਉਂ ਨਹੀਂ!”
ਡਾ. ਹੈਨਨ ਅਸ਼ਰਵੀ, ਫ਼ਲਸਤੀਨੀ ਰਾਸ਼ਟਰੀ ਕੌਂਸਲ ਦੀ ਚੁਣੀ ਹੋਈ ਮੈਂਬਰ ਸੀ। ਫ਼ਲਸਤੀਨ ਦੀ ਸਿੱਖਿਆ ਮੰਤਰੀ ਰਹੀ ਸੀ ਅਤੇ ਫ਼ਲਸਤੀਨੀ ਲਹਿਰ ਦੇ ਸੁਪਰੀਮ ਆਗੂ ਯਾਸਰ ਅਰਾਫ਼ਾਤ ਦੀ ਪ੍ਰਾਈਵੇਟ ਸੈਕਟਰੀ ਅਤੇ ਸਪੋਕਸਪਰਸਨ ਵੀ ਰਹੀ ਸੀ।
ਸਮਾਗਮ ਵਿੱਚ ਹਰਿਆਣੇ ਦੇ ਤਤਕਾਲੀ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਹਰਿਆਣਾ ਸਰਕਾਰ ਦੀ ਪ੍ਰਤੀਨਿਧਤਾ ਕਰ ਰਹੇ ਸਨ ਅਤੇ ਡਾ. ਅਮਰਜੀਤ ਸਿੰਘ ਕਾਂਗ, ਸੀ.ਆਰ. ਮੋਦਗਿਲ, ਦੇਵ ਭਾਰਦਵਾਜ ਅਤੇ ਮੇਰੇ ਨਾਲ ਡਾ. ਹੈਨਨ ਉਸ ਡੈਲੀਗੇਸ਼ਨ ਦੀ ਲੀਡਰ ਵਜੋਂ ਸਟੇਜ ਉੱਪਰ ਬੈਠੇ ਸੀ।
ਮੇਰੀ ਕਵਿਤਾ ਸੁਣਾਉਣ ਦੀ ਵਾਰੀ ਆਈ ਤਾਂ ਮੈਂ ਆਪਣੀ ਇੱਕ ਤਾਜ਼ਾ ਨਜ਼ਮ ਤੋਂ ਬਾਅਦ ਸਰੋਤਿਆਂ ਨੂੰ ਦੱਸਿਆ ਕਿ ਫ਼ਲਸਤੀਨੀ ਲਹਿਰ ਬਾਰੇ ਲਿਖੀ ਮੈਂ ਆਪਣੀ ਇੱਕ ਪੁਰਾਣੀ ਕਵਿਤਾ ‘ਰੱਤਾ ਕੈਕਟਸ’ ਡਾ. ਹੈਨਨ ਦੇ ਆਖਣ ’ਤੇ ਸੁਣਾ ਰਿਹਾ ਹਾਂ। ਕਵਿਤਾ ਸਭ ਨੂੰ ਪਸੰਦ ਆਈ, ਤਾੜੀਆਂ ਨਾਲ ਖ਼ੂਬ ਦਾਦ ਮਿਲੀ।
ਮੈਂ ਕਵਿਤਾ ਸੁਣਾ ਕੇ ਹਟਿਆ ਹੀ ਸੀ ਕਿ ਡਾ. ਹੈਨਨ ਖੜ੍ਹੀ ਹੋ ਗਈ। ਕਹਿਣ ਲੱਗੀ, “ਡਾ. ਰਮੇਸ਼ ਕੁਮਾਰ, ਜਦ ਖਾਣੇ ਤੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ ਤਾਂ ਬਹੁਤ ਅੱਛੀ ਅੰਗਰੇਜ਼ੀ ਬੋਲ ਰਹੇ ਸੀ। ਕੀ ਤੁਸੀਂ ਇਹ ਕਵਿਤਾ ਅੰਗਰੇਜ਼ੀ ਵਿੱਚ ਬੋਲ ਸਕਦੇ ਹੋ।” ਮੈਂ ਖੜ੍ਹੇ ਖੜੋਤੇ ਨੇ ਉਹ ਕਵਿਤਾ ਅੰਗਰੇਜ਼ੀ ਵਿੱਚ ਉਲਥਾ ਦਿੱਤੀ। ਕਵਿਤਾ ‘ਰੱਤਾ ਕੈਕਟਸ’ ਦੀਆਂ ਕੁਝ ਸਤਰਾਂ ਇਉਂ ਹਨ:
ਮੈਂ, ਪਵਾਹੀ ਦੱਭ ਹੋ ਜਾਵਾਂ
ਅਤੇ ਵਹਿਸ਼ੀ ਘੋੜਿਆਂ ਦੀਆਂ ਟਾਪਾਂ
ਮੇਰਾ ਜ਼ਿਹਨ ਕੁਚਲ ਜਾਵਣ
... ਮੇਰੇ ਹੀ ਨੱਕ ਹੇਠਾਂ
ਅਤੇ
ਮਾਂ ਆਪਣੀ ਦੀ, ਦੁੱਧ ਭਰੀ ਛਾਤੀ ਦੇ ਸਾਹਵੇਂ ਖੜ੍ਹਾ
ਮੈਂ ਯਤੀਮ ਅਖਵਾਵਾਂ
... ਸਰਾਸਰ .ਗਦਾਰੀ ਹੈ।
ਮਸਾਣੀਂ ਕਿਸੇ ਪਿੱਪਲ ਦੇ ਤਣੇ ਨਾਲ
ਮੈਂ ਮੌਲੀ ਬੱਧਾ ਕੁੱਜਾ ਹੋ ਕੇ ਲਟਕਿਆ ਰਹਾਂ
... ਲਾਹਨਤ ਹੈ ਫ਼ਲਸਤੀਨੀ ਖ਼ੂਨ ਨੂੰ।
ਕਵਿਤਾ ਵਿੱਚ ਵਰਤੇ ਚਿੰਨ੍ਹਾਂ-ਪ੍ਰਤੀਕਾਂ ਦੀ ਗਹਿਰਾਈ ਦਾ ਡਾ. ਹੈਨਨ ਨੂੰ ਅਹਿਸਾਸ ਹੋ ਗਿਆ। ਕਹਿਣ ਲੱਗੀ, “ਰੁਕੋ ਡਾ. ਰਮੇਸ਼।” ਭਾਵੁਕ ਡਾ. ਹੈਨਨ ਆਪਣੀ ਸੀਟ ਤੋਂ ਉੱਠ ਕੇ ਮੇਰੇ ਕੋਲ ਪੋਡੀਅਮ ਉੱਪਰ ਆਈ ਅਤੇ ਸਨਮਾਨ ਵਜੋਂ ਮੈਨੂੰ ਉਸ ਨੇ ਤਿੰਨ ਵਾਰ ਜੱਫੀ ਪਾਈ ਜਿਵੇਂ ਕੋਈ ਚਿਰੋਂ ਵਿਛੁੰਨਿਆ ਅਚਾਨਕ ਮਿਲ ਗਿਆ ਹੋਵੇ। ਮਾਈਕ ’ਤੇ ਆ ਕੇ ਕਹਿਣ ਲੱਗੀ, “ਮੈਂ ਆਪਣੇ ਰਾਸ਼ਟਰ ਵੱਲੋਂ ਧੰਨਵਾਦ ਅਤੇ ਸਤਿਕਾਰ ਭੇਟ ਕਰਦੀ ਹਾਂ। ਆਭਾਰ ਪੇਸ਼ ਕਰੀ ਹਾਂ, ਆਪ ਦੀਆਂ ਭਾਵਨਾਵਾਂ ਪ੍ਰਤੀ ਅਤੇ ਇਸ ਗੰਭੀਰ, ਸੁੰਦਰ ਅਤੇ ਅਰਥ ਭਰਪੂਰ ਕਵਿਤਾ ਲਈ। ਕਿਰਪਾ ਕਰ ਕੇ ਇਸ ਦੀ ਇੱਕ ਕਾਪੀ ਮੈਨੂੰ ਦਿਉ, ਮੈਂ ਆਪਣੀ ਕੌਮੀ ਮੈਗਜ਼ੀਨ ਅਤੇ ਅਖ਼ਬਾਰ ਵਿੱਚ ਇਸ ਨੂੰ ਛਪਵਾਵਾਂਗੀ।”
ਤਕਰੀਬਨ ਤਿੰਨ ਮਹੀਨੇ ਬਾਅਦ ਡਾਕ ਰਾਹੀਂ ਇੱਕ ਰਸਾਲਾ ਆਇਆ, ਜਿਸ ਵਿੱਚ ਉਸ ਕਵਿਤਾ ਦਾ ਅੰਗਰੇਜ਼ੀ ਉਲੱਥਾ ਛਪਿਆ ਹੋਇਆ ਸੀ ਅਤੇ ਇੱਕ ਪੈਰਾ ਉਸ ਦੀ ਭਾਰਤ ਫੇਰੀ ਬਾਰੇ ਵੀ।
ਅੱਜ ਵੀਹ ਸਾਲ ਬਾਅਦ ਬੰਬਾਂ ਅਤੇ ਮਿਜ਼ਾਈਲਾਂ ਦੀ ਰਾਖ਼ ਵਿੱਚੋਂ ਬਹੁਤ ਸਾਰੀਆਂ ਨਜ਼ਮਾਂ ਦੇ ਅਧਸੜੇ ਪੰਨੇ ਹਵਾ ਨਾਲ ਹਿਲਦੇ ਨਜ਼ਰ ਆ ਰਹੇ ਹਨ- ਰਾਖ਼ ਵਿੱਚੋਂ ਹਿਲਦੇ ਕੁਕਨੂਸ ਦੇ ਖੰਭਾਂ ਦੇ ਵਾਂਗ।
ਡਾ. ਹੈਨਨ ਜਿਵੇਂ ਦੋਵੇਂ ਹੱਥਾਂ ਨਾਲ ਸਾਰੀਆਂ ਕਵਿਤਾਵਾਂ ਇਕੱਠੀਆਂ ਕਰਨ ਦਾ ਯਤਨ ਕਰ ਰਹੀ ਹੋਵੇ... ਬਹੁਤ ਸਾਰੀਆਂ ਭਾਸ਼ਾਵਾਂ ਅਤੇ ਦੇਸ਼ਾਂ ਦੀਆਂ ਕਵਿਤਾਵਾਂ, ਪੰਨਾ ਪੰਨਾ-ਪੱਤਰ ਪੱਤਰ, ਫ਼ਲਸਤੀਨੀ ਕੁਕਨੂਸ ਨੂੰ ਫਿਰ ਆਕਾਸ਼ ਵੱਲ ਉਡਾਉਣ ਲਈ।
ਸੰਪਰਕ: 94160-61061