ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੌਧਿਕਤਾ ਦੀ ਬੁਨਿਆਦ

ਸਿਆਣੇ ਆਖਦੇ ਹਨ ਕਿ ਤਨ ਤੇ ਮਨ ਦਾ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ। ਅਸਲ ਵਿੱਚ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਸਾਡੇ ਤਨ ਮਨ ਦੀ ਇਕਸੁਰਤਾ ਨਾਲ ਹੀ ਪ੍ਰਾਪਤ ਹੁੰਦੀਆਂ ਹਨ। ਜੇਕਰ ਸਾਡਾ ਤਨ ਮਨ ਸ਼ੁੱਧ ਨਹੀਂ ਤਾਂ ਇਨ੍ਹਾਂ ਦੀ...
Advertisement

ਸਿਆਣੇ ਆਖਦੇ ਹਨ ਕਿ ਤਨ ਤੇ ਮਨ ਦਾ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ। ਅਸਲ ਵਿੱਚ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਸਾਡੇ ਤਨ ਮਨ ਦੀ ਇਕਸੁਰਤਾ ਨਾਲ ਹੀ ਪ੍ਰਾਪਤ ਹੁੰਦੀਆਂ ਹਨ। ਜੇਕਰ ਸਾਡਾ ਤਨ ਮਨ ਸ਼ੁੱਧ ਨਹੀਂ ਤਾਂ ਇਨ੍ਹਾਂ ਦੀ ਇਕਸੁਰਤਾ ਵੀ ਕਾਇਮ ਨਹੀਂ ਰਹਿ ਸਕਦੀ। ਇਸੇ ਕਰਕੇ ਮਹਾਂਪੁਰਸ਼ਾਂ ਨੇ ਹਰ ਧਾਰਮਿਕ ਸਥਾਨ ਨੇੜੇ ਸਰੋਵਰ ਦੀ ਉਸਾਰੀ ਕਰਵਾਈ ਤਾਂ ਕਿ ਪੈਦਲ ਆਉਣ ਵਾਲੇ ਯਾਤਰੀ ਅਤੇ ਸ਼ਰਧਾਲੂ ਸਭ ਤੋਂ ਪਹਿਲਾਂ ਆਪਣੇ ਤਨ ਦੀ ਥਕਾਵਟ ਨੂੰ ਉਤਾਰ ਕੇ ਤਰੋ ਤਾਜ਼ਾ ਹੋ ਸਕਣ। ਜਦੋਂ ਸਾਡਾ ਸਰੀਰ ਤਰੋਤਾਜ਼ਾ ਹੋ ਜਾਂਦਾ ਹੈ ਤਾਂ ਮਨ ਵੀ ਪ੍ਰਸੰਨ ਹੋ ਜਾਂਦਾ ਹੈ। ਇਸ ਤਰ੍ਹਾਂ ਤਨ ਮਨ ਦੀ ਏਕਤਾ ਕਾਇਮ ਹੋ ਜਾਂਦੀ ਹੈ। ਇਹ ਏਕਤਾ ਸਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ ਅਤੇ ਪ੍ਰਾਪਤੀਆਂ ਕਰਨ ਲਈ ਜੁਗਤਾਂ ਦੱਸਦੀ ਹੈ। ਇਹ ਜੁਗਤਾਂ ਸਾਡੇ ਮਨ ਮੰਦਰ ਵਿੱਚੋਂ ਹੀ ਉਪਜਦੀਆਂ ਹਨ।

ਜੇਕਰ ਸਾਡਾ ਮਨ ਮੈਲ ਭਰਿਆ ਹੈ ਤਾਂ ਉੱਥੇ ਕਦੇ ਸ਼ੁੱਧ ਵਿਚਾਰ ਪ੍ਰਗਟ ਨਹੀਂ ਹੋ ਸਕਦੇ। ਇਸ ਲਈ ਮਨ ਦੀ ਸ਼ੁੱਧਤਾ ਕਾਇਮ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਤਨ ਦੀ ਸ਼ੁੱਧੀ ਜ਼ਰੂਰ ਕਾਇਮ ਕਰਨੀ ਚਾਹੀਦੀ ਹੈ। ਅਸੀਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਅਕਸਰ ਸਰੀਰ ਦੇ ਇਕੱਲੇ ਇਕੱਲੇ ਅੰਗ ਦੀ ਸਫ਼ਾਈ ਦਾ ਪਾਠ ਪੜ੍ਹਾਉਂਦੇ ਹਾਂ। ਇਹ ਇਸ ਕਰਕੇ ਸਿਖਾਇਆ ਜਾਂਦਾ ਹੈ ਕਿਉਂਕਿ ਸਾਡੇ ਸਰੀਰ ਦਾ ਹਰ ਇੱਕ ਅੰਗ ਮਹੱਤਵਪੂਰਨ ਹੈ। ਕਿਸੇ ਵੀ ਅੰਗ ਦੀ ਕੀਮਤ ਕਿਸੇ ਨਾਲੋਂ ਘੱਟ ਨਹੀਂ। ਇਸ ਲਈ ਸਾਨੂੰ ਹਰ ਅੰਗ ਦੀ ਦੇਖਭਾਲ਼ ਕਰਨ ਵਿੱਚ ਖ਼ਾਸ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਵਿਦਿਆਰਥੀ ਜੀਵਨ ਵਿੱਚ ਜੇਕਰ ਅਸੀਂ ਆਪਣੇ ਸਰੀਰ ਦੀ ਸ਼ੁੱਧਤਾ ਅਤੇ ਸੁਡੌਲਤਾ ਵੱਲ ਧਿਆਨ ਨਹੀਂ ਦਿੰਦੇ ਤਾਂ ਅਸੀਂ ਵੱਡੀ ਉਮਰ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ। ਅਸਲ ਵਿੱਚ ਇਨ੍ਹਾਂ ਬਿਮਾਰੀਆਂ ਦਾ ਮੁੱਖ ਕਾਰਨ ਸਾਡੀ ਅਣਗਹਿਲੀ ਹੁੰਦੀ ਹੈ। ਜਿਹੜੇ ਬੱਚੇ ਆਪਣੇ ਸਰੀਰ ਨੂੰ ਨਰੋਆ ਅਤੇ ਵਾਤਾਵਰਣ ਅਨੁਸਾਰ ਤਿਆਰ ਨਹੀਂ ਕਰਦੇ, ਉਹ ਸਫ਼ਲਤਾ ਦੀਆਂ ਪੌੜੀਆਂ ਨਹੀਂ ਚੜ੍ਹ ਸਕਦੇ। ਪਰਮਾਤਮਾ ਨੇ ਸਾਡੇ ਸਰੀਰ ਦੀ ਇਸ ਤਰ੍ਹਾਂ ਦੀ ਸਿਰਜਣਾ ਕੀਤੀ ਹੈ ਕਿ ਅਸੀਂ ਜਿਸ ਖਿੱਤੇ ਵਿੱਚ ਪੈਦਾ ਹੋਏ ਹਾਂ ਉਸ ਦੇ ਅਨੁਸਾਰ ਹੀ ਸਾਡਾ ਸਰੀਰ ਹੁੰਦਾ ਹੈ। ਜੇਕਰ ਸਾਡਾ ਦੇਸ਼ ਗਰਮ ਹੈ ਤਾਂ ਸਾਡੇ ਸਰੀਰ ਨੂੰ ਗਰਮੀ ਝੱਲਣ ਦੀ ਸ਼ਕਤੀ ਦਿੱਤੀ ਗਈ ਹੈ। ਜੇਕਰ ਸਾਡਾ ਇਲਾਕਾ ਠੰਢਾ ਹੈ ਤਾਂ ਸਾਡੇ ਸਰੀਰ ਨੂੰ ਠੰਢ ਝੱਲਣ ਦੀ ਸ਼ਕਤੀ ਪ੍ਰਦਾਨ ਕੀਤੀ ਗਈ ਹੈ। ਬਾਕੀ ਦੀ ਜ਼ਿੰਮੇਵਾਰੀ ਸਾਡੀ ਹੈ ਕਿ ਅਸੀਂ ਕੁਦਰਤ ਦੀ ਬਖ਼ਸ਼ੀ ਹੋਈ ਇਸ ਨਿਆਮਤ ਨੂੰ ਕਾਇਮ ਕਿਵੇਂ ਰੱਖਦੇ ਹਾਂ। ਸਿਹਤ ਨੂੰ ਕਾਇਮ ਰੱਖਣ ਵਾਸਤੇ ਰੋਜ਼ਾਨਾ ਕਸਰਤ ਆਦਿ ਹਰ ਕਿਸੇ ਲਈ ਲਾਭਕਾਰੀ ਹੈ।

Advertisement

ਨੱਚਣ ਕੁੱਦਣ ਮਨ ਕਾ ਚਾਉ ਅਨੁਸਾਰ ਬਾਲਪਨ ਵਿੱਚ ਹਰ ਬੱਚਾ ਹਰ ਪਲ ਨੱਚਦਾ ਟੱਪਦਾ ਰਹਿੰਦਾ ਹੈ, ਜਿਸ ਨਾਲ ਉਸ ਦਾ ਸਰੀਰ ਵਿਕਸਿਤ ਹੁੰਦਾ ਰਹਿੰਦਾ ਹੈ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਬੱਚਾ ਅਤੇ ਬਾਂਦਰ ਜੇਕਰ ਆਰਾਮ ਨਾਲ ਬੈਠੇ ਹਨ ਤਾਂ ਸਮਝੋ ਉਹ ਬਿਮਾਰ ਹਨ। ਤੰਦਰੁਸਤ ਬੱਚਾ ਕਦੇ ਵੀ ਟਿਕ ਕੇ ਨਹੀਂ ਬੈਠ ਸਕਦਾ ਕਿਉਂਕਿ ਉਹ ਦੌੜ ਭੱਜ ਜ਼ਰੂਰ ਕਰੇਗਾ। ਇਸ ਲਈ ਬਚਪਨ ਵਿੱਚ ਬੱਚੇ ਦਾ ਖੇਡਣਾ ਕੁੱਦਣਾ, ਨੱਚਣਾ ਟੱਪਣਾ, ਹੱਸਣਾ ਤੇ ਰੋਣਾ ਸਾਰੇ ਜੀਵਨ ਦੇ ਅੰਗ ਹਨ। ਇਹੀ ਉਸ ਨੂੰ ਅੱਗੇ ਤੋਂ ਅਗੇਰੇ ਲੈ ਕੇ ਜਾਂਦੇ ਹਨ। ਜਿਹੜੇ ਵਿਦਿਆਰਥੀ ਹੱਥੀਂ ਕੰਮ ਕਰਦੇ ਹਨ ਉਨ੍ਹਾਂ ਦਾ ਸਰੀਰ ਨਰੋਆ ਬਣ ਜਾਂਦਾ ਹੈ। ਜਿਹੜੇ ਘਰ ਵਿੱਚ ਕੌਲੀ ਗਲਾਸ ਵੀ ਨਹੀਂ ਚੁੱਕਦੇ ਉਹ ਹਮੇਸ਼ਾ ਕਮਜ਼ੋਰ ਰਹਿੰਦੇ ਹਨ ਅਤੇ ਬਿਮਾਰੀਆਂ ਉਨ੍ਹਾਂ ਨੂੰ ਅਕਸਰ ਘੇਰੀ ਰੱਖਦੀਆਂ ਹਨ। ਇਸ ਲਈ ਸਭ ਨੂੰ ਜ਼ਰੂਰਤ ਹੈ ਕਿ ਘਰ ਦੇ ਕੰਮਾਂ ਵਿੱਚ ਆਪਣੇ ਮਾਪਿਆਂ ਦਾ ਹੱਥ ਵਟਾਉਣ ਅਤੇ ਵੱਡੇ ਹੋ ਕੇ ਕੰਮ ਨੂੰ ਹੱਥ ਜ਼ਰੂਰ ਪਾਉਣ। ਜਦੋਂ ਅਸੀਂ ਹੱਥੀਂ ਕੰਮ ਕਰਦੇ ਹਾਂ ਤਾਂ ਸਾਨੂੰ ਤਜਰਬਾ ਅਤੇ ਗਿਆਨ ਆਪਣੇ ਆਪ ਹੀ ਹਾਸਲ ਹੋ ਜਾਂਦੇ ਹਨ। ਕਿਸੇ ਸਿਆਣੇ ਨੇ ਇਹ ਵੀ ਸੱਚ ਕਿਹਾ ਹੈ ਕਿ ਪਿਤਾ ਪੁਰਖੀ ਕਿੱਤਾ ਸਾਡੇ ਖ਼ੂਨ ਵਿੱਚ ਰਚਿਆ ਹੁੰਦਾ ਹੈ। ਜਦੋਂ ਅਸੀਂ ਬਚਪਨ ਤੋਂ ਹੀ ਆਪਣੇ ਮਾਪਿਆਂ ਦੇ ਕਾਰਜਾਂ ਨੂੰ ਦੇਖਦੇ ਹਾਂ ਤਾਂ ਉਹ ਕਾਰਜ ਕਰਨ ਦੀ ਸਮਰੱਥਾ ਖ਼ੁਦ ਸਾਡੇ ਅੰਦਰ ਪੈਦਾ ਹੋ ਜਾਂਦੀ ਹੈ। ਜੇਕਰ ਅਸੀਂ ਹੱਥੀਂ ਕਿਰਤ ਨੂੰ ਅਹਿਮੀਅਤ ਦੇਵਾਂਗੇ ਤਾਂ ਜੀਵਨ ਵਿੱਚ ਮਹਾਨ ਵਿਅਕਤੀ ਬਣਨ ਵਿੱਚ ਕੋਈ ਮੁਸ਼ਕਿਲ ਨਹੀਂ ਆਵੇਗੀ। ਇਸ ਪ੍ਰਕਾਰ ਅਸੀਂ ਤਨ ਨੂੰ ਸ਼ੁੱਧ ਬਣਾ ਕੇ ਤਰੱਕੀ ਦੀਆਂ ਮੰਜ਼ਿਲਾਂ ਪਾ ਸਕਦੇ ਹਾਂ।

ਹੁਣ ਗੱਲ ਤੁਰਦੀ ਹੈ ਮਨ ਦੀ। ਕਹਿੰਦੇ ਨੇ ਮਨ ਦੇ ਹਾਰੇ ਹਾਰ ਹੈ ਮਨ ਦੇ ਜਿੱਤੇ ਜਿੱਤ। ਧਰਮ ਗ੍ਰੰਥਾਂ ਵਿੱਚ ਮਨ ਨੂੰ ਬ੍ਰਹਮ ਦੀ ਅੰਸ਼ ਕਿਹਾ ਗਿਆ ਹੈ। ਆਤਮਾ ਨੇ ਮਨ ਦਾ ਸਾਥ ਪਾ ਕੇ ਆਪਣਾ ਰੂਪ ਗੁਆ ਲਿਆ ਹੈ। ਅਸੀਂ ਅਕਸਰ ਕਹਿੰਦੇ ਹਾਂ ਕਿ ਉਹ ਬੰਦਾ ਤਾਂ ਮਨ ਮੌਜੀ ਹੈ ਕਿਉਂਕਿ ਅਕਸਰ ਅਸੀਂ ਮਨ ਦੇ ਮਗਰ ਲੱਗ ਕੇ ਹੀ ਕਾਰਜ ਕਰਦੇ ਹਾਂ। ਮਨ ਸਾਡਾ ਮਿੱਤਰ ਵੀ ਹੈ ਤੇ ਸਾਡਾ ਦੁਸ਼ਮਣ ਵੀ। ਜੇਕਰ ਅਸੀਂ ਮਨ ਦੇ ਸੁਭਾਅ ਨੂੰ ਪਾ ਲਈਏ ਤਾਂ ਅਸੀਂ ਸਹੀ ਰਾਹੇ ਚੱਲ ਸਕਦੇ ਹਾਂ। ਮਨ ਦੇ ਮਾੜੇ ਕੰਮਾਂ ਨੂੰ ਆਤਮਾ ਅਕਸਰ ਰੋਕਦੀ ਰਹਿੰਦੀ ਹੈ ਪਰ ਸਾਡੇ ’ਤੇ ਮਨ ਹਾਵੀ ਹੋਣ ਕਰਕੇ ਅਸੀਂ ਮਨ ਦੀ ਹੀ ਕਰਦੇ ਹਾਂ। ਜ਼ਰੂਰਤ ਹੈ ਮਨ ਨੂੰ ਆਪਣੇ ਕਾਬੂ ਵਿੱਚ ਰੱਖਣ ਦੀ। ਮਨ ਕਾਬੂ ਆਉਂਦਾ ਹੈ ਗਿਆਨ ਦੇ ਕੁੰਡੇ ਨਾਲ। ਕਿਸੇ ਨੇ ਸੱਚ ਹੀ ਕਿਹਾ ਹੈ ਬਿਨਾਂ ਮੁਰਸ਼ਦਾਂ ਰਾਹ ਨਾ ਹੱਥ ਆਵੇ ਦੁੱਧ ਬਾਝ ਨਾ ਰਿਝਦੀ ਖੀਰ ਮੀਆਂ। ਜੇਕਰ ਅਸੀਂ ਮਨ ਨੂੰ ਗਿਆਨ ਦਾ ਕੁੰਡਾ ਲਾ ਦੇਈਏ ਤਾਂ ਉਹ ਕਦੇ ਗ਼ਲਤ ਰਾਹ ਨਹੀਂ ਜਾਂਦਾ। ਇਸ ਲਈ ਸਾਨੂੰ ਸਭ ਨੂੰ ਗਿਆਨ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਮਨ ’ਤੇ ਕਾਬੂ ਪਾ ਸਕੀਏ। ਸਾਡਾ ਮਨ ਤਕੜਾ ਤੇ ਨਰੋਆ ਹੈ ਤਾਂ ਅਸੀਂ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਹੀਂ ਸਕਦੇ। ਮਨ ਨੂੰ ਤਕੜਾ ਕਰਨ ਵਾਸਤੇ ਸਾਨੂੰ ਵਧੀਆ ਸੰਗਤ ਅਤੇ ਨਰੋਈਆਂ ਪੁਸਤਕਾਂ ਰਾਹੀਂ ਗਿਆਨ ਹਾਸਲ ਕਰਨ ਦੀ ਜ਼ਰੂਰਤ ਹੈ। ਗਿਆਨ ਹੋਵੇਗਾ ਤਾਂ ਸਾਡਾ ਮਨ ਸਾਡੇ ਕਾਬੂ ਵਿੱਚ ਰਹੇਗਾ।

ਮਨ ਨੂੰ ਸ਼ੁੱਧ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਕੁਦਰਤ ਦੁਆਰਾ ਦਰਸਾਏ ਮਾਰਗ ’ਤੇ ਚੱਲੀਏ। ਕੁਦਰਤ ਕਦੇ ਕਿਸੇ ਨਾਲ ਭਿੰਨ ਭੇਦ ਨਹੀਂ ਕਰਦੀ। ਗਰਮੀ ਸਰਦੀ ਧੁੱਪ ਹਵਾ ਹਰ ਕਿਸੇ ਨੂੰ ਬਰਾਬਰ ਦੀ ਮਿਲਦੀ ਹੈ। ਇਸ ਲਈ ਸਾਨੂੰ ਵੀ ਸਭ ਨਾਲ ਇੱਕੋ ਜਿਹਾ ਵਿਹਾਰ ਕਰਨਾ ਚਾਹੀਦਾ ਹੈ। ਕਿਸੇ ਨਾਲ ਦੂਈ ਦਵੈਤ ਨਹੀਂ ਰੱਖਣਾ ਚਾਹੀਦਾ। ਸ਼ੁੱਧ ਤਨ ਅਤੇ ਮਨ ਜੁੜ ਕੇ ਸਾਡੀ ਬੌਧਿਕਤਾ ਨੂੰ ਵਿਕਸਿਤ ਕਰਦੇ ਹਨ। ਜਿਨ੍ਹਾਂ ਲੋਕਾਂ ਨੇ ਆਪਣੇ ਤਨ ਮਨ ਨੂੰ ਸ਼ੁੱਧ ਕਰਕੇ ਇਸ ਧਰਤੀ ’ਤੇ ਕਿਰਤ ਕਮਾਈਆਂ ਕੀਤੀਆਂ ਉਨ੍ਹਾਂ ਨੂੰ ਅਸੀਂ ਅਕਸਰ ਯਾਦ ਕਰਦੇ ਹਾਂ। ਉਨ੍ਹਾਂ ਦੀਆਂ ਕਮਾਈਆਂ ਸਦਕਾ ਹੀ ਦੇਸ਼ ਕੌਮ ਤਰੱਕੀ ਕਰਦੀ ਹੈ। ਆਓ, ਅਸੀਂ ਤਨ ਮਨ ਨੂੰ ਸ਼ੁੱਧ ਕਰਕੇ ਆਪਣੀ ਬੌਧਿਕਤਾ ਵਿਕਸਿਤ ਕਰੀਏ ਅਤੇ ਇਸ ਦੇ ਆਸਰੇ ਉੱਚੀਆਂ ਸੁੱਚੀਆਂ ਮੰਜ਼ਿਲਾਂ ਦੇ ਪਾਂਧੀ ਬਣੀਏ।

ਸੰਪਰਕ: 98150-18947

Advertisement