ਸਾਂਝੀ ਵਿਰਾਸਤ ਦੀ ਨਿਸ਼ਾਨੀ ਛੱਜੂ ਦਾ ਚੁਬਾਰਾ
ਜੋ ਸੁਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖਾਰੇ।
ਇਹ ਕਹਾਵਤ ਕਿਸੇ ਵੇਲੇ ਭਾਰਤੀ ਉਪ-ਮਹਾਂਦੀਪ ਦੇ ਹਰ ਬਾਸ਼ਿੰਦੇ ਦੀ ਵਿਰਾਸਤ ਸੀ।
ਉਹ ਹੀ ਛੱਜੂ ਦਾ ਚੁਬਾਰਾ ਹੁਣ ਟੁੱਟ ਗਿਆ ਹੈ ਅਤੇ ਸਿਰਫ਼ ਇਸ ਦੇ ਖੰਡਰ ਹੀ ਬਚੇ ਹਨ। ‘ਛੱਜੂ ਦਾ ਚੁਬਾਰਾ’ ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਹੈ। ਇਹ ‘ਚੁਬਾਰਾ’, ਜੋ ਹੁਣ ਤੱਕ ਇੱਕ ਕਹਾਵਤ ਤੱਕ ਸੀਮਤ ਸੀ, ਹੁਣ ਵਿਆਪਕ ਖੋਜ ਅਧੀਨ ਹੈ। ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਛੱਜੂ ਭਗਤ ਦਾ ਚੁਬਾਰਾ ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿੱਚ ਮੇਓ ਹਸਪਤਾਲ ਦੇ ਨਾਲ ਹੀ ਦੱਖਣ ਵੱਲ ਹੈ। ਪੁਰਾਤੱਤਵ ਵਿਭਾਗ ਹੁਣ ਇਸ ਨੂੰ ਇੱਕ ਸੁਰੱਖਿਅਤ ਸਥਾਨ ਐਲਾਨਣ ਦੀ ਤਿਆਰੀ ਕਰ ਰਿਹਾ ਹੈ।
ਲਾਹੌਰ ਦੇ ਅਨਾਰਕਲੀ ਬਾਜ਼ਾਰ ਦੇ ਜ਼ਿਆਦਾਤਰ ਵਸਨੀਕ ਸੋਚਣ ਲੱਗ ਪਏ ਹਨ ਕਿ ਸ਼ਾਹਜਹਾਂ ਦੇ ਰਾਜ ਦੌਰਾਨ ਸੂਫ਼ੀ ਰਹੱਸਵਾਦੀਆਂ ਅਤੇ ਦਰਵੇਸ਼ਾਂ ਦੀ ਪੂਰੇ ਦਿਲ ਨਾਲ ਸੇਵਾ ਕਰਨ ਵਾਲੇ ਇੱਕ ਵਿਅਕਤੀ ਦਾ ਇਤਿਹਾਸਕ ਚੁਬਾਰਾ ਕੱਟੜ ਵਿਚਾਰਧਾਰਾ ਵਾਲੇ ਕੁਝ ਵਿਅਕਤੀਆਂ ਦੇ ਵਿਰੋਧ ਕਾਰਨ ਕਿਵੇਂ ਤਬਾਹ ਹੋ ਸਕਦਾ ਹੈ?
ਸਾਡੀ ਨਵੀਂ ਪੀੜ੍ਹੀ ਲਈ ਇਹ ਜਾਣਨਾ ਅਹਿਮ ਹੈ ਕਿ ਛੱਜੂ ਰਾਮ ਕੌਣ ਸੀ।
ਛੱਜੂ ਅਸਲ ਵਿੱਚ ਇੱਕ ਜੌਹਰੀ ਸੀ। ਉਸ ਦਾ ਪੂਰਾ ਨਾਮ ਛੱਜੂ ਰਾਮ ਭਾਟੀਆ ਸੀ। ਲਾਹੌਰ ਦੇ ਅਨਾਰਕਲੀ ਬਾਜ਼ਾਰ ਦੇ ਇੱਕ ਕੋਨੇ ਵਿੱਚ ਉਸ ਦਾ ਇੱਕ ਵੱਡਾ ਨਿਵਾਸ ਸੀ, ਉਸ ਖੇਤਰ ਵਿੱਚ ਹੁਣ ਇੱਕ ਮੈਡੀਕਲ ਕਾਲਜ ਅਤੇ ਹਸਪਤਾਲ ਨਿਰਮਾਣ ਅਧੀਨ ਹੈ। ਵੱਡੇ ਦਿਲ ਅਤੇ ਅਧਿਆਤਮਕ ਝੁਕਾਅ ਵਾਲਾ ਛੱਜੂ ਰਾਮ ਭਾਟੀਆ ਨਿਯਮਿਤ ਤੌਰ ’ਤੇ ਆਪਣੀ ਦੁਕਾਨ ਦੇ ਮੁਨਾਫ਼ੇ ਦਾ ਦਸਵਾਂ ਹਿੱਸਾ ਵੱਖਰਾ ਰੱਖਦਾ। ਇਸ ਦਸਵੰਧ ਸਦਕਾ ਛੱਜੂ ਦਾ ਵਿਹੜਾ ਫ਼ਕੀਰਾਂ, ਦਰਵੇਸ਼ਾਂ ਅਤੇ ਸੰਤਾਂ ਨਾਲ ਭਰਿਆ ਰਹਿੰਦਾ। ਵੱਖ-ਵੱਖ ਦਰਗਾਹਾਂ, ਦੂਰ-ਦੁਰਾਡੇ ਮੰਦਰਾਂ ਤੇ ਗੁਰੂਆਂ ਦੇ ਸ਼ਰਧਾਲੂ ਉੱਥੇ ਆਰਾਮ ਕਰਦੇ ਸਨ।
ਛੱਜੂ ਅਧਿਆਤਮਕਤਾ ਵੱਲ ਇੰਨਾ ਖਿੱਚਿਆ ਗਿਆ ਕਿ ਉਹ ਹੌਲੀ-ਹੌਲੀ ਧਿਆਨ ਅਤੇ ਜਾਪ ਵਿੱਚ ਵਧੇਰੇ ਸਮਾਂ ਬਿਤਾਉਣ ਲੱਗਿਆ। ਉਸ ਨੇ ਆਪਣੀ ਕਮਾਈ ਦਾ ਇੱਕ ਵੱਡਾ ਹਿੱਸਾ ਫ਼ਕੀਰਾਂ, ਸ਼ਰਧਾਲੂਆਂ ਅਤੇ ਲੋੜਵੰਦਾਂ ’ਤੇ ਖਰਚ ਕਰਨਾ ਸ਼ੁਰੂ ਕਰ ਦਿੱਤਾ। ਜਲਦੀ ਹੀ, ਉਸ ਨੂੰ ਛੱਜੂ ਭਗਤ ਵਜੋਂ ਜਾਣਿਆ ਜਾਣ ਲੱਗਾ। ਲੋਕ ਅਕਸਰ ਕਹਿੰਦੇ ਸਨ ਕਿ ਇਸ ਚੁਬਾਰੇ ਵਿੱਚ ਆਉਣ ਨਾਲ ਅਧਿਆਤਮਕ ਸ਼ਾਂਤੀ ਅਤੇ ਸਾਰੇ ਸੁੱਖ ਮਿਲਦੇ ਹਨ। ਭੁੱਖਿਆਂ ਲਈ ਰੋਟੀ, ਲੋੜਵੰਦਾਂ ਲਈ ਕੱਪੜੇ ਅਤੇ ਅਗਲੀ ਯਾਤਰਾ ’ਤੇ ਜਾਣ ਤੋਂ ਪਹਿਲਾਂ ਖਾਣ-ਪੀਣ ਦਾ ਪ੍ਰਬੰਧ ਅਤੇ ਕੁਝ ਸਿੱਕੇ ਤਾਂ ਜੋ ਲੋੜ ਸਮੇਂ ਕੰਮ ਆ ਸਕਣ।
ਮੈਂ ਉਤਸੁਕ ਸੀ। ਮੈਂ ਉਸ ਚੁਬਾਰੇ ਨੂੰ ਲੱਭਣਾ ਚਾਹੁੰਦਾ ਸੀ। ਪੁਰਾਣੇ ਰਿਕਾਰਡਾਂ, ਕਿਤਾਬਾਂ ਅਤੇ ਲੋਕਾਂ ਰਾਹੀਂ ਖੁਰਾ ਖੋਜ ਲੱਭਦੇ ਹੋਏ ਮੈਨੂੰ ਦਿਲਚਸਪ ਇਤਿਹਾਸਕ ਸਬੂਤ ਮਿਲੇ। ਲਾਹੌਰ ਵਿੱਚ ਬਹੁਤ ਕੁਝ ਹੈ ਜੋ ਸਾਨੂੰ ਸਾਡੀ ਵਿਰਾਸਤ ਨਾਲ ਜੋੜਦਾ ਹੈ। ਇਸ ਚੁਬਾਰੇ ਦੇ ਖੰਡਰ ਸ਼ਹਿਰ ਦੇ ਮੇਓ ਹਸਪਤਾਲ ਦੇ ਨਾਲ ਖੜ੍ਹੇ ਹਨ।
ਛੱਜੂ ਰਾਮ ਭਾਟੀਆ, ਜਿਸ ਨੂੰ ਛੱਜੂ ਭਗਤ ਵੀ ਕਿਹਾ ਜਾਂਦਾ ਹੈ, ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੇ ਰਾਜ ਦੌਰਾਨ ਹੋਇਆ। ਉਸ ਦੀ ਉਮਰ ਅਤੇ ਜਨਮ ਦੇ ਸਾਲ ਬਾਰੇ ਜਾਣਕਾਰੀ ਨਹੀਂ ਮਿਲਦੀ, ਪਰ ਉਸ ਨੇ ਸੰਨ 1696 ਵਿੱਚ ਆਖ਼ਰੀ ਸਾਹ ਲਏ। ਉਸ ਦੀ ਮੌਤ ਵੀ ਰਹੱਸਮਈ ਸੀ। ਦੰਦਕਥਾ ਹੈ ਕਿ ਆਪਣੀ ਮੌਤ ਤੋਂ ਕੁਝ ਪਲ ਪਹਿਲਾਂ, ਉਹ ਚੁਬਾਰੇ ਦੇ ਕੋਨੇ ਵਿੱਚ ਆਪਣੀ ਧਿਆਨ ਵਾਲੀ ਗੁਫ਼ਾ ਵਿੱਚ ਵਾਪਸ ਚਲਾ ਗਿਆ ਅਤੇ ਦੁਬਾਰਾ ਕਦੇ ਨਹੀਂ ਦੇਖਿਆ ਗਿਆ। ਉਸ ਦੀ ਮੌਤ ਤੋਂ ਬਾਅਦ, ਜਦੋਂ ਭੰਗੀ ਮਿਸਲ ਦੇ ਸਰਦਾਰਾਂ ਦਾ ਸ਼ਾਸਨ ਹੋਇਆ ਤਾਂ ਉਸ ਦੀ ਦੁਕਾਨ ਅਤੇ ਵੱਡੇ ਤੰਬੂ ਵਾਲੀ ਥਾਂ ’ਤੇ ਇੱਕ ਮੰਦਰ ਅਤੇ ਇੱਕ ਧਰਮਸ਼ਾਲਾ ਬਣਾਈ ਗਈ। ਇਸ ਉਸਾਰੀ ਦਾ ਨਾਮ ‘ਛੱਜੂ ਦਾ ਚੌਬਾਰਾ’ ਰੱਖਿਆ ਗਿਆ।
ਉਸ ਦਾ ਚੁਬਾਰਾ ਫ਼ਕੀਰਾਂ ਲਈ ਇੱਕ ਡੇਰਾ ਬਣ ਗਿਆ। ਦਿਨ ਵੇਲੇ ਫ਼ਕੀਰ ਉੱਥੇ ਧਮਾਲ ਪਾਉਂਦੇ ਅਤੇ ਤਾੜੀਆਂ ਦੀ ਗੂੰਜ ਵਿੱਚ ਗਾਉਂਦੇ ਸਨ, ‘‘ਜੋ ਸੁਖ ਛੱਜੂ ਦੇ ਚੁਬਾਰੇ, ਨਾ ਉਹ ਬਲਖ ਨਾ ਬੁਖਾਰੇ।’’
ਇਤਿਹਾਸਕ ਦਸਤਾਵੇਜ਼ਾਂ ਅਨੁਸਾਰ, ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਦੌਰਾਨ ਅਕਸਰ
ਫ਼ਕੀਰਾਂ ਨੂੰ ਮਿਲਣ ਜਾਂਦੇ ਸਨ। ਉਨ੍ਹਾਂ ਨੇ ਛੱਜੂ ਭਗਤ ਦੀ ਯਾਦ ਵਿੱਚ ਇੱਕ ਮੰਦਰ ਵੀ ਬਣਾਇਆ ਅਤੇ ਹਰ ਮਹੀਨੇ ਮੰਦਰ ਤੇ ਫ਼ਕੀਰਾਂ ਲਈ ਇੱਕ ਨਿਸ਼ਚਿਤ ਰਕਮ ਭੇਟ ਕਰਦਾ ਰਿਹਾ। ਅੱਜ ਵੀ ਲੋਕ ਹਰ ਮੰਗਲਵਾਰ ਅਤੇ ਵੀਰਵਾਰ ਨੂੰ ਉੱਥੇ ਬਚੇ ਹੋਏ ਖੰਡਰਾਂ ਅੱਗੇ ਮੱਥਾ ਟੇਕਣ ਜਾਂਦੇ ਹਨ।
ਪੁਰਾਣੇ ਚੁਬਾਰੇ ਦੀਆਂ ਕਾਲਪਨਿਕ ਤਸਵੀਰਾਂ ਹੁਣ ਬਣਾਈਆਂ ਜਾ ਰਹੀਆਂ ਹਨ। ਇੱਕ ਮੁਸਲਿਮ ਇਤਿਹਾਸਕਾਰ ਲਤੀਫ਼ ਨੇ ਪ੍ਰਾਚੀਨ ਜਾਣਕਾਰੀ ਦੇ ਆਧਾਰ ’ਤੇ ਇਨ੍ਹਾਂ ਤਸਵੀਰਾਂ ਨੂੰ ਪ੍ਰਕਾਸ਼ਿਤ ਵੀ ਕੀਤਾ ਹੈ।
ਇਸ ਮੰਦਰ ਬਨਾਮ ਦਰਗਾਹ ਦੇ ਨਾਲ ਉਦਾਸੀ ਸੰਪਰਦਾ ਦੇ ਸੰਤ ਬਾਬਾ ਪ੍ਰੀਤਮ ਦਾਸ ਨੂੰ ਸਮਰਪਿਤ ਛੋਟਾ ਜਿਹਾ ਮੰਦਰ ਵੀ ਸੀ। ਬਾਬਾ ਪ੍ਰੀਤਮ ਦਾਸ ਉਹ ਸੰਤ ਸਨ, ਜਿਨ੍ਹਾਂ ਨੇ ਆਪਣੇ ਸਮੇਂ ਦੇ ਇੱਕ ਪ੍ਰਸਿੱਧ ਸੰਤ ਬਾਬਾ ਭੁੰਮਣ ਸ਼ਾਹ ਨੂੰ ਦੀਖਿਆ ਦਿੱਤੀ ਸੀ। ਬਾਬਾ ਭੁੰਮਣ ਸ਼ਾਹ ਨੂੰ ਅਜੇ ਵੀ ਸਿਰਸਾ, ਫਾਜ਼ਿਲਕਾ, ਅਬੋਹਰ, ਫਤਿਹਾਬਾਦ ਅਤੇ ਹੋਰ ਥਾਵਾਂ ’ਤੇ ਕੰਬੋਜ ਭਾਈਚਾਰੇ ਦੁਆਰਾ ਸਤਿਕਾਰਿਆ ਜਾਂਦਾ ਹੈ।
ਇਹ ਵੀ ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਦੇ ਰਾਜ ਕਾਲ ਦੌਰਾਨ ਦੋ ਥਾਵਾਂ ਨੂੰ ਵਿਸ਼ੇਸ਼ ਅਹਿਮੀਅਤ ਦਿੱਤੀ ਜਾਂਦੀ ਸੀ। ਇੱਕ ਪੀਰ ਆਈਨ-ਉਲ-ਕਮਾਲ ਦਾ ਮਕਬਰਾ ਸੀ ਅਤੇ ਦੂਜਾ ਛੱਜੂ ਭਗਤ ਦਾ ਮੰਦਿਰ ਸੀ।
ਮੇਓ ਹਸਪਤਾਲ ਦੇ ਸਟਾਫ ਕੁਆਰਟਰ ਹੁਣ ਇਸ ਵਿਲੱਖਣ ਜਗ੍ਹਾ ਦੇ ਆਲੇ-ਦੁਆਲੇ ਬਣਾਏ ਗਏ ਹਨ। ਇਸ ਤੱਕ ਪਹੁੰਚਣ ਲਈ ਇਨ੍ਹਾਂ ਕੁਆਰਟਰਾਂ ਵਿਚਕਾਰ ਤੰਗ ਰਸਤਿਆਂ ਵਿੱਚੋਂ ਲੰਘਣਾ ਪੈਂਦਾ ਹੈ। ਹਾਲਾਂਕਿ, ਨਿਸਬਤ ਰੋਡ ਅਤੇ ਰੇਲਵੇ ਰੋਡ ਦੇ ਵਿਚਕਾਰ ਸਥਿਤ ਇਹ ਖੰਡਰ ਹੁਣ ਪੂਜਾ ਸਥਾਨ ਹਨ।
ਇਹ ਖ਼ੁਸ਼ੀ ਦੀ ਗੱਲ ਹੈ ਕਿ ਪਾਕਿਸਤਾਨ ਦਾ ਸੋਸ਼ਲ ਮੀਡੀਆ ਅਤੇ ਕੁਝ ਬੁੱਧੀਜੀਵੀ ਛੱਜੂ ਦੇ ਨਾਮ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਚੌਕਸ ਰਹੇ ਹਨ। ਉਹ ਇਹ ਗੱਲ ਮੰਨਦੇ ਅਤੇ ਪ੍ਰਚਾਰਦੇ ਹਨ ਕਿ ਇਹ ਸਾਡੀ ਵਿਰਾਸਤ ਹੈ।
ਸੰਪਰਕ: 94170-04423