ਕਿਰਨਾਂ ਵਾਲਾ ਸੂਰਜ
ਕਹਾਣੀ
ਜਸਬੀਰ ਸਿੰਘ ਆਹਲੂਵਾਲੀਆ
ਰਮਨ ਦੇ ਘਰ ਚਾਰ ਦੋਸਤਾਂ ਦੀ ਪਾਰਟੀ ਚੱਲ ਰਹੀ ਸੀ। ਕਰੋਨਾ ਮਹਾਂਮਾਰੀ ਦੇ ਕਹਿਰ ਤੋਂ ਬਾਅਦ ਮਸਾਂ ਮਸਾਂ ਇਹ ਚਾਰ ਦੋਸਤ ਇਕੱਠੇ ਹੋਏ ਸਨ। ਸਿਰਫ਼ ਦੋਸਤ, ਇਨ੍ਹਾਂ ਦੀਆਂ ਪਤਨੀਆਂ ਨਹੀਂ। ਰਮਨ ਦੀ ਪਤਨੀ ਇੱਕ ਹਸਪਤਾਲ ਵਿੱਚ ਨਰਸ ਦੀ ਨੌਕਰੀ ਕਰਦੀ ਸੀ ਜਿੱਥੇ ਅੱਜ ਉਸ ਦੀ ਰਾਤ ਦੀ ਡਿਊਟੀ ਸੀ। ਇਸ ਲਈ ਰਮਨ ਦਾ ਘਰ ਹੀ ਚਾਰੇ ਦੋਸਤਾਂ ਨੂੰ ਪਾਰਟੀ ਲਈ ਠੀਕ ਲੱਗਿਆ।
ਗੱਲਾਂ ਬਾਤਾਂ ਹੋ ਰਹੀਆਂ ਸਨ। ਖਾਣ-ਪੀਣ ਦਾ ਦੌਰ ਚੱਲ ਰਿਹਾ ਸੀ। ਘਰ ਦੀ ਬਾਲਕੋਨੀ ਵਿੱਚ ਬੈਠੇ ਇਹ ਚਾਰੇ ਦੋਸਤ ਅਤੇ ਬਾਹਰ ਦਿਸਦੀ ਖ਼ੂਬਸੂਰਤ ਪਹਾੜੀ ਦੇ ਨਜ਼ਾਰੇ ਦਾ ਆਨੰਦ ਮਾਣ ਰਹੇ ਸਨ। ਫਿਰ ਮੀਂਹ ਵੀ ਤਾਂ ਪੈ ਰਿਹਾ ਸੀ ਜੋ ਪਹਾੜੀ ਦੀ ਖ਼ੂਬਸੂਰਤੀ ਵਿੱਚ ਵਾਧਾ ਤਾਂ ਕਰ ਰਿਹਾ ਸੀ, ਪਰ ਨਾਲ ਦੀ ਨਾਲ ਇੱਕ ਮਿੱਠੀ ਮਿੱਠੀ ਸੰਗੀਤਕ ਧੁੰਨ ਵੀ ਪੈਦਾ ਕਰ ਰਿਹਾ ਸੀ। ਵਿੱਚ ਵਿੱਚ ਬੱਦਲਾਂ ਦੇ ਗਰਜਣ ਦੀ ਆਵਾਜ਼ ਆ ਰਹੀ ਸੀ ਜਿਵੇਂ ਕੋਈ ਢੋਲ ਵਜਾ ਰਿਹਾ ਹੋਵੇ। ਫਿਰ ਬਿਜਲੀ ਦੀ ਕੜ ਕੜ ਤੇ ਫਿਰ ਵਿੱਚ ਵਿੱਚ ਤੇਜ਼ ਹਵਾ ਦੀ ਸ਼ਾਂ ਸ਼ਾਂ। ਸਭ ਕੁਝ ਮਿਲਾ ਕੇ ਇੱਕ ਮਿੱਠਾ ਜਿਹਾ ਸੰਗੀਤ ਪੈਦਾ ਹੋ ਰਿਹਾ ਸੀ ਜਿਸ ਦਾ ਚਾਰੇ ਦੋਸਤ ਭਰਪੂਰ ਆਨੰਦ ਲੈ ਰਹੇ ਸਨ।
ਕੁਦਰਤ ਦੇ ਸੰਗੀਤ ਦਾ ਆਨੰਦ ਮਾਣਦੇ ਮਾਣਦੇ ਰਮਨ ਨੇ ਬੌਲੀਵੁੱਡ ਦੀਆਂ ਹਿੰਦੀ ਫਿਲਮਾਂ ਦੇ ਗੀਤ ਲਾ ਦਿੱਤੇ। ਗੀਤ ਚੱਲਣ ਲੱਗੇ। ਮੁਹੰਮਦ ਰਫ਼ੀ ਤੇ ਕਿਸ਼ੋਰ ਕੁਮਾਰ ਦੇ ਗੀਤ, ਲਤਾ ਮੰਗੇਸ਼ਕਰ ਤੇ ਆਸ਼ਾ ਭੌਸਲੇ ਦੇ ਗੀਤ, ਮੁਕੇਸ਼ ਤੇ ਮੰਨਾ ਡੇ ਦੇ ਗੀਤ। ਬਸ ਗੀਤ ਚੱਲੀ ਜਾ ਰਹੇ ਸਨ। ਪਾਰਟੀ ਵੀ ਚੱਲੀ ਜਾ ਰਹੀ ਸੀ। ਦੋਸਤ ਪਾਰਟੀ ਦਾ ਪੂਰਾ ਆਨੰਦ ਲੈ ਰਹੇ ਸਨ। ਮੁਹੰਮਦ ਰਫ਼ੀ ਦਾ ਇੱਕ ਗੀਤ ਸ਼ੁਰੂ ਹੋਇਆ;
ਆਜ ਮੌਸਮ ਬੜਾ ਬੇਈਮਾਨ ਹੈ, ਬੜਾ ਬੇਈਮਾਨ ਹੈ।
ਆਨੇ ਵਾਲਾ ਕੋਈ ਤੂਫ਼ਾਨ ਹੈ, ਕੋਈ ਤੂਫ਼ਾਨ ਹੈ।
ਗੀਤ ਕੰਨਾਂ ਵਿੱਚ ਪੈਂਦਿਆਂ ਹੀ ਦੋਸਤਾਂ ਦੀਆਂ ਗੱਲਾਂ ਦਾ ਵਿਸ਼ਾ ਹੀ ਬਦਲ ਗਿਆ। ਚਾਰੇ ਦੋਸਤ ਥੋੜ੍ਹਾ ਜਿਹਾ ਗੰਭੀਰ ਵੀ ਹੋ ਗਏ। ਇੱਕ ਕਹਿਣ ਲੱਗਾ, ‘‘ਯਾਰੋ! ਵਾਕਿਆ ਹੀ ਅੱਜ ਦਾ ਮੌਸਮ ਬੜਾ ਬੇਈਮਾਨ ਹੈ।’’
ਦੂਜੇ ਨੇ ਕਿਹਾ, ‘‘ਤੁਹਾਨੂੰ ਪਤਾ ਹੈ ਕਿ ਲਿਯਮੋਰ ਸ਼ਹਿਰ ਵਿੱਚ ਹੜ੍ਹ ਆ ਗਿਆ ਹੈ। ਬਹੁਤ ਤਬਾਹੀ ਹੋਈ ਹੈ ਉੱਥੇ।’’
ਤੀਜੇ ਨੇ ਕਿਹਾ, ‘‘ਪਿਛਲੇ ਦਸਾਂ ਕੁ ਦਿਨਾਂ ਤੋਂ ਲਗਾਤਾਰ ਏਨੀ ਤੇਜ਼ ਮੀਂਹ ਪੈ ਰਿਹਾ ਹੈ, ਤੂਫ਼ਾਨ ਵੀ ਆ ਰਿਹਾ ਹੈ। ਇਸ ਨਾਲ ਹੜ੍ਹ ਨਹੀਂ ਆਵੇਗਾ ਤੇ ਹੋਰ ਕੀ ਆਵੇਗਾ?’’
ਹਰਜੋਤ ਸਮੋਸਿਆਂ ਵਾਲੀ ਪਲੇਟ ਫੜਦਿਆਂ ਕਹਿਣ ਲੱਗਾ, ‘‘ਮੇਰੀ ਤਾਂ ਸਮਝ ਵਿੱਚ ਕੁਝ ਨਹੀਂ ਆ ਰਿਹਾ ਕਿ ਇਸ ਮੌਸਮ ਦੀ ਮਰਜ਼ੀ ਕੀ ਹੈ? ਜਾਪਦੈ ਬਹੁਤ ਤਬਾਹੀ ਕਰੇਗਾ, ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਹੈ? ਰੱਬ ਹੈ ਵੀ ਕਿ ਨਹੀਂ?’’
ਪਹਿਲੇ ਦੋਸਤ ਨੇ ਵਿਸਕੀ ਦੀ ਚੁਸਕੀ ਲੈਂਦਿਆਂ ਫਿਰ ਕਿਹਾ, ‘‘ਤੁਹਾਨੂੰ ਪਤਾ ਹੈ ਕਿ ਵੈਂਟੀ ਵਿੱਚ ਇੱਕ ਮਾਂ ਤੇ ਪੁੱਤ ਹੜ੍ਹ ਦੀ ਲਪੇਟ ਵਿੱਚ ਆ ਕੇ ਇਹ ਦੁਨੀਆ ਹੀ ਛੱਡ ਗਏ ਨੇ।’’
ਮਾਂ ਤੇ ਪੁੱਤ ਦੀ ਬੁਰੀ ਖ਼ਬਰ ਸੁਣ ਕੇ ਹਰਜੋਤ ਨੂੰ ਆਪਣੀ ਪਤਨੀ ਚੇਤਨ ਤੇ ਚਾਰ ਕੁ ਸਾਲਾਂ ਦੀ ਧੀ ਰੋਜ਼ੀ ਦਾ ਖ਼ਿਆਲ ਆ ਗਿਆ, ਜਿਸ ਨੂੰ ਉਹ ਪਿਆਰ ਨਾਲ ‘ਗੁੱਡੋ ਰਾਣੀ’ ਕਹਿ ਕੇ ਬੁਲਾਉਂਦਾ ਸੀ।
‘‘ਮੇਰੀ ਗੁੱਡੋ ਰਾਣੀ ਦਾ ਤਾਂ ਇਹੋ ਜਿਹੇ ਮੌਸਮ ਤੋਂ ਡਰ ਕੇ ਬੁਰਾ ਹਾਲ ਹੋ ਗਿਆ ਹੋਵੇਗਾ। ਪਤਾ ਨਹੀਂ ਚੇਤਨ ਉਸ ਨੂੰ ਕਿਵੇਂ ਸੰਭਾਲਦੀ ਹੋਵੇਗੀ ਤੇ ਪਤਾ ਨਹੀਂ ਉਸ ਨੇ ਕੁਝ ਖਾਧਾ ਪੀਤਾ ਵੀ ਹੋਵੇਗਾ ਕਿ ਨਹੀਂ?’’
ਰੋਜ਼ੀ ਦੇ ਖਾਣ-ਪੀਣ ਦਾ ਖ਼ਿਆਲ ਆਉਂਦਿਆਂ ਹੀ ਹਰਜੋਤ ਨੇ ਆਪਣੇ ਹੱਥ ਵਿੱਚ ਫੜੀ ਸਮੋਸਿਆਂ ਦੀ ਪਲੇਟ ਨੂੰ ਵਾਪਸ ਮੇਜ਼ ’ਤੇ ਰੱਖ ਦਿੱਤਾ। ਉਸ ਨੇ ਆਪਣੇ ਆਪ ਨੂੰ ਝਿੜਕਿਆ, ‘‘ਹਰਜੋਤ ! ਤੈਨੂੰ ਇਹੋ ਜਿਹੇ ਮੌਸਮ ਵਿੱਚ ਚੇਤਨ ਤੇ ਰੋਜ਼ੀ ਨੂੰ ਘਰ ਛੱਡ ਕੇ ਨਹੀਂ ਸੀ ਆਉਣਾ ਚਾਹੀਦਾ।’’ ਉਸ ਨੇ ਆਪਣੀ ਘੜੀ ’ਤੇ ਵਕਤ ਵੇਖਿਆ। ਰਾਤ ਦੇ ਸਵਾ ਸੱਤ ਵੱਜੇ ਸਨ। ਉਸ ਨੂੰ ਰਮਨ ਦੇ ਘਰ ਤੋਂ ਆਪਣੇ ਘਰ ਪਹੁੰਚਦਿਆਂ ਤਕਰੀਬਨ ਇੱਕ ਘੰਟਾ ਲੱਗਦਾ ਸੀ, ਪਰ ਅੱਜ ਦੇ ਖ਼ਰਾਬ ਮੌਸਮ ਵਿੱਚ ਪਤਾ ਨਹੀਂ ਕਿੰਨਾ ਵਕਤ ਲੱਗ ਜਾਏ। ਕਾਰ ਵੀ ਤਾਂ ਸੰਭਲ ਸੰਭਲ ਕੇ ਚਲਾਉਣੀ ਪਏਗੀ।
ਹਰਜੋਤ ਆਪਣੀ ਕੁਰਸੀ ਤੋਂ ਉੱਠਿਆ। ਦੋਸਤਾਂ ਨੂੰ ਅਲਵਿਦਾ ਕਿਹਾ ਤੇ ਪਾਰਟੀ ਵਿੱਚ ਹੀ ਛੱਡ ਕੇ ਆਪਣੇ ਘਰ ਨੂੰ ਤੁਰ ਪਿਆ। ਦੋਸਤ ਉਸ ਨੂੰ ਰੋਕਦੇ ਰਹੇ, ਪਰ ਉਹ ਨਾ ਰੁਕਿਆ। ਉਹ ਆਪਣੀ ਚੇਤਨ ਅਤੇ ਆਪਣੀ ਲਾਡਲੀ ਧੀ ਗੁੱਡੋ ਰਾਣੀ ਕੋਲ ਜਲਦੀ ਤੋਂ ਜਲਦੀ ਤੇ ਠੀਕ ਠਾਕ ਪਹੁੰਚ ਜਾਣਾ ਚਾਹੁੰਦਾ ਸੀ ਤੇ ਕੋਈ ਡੇਢ ਕੁ ਘੰਟੇ ਬਾਅਦ ਉਹ ਠੀਕ ਠਾਕ ਪਹੁੰਚ ਵੀ ਗਿਆ।
ਹਰਜੋਤ ਜਿਉਂ ਹੀ ਘਰ ਦੇ ਅੰਦਰ ਦਾਖਲ ਹੋਇਆ, ਉਸ ਦੀ ਗੁੱਡੋ ਰਾਣੀ ਦੌੜ ਕੇ ਪਾਪਾ ਪਾਪਾ ਕਰਦੀ ਉਸ ਦੀਆਂ ਲੱਤਾਂ ਨੂੰ ਚਿੰਬੜ ਗਈ। ਹਰਜੋਤ ਨੇ ਚੁੱਕ ਕੇ ਉਸ ਨੂੰ ਆਪਣੇ ਗਲ ਨਾਲ ਲਾ ਲਿਆ। ਰੋਜ਼ੀ ਨੇ ਘੁੱਟ ਕੇ ਪਾਪਾ ਨੂੰ ਜੱਫੀ ਪਾ ਲਈ। ਹਰਜੋਤ ਨੇ ਉਸ ਨੂੰ ਆਪਣੇ ਕੁੱਛੜੋਂ ਉਤਾਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਕੰਮ ਵਿੱਚ ਉਸ ਨੂੰ ਤੇ ਚੇਤਨ ਨੂੰ ਥੋੜ੍ਹੀ ਮਿਹਨਤ ਕਰਨੀ ਪਈ। ਚੇਤਨ ਨੇ ਦੱਸਿਆ ਕਿ ਰੋਜ਼ੀ ਮੀਂਹ ਹਨੇਰੀ, ਬਿਜਲੀ ਤੇ ਬੱਦਲਾਂ ਦੀ ਆਵਾਜ਼ ਤੋਂ ਬਹੁਤ ਡਰ ਰਹੀ ਹੈ। ਹਰਜੋਤ ਨੇ ਪੁੱਛਿਆ ਕਿ ਉਸ ਨੇ ਕੁਝ ਖਾ ਪੀ ਲਿਆ ਹੈ ਕਿ ਨਹੀਂ?
ਚੇਤਨ ਨੇ ਦੱਸਿਆ ਕਿ ਉਸ ਨੇ ਗੁੱਡੋ ਰਾਣੀ ਦੇ ਤਰਲੇ ਮਿੰਨਤਾਂ ਕਰ ਕੇ ਖਾਣਾ ਖਵਾ ਦਿੱਤਾ ਹੈ। ਦੋਵੇਂ ਮੰਮੀ-ਪਾਪਾ ਰੋਜ਼ੀ ਨੂੰ ਲੈ ਕੇ ਲਾਊਂਜ ਰੂਮ ਦੇ ਸੋਫ਼ੇ ’ਤੇ ਬੈਠ ਗਏ। ਰੋਜ਼ੀ ਆਪਣੀ ਮੰਮੀ ਦੀ ਗੋਦੀ ਵਿੱਚ ਬੈਠ ਗਈ ਤੇ ਹਰਜੋਤ ਨੇ ਉਸ ਨੂੰ ਦਿਲਾਸਾ ਦਿੰਦਿਆਂ ਸਮਝਾਇਆ ਕਿ ਉਸ ਨੂੰ ਇਹੋ ਜਿਹੇ ਖ਼ਰਾਬ ਮੌਸਮ ਤੋਂ ਬਿਲਕੁਲ ਨਹੀਂ ਡਰਨਾ ਚਾਹੀਦਾ। ਹਰਜੋਤ ਨੇ ਰੋਜ਼ੀ ਨੂੰ ਛੋਟੀਆਂ ਛੋਟੀਆਂ ਬਾਲ ਕਹਾਣੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ। ਆਖ਼ਰ ਕਹਾਣੀਆਂ ਸੁਣਦਿਆਂ ਸੁਣਦਿਆਂ ਰੋਜ਼ੀ ਨੂੰ ਨੀਂਦ ਆ ਹੀ ਗਈ ਤੇ ਉਹ ਆਪਣੀ ਮੰਮੀ ਦੀ ਗੋਦ ਵਿੱਚ ਹੀ ਸੌਂ ਗਈ।
ਰਾਤ ਕਾਫ਼ੀ ਹੋ ਗਈ ਸੀ। ਪਿਛਲੇ ਘੰਟੇ ਕੁ ਤੋਂ ਮੀਂਹ ਬੰਦ ਹੋਇਆ ਪਿਆ ਸੀ। ਨਾ ਬਿਜਲੀ ਦੀ ਕੜ ਕੜ, ਨਾ ਬੱਦਲਾਂ ਦੀ ਗੜ ਗੜ ਅਤੇ ਨਾ ਹੀ ਹਨੇਰੀ ਦੀ ਸ਼ਾਂ ਸ਼ਾਂ। ਬਹੁਤ ਹੀ ਸ਼ਾਂਤੀ ਮਹਿਸੂਸ ਹੋ ਰਹੀ ਸੀ। ਜਿਉਂ ਹੀ ਹਰਜੋਤ ਤੇ ਚੇਤਨ ਰੋਜ਼ੀ ਨੂੰ ਲੈ ਕੇ ਸੌਣ ਵਾਲੇ ਕਮਰੇ ਵਿੱਚ ਗਏ, ਇਕਦਮ ਬਹੁਤ ਹੀ ਜ਼ੋਰ ਨਾਲ ਬਿਜਲੀ ਦੇ ਕੜਕਣ ਦੀ ਆਵਾਜ਼ ਆਈ ਅਤੇ ਨਾਲ ਬਹੁਤ ਜ਼ੋਰ ਨਾਲ ਬੱਦਲ ਗਰਜ ਪਏ। ਮੀਂਹ ਵੀ ਜ਼ੋਰ ਨਾਲ ਸ਼ੁਰੂ ਹੋ ਗਿਆ। ਰੋਜ਼ੀ ਇਕਦਮ ਚੀਕ ਮਾਰ ਕੇ ਜਾਗ ਪਈ। ਪਾਪਾ ਪਾਪਾ ਕਹਿੰਦੀ ਹੋਈ ਨੇ ਆਪਣੀਆਂ ਬਾਹਵਾਂ ਪਾਪਾ ਵੱਲ ਕਰ ਦਿੱਤੀਆਂ। ਉਸ ਨੂੰ ਆਪਣੀ ਮੰਮੀ ਨਾਲੋਂ ਆਪਣੇ ਪਾਪਾ ਦੀ ਗੋਦੀ ਵਿੱਚ ਜ਼ਿਆਦਾ ਸੁਰੱਖਿਆ ਮਹਿਸੂਸ ਹੁੰਦੀ ਸੀ। ਹਰਜੋਤ ਨੇ ਵੀ ਰੋਜ਼ੀ ਨੂੰ ‘‘ਆ ਮੇਰੀ ਗੁੱਡੋ ਰਾਣੀ’’ ਕਹਿੰਦਿਆਂ ਹੋਇਆਂ ਘੁੱਟ ਕੇ ਆਪਣੇ ਗਲ ਨਾਲ ਲਾ ਲਿਆ।
ਬਾਹਰ ਮੀਂਹ ਵਰ੍ਹਦਾ ਰਿਹਾ। ਬਿਜਲੀ ਦੀ ਕੜ ਕੜ ਹੁੰਦੀ ਰਹੀ, ਪਰ ਰੋਜ਼ੀ ਆਪਣੇ ਪਾਪਾ ਦੀ ਗੋਦੀ ਵਿੱਚ ਸੁਰੱਖਿਅਤ ਮਹਿਸੂਸ ਕਰਦੀ ਹੋਈ ਸੌਂ ਰਹੀ ਸੀ। ਸਾਰੇ ਦਿਨ ਦੀ ਥੱਕੀ ਹਾਰੀ ਚੇਤਨ ਵੀ ਜਲਦੀ ਹੀ ਸੌਂ ਗਈ। ਹਰਜੋਤ ਨੇ ਰੋਜ਼ੀ ਨੂੰ ਆਪਣੀ ਬੁੱਕਲ ਵਿੱਚੋਂ ਕੱਢ ਕੇ ਹੌਲੀ ਜਿਹੀ ਚੇਤਨ ਨਾਲ ਲੰਮਿਆਂ ਪਾ ਦਿੱਤਾ। ਦੋਵੇਂ ਮਾਵਾਂ ਧੀਆਂ ਸੌਂ ਰਹੀਆਂ ਸਨ, ਪਰ ਹਰਜੋਤ ਦੀਆਂ ਅੱਖਾਂ ਵਿੱਚ ਨੀਂਦ ਬਿਲਕੁਲ ਨਹੀਂ ਸੀ। ਉਹ ਕੁਝ ਦੇਰ ਤਾਂ ਚੇਤਨ ਤੇ ਰੋਜ਼ੀ ਨੂੰ ਸੁੱਤਿਆਂ ਪਿਆਂ ਵੇਖਦਾ ਰਿਹਾ, ਫਿਰ ਉਸ ਨੇ ਸਾਰੇ ਕਮਰੇ ਵਿੱਚ ਨਜ਼ਰ ਘੁਮਾਈ। ਬਾਹਰ ਮੀਂਹ ਜ਼ੋਰ ਸ਼ੋਰ ਨਾਲ ਵਰ੍ਹ ਰਿਹਾ ਸੀ, ਬਿਜਲੀ ਵੀ ਜਦੋਂ ਕੜਕਦੀ ਤਾਂ ਜ਼ੋਰਾਂ ਨਾਲ ਕੜਕਦੀ, ਬੱਦਲ ਵੀ ਜ਼ੋਰਾਂ ਨਾਲ ਗਰਜਦੇ ਅਤੇ ਤੇਜ਼ ਹਵਾ ਵੀ ਇਸ ਡਰਾਉਣੇ ਮਾਹੌਲ ਵਿੱਚ ਆਪਣਾ ਹਿੱਸਾ ਪਾ ਰਹੀ ਸੀ।
ਹਰਜੋਤ ਨੂੰ ਡਰ ਜਿਹਾ ਲੱਗਣ ਲੱਗ ਪਿਆ। ਉਹ ਸੱਚੀਂ ਮੁੱਚੀਂ ਹੀ ਡਰਨ ਲੱਗ ਪਿਆ। ਉਸ ਨੂੰ ਲਿਯਮੋਰ ਸ਼ਹਿਰ ਦੀ ਹੜ੍ਹ ਤੇ ਵੈਂਟੀ ਵਿੱਚ ਮਾਂ-ਪੁੱਤ ਦਾ ਹੜ੍ਹ ਦੀ ਲਪੇਟ ਵਿੱਚ ਆ ਕੇ ਇਸ ਦੁਨੀਆ ਨੂੰ ਛੱਡ ਜਾਣਾ...ਸਭ ਯਾਦ ਆਉਣ ਲੱਗਾ। ਉਹ ਫਿਰ ਸੋਚਣ ਲੱਗਾ, ਪਿਛਲੇ ਦਸ ਕੁ ਦਿਨਾਂ ਤੋਂ ਇਹ ਮੌਸਮ ਤਬਾਹੀ ਮਚਾ ਰਿਹਾ ਹੈ। ਸੂਰਜ ਦੇਵਤਾ ਦੇ ਦਰਸ਼ਨ ਕੀਤਿਆਂ ਵੀ ਏਨੇ ਕੁ ਦਿਨ ਤਾਂ ਹੋ ਹੀ ਗਏ ਹਨ। ਰੋਜ਼ੀ ਨੇ ਵੀ ਇੱਕ ਦਿਨ ਉਸ ਨੂੰ ਪੁੱਛਿਆ ਸੀ ਕਿ ਪਾਪਾ! ਸੂਰਜ ਕਦੋਂ ਸਾਡੇ ਘਰ ਆਏਗਾ? ਹਰਜੋਤ ਨੇ ਅੱਗੋਂ ਹੱਸ ਕੇ ਟਾਲ ਦਿੱਤਾ ਸੀ। ਉਸ ਨੇ ਫਿਰ ਮਾਵਾਂ ਧੀਆਂ ਨੂੰ ਸੁੱਤਿਆਂ ਪਿਆਂ ਵੇਖਿਆ। ਉਸ ਦੇ ਬੁੱਲ੍ਹਾਂ ’ਤੇ ਇੱਕ ਮੁਸਕਰਾਹਟ ਆਈ। ਉਸ ਨੇ ਇੱਕ ਵਾਰੀ ਫਿਰ ਸਾਰੇ ਕਮਰੇ ਵਿੱਚ ਨਜ਼ਰ ਘੁੰਮਾਈ। ਉਸ ਨੂੰ ਆਪਣੇ ਬਚਪਨ ਵਾਲਾ ਘਰ ਯਾਦ ਆਉਣ ਲੱਗਾ।
ਵਿਚਾਰਾਂ ਦੇ ਹੜ੍ਹ ਵਿੱਚ ਡੁੱਬਦਾ ਡੁੱਬਦਾ ਹਰਜੋਤ ਉਨ੍ਹਾਂ ਹੜ੍ਹ ਦੇ ਦਿਨਾਂ ਵਿੱਚ ਪਹੁੰਚ ਗਿਆ ਜਦੋਂ ਉਹ ਪੰਜ ਕੁ ਸਾਲ ਦਾ ਹੁੰਦਾ ਸੀ। ਉਹ ਆਪਣੇ ਮਾਂ-ਬਾਪ ਨਾਲ ਅੰਮ੍ਰਿਤਸਰ ਦੀ ਇੱਕ ਨੀਵੀਂ ਗਲੀ ਵਿੱਚ ਇੱਕ ਤਿੰਨ ਮੰਜ਼ਿਲਾ ਮਕਾਨ ਦੀ ਤੀਜੀ ਮੰਜ਼ਿਲ ਵਿੱਚ ਕਿਰਾਏ ’ਤੇ ਰਹਿੰਦਾ ਸੀ। ਬੜਾ ਜ਼ੋਰਦਾਰ ਹੜ੍ਹ ਆਇਆ ਸੀ। ਉਨ੍ਹਾਂ ਦੀ ਇਸ ਨੀਵੀਂ ਗਲੀ ਵਿੱਚ ਏਨਾ ਜ਼ਿਆਦਾ ਪਾਣੀ ਆ ਗਿਆ ਸੀ ਕਿ ਮਕਾਨ ਦੀ ਪਹਿਲੀ ਮੰਜ਼ਿਲ ਪਾਣੀ ਵਿੱਚ ਡੁੱਬੀ ਨਹੀਂ ਸੀ, ਪਰ ਡੁੱਬਣ ਵਾਲੀ ਜ਼ਰੂਰ ਹੋ ਗਈ ਸੀ। ਬਸ ਪਤਾ ਨਹੀਂ ਕਿਉਂ ਇਹ ਛੋਟਾ ਜਿਹਾ ਪਰਿਵਾਰ ਤੀਜੀ ਮੰਜ਼ਿਲ ’ਤੇ ਫਸ ਗਿਆ ਸੀ।
ਰਾਤ ਦਾ ਵਕਤ ਸੀ। ਮੀਂਹ ਬਹੁਤ ਜ਼ੋਰ ਨਾਲ ਵਰ੍ਹ ਰਿਹਾ ਸੀ। ਬਿਜਲੀ ਬਹੁਤ ਜ਼ੋਰ ਨਾਲ ਕੜਕ ਰਹੀ ਸੀ। ਬੱਦਲ ਬਹੁਤ ਜ਼ੋਰ ਨਾਲ ਗਰਜ ਰਹੇ ਸਨ। ਹਵਾ ਦੀ ਸ਼ਾਂ ਸ਼ਾਂ ਵੀ ਡਰਾ ਰਹੀ ਸੀ। ਨੀਵੀਂ ਗਲੀ ਵਿੱਚ ਦੋ ਕੱਚੇ ਮਕਾਨ ਤਾਂ ਢਹਿ ਵੀ ਚੁੱਕੇ ਸਨ। ਹਰਜੋਤ ਦੇ ਮਾਂ-ਬਾਪ ਜਿਨ੍ਹਾਂ ਨੂੰ ਉਹ ਬੀਜੀ ਤੇ ਭਾਪਾ ਜੀ ਕਹਿ ਕੇ ਬੁਲਾਉਂਦਾ ਸੀ, ਬਹੁਤ ਡਰੇ ਹੋਏ ਤੇ ਘਬਰਾਏ ਹੋਏ ਸਨ ਅਤੇ ਉਨ੍ਹਾਂ ਤੋਂ ਜ਼ਿਆਦਾ ਡਰਿਆ ਹੋਇਆ ਤੇ ਸਹਿਮਿਆ ਹੋਇਆ ਸੀ ਇਹ ਛੋਟਾ ਜਿਹਾ ਬਾਲ ਹਰਜੋਤ ਆਪ।
ਘਰ ਦੇ ਅਗਲੇ ਪਾਸੇ ਇੱਕ ਬੈਠਕ ਸੀ ਜਿਸ ਦੀਆਂ ਬਾਰੀਆਂ ਵਿੱਚੋਂ ਬਾਹਰ ਗਲੀ ਵਿੱਚ ਵੇਖਿਆ ਜਾ ਸਕਦਾ ਸੀ। ਗਲੀ ਤਾਂ ਇੱਕ ਨਹਿਰ ਬਣੀ ਹੋਈ ਸੀ। ਬੈਠਕ ਵਿੱਚੋਂ ਹੀ ਇੱਕ ਦਰਵਾਜ਼ਾ ਰਸੋਈ ਵਿੱਚ ਖੁੱਲ੍ਹਦਾ ਸੀ। ਸਾਰੇ ਘਰ ਵਿੱਚ ਇੱਕ ਰਸੋਈ ਹੀ ਸੀ ਜਿਸ ਨੂੰ ਸੁਰੱਖਿਅਤ ਸਮਝਿਆ ਜਾ ਸਕਦਾ ਸੀ। ਭਾਪਾ ਜੀ ਤੇ ਬੀਜੀ ਨੇ ਆਪਣੇ ਇਕਲੌਤੇ ਬੱਚੇ ਨੂੰ ਨਾਲ ਲਿਆ ਤੇ ਰਸੋਈ ਵਿੱਚ ਦਰੀਆਂ ਵਿਛਾ ਕੇ ਬੈਠ ਗਏ। ਹਰਜੋਤ ਨੂੰ ਚੰਗੀ ਤਰ੍ਹਾਂ ਯਾਦ ਆਇਆ ਕਿ ਉਹ ਇਕਦਮ ਡਰਿਆ ਤੇ ਸਹਿਮਿਆ ਹੋਇਆ ਆਪਣੇ ਬੀਜੀ ਦੀ ਗੋਦ ਵਿੱਚ ਬੈਠਾ ਸੀ। ਭਾਪਾ ਜੀ ਦੇ ਮੂੰਹੋਂ ਨਿਕਲਿਆ ਸੀ, ‘‘ਇਹ ਮੌਸਮ ਤਾਂ ਤਬਾਹੀ ਕਰ ਕੇ ਛੱਡੇਗਾ। ਪਤਾ
ਨਹੀਂ ਵਾਹਿਗੁਰੂ ਨੂੰ ਕੀ ਮਨਜ਼ੂਰ ਹੈ? ਪਤਾ ਨਹੀਂ ਵਾਹਿਗੁਰੂ ਹੈ ਵੀ ਕਿ ਨਹੀਂ?’’
ਬੀਜੀ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ। ਹਰਜੋਤ ਵਾਹਿਗੁਰੂ ਵਾਹਿਗੁਰੂ ਸੁਣਦਾ ਸੁਣਦਾ ਪਤਾ ਨਹੀਂ ਕਿਹੜੇ ਵੇਲੇ ਬੀਜੀ ਦੀ ਗੋਦ ਵਿੱਚ ਸੌਂ ਗਿਆ। ਪਤਾ ਨਹੀਂ ਕਿਹੜੇ ਵੇਲੇ ਹਰਜੋਤ ਆਪਣੇ ਬਚਪਨ ਦੀਆਂ ਹੜ੍ਹ ਮਾਰੀਆਂ ਯਾਦਾਂ ਵਿੱਚੋਂ ਵਾਪਸ ਆ ਗਿਆ। ਚੇਤਨ ਤੇ ਰੋਜ਼ੀ ਨੂੰ ਸੁੱਤਿਆਂ ਵੇਖ ਕੇ ਉਸ ਨੂੰ ਇੱਕ ਤਸੱਲੀ ਜਿਹੀ ਹੋਈ। ਉਸ ਨੂੰ ਖ਼ੁਦ ਵੀ ਪਤਾ ਨਾ ਲੱਗਿਆ ਕਿ ਉਹ ਕਿਹੜੇ ਵੇਲੇ ਸੌਂ ਗਿਆ।
ਸਵੇਰ ਹੋ ਗਈ। ਚੇਤਨ ਜਾਗ ਤਾਂ ਪਈ ਸੀ, ਪਰ ਅਜੇ ਬਿਸਤਰੇ ਵਿੱਚ ਹੀ ਪਲਸੇਟੇ ਮਾਰ ਰਹੀ ਸੀ। ਕਦੇ ਰੋਜ਼ੀ ਨੂੰ ਸੁੱਤਿਆਂ ਵੇਖਦੀ ਤੇ ਕਦੇ ਹਰਜੋਤ ਨੂੰ। ਦੋਵਾਂ ਨੂੰ ਸੁੱਤਿਆਂ ਵੇਖ ਕੇ ਉਸ ਦੇ ਮਨ ਨੂੰ ਇੱਕ ਖ਼ੁਸ਼ੀ ਜਿਹੀ ਮਹਿਸੂਸ ਹੋਈ। ਉਹ ‘ਵਾਹਿਗੁਰੂ ਤੇਰਾ ਸ਼ੁਕਰ ਹੈ’ ਕਹਿੰਦੀ ਹੋਈ ਬਿਸਤਰੇ ਵਿੱਚੋਂ ਉੱਠੀ ਤੇ ਕਮਰੇ ਦੇ ਪਰਦੇ ਖੋਲ੍ਹ ਦਿੱਤੇ। ਬਾਹਰ ਸੂਰਜ ਚੜ੍ਹ ਰਿਹਾ ਸੀ। ਉਸ ਦੀਆਂ ਕਿਰਨਾਂ ਥੋੜ੍ਹਾ ਥੋੜ੍ਹਾ ਚਾਨਣ ਕਰ ਰਹੀਆਂ ਸਨ। ਚੇਤਨ ਗੁਸਲਖ਼ਾਨੇ ਵਿੱਚ ਗਈ ਅਤੇ ਬਾਹਰ ਆ ਕੇ ਫਿਰ ਰਸੋਈ ਵਿੱਚ ਚਲੀ ਗਈ। ਸ਼ਾਇਦ ਹਰ ਰੋਜ਼ ਵਾਂਗ ਚਾਹ ਬਣਾ ਕੇ ਲਿਆਏਗੀ ਤੇ ਬੜੇ ਪਿਆਰ ਨਾਲ ਹਰਜੋਤ ਨੂੰ ਜਗਾਏਗੀ। ਹਰਜੋਤ ਸ਼ਾਇਦ ਥੋੜ੍ਹਾ ਹੋਰ ਸੌਂ ਲੈਂਦਾ ਜੇ ਰੋਜ਼ੀ ਦੀ ਚੀਕ ਉਸ ਨੂੰ ਜਗਾ ਨਾ ਦਿੰਦੀ।
‘‘ਪਾਪਾ...ਪਾਪਾ...’’ ਰੋਜ਼ੀ ਦੀ ਇਕਦਮ ਚੀਕ ਨਿਕਲੀ। ਸ਼ਾਇਦ ਕੋਈ ਡਰਾਉਣਾ ਸੁਪਨਾ ਵੇਖ ਲਿਆ ਹੋਵੇਗਾ। ਚੀਕ ਦੀ ਆਵਾਜ਼ ਤੋਂ ਹਰਜੋਤ ਤ੍ਰਭਕ ਕੇ ਜਾਗਿਆ ਤੇ ‘‘ਆ ਮੇਰੀ ਗੁੱਡੋ ਰਾਣੀ’’ ਕਹਿੰਦਿਆਂ ਹੋਇਆਂ ਰੋਜ਼ੀ ਨੂੰ ਆਪਣੇ ਗਲ ਨਾਲ ਲਾ ਲਿਆ। ਰੋਜ਼ੀ ਨੇ ਵੀ ਘੁੱਟ ਕੇ ਪਾਪਾ ਨੂੰ ਜੱਫੀ ਪਾ ਲਈ। ਰੋਜ਼ੀ ਦੀ ਚੀਕ ਸੁਣ ਕੇ ਚੇਤਨ ਵੀ ਰਸੋਈ ਵਿੱਚੋਂ ਦੌੜੀ ਹੋਈ ਆਈ। ਰੋਜ਼ੀ ਨੇ ਪਾਪਾ ਨਾਲ ਜੱਫੀ ਨੂੰ ਹੋਰ ਵੀ ਘੁੱਟ ਲਿਆ ਤੇ ਹੌਲੀ ਜਿਹੀ ਆਵਾਜ਼ ਵਿੱਚ ਪੁੱਛਿਆ, ‘‘ਪਾਪਾ! ਮੌਸਮ ਠੀਕ ਹੋ ਗਿਐ?’’
‘‘ਹਾਂ ਮੇਰੇ ਬੱਚੇ! ਮੇਰੀ ਗੁੱਡੋ ਰਾਣੀ! ਬਾਹਰ ਤਾਂ ਸੂਰਜ ਵੀ ਨਿਕਲ ਆਇਆ। ਆਹ ਦੇਖ! ਢੇਰ ਸਾਰੀਆਂ ਕਿਰਨਾਂ ਸਾਡੇ ਘਰ ਆ ਗਈਆਂ ਨੇ।’’
ਪਾਪਾ ਨੇ ਰੋਜ਼ੀ ਨੂੰ ਤਸੱਲੀ ਦਿਵਾਈ। ਕਮਰੇ ਵਿੱਚ ਕਿਰਨਾਂ ਦੇ ਚਾਨਣ ਨੂੰ ਵੇਖ ਕੇ ਪਹਿਲਾਂ ਤਾਂ ਰੋਜ਼ੀ ਥੋੜ੍ਹਾ ਜਿਹਾ ਮੁਸਕਰਾਈ ਤੇ ਫਿਰ ਜ਼ੋਰ ਨਾਲ ਹੱਸਦੀ ਹੋਈ ਨੇ ਪਾਪਾ ਨੂੰ ਹੋਰ ਵੀ ਘੁੱਟ ਕੇ ਜੱਫੀ ਵਿੱਚ ਲੈ ਲਿਆ। ਫਿਰ ਉਸ ਨੇ ਆਪਣੀ ਮੰਮੀ ਵੱਲ ਵੇਖਿਆ ਤੇ ਕਹਿਣ ਲੱਗੀ;
‘‘ਮੰਮੀ! ਮੇਰਾ ਹੱਥ ਘੁੱਟ ਕੇ ਫੜ ਲਓ।’’ ਰੋਜ਼ੀ ਨੇ ਆਪਣਾ ਹੱਥ ਮੰਮੀ ਵੱਲ ਵਧਾ ਦਿੱਤਾ ਤੇ ਮੰਮੀ ਨੇ ਰੋਜ਼ੀ ਦਾ ਹੱਥ ਘੁੱਟ ਕੇ ਫੜ ਲਿਆ। ਰੋਜ਼ੀ ਫਿਰ ਕਹਿਣ ਲੱਗੀ,
‘‘ਮੰਮੀ! ਹੁਣ ਤੁਸੀਂ ਇਸ ਮੌਸਮ ਤੋਂ ਬਿਲਕੁਲ ਨਾ ਡਰਨਾ। ਵੇਖੋ ਮੰਮੀ! ਕਿਰਨਾਂ ਵਾਲਾ ਸੂਰਜ ਸਾਡੇ ਘਰ ਆ ਗਿਆ ਏ।’’
ਸੰਪਰਕ: 61403125209