ਕੋਈ ਬੋਲੈ ਰਾਮ ਰਾਮ ਕੋਈ ਖੁਦਾਇ
ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਦਰਜ ਇੱਕ ਲਾਸਾਨੀ ਸ਼ਹਾਦਤ ਦੇ 350 ਵਰ੍ਹੇ ਪੂਰੇ ਹੋ ਗਏ ਹਨ। ਇਹ ਸ਼ਹਾਦਤ ਗੁਰੁੂ ਨਾਨਕ ਜੋਤ ਦੇ ਨੌਵੇਂ ਪ੍ਰਕਾਸ਼ ਗੁਰੂ ਤੇਗ ਬਹਾਦਰ ਜੀ ਦੀ ਹੈ, ਜੋ 11 ਨਵੰਬਰ 1675 ਨੂੰ ਵਾਪਰੀ। ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਗੁਰਗੱਦੀ ਨਾਲ ਭਾਰਤ ਦੇ ਮੁਗ਼ਲ ਬਾਦਸ਼ਾਹਾਂ ਦੇ ਖੱਟੇ-ਮਿੱਠੇ ਸਬੰਧ ਰਹੇ ਹਨ। ਗੁਰੂ ਨਾਨਕ ਦੇਵ ਜੀ ਸਿੱਖ ਧਰਮ ਵਿੱਚ ਪਹਿਲੀ ਪਾਤਸ਼ਾਹੀ ਹਨ ਜਦਕਿ ਭਾਰਤ ਵਿੱਚ ਮੁਗ਼ਲ ਰਾਜ ਬਾਬਰ ਤੋਂ ਸ਼ੁਰੂ ਹੋਇਆ। ਬਾਬਰ ਦੇ ਭਾਰਤ ਉੱਤੇ ਹਮਲੇ ਦੀ ਹੂ-ਬ-ਹੂ ਤਸਵੀਰ ਬਾਬਾ ਨਾਨਕ ਨੇ ਬਾਬਰ ਬਾਣੀ ਵਿੱਚ ਦਰਜ ਕਰਦਿਆਂ ਹਮਲਾਵਰ ਬਾਦਸ਼ਾਹ ਵੱਲੋਂ ਹਿੰਦੂ ਤੇ ਮੁਸਲਮਾਨ ਦੋਵਾਂ ਨਾਲ ਇੱਕੋ ਤਰ੍ਹਾਂ ਦੇ ਜ਼ਾਲਮਾਨਾ ਵਿਹਾਰ ਦਾ ਵਰਣਨ ਕੀਤਾ ਹੈ। ਮੁਗ਼ਲਾਂ ਨੂੰ ਸਿਰਫ਼ ਹਿੰਦੂਆਂ ਪ੍ਰਤੀ ਜ਼ਾਲਿਮ ਕਹਿਣ ਵਾਲਿਆਂ ਨੂੰ ਗੁਰੂ ਨਾਨਕ ਦੇਵ ਜੀ ਦੀ ਇਹ ਬਾਣੀ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ। ਬਾਬਰ ਨੇ ਗੁਰੂ ਨਾਨਕ ਦੇਵ ਨੂੰ ਵੀ ਕੈਦ ਕੀਤਾ ਸੀ, ਪਰ ਉਨ੍ਹਾਂ ਦੀ ਪੀਰੀ ਫ਼ਕੀਰੀ ਬਾਰੇ ਪਤਾ ਲਗਦਿਆਂ ਹੀ ਰਿਹਾਈ ਦਾ ਹੁਕਮ ਦੇ ਦਿੱਤਾ। ਬਾਦਸ਼ਾਹ ਅਕਬਰ, ਗੁਰੂ ਅਮਰਦਾਸ ਜੀ ਕੋਲ ਆਇਆ ਤੇ ਪੰਗਤ ’ਚ ਬੈਠ ਕੇ ਲੰਗਰ ਛਕਿਆ। ਗੁਰੂ ਜੀ ਦੀ ਧੀ ਬੀਬੀ ਭਾਨੀ ਨੂੰ ਜਗੀਰ ਵੀ ਦਿੱਤੀ, ਪਰ ਉਸ ਦਾ ਪੁੱਤਰ ਅਤੇ ਗੱਦੀਨਸ਼ੀਨ ਜਹਾਂਗੀਰ ਗੁਰੂਘਰ ਦੀ ਵਧਦੀ ਮਹਿਮਾ ਦੇ ਗ਼ਲਤ ਅਰਥ ਕੱਢ ਬੈਠਾ। ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪ੍ਰਿਥੀਏ ਅਤੇ ਦੋਖੀ ਚੰਦੂ ਵੱਲੋਂ ਲਾਹੌਰ ਦਰਬਾਰ ਵਿੱਚ ਗੁਰੂ ਜੀ ਬਾਰੇ ਬਣਾਏ ਮਾਹੌਲ ਦਾ ਸ਼ਿਕਾਰ ਹੋ ਕੇ ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ। ਸਿੱਖ ਇਤਿਹਾਸ ਦੀ ਇਹ ਪਹਿਲੀ ਸ਼ਹਾਦਤ ਤੱਤੀ ਤਵੀ ਉੱਤੇ ਬੈਠ ਕੇ ਦਿੱਤੀ ਗਈ। ਗੁਰੂ ਨਾਨਕ ਦੇ ਘਰ ਦਾ ਅਗਲਾ ਸ਼ਹੀਦ ਇਸ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਜੀ ਦਾ ਪੋਤਰਾ ਗੁਰੂ ਤੇਗ ਬਹਾਦਰ ਜੀ ਹਨ ਅਤੇ ਸ਼ਹੀਦ ਕਰਨ ਵਾਲਾ ਇਸੇ ਜਹਾਂਗੀਰ ਦਾ ਪੋਤਰਾ ਔਰੰਗਜ਼ੇਬ। ਪੋਤਰੇ ਗੁਰੁੂ ਤੇਗ ਬਹਾਦਰ ਜੀ ਨੂੰ ਆਪਣੇ ਬਾਬੇ ਦੀ ਸ਼ਹਾਦਤ ਅਤੇ ਉਨ੍ਹਾਂ ਨੂੰ ਦਿੱਤੇ ਗਏ ਤਸੀਹਿਆਂ ਬਾਰੇ ਪਤਾ ਹੀ ਸੀ। ਗੁਰੂਘਰ ਨਾਲ ਜੁੜੇ ਹਰ ਸ਼ਰਧਾਵਾਨ ਨੂੰ ਵੀ ਇਸ ਦਾ ਗਿਆਨ ਸੀ। ਇਸੇ ਲਈ ਗੁਰੂ ਤੇਗ ਬਹਾਦਰ ਜੀ ਨਾਲ ਦਿੱਲੀ ਵਿੱਚ ਸ਼ਹੀਦ ਹੋਏ ਭਾਈ ਮਤੀ ਦਾਸ, ਭਾਈ ਦਿਆਲਾ ਅਤੇ ਭਾਈ ਸਤੀ ਦਾਸ ਜੀ ਤਸੀਹੇ ਝਲਦਿਆਂ ਵੀ ਅਡੋਲ ਰਹੇ। ਮੌਤ ਦਾ ਖ਼ੌਫ਼ ਸਿੱਖਾਂ ਅੰਦਰ ਸਮਾਪਤ ਹੋ ਚੁੱਕਾ ਸੀ। ਨੌਵੇਂ ਪਾਤਸ਼ਾਹ ਦੀ ਸ਼ਹੀਦੀ ਨੇ ਸ਼ਹਾਦਤ ਨੂੰ ਸਿੱਖੀ ਜੀਵਨ ਦਾ ਅੰਗ ਹੀ ਬਣਾ ਦਿੱਤਾ।
ਹਰ ਇਤਿਹਾਸਕਾਰ ਨੇ ਇਸ ਸ਼ਹਾਦਤ ਨੂੰ ਅਦੁੱਤੀ ਸ਼ਹਾਦਤ ਕਿਹਾ ਹੈ। ਕਿਸੇ ਸ਼ਹੀਦ ਦੇ ਸੀਸ ਅਤੇ ਧੜ ਦਾ ਸਸਕਾਰ ਇੱਕ ਦੂਜੇ ਤੋਂ ਸਾਢੇ ਤਿੰਨ ਸੌ ਕਿਲੋਮੀਟਰ ਦੀ ਵਿੱਥ ’ਤੇ ਹੋਣਾ ਅਤੇ ਕਿਸੇ ਦਾ ਸ਼ਹੀਦੀ ਪਾਉਣ ਲਈ ਆਪ ਜ਼ਾਲਮ ਕੋਲ ਜਾਣ ਦੀ ਅਲੌਕਿਕਤਾ ਆਪਣੀ ਹੀ ਕਿਸਮ ਦੇ ਅਦਭੁੱਤ ਤੱੱਥ ਹਨ। ਇਨ੍ਹਾਂ ਸਭ ਤੋਂ ਅਲੌਕਿਕ ਹੈ ਕਿਸੇ ਦਾ ਅਜਿਹੇ ਧਾਰਮਿਕ ਵਿਸ਼ਵਾਸ ਲਈ ਸ਼ਹੀਦ ਹੋਣਾ ਜਿਸ ਦਾ ਉਹ ਆਪ ਅਨੁਯਾਈ ਨਾ ਹੋਵੇ। ਗੁਰੂ ਤੇਗ ਬਹਾਦਰ ਜੀ ਨੇ ਤਿਲਕ ਜੰਝੂ ਦੀ ਖ਼ਾਤਰ ਸ਼ਹੀਦੀ ਦਿੱਤੀ। ਹਾਲਾਂਕਿ ਗੁਰੂ ਨਾਨਕ ਦੇਵ ਜੀ ਨੇ ਨਾ ਸਿਰਫ਼ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ ਸਗੋਂ ਇਸ ਦੀ ਪਰਿਭਾਸ਼ਾ ਇਉਂ ਦਿੱਤੀ ਸੀ:
ਦਇਆ ਕਪਾਹ ਸੰਤੋਖੁ ਸੁੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ॥
ਫਿਰ ਪੰਡਤਾਂ ਦੀ ਫਰਿਆਦ ਉੱਤੇ ਸ਼ਹੀਦੀ ਕਾਹਦੇ ਲਈ? ਇਸ ਬੁਝਾਰਤ ਵਿੱਚ ਹੀ ਹੈ ਸ਼ਹਾਦਤ ਦੀ ਮਹਾਨਤਾ। ਜੇਕਰ ਗੁਰੂ ਨਾਨਕ ਦੇਵ ਜੀ ਨੂੰ ਭਾਈ ਮਰਦਾਨਾ ਜੀ ਦਾ ਮੁਸਲਮਾਨ ਹੋਣਾ ਪ੍ਰਵਾਨ ਹੈ, ਜੇਕਰ ਖਾਲਸਾ ਸਾਜਣ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਭਾਈ ਨੰਦ ਲਾਲ (ਗੁਰੂ ਜੀ ਦਾ ਦਰਬਾਰੀ ਕਵੀ) ਦਾ ਹਿੰਦੂ ਬਣੇ ਰਹਿਣਾ ਪ੍ਰਵਾਨ ਹੈ ਤਾਂ ਇਹ ਵਿਸ਼ਵਾਸ ਦਾ ਉਹ ਅਮਲ ਹੈ, ਜਿਸ ਵਿੱਚ ਹਰ ਇੱਕ ਨੂੰ ਆਪਣਾ ਧਰਮ ਮੰਨਣ ਦੀ ਅਜ਼ਾਦੀ ਹੋਵੇ ਕਿਉਂਕਿ ਗੁਰੂ ਜੀ ਕੋਲ ਪੰਡਤ ਕਿਰਪਾ ਰਾਮ ਦੀ ਅਗਵਾਈ ਵਿੱਚ ਕਸ਼ਮੀਰ ਦੇ ਬ੍ਰਾਹਮਣ ਆਏ। ਇਸ ਲਈ ਸ਼ਹੀਦੀ ਨਾਲ ਤਿਲਕ ਜੰਝੂ ਦਾ ਪ੍ਰਸੰਗ ਜੁੜਨਾ ਹੀ ਹੈ।
ਸਿੱਖੀ ਲਈ ਦਿਸ਼ਾ ਸਾਡੇ ਗੁਰੂ ਸਾਹਿਬਾਨ ਦੀ ਸ਼ਹੀਦੀ ਨੇ ਤੈਅ ਕਰ ਦਿੱਤੀ ਹੈ। ਉਸ ਸਮੇਂ ਔਰੰਗਜ਼ੇਬ ਦੇ ਧਾਰਮਿਕ ਕੱਟੜਵਾਦ ਦੇ ਸ਼ਿਕਾਰ ਹਿੰਦੂ ਸਨ। ਗੁਰੂ ਜੀ ਕੱਟੜਵਾਦ ਵਿਰੁੱਧ ਕੱਟੜਵਾਦ ਦੇ ਪੀੜਤ ਹਿੰਦੂਆਂ ਲਈ ਸ਼ਹੀਦ ਹੋਏ।
ਅੱਜ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350 ਵਰ੍ਹੇ ਪੂਰੇ ਹੋਣ ਮੌਕੇ ਕਈ ਪ੍ਰੋਗਰਾਮ ਹੋ ਰਹੇ ਹਨ। ਇਸ ਮੌਕੇ ਵਿਚਾਰਨ ਦਾ ਵਿਸ਼ਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਨਾਲ ਹੀ ਉਹ ਸਮੁੱਚੀ ਵਿਚਾਰਧਾਰਾ ਹੋਣੀ ਚਾਹੀਦੀ ਹੈ, ਜਿਸ ਨੇ ਨੌਵੀਂ ਪਾਤਸ਼ਾਹੀ ਨੂੰ ਸ਼ਹੀਦੀ ਲਈ ਘਰੋਂ ਤੋਰਿਆ। ਅੱਜ ਵਿਚਾਰਨ ਦੀ ਲੋੜ ਹੈ ਕਿ ਕੀ ਸਾਡੇ ਪ੍ਰੋਗਰਾਮਾਂ ਵਿੱਚ ਗੁਰੂਘਰ ਦੀ ਉਪਰੋਕਤ ਸਮੁੱਚਤਾ ਵਿੱਚੋਂ ਨਿਕਲ ਰਿਹਾ ਪੈਗਾਮ ਸ਼ਾਮਿਲ ਹੈ? ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤਾਂ ‘ਕੋਈ ਬੋਲੈ ਰਾਮ ਰਾਮ ਕੋਈ ਖੁਦਾਇ’ ਦੀ ਜੀਵਨ ਜਾਚ ਉੱੱਤੇ ਦਿੱਤੀ ਗਈ ਸੀ, ਜਿਸ ’ਤੇ ਅੱਗੇ ਤੁਰਦੇ ਹੋਏ ਸਾਨੂੰ ਵੀ ਸਿੱਖੀ ਦਾ ਮਾਣ ਬਣਨਾ ਚਾਹੀਦਾ ਹੈ।
ਅੱਜ ਲੋੜ ਇਹ ਹੈ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਸ ਲਾਸਾਨੀ ਸ਼ਹੀਦੀ ਦੀ ਯਾਦ ਵਿੱਚ ਕਿਸੇ ਮੈਡੀਕਲ ਕਾਲਜ ਜਾਂ ਵਿਸ਼ਵ ਪੱਧਰੀ ਸਿੱਖਿਆ ਸੰਸਥਾ ਦੀ ਉਸਾਰੀ ਕਰਵਾਈ ਜਾਵੇ। ਦੇਸ਼ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਸਿੱਖ ਧਰਮ ਦੀ ਸਮੁੱਚੀ ਵਿਚਾਰਧਾਰਾ ’ਤੇ ਸੈਮੀਨਾਰਾਂ ਦੀ ਲੜੀ ਚਲਾਈ ਜਾਵੇ। ਪੰਜਾਬ ਵਿੱਚ ਸਰਬ-ਧਰਮ ਗੋਸ਼ਟੀਆਂ ਕਰਵਾਈਆਂ ਜਾਣ, ਜਿਸ ਦਾ ਉਦੇਸ਼ ਕਿਸੇ ਨੂੰ ਸਿੱਖ ਬਣਾਉਣਾ ਨਹੀਂ ਸਗੋਂ ਧਰਮਾਂ ਦੇ ਨਾਂ ’ਤੇ ਲਾਈ ਜਾ ਰਹੀ ਅੱਗ ਨੂੰ ਬੁਝਾਉਣਾ ਹੋਵੇ।
ਸਿੱਖੀ ਦਾ ਦੂਜਿਆਂ ਪ੍ਰਤੀ ਜਾਬਰ ਅਤੇ ਹਿੰਸਕ ਹੋਣ ਤੋਂ ਬਚੇ ਰਹਿਣਾ ਇਸ ਨੂੰ ਵਿਰਸੇ ਵਿੱਚ ਮਿਲੀ ਖ਼ੂਬੀ ਹੈ। ਸਿੱਖੀ ਦੀ ਇਹ ਖ਼ੂਬੀ ਮੰਗ ਕਰਦੀ ਹੈ ਕਿ ਪੰਜਾਬ ਤੇ ਸਿੱਖੀ ਦੇ ਸੰਪਰਕ ਵਿੱਚ ਜਿਹੜਾ ਵੀ ਆਵੇ ਉਸ ਦੀ ਗੁਰਬਾਣੀ ਅਤੇ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ, ਸਤਿਕਾਰ ਅਤੇ ਸਿੱਖਾਂ ਪ੍ਰਤੀ ਪਿਆਰ ਸੁਤੇ-ਸਿੱਧ ਉਗਮ ਪਏ। ਖੜਗਪੁਰ ਸਦਰ (ਪੱਛਮੀ ਬੰਗਾਲ) ਵਿਧਾਨ ਸਭਾ ਹਲਕੇ ਤੋਂ ਗਿਆਨ ਸਿੰਘ ਸੋਹਨਪਾਲ 1962 ਤੋਂ ਲਗਾਤਾਰ ਗਿਆਰਾਂ ਵਾਰ ਵਿਧਾਇਕ ਬਣਿਆ। ਉਸ ਨੂੰ ਸਿੱਖ ਬਹੁ-ਗਿਣਤੀ ਵੋਟਰਾਂ ਨੇ ਨਹੀਂ ਜਿਤਾਇਆ। ਹਲਕੇ ਵਿੱਚ ਸਿੱਖ ਵੋਟਰਾਂ ਦੀ ਗਿਣਤੀ ਦੋ ਸੌ ਵੀ ਨਹੀਂ ਹੈ। ਇਹ ਜਿੱਤ ਉਸ ਨੂੰ ਕਰਮ ਦੇ ਆਧਾਰ ’ਤੇ ਮਿਲੀ। ਇਸ ਲਈ ਇੰਨੇ ਮਹਾਨ ਵਿਰਸੇ ਦੇ ਵਾਰਸਾਂ ਨੂੰ ਘੱਟਗਿਣਤੀ ਰਹਿ ਜਾਣ ਦਾ ਡਰ ਕਿਉਂ ਸਤਾਏ?
ਗੁਰੂ ਜੀ ਦੀ ਸ਼ਹੀਦੀ ਵਿੱਚੋਂ ਨਿਕਲਦੇ ਸੁਨੇਹੇ ਅਨੁਸਾਰ ਹੀ ਹਰ ਇਨਸਾਨ ਨੂੰ ਆਪਣੀ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਹ ਬਣਦੀ ਸ਼ਰਧਾਂਜਲੀ ਦਾ ਹਿੱਸਾ ਮਾਤਰ ਹੈ। ਪੂਰਨ ਸ਼ਰਧਾਂਜਲੀ ਪੂਰਨ ਸਿੱਖ ਅਤੇ ਪੂਰਨ ਇਨਸਾਨ ਬਣਨ ਦੇ ਅਹਿਦ ਨਾਲ ਹੀ ਦਿੱਤੀ ਜਾ ਸਕੇਗੀ।
ਸੰਪਰਕ: 94176-52947
