ਭੇਡ ਚਾਲ
ਕਥਾ ਪ੍ਰਵਾਹ
ਅੱਧੀ ਭਾਦੋਂ ਬੀਤ ਗਈ। ਮੌਸਮ ਵਿੱਚ ਬਦਲਾਅ ਆਉਣ ਲੱਗਿਆ। ਝੋਨੇ ਦੀ ਫਸਲ ਪੂਰੇ ਜੋਬਨ ’ਤੇ ਹੋਣ ਕਰਕੇ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆ ਰਹੀ ਸੀ। ਬਸੰਤ ਸਿੰਘ ਦਾ ਤਾਂ ਖੇਤ ਜਾ ਕੇ ਮੁੜ ਘਰ ਆਉਣ ਨੂੰ ਜੀਅ ਨਹੀਂ ਸੀ ਕਰਦਾ। ਝੋਨੇ ਦੇ ਹਰੇ ਖੇਤ ਉੱਤੇ ਤਰੇਲ ਦੇ ਤੁਪਕੇ ਇੰਜ ਜਾਪਦੇ ਜਿਵੇਂ ਮੂੰਗੀਆ ਰੰਗੀ ਚੁੰਨੀ ਉੱਤੇ ਕਿਸੇ ਨੇ ਮੋਤੀ ਲਾਏ ਹੋਣ। ਅਜਿਹਾ ਮਨਮੋਹਕ ਦ੍ਰਿਸ਼ ਅਲਕਾਪੁਰੀ (ਹਿੰਦੂ ਧਰਮ ਅਨੁਸਾਰ ਇੱਕ ਪੌਰਾਣਿਕ ਨਗਰ ਜੋ ਯਕਸ਼ਾਂ ਦੇ ਸਵਾਮੀ, ਧਨ ਦੇ ਦੇਵਤਾ ਕੁਬੇਰ ਦੀ ਨਗਰੀ ਹੈ) ਤੋਂ ਘੱਟ ਨਹੀਂ ਸੀ ਕਿਉਂਕਿ ਕਿਧਰੇ ਕਿਧਰੇ ਬਾਸਮਤੀ ਦੀ ਮਹਿਕ ਵੀ ਆ ਰਹੀ ਸੀ। ਭਲਾ ਬਸੰਤ ਸਿੰਘ ਦਾ ਖੇਤੋਂ ਜਾਣ ਨੂੰ ਦਿਲ ਕਿਵੇਂ ਕਰੇ? ਇੱਥੇ ਤਾਂ ਆਲਾ-ਦੁਆਲਾ ਹੀ ਹਰਿਆ ਭਰਿਆ ਸੀ। ਬਸੰਤ ਸਿੰਘ ਕੋਲ ਅੱਠ ਕਿੱਲੇ ਜ਼ਮੀਨ ਦੇ ਸਨ ਅਤੇ ਉਸ ਨੇ ਪਸ਼ੂਆਂ ਦੇ ਹਰੇ ਚਾਰੇ ਤੇ ਸਬਜ਼ੀ ਜੋਗੀ ਥਾਂ ਛੱਡ ਕੇ ਹੀ ਝੋਨਾ ਲਾਇਆ ਸੀ। ਫ਼ਸਲ ਚੰਗੀ ਦੇਖ ਕੇ ਉਸ ਦਾ ਮਨ ਬਹੁਤ ਖ਼ੁਸ਼ ਹੁੰਦਾ, ਪਰ ਫਿਰ ਉਹ ਆਪਣੀਆਂ ਸੋਚਾਂ ਸੋਚਦਾ ਪਤਾ ਨਹੀਂ ਕਿਸ ਦੁਨੀਆ ਵਿੱਚ ਪਹੁੰਚ ਜਾਂਦਾ। ਸੀਮਤ ਪਰਿਵਾਰ ਹੋਣ ਕਰਕੇ ਉਸ ਦਾ ਖਰਚਾ ਬਹੁਤ ਜ਼ਿਆਦਾ ਨਹੀਂ ਸੀ ਅਤੇ ਜ਼ਮੀਨ ਤੋਂ ਆਮਦਨ ਵੀ ਚੰਗੀ ਹੋ ਜਾਂਦੀ। ਸੋ ਇਹੀ ਉਸ ਦੀ ਮਿਹਨਤ ਦਾ ਫਲ ਸੀ। ਉਹ ਆਪਣੇ ਆਪ ਨੂੰ ਸੁਖੀ ਸਮਝਦਾ ਕਿਉਂਕਿ ਕਰਮ ਦਾ ਫਲ ਹਰ ਇੱਕ ਬੰਦੇ ਨੂੰ ਮਿਲਦਾ ਹੈ। ਇਸ ਲਈ ਉਸ ਨੂੰ ਆਪਣੀ ਮਿਹਨਤ ਉੱਤੇ ਮਾਣ ਸੀ। ਭਾਵੇਂ ਉਸ ਦਾ ਘਰ ਖੇਤ ਵਿੱਚ ਹੀ ਸੀ, ਪਰ ਫਿਰ ਵੀ ਉਸ ਨੇ ਖੇਤ ਵਿੱਚ ਲੱਗੀ ਇੱਕ ਟਾਹਲੀ ਹੇਠਾਂ ਝੁੰਬੀ ਬਣਾ ਲਈ। ਇਹ ਉਸ ਨੇ ਇਸ ਲਈ ਬਣਾਈ ਕਿਉਂਕਿ ਬਚਪਨ ਵਿੱਚ ਉਨ੍ਹਾਂ ਦੇ ਖੇਤ ਵਿੱਚ ਉਸ ਦਾ ਦਾਦਾ ਇਸ ਤਰ੍ਹਾਂ ਹੀ ਝੁੰਬੀ ਪਾ ਕੇ ਬੈਠਦਾ ਜੋ ਉਸ ਨੂੰ ਚੰਗਾ ਲੱਗਦਾ ਸੀ। ਸਾਉਣ ਮਹੀਨੇ ਮੀਂਹ ਪੈਂਦਾ ਤਾਂ ਉਸ ਨੂੰ ਮੋਰ ਬੋਲਦੇ ਬਹੁਤ ਹੀ ਚੰਗੇ ਲੱਗਦੇ। ਉਸ ਦਾ ਦਾਦਾ ਉਸ ਨੂੰ ਖੇਤਾਂ ਵਿੱਚ ਪੈਲ ਪਾਉਂਦੇ ਮੋਰ ਦਿਖਾਉਂਦਾ ਅਤੇ ਨਾਲ ਹੀ ਕਹਿੰਦਾ ਕਿ ਮੋਰ ਨੂੰ ਡਰਾਉਣਾ ਨਹੀਂ ਚਾਹੀਦਾ ਸਗੋਂ ਦੇਖਣਾ ਚਾਹੀਦਾ ਹੈ। ਸੋ ਉਹ ਚੁੱਪਚਾਪ ਦੇਖਦਾ ਰਹਿੰਦਾ। ਜਦੋਂ ਮੋਰ ਦੇ ਨਾਲ ਮੋਰਨੀ ਹੁੰਦੀ ਤਾਂ ਉਹ ਆਪਣੇ ਦਾਦੇ ਨੂੰ ਪੁੱਛਦਾ ਕਿ ਮੋਰਨੀ ਪੈਲ ਕਿਉਂ ਨਹੀਂ ਪਾ ਰਹੀ ਤਾਂ ਉਸ ਦਾ ਦਾਦਾ ਉਸ ਨੂੰ ਜਵਾਬ ਦਿੰਦਾ ਕਿ ਇਹ ਸਿਰਫ਼ ਉਸ ਦੇ ਕੋਲ ਹੀ ਖੜ੍ਹਦੀ ਹੈ। ਇਹ ਗੱਲ ਸੁਣ ਕੇ ਉਹ ਚੁੱਪ ਹੋ ਜਾਂਦਾ।
ਹੁਣ ਤਾਂ ਉਹ ਵੀ ਲਗਭਗ ਆਪਣੇ ਦਾਦੇ ਦੀ ਉਮਰ ਦਾ ਹੋ ਚੁੱਕਿਆ ਸੀ ਕਿਉਂਕਿ ਉਸ ਦੇ ਦੋਵੇਂ ਮੁੰਡੇ ਵਿਆਹੁਣ ਵਾਲੇ ਸਨ। ਦੋਵੇਂ ਮੁੰਡੇ ਬੀ.ਏ. ਪਾਸ ਸਨ ਪਰ ਫਿਰ ਵੀ ਆਪਣੇ ਪਿਤਾ ਨਾਲ ਖੇਤੀ ਦੇ ਕੰਮ ਵਿੱਚ ਹੱਥ ਵਟਾਉਂਦੇ। ਉਸ ਦੀ ਪਤਨੀ ਸ਼ਿੰਦਰ ਉਰਫ ਸ਼ਿੰਦੋ ਵੀ ਉਸ ਨੂੰ ਪੂਰਾ ਸਹਿਯੋਗ ਦਿੰਦੀ। ਜਦੋਂ ਉਹ ਸਬਜ਼ੀ ਗੁੱਡਦਾ ਤਾਂ ਉਸ ਦੇ ਨਾਲ ਬਰਾਬਰ ਖੁਰਪੀ ਲੈ ਕੇ ਬੈਠ ਜਾਂਦੀ ਅਤੇ ਗੋਡੀ ਕਰਵਾਉਂਦੀ। ਪਰਿਵਾਰ ਖ਼ੁਸ਼ ਸੀ ਪਰ ਮੁੰਡਿਆਂ ਨੂੰ ਨੌਕਰੀ ਕਰਨ ਦਾ ਚਾਅ ਸੀ। ਮੁੰਡਿਆਂ ਨੇ ਕੋਈ ਕੋਰਸ ਨਹੀਂ ਸੀ ਕੀਤਾ। ਇਸ ਲਈ ਕੋਰਸ ਤੋਂ ਬਿਨਾਂ ਨੌਕਰੀ ਮਿਲਣੀ ਮੁਸ਼ਕਿਲ ਸੀ। ਆਪ ਤਾਂ ਉਹ ਦੋਵੇਂ ਨੌਵੀਂ ਪਾਸ ਹੀ ਸਨ। ਦੋਵੇਂ ਪਤੀ ਪਤਨੀ ਨੇ ਆਪਣੇ ਪੁੱਤਾਂ ਨੂੰ ਕੋਰਸ ਕਰਨ ਲਈ ਬਹੁਤ ਕਿਹਾ, ਪਰ ਉਨ੍ਹਾਂ ਨੇ ਕੋਈ ਹਾਮੀ ਨਾ ਭਰੀ ਤਾਂ ਆਖ਼ਰ ਦੋਵਾਂ ਨੂੰ ਚੁੱਪ ਕਰਨਾ ਪਿਆ।
ਖੇਤ ਵਿੱਚ ਬੈਠੇ ਬਸੰਤ ਸਿੰਘ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਰੋਟੀ ਦਾ ਵੇਲਾ ਹੋ ਗਿਆ। ਉਸ ਦੀਆਂ ਸੋਚਾਂ ਦੀ ਲੜੀ ਉਦੋਂ ਟੁੱਟੀ ਜਦੋਂ ਸ਼ਿੰਦੋ ਨੇ ਆ ਕੇ ਪੁੱਛਿਆ, ‘‘ਅੱਜ ਵਰਤ ਐ ਸੁਖਬੀਰ ਦੇ ਭਾਪਾ ਜੀ?’’
ਬਸੰਤ ਸਿੰਘ ਦੀ ਹਾਸੀ ਨਿਕਲ ਗਈ। ‘‘ਆਉਨਾ ਆਉਨਾ,’’ ਕਹਿ ਕੇ ਬਸੰਤ ਸਿੰਘ ਉੱਥੋਂ ਉੱਠਿਆ।
ਸ਼ਿੰਦੋ ਪਿੱਛੇ ਨਾ ਮੁੜੀ। ਉਹ ਉਸ ਕੋਲ ਆ ਕੇ ਕਹਿਣ ਲੱਗੀ, ‘‘ਜੇ ਖੇਤ ਝੁੰਬੀ ਵਿੱਚ ਹੀ ਜੀਅ ਲੱਗਦੈ ਤਾਂ ਘਰ ਪਾਉਣ ਦੀ ਕੀ ਲੋੜ ਸੀ? ਦੋ ਟੰਬੇ ਹੋਰ ਗੱਡ ਲੈਂਦੇ। ਇੱਕ ਝੁੰਬੀ ਹੋਰ ਪਾ ਲੈਂਦੇ।’’
‘‘ਓ ਕਮਲੀਏ, ਝੁੰਬੀ ਦਾ ਤਾਂ ਨਜ਼ਾਰਾ ਹੀ ਹੋਰ ਹੈ।’’
ਉਸ ਦੀ ਗੱਲ ਸੁਣ ਕੇ ਸ਼ਿੰਦੋ ਅੱਗੇ ਨਾ ਬੋਲੀ ਤੇ ਉਸ ਦੇ ਨਾਲ ਨਾਲ ਤੁਰਨ ਲੱਗੀ। ਬਸੰਤ ਸਿੰਘ ਆਪਣੀ ਫ਼ਸਲ ਨੂੰ ਨਿਹਾਰਦਾ ਜਾ ਰਿਹਾ ਸੀ। ਸ਼ਿੰਦੋ ਵੀ ਫ਼ਸਲ ਨੂੰ ਨਿਹਾਰਦੀ ਨਿਹਾਰਦੀ ਬੋਲੀ, ‘‘ਐਤਕੀਂ ਆਪਣੇ ਫ਼ਸਲ ਸੋਹਣੀ ਐ।’’
‘‘ਫ਼ਸਲ ਸੋਹਣੀ ਐ। ਜੇ ਸਹੀ ਸਲਾਮਤ ਘਰੇ ਆਏ ਤਾਂ ਅੱਠ ਦੇ ਨੌਂ ਬਣਾ ਲਈਏ।’’
‘‘ਹਾਂ, ਤੇਰੀ ਗੱਲ ਠੀਕ ਐ।’’
‘‘ਬਸ ਆਪਣੀ ਤਾਂ ਉਸੇ ਦਾਤੇ ’ਤੇ ਡੋਰੀ ਐ।’’
‘‘ਹਾਂ, ਜਿੰਨਾ ਚਿਰ ਫ਼ਸਲ ਨਹੀਂ ਆਉਂਦੀ ਓਨਾ ਚਿਰ ਕੀ ਪਤੈ?’’
‘‘ਤਾਂ ਹੀ ਤਾਂ ਕਹਿਨਾਂ।’’
‘‘ਬਸ ਰੱਬ ਮਿਹਰ ਕਰੇ। ਕਿਸਾਨ ਦਾ ਜ਼ਮੀਨ ਬਿਨਾਂ ਕੀ ਵੱਟੀਦੈ।’’
‘‘ਕਿਸਾਨਾਂ ਨੇ ਨੌਕਰੀਆਂ ਤੋਂ ਕੀ ਲੈਣੈ? ਕਹਿੰਦੇ ਹੁੰਦੇ ਨੇ ਡੂੰਘਾ ਵਾਹ ਲੈ ਹਲ਼ ਵੇ, ਤੇਰੀ ਘਰੇ ਨੌਕਰੀ।’’
‘‘ਹਾਂ ਹਾਂ, ਨਾ ਕਿਸੇ ਅਫਸਰ ਦਾ ਡਰ ਤੇ ਨਾ ਵੇਲੇ ਸਿਰ ਜਾਣ ਆਉਣ ਦੀ ਜ਼ਿੰਮੇਵਾਰੀ।’’
ਇਉਂ ਉਹ ਗੱਲਾਂ ਕਰਦੇ ਆਪਣੇ ਘਰ ਪਹੁੰਚ ਗਏ। ਕੁਝ ਚਿਰ ਬਾਅਦ ਬਸੰਤ ਸਿੰਘ ਹੱਥ ਧੋ ਕੇ ਮੰਜੇ ’ਤੇ ਬੈਠ ਗਿਆ। ਸ਼ਿੰਦੋ ਉਸ ਲਈ ਰੋਟੀ ਪਾਉਣ ਲੱਗੀ। ਜਦੋਂ ਰੋਟੀ ਪਾ ਕੇ ਲਿਆਈ ਤਾਂ ਉਸ ਨੇ ਪੁੱਛਿਆ, ‘‘ਸੁਖਬੀਰ ਤੇ ਦਲਵੀਰ ਨੇ ਰੋਟੀ ਖਾ ਲਈ?’’
‘‘ਨਾ ਖਾਧੀ ਨ੍ਹੀਂ। ਆਵਦੇ ਆਵਦੇ ਮੋਟਰਸਾਈਕਲ ਲੈ ਕੇ ਗੇੜਾ ਦੇਣ ਗਏ ਹੋਏ ਨੇ।’’
‘‘ਤੈਨੂੰ ਦੱਸ ਕੇ ਨਹੀਂ ਗਏ?’’
‘‘ਬਸ ਇਹੀ ਕਹਿ ਕੇ ਗਏ ਨੇ ਕਿ ਪਿੰਡ ਵਿੱਚ ਹੀ ਆ ਬਾਹਰ ਨਹੀਂ ਕਿਤੇ ਜਾਂਦੇ।’’
‘‘ਚੱਲ ਕੋਈ ਨ੍ਹੀਂ।’’
‘‘ਜਵਾਕਾਂ ਕੋਲੇ ਜਵਾਕ ਜਾਂਦੇ ਈ ਹੁੰਦੇ ਨੇ।’’
‘‘ਜਾਂਦੇ ਤਾਂ ਹੁੰਦੇ ਨੇ ਪਰ ’ਵਾ ਉੱਤੋਂ ਪੁੱਠੀ ਚਲਦੀ ਐ।’’
‘‘ਆਪਣੇ ਜਵਾਕ ਤਾਂ ਨਸ਼ੇ ਪੱਤੇ ਵਾਲੇ ਕੋਲੇ ਖੜ੍ਹ ਕੇ ਰਾਜ਼ੀ ਨ੍ਹੀਂ।’’
‘‘ਨਸ਼ੇ ਪੱਤੇ ਤੋਂ ਬਿਨਾਂ ਜਿਹੜੀ ਹੋਰ ’ਵਾ ਚੱਲੀ ਐ, ਉਹਨੇ ਘਰਾਂ ਦੇ ਘਰ ਖਾਲੀ ਕਰਤੇ।’’
‘‘ਹੋਰ ’ਵਾ ਕਿਹੜੀ?’’
‘‘ਆਹ ਬਾਹਰਲੇ ਮੁਲਕ ਜਾਣ ਦੀ।’’
‘‘ਗੱਲ ਪੱਕੀ ਐ, ਇਹ ਵੀ ਕੰਮ ਮਾੜਾ ਈ ਐ।’’
‘‘ਹੈ ਤਾਂ ਉੱਥੇ ਕੁਸ਼ ਨ੍ਹੀਂ ਦਿਹਾੜੀ ਤੋਂ ਬਿਨਾਂ, ਪਰ ਲੋਕਾਂ ’ਤੇ ਭੂਤ ਸਵਾਰ ਐ,’’ ਕਹਿ ਕੇ ਉਹ ਰੋਟੀ ਖਾਣ ਲੱਗ ਪਿਆ।
ਭਾਵੇਂ ਬਸੰਤ ਸਿੰਘ ਰੋਟੀ ਖਾ ਰਿਹਾ ਸੀ ਪਰ ਉਸ ਦੀ ਸੁਰਤ ਮੁੰਡਿਆਂ ਵਿੱਚ ਹੀ ਸੀ। ਉਸ ਨੇ ਅਜੇ ਰੋਟੀ ਖਾਧੀ ਹੀ ਨਹੀਂ ਸੀ ਕਿ ਸ਼ਿੰਦੋ ਦੂਜੀ ਰੋਟੀ ਲੈ ਕੇ ਆ ਗਈ। ਉਸ ਨੇ ਹੈਰਾਨ ਹੋ ਕੇ ਪੁੱਛਿਆ, ‘‘ਅਜੇ ਖਾਧੀ ਨ੍ਹੀਂ ਰੋਟੀ? ਐਵੇਂ ਬਿਨਾਂ ਗੱਲ ਤੋਂ ਸੋਚਣ ਦੀ ਲੋੜ ਨ੍ਹੀਂ,’’ ਸ਼ਿੰਦੋ ਨੇ ਬਸੰਤ ਸਿੰਘ ਨੂੰ ਤਾਂ ਸਮਝਾਇਆ ਪਰ ਆਪ ਉਸ ਦੇ ਦਿਮਾਗ਼ ਵਿੱਚ ਉਹੀ ਗੱਲ ਘੁੰਮ ਰਹੀ ਸੀ। ਪਲਾਂ ਵਿੱਚ ਕੁਝ ਬੁਰੇ ਖ਼ਿਆਲ ਉਸ ਦੇ ਦਿਮਾਗ਼ ਵਿੱਚ ਆਏ ਅਤੇ ਉਹ ਉਨ੍ਹਾਂ ਖ਼ਿਆਲਾਂ ਦੇ ਨਤੀਜਿਆਂ ਬਾਰੇ ਵੀ ਸੋਚਣ ਲੱਗਾ। ਰੋਟੀ ਖਾ ਕੇ ਉਸ ਨੇ ਭਾਂਡੇ ਇੱਕ ਪਾਸੇ ਰੱਖੇ, ਕੁਰਲੀ ਕੀਤੀ ਤੇ ਮੰਜੇ ’ਤੇ ਪੈ ਕੇ ਅੱਖਾਂ ਬੰਦ ਕਰਦਿਆਂ ਤੇ ਨੀਂਦ ਆਉਣ ਦਾ ਬਹਾਨਾ ਬਣਾਇਆ। ਉਸ ਨੂੰ ਇਹ ਡਰ ਸੀ ਕਿ ਸ਼ਿੰਦੋ ਉਸ ਨੂੰ ਸੋਚਾਂ ਸੋਚਦੇ ਨੂੰ ਜ਼ਰੂਰ ਟੋਕੇਗੀ। ਅਚਾਨਕ ਉਸ ਦੇ ਦਿਮਾਗ਼ ਵਿੱਚ ਖ਼ਿਆਲ ਆਇਆ ਕਿ ਕਿਉਂ ਨਾ ਉਹ ਖੇਤ ਵਿੱਚ ਪਾਈ ਝੁੰਬੀ ਵਿੱਚ ਡਹੇ ਮੰਜੇ ਉੱਤੇ ਜਾ ਕੇ ਪੈ ਜਾਵੇ ਕਿਉਂਕਿ ਉੱਥੇ ਕੋਈ ਟੋਕਣ ਵਾਲਾ ਨਹੀਂ ਜਾਵੇਗਾ। ਉਸ ਨੇ ਮੋਢੇ ’ਤੇ ਚਾਦਰ ਰੱਖੀ ਤੇ ਤੁਰਨ ਲੱਗਾ ਤਾਂ ਸ਼ਿੰਦੋ ਨੇ ਉਸ ਨੂੰ ਰੋਕਿਆ, ‘‘ਹੁਣ ਫਿਰ ਝੁੰਬੀ ਵਿੱਚ?’’
ਬਸੰਤ ਸਿੰਘ ਹੱਸ ਪਿਆ।
‘‘ਘਰੇ ਕਿਉਂ ਜੀ ਨ੍ਹੀਂ ਲੱਗਦਾ?’’
‘‘ਜੀ ਤਾਂ ਘਰੇ ਈ ਲੱਗੂ ਹੋਰ ਕਿਤੇ ਨ੍ਹੀਂ ਲੱਗਦਾ। ਮੈਂ ਤਾਂ ਸੌਣਾ ਈ ਐ। ਤੂੰ ਕੰਮ ਕਰਦੀ ਫਿਰਦੀ ਐਂ, ਆਪਾਂ ਕੋਈ ਗੱਲ ਵੀ ਨਹੀਂ ਕਰ ਸਕਦੇ।’’
ਸ਼ਿੰਦੋ ਉਸ ਦੀ ਗੱਲ ਸੁਣ ਕੇ ਚੁੱਪ ਕਰ ਗਈ।
‘‘ਕੋਈ ਨ੍ਹੀਂ, ਤੇਰੇ ਕੋਲ ਆ ਜਾਂਦੇ ਨੇ ਜਵਾਕ,’’ ਇਹ ਕਹਿ ਕੇ ਉਹ ਘਰ ਦੇ ਪਿਛਲੇ ਦਰਵਾਜ਼ੇ ਬਾਹਰ ਨਿਕਲ ਗਿਆ।
ਉਸ ਨੇ ਝੁੰਬੀ ਵਿੱਚੋਂ ਮੰਜਾ ਬਾਹਰ ਕੱਢਿਆ ਅਤੇ ਨਿੰਮ ਦੀ ਸੰਘਣੀ ਛਾਂ ਹੇਠ ਲਿਆ ਕੇ ਡਾਹਿਆ। ਉਸ ਨੇ ਮਨ ਹੀ ਮਨ ਕਿਹਾ ਕਿ ਹੁਣ ਉਹ ਆਪਣੇ ਮਨ ਦੀਆਂ ਸਾਰੀਆਂ ਸੋਚਾਂ ਸੋਚ ਕੇ ਉਸ ਦਾ ਹੱਲ ਕੱਢਣ ਦਾ ਯਤਨ ਕਰੇਗਾ। ਉਸ ਨੇ ਚਾਦਰ ਉੱਤੇ ਲੈ ਲਈ ਅਤੇ ਇਹ ਸੋਚਣ ਲੱਗਾ ਕਿ ਲੋਕਾਂ ਦੇ ਬੱਚਿਆਂ ਦੇ ਬਾਹਰਲੇ ਮੁਲਕ ਜਾਣ ਤੋਂ ਬਾਅਦ ਘਰ ਦੀ ਹਾਲਤ ਕਿਹੋ ਜਿਹੀ ਹੋ ਜਾਂਦੀ ਹੈ। ਫਿਰ ਉਸ ਨੂੰ ਆਪਣੇ ਹੀ ਮੁੰਡਿਆਂ ਦੇ ਬਾਹਰ ਜਾਣ ਦਾ ਖ਼ਿਆਲ ਆਇਆ। ਉਸ ਨੂੰ ਇਹ ਗੱਲ ਚੰਗੀ ਤਰ੍ਹਾਂ ਪਤਾ ਸੀ ਕਿ ਬਾਹਰ ਜਾਣ ਲਈ ਬਹੁਤ ਸਾਰੇ ਪੈਸੇ ਦੀ ਲੋੜ ਹੁੰਦੀ ਹੈ ਕਿਉਂਕਿ ਬਾਹਰ ਜਾਣ ਲਈ ਲੱਖਾਂ ਰੁਪਏ ਖਰਚ ਕੇ ਜਾਣਾ ਪੈਂਦਾ ਹੈ। ਇੰਨੇ ਪੈਸੇ ਕਿੱਥੋਂ ਆਉਣਗੇ? ਉਸ ਨੂੰ ਆਪਣੀ ਹੱਕ ਦੀ ਕਮਾਈ ’ਤੇ ਡਾਕਾ ਪੈਂਦਾ ਮਹਿਸੂਸ ਹੋਇਆ। ਪਲ ਦੀ ਪਲ ਜਿਵੇਂ ਉਸ ਦੇ ਦਿਲ ਦੀ ਧੜਕਣ ਰੁਕ ਗਈ ਹੋਵੇ। ਇਹ ਸੋਚ ਕੇ ਉਹ ਬੇਚੈਨ ਹੋ ਗਿਆ ਅਤੇ ਉਸ ਦੀ ਨੀਂਦ ਵੀ ਉੱਡ ਗਈ। ਉਸ ਨੇ ਝੁੰਬੀ ਵਿੱਚ ਮੰਜਾ ਰੱਖਿਆ ਅਤੇ ਵਾਪਸ ਘਰ ਨੂੰ ਮੁੜ ਪਿਆ। ਆਪਣੀ ਸੋਹਣੀ ਫ਼ਸਲ ਦੇਖ ਕੇ ਵੀ ਉਸ ਦਾ ਮਨ ਉਦਾਸ ਹੋ ਗਿਆ ਕਿਉਂਕਿ ਹਰਿਆ ਭਰਿਆ ਖੇਤ ਉਸ ਨੂੰ ਪੈਸੇ ਤਾਂ ਦੇ ਸਕਦਾ ਸੀ ਪਰ ਆਉਣ ਵਾਲੀ ਕਾਲਪਨਿਕ ਮੁਸੀਬਤ ਤੋਂ ਛੁਟਕਾਰਾ ਨਹੀਂ ਦਿਵਾ ਸਕਦਾ। ਨਵੀਂ ਪੀੜ੍ਹੀ ਦੇ ਬਾਹਰਲੇ ਮੁਲਕਾਂ ਵਿੱਚ ਜਾਣ ਦੇ ਰੁਝਾਨ ਨੂੰ ਦੇਖ ਕੇ ਉਸ ਨੂੰ ਬਹੁਤ ਗੁੱਸਾ ਆ ਰਿਹਾ ਸੀ। ਉਹ ਘਰੇ ਪਹੁੰਚਿਆ ਤਾਂ ਸ਼ਿੰਦੋ ਅਜੇ ਵੀ ਕੰਮ ਤੋਂ ਵਿਹਲੀ ਨਹੀਂ ਸੀ ਹੋਈ। ਉਸ ਨੂੰ ਮੁੜ ਕੇ ਆਏ ਨੂੰ ਦੇਖ ਕੇ ਉਹ ਫ਼ਿਕਰਮੰਦ ਹੋ ਗਈ। ਉਹ ਮੰਜੇ ’ਤੇ ਆ ਕੇ ਫਿਰ ਪੈ ਗਿਆ। ਸ਼ਿੰਦੋ ਨੇ ਕੰਮ ਛੱਡਿਆ ਤੇ ਉਸ ਨੂੰ ਆ ਕੇ ਪੁੱਛਣ ਲੱਗੀ, ‘‘ਅੱਜ ਕੀ ਹੋ ਗਿਆ ਤੈਨੂੰ, ਤੈਨੂੰ ਜਕ (ਚੈਨ) ਕਿਉਂ ਨਹੀਂ ਆਉਂਦੀ?’’
‘‘ਮੈਨੂੰ ਕੀ ਹੋਇਐ?’’
‘‘ਤੂੰ ਮੰਨ ਨਾ ਮੰਨ ਪਰ ਤੂੰ ਸੋਚ ਕਰਦੈਂ।’’
ਬਸੰਤ ਸਿੰਘ ਕੁਝ ਨਾ ਬੋਲਿਆ।
‘‘ਮੈਂ ਐਵੇਂ ਨ੍ਹੀਂ ਕਹਿੰਦੀ ਤੇਰਾ ਮੂੰਹ ਦੱਸੀ ਜਾਂਦੈ।’’
‘‘ਜੇ ਤੈਨੂੰ ਮੇਰਾ ਮੂੰਹ ਦੱਸੀ ਜਾਂਦੈ, ਫਿਰ ਤੂੰ ਆਪ ਹੀ ਸੋਚ ਲੈ।’’
‘‘ਤੂੰ ਤਾਂ ਜਮਾਂ ਬੌਲਾ਼ ਹੋ ਗਿਆ। ਆਪਣੇ ਜਵਾਕ ਭਲਾ ਕਿਉਂ ਜਾਣਗੇ ਬਾਹਰਲੇ ਮੁਲਖ। ਚਾਰ ਚਾਰ ਕਿੱਲੇ ਜ਼ਮੀਨ ਦੇ ਆਉਂਦੇ ਨੇ। ਝੋਟੇ ਦੇ ਸਿਰ ਵਰਗੀ ਜ਼ਮੀਨ ਐ। ਆਪਣੇ ਖੇਤ ’ਚ ਤਾਂ ਬੰਦੇ ਹਰੇ ਹੋ ਜਾਣ, ਫ਼ਸਲ ਨੇ ਤਾਂ ਹੋਣਾ ਈ ਐ। ਘਰ ਦੀ ਸਾਂਝ ਐ। ਨਾ ਕਿਸੇ ਹੋਰ ਦਾ ਸੀਰ ਨਾ ਕਿਸੇ ਦੀ ਸਾਂਝ। ਆਵਦੇ ਸਿਰ ਦੇ ਸਾਈਂ ਨੇ। ਬਾਹਰਲੇ ਮੁਲਖ ਡੋਕੇ ਲੈਣ ਜਾਣਗੇ?’’
‘‘ਜੇ ਤੇਰੀਆਂ ਇਹ ਗੱਲਾਂ ਉਹ ਸਮਝ ਲੈਣ ਤਾਂ ਮੇਰੀ ਚਿੰਤਾ ਮਿਟ ਜੇ।’’
‘‘ਜਵਾਕਾਂ ਨੇ ਤਾਂ ਕੋਈ ਗੱਲ ਮੂੰਹੋਂ ਨਹੀਂ ਕੱਢੀ ਤੇ ਤੂੰ ਪਹਿਲਾਂ ਹੀ...!’’
‘‘ਸ਼ਿੰਦੋ, ਹੁਣ ਤਾਂ ਝੋਲਾ ਬੱਝ ਗਿਆ। ਮੈਂ ਸੱਚੀ ਗੱਲ ਕਹਿਨਾ।’’
‘‘ਚੱਲ ਤੂੰ ਸੋਚ ਨਾ ਕਰ। ਮੈਂ ਆਪੇ ਉਨ੍ਹਾਂ ਨੂੰ ਸਮਝਾਊਂ।’’
ਸ਼ਿੰਦੋ ਦੀ ਗੱਲ ਸੁਣ ਕੇ ਉਹ ਚੁੱਪ ਕਰ ਗਿਆ। ਉਹ ਵੀ ਚੁੱਪ ਕਰ ਗਈ। ਬਸੰਤ ਸਿੰਘ ਨੇ ਉਸ ਦੀ ਤਸੱਲੀ ਕਰਵਾਉਣ ਲਈ ਕਿਹਾ, ‘‘ਤੂੰ ਵੀ ਲੈ ਆ ਮੰਜਾ।’’
‘‘ਲਿਆਉਨੀ ਆਂ,’’ ਕਹਿ ਕੇ ਸ਼ਿੰਦੋ ਨੇ ਆਪਣਾ ਮੰਜਾ ਵੀ ਉਸ ਦੇ ਕੋਲ ਹੀ ਡਾਹ ਲਿਆ।
ਮੁੰਡੇ ਅਜੇ ਤੱਕ ਵੀ ਮੁੜੇ ਨਹੀਂ ਸਨ।
‘‘ਅੱਜ ਰੋਟੀ ਨੂੰ ਕੁਵੇਲਾ ਨ੍ਹੀਂ ਹੋ ਗਿਆ ਸੁਖਬੀਰ ਹੋਰਾਂ ਨੂੰ?’’
‘‘ਹੈ ਤਾਂ ਕੁਵੇਲਾ ਈ ਪਰ ਬਿਸਕੁਟ ਖਾ ਕੇ ਗਏ ਹੋਏ ਨੇ।’’
ਬਸੰਤ ਸਿੰਘ ਤਾਂ ਚੁੱਪ ਕਰ ਗਿਆ ਪਰ ਸ਼ਿੰਦੋ ਨੇ ਉੱਠ ਕੇ ਵਰਾਂਡੇ ਵਿੱਚ ਬਣੀ ਖੁੱਲ੍ਹੀ ਅਲਮਾਰੀ ਵਿੱਚੋਂ ਮੋਬਾਈਲ ਚੁੱਕਿਆ ਤੇ ਵੱਡੇ ਮੁੰਡੇ ਨੂੰ ਨੰਬਰ ਮਿਲਾ ਕੇ ਫੋਨ ਕਰਨ ਲੱਗੀ। ਫੋਨ ਮਿਲਦਿਆਂ ਹੀ ਸ਼ਿੰਦੋ ਨੇ ਪੁੱਛਿਆ, ‘‘ਹਾਂ ਸੁਖਬੀਰ ਕਿੱਥੇ ਐਂ? ਦਲਵੀਰ ਕਿੱਥੇ ਐ?’’
‘‘... ... ...’’
‘‘ਘਰੇ ਆ ਜਾਓ ਰੋਟੀ ਠੰਢੀ ਹੋਈ ਜਾਂਦੀ ਐ,’’ ਕਹਿ ਉਸ ਨੇ ਫੋਨ ਕੱਟ ਕੇ ਉੱਥੇ ਹੀ ਰੱਖ ਦਿੱਤਾ ਤੇ ਬਸੰਤ ਸਿੰਘ ਨੂੰ ਦੱਸਦਿਆਂ ਕਿਹਾ ਕਿ ‘ਕਹਿੰਦੇ ਆਉਨੇ ਆਂ’।
ਬਸੰਤ ਸਿੰਘ ਦੀ ਚਿੰਤਾ ਮਿਟਾ ਕੇ ਸ਼ਿੰਦੋ ਆਪ ਚਿੰਤਾ ਵਿੱਚ ਡੁੱਬ ਗਈ। ਉਹ ਮੰਜੇ ਤੋਂ ਉੱਠ ਖੜ੍ਹੀ ਤੇ ਉੱਥੋਂ ਤੁਰਨ ਹੀ ਲੱਗੀ ਸੀ ਕਿ ਬਸੰਤ ਸਿੰਘ ਨੇ ਪੁੱਛਿਆ, ‘‘ਹੁਣ ਕਿੱਧਰ ਨੂੰ ਜਾਨੀ ਐਂ?’’
‘‘ਮਖਾਂ ਬਾਰ ਖੋਲ੍ਹ ਦਿਆਂ, ਆਉਂਦੇ ਹੋਣਗੇ!’’
‘‘ਚੱਲ ਤੇਰੀ ਮਰਜ਼ੀ ਐ।’’
ਸ਼ਿੰਦੋ ਬਾਹਰਲਾ ਗੇਟ ਖੋਲ੍ਹਣ ਚਲੀ ਗਈ। ਬਸੰਤ ਸਿੰਘ ਨੂੰ ਉਸ ਦੀ ਚਾਲ ਤੋਂ ਪਤਾ ਲੱਗ ਰਿਹਾ ਸੀ ਕਿ ਸ਼ਿੰਦੋ ਵੀ ਬੇਚੈਨ ਹੈ। ਉਹ ਕਿਹੜਾ ਅਣਜਾਣ ਸੀ? ਜੋ ਕੁਝ ਉਹ ਸੋਚ ਰਿਹਾ ਸੀ ਉਹੀ ਕੁਝ ਉਹ ਸੋਚਣ ਲੱਗ ਪਈ। ਸ਼ਿੰਦੋ ਨੇ ਗੇਟ ਖੋਲ੍ਹਿਆ ਪਰ ਮੁੰਡੇ ਉਸ ਨੂੰ ਦੂਰ ਤੱਕ ਵੀ ਆਉਂਦੇ ਦਿਖਾਈ ਨਾ ਦਿੱਤੇ। ਕੁਝ ਚਿਰ ਖੜ੍ਹ ਕੇ ਉਹ ਵਾਪਸ ਆ ਗਈ ਤੇ ਰਸੋਈ ਵੱਲ ਚਲੀ ਗਈ। ਰਸੋਈ ਵਿੱਚ ਇਧਰ ਉਧਰ ਦੇਖਣ ਤੋਂ ਬਾਅਦ ਉਹ ਫਿਰ ਉੱਥੇ ਹੀ ਵਾਪਸ ਆ ਗਈ। ਮੁੰਡੇ ਉਸ ਨੂੰ ਫਿਰ ਵੀ ਦਿਖਾਈ ਨਾ ਦਿੱਤੇ ਤਾਂ ਉਹ ਵਾਪਸ ਮੁੜ ਆਈ। ਬਸੰਤ ਸਿੰਘ ਕੋਲ ਆ ਕੇ ਉਸ ਨੇ ਮੰਜੇ ’ਤੇ ਬੈਠਦਿਆਂ ਕਿਹਾ, ‘‘ਮੁੰਡੇ ਖੁੰਡੇ ਨੇ। ਕਿਸੇ ਨੇ ਹੋਰ ਖੜ੍ਹਾ ਲਏ ਹੋਣਗੇ ਰਾਹ ’ਚ।’’ ਉਸ ਨੇ ਬਸੰਤ ਸਿੰਘ ਦਾ ਦਿਲ ਖੜ੍ਹਾਇਆ।
‘‘ਊਂ ਜਵਾਕ ਬੇਫ਼ਿਕਰ ਨੇ। ਕਬੀਲਦਾਰੀ ਗਲ਼ ਪਈ ਤੋਂ ਹੀ ਬੰਦਾ ਟਿਕਦੈ।’’
‘‘ਫੇਰ ਵਿਆਹ ਕਰ ਦਿੰਨੇ ਆ।’’
‘‘ਪਾਉਣਾ ਈ ਪਊ ਇਨ੍ਹਾਂ ਦੇ ਜੂੜ। ਨਿਆਣੇ ਨ੍ਹੀਂ ਹੁਣ ਇਹ। ਵੱਡਾ 24 ਸਾਲ ਦਾ ਹੋ ਗਿਆ ਤੇ ਛੋਟਾ 22 ਸਾਲ ਦਾ।’’
ਉਹ ਅਜੇ ਗੱਲਾਂ ਕਰੀ ਜਾਂਦੇ ਸਨ ਕਿ ਬਾਹਰੋਂ ਮੋਟਰਸਾਈਕਲ ਦੀ ਆਵਾਜ਼ ਆਈ ਤਾਂ ਸ਼ਿੰਦੋ ਬੋਲੀ, ‘‘‘ਲੈ ਇੱਕ ਤਾਂ ਆ ਗਿਆ।’’
ਆਉਣ ਵਾਲਾ ਮੋਟਰਸਾਈਕਲ ਵੀ ਦਰਵਾਜ਼ੇ ਤੋਂ ਅੱਗੇ ਲੰਘ ਗਿਆ।
ਸ਼ਿੰਦੋ ਦੇ ਮੱਥੇ ’ਤੇ ਤਿਊੜੀ ਪੈ ਗਈ। ਬਸੰਤ ਸਿੰਘ ਨੇ ਉਸ ਦੀ ਤਿਊੜੀ ਨੂੰ ਦੇਖ ਤਾਂ ਲਿਆ ਪਰ ਉਹ ਕੁਝ ਨਾ ਬੋਲਿਆ। ਇੰਨੇ ਨੂੰ ਦੋ ਮੋਟਰਸਾਈਕਲ ਹੋਰ ਆਏ ਤੇ ਅੱਗੇ ਲੰਘ ਗਏ। ਸ਼ਿੰਦੋ ਨੂੰ ਗੁੱਸਾ ਆ ਗਿਆ। ਉਸ ਨੇ ਦੁਬਾਰਾ ਫੋਨ ਮਿਲਾਇਆ ਤਾਂ ਘੰਟੀ ਵੱਜ ਕੇ ਬੰਦ ਹੋ ਗਈ। ਦੂਜੇ ਨੂੰ ਮਿਲਾਇਆ ਤਾਂ ਉਸ ਨੇ ਵੀ ਨਾ ਚੁੱਕਿਆ। ਸ਼ਿੰਦੋ ਨੇ ਗੁੱਸੇ ਵਿੱਚ ਕਿਹਾ, ‘‘ਮੇਰਾ ਫੋਨ ਹੀ ਨ੍ਹੀਂ ਚੱਕਿਆ?’’
‘‘ਆਉਂਦੇ ਹੋਣਗੇ ਰਾਹ ’ਚ।’’
‘‘ਐਂ ਜੁਆਕ ਠਿੱਠ ਕਰਦੇ ਨੇ।’’
ਕੁਝ ਚਿਰ ਬਾਅਦ ਦੋਵੇਂ ਮੁੰਡੇ ਅੱਗੜ ਪਿੱਛੜ ਮੋਟਰਸਾਈਕਲਾਂ ’ਤੇ ਘਰ ਆ ਗਏ। ਸ਼ਿੰਦੋ ਨੇ ਆਪਣੇ ਗੁੱਸੇ ਨੂੰ ਦਬਾ ਕੇ ਨਿਹੋਰੇ ਨਾਲ ਕਿਹਾ, ‘‘ਵੇ ਭਾਈ, ਤੁਸੀਂ ਤਾਂ ਤੀਵੀਆਂ ਵੀ ਟਪਾ ’ਤੀਆਂ!’’
‘‘ਕਿਉਂ ਕੀ ਹੋ ਗਿਆ ਬੀਬੀ?’’ ਸੁਖਬੀਰ ਨੇ ਹੱਸ ਕੇ ਕਿਹਾ।
‘‘ਵੇ ਐਨਾ ਚਿਰ?’’
‘‘ਆ ਤਾਂ ਗਏ।’’
‘‘ਭਾਈ, ਵੇਲੇ ਸਿਰ ਰੋਟੀ ਖਾ ਲਿਆ ਕਰੋ।’’
‘‘ਬਾਹਲਾ ਕੁਵੇਲਾ ਤਾਂ ਨ੍ਹੀਂ ਹੋਇਆ ਬੀਬੀ। ਹਰਮੀਤ ਕਿਆਂ ਨੇ ਚਾਹ ਪਿਆ ’ਤੀ। ਨਾਲ ਬਿਸਕੁਟ ਖਵਾ ’ਤੇ। ਫੇਰ ਭੁੱਖ ਜ੍ਹੀ ਮਰ ਗਈ।’’
‘‘ਬਿਸਕੁਟਾਂ ਨੂੰ ਕਿਹੜਾ ਤੁਸੀਂ ਦੂਰੋਂ ਗਏ ਸੀ ਉਨ੍ਹਾਂ ਦੇ ਘਰੇ।’’
‘‘ਉਨ੍ਹਾਂ ਦੇ ਮਾਮੇ ਦਾ ਮੁੰਡਾ ਆਇਆ ਹੋਇਆ ਸੀ ਕਨੇਡਾ ਤੋਂ। ਉਹ ਆਪਦੀ ਸਾਲੀ ਦਾ ਸਾਕ ਕਰਾਉਂਦੈ ਹਰਮੀਤ ਨੂੰ।’’
‘‘ਕਿੱਥੋਂ ਕਰਵਾਉਂਦੈ?’’
‘‘ਜਿੱਥੇ ਉਹ ਵਿਆਹਿਐ। ਮੈਨੂੰ ਤਾਂ ਪਤਾ ਨਹੀਂ ਕਿੱਥੇ ਵਿਆਹਿਐ।’’
‘‘ਅੱਛਾ ਅੱਛਾ, ਇਨ੍ਹਾਂ ਦੀ ਸਲਾਹ ਹੋਊ।’’
‘‘ਇਹ ਤਾਂ ਨਹੁੰ ’ਤੇ ਨੇ। ਕੁੜੀ ਨੇ ਬਾਹਰ ਜਾਣ ਦਾ ਕੋਰਸ ਕੀਤੈ। ਇਹ ਖਰਚ ਵੀ ਆਪੇ ਹੀ ਕਰਨਗੇ ਕੁੜੀ ਨੂੰ ਬਾਹਰ ਭੇਜਣ ਦਾ। ਫੇਰ ਕੁੜੀ ਮੁੰਡੇ ਨੂੰ ਲੈ ਜੂ।’’
‘‘ਕਿੰਨਾ ਖਰਚ ਹੋ ਜੂ?’’
‘‘ਵੀਹ ਪੱਚੀ ਲੱਖ ਤਾਂ ਹੋ ਹੀ ਜਾਊ।’’
‘‘ਗੱਡਾ ਖੜ੍ਹੈ, ਘਰੇ ਨਹੀਂ ਬੈਠੀਦਾ!’’
‘‘ਮਾਂ, ਇੱਥੇ ਕਿਹੜਾ ਨੌਕਰੀਆਂ ਧਰੀਆਂ ਪਈਆਂ ਨੇ।’’
‘‘ਉੱਥੇ ਜਾ ਕੇ ਕਿਹੜਾ ਡੀ ਸੀ ਲੱਗ ਜਾਣਗੇ? ਇੱਥੇ ਖੇਤੀ ਕਰਦੇ ਨੇ ਤੇ ਉੱਥੇ ਵੀ ਕਾਰ ਕਰਕੇ ਖਾਣਗੇ। ਐਵੇਂ ਭੇਡਚਾਲ ਹੋਈ ਪਈ ਐ।’’
ਸ਼ਿੰਦੋ ਬੋਲ ਰਹੀ ਸੀ ਪਰ ਬਸੰਤ ਸਿੰਘ ਚੁੱਪ ਸੀ। ਮੁੰਡੇ ਚੁੱਪ ਕਰਕੇ ਹੱਥ ਧੋਣ ਚਲੇ ਗਏ। ਉਨ੍ਹਾਂ ਦੀ ਮਾਂ ਨੇ ਦੋਵਾਂ ਨੂੰ ਰੋਟੀ ਪਾ ਕੇ ਦਿੱਤੀ ਤੇ ਉਹ ਰੋਟੀ ਖਾਣ ਲੱਗ ਗਏ।
ਬਸੰਤ ਸਿੰਘ ਉੱਠ ਕੇ ਫਿਰ ਖੇਤ ਵਿੱਚ ਆ ਗਿਆ। ਉਸ ਨੇ ਸਾਰੇ ਖੇਤ ਦਾ ਚੱਕਰ ਲਾਇਆ ਤੇ ਫਿਰ ਝੁੰਬੀ ਵਿੱਚੋਂ ਮੰਜਾ ਬਾਹਰ ਕੱਢ ਕੇ ਟਾਹਲੀ ਹੇਠਾਂ ਜਾ ਕੇ ਬੈਠ ਗਿਆ। ਉਸ ਨੇ ਖੇਤ ਵੱਲ ਝਾਤੀ ਮਾਰੀ ਤੇ ਫਿਰ ਨਿਰਾਸ਼ ਹੋ ਗਿਆ। ਉਹ ਸੁਰਜੀਤ ਦੇ ਮੁੰਡੇ ਮੀਤੇ (ਹਰਮੀਤ) ਦੀ ਗੱਲ ਚਿਤਾਰਨ ਲੱਗਾ। ਉਸ ਨੂੰ ਪਤਾ ਸੀ ਕਿ ਸੁਰਜੀਤ ਦੀ ਕਬੀਲਦਾਰੀ ਵੀ ਇੱਕ ਸਾਧਾਰਨ ਕਿਸਾਨ ਦੀ ਕਬੀਲਦਾਰੀ ਹੈ ਅਤੇ ਉਸ ਕੋਲ ਸੱਤ ਕਿੱਲੇ ਜ਼ਮੀਨ ਦੇ ਹਨ। ਉਸ ਦੇ ਘਰ ਦੀਆਂ ਲੋੜਾਂ ਤਾਂ ਪੂਰੀਆਂ ਹੋ ਰਹੀਆਂ ਹਨ ਪਰ ਪੈਸੇ ਦੀ ਬੱਚਤ ਘੱਟ ਹੈ। ਜੇਕਰ ਮੁੰਡਾ ਬਾਹਰ ਭੇਜਿਆ ਤਾਂ ਉਸ ਨੂੰ ਜ਼ਮੀਨ ਵੇਚਣੀ ਪਵੇਗੀ ਕਿਉਂਕਿ ਜ਼ਮੀਨ ਵੇਚਣ ਤੋਂ ਬਿਨਾਂ ਕੋਈ ਹੱਲ ਨਹੀਂ। ਫਿਰ ਉਸ ਨੇ ਇਸੇ ਗੱਲ ਨੂੰ ਆਪਣੇ ਨਾਲ ਜੋੜ ਕੇ ਦੇਖਿਆ ਤਾਂ ਉਸ ਦਾ ਦਿਲ ਖੁੱਸਿਆ ਤੇ ਉਹ ਮਾਯੂਸ ਹੋ ਗਿਆ। ਉਹ ਸੋਚਣ ਲੱਗਿਆ ਕਿ ਕਿਤੇ ਉਸ ਨੂੰ ਵੀ ਜ਼ਮੀਨ ਵੇਚਣੀ ਨਾ ਪੈ ਜਾਵੇ। ਆਖ਼ਰ ਉਸ ਨੇ ਜੋ ਹੋਊ ਸੋ ਦੇਖੀ ਜਾਊ ਕਹਿ ਕੇ ਆਪਣਾ ਮਨ ਸਮਝਾ ਲਿਆ। ਉਹ ਉੱਠਿਆ ਤੇ ਝੁੰਬੀ ਵਿੱਚੋਂ ਕਸੀਆ ਚੁੱਕ ਕੇ ਵੱਟ ’ਤੇ ਖੜ੍ਹੇ ਖੱਬਲ ਨੂੰ ਖੁਰਚਣ ਲੱਗ ਗਿਆ।
‘‘ਖੱਬਲ ਖੁਰਚਣ ਲੱਗ ਪਿਆ?’’ ਸ਼ਿੰਦੋ ਨੇ ਬਹਾਨੇ ਨਾਲ ਉਸ ਨੂੰ ਆਪਣੇ ਆਉਣ ਦੀ ਸੂਚਨਾ ਦਿੱਤੀ।
‘‘ਹਾਂ, ਆ ਜਾ,’’ ਬਸੰਤ ਸਿੰਘ ਨੇ ਉਸ ਨੂੰ ਕਿਹਾ।
ਬਸੰਤ ਸਿੰਘ ਨੇ ਕਸੀਆ ਰੱਖ ਦਿੱਤਾ ਅਤੇ ਵੱਟ ’ਤੇ ਬੈਠ ਗਿਆ। ਸ਼ਿੰਦੋ ਵੀ ਉਸ ਦੇ ਬਰਾਬਰ ਬੈਠ ਗਈ। ਸ਼ਿੰਦੋ ਨੇ ਚੁੱਪ ਤੋੜਦਿਆਂ ਕਿਹਾ, ‘‘ਗੱਲ ਤਾਂ ਤੇਰੀ ਸੱਚੀ ਐ। ਜਵਾਕਾਂ ਨੂੰ ਤਾਂ ਝੱਲ ਹੀ ਵੱਜ ਗਿਆ।’’
‘‘ਮੈਂ ਦੇਖੀ ਜਾਨਾ ਲੋਕਾਂ ਦੇ ਜਵਾਕਾਂ ਦੇ ਰੱਥ (ਰੰਗ ਢੰਗ)।’’
‘‘ਮੈਨੂੰ ਬੌਲੀ ਨੂੰ ਕੀ ਪਤਾ ਕਿ ਕੀ ਹੋਈ ਜਾਂਦੈ।’’
‘‘ਨਾਲੇ ਉੱਥੇ ਹੈ ਕੁਸ਼ ਨ੍ਹੀਂ ਪਰ ਇੱਥੋਂ ਵਾਲੀ ਆਜ਼ਾਦੀ ਚੰਗੀ ਨਹੀਂ ਲੱਗਦੀ। ਉਨ੍ਹਾਂ ਲੋਕਾਂ ਦੀ ਮੁੜ ਕੇ ਗ਼ੁਲਾਮੀ ਕਰਨਗੇ, ਜਿਨ੍ਹਾਂ ਨੇ ਆਪਣੇ ਨਾਲ ਕੋਈ ਕਸਰ ਨਹੀਂ ਛੱਡੀ। ਖਬਰੈ ਕਿਉਂ ਠੀਕਰਾ ਮੂਧਾ ਵੱਜਿਐ ਸਿਰ ’ਤੇ।’’
‘‘ਆਪਣੇ ਵਾਲੇ ਕਹਿੰਦੇ ਉੱਥੇ ਪੈਸੇ ਹੀ ਬਾਹਲੇ ਨੇ।’’
‘‘ਜਿੰਨੇ ਪੈਸੇ ਲਾ ਕੇ ਉੱਥੇ ਜਾਣਗੇ ਓਨੇ ਦੇ ਤਾਂ ਵਿਆਜ ਵਿੱਚ ਹੀ ਰੋਟੀ ਵਧੀਆ ਖਾਧੀ ਜਾਵੇ।’’
‘‘ਜਾਇ ਵੱਢਿਆਂ ਦਾ ਦਿਮਾਗ਼ ਮੋਟੈ।’’
‘‘ਇੱਥੇ ਸਰਦਾਰ ਉੱਥੇ ਵਗਾਰੀ।’’
‘‘ਜਦੋਂ ਬੁੱਧ ਭ੍ਰਿਸ਼ਟ ਹੋ ਜਾਵੇ ਤਾਂ ਕੋਈ ਗੱਲ ਚੰਗੀ ਨ੍ਹੀਂ ਲੱਗਦੀ ਕਿਸੇ ਦੀ ਵੀ ਕਹੀ ਹੋਈ।’’
‘‘ਜਿਹੜੇ ਬਾਹਰੋਂ ਆਉਂਦੇ ਨੇ ਨਾ, ਉਹੀ ਚੱਕ ਦਿੰਦੇ ਨੇ ਇਨ੍ਹਾਂ ਨੂੰ ਆ ਕੇ।’’
‘‘ਭਲਾ ਸਰਜੀਤ 20-25 ਲੱਖ ਕਿੱਥੋਂ ਲਿਆਊ?’’
‘‘ਜ਼ਮੀਨ ਵੇਚਣੀ ਪਊ ਹੋਰ ਕੀ ਇੰਗਸ ਆਉਂਦੀ ਹੈ।’’
‘‘ਮੈਨੂੰ ਤਾਂ ਆਪਣਿਆਂ ਦਾ ਡਰ ਲੱਗਣ ਲੱਗ ਪਿਆ।’’
‘‘ਹੋਰ ਮੈਂ ਕਿਉਂ ਝੂਰਦਾਂ। ਇਸੇ ਕਰਕੇ ਹੀ ਝੂਰਦਾਂ ਕਿ ਜਾਨ ਤੋਂ ਪਿਆਰੀ ਪਿਓ ਦਾਦੇ ਦੀ ਜ਼ਮੀਨ ਇਨ੍ਹਾਂ ਵਾਸਤੇ ਹੀ ਰੱਖੀ ਐ। ਹੁਣ ਇਹੀ ਸੰਭਾਲਣ। ਮੈਂ ਕਿੰਨਾ ਕੁ ਚਿਰ ਕਰੂੰ। ਮੈਂ ਕਿੰਨਾ ਕੁ ਚਿਰ ਹਾਂ?’’
‘‘ਨਾਲੇ ਮਾਂ ਪਿਓ ਦਾ ਬੁਢਾਪਾ ਰੋਲਣਗੇ ਜਿਹੜੇ ਜਾਂਦੇ ਨੇ।’’ ‘‘ਮਾਂ ਪਿਓ ਤਾਂ ਰੁਲਣਗੇ ਈ। ਚਾਹੇ ਇੱਥੇ ਰੁਲਣ ਚਾਹੇ ਉੱਥੇ ਰੁਲਣ।’’
‘‘ਉੱਥੇ ਤੱਕ ਕੌਣ ਜਾਂਦੈ?’’
‘‘ਜਿਹੜਾ ਜਾਊ ਉਹ ਤਾਂ ਰੁਲੂ। ਉੱਥੇ ਐਥੋਂ ਵਰਗਾ ਕੰਮ ਨ੍ਹੀਂ ਬੀ ਕਿਸੇ ਨੂੰ ਬੋਲ ਮਾਰ ਕੇ ਕਹਿ ਦਿਆਂਗੇ ਕਿ ਆ ਜਾ ਸਾਡੇ ਘਰੇ। ਅੰਦਰ ਪਿਆ ਈ ਮਰ ਜੂ। ਆਪਦੇ ਬਿਨਾਂ ਕਿਸੇ ਨਾਲ ਢਿੱਡ ਵੀ ਨ੍ਹੀਂ ਹੌਲਾ ਹੁੰਦਾ। ਢਿੱਡ ਹੌਲਾ ਨਾ ਹੋਇਆ ਤਾਂ ਟਾਈਮ ਕਿਵੇਂ ਟੱਪੂ? ਆਖ਼ਰ ਬੰਦਾ ਐ, ਕੋਈ ਮਸ਼ੀਨ ਤਾਂ ਨਹੀਂ ਬਈ ਇੱਕ ਪਾਸੇ ਰੱਖ ਦੇਣਗੇ। ਜਾਂ ਫਿਰ ਉਹ ਕੰਮ ’ਤੇ ਜਾਣਗੇ ਤੇ ਪਿੱਛੋਂ ਮਾਂ ਪਿਓ ਜਵਾਕਾਂ ਨਾਲ ਲਟੋ ਪੀਂਘ ਹੋਈ ਜਾਣਗੇ। ਆਪ ਕਿਹੜਾ ਉੱਥੇ ਜਾ ਕੇ ਕੁਰਸੀ ’ਤੇ ਬੈਠਣਗੇ? ਅਗਲਾ ਜੁੱਤੀਆਂ ਮਾਰ ਕੇ ਕੰਮ ਲਊ।’’
‘‘ਨਾਲੇ ਆਪਣੇ ਵਰਗਿਆਂ ਨੂੰ ਤਾਂ ਉਨ੍ਹਾਂ ਦੀ ਬੋਲੀ ਨਹੀਂ ਸਮਝ ਆਉਣੀ।’’
‘‘ਜਿਨ੍ਹਾਂ ਦੀ ਬੋਲੀ ਸਮਝ ਆਊ ਉਹ ਕੀ ਸਰ੍ਹਾਣੇ ਬੈਠ ਜਾਣਗੇ? ਉੱਥੇ ਤਾਂ ਕੰਮ ਹੀ ਕੰਮ ਐ। ਐ ਨ੍ਹੀਂ ਬੀ ਜਿਵੇਂ ਤੂੰ ਮੇਰੇ ਕੋਲ ਬੈਠੀ ਐਂ। ਉੱਥੇ ਤਾਂ ਇੱਕ ਜਣਾ ਦਿਨੇ ਕੰਮ ’ਤੇ ਦੂਜਾ ਰਾਤ ਨੂੰ ਕੰਮ ’ਤੇ। ਠੰਢੇ ਟੁੱਕੜ ਝੁਲਸੀ ਜਾਂਦੇ ਨੇ।’’ ‘‘ਤੇ ਬੁੜ੍ਹੇ ਬੁੜ੍ਹੀਆਂ?’’
‘‘ਉਹ ਘਰੇ ਫਾਹੇ ਚੜ੍ਹਦੇ ਨੇ। ਜਿਹੜਾ ਕੰਮ ਤੋਂ ਆਉਂਦੈ ਉਹੀ ਟੁਕੜਾ ਚੱਕ ਕੇ ਖਾ ਲੈਂਦੈ। ਹੋਰ ਕੀ ਉਹ ਆ ਕੇ ਮਾਂ ਪਿਓ ਦੀਆਂ ਲੱਤਾਂ ਦੱਬਦੇ ਨੇ।’’
‘‘ਦੁਰ ਫਿਟੇ ਮੂੰਹ! ਇਹੋ ਜੀ ਜਿਉਣੀ ਜਿਉਣ ਦੇ।’’
‘‘ਬਸ ਗੱਲ ਇੱਥੇ ਮੁੱਕਦੀ ਹੈ ਕਿ ਜੀਹਨੇ ਸੁੱਖ ਲੈਣੈ ਉਹ ਇੱਥੇ ਵੀ ਲੈ ਲਊ ਤੇ ਜੀਹਨੇ ਧੱਕੇ ਖਾਣੇ ਨੇ ਉਹ ਉੱਥੇ ਵੀ ਧੱਕੇ ਹੀ ਖਾਊ।’’
‘‘ਆਪਾਂ ਇਨ੍ਹਾਂ ਨੂੰ ਵਿਆਹ ਵਾਸਤੇ ਭਲੋਈਏ?’’
‘‘ਜਿਵੇਂ ਮਰਜ਼ੀ ਕਰ ਲੈ ਮੇਰੇ ਵੰਨੀਓਂ ਖੁੱਲ੍ਹੀ ਛੁੱਟੀ ਐ।’’
‘‘ਚੱਜ ਦੇ ਘਰ ਵਿਆਹੇ ਜਾਣ। ਆਪਾਂ ਨੂੰ ਲੈਣ ਦੀ ਕੋਈ ਲੋੜ ਨ੍ਹੀਂ। ਬਸ ਕੁੜੀਆਂ ਸਿਆਣੀਆਂ ਹੋਣ ਤੇ ਘਰ ਬੰਨ੍ਹਣ ਵਾਲੀਆਂ ਹੋਣ।’’
‘‘ਮੈਂ ਵੀ ਇਹੀ ਕਹਿਨਾ ਕਿ ਘਰ ਦੀ ਕਬੀਲਦਾਰੀ ਵਧੀਆ ਚੱਲੀ ਜਾਵੇ। ਐਦੂੰ ਵੱਡਾ ਸੁਖ ਕੋਈ ਨ੍ਹੀਂ। ਆਵਦੀ ਨੀਂਦ ਸੌਣਾ ਤੇ ਆਵਦੀ ਨੀਂਦ ਜਾਗਣਾ।’’
ਇਸ ਤਰ੍ਹਾਂ ਗੱਲਾਂ ਕਰਕੇ ਸ਼ਿੰਦੋ ਨੇ ਕਿਹਾ, ‘‘ਆਜਾ ਚੱਲੀਏ ਘਰੇ। ਦਮ ਲੈ ਲੈ। ਕਿਉਂ ਮਨ ਦੁਖੀ ਕਰਦੈਂ।’’
ਸ਼ਿੰਦੋ ਚਲੀ ਗਈ। ਬਸੰਤ ਸਿੰਘ ਨੇ ਵੀ ਕਸੀਆ ਝੁੰਬੀ ਵਿੱਚ ਰੱਖਿਆ ਅਤੇ ਉਸ ਦੇ ਪਿੱਛੇ ਹੀ ਘਰ ਨੂੰ ਤੁਰ ਪਿਆ।
ਆਪਣੀ ਕਬੀਲਦਾਰੀ ਨੂੰ ਹੋਰ ਚੰਗੀ ਬਣਾਉਣ ਲਈ ਨਿੱਤ ਨਵੀਆਂ ਸਕੀਮਾਂ ਬਣਾਉਣ ਵਾਲੇ ਬਸੰਤ ਸਿੰਘ ਅਤੇ ਸ਼ਿੰਦੋ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਨ੍ਹਾਂ ਦੀ ਪੱਕੀ ਖੇਤੀ ’ਤੇ ਗੜੇ ਪੈ ਗਏ ਹੋਣ। ਹੁਣ ਉਹ ਸਾਰੀਆਂ ਗੱਲਾਂ ਭੁੱਲ ਗਏ। ਉਹ ਤਾਂ ਇਹ ਸੋਚਣ ਵਾਸਤੇ ਮਜਬੂਰ ਹੋ ਗਏ ਕਿ ਮੁੰਡਿਆਂ ਨੂੰ ਬਾਹਰਲੇ ਮੁਲਕ ਜਾਣ ਤੋਂ ਕਿਵੇਂ ਰੋਕਿਆ ਜਾਵੇ। ਉਹ ਉਨ੍ਹਾਂ ਨੂੰ ਨਿੱਤ ਨਵੀਆਂ ਗੱਲਾਂ ਸੁਣਾਉਂਦੇ। ਕਦੇ ਉਹ ਕੁੜੀ ਵੱਲੋਂ ਮੁੰਡੇ ਨਾਲ ਜਾਂ ਉਸ ਦੇ ਪਰਿਵਾਰ ਨਾਲ ਠੱਗੀ ਦੀ ਗੱਲ ਸੁਣਾਉਂਦੇ ਤੇ ਕਦੇ ਰੁਲਦੇ ਮਾਪਿਆਂ ਦੀ ਗੱਲ ਕਰਦੇ।
ਇੱਕ ਦਿਨ ਆਥਣੇ ਉਹ ਇਕੱਠੇ ਹੋ ਕੇ ਬੈਠੇ ਤਾਂ ਸ਼ਿੰਦੋ ਨੇ ਆਪਣੀ ਸੋਚ ਮੁਤਾਬਿਕ ਮੁੰਡਿਆਂ ਨੂੰ ਮੱਤ ਦੇਣ ਦੀ ਸੋਚੀ। ਉਸ ਨੇ ਗੱਲ ਛੇੜਦਿਆਂ ਕਿਹਾ, ‘‘ਦੇਖੋ, ਲੋਕਾਂ ਨੂੰ ਕੀ ਫਿਟਕ ਵੱਜੀ ਹੈ। ਊਂਈ ਬੂਥੜ ਚੱਕ ਕੇ ਬਾਹਰ ਨੂੰ ਭੱਜੇ ਜਾਂਦੇ ਨੇ।’’
‘‘ਬੀਬੀ, ਤੈਨੂੰ ਕੀ ਪਤੈ ਉੱਥੇ ਤਾਂ ਜਾਂਦਿਆਂ ਨੂੰ ਈ ਕੰਮ ਮਿਲ ਜਾਂਦਾ,’’ ਬਸੰਤ ਸਿੰਘ ਦੇ ਬੋਲਣ ਤੋਂ ਪਹਿਲਾਂ ਹੀ ਵੱਡਾ ਮੁੰਡਾ ਬੋਲ ਪਿਆ।
‘‘ਹਰਮੀਤ ਉੱਥੇ ਜਾ ਕੇ ਕੀ ਕਰੂਗਾ? ਮਾਸਟਰ ਲਾ ਦੇਣਗੇ?’’
‘‘ਇਹੋ ਜਿਹੀਆਂ ਨੌਕਰੀਆਂ ਨਹੀਂ ਮਿਲਦੀਆਂ। ਉੱਥੇ ਤਾਂ ਹੋਰ ਕੰਮ ਕਰਦੇ ਨੇ ਪਰ ਕੰਮ ਉਦੀਂ ਮਿਲ ਜਾਂਦੈ।’’
‘‘ਐਥੋਂ ਵਾਲੀ ਸਰਦਾਰੀ ਨ੍ਹੀਂ ਮਿਲਣੀ ਪੁੱਤ! ਉੱਥੇ ਤਾਂ ਜਾ ਕੇ ਨੌਕਰ ਬਣਨਾ ਪਊ।’’
‘‘ਐਥੇ ਸਾਰਾ ਦਿਨ ਖੇਤ ਵਿੱਚ ਖਪਦੇ ਨੇ ਲੋਕ।’’
‘‘ਖਪਣ ਦੇ ਵੇਲੇ ਤਾਂ ਪੁੱਤ ਲੰਘ ਗਏ। ਹੁਣ ਕੋਈ ਨਹੀਂ ਖਪਦਾ। ਮੇਰਾ ਦਾਦਾ ਅਤੇ ਤੇਰਾ ਦਾਦਾ ਬਹੁਤ ਖਪੇ ਨੇ ਪਰ ਹੁਣ ਮਸ਼ੀਨਾਂ ਦੀ ਖੇਤੀ ਰਹਿ ਗਈ। ਹੁਣ ਤਾਂ ਖੇਤੀ ਵੀ ਨੌਕਰੀ ਵਰਗੀ ਹੈ।’’ ਬਸੰਤ ਸਿੰਘ ਬੋਲਿਆ।
‘‘ਨੌਕਰੀ ਦੀ ਤਾਂ ਭਾਪਾ ਕੋਈ ਰੀਸ ਨ੍ਹੀਂ। ਖੇਤੀ ਵਿੱਚ ਕੁਸ਼ ਨ੍ਹੀਂ। ਨੌਕਰੀ ਦੇ ਤਾਂ ਬੰਨ੍ਹੇ ਪੈਸੇ ਆ ਜਾਂਦੇ ਨੇ। ਖੇਤੀ ਤਾਂ ਰੱਬ ਆਸਰੇ ਐ।’’
ਬਸੰਤ ਸਿੰਘ ਚੁੱਪ ਕਰ ਗਿਆ। ਉਸ ਨੂੰ ਪਤਾ ਸੀ ਕਿ ਬੋਲਣ ਵਿੱਚ ਕੋਈ ਫਾਇਦਾ ਨਹੀਂ ਪਰ ਸ਼ਿੰਦੋ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਭਰੀ ਪੀਤੀ ਬੈਠੀ ਸੀ। ਉਸ ਨੇ ਆਪਣਾ ਗੁੱਭਗੁਭਾਟ ਕੱਢਿਆ ਤੇ ਬੋਲੀ, ‘‘ਭੇਡਚਾਲ ਐ। ਇੱਕ ਭੇਡ ਜਿਧਰ ਨੂੰ ਚੱਲ ਪਈ ਤਾਂ ਸਾਰੀਆਂ ਉੱਥੇ ਹੀ ਜਾਣਗੀਆਂ ਭਾਵੇਂ ਜਾਂਦੀਆਂ ਹੀ ਮਰ ਜਾਣ।’’
‘‘ਛੱਡ ਪਰ੍ਹੇ ਬੀਬੀ। ਤੂੰ ਤਾਂ ਅਨਪੜ੍ਹਾਂ ਵਾਲੀਆਂ ਗੱਲਾਂ ਕਰਦੀ ਐਂ,’’ ਸੁਖਬੀਰ ਨੇ ਥੋੜ੍ਹਾ ਜਿਹਾ ਔਖੇ ਹੋ ਕੇ ਕਿਹਾ।
‘‘ਮੈਂ ਅਨਪੜ੍ਹ ਹਾਂ ਪਰ ਥੋਡੇ ਨਾਲੋਂ ਸਿਆਣੀ ਹਾਂ। ਸੁਣ ਕੇ ਉੱਜੜਿਆਂ ਉਖੜਿਆਂ ਦੀਆਂ ਗੱਲਾਂ, ਫੇਰ ਆ ਕੇ ਮੈਨੂੰ ਸੁਣਾਉਂਦੇ ਨੇ।’’
‘‘ਉੱਜੜੇ ਉੱਖੜੇ ਕਿਉਂ ਨੇ ਉਹ?’’
‘‘ਹੋਰ ਉਹ ਵਸਦੇ ਨੇ? ਜੇ ਕਮਾਈ ਕਰਨ ਵਾਲੇ ਹੋਣ ਤਾਂ ਐਥੇ ਈ ਨਾ ਕਰ ਲੈਣ। ਤੂੰ ਕਹਿਨੈ ਕਿ ਤੈਨੂੰ ਕੁਸ਼ ਪਤਾ ਨ੍ਹੀਂ, ਮੈਨੂੰ ਉਹ ਪਤੈ ਜਿਹੜਾ ਥੋਨੂੰ ਨੂੰ ਵੀ ਨ੍ਹੀਂ ਪਤਾ।’’
‘‘ਕੀ ਪਤੈ, ਚੰਗਾ ਦੱਸ?’’
‘‘ਉੱਥੇ ਜਾਣ ਵਾਲਿਆਂ ਨੂੰ ਕੋਈ ਕੁਰਸੀ ’ਤੇ ਨ੍ਹੀਂ ਬਿਠਾਉਂਦਾ। ਮੇਰੀ ਚਾਚੀ ਦੀ ਭੈਣ ਦਾ ਪੋਤਾ 16 ਜਮਾਤਾਂ ਪੜ੍ਹ ਕੇ ਗਿਐ ਉਧਰ। ਉੱਥੇ ਜਾ ਕੇ ਪੈਟਰੋਲ ਪੰਪ ’ਤੇ ਤੇਲ ਪਾਉਂਦੈਂ। ਨਾਲੇ ਕਹਿੰਦਾ ਸਾਡੇ ਆਵਦੇ ਬੰਦੇ ਨੇ ਜਿਨ੍ਹਾਂ ਨੇ ਕੰਮ ਦਵਾਇਐ। ਉਹਦੀ ਬਹੂ ਸਿਊਂਦੀ ਐ ਕੱਪੜੇ। ਜਿਹੜੀਆਂ ਇਧਰੋਂ ਗਈਆਂ ਨੇ ਸਿਆਣੀਆਂ ਬਣ ਕੇ ਉਨ੍ਹਾਂ ਦੇ ਆਹ ਹਾਲ ਨੇ।’’
ਮਾਂ ਦੀ ਗੱਲ ਸੁਣ ਕੇ ਮੁੰਡੇ ਕੱਚੇ ਜਿਹੇ ਹੋ ਗਏ।
ਰਾਤ ਨਿਕਲ ਗਈ।
ਅਗਲਾ ਦਿਨ ਚੜ੍ਹ ਗਿਆ।
ਮੁੰਡੇ ਅਜੇ ਉੱਠੇ ਹੀ ਨਹੀਂ ਸਨ। ਬਸੰਤ ਸਿੰਘ ਖੇਤ ਗੇੜਾ ਮਾਰਨ ਚਲਾ ਗਿਆ। ਸ਼ਿੰਦੋ ਘਰ ਦੇ ਪਿੱਛੇ ਲੱਗੀ ਰੂੜੀ ’ਤੇ ਗੋਹੇ ਦਾ ਬੱਠਲ ਸੁੱਟਣ ਗਈ ਤਾਂ ਉਹ ਦੂਰ ਖੜ੍ਹੇ ਬਸੰਤ ਸਿੰਘ ਕੋਲ ਚਲੀ ਗਈ। ਉਸ ਨੇ ਬਸੰਤ ਸਿੰਘ ਨੂੰ ਪੁੱਛਿਆ, ‘‘ਕਿਉਂ ਮੈਂ ਠੀਕ ਸੁਣਾਇਆ?’’
‘‘ਤੂੰ ਸੁਣਾ ’ਤਾ, ਸਮਝਾ ’ਤਾ। ਹੁਣ ਪਤਾ ਨਹੀਂ ਕੀ ਬਣੂੰਗਾ। ਅੱਗ ’ਤੇ ਮਿੱਟੀ ਪਾਉਣ ਨਾਲ ਅੱਗ ਦੱਬ ਜਾਂਦੀ ਹੈ ਪਰ ਬੁਝਦੀ ਨ੍ਹੀਂ।’’
ਦਿਨ ਬੀਤਣ ਲੱਗੇ। ਸਾਉਣੀ ਦੀ ਫ਼ਸਲ ਵੱਢੀ ਗਈ। ਚੰਗਾ ਝਾੜ ਨਿਕਲਣ ਨਾਲ ਕਾਫ਼ੀ ਬੱਚਤ ਹੋ ਗਈ।
ਹਾੜ੍ਹੀ ਬੀਜੀ ਗਈ। ਇਸ ਵਾਰ ਦੋ ਫ਼ਸਲਾਂ ਬੀਜੀਆਂ ਕਣਕ ਤੇ ਸਰ੍ਹੋਂ। ਦੋਵੇਂ ਹੀ ਚੰਗੀਆਂ ਉੱਠੀਆਂ। ਪਾਣੀ ਧਾਣੀ ਲਾਉਂਦਿਆਂ ਸੇਵਾ ਕਰਦਿਆਂ ਫ਼ਸਲ ਵਧਦੀ ਗਈ। ਸਮਾਂ ਬੀਤਣ ’ਤੇ ਹਾੜ੍ਹੀ ਦੀ ਫ਼ਸਲ ਵੀ ਨੇੜੇ ਲੱਗ ਗਈ।
ਠੰਢੀ ਅੱਗ ਫਿਰ ਸੁਲਗ਼ ਗਈ। ਸੁਖਬੀਰ ਨੇ ਸਿੱਧਾ ਹੀ ਆਪਣੇ ਪਿਉ ਨੂੰ ਕਹਿ ਦਿੱਤਾ, ‘‘ਭਾਪਾ, ਕਿਉਂ ਔਖਾ ਹੋਈ ਜਾਨੈ? ਠੇਕੇ ’ਤੇ ਦੇ ਦਿੰਨੇ ਆ। ਠੇਕੇ ਦੇ ਪੈਸਿਆਂ ਨੂੰ ਵਿਆਜ ’ਤੇ ਰੱਖ ਕੇ ਦੇਖ ਲਓ। ਫ਼ਸਲ ਨਾਲੋਂ ਵੱਧ ਨਫ਼ਾ ਕਰੂ। ਜਿੰਨੀ ਬਿਨਾਂ ਸਰਦਾ ਨਹੀਂ ਉਨੀ ਰੱਖ ਲਓ।’’
‘‘ਓਏ ਆਪਾਂ ਵਿਹਲੇ ਕੀ ਕਰਾਂਗੇ?’’
‘‘ਭਾਪਾ, ਮੈਂ ਤਾਂ ਬਾਹਰ ਹੀ ਜਾਊਂ। ਇੱਥੇ ਕੋਈ ਨੌਕਰੀ ਨ੍ਹੀਂ ਚਾਕਰੀ ਨ੍ਹੀਂ।’’
‘‘ਤੇਰੀ ਮਰਜ਼ੀ ਐ ਭਾਈ।’’
‘‘ਮੈਂ ਅੱਜ ਪਾਸਪੋਰਟ ਬਣਾਉਣ ਵਾਸਤੇ ਜਾਊਂਗਾ।
ਮੁੰਡੇ ਦੀ ਗੱਲ ਸੁਣ ਕੇ ਬਸੰਤ ਸਿੰਘ ਦੇ ਹੋਸ਼ ਉੱਡ ਗਏ। ਉਸ ਨੇ ਮੁੰਡੇ ਨੂੰ ਤਾੜਨਾ ਠੀਕ ਨਾ ਸਮਝਿਆ। ਉਹ ਅੱਜ ਦੇ ਜ਼ਮਾਨੇ ਦੇ ਜਵਾਕਾਂ ਦੀਆਂ ਆਦਤਾਂ ਤੋਂ ਭਲੀਭਾਂਤ ਜਾਣੂ ਸੀ। ਫਿਰ ਵੀ ਉਸ ਨੇ ਪਿਆਰ ਨਾਲ ਸਮਝਾਉਂਦਿਆਂ ਕਿਹਾ, ‘‘ਪੁੱਤ, ਆਪਣੇ ’ਚ ਏਨੀ ਗੁੰਜਾਇਸ਼ ਨ੍ਹੀਂ ਪੈਸੇ ਲਾਉਣ ਦੀ।’’
‘‘ਭਾਪਾ, ਮੈਂ ਕਿਹੜਾ ਇੱਥੇ ਮੁੜ ਕੇ ਆਉਣੈ। ਮੇਰੇ ਹਿੱਸੇ ਦੀ ਜ਼ਮੀਨ ਵੇਚ ਦਿਉ।’’
ਮੁੰਡੇ ਦੀ ਗੱਲ ਸੁਣ ਕੇ ਬਸੰਤ ਸਿੰਘ ਨੂੰ ਕੋਈ ਹੈਰਾਨੀ ਨਾ ਹੋਈ ਪਰ ਉਸ ਦਾ ਸਿਰ ਜ਼ਰੂਰ ਚੱਕਰ ਖਾ ਗਿਆ। ਉਸ ਨੂੰ ਜਿਸ ਗੱਲ ਦਾ ਡਰ ਸੀ ਸੋਈ ਗੱਲ ਅੱਗੇ ਆ ਗਈ। ਉਸ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ।
ਸੰਪਰਕ: 94178-40323