ਆਪਣੇ ਆਪ ਦੀ ਤਲਾਸ਼ ਕਰਦਿਆਂ
ਅਲੋਕ ਸਾਗਰ ਨਾਮ ਦਾ ਇੱਕ ਗੁੰਮਨਾਮ ਵਿਅਕਤੀ ਕਈ ਸਾਲਾਂ ਮਗਰੋਂ ਉਦੋਂ ਮਸ਼ਹੂਰ ਹੋ ਗਿਆ ਜਦੋਂ ਉਸ ਨੂੰ ਸ਼ੱਕੀ ਸਮਝ ਕੇ ਮੱਧ ਪ੍ਰਦੇਸ਼ ਦੇ ਜੰਗਲੀ ਇਲਾਕੇ ’ਚੋਂ ਫੜ ਲਿਆ। ਉਦੋਂ ਤੱਕ ਕੋਈ ਨਹੀਂ ਜਾਣਦਾ ਸੀ ਕਿ ਉਹ ਕੌਣ ਹੈ। ਉਦੋਂ ਉਹ ਮੱਧ ਪ੍ਰਦੇਸ਼ ਦੇ ਆਦਿਵਾਸੀ ਇਲਾਕੇ ਨੂੰ ਹਰਾ ਭਰਾ ਬਣਾਉਣ ਲਈ ਰੁੱਖ ਲਗਾ ਰਿਹਾ ਸੀ। ਗਿਣਤੀ ਦੀਆਂ ਚੀਜ਼ਾਂ ਨਾਲ ਇੱਕ ਝੋਂਪੜੀ ਵਿੱਚ ਉਹ ਬਹੁਤ ਸਾਦਾ ਜੀਵਨ ਬਤੀਤ ਕਰ ਰਿਹਾ ਸੀ। ਉਸ ਨੇ ਤਕਰੀਬਨ ਪੰਜਾਹ ਹਜ਼ਾਰ ਰੁੱਖ ਲਾਏ। ਪੁਲੀਸ ਦੇ ਪੁੱਛਣ ’ਤੇ ਉਸ ਨੇ ਦੱਸਿਆ ਕਿ ਉਹ ਆਈਆਈਟੀ ਦਿੱਲੀ ਦਾ ਪ੍ਰੋਫੈਸਰ ਰਹਿ ਚੁੱਕਾ ਹੈ। ਉਸ ਨੇ ਅਮਰੀਕਾ ਤੋਂ ਪੀਐੱਚ.ਡੀ. ਕੀਤੀ। ਅਮਰੀਕਾ ਵਿੱਚ ਪੜ੍ਹਾਇਆ ਤੇ ਭੁੱਲੇ ਭਟਕੇ ਲੋਕਾਂ ਦਾ ਰਾਹ ਦਸੇਰਾ ਬਣਨ ਲਈ ਮੱਧ ਪ੍ਰਦੇਸ਼ ਦੇ ਆਦਿਵਾਸੀ ਲੋਕਾਂ ਵਿੱਚ ਰਹਿਣ ਲੱਗਾ। ਲੋਕਾਂ ਨੂੰ ਰੁੱਖਾਂ, ਜੰਗਲਾਂ, ਪਹਾੜਾਂ, ਨਦੀਆਂ, ਪਾਣੀਆਂ ਦੀ ਮਹੱਤਤਾ ਦੱਸਣ ਲਈ ਪੱਕੇ ਤੌਰ ’ਤੇ ਇਸ ਇਲਾਕੇ ਵਿੱਚ ਵਸ ਗਿਆ। ਫਿਰ ਦੇਸ਼ ਦੇ ਕਈ ਪ੍ਰਮੁੱਖ ਚੈਨਲਾਂ, ਯੂਟਿਊਬਰਾਂ ਨੇ ਉਸ ਨਾਲ ਮੁਲਾਕਾਤਾਂ ਕੀਤੀਆਂ ਤੇ ਲੱਖਾਂ ਲੋਕਾਂ ਨੇ ਵੇਖੀਆਂ ਸੁਣੀਆਂ। ਅਲੋਕ ਸਾਗਰ ਆਪ ਚੰਗੀ ਨੌਕਰੀ ’ਤੇ ਸੀ। ਅਮਰੀਕਾ ਵਰਗੇ ਦੇਸ਼ ਵਿੱਚ ਉਹ ਆਰਾਮ ਨਾਲ ਵੱਸ ਸਕਦਾ ਸੀ। ਉਹਦੇ ਮਾਪੇ ਵੀ ਸੇਵਾਮੁਕਤ ਪ੍ਰੋਫੈਸਰ ਸਨ। ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਵਰਗੇ ਵੱਡੇ ਬੰਦਿਆਂ ਦਾ ਉਹ ਉਸਤਾਦ ਰਹਿ ਚੁੱਕਾ ਸੀ ਪਰ ਉਹ ਸ਼ਹਿਰ ਜ਼ਿੰਦਗੀ ਛੱਡ ਕੇ ਪੰਛੀਆਂ, ਰੁੱਖਾਂ, ਬੂਟਿਆਂ ਨਾਲ ਸਾਂਝ ਪਾਉਣ ਕੁਦਰਤ ਦੀ ਆਗੋਸ਼ ਵਿੱਚ ਆ ਗਿਆ। ਉਸ ਨੇ ਆਪਣੇ ਜੀਵਨ ਦਾ ਮਕਸਦ ਲੱਭ ਲਿਆ ਸੀ।
ਜ਼ਿੰਦਗੀ ਜਿਊਣ ਦਾ ਮਕਸਦ ਆਲ੍ਹਣਾ ਬਣਾਉਂਦੀ ਚਿੜੀ ਤੋਂ ਵੀ ਸਿੱਖਿਆ ਜਾ ਸਕਦਾ ਹੈ। ਮਨੋਵਿਗਿਆਨ ਅਨੁਸਾਰ ਸਾਡੇ ਕੋਲ ਜ਼ਿੰਦਗੀ ਜਿਊਣ ਦੀ ਵਜ੍ਹਾ ਹੋਣੀ ਚਾਹੀਦੀ ਹੈ। ਹਰ ਵਿਅਕਤੀ ਨੂੰ ਇਹ ਵਜ੍ਹਾ ਪਤਾ ਹੋਣੀ ਜ਼ਰੂਰੀ ਹੈ। ਜਾਪਾਨ ਦੇ ਲੋਕ ਇਸ ਨੂੰ ਇਕਾਗਾਈ ਆਖਦੇ ਹਨ। ਇਸ ਵਿਸ਼ੇ ’ਤੇ ਜਾਪਾਨੀ ਭਾਸ਼ਾ ਵਿੱਚ ਲਿਖੀਆਂ ਕੁਝ ਕਿਤਾਬਾਂ ਵੀ ਹਨ। ਉਹ ਆਖਦੇ ਹਨ ਕਿ ਹਰ ਇੱਕ ਦੀ ਆਪਣੀ ਵੱਖਰੀ ਇਕਾਗਾਈ ਹੁੰਦੀ ਹੈ, ਭਾਵ ਹਰ ਇੱਕ ਦੇ ਜਿਊਣ ਦੀ ਵਜ੍ਹਾ ਵੱਖਰੀ ਹੁੰਦੀ ਹੈ। ਕਿਸੇ ਨੂੰ ਘੁੰਮਣਾ ਫਿਰਨਾ ਚੰਗਾ ਲੱਗਦਾ ਹੈ, ਕਿਸੇ ਨੂੰ ਪੜ੍ਹਨਾ ਚੰਗਾ ਲੱਗਦਾ ਹੈ, ਕਿਸੇ ਦੀ ਕਿਸੇ ਖੇਡ ਵਿੱਚ ਦਿਲਚਸਪੀ ਹੁੰਦੀ ਹੈ, ਕਿਸੇ ਦੀ ਗਿਆਨ ਹਾਸਲ ਕਰਨ ਵਿੱਚ ਦਿਲਚਸਪੀ ਹੈ, ਕਿਸੇ ਨੂੰ ਸੁਆਦਲੇ ਭੋਜਣ ਬਣਾਉਣੇ ਚੰਗੇ ਲੱਗਦੇ ਹਨ, ਕਿਸੇ ਨੂੰ ਕੁਦਰਤ ਦੇ ਨਜ਼ਾਰਿਆਂ ਨੂੰ ਮਾਨਣਾ ਚੰਗਾ ਲੱਗਦਾ ਹੈ, ਕਿਸੇ ਨੂੰ ਚਿੱਤਰਕਲਾ ਪਸੰਦ ਹੈ, ਕਿਸੇ ਨੂੰ ਲਿਖਣਾ, ਕਿਸੇ ਨੂੰ ਗਾਉਣਾ ਪਸੰਦ ਹੈ ਅਤੇ ਕਿਸੇ ਨੂੰ ਪੰਛੀਆਂ ਨਾਲ ਮਿੱਤਰਤਾ। ਮਨੁੱਖ ਆਪਣੀ ਜ਼ਿੰਦਗੀ ਦੌਰਾਨ ਕਈ ਤਰ੍ਹਾਂ ਦੇ ਕੰਮ ਕਰਦਾ ਹੈ ਪਰ ਇੱਕ ਕੰਮ ਹਰ ਇੱਕ ਦੀ ਜ਼ਿੰਦਗੀ ਵਿੱਚ ਅਜਿਹਾ ਹੁੰਦਾ ਹੈ ਜਿਸ ਨੂੰ ਕਰ ਕੇ ਉਸ ਨੂੰ ਆਨੰਦ ਮਿਲਦਾ ਹੈ। ਉਹ ਕੰਮ ਕਰਦਿਆਂ ਉਸ ਨੂੰ ਮਾਨਸਿਕ ਤ੍ਰਿਪਤੀ ਹਾਸਲ ਹੁੰਦੀ ਹੈ। ਉਹ ਕੰਮ ਕਿਹੜਾ ਹੈ? ਇਹ ਬੜਾ ਜ਼ਰੂਰੀ ਹੈ ਕਿ ਅਸੀਂ ਉਹ ਕੰਮ ਲੱਭ ਲਈਏ ਤੇ ਇਸ ਦਾ ਸਾਨੂੰ ਪਤਾ ਹੋਵੇ ਸਾਡੇ ਜੀਵਨ ਦੀ ਵਜ੍ਹਾ ਭਾਵ ਇਕਾਗਾਈ ਕੀ ਹੈ। ਜਾਪਾਨੀ ਆਖਦੇ ਹਨ ਜਿਹੜੇ ਲੋਕ ਆਪਣੀ ਇਕਾਗਾਈ ਨੂੰ ਖੋਜ ਲੈਂਦੇ ਹਨ ਉਹ ਲੰਮੀ ਉਮਰ ਜਿਊਂਦੇ ਹਨ। ਤੰਦਰੁਸਤ ਰਹਿੰਦੇ ਹਨ। ਬੁਲੰਦ ਸ਼ਖ਼ਸੀਅਤ ਵਾਲੇ ਇਨਸਾਨਾਂ ਨੂੰ ਅਖੌਤੀ ਦੈਵੀ ਸਹਾਰਿਆਂ ਦੀ ਲੋੜ ਨਹੀਂ ਰਹਿੰਦੀ। ਇਹ ਲੋਕ ਦੁਨੀਆ ਲਈ ਰਾਹ ਦਸੇਰੇ ਬਣਦੇ ਹਨ। ਸੱਚ ਇਹ ਹੈ ਕਿ ਦੁਨੀਆ ਦੀ ਬਹੁਗਿਣਤੀ ਜੰਮਦੀ ਉਮਰ ਭੋਗਦੀ ਤੇ ਧਰਤੀ ਤੋਂ ਵਿਦਾ ਹੋ ਜਾਂਦੀ ਹੈ ਪਰ ਉਸ ਨੂੰ ਆਪਣੀ ਜਿਊਣ ਦੀ ਵਜ੍ਹਾ ਨਹੀਂ ਲੱਭਦੀ। ਦੁਨੀਆ ਦੇ ਵੱਡੀ ਗਿਣਤੀ ਲੋਕਾਂ ਵਿੱਚ ਤਣਾਅ, ਡਰ, ਸਹਿਮ, ਗੁੱਸਾ, ਬੇਚੈਨੀ, ਉਦਾਸੀ, ਆਲਸ ਤੇ ਉਪਰਾਮਤਾ ਇਸ ਕਰਕੇ ਹੈ ਕਿ ਉਹ ਆਪਣੇ ਜੀਵਨ ਦੀ ਵਜ੍ਹਾ ਨੂੰ ਨਹੀਂ ਲੱੱਭ ਪਾਉਂਦੇ। ਇਹੋ ਕਾਰਨ ਹੈ ਕਿ ਦੁਨੀਆ ਵਿੱਚ ਆਤਮ-ਹੱਤਿਆਵਾਂ, ਮਾਨਸਿਕ ਵਿਕਾਰ, ਡਿਪਰੈਸ਼ਨ, ਡਿਮੈਨਸ਼ੀਆ, ਬਾਈਪੋਲਰ ਡਿਸਆਰਡਰ ਜਿਹੀਆਂ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ।
ਕੁਝ ਲੋਕ ਵੱਖ ਵੱਖ ਤਰ੍ਹਾਂ ਦੇ ਕੰਮ ਕਰਦੇ ਹਨ ਪਰ ਉਨ੍ਹਾਂ ਦੀ ਪ੍ਰਸਿੱਧੀ ਦੂਰ ਦੂਰ ਤੱਕ ਹੁੰਦੀ ਹੈ। ਉਹ ਹੀ ਕੰਮ ਹੋਰ ਲੱਖਾਂ ਲੋਕ ਕਰ ਰਹੇ ਹੁੰਦੇ ਹਨ ਪਰ ਉਨ੍ਹਾਂ ਨੂੰ ਆਪਣੇ ਮੁਹੱਲੇ ਤੋਂ ਬਾਹਰ ਕੋਈ ਨਹੀਂ ਜਾਣਦਾ ਹੁੰਦਾ। ਇਸ ਦਾ ਕੀ ਕਾਰਨ ਹੈ? ਹਰ ਘਰ ਵਿੱਚ ਰੋਜ਼ ਖਾਣਾ ਬਣਦਾ ਹੈ, ਪਰ ਕੁਝ ਖਾਣੇ ਦੀਆਂ ਦੁਕਾਨਾਂ ਵਾਲੇ ਕੋਈ ਅਜਿਹੀ ਚੀਜ਼ ਬਣਾਉਂਦੇ ਹਨ ਕਿ ਉਹਦੀ ਮਸ਼ਹੂਰੀ ਦੂਰ ਦੂਰ ਤੱਕ ਹੋ ਜਾਂਦੀ ਹੈ। ਦੂਰ ਦੂਰ ਤੋਂ ਲੋਕ ਉਸ ਖਾਣੇ ਨੂੰ ਖਾਣ ਆਉਂਦੇ ਹਨ। ਆਪਣੇ ਕੰਮ ਵਿੱਚ ਦਿਲਚਸਪੀ ਹੋਣੀ ਹੀ ਇਸ ਦਾ ਵੱਡਾ ਕਾਰਨ ਹੈ। ਇਸੇ ਤਰ੍ਹਾਂ ਕੁਝ ਲੋਕ ਖੇਤੀ ਤੇ ਘਰਾਂ ਵਿੱਚ ਕੰਮ ਆਉਣ ਵਾਲੇ ਖ਼ਾਸ ਕਿਸਮ ਦੇ ਔਜਾਰ ਬਣਾਉਂਦੇ ਹਨ ਜਿਨ੍ਹਾਂ ਦੀ ਮਸ਼ਹੂਰੀ ਦੂਰ ਦੂਰ ਤੱਕ ਹੁੰਦੀ ਹੈ। ਅਜਿਹਾ ਕਰਨ ਵਾਲੇ ਲੋਕ ਆਪਣੇ ਜੀਵਨ ਵਿੱਚ ਆਰਥਿਕ ਪੱਖੋਂ ਖੁਸ਼ਹਾਲ ਹੁੰਦੇ ਹਨ ਤੇ ਸ਼ੋਹਰਤ ਵੀ ਕਮਾਉਂਦੇ ਹਨ। ਕੰਮ ਭਾਵੇਂ ਕੋਈ ਵੀ ਹੋਵੇ ਜੇਕਰ ਉਸ ਵਿੱਚ ਸਾਡੀ ਦਿਲਚਸਪੀ ਹੈ ਤਾਂ ਕਿਸੇ ਆਮ ਕੰਮ ਨੂੰ ਵੀ ਖ਼ਾਸ ਬਣਾਇਆ ਜਾ ਸਕਦਾ ਹੈ।
ਦੁਨੀਆ ਭਰ ਦੇ ਸਕੂਲਾਂ ਕਾਲਜਾਂ ਵਿਦਿਆਰਥੀਆਂ ਨੂੰ ਰਵਾਇਤੀ ਵਿਦਿਆ ਦਿੱਤੀ ਜਾ ਰਹੀ ਹੈ ਪਰ ਹਰ ਬੱਚੇ ਦੀ ਜ਼ਿੰਦਗੀ ਲਈ ਜੋ ਕੁਝ ਖ਼ਾਸ ਹੋਣਾ ਚਾਹੀਦਾ ਹੈ ਉਸ ਤੋਂ ਉਸ ਨੂੰ ਵਾਕਫ਼ ਨਹੀਂ ਕਰਵਾਇਆ ਜਾਂਦਾ। ਬੱਚੇ ਇਮਤਿਹਾਨਾਂ ਵਿੱਚ ਵੱਧ ਤੋਂ ਵੱਧ ਨੰਬਰ ਲੈਣ ਲਈ ਸਿਰਤੋੜ ਯਤਨ ਕਰਦੇ ਹਨ। ਉਨ੍ਹਾਂ ਦੀ ਰਾਤਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ। ਕੀ ਕਦੇ ਕਿਸੇ ਨੇ ਸੋਚਿਆ ਹੈ: ਕੁਝ ਵਿਸ਼ਿਆਂ ਨੂੰ ਪੜ੍ਹਦਿਆਂ ਸਿੱਖਦਿਆਂ ਬੱਚਾ ਆਪਣੀ ਜ਼ਿੰਦਗੀ ਦੇ ਵੀਹ ਵਰ੍ਹੇ ਸਿਰ ਤੋੜ ਯਤਨ ਕਰਦਾ ਹੈ ਪਰ ਜ਼ਿੰਦਗੀ ਨਾਲ ਵਾਹ ਪੈਂਦਾ ਹੈ ਤਾਂ ਅਕਸਰ ਉਨ੍ਹਾਂ ਵਿਸ਼ਿਆਂ ’ਚੋਂ 5 ਫ਼ੀਸਦੀ ਵੀ ਉਸ ਦੇ ਕੰਮ ਨਹੀਂ ਆਉਂਦਾ। ਅੱਖਰ ਗਿਆਨ ਦੇ ਨਾਲ ਨਾਲ ਬੱਚੇ ਦੀ ਮੁੱਢਲੀ ਪੜ੍ਹਾਈ, ਜੀਵਨ ਦੀ ਖੋਜ ਲਈ ਹੋਣੀ ਚਾਹੀਦੀ ਹੈ। ਦੁਨੀਆ ਭਰ ਦੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਨੂੰ ਇਸ ’ਤੇ ਜ਼ੋਰ ਦੇਣਾ ਚਾਹੀਦਾ ਹੈ। ਇਹ ਠੀਕ ਹੈ ਕਿ ਵੱਖ ਵੱਖ ਵਿਸ਼ਿਆਂ ਦੀ ਪੜ੍ਹਾਈ ਜ਼ਰੂਰੀ ਹੈ ਪਰ ਇਸ ਦੇ ਨਾਲ ਨਾਲ ਉਨ੍ਹਾਂ ਵਿੱਚੋਂ ਬੱਚੇ ਦੀ ਦਿਲਚਸਪੀ ਵਾਲੇ ਵਿਸ਼ੇ ਬਾਰੇ ਕਿਵੇਂ ਜਾਣਿਆ ਜਾਵੇ। ਇਹ ਵਿਸ਼ਾ ਸਭ ਵਿਸ਼ਿਆਂ ਤੋਂ ਵੱਧ ਜ਼ਰੂਰੀ ਹੋਣਾ ਚਾਹੀਦਾ ਹੈ ਜਿਸ ਪਾਸੇ ਦੁਨੀਆ ਭਰ ਦੇ ਸਿੱਖਿਆ ਸ਼ਾਸਤਰੀਆਂ ਦਾ ਧਿਆਨ ਨਹੀਂ। ਕੁਝ ਹੱਦ ਤੱਕ ਇਸ ਗੱਲ ਨੂੰ ਤਾਂ ਸਮਝਿਆ ਜਾ ਰਿਹਾ ਹੈ ਕਿ ਬੱਚਿਆਂ ਦੀਆਂ ਰੁਚੀਆਂ ਦਾ ਖ਼ਿਆਲ ਰੱਖਿਆ ਜਾਵੇ ਪਰ ਇਸ ਤੋਂ ਵੀ ਅਗਾਂਹ ਜਾ ਕੇ ਇਸ ਸਬੰਧੀ ਕਾਫ਼ੀ ਕੁਝ ਕਰਨ ਦੀ ਲੋੜ ਹੈ।
ਪਸ਼ੂ ਪੰਛੀਆਂ ਦੀਆਂ ਪ੍ਰਵਿਰਤੀਆਂ ਤੇ ਜੀਵਨ ਮਨੋਰਥ ਬੱਚੇ ਪੈਦਾ ਕਰਨਾ ਅਤੇ ਆਪਣੀ ਨਸਲ ਦਾ ਵਿਕਾਸ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਪੰਛੀਆਂ ਅਤੇ ਪਸ਼ੂਆਂ ਦੀਆਂ ਕੁਝ ਜੀਵ ਜਾਤੀਆਂ ਰੁੱਤਾਂ ਮੌਸਮਾਂ ਅਨੁਸਾਰ ਖੁਰਾਕ ਦੀ ਭਾਲ ਵਿੱਚ ਹਜ਼ਾਰਾਂ ਕਿਲੋਮੀਟਰ ਦਾ ਪਰਵਾਸ ਕਰਦੀਆਂ ਹਨ। ਇਸ ਸਭ ਕੁਝ ਦੇ ਬਾਵਜੂਦ ਪੰਛੀਆਂ ਅੰਦਰ ਕਲਾਤਮਿਕ ਰੁਚੀਆਂ ਦਾ ਵਿਕਾਸ ਕਰਨ ਅਤੇ ਇਨ੍ਹਾਂ ਦੇ ਵਿਗਸਣ ਮੌਲਣ ਦੀ ਸਮਰੱਥਾ ਨਾਂ-ਮਾਤਰ ਹੁੰਦੀ ਹੈ। ਮਨੁੱਖ ਇੱਕ ਵਿਵੇਕਸ਼ੀਲ ਪ੍ਰਾਣੀ ਹੈ। ਇਸ ਅੰਦਰ ਜੀਵਨ ਦੇ ਵੱਖ ਵੱਖ ਪੜਾਵਾਂ ’ਤੇ ਬਹੁਤ ਸਾਰੀਆਂ ਅਜਿਹੀਆਂ ਰੁਚੀਆ ਪਨਪਦੀਆਂ ਅਤੇ ਵਿਗਸਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਕੋਈ ਇੱਕ ਰੁਚੀ ਅਜਿਹੀ ਹੁੰਦੀ ਹੈ ਜਿਸ ਨਾਲ ਉਹ ਅੰਤਰੀਵੀ ਤੌਰ ’ਤੇ ਲਗਾਅ ਰੱਖਦਾ ਹੈ। ਇਸ ਰੁਚੀ ਨੂੰ ਸਮਝ ਲੈਣਾ ਅਤੇ ਇਸ ਲਈ ਕੰਮ ਕਰਨਾ ਹੀ ਮਨੁੱਖ ਨੂੰ ਸੰਤੁਸ਼ਟੀ ਦਿੰਦਾ ਹੈ। ਅਕਸਰ ਲੋਕ ਕਿਸੇ ਖੇਤਰ ਵਿੱਚ ਮਿਹਨਤ ਕਰਕੇ ਇੱਕ ਮੁਕਾਮ ਹਾਸਲ ਕਰ ਲੈਂਦੇ ਹਨ ਪਰ ਮੰਜ਼ਿਲ ’ਤੇ ਪਹੁੰਚ ਕੇ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਤਾਂ ਉਨ੍ਹਾਂ ਦੀ ਮੰਜ਼ਿਲ ਹੀ ਨਹੀਂ ਸੀ। ਜ਼ਿੰਦਗੀ ਵਿੱਚ ਵੱਡਾ ਸੰਘਰਸ਼ ਕਰਨ ਤੋਂ ਬਾਅਦ ਵੀ ਮਨ ’ਚ ਪਛਤਾਵਾ ਹੈ ਤਾਂ ਇਸ ਦਾ ਸਿੱਧਾ ਮਤਲਬ ਹੈ ਕਿ ਅਸੀਂ ਆਪਣੇ ਆਪੇ ਦੀ ਤਲਾਸ਼ ਨਹੀਂ ਕਰ ਸਕੇ। ਦੁਨੀਆ ਦੇ ਬਹੁਗਿਣਤੀ ਲੋਕਾਂ ਦੇ ਜੀਵਨ ਦਾ ਵੱਡਾ ਸੰਕਟ ਇਹ ਹੈ ਕਿ ਜੋ ਕੁਝ ਉਹ ਬਣਨਾ ਚਾਹੁੰਦੇ ਹੁੰਦੇ ਹਨ ਉਹ ਨਹੀਂ ਬਣ ਪਾਉਂਦੇ।
ਲੇਖਕ ਨਾਵਲਕਾਰ ਪਾਓਲੋ ਕੋਹਲੋ ਦੇ ਪ੍ਰਸਿੱਧ ਨਾਵਲ ‘ਸੁਪਨਸਾਜ਼’ ਦਾ ਨਾਇਕ ਖ਼ਜ਼ਾਨੇ ਦੀ ਭਾਲ ਵਿੱਚ ਕਈ ਤਰ੍ਹਾਂ ਦੀਆਂ ਮਾਰੂਥਲ ਦੀਆਂ ਮੁਸ਼ਕਲਾਂ ਸਮੱਸਿਆਵਾਂ ਝੱਲਦਾ ਊਠ ’ਤੇ ਦੂਰ ਦੁਰਾਡੇ ਦੇਸ਼ਾਂ ਦੀ ਯਾਤਰਾ ਕਰਦਾ ਹੈ। ਆਪਣੀ ਮੰਜ਼ਿਲ ’ਤੇ ਪਹੁੰਚ ਕੇ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਜਿਹੜੇ ਖ਼ਜ਼ਾਨੇ ਲਈ ਉਹ ਮੰਜ਼ਿਲਾਂ ਮਾਰ ਕੇ ਇੰਨੀ ਦੂਰ ਆਇਆ ਹੈ ਉਹ ਖ਼ਜ਼ਾਨਾ ਤਾਂ ਹਕੀਕਤ ਵਿੱਚ ਉਹਦੇ ਅੰਦਰ ਹੈ। ਕਿਤਾਬ ਦੇ ਅਖੀਰ ਤੱਕ ਉਹ ਆਪਣੇ ਧੁਰ ਅੰਦਰਲੇ ਖ਼ਜ਼ਾਨੇ ਦੀ ਝਾਤ ਪਾ ਲੈਂਦਾ ਹੈ। ਉਹ ਜਾਣ ਜਾਂਦਾ ਹੈ ਕਿ ਹਰ ਮਨੁੱਖ ਦਾ ਖ਼ਜ਼ਾਨਾ ਉਹਦੇ ਕੋਲ ਹੁੰਦਾ ਹੈ ਪਰ ਅਕਸਰ ਉਹ ਇਹਦੀ ਭਾਲ ਵਿੱਚ ਹੋਰ ਧਰਤੀਆਂ ਗਾਹੁਣ ਤੁਰ ਪੈਂਦਾ ਹੈ।
ਜਿਹੜੇ ਲੋਕ ਆਪਣੀ ਸਰੀਰਕ ਤਾਕਤ, ਮਾਨਸਿਕ ਸ਼ਕਤੀਆਂ, ਭਾਵਨਾਵਾਂ, ਸੋਚਾਂ ਅਤੇ ਕਾਰਜਾਂ ਨੂੰ ਇਕਸੁਰ ਕਰ ਲੈਂਦੇ ਹਨ ਉਹ ਜ਼ਿੰਦਗੀ ਜਿਊਣ ਦੀ ਜੁਗਤ ਸਿੱਖ ਜਾਂਦੇ ਹਨ। ਅਸੀਂ ਜਿਸ ਦੌਰ ’ਚੋਂ ਗੁਜ਼ਰ ਰਹੇ ਹਾਂ ਉੱਥੇ ਸਾਡੀਆਂ ਜ਼ਿਆਦਾਤਰ ਸਰਗਰਮੀਆਂ ਆਰਥਿਕਤਾ ਦੁਆਲੇ ਕੇਂਦਰ ਹੋ ਕੇ ਰਹਿ ਗਈਆਂ ਹਨ। ਸਭ ਤੋਂ ਵੱਧ ਸ਼ਾਇਦ ਇਹ ਸਮਝਣ ਦੀ ਲੋੜ ਹੈ ਕਿ ਮਨੁੱਖ ਇਸ ਧਰਤੀ ’ਤੇ ਕੁਝ ਸਮਾਂ ਰਹਿਣ ਲਈ ਆਇਆ ਹੈ ਅਤੇ ਉਸ ਦੀ ਸਾਰੀ ਜ਼ਿੰਦਗੀ ਦਾ ਸਾਰ ਤੱਤ ਤੇ ਸਰਗਰਮੀ ਦਾ ਮਕਸਦ ਸਿਰਫ਼ ਪੈਸਾ ਕਮਾਉਣਾ ਨਹੀਂ ਹੋ ਸਕਦਾ। ਮਨੁੱਖ ਨੇ ਆਪਣੇ ਆਪ, ਪਰਿਵਾਰ ਅਤੇ ਸਾਕ ਸਬੰਧੀਆਂ ਦੇ ਨਾਲ ਨਾਲ ਸਮਾਜ ਲਈ ਜਿਊਣ ਹੁੰਦਾ ਹੈ। ਸਾਡੇ ਰਹਿਬਰਾਂ ਨੇ ਸਾਨੂੰ ਸਮਾਜ ਹੀ ਨਹੀਂ ਸਗੋਂ ਕੁਦਰਤ ਪ੍ਰਤੀ ਫਰਜ਼ਾਂ ’ਤੇ ਵੀ ਪਹਿਰਾ ਦੇਣ ਲਈ ਆਖਿਆ।
ਇਸ ਸੰਸਾਰ ਦੀ ਕਲਪਨਾ ਸੈਂਕੜੇ ਸਾਲ ਪਹਿਲਾਂ ਸਾਡੇ ਪੁਰਖਿਆਂ ਨੇ ਕੀਤੀ। ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਵੱਖ ਵੱਖ ਤਰ੍ਹਾਂ ਦੇ ਸੁੱਖ ਸਹੂਲਤਾਂ ਨਾਲ ਮਾਲਾਮਾਲ ਦੁਨੀਆ ਦੇ ਵਾਸੀ ਹਾਂ ਪਰ ਸੱਚ ਇਹ ਵੀ ਹੈ ਕਿ ਵਿਕਾਸ ਅਤੇ ਤਰੱਕੀ ਦੇ ਇਸ ਦੌਰ ਵਿੱਚ ਮਨੁੱਖ ਦੀਆਂ ਮੁਸ਼ਕਿਲਾਂ, ਸਮੱਸਿਆਵਾਂ ਅਤੇ ਮਾਨਸਿਕ ਤਣਾਅ ਵੀ ਹਰ ਦਿਨ ਵਧ ਰਹੇ ਹਨ। ਸਮਾਂ ਇਸ ਗੱਲ ਦੀ ਮੰਗ ਕਰਦਾ ਹੈ ਕਿ ਮਨੁੱਖ ਆਪਣੇ ਆਪ ਅਤੇ ਸਮਾਜ ਦੇ ਤਾਣੇ-ਬਾਣੇ ਨੂੰ ਜਾਣੇ ਸਮਝੇ। ਜ਼ਿੰਦਗੀ ਨੂੰ ਜਿਊਣਯੋਗ ਬਣਾਉਣ ਲਈ ਵੱਡਾ ਹੰਭਲਾ ਮਾਰੀਏ, ਇਸ ਨੂੰ ਰੌਸ਼ਨ ਕਰਨ ਲਈ ਚਾਨਣ ਦੇ ਸਰੋਤ ਲੱਭੀਏ ਅਤੇ ਜੀਵਨ ਵਿੱਚ ਦਿਲਚਸਪੀ ਪੈਦਾ ਕਰਨ ਲਈ ਆਪਣੇ ਜਿਊਣ ਦੀ ਵਜ੍ਹਾ ਦੀ ਤਲਾਸ਼ ਕਰੀਏ।
ਸੰਪਰਕ: 98550-51099