ਯਥਾਰਥਵਾਦੀ ਸਾਹਿਤ ਦਾ ਬਾਬਾ ਬੋਹੜ ਸੰਤ ਸਿੰਘ ਸੇਖੋਂ
ਸੰਤ ਸਿੰਘ ਸੇਖੋਂ ਆਪਣੇ ਵੇਲੇ ਦੇ ਚੰਗੇ ਵਿਦਵਾਨਾਂ ਵਿੱਚ ਗਿਣੇ ਜਾਂਦੇ ਸਨ। ਜਿੱਥੇ ਉਨ੍ਹਾਂ ਦੀ ਪੰਜਾਬੀ ਸਾਹਿਤ ’ਤੇ ਚੰਗੀ ਪਕੜ ਸੀ ਉੱਥੇ ਹੀ ਉਨ੍ਹਾਂ ਨੇ ਅੰਗਰੇਜ਼ੀ ਸਾਹਿਤ ਵਿੱਚ ਵੀ ਕਲਮ ਅਜ਼ਮਾਈ ਕੀਤੀ ਅਤੇ ਸਫ਼ਲ ਵੀ ਰਹੇ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਖਾਲਸਾ ਕਾਲਜ ਵਿੱਚ ਪੜ੍ਹਾਉਂਦਿਆਂ ਅੰਗਰੇਜ਼ੀ ਵਿੱਚ ਕਈ ਕਵਿਤਾਵਾਂ ਵੀ ਲਿਖੀਆਂ, ਜੋ ਇੰਗਲੈਂਡ ਦੇ ਰਸਾਲਿਆਂ ਵਿੱਚ ਛਪੀਆਂ। ਸੰਨ 1937 ’ਚ ਉਨ੍ਹਾਂ ਨੇ ‘ਨਾਰਦਰਨ ਰੀਵਿਊ’ ਨਾਂ ਦਾ ਇੱਕ ਰਸਾਲਾ ਵੀ ਕੱਢਿਆ ਸੀ ਜਿਸ ਵਿੱਚ ਉਨ੍ਹਾਂ ਨੇ ਆਪਣੀਆਂ ਅੰਗਰੇਜ਼ੀ ਰਚਨਾਵਾਂ ਛਾਪੀਆਂ। ਉਨ੍ਹਾਂ ਨੂੰ ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੀਆਂ ਸਾਹਿਤਕ ਸੰਸਥਾਵਾਂ ਨੇ ਕਈ ਵਾਰ ਸਨਮਾਨਿਤ ਕੀਤਾ। ਸੰਨ 1958 ਵਿੱਚ ਉਹ ਐਫਰੋ ਏਸ਼ੀਅਨ ਰਾਈਟਰਸ ਐਸੋਸੀਏਸ਼ਨ ਵੱਲੋਂ ਸੋਵੀਅਤ ਯੂਨੀਅਨ ਵੀ ਗਏ। ਆਪਣੇ ਸਮੇਂ ਦੇ ਹੋਰ ਲੇਖਕਾਂ ਵਾਂਗ ਉਨ੍ਹਾਂ ਨੇ ਟਕਸਾਲੀ ਸਾਹਿਤਕ ਰਚਨਾਵਾਂ ਦਾ ਅੰਗਰੇਜ਼ੀ ਤੋਂ ਪੰਜਾਬੀ ਤੇ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਵੀ ਕੀਤਾ। ਪੰਜਾਬੀ ਅਤੇ ਅੰਗਰੇਜ਼ੀ ਸਾਹਿਤ ਦੇ ਬਾਬਾ ਬੋਹੜ ਕਰ ਕੇ ਜਾਣੇ ਜਾਂਦੇ ਇਸ ਪ੍ਰਸਿੱਧ ਲੇਖਕ ਦਾ ਜਨਮ ਚੱਕ ਨੰਬਰ 70 ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਸ. ਹੁਕਮ ਸਿੰਘ ਦੇ ਘਰ 30 ਮਈ 1908 ਨੂੰ ਹੋਇਆ। 1928 ਨੂੰ ਵਿਦਿਆਰਥੀ ਜੀਵਨ ’ਚ ਹੀ ਉਨ੍ਹਾਂ ਦਾ ਵਿਆਹ, ਬੀਬੀ ਗੁਰਚਰਨ ਕੌਰ ਨਾਲ ਹੋ ਗਿਆ ਅਤੇ ਉਨ੍ਹਾਂ ਦੇ ਘਰ ਚਾਰ ਧੀਆਂ ਅਤੇ ਇੱਕ ਪੁੱਤਰ ਨੇ ਜਨਮ ਲਿਆ। ਵਿਆਹ ਤੋਂ ਬਾਅਦ ਵੀ ਉਨ੍ਹਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਫੌਰਮਨ ਕ੍ਰਿਸਚੀਅਨ (ਐਫ.ਸੀ.) ਕਾਲਜ, ਲਾਹੌਰ ਤੋਂ ਬੀ.ਏ. ਕਰਨ ਮਗਰੋਂ ਉਨ੍ਹਾਂ ਨੇ ਸੰਨ 1930 ਵਿੱਚ ਐਮ.ਏ. ਅਰਥ ਸ਼ਾਸਤਰ, 1931 ਵਿੱਚ ਐਮ.ਏ. ਅੰਗਰੇਜ਼ੀ ਪਾਸ ਕੀਤੀ ਅਤੇ 1931 ਵਿੱਚ ਹੀ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਲੈਕਚਰਰ ਲੱਗ ਗਏ। ਉਹ ਸੰਨ 1951 ਤੱਕ ਇਸੇ ਅਹੁਦੇ ’ਤੇ ਰਹੇ। ਉਨ੍ਹਾਂ ਨੇ 1953-61 ਤੱਕ ਗੁਰੂਸਰ ਸਧਾਰ ਕਾਲਜ ਵਿਖੇ ਅੰਗਰੇਜ਼ੀ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾਈ। ਸੰਤ ਸਿੰਘ ਸੇਖੋਂ ਨੇ ਸ਼ੁਰੂ ਵਿੱਚ ਅੰਗਰੇਜ਼ੀ ਵਿੱਚ ਲਿਖਣਾ ਆਰੰਭ ਕੀਤਾ।
ਉਨ੍ਹਾਂ ਪਹਿਲਾ ਨਾਟਕ ‘ਈਵ ਐਟ ਬੇਅ’ 1933 ਈਸਵੀ ਵਿੱਚ ਲਿਖਿਆ ਅਤੇ ਬਾਅਦ ਵਿੱਚ ਇਸ ਨੂੰ ਪੰਜਾਬੀ ਭਾਸ਼ਾ ਵਿੱਚ ਵੀ ਅਨੁਵਾਦ ਕੀਤਾ ਗਿਆ। ਇਸ ਮਗਰੋਂ ਲਾਹੌਰ ਤੋਂ ਅੰਗਰੇਜ਼ੀ ਰਸਾਲਾ ‘ਨਾਰਦਰਨ ਰੀਵਿਊ’ ਕੱਢਿਆ ਪਰ ਅਠਾਰਾਂ ਮਹੀਨੇ ਬਾਅਦ ਕੁਝ ਕਾਰਨਾਂ ਕਰਕੇ ਇਸ ਨੂੰ ਬੰਦ ਕਰਨਾ ਪਿਆ। ਸੇਵਾਮੁਕਤੀ ਉਪਰੰਤ ਉਨ੍ਹਾਂ ਨੇ ਲਿਖਣ ਨੂੰ ਹੀ ਆਪਣਾ ਕਿੱਤਾ ਬਣਾ ਲਿਆ। ਪੰਜਾਬੀ ਦਾ ਬਹੁਪੱਖੀ ਸਾਹਿਤਕਾਰ ਹੋਣ ਨਾਤੇ ਉਨ੍ਹਾਂ ਨੇ ਨਾਟਕ, ਇਕਾਂਗੀ, ਨਾਵਲ, ਕਹਾਣੀ ਆਲੋਚਨਾ ਅਤੇ ਨਿਬੰਧ ਆਦਿ ਹਰ ਕਿਸਮ ਦੀ ਰਚਨਾ ਕੀਤੀ। ਕਾਵਿ ਰੂਪ ਵਿੱਚ ਰਚਨਾ ਕਰ ਕੇ ਉਨ੍ਹਾਂ ਨੇ ਸਾਹਿਤਕਾਰਾਂ ਵਿਚਕਾਰ ਆਪਣੀ ਨਿਵੇਕਲੀ ਥਾਂ ਬਣਾਈ। ਸੇਖੋਂ ਹੋਰੀਂ ਮਾਰਕਸਵਾਦੀ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਸਨ। ਭਾਰਤੀ ਅਤੇ ਪੱਛਮੀ ਪਰੰਪਰਾ ਦਾ ਜਾਣੂ ਇਹ ਬੌਧਿਕ ਧਾਰਾ ਦਾ ਯਥਾਰਥਵਾਦੀ ਨਾਟਕਕਾਰ ਸੀ। ਪੰਜਾਬੀ ਨਾਟਕ ਸਾਹਿਤ ਵਿੱਚ ਉਹ ਇੱਕ ਨਵਾਂ ਪੜਾਅ ਲੈ ਕੇ ਆਏ। ਸੰਨ 1941 ਵਿੱਚ ਉਨ੍ਹਾਂ ਦੇ ਲਿਖੇ ਛੇ ਇਕਾਂਗੀ ਨਾਟਕਾਂ ਦੀ ਪਹਿਲੀ ਪੁਸਤਕ ‘ਛੇ-ਘਰ’ ਛਪੀ ਅਤੇ ਇਸ ਨਾਲ ਪੰਜਾਬੀ ਦੇ ਪ੍ਰਸਿੱਧ ਲੇਖਕਾਂ ਵਿੱਚ ਉਨ੍ਹਾਂ ਦਾ ਨਾਂ ਗਿਣਿਆ ਜਾਣ ਲੱਗਾ। ਸੇਖੋਂ ਦੀ ਨਾਟਕ-ਕਲਾ ਦੀ ਵਿਸ਼ੇਸ਼ਤਾ ਥੋੜ੍ਹੇ ਪਾਤਰ, ਇਕਹਿਰਾ ਦ੍ਰਿਸ਼ ਪਿਛੋਕੜ, ਪਰਮਾਣਿਕ ਤੇ ਯੁਗ ਚੇਤੰਨਤਾ ਦੇ ਵਿਸ਼ੇ ਅਤੇ ਭਰਪੂਰ ਸਮਾਜਿਕ ਮਾਹੌਲ ਸੀ। ਉਨ੍ਹਾਂ ਨੇ ਤਪਿਆ ਕਿਉਂ ਖਪਿਆ, ਨਾਟ ਸੁਨੇਹੇ, ਸੁੰਦਰ ਪਦ ਆਦਿ ਇਕਾਂਗੀ ਵਿਸ਼ੇਸ਼ ਤੌਰ ’ਤੇ ਬੱਚਿਆਂ ਲਈ ਲਿਖੇ। ‘ਮੇਰੇ ਦਸ ਇਕਾਂਗੀ’ ਅਤੇ ‘ਮੇਰੇ ਚੋਣਵੇਂ ਇਕਾਂਗੀ’ ਆਦਿ ਸਮਾਜਿਕ ਵਿਸ਼ਿਆਂ ਬਾਰੇ ਇਕਾਂਗੀ ਸੰਗ੍ਰਹਿ, ਪੰਜਾਬੀ ਸਾਹਿਤ ਨੂੰ ਦਿੱਤੇ। ਸੰਨ 1943 ਵਿੱਚ ਸੇਖੋਂ ਦਾ ਕਹਾਣੀ ਸੰਗ੍ਰਹਿ ‘ਸਮਾਚਾਰ’ ਛਪਿਆ। ਇਸ ਤੋਂ ਬਾਅਦ ‘ਕਾਮੇ ਤੇ ਯੋਧੇ’, ‘ਅੱਧੀ ਵਾਟ’, ‘ਤੀਜਾ ਪਹਿਰ’ ਅਤੇ ‘ਸਿਆਣ’ - ਚਾਰ ਹੋਰ ਸੰਗ੍ਰਹਿ ਛਪੇ। ਸੇਖੋਂ ਦੀਆਂ ਕਹਾਣੀਆਂ ਵਿੱਚ ਆਮ ਜੀਵਨ ਦੀਆਂ ਸਮਾਜਿਕ, ਆਰਥਿਕ, ਰਾਜਸੀ ਤੇ ਦਾਰਸ਼ਨਿਕ ਸਮੱਸਿਆਵਾਂ ਦਾ ਝਲਕਾਰਾ ਮਿਲਦਾ ਹੈ। ਸੰਨ 1946 ਵਿੱਚ ਸੇਖੋਂ ਨੇ ‘ਕਲਾਕਾਰ’, ‘ਮੋਇਆ ਸਾਰ ਨਾ ਕਾਈ’, ‘ਬੇੜਾ ਬੰਧ ਨਾ ਸਕਿਓ’, ‘ਦਮਯੰਤੀ’, ‘ਸਿਆਲਾਂ ਦੀ ਨੱਢੀ’, ‘ਮਿੱਤਰ ਪਿਆਰਾ’ ਆਦਿ ਨਾਟਕ ਵੀ ਪੰਜਾਬੀ ਸਾਹਿਤ ਨੂੰ ਦਿੱਤੇ।
ਸੰਤ ਸਿੰਘ ਸੇਖੋਂ ਮਿਥਿਹਾਸਕ, ਇਤਿਹਾਸਕ ਅਤੇ ਸਮਾਜਿਕ ਹਰ ਤਰ੍ਹਾਂ ਦੇ ਵਿਸ਼ਿਆਂ ’ਤੇ ਨਾਟਕ ਲਿਖਣ ਵਿੱਚ ਕਾਮਯਾਬ ਨਾਟਕਕਾਰ ਸਨ। ‘ਬਹਾਦਰ ਭੈਣ’ ਅਤੇ ‘ਮੈਕਬਥ’ ਉਨ੍ਹਾਂ ਦੇ ਅਨੁਵਾਦਤ ਨਾਟਕ ਹਨ। ਸੇਖੋਂ ਦਾ ਨਾਵਲ ‘ਲਹੂ ਮਿੱਟੀ’ ਪੰਜਾਬੀ ਨਾਵਲ ਕਲਾ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਹੈ, ਜਿਸ ਵਿੱਚ ਇੱਕ ਗ਼ਰੀਬ ਕਿਸਾਨ ਦੇ ਸਮਾਜਿਕ ਅਤੇ ਆਰਥਿਕ ਜੀਵਨ ਨੂੰ ਪਰਮਾਣਿਕ ਢੰਗ ਨਾਲ ਪਹਿਲੀ ਵਾਰ ਦਰਸਾਇਆ ਗਿਆ ਹੈ। ਇਸ ਨਾਵਲ ਕਾਰਨ ਸੇਖੋਂ ਨੂੰ ਬਹੁਤ ਸ਼ੁਹਰਤ ਮਿਲੀ। ਉਹ ਪੰਜਾਬੀ ਸਾਹਿਤ ਵਿੱਚ ਪ੍ਰਗਤੀਵਾਦੀ ਆਲੋਚਨਾ ਦੇ ਮੋਢੀ ਸਨ। ਪੰਜਾਬੀ ਸਾਹਿਤ ਵਿੱਚ ਆਧੁਨਿਕ ਦ੍ਰਿਸ਼ਟੀਕੋਣ ਦਾ ਪਸਾਰ ਕਰਨ ਵਿੱਚ ਉਨ੍ਹਾਂ ਦਾ ਬਹੁਤ ਯੋਗਦਾਨ ਹੈ। ਉਨ੍ਹਾਂ ਦਾ ਲਿਖਣ ਢੰਗ ਵਿਗਿਆਨਕ ਤੇ ਬੌਧਿਕ ਹੈ। ਸਾਹਿਤਕ ਨਿਬੰਧਾਂ ਤੋਂ ਇਲਾਵਾ ਸੇਖੋਂ ਨੇ ‘ਪ੍ਰਗਤੀ ਪੰਧ’ ਨਾਂ ਦੀ ਪੁਸਤਕ ਲਿਖੀ, ਜਿਸ ਨੂੰ ਆਧੁਨਿਕ ਚਿੰਤਨ, ਵਿਗਿਆਨ ਦ੍ਰਿਸ਼ਟੀਕੋਣ ਅਤੇ ਮਨੁੱਖੀ ਇਤਿਹਾਸ ਦੇ ਵਿਕਾਸ ਦਾ ਪ੍ਰਗਤੀਸ਼ੀਲ ਵਿਵੇਚਨ ਆਖਿਆ ਜਾ ਸਕਦਾ ਹੈ। ਉਨ੍ਹਾਂ ਨੇ ਇੱਕ ਕਾਵਿ ਪੁਸਤਕ ‘ਕਾਵਿ-ਦੂਤ’ ਵੀ ਲਿਖੀ। ਉਨ੍ਹਾਂ ਨੇ ਬੱਚਿਆਂ ਲਈ ਗਾਂਧੀ ਜੀ ਦੀ ਕਹਾਣੀ ਅਤੇ ਦਰਸ਼ਨ ਸਿੰਘ ਅਵਾਰਾ ਨਾਲ ਮਿਲ ਕੇ ਮਾਸਟਰ ਜੀ, ਲਾਡੂ ਤੇ ਮਿਠੂ, ਸਾਡਾ ਦੇਸ਼ ਤੇ ਹੋਰ ਡਰਾਮੇ ਆਦਿ ਪੁਸਤਕਾਂ ਵੀ ਲਿਖੀਆਂ। ਸੇਖੋਂ ਨੇ ਰਾਜਨੀਤੀ ਵਿੱਚ ਵੀ ਕਿਸਮਤ ਅਜ਼ਮਾਈ ਅਤੇ 1952 ਵਿੱਚ ਲੋਕ ਸਭਾ ਦੀ ਚੋਣ ਲੜੀ ਪਰ ਕਾਮਯਾਬ ਨਹੀਂ ਹੋ ਸਕੇ। ਇਸ ਮਗਰੋਂ ਉਹ ਮੁੜ ਸਾਹਿਤ ਖੇਤਰ ਵਿੱਚ ਹੀ ਰਹੇ। ਸੰਨ 1953 ਵਿੱਚ ਖਾਲਸਾ ਕਾਲਜ, ਗੁਰੂਸਰ ਸਧਾਰ (ਜ਼ਿਲ੍ਹਾ ਲੁਧਿਆਣਾ) ਵਿਖੇ ਅੱਠ ਸਾਲ ਅੰਗਰੇਜ਼ੀ ਵਿਭਾਗ ਦੇ ਮੁਖੀ ਦੇ ਤੌਰ ’ਤੇ ਕੰਮ ਕੀਤਾ। ਸੰਨ 1961 ਵਿੱਚ ਮਾਤਾ ਗੁਜਰੀ ਕਾਲਜ, ਫਤਿਹਗੜ੍ਹ ਸਾਹਿਬ ਦੇ ਪ੍ਰਿੰਸੀਪਲ ਅਤੇ 1965 ਵਿੱਚ ਖਾਲਸਾ ਕਾਲਜ, ਪਟਿਆਲਾ ਦੇ ਪ੍ਰਿੰਸੀਪਲ ਬਣੇ। ਫਿਰ ਇਹ 1968 ਤੋਂ 1971 ਈ. ਤੱਕ ਗੁਰੂ ਗੋਬਿੰਦ ਸਿੰਘ ਕਾਲਜ, ਜੰਡਿਆਲਾ ਦੇ ਪ੍ਰਿੰਸੀਪਲ ਰਿਹਾ। 1971 ਤੋਂ ਬਾਅਦ ਉਹ ਆਪਣੇ ਪਿੰਡ ਦਾਖਾ (ਜ਼ਿਲ੍ਹਾ ਲੁਧਿਆਣਾ) ਵਿੱਚ ਹੀ ਰਹਿੰਦੇ ਰਹੇ। ਸੰਤ ਸਿੰਘ ਸੇਖੋਂ ਨੂੰ ਸਾਹਿਤ ਅਕਾਦਮੀ ਐਵਾਰਡ ਤੋਂ ਇਲਾਵਾ 1972 ਵਿੱਚ ਭਾਸ਼ਾ ਵਿਭਾਗ, ਪੰਜਾਬ ਨੇ ਸ਼੍ਰੋਮਣੀ ਸਾਹਿਤਕਾਰ ਦਾ ਸਨਮਾਨ ਵੀ ਦਿੱਤਾ। ਪੰਜਾਬੀ ਸਾਹਿਤ ਨੂੰ ਅਮੁੱਲੀ ਦੇਣ ਸਦਕਾ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਸੰਨ 1986 ਵਿੱਚ ‘ਪਦਮ ਸ੍ਰੀ’ ਨਾਲ ਸਨਮਾਨਿਆ। ਅਖੀਰ 7 ਅਕਤੂਬਰ 1997 ਨੂੰ ਪੰਜਾਬੀ ਅਤੇ ਅੰਗਰੇਜ਼ੀ ਦਾ ਇਹ ਯਥਾਰਥਵਾਦੀ ਸਾਹਿਤਕਾਰ ਸੰਤ ਸਿੰਘ ਸੇਖੋਂ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਆਖ ਗਿਆ।
ਸੰਪਰਕ: 88376-46099