ਪੰਜਾਬੀ ਯੂਨੀਵਰਸਿਟੀ: ਸਮਾਜ ਨੂੰ ਦੇਣ, ਚੁਣੌਤੀਆਂ ਅਤੇ ਭਵਿੱਖ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਉਚੇਰੀ ਸਿੱਖਿਆ ਦਾ ਮਾਡਲ ਇੱਕ ਨਿਵੇਕਲਾ ਮਾਡਲ ਹੈ। ਇਸ ਦੀਆਂ ਪੰਜ ਵਿਸ਼ੇਸ਼ਤਾਵਾਂ ਇਸ ਦੇ ਨਿਵੇਕਲੇਪਣ ਦਾ ਸਬੂਤ ਹਨ। ਇਨ੍ਹਾਂ ਵਿਸ਼ੇਸ਼ਤਾਵਾਂ ਦੇ ਸੁਮੇਲ ਨੇ ਇਸ ਨੂੰ ਸਾਧਾਰਨ ਲੋਕਾਂ ਦੀ ਯੂਨੀਵਰਸਿਟੀ ਬਣਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਹੈ। ਇਹ ਪੰਜ ਵਿਸ਼ੇਸ਼ਤਾਵਾਂ ਹਨ: (1) ਵਾਜਬ ਫੀਸਾਂ, (2) ਮਾਂ ਬੋਲੀ ਪੰਜਾਬੀ ਵਿੱਚ ਸਿੱਖਿਆ, (3) ਪੰਜਾਬੀ ਵਿੱਚ ਇਮਤਿਹਾਨ ਦੀ ਸਹੂਲਤ, (4) ਸਿੱਖਿਆ ਖੇਤਰ ਵਿੱਚ ਪੱਛੜੇ ਵਰਗਾਂ ਲਈ ਖ਼ਾਸ ਸਹੂਲਤਾਂ ਅਤੇ (5) ਦੇਸੀ ਮਾਹੌਲ। ਪੰਜਾਬੀ ਯੂਨੀਵਰਸਿਟੀ ਨੇ ਪੰਜਾਬ, ਖ਼ਾਸਕਰ ਮਾਲਵੇ ਵਿੱਚ ਸਮਾਜ ਦੇ ਹਰੇਕ ਵਰਗ (ਖ਼ਾਸਕਰ ਉਹ ਪਰਿਵਾਰ ਜਿਨ੍ਹਾਂ ਦੀ ਪਹਿਲੀ ਪੀੜ੍ਹੀ ਉਚੇਰੀ ਸਿੱਖਿਆ ਤੱਕ ਪਹੁੰਚਦੀ ਹੈ) ਨੂੰ ਸਿੱਖਿਅਤ ਕਰ ਕੇ ਸਮਾਜ ਦੇ ਪੜ੍ਹੇ-ਲਿਖੇ ਤਬਕੇ ਵਿੱਚ ਬਰਾਬਰੀ ਉੱਤੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬੀ ਯੂਨੀਵਰਸਿਟੀ ਦੀ ਸਮਾਜ ਨੂੰ ਦੇਣ ਦੇ ਨਾਲ-ਨਾਲ ਇਸ ਗੱਲ ਉੱਤੇ ਵੀ ਚਰਚਾ ਕਰਨੀ ਬਣਦੀ ਹੈ ਕਿ ਮੌਜੂਦਾ ਸਮੇਂ ਯੂਨੀਵਰਸਿਟੀ ਨੂੰ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਰਪੇਸ਼ ਹਨ ਅਤੇ ਭਵਿੱਖ ਵਿੱਚ ਇਸ ਯੂਨੀਵਰਸਿਟੀ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਕਿ ਆਪਣੇ ਮੰਤਵ ਨੂੰ ਬਿਹਤਰ ਢੰਗ ਨਾਲ ਹਾਸਲ ਕਰ ਸਕੇ।
ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ 30 ਅਪਰੈਲ 1962 ਨੂੰ ਕੀਤੀ ਗਈ। ਯੂਨੀਵਰਸਿਟੀ ਦਾ ਨੀਂਹ ਪੱਥਰ 24 ਜੂਨ 1962 ਨੂੰ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਡਾ. ਐੱਸ. ਰਾਧਾਕ੍ਰਿਸ਼ਨਨ ਨੇ ਰੱਖਿਆ। ਉਨ੍ਹਾਂ ਉਸ ਸਮੇਂ ਆਪਣੇ ਭਾਸ਼ਣ ਵਿੱਚ ਜੋ ਕਿਹਾ ਉਹ ਅੱਜ ਵੀ ਢੁਕਵਾਂ ਜਾਪਦਾ ਹੈ: ‘‘ਉੱਚ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਦੇਸ਼/ਕੌਮ ਦੀ ਉਸਾਰੀ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਸਾਡਾ ਟੀਚਾ ਜਮਹੂਰੀ ਭਾਰਤ ਵਿੱਚ ਸ਼ਕਤੀਸ਼ਾਲੀ ਅਤੇ ਆਜ਼ਾਦ ਨਾਗਰਿਕ ਬਣਾਉਣਾ ਹੈ, ਜਿਨ੍ਹਾਂ ਵਿੱਚ ਵਧਣ-ਫੁੱਲਣ ਦੀ ਬਰਾਬਰ ਦੀ ਸੰਭਾਵਨਾ ਹੋਵੇ। ਇਸ ਕੰਮ ਲਈ ਅਹਿਮ ਜ਼ਿੰਮੇਵਾਰੀ ਯੂਨੀਵਰਸਿਟੀਆਂ ਦੀ ਹੁੰਦੀ ਹੈ।’’ ਪੰਜਾਬੀ ਯੂਨੀਵਰਸਿਟੀ ਇਹ ਅਹਿਮ ਭੂਮਿਕਾ ਨਿਭਾਉਣ ’ਚ ਕਾਮਯਾਬ ਹੋਈ ਹੈ। ਇਸ ਨੇ ਆਪਣੇ ਵਿਦਿਆਰਥੀਆਂ ਨੂੰ ਸ਼ਕਤੀਸ਼ਾਲੀ, ਨਿਡਰ ਅਤੇ ਆਜ਼ਾਦ ਨਾਗਰਿਕ ਬਣਾਇਆ ਹੈ, ਜਿਨ੍ਹਾਂ ਨੇ ਸਮਾਜ ਦੇ ਵੱਖੋ-ਵੱਖਰੇ ਖੇਤਰਾਂ ਵਿੱਚ ਨਾਮਣਾ ਖੱਟਿਆ ਹੈ। ਪੰਜਾਬ ਦੇ ਤਤਕਾਲੀ ਗਵਰਨਰ ਅਤੇ ਯੂਨੀਵਰਸਿਟੀ ਦੇ ਚਾਂਸਲਰ ਸ੍ਰੀ ਐੱਨ.ਵੀ. ਗਾਡਗਿਲ ਨੇ ਆਪਣੇ ਭਾਸ਼ਣ ’ਚ ਕਿਹਾ ਸੀ ਕਿ ‘ਯੂਨੀਵਰਸਿਟੀ ਦਾ ਮੁੱਖ ਮੰਤਵ ਹੋਰ ਵਿਦਵਾਨ ਅਤੇ ਭੱਦਰਪੁਰਸ਼ ਪੈਦਾ ਕਰਨਾ ਹੀ ਨਹੀਂ ਸਗੋਂ ਸੰਤੁਲਿਤ ਮਨ ਵਾਲੇ ਸ਼ਹਿਰੀ ਪੈਦਾ ਕਰਨੇ ਹਨ, ਜੋ ਸਮਾਜ ਨੂੰ ਦਰਪੇਸ਼ ਸਮੱਸਿਆਵਾਂ ਪ੍ਰਤੀ ਸਹੀ ਦ੍ਰਿਸ਼ਟੀਕੋਣ ਵਿਕਸਿਤ ਕਰ ਸਕਣ।’’ ਇਸ ਕਸਵੱਟੀ ’ਤੇ ਵੀ ਪੰਜਾਬੀ ਯੂਨੀਵਰਸਿਟੀ ਖ਼ਰੀ ਉਤਰਦੀ ਹੈ।
ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬੀ ਬੋਲੀ ਦੇ ਬਹੁ-ਪੱਖੀ ਰੂਪ ਨੂੰ ਬਿਆਨ ਕਰਦਿਆਂ ਕਿਹਾ ਸੀ, ‘‘ਪੰਜਾਬੀ ਬੋਲੀ ਬੜੇ ਝੱਖੜਾਂ, ਤੂਫ਼ਾਨਾਂ ਤੇ ਮੁਸੀਬਤਾਂ ਵਿੱਚੋਂ ਨਿਕਲੀ ਹੈ। ਇਸ ਨੇ ਤਲਵਾਰਾਂ, ਖੰਡਿਆਂ, ਤੀਰਾਂ, ਨੇਜ਼ਿਆਂ ਦੇ ਗੀਤ ਗਾਏ ਹਨ। ਜੰਗਲਾਂ ਬੇਲਿਆਂ ਤੇ ਮਾਰੂਥਲਾਂ ਵਿੱਚ ਰੁਮਾਂਚਕ ਢੋਲੇ ਗਾਏ ਹਨ। ਇਸ ਨੇ ਸੂਰਮਿਆਂ, ਯੋਧਿਆਂ ਤੇ ਸ਼ਹੀਦਾਂ ਦੀਆਂ ਅਣਖੀ ਵਾਰਾਂ ਦੀਆਂ ਗੂੰਜਾਂ ਪਾਈਆਂ ਤੇ ਇਸ ਬੋਲੀ ਨੇ ਭਗਤ ਬਾਣੀ, ਗੁਰੂ ਬਾਣੀ ਤੇ ਪ੍ਰਭੂ ਭਗਤੀ ਦਾ ਰਾਗ ਵੀ ਅਲਾਪਿਆ ਹੈ। ਅੱਜ ਇਹ ਗਿਆਨ ਦੇ ਮੰਦਰ ਅਰਥਾਤ ਯੂਨੀਵਰਸਿਟੀ ’ਚ ਆ ਬਿਰਾਜੀ ਹੈ।’’ ਪੰਜਾਬੀ ਯੂਨੀਵਰਸਿਟੀ ਨੇ ਆਪਣੇ ਤਕਰੀਬਨ 63 ਸਾਲਾਂ ਦੇ ਸਫ਼ਰ ਵਿੱਚ ਇਹ ’ਕੱਲੀ ’ਕੱਲੀ ਗੱਲ ਸੱਚ ਕਰ ਦਿਖਾਈ ਹੈ। ਪੰਜਾਬੀ ਬੋਲੀ ਵਾਂਗ ਪੰਜਾਬੀ ਯੂਨੀਵਰਸਿਟੀ ਨੇ ਵੀ ਬੜੇ ਝੱਖੜ, ਤੂਫ਼ਾਨ ਤੇ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਜਿੱਤ ਹਾਸਲ ਕੀਤੀ ਹੈ।
ਸਬੱਬ ਦੀ ਗੱਲ ਹੈ ਕਿ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣ ਸਮੇਂ ਉਪਰੋਕਤ ਤਿੰਨੋਂ ਮਹਾਨ ਹਸਤੀਆਂ ਹਾਜ਼ਰ ਸਨ, ਜਿਨ੍ਹਾਂ ਵਿੱਚੋਂ ਡਾ. ਐੱਸ. ਰਾਧਾਕ੍ਰਿਸ਼ਨਨ ਉੱਚਕੋਟੀ ਦੇ ਵਿਦਵਾਨ ਅਤੇ ਫਿਲਾਸਫ਼ਰ ਸਨ; ਸ੍ਰੀ ਐੱਨ.ਵੀ. ਗਾਡਗਿਲ ਮਰਾਠੀ ਭਾਸ਼ਾ ਦੇ ਲੇਖਕ ਅਤੇ ਆਜ਼ਾਦੀ ਘੁਲਾਟੀਏ ਸਨ; ਅਤੇ ਪ੍ਰਤਾਪ ਸਿੰਘ ਕੈਰੋਂ ਪੜ੍ਹੇ-ਲਿਖੇ ਸਿਆਸਤਦਾਨ ਸਨ, ਜਿਨ੍ਹਾਂ ਨੇ ਦੋ ਵਿਸ਼ਿਆਂ ਰਾਜਨੀਤੀ ਵਿਗਿਆਨ ਅਤੇ ਅਰਥ ਸ਼ਾਸਤਰ ਵਿੱਚ ਅਮਰੀਕਾ ਦੀਆਂ ਉੱਚਕੋਟੀ ਦੀਆਂ ਯੂਨੀਵਰਸਿਟੀ ਤੋਂ ਮਾਸਟਰ ਡਿਗਰੀਆਂ ਪ੍ਰਾਪਤ ਕੀਤੀਆਂ ਸਨ। ਇਨ੍ਹਾਂ ਤਿੰਨਾਂ ਦੇ ਭਾਸ਼ਣਾਂ ਨੇ ਪੰਜਾਬੀ ਯੂਨੀਵਰਸਿਟੀ ਨੂੰ ਗੁੜ੍ਹਤੀ ਦਿੱਤੀ, ਉਸ ਮੁਤਾਬਿਕ ਇਹ ਯੂਨੀਵਰਸਿਟੀ ਆਪਣੇ ਸਾਹਿਤਕ, ਸੱਭਿਆਚਾਰਕ, ਸਮਾਜਿਕ ਅਤੇ ਨੈਤਿਕ ਫ਼ਰਜ਼ ਬਾਖ਼ੂਬੀ ਨਿਭਾਉਂਦੀ ਆ ਰਹੀ ਹੈ।
ਪੰਜਾਬੀ ਯੂਨੀਵਰਸਿਟੀ ਦਾ ਮੰਤਵ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਪ੍ਰਚਾਰ ਪਸਾਰ ਕਰਨਾ, ਪੰਜਾਬੀ ਭਾਸ਼ਾ ਨੂੰ ਯੂਨੀਵਰਸਿਟੀ ਸਿੱਖਿਆ ਦੇ ਮਾਧਿਅਮ ਅਤੇ ਇਮਤਿਹਾਨਾਂ ਲਈ ਵਿਕਸਿਤ ਕਰਨਾ, ਹਿਊਮੈਨਿਟੀਜ਼ ਵਿਸ਼ਿਆਂ, ਵਿਗਿਆਨ ਵਿਸ਼ਿਆਂ ਅਤੇ ਹੋਰ ਵਿਸ਼ਿਆਂ ਨਾਲ ਸਬੰਧਿਤ ਸਿੱਖਿਆ ਮੁਹੱਈਆ ਕਰਨਾ, ਉਚੇਰੀ ਸਿੱਖਿਆ ਅਤੇ ਖੋਜ ਨੂੰ ਪ੍ਰਫੁੱਲਿਤ ਕਰਨਾ ਹੈ।
ਪੰਜਾਬੀ ਯੂਨੀਵਰਸਿਟੀ ਦੇ ਮੁੱਖ ਮੰਤਵ, ਭਾਵ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਪਸਾਰ ਅਤੇ ਪ੍ਰਚਾਰ, ਦੀ ਪ੍ਰਾਪਤੀ ਲਈ ਪੰਜਾਬੀ ਨਾਲ ਸਬੰਧਿਤ ਤਕਰੀਬਨ ਦਸ ਵਿਭਾਗ/ਕੇਂਦਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਇਨ੍ਹਾਂ ਵਿਭਾਗਾਂ/ਕੇਂਦਰਾਂ ਨੇ ਆਪਣੇ ਅਕਾਦਮਿਕ ਕੋਰਸਾਂ ਅਤੇ ਖੋਜ ਰਾਹੀਂ, ਪੰਜਾਬੀ ਵਿੱਚ ਵੱਖ-ਵੱਖ ਵਿਸ਼ਿਆਂ ਬਾਰੇ ਪੜ੍ਹਾਈ ਦੀ ਸਮੱਗਰੀ ਮੁਹੱਈਆ ਕਰਵਾ ਕੇ, ਮਹੱਤਵਪੂਰਨ ਕੋਸ਼ ਤਿਆਰ ਕਰ ਕੇ, ਵਿਸ਼ਵ ਪੱਧਰ ਦੀਆਂ ਕਾਨਫਰੰਸਾਂ ਰਾਹੀਂ, ਪੰਜਾਬੀ ਭਾਸ਼ਾ ਨੂੰ ਕੰਪਿਊਟਰ ਦੇ ਇਸਤੇਮਾਲ ਰਾਹੀਂ ਤਕਨੀਕੀ ਯੁੱਗ ਦੀ ਹਾਣੀ ਬਣਾ ਕੇ, ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਬਾਖ਼ੂਬੀ ਪ੍ਰਚਾਰ ਪਸਾਰ ਕਰ ਕੇ ਨਾਮਣਾ ਖੱਟਿਆ ਹੈ।
ਇਨ੍ਹਾਂ ਵਿਭਾਗਾਂ ਦੇ ਨਾਲ ਨਾਲ ਯੂਨੀਵਰਸਿਟੀ ਦੇ ਮੰਤਵ ਦੀ ਪੂਰਤੀ ਲਈ ਤਕਰੀਬਨ 60 ਹੋਰ ਵਿਭਾਗ/ਖੋਜ ਕੇਂਦਰ, ਨੇਬਰਹੁੱਡ ਕੈਂਪਸ, ਰਿਜਨਲ ਸੈਂਟਰ, ਕਾਂਸਟੀਚੁਐਂਟ ਕਾਲਜਾਂ ਨੇ ਵੀ ਆਪਣੇ ਅਕਾਦਮਿਕ ਕੋਰਸਾਂ, ਖੋਜਾਂ, ਪੇਟੈਂਟ ਅਤੇ ਟੈਕਨਾਲੋਜੀ ਟਰਾਂਸਫਰ ਪ੍ਰੋਗਰਾਮਾਂ ਰਾਹੀਂ ਆਹਲਾ ਦਰਜੇ ਦਾ ਕੰਮ ਕੀਤਾ ਹੈ। ਖੇਡਾਂ ਦੇ ਖੇਤਰ ਵਿੱਚ ਯੂਨੀਵਰਸਿਟੀ ਨੇ ਬੇਮਿਸਾਲ ਪ੍ਰਾਪਤੀਆਂ ਕੀਤੀਆਂ ਹਨ। ਪੰਜਾਬੀ ਯੂਨੀਵਰਸਿਟੀ ਨੂੰ ਮਾਕਾ ਟਰਾਫ਼ੀ ਨੌਂ ਵਾਰ ਹਾਸਲ ਕਰਨ ਦਾ ਮਾਣ ਵੀ ਪ੍ਰਾਪਤ ਹੋਇਆ ਹੈ। ਨੈਕ ਦਰਜਾਬੰਦੀ ਦੇ ਚਾਰ ਗੇੜਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਉੱਚੇ ਅੰਕ ਇਸ ਦੀਆਂ ਪ੍ਰਾਪਤੀਆਂ ਦੀ ਪੁਸ਼ਟੀ ਕਰਦੇ ਹਨ।
ਯੂਨੀਵਰਸਿਟੀਆਂ ਕਿਸੇ ਦੇਸ਼, ਕੌਮ ਅਤੇ ਖਿੱਤੇ ਦਾ ਦਿਲ ਦਿਮਾਗ਼ ਹੁੰਦੀਆਂ ਹਨ। ਸਮਾਜ ਦੇ ਸਾਹਿਤਕ, ਆਰਥਿਕ, ਸਮਾਜਿਕ, ਰਾਜਨੀਤਕ, ਇਤਿਹਾਸਕ, ਧਾਰਮਿਕ ਅਤੇ ਜਜ਼ਬਾਤੀ ਮਸਲਿਆਂ ਦੇ ਢੁਕਵੇਂ ਹੱਲ ਯੂਨੀਵਰਸਿਟੀਆਂ ਵਿੱਚ ਕੰਮ ਕਰਦੇ ਬੁੱਧੀਜੀਵੀ ਅਤੇ ਖੋਜਾਰਥੀ ਕੱਢਦੇ ਹਨ। ਉਹ ਖੋਜ ਕਰ ਕੇ ਸਮਾਜ, ਨੀਤੀਘਾੜਿਆਂ ਅਤੇ ਬਾਜ਼ਾਰ ਤੱਕ ਪਹੁੰਚਾਉਂਦੇ ਹਨ। ਪੰਜਾਬੀ ਯੂਨੀਵਰਸਿਟੀ ਨੇ ਇਹ ਜ਼ਿੰਮੇਵਾਰੀਆਂ ਬਾਖ਼ੂਬੀ ਨਿਭਾਈਆਂ ਹਨ, ਜਿਵੇਂ:
ਸਮਾਜ ਨੂੰ ਉੱਚਕੋਟੀ ਦੇ ਵਿਦਵਾਨ/ਮਾਹਿਰ ਦੇਣ ਸਬੰਧੀ ਵਡਮੁੱਲੀ ਦੇਣ: ਯੂਨੀਵਰਸਿਟੀਆਂ ਵਿਦਵਤਾ ਦਾ ਮੰਦਰ ਹੁੰਦੀਆਂ ਹਨ। ਪੰਜਾਬੀ ਯੂਨੀਵਰਸਿਟੀ ਦੇ ਸੁਖਾਵੇਂ ਅਕਾਦਮਿਕ ਮਾਹੌਲ ਕਰ ਕੇ ਬਹੁਤ ਸਾਰੇ ਉੱਚਕੋਟੀ ਦੇ ਵਿਦਵਾਨ, ਸਾਹਿਤਕਾਰ, ਇਤਿਹਾਸਕਾਰ, ਵਿਗਿਆਨੀ, ਸਮਾਜ ਸ਼ਾਸਤਰੀ, ਕਲਾਕਾਰ, ਉਪ-ਕੁਲਪਤੀ, ਸਿਆਸਤਦਾਨ, ਜੱਜ, ਸੰਗੀਤਕਾਰ, ਫਿਲਮ ਅਤੇ ਰੰਗਮੰਚ ਕਲਾਕਾਰ, ਪੱਤਰਕਾਰ, ਧਾਰਮਿਕ ਵਿਦਵਾਨ, ਆਹਲਾ ਦਰਜੇ ਦੇ ਅਫ਼ਸਰ ਅਤੇ ਉੱਚਕੋਟੀ ਦੇ ਖਿਡਾਰੀ ਸਮਾਜ ਨੂੰ ਮਿਲੇ ਹਨ। ਇਨ੍ਹਾਂ ਮਾਹਿਰਾਂ ਨੇ ਆਪੋ-ਆਪਣੇ ਖੇਤਰਾਂ ਵਿੱਚ ਸਹੀ ਦਿਸ਼ਾ ਦੇ ਕੇ ਉਸਾਰੂ ਸਮਾਜ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।
ਯੂਨੀਵਰਸਿਟੀਆਂ ਅਜਿਹੀਆਂ ਸੰਸਥਾਵਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚ ਹਰ ਤਰ੍ਹਾਂ ਦੇ ਨਵੇਂ ਵਿਚਾਰ ਪ੍ਰਫੁੱਲਿਤ ਹੋ ਸਕਣ। ਸੰਸਾਰ ਭਰ ਵਿੱਚ ਆਈਆਂ ਵੱਡੀਆਂ ਤਬਦੀਲੀਆਂ ਅਤੇ ਇਨਕਲਾਬਾਂ ਪਿੱਛੇ ਕੰਮ ਕਰਨ ਵਾਲੇ ਵਿਚਾਰ ਯੂਨੀਵਰਸਿਟੀਆਂ ’ਚ ਪੈਦਾ ਹੋਏ ਅਤੇ ਵਧੇ ਫੁੱਲੇ ਹਨ। ਪੰਜਾਬੀ ਯੂਨੀਵਰਸਿਟੀ ਨੇ ਸ਼ੁਰੂ ਤੋਂ ਹੀ ਆਜ਼ਾਦ ਅਕਾਦਮਿਕ ਮਾਹੌਲ ਸਿਰਜਿਆ ਹੈ, ਜਿਸ ਦੀ ਬਦੌਲਤ ਇੱਥੇ ਨਵੇਂ ਉਸਾਰੂ ਵਿਚਾਰਾਂ ਅਤੇ ਕਾਢਾਂ ਨੇ ਜਨਮ ਲਿਆ ਹੈ। ਪੰਜਾਬ ਦੀਆਂ ਲੋਕਪੱਖੀ ਲਹਿਰਾਂ ਵਿੱਚ ਵੀ ਪੰਜਾਬੀ ਯੂਨੀਵਰਸਿਟੀ ਨੇ ਅਹਿਮ ਰੋਲ ਅਦਾ ਕੀਤਾ ਹੈ। ਜਦੋਂ ਵੀ ਪੰਜਾਬ, ਪੰਜਾਬੀ ਭਾਸ਼ਾ ਅਤੇ ਸਮਾਜ ਦੇ ਕਿਸੇ ਵਰਗ ਨਾਲ ਅਨਿਆਂ ਹੋਇਆ ਹੈ, ਪੰਜਾਬ ’ਤੇ ਕੋਈ ਮੁਸੀਬਤ ਆਈ ਹੈ ਤਾਂ ਪੰਜਾਬੀ ਯੂਨੀਵਰਸਿਟੀ ਦੇ ਪਰਿਵਾਰ ਨੇ ਉਸ ਵਿਰੁੱਧ ਆਵਾਜ਼ ਉਠਾਈ ਹੈ ਅਤੇ ਆਪਣੀਆਂ ਖੋਜਾਂ ’ਤੇ ਆਧਾਰਿਤ ਵਿਚਾਰਾਂ ਰਾਹੀਂ ਉਨ੍ਹਾਂ ਮੁਸੀਬਤਾਂ ’ਤੇ ਜਿੱਤ ਪਾਉਣ ਦੀ ਭਰਪੂਰ ਕੋਸ਼ਿਸ਼ ਕੀਤੀ ਹੈ। ਯੂਨੀਵਰਸਿਟੀ ਨੇ ਭਰੂਣ ਹੱਤਿਆ, ਨਸ਼ਿਆਂ ਅਤੇ ਪਰਾਲੀ ਸਾੜਨ ਵਿਰੁੱਧ ਮੁਹਿੰਮਾਂ ਵਿੱਚ ਵੀ ਵਧ ਚੜ੍ਹ ਕੇ ਹਿੱਸਾ ਲਿਆ ਹੈ।
ਇਹ ਜਨ-ਸਧਾਰਨ ਦੀ ਯੂਨੀਵਰਸਿਟੀ ਹੈ। ਯੂਨੀਵਰਸਿਟੀਆਂ ਜਦੋਂ ਹੋਂਦ ਵਿੱਚ ਆਈਆਂ ਤਾਂ ਉਨ੍ਹਾਂ ਦੇ ਦਰਵਾਜ਼ੇ ਸਿਰਫ਼ ਕੁਲੀਨ ਵਰਗ ਲਈ ਹੀ ਖੁੱਲ੍ਹੇ ਸਨ। ਬਹੁਤ ਅਰਸੇ ਬਾਅਦ ਯੂਨੀਵਰਸਿਟੀਆਂ ਨੇ ਆਮ ਲੋਕਾਂ ਲਈ ਆਪਣੇ ਦਰਵਾਜ਼ੇ ਖੋਲ੍ਹੇ, ਪਰ ਪੰਜਾਬੀ ਯੂਨੀਵਰਸਿਟੀ ਨੇ ਸ਼ੁਰੂ ਤੋਂ ਹੀ ਉਚੇਰੀ ਸਿੱਖਿਆ ਲਈ ਅਜਿਹੀਆਂ ਪਹਿਲਕਦਮੀਆਂ ਕੀਤੀਆਂ ਤਾਂ ਕਿ ਸਮਾਜ ਦੇ ਸਭ ਤਬਕੇ, ਖ਼ਾਸਕਰ ਗ਼ਰੀਬ ਅਤੇ ਪੱਛੜੇ ਤਬਕੇ ਵੀ ਉਚੇਰੀ ਸਿੱਖਿਆ ਦਾ ਲਾਭ ਉਠਾ ਸਕਣ। ਪੰਜਾਬੀ ਯੂਨੀਵਰਸਿਟੀ ਦੇ ਐਕਟ ਵਿੱਚ ਪੱਛੜੇ ਵਰਗਾਂ ਲਈ ਖ਼ਾਸ ਸਹੂਲਤਾਂ ਦਾ ਜ਼ਿਕਰ ਹੈ। ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਜੇ ਪੰਜਾਬੀ ਯੂਨੀਵਰਸਿਟੀ ਸਥਾਪਿਤ ਨਾ ਹੁੰਦੀ ਤਾਂ ਪੰਜਾਬ, ਖ਼ਾਸਕਰ ਮਾਲਵੇ ਵਿੱਚੋਂ ਬਹੁਤੇ ਲੋਕ ਉਚੇਰੀ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਅਤੇ ਲੇਖਕ ਵੀ ਉਨ੍ਹਾਂ ਵਿੱਚੋਂ ਇੱਕ ਹੋਣਾ ਸੀ।
ਲੜਕੀਆਂ ਦੀ ਸਿੱਖਿਆ ਲਈ ਚਾਨਣ-ਮੁਨਾਰਾ: ਰਵਾਇਤੀ ਸਮਾਜ ਖ਼ਾਸਕਰ ਪੇਂਡੂ ਸਮਾਜ ਵਿੱਚ ਲੜਕੀਆਂ ਦੀ ਸਿੱਖਿਆ ਉੱਤੇ ਆਮ ਤੌਰ ’ਤੇ ਜ਼ੋਰ ਨਹੀਂ ਦਿੱਤਾ ਜਾਂਦਾ। ਪੰਜਾਬੀ ਯੂਨੀਵਰਸਿਟੀ ਦੇ ਹੋਂਦ ਵਿੱਚ ਆਉਣ ਮਗਰੋਂ ਮਾਲਵੇ ’ਚ ਇਹ ਧਾਰਨਾਵਾਂ ਬਦਲ ਗਈਆਂ ਹਨ। ਪੰਜਾਬੀ ਯੂਨੀਵਰਸਿਟੀ, ਇਸ ਦੇ ਰਿਜਨਲ ਸੈਂਟਰਾਂ, ਨੈਬਰਹੁੱਡ ਕੈਂਪਸ, ਕਾਂਸਟੀਚੁਐਂਟ ਕਾਲਜਾਂ ਅਤੇ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਾਲਜਾਂ ਨੇ ਏਨਾ ਚੰਗਾ ਅਕਾਦਮਿਕ ਮਾਹੌਲ ਸਿਰਜਿਆ ਕਿ ਮਾਪੇ ਨਿਧੜਕ ਹੋ ਕੇ ਆਪਣੀਆਂ ਧੀਆਂ ਨੂੰ ਯੂਨੀਵਰਸਿਟੀ ਅਤੇ ਕਾਲਜਾਂ ’ਚ ਭੇਜਣ ਲੱਗੇ। ਅੱਜ ਦੀ ਤਾਰੀਖ਼ ਵਿੱਚ ਇੱਥੇ ਪੜ੍ਹਨ ਵਾਲਿਆਂ ਵਿੱਚ ਕੁੜੀਆਂ ਦੀ ਤਾਦਾਦ ਮੁੰਡਿਆਂ ਨਾਲੋਂ ਜ਼ਿਆਦਾ ਹੈ। ਉਦਾਹਰਨ ਵਜੋਂ 2024-25 ਦੇ ਅਕਾਦਮਿਕ ਸ਼ੈਸਨ ਵਿੱਚ ਪੰਜਾਬੀ ਯੂਨੀਵਰਸਿਟੀ ਕੈਂਪਸ, ਨੇਬਰਹੁੱਡ ਅਤੇ ਕਾਂਸਟੀਚੁਐਂਟ ਕਾਲਜਾਂ ਵਿੱਚ ਲਗਭਗ 40,000 ਵਿਦਿਆਰਥੀ ਹਨ, ਜਿਨ੍ਹਾਂ ਵਿੱਚੋਂ 55 ਫ਼ੀਸਦੀ ਕੁੜੀਆਂ ਹਨ।
ਚੁਣੌਤੀਆਂ:
ਇਸ ਯੂਨੀਵਰਸਿਟੀ ਦੀ ਪਹਿਲੀ ਚੁਣੌਤੀ ਨਿੱਜੀ ਯੂਨੀਵਰਸਿਟੀਆਂ ਨਾਲ ਵਧ ਰਹੇ ਮੁਕਾਬਲੇ ਦੀ ਹੈ। ਅਜੋਕੇ ਬਦਲ ਰਹੇ ਯੁੱਗ ਵਿੱਚ ਵੱਡੇ ਪੱਧਰ ਦੀਆਂ ਬੁਨਿਆਦੀ ਤਬਦੀਲੀਆਂ ਤਹਿਤ ਨਿੱਜੀ ਯੂਨੀਵਰਸਿਟੀਆਂ ਦਾ ਬੋਲਬਾਲਾ ਵਧ ਰਿਹਾ ਹੈ। ਇਸ ਕਰਕੇ ਇਨ੍ਹਾਂ ਯੂਨੀਵਰਸਿਟੀਆਂ ਦੀ ਨਿੰਦਾ ਕਰਦਿਆਂ ਇਨ੍ਹਾਂ ਨੂੰ ਰੱਦ ਕਰ ਦੇਣ ਵਾਲੀ ਸੋਚ ’ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਸਰਕਾਰੀ ਯੂਨੀਵਰਸਿਟੀਆਂ ਨੂੰ ਨਿੱਜੀ ਯੂਨੀਵਰਸਿਟੀਆਂ ਦੇ ਮਾਡਲ, ਖ਼ਾਸਕਰ ਦਾਖਲਾ, ਅਕਾਦਮਿਕ ਪ੍ਰੋਗਰਾਮਾਂ, ਇਮਤਿਹਾਨ, ਵਿੱਤੀ ਸਾਧਨਾਂ, ਪ੍ਰਬੰਧਕੀ ਢਾਂਚੇ, ਪਲੇਸਮੈਂਟ ਅਤੇ ਯੂਨੀਵਰਸਿਟੀ-ਉਦਯੋਗ ਮਿਲਵਰਤਣ ਆਦਿ ਦਾ ਬਾਰੀਕੀ ਨਾਲ ਅਧਿਐਨ ਕਰਨਾ ਚਾਹੀਦਾ ਹੈ। ਸਰਕਾਰੀ ਯੂਨੀਵਰਸਿਟੀਆਂ ਨੂੰ ਨਿੱਜੀ ਯੂਨੀਵਰਸਿਟੀਆਂ ਦੇ ਮਾਡਲਾਂ ਦੀਆਂ ਉਹ ਸਾਰੀਆਂ ਚੰਗੀਆਂ ਵਿਸ਼ੇਸ਼ਤਾਵਾਂ ਅਪਨਾਉਣ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ, ਜਿਨ੍ਹਾਂ ਸਦਕਾ ਸਰਕਾਰੀ ਯੂਨੀਵਰਸਿਟੀਆਂ ਦੇ ਮੰਤਵਾਂ ਦੀ ਪੂਰਤੀ ਬਿਹਤਰ ਢੰਗ ਨਾਲ ਹੋ ਸਕੇ। ਅਜਿਹਾ ਕਰਕੇ ਪੰਜਾਬੀ ਯੂਨੀਵਰਸਿਟੀ ਵੀ ਨਿੱਜੀ ਯੂਨੀਵਰਸਿਟੀਆਂ ਨੂੰ ਟੱਕਰ ਦੇ ਸਕਦੀ ਹੈ।
ਦੂਜੀ ਚੁਣੌਤੀ ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੈਂਸ- ਏ.ਆਈ.) ਦੇ ਖੇਤਰ ਨਾਲ ਸਬੰਧਿਤ ਹੈ। ਏ.ਆਈ. ਨੇ ਸਮਾਜ ਦੇ ਹਰ ਖੇਤਰ ਵਿੱਚ ਭੂਚਾਲ ਲਿਆ ਦਿੱਤਾ ਹੈ। ਅਕਾਦਮਿਕ ਅਦਾਰੇ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਗੂਗਲ ਦੇ ਸਾਬਕਾ ਸੀ.ਈ.ਓ. ਸ਼ਮਿਡ ਨੇ ਇਸ ਦੇ ਵਧ ਰਹੇ ਅਸਰ ਬਾਰੇ ਗੱਲ ਕਰਦਿਆਂ ਕਿਹਾ ਹੈ ਕਿ ਏ.ਆਈ. ਬਿਜਲੀ ਹੈ। ਇਹ ਹਰੇਕ ਉਦਯੋਗ ਸਮੇਤ ਸਿੱਖਿਆ ਨੂੰ ਬਦਲ ਕੇ ਰੱਖ ਦੇਵੇਗੀ।
ਪੰਜਾਬੀ ਯੂਨੀਵਰਸਿਟੀ ਇੱਕ ਰਵਾਇਤੀ ਯੂਨੀਵਰਸਿਟੀ ਹੈ। ਕਈ ਵਾਰੀ ਇਨ੍ਹਾਂ ਯੂਨੀਵਰਸਿਟੀਆਂ ਵਿੱਚ ਇਹ ਧਾਰਨਾ ਪਾਈ ਜਾਂਦੀ ਹੈ ਕਿ ਸਾਡਾ ਏ.ਆਈ. ਨਾਲ ਕੋਈ ਖ਼ਾਸ ਲੈਣ ਦੇਣ ਨਹੀਂ; ਪਰ ਇਹ ਸਾਡਾ ਭਰਮ ਹੈ। ਇਸ ਦੇ ਵਧਦੇ ਪ੍ਰਭਾਵ ਦੇ ਮੱਦੇਨਜ਼ਰ ਪੰਜਾਬੀ ਯੂਨੀਵਰਸਿਟੀ ਨੂੰ ਏ.ਆਈ. ਨੀਤੀ ਤਿਆਰ ਕਰਨੀ ਚਾਹੀਦੀ ਹੈ ਤਾਂ ਕਿ ਯੂਨੀਵਰਸਿਟੀ ਇਸ ਦਾ ਪੂਰਾ ਫ਼ਾਇਦਾ ਲੈ ਸਕੇ ਅਤੇ ਇਸ ਦੇ ਨੁਕਸਾਨਾਂ ਤੋਂ ਬਚ ਸਕੇ। ਪੰਜਾਬੀ ਯੂਨੀਵਰਸਿਟੀ ਵਿੱਚ ਵਾਈਸ-ਚਾਂਸਲਰ ਵਜੋਂ ਲੇਖਕ ਦੇ ਕਾਰਜਕਾਲ ਦੌਰਾਨ ਸੈਂਟਰ ਫਾਰ ਏ.ਆਈ. ਐਂਡ ਡੇਟਾ ਸਾਇੰਸ ਸਥਾਪਤ ਕੀਤਾ ਗਿਆ ਸੀ। ਹੁਣ ਪਤਾ ਲੱਗਿਆ ਹੈ ਕਿ ਉਹ ਕੇਂਦਰ ਤਾਂ ਮੌਜੂਦ ਹੈ ਪਰ ਪੈਸਿਆਂ ਦੀ ਘਾਟ ਕਰਕੇ ਉੱਥੇ ਕੋਈ ਕੋਰਸ ਨਹੀਂ ਚੱਲ ਰਿਹਾ। ਇਸ ਨੂੰ ਫੰਡਜ਼ ਮੁਹੱਈਆ ਕਰਵਾ ਕੇ ਮੁੜ ਲੀਹ ’ਤੇ ਲਿਆਉਣ ਦੀ ਲੋੜ ਹੈ।
ਯੂਨੀਵਰਸਿਟੀਆਂ ਵਿੱਚ ਅਧਿਆਪਨ ਅਤੇ ਖੋਜ ਸਿੱਕੇ ਦੇ ਦੋ ਪਹਿਲੂ ਹਨ। ਦੋਵਾਂ ਦੇ ਵਿਕਾਸ ਨਾਲ ਹੀ ਯੂਨੀਵਰਸਿਟੀਆਂ ਆਪਣੇ ਮੰਤਵ ਦੀ ਪ੍ਰਾਪਤੀ ਕਰ ਸਕਦੀਆਂ ਹਨ।
ਪੰਜਾਬ ਸਰਕਾਰ ਨੇ ਯੂਨੀਵਰਸਿਟੀ ਦੀ ਮਹੀਨਾਵਾਰ ਤਨਖ਼ਾਹ ਗਰਾਂਟ 360 ਕਰੋੜ ਰੁਪਏ ਸਾਲਾਨਾ ਕਰ ਦਿੱਤੀ ਹੈ, ਜਿਸ ਦੀ ਯੂਨੀਵਰਸਿਟੀ ਲੰਮੇ ਸਮੇਂ ਤੋਂ ਮੰਗ ਕਰ ਰਹੀ ਸੀ। ਉਸ ਵਿੱਚ ਸਾਲਾਨਾ ਵਾਧਾ ਵੀ ਹੋ ਰਿਹਾ ਹੈ। ਯੂਨੀਵਰਸਿਟੀ ਦਾ ਦੂਜਾ ਮੁੱਖ ਪ੍ਰੋਗਰਾਮ ਭਾਵ ਖੋਜ, ਪੈਸਿਆਂ ਦੀ ਘਾਟ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਯੂਨੀਵਰਸਿਟੀ ਦੇ ਬਹੁਤ ਸਾਰੇ ਖੋਜ ਵਿਭਾਗ ਫੰਡਾਂ ਦੀ ਕਮੀ ਕਰਕੇ ਆਪਣਾ ਲੋੜੀਂਦਾ ਯੋਗਦਾਨ ਪਾਉਣ ਤੋਂ ਅਸਮਰੱਥ ਹਨ। ਖੋਜ ਲਈ ਫੰਡ ਪੰਜਾਬੀ ਯੂਨੀਵਰਸਿਟੀ ਨੂੰ ਆਪ ਹੀ ਜੁਟਾਉਣੇ ਪੈਣੇ ਹਨ। ਇਸ ਮੰਤਵ ਲਈ ਯੂਨੀਵਰਸਿਟੀ ਕੋਲ ਚਾਰ ਰਸਤੇ ਹਨ:
- ਵੱਡੀ ਗਿਣਤੀ ਵਿੱਚ ਚੰਗੇ ਖੋਜ ਪ੍ਰੋਜੈਕਟਾਂ ਰਾਹੀਂ ਵੱਡੇ ਪੱਧਰ ਉੱਤੇ ਕਰੋੜਾਂ ਵਿੱਚ ਫੰਡ ਪ੍ਰਾਪਤ ਕਰ ਸਕਦੇ ਹਾਂ।
- ਫੰਡ ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਕਰ ਕੇ ਇਸ ਲਈ ਪੁਰਾਣੇ ਵਿਦਿਆਰਥੀਆਂ, ਕਾਰਪੋਰੇਟ ਖੇਤਰ ਅਤੇ ਵੱਡੇ ਦਾਨੀ ਸੱਜਣਾਂ/ਸੰਸਥਾਵਾਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ।
- ਅੱਜਕੱਲ੍ਹ ਸਰਕਾਰਾਂ ਸਾਰੀ ਸਲਾਹ ਕੰਸਲਟੈਂਸੀ ਮਾਹਿਰਾਂ ਤੋਂ ਲੈਂਦੀਆਂ ਹਨ। ਪੰਜਾਬੀ ਯੂਨੀਵਰਸਿਟੀ ਕੋਲ ਉਨ੍ਹਾਂ ਨਾਲੋਂ ਬਿਹਤਰ ਖੋਜਾਰਥੀ ਹਨ, ਪਰ ਯੂਨੀਵਰਸਿਟੀ ਇਸ ਪਾਸੇ ਬਹੁਤ ਘੱਟ ਧਿਆਨ ਦੇ ਰਹੀ ਹੈ। ਕੌਮੀ ਸਿੱਖਿਆ ਨੀਤੀ 2020 ਤਹਿਤ ਪੰਜਾਬੀ ਵਿੱਚ ਸਾਰੇ ਵਿਸ਼ਿਆਂ ਦੀਆਂ ਪਾਠ ਪੁਸਤਕਾਂ ਤਿਆਰ ਕਰਨ ਲਈ ਕਰੋੜਾਂ ਰੁਪਏ ਦੇ ਫੰਡ ਕੇਂਦਰ ਸਰਕਾਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਕਿਉਂਕਿ ਇਸ ਖੇਤਰ ਵਿੱਚ ਪੰਜਾਬੀ ਯੂਨੀਵਰਸਿਟੀ ਆਹਲਾ ਦਰਜੇ ਦਾ ਕੰਮ ਕਰ ਚੁੱਕੀ ਹੈ।
- ਪੰਜਾਬੀ ਯੂਨੀਵਰਸਿਟੀ ਦੀ ਅਗਲੀ ਚੁਣੌਤੀ ਫੈਕਲਟੀ ਦੀ ਦਿਨੋ-ਦਿਨ ਘਟ ਰਹੀ ਗਿਣਤੀ ਹੈ। ਯੂਨੀਵਰਸਿਟੀ ਕੈਂਪਸ, ਰਿਜਨਲ ਸੈਂਟਰ, ਨੇਬਰਹੁੱਡ ਕੈਂਪਸ ਅਤੇ ਕਾਂਸਟੀਚੁਐਂਟ ਕਾਲਜਾਂ ਨੂੰ ਮਿਲਾ ਕੇ ਅਧਿਆਪਕਾਂ ਦੀ ਪ੍ਰਵਾਨਿਤ ਗਿਣਤੀ 1503 ਹੈ, ਉਨ੍ਹਾਂ ਵਿੱਚ ਸਿਰਫ਼ 575 ਪੱਕੇ ਅਧਿਆਪਕ ਇਸ ਸਮੇਂ ਕੰਮ ਕਰ ਰਹੇ ਹਨ ਜੋ ਪ੍ਰਵਾਨਿਤ ਗਿਣਤੀ ਦਾ ਸਿਰਫ਼ 38 ਫ਼ੀਸਦੀ ਬਣਦੇ ਹਨ। ਯੂਨੀਵਰਸਿਟੀ ਨੂੰ ਫੌਰੀ ਤੌਰ ਉੱਤੇ ਫੈਕਲਟੀ ਦੀ ਭਰਤੀ ਦਾ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਪੜ੍ਹਾਈ ਤੇ ਖੋਜ ਦੋਵਾਂ ਰਾਹੀਂ ਯੂਨੀਵਰਸਿਟੀ ਦਾ ਮੰਤਵ ਹੋਰ ਵੀ ਵਧੀਆ ਤਰੀਕੇ ਨਾਲ ਪੂਰਾ ਹੋ ਸਕੇ।
ਯੂਨੀਵਰਸਿਟੀ ਦੇ ਉੁੱਜਲੇ ਭਵਿੱਖ ਲਈ ਦੋ ਸੁਝਾਵਾਂ ਉੱਤੇ ਗੌਰ ਕੀਤੀ ਜਾ ਸਕਦੀ ਹੈ:
- ਗਿਆਨ ਦੇ ਖੇਤਰ ਵਿੱਚ ਅੱਖ ਝਪਕਣ ਦੀ ਰਫ਼ਤਾਰ ਨਾਲ ਤਬਦੀਲੀਆਂ ਆ ਰਹੀਆਂ ਹਨ, ਪਰ ਯੂਨੀਵਰਸਿਟੀ ਇਨ੍ਹਾਂ ਤਬਦੀਲੀਆਂ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਇਨ੍ਹਾਂ ਹਾਲਾਤ ਨਾਲ ਨਜਿੱਠਣ ਲਈ ਯੂਨੀਵਰਸਿਟੀ ਨੂੰ ਯੋਜਨਾਬੱਧ ਤਰੀਕੇ ਨਾਲ ਤਿਆਰੀ ਕਰਨੀ ਪਵੇਗੀ। ਇਸ ਲਈ ਢੁੱਕਵਾਂ ਰਸਤਾ ਇੱਕ ਮੁਕੰਮਲ ਅਤੇ ਠੋਸ ਵਿਜ਼ਨ ਦਸਤਾਵੇਜ਼ ਤਿਆਰ ਕਰਨ ਦਾ ਹੈ। ਇਸ ਦਸਤਾਵੇਜ਼ ਵਿੱਚ ਭਵਿੱਖ ’ਚ ਗਿਆਨ ਅਤੇ ਹੁਨਰ ਪੱਖੋਂ ਸਮਾਜ, ਖ਼ਾਸਕਰ ਰੁਜ਼ਗਾਰ ਖੇਤਰ ਦੀਆਂ ਲੋੜਾਂ ਬਾਰੇ ਵਿਆਖਿਆ ਹੋਣੀ ਚਾਹੀਦੀ ਹੈ। ਇਨ੍ਹਾਂ ਲੋੜਾਂ ਦੀ ਪੂਰਤੀ ਲਈ ਅਕਾਦਮਿਕ ਕੋਰਸਾਂ ਅਤੇ ਖੋਜਾਂ ਵਿੱਚ ਕੀਤੀਆਂ ਜਾ ਸਕਣ ਵਾਲੀਆਂ ਤਬਦੀਲੀਆਂ, ਨਵੇਂ ਅਕਾਦਮਿਕ ਕੋਰਸ ਸ਼ੁਰੂ ਕਰਨ ਅਤੇ ਖੋਜਾਂ ਦੇ ਵਿਸ਼ਿਆਂ ਬਾਰੇ ਖੁਲਾਸਾ ਵੀ ਇਸ ਦਸਤਾਵੇਜ਼ ਵਿੱਚ ਹੋ ਸਕਦਾ ਹੈ। ਯੂਨੀਵਰਸਿਟੀ ਦੀਆਂ ਬਦਲਦੀਆਂ ਲੋੜਾਂ ਮੁਤਾਬਿਕ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਇਨ੍ਹਾਂ ਸਾਰੇ ਪ੍ਰੋਗਰਾਮਾਂ ਤੇ ਸਹੂਲਤਾਂ ਲਈ ਵਿੱਤੀ ਸਾਧਨ ਮੁਹੱਈਆ ਕਰਵਾਉਣ ਦੇ ਢੰਗ ਤਰੀਕਿਆਂ ਦਾ ਵਿਸਥਾਰਪੂਰਵਕ ਵਰਣਨ ਵੀ ਇਸ ਦਸਤਾਵੇਜ਼ ਵਿੱਚ ਹੋਣਾ ਚਾਹੀਦਾ ਹੈ। ਦਸਤਾਵੇਜ਼ ਇਸ ਤਰੀਕੇ ਨਾਲ ਤਿਆਰ ਕੀਤਾ ਜਾਵੇ ਕਿ ਉਸ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਭਾਰਤ ਅਤੇ ਸੰਸਾਰ ਪੱਧਰ ਦੀਆਂ ਸਿਰਕੱਢ ਯੂਨੀਵਰਸਿਟੀਆਂ ਵਿੱਚ ਇੱਕ ਬਣ ਕੇ ਉੱਭਰੇ।
- ਹਰੇਕ ਸੰਸਥਾ ਵੱਲੋਂ ਆਪਣਾ ਇਤਿਹਾਸ ਪੁਸਤਕ ਰੂਪ ਵਿੱਚ ਲਿਆਂਦਾ ਜਾਂਦਾ ਹੈ। ਪੰਜਾਬੀ ਯੂਨੀਵਰਸਿਟੀ ਨੂੰ ਵੀ ਇਹ ਕਾਰਜ ਕਰਨਾ ਚਾਹੀਦਾ ਹੈ। ਇਸ ਮਕਸਦ ਲਈ ਲਿਖੀ ਜਾਣ ਵਾਲੀ ਕਿਤਾਬ ਵਿੱਚ ਵਿਸਥਾਰਪੂਰਵਕ ਦਰਜ ਹੋਣਾ ਚਾਹੀਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਕਿਵੇਂ ਮਹਾਰਾਜਾ ਯਾਦਵਿੰਦਰ ਸਿੰਘ ਅਗਵਾਈ ਵਾਲੇ ਕਮਿਸ਼ਨ ਦੀ ਸਿਫ਼ਾਰਸ਼ ’ਤੇ ਹੋਂਦ ਵਿੱਚ ਆਈ, ਕਿਸ ਮੰਤਵ ਲਈ ਸਥਾਪਤ ਕੀਤੀ ਗਈ, ਇਹ ਕਿਸ ਤਰ੍ਹਾਂ ਵਧੀ ਫੁਲੀ, ਸਮਾਜ ਨੂੰ ਇਸ ਦੀ ਕੀ ਦੇਣ ਹੈ, ਇਸ ਨੇ ਕਿਹੋ ਜਿਹੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਉਨ੍ਹਾਂ ਚੁਣੌਤੀਆਂ ਨਾਲ ਨਜਿੱਠ ਕੇ ਕਿਵੇਂ ਆਪਣਾ ਕੱਦ ਹੋਰ ਵੀ ਉੱਚਾ ਕੀਤਾ। ਯੂਨੀਵਰਸਿਟੀ ਬਾਰੇ ਹੋਰ ਵੀ ਬਹੁਤ ਕੁਝ ਹੈ ਜਿਸ ਦਾ ਇੱਕ ਜਗ੍ਹਾ ’ਤੇ ਦਸਤਾਵੇਜ਼ੀਕਰਨ ਹੋਣਾ ਜ਼ਰੂਰੀ ਹੈ ਤਾਂ ਕਿ ਸਾਰੇ ਪੰਜਾਬੀ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਮਾਂ-ਬੋਲੀ, ਪੰਜਾਬੀ ਸਾਹਿਤ, ਸੱਭਿਆਚਾਰ, ਕਲਾ ਅਤੇ ਗਿਆਨ ਤੇ ਬਾਕੀ ਵਿਸ਼ਿਆਂ ਵਿੱਚ ਯੂਨੀਵਰਸਿਟੀ ਦੀ ਗੌਰਵਮਈ ਦੇਣ ਬਾਰੇ ਪੜ੍ਹ ਕੇ ਮਾਣ ਮਹਿਸੂਸ ਕਰ ਸਕਣ।
* ਸਾਬਕਾ ਉਪ-ਕੁਲਪਤੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।