ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ : ਸੰਘਰਸ਼ ਦੀ ਸਦੀਵੀ ਲੋਅ

ਪੰਜਾਬ ਵੱਖ-ਵੱਖ ਕਬੀਲਿਆਂ, ਰਾਠਾਂ, ਭੂ-ਪਤੀਆਂ ਤੇ ਰਾਜਿਆਂ-ਰਜਵਾਡ਼ਿਆਂ ਦੀ ਭੂਮੀ ਰਿਹਾ ਜਿਨ੍ਹਾਂ ਦੇ ਸੁਭਾਅ ਵਿੱਚ ਆਜ਼ਾਦੀ ਕੁੱਟ ਕੁੱਟ ਕੇ ਭਰੀ ਹੋਈ ਸੀ। ਉਹ ਹਮਲਾਵਰਾਂ ਦੀ ਈਨ ਨਹੀਂ ਸਨ ਮੰਨਦੇ, ਉਨ੍ਹਾਂ ਨਾਲ ਲਡ਼ਦੇ ਤੇ ਉਨ੍ਹਾਂ ਨੂੰ ਹਰਾਉਂਦੇ; ਕਈ ਵਾਰ ਆਪ ਹਾਰ ਜਾਂਦੇ ਪਰ ਫਿਰ ਬਗ਼ਾਵਤਾਂ ਕਰਦੇ। ਇਨ੍ਹਾਂ ਕਾਰਨਾਂ ਕਰ ਕੇ ਪੰਜਾਬ ਵਿੱਚ ਲੰਮੇ ਸਮੇਂ ਤੱਕ ਸਿਆਸੀ ਸਥਿਰਤਾ ਕਾਇਮ ਨਾ ਰਹਿੰਦੀ।
Advertisement

ਸੰਘਰਸ਼ ਮਨੁੱਖ ਦੀ ਹੋਣੀ ਹੈ। ਆਦਿ ਕਾਲ ਵਿੱਚ ਮਨੁੱਖ ਦਾ ਸੰਘਰਸ਼ ਕੁਦਰਤੀ ਤਾਕਤਾਂ ਨਾਲ ਸੀ। ਮਨੁੱਖਤਾ ਦੇ ਵਿਕਾਸ ਨਾਲ ਵੱਖ-ਵੱਖ ਸਮਾਜਾਂ ਵਿੱਚ ਜਮਾਤੀ ਤੇ ਜਾਤੀ ਵੰਡਾਂ ਹੋਂਦ ਵਿੱਚ ਆਈਆਂ ਤੇ ਮਨੁੱਖਤਾ ਦਾ ਇਤਿਹਾਸ ਜਮਾਤੀ ਸੰਘਰਸ਼ ਦਾ ਇਤਿਹਾਸ ਬਣ ਗਿਆ।

ਪੰਜਾਬ 5000 ਤੋਂ ਵੱਧ ਸਮੇਂ ਤੋਂ ਸਭਿਅਤਾ ਦਾ ਪਾਲਣਹਾਰ ਰਿਹਾ ਹੈ। ਇੱਥੇ ਹੜੱਪਾ ਦੀ ਸਭਿਅਤਾ ਸਿਖਰਾਂ ’ਤੇ ਪਹੁੰਚੀ ਤੇ ਬਾਅਦ ਵਿੱਚ ਇਸ ਧਰਤੀ ’ਤੇ ਵੇਦ ਤੇ ਬੋਧੀ ਗ੍ਰੰਥ ਲਿਖੇ ਗਏ। ਇਤਿਹਾਸਕਾਰ ਮਨਜ਼ੂਰ ਏਜਾਜ਼ ਨੇ ਦੁਨੀਆ ਵਿੱਚ ਹੋਈਆਂ ਵੱਖ-ਵੱਖ ਖੁਦਾਈਆਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਮੈਸੋਪੋਟੇਮੀਆ (ਆਧੁਨਿਕ ਇਰਾਕ ਦਾ ਇੱਕ ਹਿੱਸਾ, ਦਰਿਆ ਦਜਲਾ ਤੇ ਫਰਾਤ ਵਿਚਾਲਾ) ਦੀ ਖੁਦਾਈਆਂ ਵਿੱਚ ਹੜੱਪਾ ਨਿਵਾਸੀ ਦੀਆਂ ਮੋਹਰਾਂ ਮਿਲੀਆਂ ਹਨ; ਉਨ੍ਹਾਂ ਦੀ ਜ਼ੁਬਾਨ ਵਿੱਚ ਪੰਜਾਬ ਦੇ ਲੋਕਾਂ ਨੂੰ ਮੁਲੋਹਾ ਜਾਂ ਮੁਲੋਹੀ ਕਿਹਾ ਜਾਂਦਾ ਸੀ। ਉਨ੍ਹਾਂ ਨੇ ਉਸ ਵੇਲੇ ਬੋਲੀ ਜਾਂਦੀ ਬੋਲੀ ਨੂੰ ਵੀ ਮੁਲੋਹਾ ਕਿਹਾ ਹੈ। ਇਹ ਜ਼ੁਬਾਨ ਕਿਹੋ ਜਿਹੀ ਹੋਵੇਗੀ, ਉਸ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ਪਰ ਇੱਕ ਗੱਲ ਪੱਕੀ ਹੈ ਕਿ ਇਸ ਖ਼ਿੱਤੇ ਵਿੱਚ ਬਾਅਦ ਵਿੱਚ ਵਿਕਸਤ ਹੋਈਆਂ ਭਾਸ਼ਾਵਾਂ ਨੇ ਉਸ ਮੁਕਾਮੀ ਜ਼ੁਬਾਨ ਤੋਂ ਹਜ਼ਾਰਾਂ ਸ਼ਬਦ ਉਧਾਰੇ ਲਏ ਹੋਣਗੇ।

Advertisement

ਸਭਿਅਤਾ ਦਾ ਵਿਕਾਸ ਹਮੇਸ਼ਾ ਜੰਗਾਂ, ਹਮਲਿਆਂ, ਜਿੱਤਾਂ-ਹਾਰਾਂ ਤੇ ਵਸਣ-ਉਜੜਣ ਨਾਲ ਜੁੜਿਆ ਹੁੰਦਾ ਹੈ। ਇਤਿਹਾਸ ਦੇ ਮਹਾਂ-ਥਾਲ ਵਿੱਚ ਵੱਸਦਾ ਪੰਜਾਬ ਹੜੱਪੀ ਲੋਕਾਂ, ਆਰੀਆ, ਸਿਕੀਥੀਅਨ, ਹੂਨ, ਕੁਸ਼ਾਨ, ਇਰਾਨੀ, ਅਫਗਾਨਿਸਤਾਨੀ, ਤੁਰਕੀ, ਯੂਨਾਨੀ ਤੇ ਕਈ ਹੋਰ ਨਸਲਾਂ ਦੇ ਮੇਲ ਮਿਲਾਪ ਦਾ ਸਥਾਨ ਬਣਿਆ। ਸਭਿਅਕ ਸਥਾਨ ਤੇ ਉਪਜਾਊ ਭੂਮੀ ਹੋਣ ਕਾਰਨ ਪੱਛਮ ਤੋਂ ਹਮਲਾਵਰ ਤੇ ਪਰਵਾਸੀ ਇੱਥੇ ਆਉਂਦੇ, ਲੜਾਈਆਂ ਤੇ ਸਥਾਨਕ ਸੰਘਰਸ਼ ਹੁੰਦੇ, ਕੁਝ ਲੋਕ ਅੱਗੇ ਪੂਰਬ ਵੱਲ ਨਿਕਲ ਜਾਂਦੇ, ਕੁਝ ਮੁੜ ਜਾਂਦੇ ਤੇ ਕੁਝ ਇੱਥੇ ਵੱਸ ਜਾਂਦੇ।

ਇਤਿਹਾਸਕ ਸਮਿਆਂ ਵਿੱਚ ਪੰਜਾਬੀਆਂ ਨੇ ਮੈਸੋਡੋਨੀਆ ਦੇ ਸਮਰਾਟ ਸਿਕੰਦਰ ਨਾਲ ਲੋਹਾ ਲਿਆ ਤੇ ਇਰਾਨੀ ਸਰੋਤਾਂ ਅਨੁਸਾਰ ਪੋਰਸ ਤੇ ਸਿਕੰਦਰ ਵਿਚਕਾਰ ਹੋਈ ਲੜਾਈ ਬਰਾਬਰ ਨਿੱਬੜੀ ਤੇ ਦੋਹਾਂ ਵਿਚਕਾਰ ਸਮਝੌਤਾ ਹੋਇਆ। ਸਿਕੰਦਰ ਨੂੰ ਬਿਆਸ ਦਰਿਆ ਤੋਂ ਵਾਪਸ ਮੁੜਨਾ ਪਿਆ ਤੇ ਉਹ ਸਮੁੰਦਰੀ ਰਸਤੇ ਵਾਪਸ ਗਿਆ। ਯੂਨਾਨੀ ਇਤਿਹਾਸਕਾਰ ਪਲੂਟਾਰਚ (Plutarch) ਅਨੁਸਾਰ ਮੁਲਤਾਨ ਦੇ ਹਮਲੇ ਦੌਰਾਨ ਇੱਕ ਮੁਲਤਾਨੀ ਯੋਧੇ ਦੇ ਤੀਰ ਨੇ ਸਿਕੰਦਰ ਦੀ ਛਾਤੀ ਵਿੰਨੀ ਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ।

ਉਨ੍ਹਾਂ ਸਮਿਆਂ ਤੋਂ ਬਾਅਦ ਪੰਜਾਬ ਵੱਖ-ਵੱਖ ਕਬੀਲਿਆਂ, ਰਾਠਾਂ, ਭੂ-ਪਤੀਆਂ ਤੇ ਰਾਜਿਆਂ-ਰਜਵਾੜਿਆਂ ਦੀ ਭੂਮੀ ਰਿਹਾ ਜਿਨ੍ਹਾਂ ਦੇ ਸੁਭਾਅ ਵਿੱਚ ਆਜ਼ਾਦੀ ਕੁੱਟ ਕੁੱਟ ਕੇ ਭਰੀ ਹੋਈ ਸੀ। ਉਹ ਹਮਲਾਵਰਾਂ ਦੀ ਈਨ ਨਹੀਂ ਸਨ ਮੰਨਦੇ, ਉਨ੍ਹਾਂ ਨਾਲ ਲੜਦੇ ਤੇ ਉਨ੍ਹਾਂ ਨੂੰ ਹਰਾਉਂਦੇ; ਕਈ ਵਾਰ ਆਪ ਹਾਰ ਜਾਂਦੇ ਪਰ ਫਿਰ ਬਗ਼ਾਵਤਾਂ ਕਰਦੇ। ਇਨ੍ਹਾਂ ਕਾਰਨਾਂ ਕਰ ਕੇ ਪੰਜਾਬ ਵਿੱਚ ਲੰਮੇ ਸਮੇਂ ਤੱਕ ਸਿਆਸੀ ਸਥਿਰਤਾ ਕਾਇਮ ਨਾ ਰਹਿੰਦੀ। ਤਾਕਤਵਰ ਮੁਗ਼ਲ ਹਕੂਮਤ ਦੇ ਸਮਿਆਂ ਵਿੱਚ ਵੀ ਪੰਜਾਬ ਨੂੰ ਕਾਬੂ ਰੱਖਣ ਲਈ ਮੁਗ਼ਲ ਬਾਦਸ਼ਾਹ ਪੰਜਾਬ ਵੱਲ ਵਿਸ਼ੇਸ਼ ਧਿਆਨ ਦਿੰਦੇ ਰਹੇ ਤੇ ਅਕਬਰ ਦੇ ਸਮਿਆਂ ਵਿੱਚ 1584 ਤੋਂ 1598 ਈ. ਤੱਕ ਲਾਹੌਰ ਮੁਗ਼ਲ ਰਾਜ ਦੀ ਰਾਜਧਾਨੀ ਰਿਹਾ। ਉਨ੍ਹਾਂ ਸਮਿਆਂ ਵਿੱਚ ਹੀ ਦੁੱਲੇ ਭੱਟੀ ਦੀ ਬਗ਼ਾਵਤ ਹੋਈ ਜਿਸ ਨੂੰ ਲਾਹੌਰ ਵਿੱਚ ਫਾਹੇ ਲਾਇਆ ਗਿਆ। ਦੁੱਲਾ ਭੱਟੀ ਪੰਜਾਬ ਦਾ ਲੋਕ-ਨਾਇਕ ਬਣ ਗਿਆ। ਵੱਖ-ਵੱਖ ਸਮਿਆਂ ਵਿੱਚ ਜਸਰਤ ਪੋਖਰ, ਸਾਰੰਗ ਤੇ ਹੋਰ ਬਾਗ਼ੀ ਨਾਇਕਾਂ ਦੇ ਨਾਂ ਉੱਭਰਦੇ ਰਹੇ।

ਪੰਜਾਬ ਦੀ ਨਾਬਰੀ ਦੀ ਇਸ ਰਵਾਇਤ ਨੂੰ ਵੱਡਾ ਹੁਲਾਰਾ ਪੰਜਾਬ ਵਿੱਚ ਸਿੱਖ ਧਰਮ ਦੇ ਉਦੈ ਹੋਣ ਨਾਲ ਮਿਲਿਆ। ਇਸ ਧਰਮ ਵਿੱਚ ਨਾਇਕ ਦੇਵਤੇ ਜਾਂ ਫਰਿਸ਼ਤੇ ਨਹੀਂ ਸਨ, ਸਗੋਂ ਮਨੁੱਖ ਸੀ। ਇਸ ਧਰਮ ਨੇ ਲੋਕਾਂ ਨੂੰ ਸਮੂਹਿਕ ਰੂਪ ਵਿੱਚ ਸੰਗਠਿਤ ਕਰ ਕੇ ਸੰਗਠਨ ਬਣਾਇਆ ਅਤੇ ਜਾਤ-ਪਾਤ ਤੇ ਵਰਣ-ਆਸ਼ਰਮ ਵਿਰੁੱਧ ਭਗਤ ਕਬੀਰ, ਭਗਤ ਰਵਿਦਾਸ, ਭਗਤ ਨਾਮਦੇਵ ਤੇ ਹੋਰ ਸਮਾਜਿਕ ਸੁਧਾਰਕਾਂ ਦੁਆਰਾ ਵਿੱਢੀ ਗਈ ਸਮਾਜਿਕ ਬਰਾਬਰੀ ਦੀ ਮਹਾਨ ਲੜਾਈ ਨੂੰ ਨਵੀਂ ਊਰਜਾ ਦਿੱਤੀ। ਇਸ ਸਭ ਦੇ ਨਾਲ-ਨਾਲ ਇਸ ਧਰਮ ਨੇ ਲੋਕਾਂ ਨੂੰ ਜਬਰ ਵਿਰੁੱਧ ਲੜਨ ਦੀ ਪ੍ਰੇਰਨਾ ਦੇ ਕੇ ਪੰਜਾਬੀਆਂ ਤੇ ਸਿੱਖਾਂ ਨੂੰ ਇਤਿਹਾਸ-ਮੁਖੀ ਤਾਕਤ ਬਣਾ ਦਿੱਤਾ; ਅਜਿਹੀ ਸਮੂਹਿਕ ਸ਼ਕਤੀ ਜੋ ਇਤਿਹਾਸਕ ਤਾਕਤਾਂ ਦੁਆਰਾ ਦਰੜੇ ਜਾਣ ਦੀ ਥਾਂ, ਇਤਿਹਾਸ ਦੀਆਂ ਵਾਗਾਂ ਨੂੰ ਆਪਣੇ ਹੱਥ ਵਿੱਚ ਲੈ ਕੇ ਲੋਕ-ਪੱਖੀ ਇਤਿਹਾਸ ਸਿਰਜ ਸਕਦੀ ਸੀ। ਜਬਰ ਦੇ ਵਿਰੋਧ ਦਾ ਆਰੰਭ ਗੁਰੂ ਨਾਨਕ ਦੇਵ ਜੀ ਦੁਆਰਾ ਬਾਬਰ ਦੇ ਹਿੰਦੋਸਤਾਨ ਦੇ ਹਮਲੇ ਵਿਰੁੱਧ ਲਿਖੀ ਬਾਬਰਵਾਣੀ ਤੋਂ ਸ਼ੁਰੂ ਹੋ ਗਿਆ ਤੇ ਲੋਕਾਂ ਨੂੰ ਇਹ ਸੱਦਾ ਦਿੱਤਾ ਗਿਆ, ‘‘ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।। ਇਤੁ ਮਾਰਗਿ ਪੈਰੁ ਧਰੀਜੈ।। ਸਿਰ ਦੀਜੈ ਕਾਣਿ ਨ ਕੀਜੈ।।’’ ਜਬਰ ਵਿਰੋਧੀ ਇਸ ਮਹਾਂ-ਲਹਿਰ ਵਿੱਚ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਸਾਹਿਬਜ਼ਾਦਿਆਂ ਤੇ ਹੋਰ ਸਿੰਘਾਂ ਨੇ ਅਨੂਠੀਆਂ ਕੁਰਬਾਨੀਆਂ ਦਿੱਤੀਆਂ। ਗੁਰੂ ਹਰਗੋਬਿੰਦ ਜੀ ਦੇ ਸਮਿਆਂ ਤੋਂ ਸਿੱਖਾਂ ਨੇ ਜਾਬਰਾਂ ਵਿਰੁੱਧ ਹਥਿਆਰ ਚੁੱਕੇ ਤੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸੇ ਦੀ ਸਥਾਪਨਾ ਤੋਂ ਬਾਅਦ ਇਹ ਵਿਰੋਧ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਸਿਖਰ ’ਤੇ ਪਹੁੰਚਿਆ ਜਿਸ ਵਿੱਚ ਜਾਗੀਰਦਾਰੀ ਨਿਜ਼ਾਮ ਨੂੰ ਖ਼ਤਮ ਕਰਨ ਦਾ ਵੱਡਾ ਉਪਰਾਲਾ ਹੋਇਆ। ਸਿੱਖ ਮਿਸਲਾਂ ਲੋਕ ਹੱਕਾਂ ਦੀਆਂ ਝੰਡਾ ਬਰਦਾਰ ਬਣੀਆਂ ਤੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਖਾਲਸਾ ਰਾਜ ਦੀ ਸਥਾਪਨਾ ਨਾਲ ਪੰਜਾਬ ਤੇ ਪੰਜਾਬੀਅਤ ਦੀ ਲੋਕ-ਪੱਖੀ ਤੇ ਏਕਾਮਈ ਪਛਾਣ ਸਿਰਜੀ ਗਈ। ਇਸ ਇਤਿਹਾਸ ਵਿੱਚ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ, ਭਾਈ ਜੈਤਾ ਤੋਂ ਲੈ ਕੇ ਭਾਈ ਮਨੀ ਸਿੰਘ, ਭਾਈ ਦੀਪ ਸਿੰਘ, ਭਾਈ ਤਾਰੂ ਸਿੰਘ ਤੇ ਹੋਰ ਸਿੰਘਾਂ-ਸਿੰਘਣੀਆਂ ਨੇ ਮਹਾਨ ਕੁਰਬਾਨੀਆਂ ਦੇ ਕੇ ਪੰਜਾਬੀਆਂ ਨੂੰ ਆਪਣਾ ਇਤਿਹਾਸ ਆਪ ਸਿਰਜਣ ਦੇ ਰਸਤੇ ਪਾਇਆ।

ਅੰਗਰੇਜ ਬਸਤੀਵਾਦ ਦੇ ਆਉਣ ਨਾਲ ਹੀ ਉਸ ਦਾ ਵਿਰੋਧ ਸ਼ੁਰੂ ਹੋ ਗਿਆ। ਇਹ ਬਗ਼ਾਵਤਾਂ ਭਾਈ ਮਹਾਰਾਜ ਸਿੰਘ ਜਿਹੀਆਂ ਮਹਾਨ ਸ਼ਖ਼ਸੀਅਤਾਂ ਦੀ ਅਗਵਾਈ ਹੇਠ ਆਰੰਭੀਆਂ ਗਈਆਂ ਅਤੇ 1857 ਦੇ ਗ਼ਦਰ ਵਿੱਚ ਪੰਜਾਬੀ ਅਹਿਮਦ ਖਾਨ ਖਰਲ (ਨੀਲੀ ਬਾਰ), ਸਰਦਾਰ ਮਿਹਰ ਸਿੰਘ (ਰੋਪੜ, ਜਿਸ ਨੇ ਮੁਗ਼ਲ ਖਾਲਸਾ ਸਰਕਾਰ ਬਣਾਈ), ਸ਼ਾਮ ਦਾਸ (ਜੈਤੋ) ਆਦਿ ਆਗੂਆਂ ਦੀ ਅਗਵਾਈ ਹੇਠ ਅੰਗਰੇਜ਼ਾਂ ਵਿਰੁੱਧ ਲੜੇ। ਕੂਕਾ ਲਹਿਰ ਨੇ ਬਸਤੀਵਾਦੀ ਵਿਰੋਧੀ ਭਾਵਨਾਵਾਂ ਨੂੰ ਨਵੀਂ ਸਿਖਰ ਦੇ ਕੇ ਇਹ ਦੱਸਿਆ ਕਿ ਪੰਜਾਬ ਦੇ ਲੋਕ ਅੰਗਰੇਜ਼ਾਂ ਦੇ ਭਗਤ ਨਹੀਂ, ਉਹ ਅੰਗਰੇਜ਼ੀ ਰਾਜ ਤੋਂ ਮੁਕਤੀ ਚਾਹੁੰਦੇ ਹਨ।

ਵੀਹਵੀਂ ਸਦੀ ਦੇ ਆਰੰਭ ਵਿੱਚ ਬਸਤੀਵਾਦੀ ਵਿਰੋਧ ਸਰਦਾਰ ਅਜੀਤ ਸਿੰਘ ਤੇ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਚੱਲੀ ‘ਪਗੜੀ ਸੰਭਾਲ ਜੱਟਾ’ ਲਹਿਰ ਦੇ ਰੂਪ ਵਿੱਚ ਪ੍ਰਗਟ ਹੋਇਆ। ਵੀਹਵੀਂ ਸਦੀ ਦੇ ਪਹਿਲੇ ਅੱਧ ਦੀ ਸਭ ਤੋਂ ਪ੍ਰਚੰਡ ਬਸਤੀਵਾਦੀ ਵਿਰੋਧੀ ਲਹਿਰ 1913 ਵਿੱਚ ਬਾਬਾ ਸੋਹਨ ਸਿੰਘ ਭਕਨਾ ਤੇ ਲਾਲਾ ਹਰਦਿਆਲ ਦੀ ਅਗਵਾਈ ਵਿੱਚ ਬਣੀ ਗ਼ਦਰ ਪਾਰਟੀ ਸੀ ਜਿਸ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਅਨੇਕ ਪੰਜਾਬੀਆਂ ਨੇ ਫਾਂਸੀ ਦੇ ਰੱਸੇ ਚੁੰਮੇ, ਕਾਲੇ ਪਾਣੀ ਦੀਆਂ ਕੈਦਾਂ ਕੱਟੀਆਂ, ਜਾਇਦਾਦਾਂ ਕੁਰਕ ਕਰਾਈਆਂ ਤੇ ਹੋਰ ਕੁਰਬਾਨੀਆਂ ਦਿੱਤੀਆਂ। ਇਸੇ ਲਹਿਰ ਦੇ ਪ੍ਰਭਾਵ ਕਾਰਨ ਪੰਜਾਬ ਵਿੱਚ 1919 ਵਿੱਚ ਰੌਲਟ ਐਕਟ ਵਿਰੁੱਧ ਅੰਦੋਲਨ ਹੋਇਆ ਜਿਸ ਵਿੱਚ ਜੱਲ੍ਹਿਆਂਵਾਲਾ ਬਾਗ਼ ਦਾ ਸਾਕਾ ਵਾਪਰਿਆ।

1920 ਵਿੱਚ ਇੱਕ ਹੋਰ ਮਹਾਨ ਲਹਿਰ ਗੁਰਦੁਆਰਾ ਸੁਧਾਰ ਲਹਿਰ ਦੇ ਰੂਪ ਵਿੱਚ ਪ੍ਰਗਟ ਹੋਈ। ਜਿੱਥੇ ਗ਼ਦਰ ਲਹਿਰ ਹਥਿਆਰਬੰਦ ਲਹਿਰ ਸੀ, ਉੱਥੇ ਗੁਰਦੁਆਰਾ ਸੁਧਾਰ ਲਹਿਰ ਇੱਕ ਸ਼ਾਂਤਮਈ ਲਹਿਰ ਸੀ ਜਿਸ ਵਿੱਚ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਵਿਰੁੱਧ ਸੰਘਰਸ਼ ਕਰਦਿਆਂ ਭਾਈ ਲਛਮਣ ਸਿੰਘ ਤੇ ਹੋਰ ਸਿੱਖਾਂ ਨੇ ਸ਼ਾਂਤਮਈ ਰਹਿ ਕੇ ਜਬਰ ਦਾ ਸਾਹਮਣਾ ਕੀਤਾ ਤੇ ਕੁਰਬਾਨੀਆਂ ਦਿੱਤੀਆਂ। ਇਸ ਵਿੱਚ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ ਵਰਗੇ ਸਾਕੇ ਹੋਏ ਅਤੇ ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ। ਅੰਗਰੇਜ਼ ਸਰਕਾਰ ਨੂੰ ਗੋਡੇ ਟੇਕਣੇ ਪਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਿਆਂ ਦਾ ਪ੍ਰਬੰਧ ਕਰਨ ਦੀ ਤਾਕਤ ਹਾਸਿਲ ਹੋਈ। ਇਹ ਲਹਿਰ ਜਿਸ ਨੂੰ ਅਕਾਲੀ ਲਹਿਰ ਦਾ ਨਾਂ ਮਿਲਿਆ, ਦੀ ਜਿੱਤ ਨੂੰ ਮਹਾਤਮਾ ਗਾਂਧੀ ਨੇ ਆਜ਼ਾਦੀ ਦੀ ਲੜਾਈ ਦੀ ਪਹਿਲੀ ਜਿੱਤ ਕਿਹਾ।

ਗ਼ਦਰ ਲਹਿਰ ਅਤੇ ਅਕਾਲੀ ਲਹਿਰ ਦੇ ਸਮਿਆਂ ਵਿੱਚ ਰੂਸ ਵਿੱਚ 1917 ਵਿੱਚ ਮਜ਼ਦੂਰਾਂ ਤੇ ਕਿਸਾਨਾਂ ਨੇ ਇਨਕਲਾਬ ਕਰਕੇ ਜ਼ਾਰਸ਼ਾਹੀ ਦਾ ਤਖਤਾ ਪਲਟਿਆ। ਰੂਸੀ ਇਨਕਲਾਬ ਦੇ ਪ੍ਰਭਾਵ ਕਾਰਨ ਮਾਰਕਸਵਾਦੀ ਚੇਤਨਾ ਸਾਰੀ ਦੁਨੀਆ ਦੇ ਨਾਲ ਨਾਲ ਪੰਜਾਬ ਵਿੱਚ ਵੀ ਤੇਜ਼ੀ ਨਾਲ ਫੈਲੀ। ਇਹ ਚੇਤਨਾ ਵੀ ਮਨੁੱਖ ਕੇਂਦਰਿਤ ਸੀ ਤੇ ਲੋਕਾਂ ਨੂੰ ਸਮੂਹਿਕ ਰੂਪ ਵਿੱਚ ਸੰਗਠਿਤ ਕਰਨ ਅਤੇ ਸਮਾਜਿਕ ਬਰਾਬਰੀ ਸਥਾਪਿਤ ਕਰਨ ’ਤੇ ਟੇਕ ਰੱਖਦੀ ਸੀ। ਗ਼ਦਰ ਪਾਰਟੀ ਅਤੇ ਅਕਾਲੀ ਲਹਿਰ ਦੇ ਕਈ ਪ੍ਰਮੁੱਖ ਆਗੂ ਇਸ ਚੇਤਨਾ ਤੋਂ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਪੰਜਾਬ ਵਿੱਚ ਕਿਰਤੀ ਤੇ ਕਮਿਊਨਿਸਟ ਲਹਿਰਾਂ ਦਾ ਆਗਾਜ਼ ਹੋਇਆ। ਇਨ੍ਹਾਂ ਲਹਿਰਾਂ ਦੇ ਮੋਢੀਆਂ ਵਿੱਚੋਂ ਭਾਈ ਸੰਤੋਖ ਸਿੰਘ ਤੇ ਭਾਈ ਰਤਨ ਸਿੰਘ ਗ਼ਦਰ ਪਾਰਟੀ ’ਚੋਂ ਆਏ, ਭਾਈ ਸੰਤੋਖ ਸਿੰਘ ਨੇ ਕਿਰਤੀ ਅਖ਼ਬਾਰ ਜਾਰੀ ਕੀਤਾ; ਇਸੇ ਤਰ੍ਹਾਂ ਕਾਮਰੇਡ ਸੋਹਨ ਸਿੰਘ ਜੋਸ਼, ਕਾਮਰੇਡ ਤੇਜਾ ਸਿੰਘ ਸੁਤੰਤਰ ਅਕਾਲੀ ਅੰਦੋਲਨ ਵਿੱਚੋਂ ਉਗ਼ਮੇ। ਇਸ ਦੇ ਨਾਲ ਨਾਲ ਮਾਰਕਸਵਾਦੀ ਤੇ ਇਨਕਲਾਬੀ ਚੇਤਨਾ ਆਜ਼ਾਦਾਨਾ ਰੂਪ ਵਿੱਚ ਵੀ ਪਣਪੀ ਜਿਨ੍ਹਾਂ ਵਿੱਚ ਸਭ ਤੋਂ ਪ੍ਰਮੁੱਖ ਭਗਤ ਸਿੰਘ ਦੀ ਅਗਵਾਈ ਵਾਲੀਆਂ ਜਥੇਬੰਦੀਆਂ ਨੌਜਵਾਨ ਭਾਰਤ ਸਭਾ ਤੇ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ (ਐੱਚਐੱਸਆਰਏ) ਸਨ। ਭਗਤ ਸਿੰਘ ਨੇ ਅਰਾਜਕਤਾਵਾਦੀ ਸੋਚ ਤੋਂ ਸਮਾਜਵਾਦੀ ਸੋਚ ਅਪਣਾਉਣ ਦਾ ਲੰਮਾ ਸਫ਼ਰ ਬਹੁਤ ਛੋਟੀ ਉਮਰ ਵਿੱਚ ਤੈਅ ਕੀਤਾ ਅਤੇ ਆਪਣੀ ਮਹਾਨ ਕੁਰਬਾਨੀ ਸਦਕਾ ਉਸ ਨੂੰ ਸ਼ਹੀਦ-ਏ-ਆਜ਼ਮ ਦਾ ਖ਼ਿਤਾਬ ਹਾਸਿਲ ਹੋਇਆ। ਉਸ ਦੀ ਕੁਰਬਾਨੀ ਨੇ ਪੰਜਾਬ ਵਿੱਚ ਇਨਕਲਾਬੀ ਚੇਤਨਾ ਨੂੰ ਵੱਡਾ ਹੁਲਾਰਾ ਦਿੱਤਾ ਅਤੇ ਨੌਜਵਾਨਾਂ ਨੂੰ ਕਾਰਲ ਮਾਰਕਸ ਤੇ ਲੈਨਿਨ ਦੀ ਸੋਚ ਵੱਲ ਖਿੱਚਿਆ। ਭਗਤ ਸਿੰਘ ‘ਕਿਰਤੀ’ ਅਖ਼ਬਾਰ ਨਾਲ ਵੀ ਜੁੜਿਆ ਹੋਇਆ ਸੀ ਅਤੇ ਸੋਹਨ ਸਿੰਘ ਜੋਸ਼ ਜਿਹੇ ਆਗੂਆਂ ਨਾਲ ਸੰਪਰਕ ਵਿੱਚ ਰਹਿੰਦਾ ਸੀ।

ਗ਼ਦਰ ਪਾਰਟੀ ਦੇ ਆਗੂ ਜਦੋਂ ਅੰਡੇਮਾਨ ਨਿਕੋਬਾਰ ਤੇ ਹੋਰ ਜੇਲ੍ਹਾਂ ਵਿੱਚ ਲੰਮੀਆਂ ਕੈਦਾਂ ਕੱਟ ਕੇ ਪਰਤੇ ਤਾਂ ਉਨ੍ਹਾਂ ਵਿੱਚੋਂ ਬਹੁਤੇ ਕਿਰਤੀ ਕਿਸਾਨ ਪਾਰਟੀ, ਕਮਿਊਨਿਸਟ ਪਾਰਟੀ ਤੇ ਕਿਸਾਨ ਸਭਾਵਾਂ ਵਿੱਚ ਸ਼ਾਮਿਲ ਹੋਏ। ਗ਼ਦਰ ਪਾਰਟੀ ਦੇ ਬਾਬਾ ਸੋਹਨ ਸਿੰਘ ਭਕਨਾ, ਬਾਬਾ ਜਵਾਲਾ ਸਿੰਘ ਠੱਠੀਆਂ, ਬਾਬਾ ਵਿਸਾਖਾ ਸਿੰਘ, ਬਾਬਾ ਗੁਰਮੁਖ ਸਿੰਘ ਲਲਤੋਂ, ਭਗਤ ਸਿੰਘ ਬਿਲਗਾ, ਬਾਬਾ ਰੂੜ ਸਿੰਘ ਤੇ ਹੋਰ ਆਗੂ ਕਮਿਊਨਿਸਟ ਤੇ ਕਿਰਤੀ ਪਾਰਟੀਆਂ ਵਿੱਚ ਸ਼ਾਮਿਲ ਹੋਏ। ਬਾਅਦ ਵਿੱਚ ਕਿਰਤੀ ਕਿਸਾਨ ਪਾਰਟੀ ਤੇ ਕਮਿਊਨਿਸਟ ਪਾਰਟੀ ਵਿੱਚ ਏਕਤਾ ਹੋ ਗਈ।

ਇਨ੍ਹਾਂ ਪਾਰਟੀਆਂ ਦੀ ਇੱਕ ਖ਼ਾਸ ਵਿਸ਼ੇਸ਼ਤਾ ਕਿਸਾਨ ਤੇ ਮਜ਼ਦੂਰ ਸੰਘਰਸ਼ਾਂ ਨੂੰ ਬਸਤੀਵਾਦੀ ਵਿਰੋਧ ਦੇ ਕੇਂਦਰ ਵਿੱਚ ਲਿਆਉਣਾ ਸੀ। ਜਿੱਥੇ ਮਜ਼ਦੂਰਾਂ ’ਚੋਂ ਸਨਅਤੀ ਮਜ਼ਦੂਰ, ਰੇਲ ਕਾਮੇ, ਟਾਂਗੇ ਤੇ ਰਿਕਸ਼ੇ ਚਲਾਉਣ ਵਾਲੇ ਤੇ ਹੋਰ ਮਜ਼ਦੂਰ ਵਰਗ ਸੰਗਠਿਤ ਹੋਏ, ਉੱਥੇ ਸਭ ਤੋਂ ਚਮਤਕਾਰੀ ਸੰਗਠਨ ਕਿਸਾਨ ਸਭਾਵਾਂ ਦੇ ਰੂਪ ਵਿੱਚ ਉੱਭਰੇ। ਆਜ਼ਾਦੀ ਤੋਂ ਪਹਿਲਾਂ ਲੱਗੇ ਕਿਸਾਨ ਮੋਰਚਿਆਂ ਨੇ ਪੰਜਾਬੀ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਲੜਨ ਵਾਸਤੇ ਸੰਗਠਿਤ ਕੀਤਾ ਅਤੇ ਪੰਜਾਬ ਦੀ ਕਿਸਾਨੀ ਨੇ ਨਾਬਰੀ ਦੀ ਇਸ ਜੋਤ ਨੂੰ ਹਮੇਸ਼ਾ ਜਗਾਈ ਰੱਖਿਆ। ਆਜ਼ਾਦੀ ਤੋਂ ਪਹਿਲਾਂ ਲੱਗੇ ਅੰਮ੍ਰਿਤਸਰ ਮੋਰਚਾ (1938), ਲਾਹੌਰ ਮੋਰਚਾ (1939), ਹਰਸ਼ਾ ਛੀਨਾ ਮੋਰਚਾ (1946) ਤੇ ਹੋਰਨਾਂ ਕਿਸਾਨ ਲਹਿਰ ਦੀ ਮਜ਼ਬੂਤ ਬੁਨਿਆਦ ਰੱਖੀ। ਕਿਰਤੀ ਕਿਸਾਨ ਪਾਰਟੀ ਨੇ ਮਾਹਲਪੁਰ (ਬਾਬਾ ਹਰਜਾਪ ਸਿੰਘ ਦੀ ਪ੍ਰਧਾਨਗੀ ਵਿੱਚ 1936) ਤੇ ਸਰਹਾਲੀ (ਪ੍ਰਧਾਨ ਬਾਬਾ ਵਸਾਖਾ ਸਿੰਘ ਦੀ ਪ੍ਰਧਾਨਗੀ ਵਿੱਚ 1936) ਵਿੱਚ ਵੱਡੀਆਂ ਕਿਸਾਨ ਕਾਨਫਰੰਸਾਂ ਕੀਤੀਆਂ ਜਿਨ੍ਹਾਂ ਨੂੰ ਜਵਾਹਰ ਲਾਲ ਨਹਿਰੂ ਨੇ ਸੰਬੋਧਿਤ ਕੀਤਾ। ਇਨ੍ਹਾਂ ਵਿੱਚ 75000 ਤੋਂ ਇੱਕ ਲੱਖ ਕਿਸਾਨਾਂ ਨੇ ਹਾਜ਼ਰੀ ਭਰੀ। ਇਸੇ ਤਰ੍ਹਾਂ 1937 ਵਿੱਚ ਬੜਾਪਿੰਡ ਜਲੰਧਰ (ਪ੍ਰਧਾਨਗੀ ਸੁਆਮੀ ਸਹਿਜਾਨੰਦ, ਡਾਕਟਰ ਭਗਤ ਸਿੰਘ, ਜਵਾਲਾ ਤੇ ਹੋਰ), ਨੌਸ਼ਹਿਰਾ ਪੰਨੂਆਂ ਜ਼ਿਲ੍ਹਾ ਅੰਮ੍ਰਿਤਸਰ (ਜੈ ਪ੍ਰਕਾਸ਼ ਨਰਾਇਣ ਤੇ ਸਚਿੰਦਰ ਨਾਥ ਸਾਨਿਆਲ ਦੁਆਰਾ ਸੰਬੋਧਿਤ), ਪੰਜਾਬ ਪੁਲੀਟੀਕਲ ਕਾਨਫਰੰਸ ਗੜ੍ਹਦੀਵਾਲਾ (ਪ੍ਰਧਾਨ ਮਾਸਟਰ ਹਰੀ ਸਿੰਘ ਧੂਤ), ਚੀਮਾ ਕਲਾਂ ਦੀ ਮਜ਼ਦੂਰ ਕਿਸਾਨ ਕਾਨਫਰੰਸ (ਪ੍ਰਧਾਨਗੀ ਮੁਣਸ਼ੀ ਅਹਿਮਦ ਦੀਨ, ਕਰਮ ਸਿੰਘ ਮਾਨ, ਉਜਾਗਰ ਸਿੰਘ ਬਿਲਗਾ, ਬਾਬਾ ਬੂਝਾ ਸਿੰਘ, ਬਾਬਾ ਭਗਵਾਨ ਸਿੰਘ ਦੋਸਾਂਝ) ਤੇ ਕਈ ਹੋਰ ਕਾਨਫਰੰਸਾਂ ਇਤਿਹਾਸਕ ਸਨ।

ਆਜ਼ਾਦੀ ਤੋਂ ਬਾਅਦ ਪੈਪਸੂ ਵਿੱਚ ਮੁਜ਼ਾਰਾ ਲਹਿਰ ਨੇ ਤੇਜਾ ਸਿੰਘ ਸੁਤੰਤਰ, ਜਗੀਰ ਸਿੰਘ ਜੋਗਾ, ਧਰਮ ਸਿੰਘ ਫੱਕਰ, ਛੱਜੂ ਮੱਲ ਵੈਦ ਤੇ ਲਾਲ ਕਮਿਊਨਿਸਟ ਪਾਰਟੀ ਦੇ ਹੋਰ ਆਗੂਆਂ ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨਾਂ ਨੂੰ ਮਾਲਕਾਨਾ ਹੱਕ ਦਿਵਾ ਕੇ ਨਵਾਂ ਇਤਿਹਾਸ ਰਚਿਆ। ਇਸ ਹਥਿਆਰਬੰਦ ਸੰਘਰਸ਼ ਨੂੰ ਕਿਸਾਨੀ ਅੰਦੋਲਨ ਦੀ ਤਾਰੀਖ ਵਿੱਚ ਉੱਚਾ ਮੁਕਾਮ ਹਾਸਿਲ ਹੈ। ਆਜ਼ਾਦੀ ਤੋਂ ਬਾਅਦ ਖੁਸ਼ਹੈਸੀਅਤੀ ਮੋਰਚਾ, ਬੇਦੀ ਫਾਰਮ ਦਾ ਮੋਰਚਾ ਤੇ ਕਈ ਹੋਰ ਸ਼ਾਨਦਾਰ ਕਿਸਾਨ ਸੰਘਰਸ਼ ਲੜੇ ਤੇ ਜਿੱਤੇ ਗਏ। ਪੰਜਾਬ ਵਿੱਚ ਖੇਤ ਮਜ਼ਦੂਰਾਂ ਤੇ ਸਨਅਤੀ ਮਜ਼ਦੂਰਾਂ ਦੇ ਹੱਕਾਂ ਲਈ ਲੜਨ ਵਾਲਿਆਂ ਵਿੱਚ ਸਤਪਾਲ ਡਾਂਗ, ਮਦਨ ਲਾਲ ਦੀਦੀ, ਸਤੀਸ਼ ਲੂੰਬਾ, ਭਾਨ ਸਿੰਘ ਭੌਰਾ, ਰੁਲਦੂ ਖਾਨ, ਦਾਨਾ ਰਾਮ ਅਤੇ ਹੋਰ ਆਗੂ ਉੱਭਰੇ। ਇਨ੍ਹਾਂ ਲਹਿਰਾਂ ਨੇ ਹੀ ਪੰਜਾਬ ਨੂੰ ਗ਼ਦਰੀ ਗੁਲਾਬ ਕੌਰ, ਬੀਬੀ ਰਘਬੀਰ ਕੌਰ, ਬੀਬੀ ਨਿੱਕੋ ਦੇਵੀ, ਬੇਬੇ ਧੰਨ ਕੌਰ, ਵਿਮਲਾ ਡਾਂਗ, ਸ਼ਕੁੰਤਲਾ ਸ਼ਾਰਦਾ, ਗੁਲਾਮ ਫਾਤਮਾ, ਸੁਸ਼ੀਲਾ ਚੈਨ ਵਰਗੀਆਂ ਔਰਤ ਆਗੂ ਦਿੱਤੀਆਂ।

1980ਵਿਆਂ ਦੇ ਦੌਰ ਵਿੱਚ ਪੰਜਾਬ ਨੂੰ ਇੱਕ ਪਾਸੇ ਸਰਕਾਰੀ ਤਸ਼ੱਦਦ ਤੇ ਦੂਸਰੇ ਪਾਸੇ ਅਤਿਵਾਦੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਅਤਿਵਾਦੀ ਤਸ਼ੱਦਦ ਦਾ ਸਾਹਮਣਾ ਕਰਦਿਆਂ ਦਰਸ਼ਨ ਸਿੰਘ ਕਨੇਡੀਅਨ, ਅਰਜਨ ਸਿੰਘ ਮਸਤਾਨਾ, ਜੈਮਲ ਸਿੰਘ ਪੱਡਾ, ਪਾਸ਼, ਬਲਦੇਵ ਸਿੰਘ ਮਾਨ, ਦੀਪਕ ਧਵਨ, ਰਵਿੰਦਰ ਰਵੀ, ਚੰਨਣ ਸਿੰਘ ਧੂਤ, ਸਰਵਣ ਸਿੰਘ ਚੀਮਾ, ਸੁਮੀਤ ਅਤੇ ਹੋਰ ਸੈਂਕੜੇ ਸਾਥੀ ਸ਼ਹੀਦ ਹੋਏ। ਉਨ੍ਹਾਂ ਸਮਿਆਂ ਵਿੱਚ ਮਾਰਕਸਵਾਦੀ ਸੋਚ ਨੇ ਪੰਜਾਬੀਅਤ ਨੂੰ ਸਿਦਕ ਤੇ ਕੁਰਬਾਨੀ ਦੀ ਸੱਚੀ-ਸੁੱਚੀ ਲੋਅ ਨਾਲ ਜਵਲੰਤ ਕੀਤਾ।

ਨੌਜਵਾਨ ਪੀੜ੍ਹੀ ਦਾ ਵੱਡਾ ਹਿੱਸਾ ਇਨ੍ਹਾਂ ਕੁਰਬਾਨੀਆਂ ਤੋਂ ਅਣਜਾਣ ਹੈ ਪਰ ਸਾਡੇ 2020-2021 ਦੇ ਕਾਰਪੋਰੇਟ ਪੱਖੀ ਖੇਤੀ ਕਾਨੂੰਨਾਂ ਵਿਰੁੱਧ ਲੜੇ ਗਏ ਕਿਸਾਨ ਸੰਘਰਸ਼ ਤੋਂ ਜਾਣੂ ਹਨ। ਇਹ ਸੰਘਰਸ਼ ਮੁੱਖ ਤੌਰ ’ਤੇ ਖੱਬੇ ਪੱਖੀ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਲੜਿਆ ਗਿਆ। ਇਹ ਅੰਦੋਲਨ ਕਿਸਾਨ ਆਗੂਆਂ ਦੀ ਜਥੇਬੰਦਕ ਸਮਰੱਥਾ ਅਤੇ ਲੋਕ-ਵੇਗ ਦਾ ਸੰਗਮ ਬਣਿਆ; ਸਿੰਘੂ ਤੇ ਟਿੱਕਰੀ ਬਾਰਡਰਾਂ ’ਤੇ ਸਾਂਝੀਵਾਲਤਾ ਦਾ ਜਲੌਅ ਲੱਗਿਆ। ਗੁਰਦੁਆਰਾ ਸੁਧਾਰ ਦੀ ਸ਼ਾਂਤਮਈ ਵਿਰਾਸਤ ਤੇ ਮਾਰਕਸਵਾਦੀ ਵਿਚਾਰਾਂ ਤੋਂ ਉਗਮੇ ਜਥੇਬੰਦਕ ਸੰਜਮ ਨੇ ਇਸ ਅੰਦੋਲਨ ਨੂੰ ਇਤਿਹਾਸਕ ਉਚਾਈਆਂ ’ਤੇ ਪਹੁੰਚਾਇਆ। ਇਸ ਵਿੱਚ 700 ਤੋਂ ਵੱਧ ਕਸਾਨ ਸ਼ਹੀਦ ਹੋਏ ਪਰ ਅੰਤ ਵਿੱਚ ਕੇਂਦਰ ਸਰਕਾਰ ਨੂੰ ਹਾਰ ਮੰਨ ਕੇ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈਣੇ ਪਏ।

ਕਿਸਾਨ ਅੰਦੋਲਨ ਨੇ ਪੰਜਾਬ ਦੇ ਲੋਕਾਂ ਵਿੱਚ ਨਵੀਂ ਇਨਕਲਾਬੀ-ਰਾਜਸੀ ਚੇਤਨਾ ਦਾ ਸੰਚਾਰ ਕੀਤਾ ਅਤੇ ਉਨ੍ਹਾਂ ਨੇ ਰਵਾਇਤੀ ਪਾਰਟੀਆਂ ਤੇ ਉਨ੍ਹਾਂ ਦੇ ਆਗੂਆਂ ਦਾ ਲਗਭਗ ਸਮਾਜਿਕ ਬਾਈਕਾਟ ਕਰ ਦਿੱਤਾ। ਇਹ ਚੇਤਨਾ ਉਭਾਰਨ ਵਿੱਚ ਸਮਾਜਵਾਦੀ ਸੋਚ ਨੇ ਮੋਹਰੀ ਭੂਮਿਕਾ ਨਿਭਾਈ। ਸਮਾਜਵਾਦੀ ਚੇਤਨਾ ਨੂੰ ਪ੍ਰਣਾਈਆਂ ਪਾਰਟੀਆਂ ਤੇ ਗਰੁੱਪ ਹੁਣ ਵੀ ਦੇਸ਼ ਦੇ ਹਰ ਹਿੱਸੇ ਵਿੱਚ ਜਬਰ ਤੇ ਫ਼ਿਰਕਾਪ੍ਰਸਤੀ ਦੀਆਂ ਤਾਕਤਾਂ ਵਿਰੁੱਧ ਸੰਘਰਸ਼ ਕਰ ਰਹੇ ਹਨ। ਇਨ੍ਹਾਂ ਦਿਨਾਂ ਵਿੱਚ ਹੀ ਚੰਡੀਗੜ੍ਹ ਵਿੱਚ 21 ਤੋਂ 25 ਸਤੰਬਰ ਤੱਕ ਭਾਰਤੀ ਕਮਿਊਨਿਸਟ ਪਾਰਟੀ ਦਾ 25ਵਾਂ ਮਹਾਂ-ਸੰਮੇਲਨ ਹੋ ਰਿਹਾ ਹੈ। ਪਾਰਟੀ ਦੀ ਸਥਾਪਨਾ 1925 ਵਿੱਚ ਹੋਈ ਸੀ ਤੇ ਐੱਸ ਵੀ ਘਾਟੇ ਇਸ ਦੇ ਪਹਿਲੇ ਜਰਨਲ ਸਕੱਤਰ ਸਨ। ਪਾਰਟੀ 1924 ਦੇ ਕਾਨਪੁਰ ਸਾਜ਼ਿਸ਼ ਕੇਸ ਤੋਂ ਲੈ ਕੇ ਹੁਣ ਤੱਕ ਲੋਕ ਸੰਘਰਸ਼ਾਂ ਦੀ ਮੋਹਰੀ ਤੇ ਹਮਸਫ਼ਰ ਪਾਰਟੀ ਰਹੀ ਹੈ। ਮਾਰਕਸਵਾਦੀ ਚੇਤਨਾ ਦੀ ਲੋਅ ਵਿੱਚ ਤੁਰਦੀ ਪਾਰਟੀ ਦਾ ਲੋਕਾਂ ਲਈ ਸੁਨੇਹਾ ਕੁਝ ਇੰਝ ਹੈ:

ਭੈਅ ਤੋਂ ਮੁਕਤ ਹੋ ਜਾਏ ਜੋ

ਉਹ ਬੰਦਾ ਕੁਝ ਵੀ ਕਰ ਸਕਦਾ ਏ

ਲਾ ਸਕਦਾ ਏ ਅੰਬਰ ਨੂੰ ਸੰਨ੍ਹ

ਨਾਲ ਜਬਰ ਦੇ ਲੜ ਸਕਦਾ ਏ

ਜਾ ਸਕਦਾ ਏ ਪ੍ਰੇਮ ਗਲੀ ਵਿੱਚ

ਸੀਸ ਤਲੀ ’ਤੇ ਧਰ ਸਕਦਾ ਏ

ਸਿੱਖ ਲਏ ਜੋ ਸਬਕ ਏਕੇ ਦਾ

ਕਿਤਾਬ ਸਿਦਕ ਦੀ ਪੜ੍ਹ ਸਕਦਾ ਏ

ਭੈਅ ਤੋਂ ਮੁਕਤ ਹੋ ਜਾਏ ਜੋ

ਉਹ ਬੰਦਾ ਕੁਝ ਵੀ ਕਰ ਸਕਦਾ ਏ

ਕਾਰਪੋਰੇਟੀ ਦਾਬੇ, ਫ਼ਿਰਕਾਪ੍ਰਸਤ ਤਾਕਤਾਂ ਤੇ ਫਾਸ਼ੀਵਾਦ ਦੇ ਉਭਾਰ ਵਿਰੁੱਧ ਲੜਨ ਲਈ ਖੱਬੇ ਪੱਖੀ ਤੇ ਜਮਹੂਰੀ ਤਾਕਤਾਂ ਦਾ ਏਕਾ ਲਾਜ਼ਮੀ ਹੈ; ਏਕਾ ਹੀ ਮਨੁੱਖ ਨੂੰ ਭੈਅ ਮੁਕਤ ਕਰਦਾ ਹੈ। ਲੋਕ ਪੱਖੀ ਤੇ ਮਾਰਕਸਵਾਦੀ ਸੋਚ ਬੰਦੇ ਨੂੰ ਸੰਗਠਿਤ ਤੇ ਭੈਅ ਮੁਕਤ ਕਰਨ ਦੇ ਰਸਤੇ ’ਤੇ ਅੱਗੇ ਲਿਆਉਂਦੀ ਹੈ। ਸੀਪੀਆਈ ਦਾ 25ਵਾਂ ਮਹਾਂ ਸੰਮੇਲਨ (ਪਾਰਟੀ ਕਾਂਗਰਸ) ਵੀ ਇਨ੍ਹਾਂ ਸਮੱਸਿਆਵਾਂ ਤੇ ਵਿਆਪਕ ਵਿਚਾਰ ਕਰ ਕੇ ਲੋਕ-ਪੱਖੀ ਸੰਘਰਸ਼ਾਂ ਦੇ ਰਾਹ-ਰਸਤੇ ਤਲਾਸ਼ੇਗਾ।

Advertisement
Show comments