ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿਆਸੀ ਧੂੰਆਂ ਦਿੱਲੀ ਤੋਂ ਪੰਜਾਬ ਵੱਲ

ਅਸੀਂ ਅਤਿ ਪ੍ਰਦੂਸ਼ਿਤ ਸਮਿਆਂ ਵਿੱਚ ਰਹਿ ਰਹੇ ਹਾਂ। ਹੁਣ ਪਾਣੀ, ਮਿੱਟੀ, ਹਵਾ, ਖੁਰਾਕ ਸਭ ਪ੍ਰਦੂਸ਼ਿਤ ਹੈ। ਸਮਾਜ ਜਾਤੀਵਾਦ ਤੇ ਹੋਰ ਅਨੇਕਾਂ ਸਮੱਸਿਆਵਾਂ ਨਾਲ ਪ੍ਰਦੂਸ਼ਿਤ ਹੈ ਅਤੇ ਧਰਮ ਤੇ ਸਿਆਸਤ ਇਨ੍ਹਾਂ ਦੇ ਵਪਾਰੀਕਰਨ ਨਾਲ। ਹੁਣ ਫਿਜ਼ਾ ਸਿਰਫ਼ ਧੂੰਏਂ ਅਤੇ ਮਿੱਟੀ-ਘੱਟੇ ਨਾਲ...
Vehicles move on a road shrouded in smog on the morning of Diwali, the Hindu festival of lights, in New Delhi, India, October 20, 2025. REUTERS/Bhawika Chhabra TPX IMAGES OF THE DAY
Advertisement

ਅਸੀਂ ਅਤਿ ਪ੍ਰਦੂਸ਼ਿਤ ਸਮਿਆਂ ਵਿੱਚ ਰਹਿ ਰਹੇ ਹਾਂ। ਹੁਣ ਪਾਣੀ, ਮਿੱਟੀ, ਹਵਾ, ਖੁਰਾਕ ਸਭ ਪ੍ਰਦੂਸ਼ਿਤ ਹੈ। ਸਮਾਜ ਜਾਤੀਵਾਦ ਤੇ ਹੋਰ ਅਨੇਕਾਂ ਸਮੱਸਿਆਵਾਂ ਨਾਲ ਪ੍ਰਦੂਸ਼ਿਤ ਹੈ ਅਤੇ ਧਰਮ ਤੇ ਸਿਆਸਤ ਇਨ੍ਹਾਂ ਦੇ ਵਪਾਰੀਕਰਨ ਨਾਲ। ਹੁਣ ਫਿਜ਼ਾ ਸਿਰਫ਼ ਧੂੰਏਂ ਅਤੇ ਮਿੱਟੀ-ਘੱਟੇ ਨਾਲ ਹੀ ਪ੍ਰਦੂਸ਼ਿਤ ਨਹੀਂ ਸਗੋਂ ਬਿਆਨਾਂ ਦੇ ਰੌਲੇ-ਰੱਪੇ (Noise) ਨਾਲ ਵੀ ਪ੍ਰਦੂਸ਼ਿਤ ਹੈ। ਪਾਣੀ ਸਾਫ਼ ਕਰਨ ਲਈ ਤਾਂ ਅਸੀਂ ਘਰਾਂ ਵਿੱਚ ਵਾਟਰ ਪਿਓਰੀਫਾਇਰ ਲਗਵਾ ਲਏ ਪਰ ਹਵਾ ਸਾਫ਼ ਕਰਨ ਲਈ ਤਾਂ ਥਾਂ-ਥਾਂ ਏਅਰ ਪਿਓਰੀਫਾਇਰ ਨਹੀਂ ਲਗਵਾਏ ਜਾ ਸਕਦੇ। ਘਰੋਂ ਬਾਹਰ ਤਾਂ ਤੁਹਾਨੂੰ ਨਿਕਲਣਾ ਹੀ ਪਵੇਗਾ ਅਤੇ ਉਸੇ ਪ੍ਰਦੂਸ਼ਿਤ ਹਵਾ ’ਚ ਸਾਹ ਵੀ ਲੈਣਾ ਪਵੇਗਾ।

ਦੀਵਾਲੀ ਮਗਰੋਂ ਜਦੋਂ ਦਿੱਲੀ-ਐੱਨ ਸੀ ਆਰ, ਚੰਡੀਗੜ੍ਹ ਅਤੇ ਦੇਸ਼ ਦੇ ਵੱਡੇ ਸ਼ਹਿਰਾਂ ਦੀ ਹਵਾ ਗੁਣਵੱਤਾ ’ਚ ਅੰਤਾਂ ਦਾ ਨਿਘਾਰ ਆਇਆ ਤਾਂ ਇਸ ਮੁੱਦੇ ਨੂੰ ਲੈ ਕੇ ਕਈ ਤਰ੍ਹਾਂ ਦੀ ਬਿਆਨਬਾਜ਼ੀ ਸ਼ੁਰੂ ਹੋ ਗਈ ਕਿ ਇਸ ਸਥਿਤੀ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ। ਉਂਜ, ਅੱਜਕੱਲ੍ਹ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਸਿਆਸਤਦਾਨ ਫੈਲਾਉਂਦੇ ਹਨ, ਜਿਸ ਦਾ ਸੰਘਣਾ ਧੂੰਆਂ ਸਾਡੇ ਦਿਲਾਂ-ਦਿਮਾਗ਼ਾਂ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਸ਼ਾਇਦ ਅੱਜ ਦੇ ਸਿਆਸਤਦਾਨ ਹਰ ਵਿਸ਼ੇ ਦੇ ‘ਮਾਹਿਰ’ ਹਨ ਕਿਉਂਕਿ ਕੁਝ ਵੀ, ਕਿਹੋ ਜਿਹਾ ਵੀ ਅਤੇ ਕਦੇ ਵੀ ਵਾਪਰੇ, ਉਹ ਬਿਆਨਬਾਜ਼ੀ ਅਤੇ ਇਲਜ਼ਾਮਤਰਾਸ਼ੀ ਸ਼ੁਰੂ ਕਰ ਦਿੰਦੇ ਹਨ। ਬਹੁਤੀ ਵਾਰ ਉਨ੍ਹਾਂ ਦੀ ਬਿਆਨਬਾਜ਼ੀ ਦਾ ਤੱਥਾਂ ਜਾਂ ਸੱਚਾਈ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ। ਉਨ੍ਹਾਂ ਬਸ ਆਪਣੀ ਪਾਰਟੀ ਦੀ ਸੋਚ ਦੇ ਚੌਖਟੇ ਵਿੱਚ ਆਪਣੇ ਭਾਸ਼ਣ ਨੂੰ ਫਿੱਟ ਕਰ ਦੇਣਾ ਹੁੰਦਾ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹਾ ਕਰਨ ਨਾਲ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਉਨ੍ਹਾਂ ਦੀ ਪਿੱਠ ਥਾਪੜੇਗੀ। ਲੱਗਦੈ ਜਿਵੇਂ ਹੁਣ ਚਿੰਤਨਸ਼ੀਲ, ਬੁੱਧੀ ਤੇ ਵਿਵੇਕ ਨਾਲ ਗੱਲ ਕਰਨ ਵਾਲੇ ਸੰਜੀਦਾ ਸਿਆਸਤਦਾਨ ਜਾਂ ਤਾਂ ਹਨ ਹੀ ਨਹੀਂ ਤੇ ਜਾਂ ਉਨ੍ਹਾਂ ਨੂੰ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਅਤੇ ਜਾਂ ਫਿਰ ਉਨ੍ਹਾਂ ਦਾ ਤਰਕ ਵੀ ਅਜਿਹੀਆਂ ਉੱਚੀਆਂ ਸੁਰਾਂ ਵਾਲੀਆਂ ਬੇਤੁਕੀਆਂ ਬਿਆਨਬਾਜ਼ੀਆਂ ਸਾਹਮਣੇ ਤਰਕਹੀਣ ਜਾਪਣ ਲੱਗ ਜਾਂਦਾ ਹੈ।

Advertisement

ਦੀਵਾਲੀ ਮੌਕੇ ਦਿੱਲੀ-ਐੱਨ ਸੀ ਆਰ ’ਚ ਹਵਾ ਗੁਣਵੱਤਾ ਵਿੱਚ ਆਏ ਵੱਡੇ ਨਿਘਾਰ ਨੂੰ ਲੈ ਕੇ ਇੱਕ ਵਾਰ ਫਿਰ ਦਿੱਲੀ ਵਾਲਿਆਂ ਨੇ ਪੰਜਾਬ ਦੇ ਕਿਸਾਨਾਂ ’ਤੇ ਨਿਸ਼ਾਨਾ ਸੇਧ ਲਿਆ ਹੈ। ਸੁਪਰੀਮ ਕੋਰਟ ਵੱਲੋਂ ਦੀਵਾਲੀ ਮੌਕੇ ‘ਹਰੇ ਪਟਾਕੇ’ ਚਲਾਉਣ ਦੀ ਖੁੱਲ੍ਹ ਦੇਣ ਮਗਰੋਂ ਦਿੱਲੀ-ਐੱਨ ਸੀ ਆਰ ਦੇ ਲੋਕਾਂ ਨੇ ਖ਼ੂਬ ਪਟਾਕੇ ਚਲਾਏ ਪਰ ਹਵਾ ਦੀ ਗੁਣਵੱਤਾ ’ਚ ਨਿਘਾਰ ਲਈ ਤੁਹਾਨੂੰ ਪਤੈ ਕੌਣ ਜ਼ਿੰਮੇਵਾਰ ਹੈ? ਹਾਂ ਜੀ, ਬਿਲਕੁਲ ਸਹੀ ਬੁੱਝਿਐ! ਦਿੱਲੀ ਵਾਲਿਆਂ ਮੁਤਾਬਿਕ ਪੰਜਾਬ ਦੇ ਪਰਾਲੀ ਸਾੜਨ ਵਾਲੇ ਕਿਸਾਨ।

ਤੁਸੀਂ ਜਿੰਨੇ ਮਰਜ਼ੀ ਅੰਕੜੇ ਦੱਸਦੇ ਰਹੋ ਕਿ ਇਸ ਸਾਲ 22 ਅਕਤੂਬਰ ਤੱਕ ਪੰਜਾਬ ਵਿੱਚ ਪਰਾਲੀ ਸਾੜਨ ਦੇ ਸਿਰਫ਼ 484 ਕੇਸ ਸਾਹਮਣੇ ਆਏ ਹਨ ਜਦੋਂਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 1,581 ਕੇਸ ਸਾਹਮਣੇ ਆਏ ਸਨ ਤੇ ਇਨ੍ਹਾਂ ਅੰਕੜਿਆਂ ਮੁਤਾਬਿਕ ਪਿਛਲੇ ਸਾਲ ਦੇ ਮੁਕਾਬਲੇ ਪਰਾਲੀ ਸਾੜਨ ਦੇ ਕੇਸਾਂ ’ਚ 69 ਫ਼ੀਸਦੀ ਕਮੀ ਆਈ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜੇ ਦਰਸਾਉਂਦੇ ਹਨ ਕਿ ਪੰਜਾਬ ਵਿੱਚ ਸਾਲ-ਦਰ-ਸਾਲ ਪਰਾਲੀ ਸਾੜਨ ਦੇ ਮਾਮਲਿਆਂ ’ਚ ਲਗਾਤਾਰ ਕਮੀ ਆਈ ਹੈ। ਪੰਜਾਬ ਵਿੱਚ ਦੀਵਾਲੀ ਦੀ ਰਾਤ ਪਰਾਲੀ ਸਾੜਨ ਦੇ ਮਾਮਲਿਆਂ ਬਾਰੇ ਬੋਰਡ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਸ ਵਾਰ ਦੀਵਾਲੀ ਦੀ ਰਾਤ ਪਰਾਲੀ ਸਾੜਨ ਦੇ ਸਿਰਫ਼ 45 ਮਾਮਲੇ ਸਾਹਮਣੇ ਆਏ ਜਦੋਂਕਿ ਸਾਲ 2021 (4 ਨਵੰਬਰ) ’ਚ 5,327; ਸਾਲ 2022 (25 ਅਕਤੂਬਰ) ’ਚ 181; ਸਾਲ 2023 (12 ਨਵੰਬਰ) ’ਚ 987 ਅਤੇ ਸਾਲ 2024 (31 ਅਕਤੂਬਰ) ’ਚ 587 ਮਾਮਲੇ ਸਾਹਮਣੇ ਆਏ ਸਨ।

ਪੰਜਾਬ ਸਰਕਾਰ ਭਾਵੇਂ ਪਰਾਲੀ ਸਾੜਨ ਤੋਂ ਰੋਕਣ ’ਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਈ ਪਰ ਫਿਰ ਵੀ ਸੂਬਾ ਸਰਕਾਰ ਦੇ ਯਤਨਾਂ, ਕਿਸਾਨ ਆਗੂਆਂ ਵੱਲੋਂ ਸੂਬੇ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਅਤੇ ਸਭ ਤੋਂ ਵੱਧ ਕਿਸਾਨਾਂ ਵੱਲੋਂ ਆਪਣੇ ਵਾਤਾਵਰਣ ਅਤੇ ਆਪਣੀ ਜ਼ਮੀਨ ਦੀ ਸਿਹਤ ਬਾਰੇ ਖ਼ੁਦ ਚੇਤੰਨ ਹੋਣ ਕਾਰਨ ਇਨ੍ਹਾਂ ਮਾਮਲਿਆਂ ’ਚ ਤਿੱਖੀ ਕਮੀ ਆਈ ਹੈ। ਫਿਰ ਵੀ ਦਿੱਲੀ ਦੇ ਨੇਤਾ ਕੌਮੀ ਰਾਜਧਾਨੀ ਅਤੇ ਆਲੇ-ਦੁਆਲੇ ਦੇ ਖੇਤਰਾਂ ’ਚ ਛਾਈ ਧੁਆਂਖੀ ਧੁੰਦ (Smog) ਅਤੇ ਹਵਾ ਗੁਣਵੱਤਾ ’ਚ ਨਿਘਾਰ ਦੇ ਸੰਦਰਭ ਵਿੱਚ ਪੰਜਾਬ ਦੀ ਇੱਕ ਵੱਖਰੀ ਹੀ ਤਸਵੀਰ ਪੇਸ਼ ਕਰ ਰਹੇ ਹਨ। ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ, ਜਿਨ੍ਹਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਦਿੱਲੀ-ਐੱਨ ਸੀ ਆਰ ’ਚ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਦੀ ਹੈ, ਨੇ ਇਸ ਦਿਸ਼ਾ ’ਚ ਆਪਣੇ ਵੱਲੋਂ ਚੁੱਕੇ ਗਏ ਠੋਸ ਕਦਮਾਂ ਜਾਂ ਭਵਿੱਖੀ ਯੋਜਨਾ ਦੀ ਰੂਪ-ਰੇਖਾ ਬਾਰੇ ਤਾਂ ਕੁਝ ਵੀ ਨਹੀਂ ਦੱਸਿਆ ਪਰ ਪ੍ਰੈੱਸ ਕਾਨਫਰੰਸ ਕਰਕੇ ਇਸ ਖਿੱਤੇ ਦੇ ਵਾਤਾਵਰਣ ਪ੍ਰਦੂਸ਼ਣ ਲਈ ਪੰਜਾਬ ਦੀ ‘ਆਪ’ ਸਰਕਾਰ ’ਤੇ ‘ਸਾਜ਼ਿਸ਼’ ਘੜਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਇਸ ਨੂੰ ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਰਾਹੀਂ ਨੇਪਰੇ ਚਾੜ੍ਹਿਆ ਹੈ। ਸ਼ਾਇਦ ਤੁਸੀਂ ਇਕੱਲੇ ਬਿਆਨਾਂ ’ਤੇ ਯਕੀਨ ਨਾ ਕਰੋ, ਇਸ ਲਈ ਉਨ੍ਹਾਂ ਬਠਿੰਡਾ ਅਤੇ ਤਰਨ ਤਾਰਨ ’ਚ ਮੂੰਹ ਢਕ ਕੇ ਪਰਾਲੀ ਨੂੰ ਅੱਗਾਂ ਲਾਉਂਦੇ ਕਿਸਾਨਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ। ਦਾਅਵਾ ਤਾਂ ਇਹ ਵੀ ਕੀਤਾ ਗਿਆ ਕਿ ਪੰਜਾਬ ਦੇ ਜਲੰਧਰ, ਕਪੂਰਥਲਾ, ਲੁਧਿਆਣਾ ਤੇ ਅੰਮ੍ਰਿਤਸਰ ਸਮੇਤ ਸਾਰੇ ਪ੍ਰਮੁੱਖ ਸ਼ਹਿਰਾਂ ਦੀ ਹਵਾ ਗੁਣਵੱਤਾ ’ਚ ਬੇਹੱਦ ਨਿਘਾਰ ਆਇਆ ਹੈ ਭਾਵ ਏ ਕਿਊ ਆਈ (ਹਵਾ ਦੀ ਗੁਣਵੱਤਾ ਦਾ ਮਾਪਕ ਅੰਕ) 500 ਤੋਂ ਲੈ ਕੇ 1,100 ਦੇ ਬੇਹੱਦ ਖ਼ਤਰਨਾਕ ਪੱਧਰ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਸੇ ਸਰੋਤ ਦਾ ਜ਼ਿਕਰ ਨਹੀਂ ਕੀਤਾ, ਜਿੱਥੋਂ ਉਨ੍ਹਾਂ ਇਹ ਅੰਕੜੇ ਲਏ ਹਨ। ਉੱਧਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜੇ ਕੁਝ ਵੱਖਰੀ ਹੀ ਕਹਾਣੀ ਦੱਸਦੇ ਹਨ। ਬੋਰਡ ਦੇ ਅਧਿਕਾਰਕ ਅੰਕੜਿਆਂ ਅਨੁਸਾਰ ਪੰਜਾਬ ’ਚ ਹਵਾ ਗੁਣਵੱਤਾ ਦੀਵਾਲੀ ਤੋਂ ਪਹਿਲਾਂ 150 (ਦਰਮਿਆਨੀ) ਦੇ ਨੇੜੇ-ਤੇੜੇ ਸੀ ਜੋ ਦੀਵਾਲੀ ਮੌਕੇ ਪਟਾਕੇ ਚਲਾਉਣ ਅਤੇ ਪਰਾਲੀ ਸਾੜਨ ਦੇ ਕੁਝ ਮਾਮਲਿਆਂ ਕਾਰਨ 206 (ਮਾੜੀ) ਤੱਕ ਪੁੱਜ ਗਈ। ਇਹ ਅੰਕੜੇ ਦਿੱਲੀ ਦੇ ਵਾਤਾਵਰਣ ਮੰਤਰੀ ਦੇ ਦਾਅਵਿਆਂ ਨਾਲ ਮੇਲ ਨਹੀਂ ਖਾਂਦੇ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਦਿੱਲੀ ਦੇ ਵਾਤਾਵਰਣ ਮੰਤਰੀ ਸਿਰਸਾ ਦੇ ਇਨ੍ਹਾਂ ਦਾਅਵਿਆਂ ਦਾ ਖੰਡਨ ਕਰਦਿਆਂ ਕਿਹਾ ਕਿ ਇਹ ਅੰਕੜੇ ਨਾ ਤਾਂ ਸਾਡੇ ਹਨ ਅਤੇ ਨਾ ਹੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ। ਪਤਾ ਨਹੀਂ ਇਹ ਅੰਕੜੇ ਕਿੱਥੋਂ ਆਏ, ਜਿਨ੍ਹਾਂ ਨੂੰ ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ’ਤੇ ਪਰਾਲੀ ਸਾੜ ਕੇ ਦਿੱਲੀ ਦੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਦੀ ਸਾਜ਼ਿਸ਼ ’ਚ ਸ਼ਾਮਲ ਹੋਣ ਦਾ ਆਧਾਰ ਬਣਾਇਆ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਪੰਜਾਬ ਦੀ ਪਰਾਲੀ ਦਾ ਸੰਘਣਾ ਧੂੰਆਂ 400 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਕਰ ਕੇ ਦਿੱਲੀ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਵਾਤਾਵਰਣ ਨੂੰ ਵੱਡੇ ਪੱਧਰ ’ਤੇ ਪ੍ਰਦੂਸ਼ਿਤ ਕਰਦਾ ਹੈ ਤਾਂ ਲਾਜ਼ਮੀ ਹੈ ਕਿ ਪੰਜਾਬ ਦੇ ਜਿਨ੍ਹਾਂ ਸ਼ਹਿਰਾਂ ਤੋਂ ਇਹ ਤੁਰਦਾ ਹੈ, ਉੱਥੇ ਵੀ ਪ੍ਰਦੂਸ਼ਣ ਦਾ ਪੱਧਰ ਬਹੁਤ ਜ਼ਿਆਦਾ ਹੋਣਾ ਚਾਹੀਦਾ ਸੀ ਪਰ ਅਜਿਹਾ ਹੈ ਨਹੀਂ। ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨ ਜੀ ਟੀ) ਦੇ ਜੱਜ ਸੁਧੀਰ ਅਗਰਵਾਲ ਨੇ ਵਾਤਾਵਰਣ ਬਾਰੇ ਕਈ ਸੈਮੀਨਾਰਾਂ ਵਿੱਚ ਪੰਜਾਬ ਦੇ ਧੂੰਏਂ ਵੱਲੋਂ ਦਿੱਲੀ ’ਚ ਆ ਕੇ ਵਾਤਾਵਰਣ ਗੰਧਲਾ ਕਰਨ ਦੇ ਦਾਅਵੇ ਦੀ ਵਿਗਿਆਨਕ ਪ੍ਰਮਾਣਿਕਤਾ ’ਤੇ ਸਵਾਲ ਉਠਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਦੀ ਹੱਦ ਪੰਜਾਬ ਨਾਲ ਨਹੀਂ ਸਗੋਂ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਨਾਲ ਲੱਗਦੀ ਹੈ। ਇਸ ਤੋਂ ਇਲਾਵਾ ਪੰਜਾਬ ਦੀ ਪਰਾਲੀ ਦਾ ਧੂੰਆਂ ਖੁਸ਼ਕ ਹੁੰਦਾ ਹੈ ਜਦੋਂਕਿ ਦਿੱਲੀ ਦੇ ਪ੍ਰਦੂਸ਼ਣ ਦਾ ਮੁੱਖ ਹਿੱਸਾ ਤੇਲ ਵਾਲੇ ਕਣਾਂ (oil based particles) ਦਾ ਹੈ। ਪੰਜਾਬ ਦੇ ਧੂੰਏਂ ਦੀ ਖੁਸ਼ਕੀ ਦਿੱਲੀ ਦੇ ਤੇਲ ਕਣਾਂ ਵਾਲੇ ਪ੍ਰਦੂਸ਼ਣ ਨਾਲ ਮੇਲ ਨਹੀਂ ਖਾਂਦੀ।

ਅਗਰਵਾਲ ਹੋਰਾਂ ਦੀ ਹੱਦਾਂ-ਬੰਨਿਆਂ ਵਾਲੀ ਦਲੀਲ ਤੋਂ ਇਹ ਗੱਲ ਧਿਆਨ ’ਚ ਆਉਂਦੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਤਾਂ ਪਰਾਲੀ ਸਾੜਨ ਲਈ ਤਿੱਖੀ ਸੁਰ ’ਚ ਭੰਡਿਆ ਜਾਂਦਾ ਹੈ, ਪਰ ਦਿੱਲੀ ਨਾਲ ਲੱਗ਼ਦੇ ਹੱਦਾਂ-ਬੰਨਿਆਂ ਵਾਲੇ ਰਾਜਾਂ ਬਾਰੇ ਸੁਰ ਬੜੀ ਮੁਲਾਇਮ ਰੱਖੀ ਜਾਂਦੀ ਹੈ।

ਪੰਜਾਬ ਦੇ ਕਿਸਾਨਾਂ ਨੂੰ ਹੁਣ ਪ੍ਰੈੱਸ ਕਾਨਫਰੰਸ ਕਰ ਕੇ ਭੰਡਣ ਵਾਲੇ ਦਿੱਲੀ ਦੇ ਵਾਤਾਵਰਣ ਮੰਤਰੀ ਮਨਜਿੰਦਰ ਸਿੰਘ ਸਿਰਸਾ ਉਂਜ ਪੰਜਾਬੀਆਂ ਨੂੰ ਯਾਦ ਹੀ ਹੋਣਗੇ। ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਮੋਰਚਾ ਲਾਈ ਬੈਠੇ ਕਿਸਾਨਾਂ ਨੂੰ ਸ੍ਰੀ ਸਿਰਸਾ ਲੰਗਰ ਦਾ ਗਰਮ-ਗਰਮ ਦਾਲ-ਫੁਲਕਾ ਵਰਤਾਉਂਦੇ ਅਤੇ ਕਿਸਾਨੀ ਮੰਗਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਉਨ੍ਹਾਂ ਦੇ ਹੱਕ ’ਚ ਖੁੱਲ੍ਹ ਕੇ ਸਟੈਂਡ ਲੈਂਦੇ ਰਹੇ ਸਨ। ਉਹ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸਨ। ਅੱਜ ਉਹੀ ਸਿਰਸਾ ਸਿਆਸੀ ਲਕੀਰ ਦੇ ਦੂਜੇ ਪਾਸੇ ਖੜੋ ਕੇ ਭਾਜਪਾ ਦੇ ਵਾਤਾਵਰਣ ਮੰਤਰੀ ਵਜੋਂ ਆਪਣੀ ਜ਼ਿੰਮੇਵਾਰੀ ਤੇ ਕਾਰਗੁਜ਼ਾਰੀ ਦੀ ਗੱਲ ਕਰਨ ਦੀ ਥਾਂ ਸਾਰੇ ਦੋਸ਼ ਪੰਜਾਬ ਦੇ ਕਿਸਾਨਾਂ ਦੀ ਝੋਲੀ ਪਾ ਰਹੇ ਹਨ। ਉਨ੍ਹਾਂ ਦੇ ਇਸ ਵਤੀਰੇ ਪਿੱਛੇ ਤਰਕ ਕੀ ਹੈ? ਇਸ ਸਮੁੱਚੇ ਘਟਨਾਕ੍ਰਮ ਨੂੰ ਵਾਤਾਵਰਣ ਪ੍ਰਦੂਸ਼ਣ ਦੀ ਕੌੜੀ ਹਕੀਕਤ ਦੇ ਨਾਲ-ਨਾਲ ਸਿਆਸੀ ਪ੍ਰਦੂਸ਼ਣ ਦੇ ਸੰਦਰਭ ’ਚ ਵੀ ਸਮਝਣ ਤੇ ਪਰਖਣ ਦੀ ਲੋੜ ਹੈ।

Advertisement
Show comments