ਕਵਿਤਾਵਾਂ
ਅਰਦਾਸ
ਦੀਪਿਕਾ ਅਰੋੜਾ
ਅਸੀਂ ਬਚੜੇ ਬਾਬੇ ਨਾਨਕ ਦੇ, ਹਰ ਦੁੱਖ ਹਿੱਕ ’ਤੇ ਜਰ ਲੈਂਦੇ,
ਸਭ ਉਸ ਦਾ ਭਾਣਾ ਮੰਨ ਕੇ, ਸਿਰ ਚਰਨੀਂ ਹਾਂ ਧਰ ਦਿੰਦੇ।
ਸਰਬੱਤ ਦਾ ਭਲਾ ਕਰੀਂ ਤੂੰ, ਦਾਤੇ ਤੋਂ ਏਹੀ ਮੰਗਦੇ,
ਹੋਵੇ ਆਪਣਾ ਜਾਂ ਬੇਗਾਨਾ, ਸੇਵਾ ਤੋਂ ਰਤਾ ਨੀ ਸੰਗਦੇ।
ਧਰ ਸੀਸ ਤਲੀ ’ਤੇ ਤੁਰਦੇ, ਗ਼ੈਰਾਂ ਦੀ ਪੀੜ ਵੀ ਸਹਿੰਦੇ,
ਸਭ ਉਸ ਦਾ ਭਾਣਾ ਮੰਨ ਕੇ, ਸਿਰ ਚਰਨੀਂ ਹਾਂ ਧਰ ਦਿੰਦੇ।
ਹਾਂ ਮਿਹਨਤਕਸ਼ ਪੰਜਾਬੀ, ਅਣਖਾਂ ਇਤਿਹਾਸ ਹੈ ਲਿਖਿਆ,
ਕਿਰਤ ਕਰੋ ਤੇ ਵੰਡ ਛਕੋ, ਬਾਬੇ ਦੀ ਇਹੋ ਸਿੱਖਿਆ।
ਤੇਰਾ ਨੂਰ ਇਲਾਹੀ ਦਿਸਦੈ, ਰਲ ਜਦ ਪੰਗਤ ਵਿੱਚ ਬਹਿੰਦੇ,
ਸਭ ਉਸ ਦਾ ਭਾਣਾ ਮੰਨ ਕੇ, ਸਿਰ ਚਰਨੀਂ ਹਾਂ ਧਰ ਦਿੰਦੇ।
ਜਦ ਵੀ ਕੋਈ ਬਿਪਤਾ ਆਵੇ, ਬਾਬਾ ਨਾਨਕ ਬਣੇ ਸਹਾਈ,
ਡੁੱਬਦੀ ਕਿਸ਼ਤੀ ਵੀ ਬੰਨੇ, ਅਰਦਾਸਾਂ ਆਣ ਲਗਾਈ।
ਕਦੇ ਭਰਵਾਸਾ ਨਾ ਛੱਡੀਏ, ਸਾਡੇ ਵੱਡ-ਵਡੇਰੇ ਕਹਿੰਦੇ,
ਸਭ ਉਸ ਦਾ ਭਾਣਾ ਮੰਨ ਕੇ, ਸਿਰ ਚਰਨੀਂ ਹਾਂ ਧਰ ਦਿੰਦੇ।
ਘੜੀ ਮੰਨਿਆ ਬੜੀ ਹੈ ਔਖੀ ਪਰ ਰਲ-ਮਿਲ ਕੇ ਲੰਘ ਜਾਣੀ,
ਕੁਦਰਤ ਦਾ ਕਹਿਰ ਵੀ ਮੁੱਕਣਾ, ਇਕ ਨਵੀਂ ਸਹਿਰ ਫਿਰ ਆਉਣੀ।
ਜਦ ਹੱਥ ਨਾਲ ਹੱਥ ਮਿਲਣ ਤਾਂ, ਦਿਨ ਮਾੜੇ ਨਾ ਫਿਰ ਰਹਿੰਦੇ,
ਸਭ ਉਸ ਦਾ ਭਾਣਾ ਮੰਨ ਕੇ, ਸਿਰ ਚਰਨੀਂ ਹਾਂ ਧਰ ਦਿੰਦੇ।
ਸੰਪਰਕ: 90411-60739
* * *
ਗ਼ਜ਼ਲ
ਬਲਜਿੰਦਰ ਸਿੰਘ ‘ਬਾਲੀ ਰੇਤਗੜ੍ਹ’
ਆਵੇਗਾ ਜਦ ਵਕਤ ਅਸਾਡਾ, ਮਰਜ਼ੀ ਦੇ ਨਾਚ ਨਚਾਵਾਂਗੇ,
ਬਾਸੋਂ ਬਣਦੀ ਤੇਰੀ ਬੰਸਰੀ, ਲੱਠ ਅਸੀਂ ਡਾਂਗ ਬਣਾਵਾਂਗੇ।
ਨਾਗਾਂ ਦੇ ਫਣ ਫੇਹ ਲੰਘਣਾ, ਹੈ ਸ਼ੌਕ ਅਸਾਡੇ ਪੈਰਾਂ ਦਾ,
ਦੰਦ ਭੰਨਾ ਕੇ ਜ਼ਹਿਰੀ ਤੇਰੇ, ਛਟੀਆਂ ਦੇ ਥੱਬੇ ਪਾਵਾਂਗੇ।
ਤੇਰੀ ਸੰਗੀਨ ਵਰ੍ਹਾਉਂਦੀ ਗੋਲੀ, ਸਾਡੇ ਕੋਮਲ ਫੁੱਲਾਂ ’ਤੇ
ਤੋੜੇ ਫੁੱਲਾਂ ਨੂੰ ਚੁਗ-ਚੁਗ, ਅਸੀਂ ਨਵੇਂ ਬਾਗ਼ ਸਜਾਵਾਂਗੇ।
ਕੌਣ ਅਸਾਡੇ ਸਨ ਪੁਰਖ਼ੇ ਤੇ ਕੌਣ ਅਸੀਂ ਹਾਂ ਭੁੱਲ ਗਿਐਂ ਤੂੰ,
ਰੱਤ ਨਹੀਂ ਦੌੜ ਰਿਹੈ ਲਾਵਾ, ਨਸ-ਨਸ ’ਚੋਂ ਪਰਖ਼ ਕਰਾਂਵਾਗੇ।
ਇੱਜ਼ਤ ਦੇ ਰਾਖੇ ਹਾਂ, ਬੇ-ਪੱਤ ਨਹੀਂ ਕਰਦੇ ਵਿੱਚ ਸਭਾਵਾਂ,
ਲਾ ਸਿਰ-ਧੜ ਦੀ ਬਾਜ਼ੀ, ‘ਬਾਲੀ’ ਗੀਤ ਅਮਨ ਦੇ ਗਾਵਾਂਗੇ।
ਸੰਪਰਕ: 94651-29168
* * *
ਇਹ ਦੁਨੀਆ ਚਲਦੀ ਰਹਿਣੀ
ਬਚਿੱਤਰ ਜਟਾਣਾ
ਐਵੇਂ ਨਾ ਚਿੰਤਾ ਕਰਿਆ ਕਰ,
ਨਾ ਮਨ ਨੂੰ ਬਹੁਤਾ ਭਰਿਆ ਕਰ।
ਇਹ ਦੁਨੀਆ ਚਲਦੀ ਰਹਿਣੀ,
ਤੇਰੇ ਮੇਰੇ ਬਗੈਰ ਵੀ।
ਵਸਦੇ ਰਹਿਣਗੇ ਪਿੰਡ ਤੇ ਸ਼ਹਿਰ ਵੀ,
ਚਲਦੇ ਰਹਿਣਾ ਸੂਆ ਤੇ ਨਹਿਰ ਵੀ।
ਦੁਨੀਆ ਵਿੱਚ ਆਉਣੇ ਖ਼ੁਸ਼ੀਆਂ ਤੇ ਕਹਿਰ ਵੀ,
ਲੋਕ ਪੀਵਣਗੇ ਸ਼ਰਬਤ ਤੇ ਜ਼ਹਿਰ ਵੀ।
ਨਿੱਤ ਪੈਣਗੀਆਂ ਸ਼ਾਮਾਂ ਤੇ ਦੁਪਹਿਰ ਵੀ,
ਪਸਰੇਗੀ ਚੁੱਪ ਤੇ ਉੱਠੇਗੀ ਲਹਿਰ ਵੀ।
ਆਉਣਗੇ ਦੈਂਤ ਤੇ ਦੁਰਗਾ ਦੀ ਮਿਹਰ ਵੀ,
ਸਿਰੇ ਦੇ ਵਿਹਲੜ ਤੇ ਮਿਹਨਤੀ ਬਥੇਰ ਵੀ।
ਆਉਣਗੇ ਹੜ੍ਹ ਤੇ ਸੋਕੇ ਦਾ ਕਹਿਰ ਵੀ,
ਵਧੇਗਾ ਕਸ਼ਟ ਤੇ ਖ਼ੁਸ਼ੀਆਂ ਦੀ ਲਹਿਰ ਵੀ।
ਫਸਲਾਂ ਨੂੰ ਮਾਰ ਵੀ ਤੇ ਆਊ ਬਹਾਰ ਵੀ,
ਮਿਲੇਗੀ ਭਾਜੀ ਕਦੇ ਖਾਣੀ ਨਾਲ ਅਚਾਰ ਵੀ।
ਆਵੇਗੀ ਪੱਤਝੜ ਤੇ ਬਸੰਤ ਦੀ ਬਹਾਰ ਵੀ,
ਠਹਿਰੇਗੀ ਜ਼ਿੰਦਗੀ ਤੇ ਦੌੜੇਗੀ ਨੁਹਾਰ ਵੀ।
ਇਹ ਦੁਨੀਆ ਚਲਦੀ ਰਹਿਣੀ,
ਤੇਰੇ ਮੇਰੇ ਬਗੈਰ ਵੀ।
ਸੰਪਰਕ: 96469-05801
* * *
ਕਾਸ਼! ਅੱਜ ਮਾਂ ਹੁੰਦੀ
ਗੁਰਭਜਨ ਸਿੰਘ ‘ਲਾਸਾਨੀ’
ਬਹੁਤ ਫ਼ਿਕਰ ਕਰਦੀ ਸੀ ਮਾਂ,
ਅਕਸਰ ਜਦੋਂ ਕੰਮ ’ਚ ਫਸਿਆ,
ਜਾਂ ਯਾਰਾਂ ਬੇਲੀਆਂ ਸੰਗ ਲੇਟ ਹੋ ਜਾਂਦਾ,
ਤਾਂ ਘਰ ਤੋਂ ਹੌਲੀ ਹੌਲੀ ਤੁਰਦੀ,
ਰਾਹ ਤੱਕਦੀ, ਪਿੰਡ ਦੀ ਫਿਰਨੀ, ਫਿਰਨੀ ਤੋਂ ਜੂਹ
ਅਖੀਰ ਮੇਨ ਰੋਡ ਤੱਕ ਪੁੱਜ ਜਾਂਦੀ ਸੀ ਮਾਂ।
ਸੋਚਾਂ ਦੀਆਂ ਘੁੰਮਣਘੇਰੀਆਂ ’ਚ ਗੁਆਚੀ ਮਮਤਾ
ਧੁੰਦਲੀ ਐਨਕ ਦੇ ਸ਼ੀਸ਼ੇ,
ਚੁੰਨੀ ਦੇ ਪੱਲੇ ਨਾਲ ਮੁੜ ਮੁੜ ਸਾਫ਼ ਕਰਦੀ
ਕੋਈ ਰੌਸ਼ਨੀ ਪਿੰਡ ਵੱਲ ਮੁੜਦੀ ਵੇਖ
ਮੇਰੇ ਆਉਣ ਦਾ ਤਸੱਵਰ ਕਰਦੀ।
ਰੌਸ਼ਨੀ ਘਰ ਵੱਲ ਨਾ ਮੁੜਦੀ ਵੇਖ
ਮੁੜ ਚਿੰਤਾ ’ਚ ਡੁੱਬ ਜਾਂਦੀ,
ਬੇਵੱਸੀ ’ਚ ਆਪੇ ਨਾਲ ਗੱਲਾਂ ਕਰਦੀ,
ਮੁੜ ਮੁੜ ਪਿੱਛੇ ਤੱਕਦੀ ਮਾਂ।
ਜਦੋਂ ਮੈਂ ਪਿੰਡ ਵੱਲ ਮੁੜਦਾ,
ਮਾਂ ਰਾਹ ’ਚ ਖੜ੍ਹੀ ਮਿਲਦੀ।
ਮੈਂ ਹਰ ਵਾਰ ਕਹਿੰਦਾ, ਨਾ ਚਿੰਤਾ ਕਰ ਮਾਂ।
ਉਹ ਆਖਦੀ, ਤੂੰ ਮੇਰਾ ਕੋਹਿਨੂਰ,
ਮੇਰੀ ਕੁਲ ਕਮਾਈ,
ਕਿਵੇਂ ਨਾ ਚਿੰਤਾ ’ਚ ਡੁੱਬਾਂ ਆਖ ਸੁਣਾਈਂ।
ਅੱਜ ਵੀ ਪਿੰਡ ਵੱਲ ਮੁੜਦਿਆਂ,
ਮੇਰੀਆਂ ਅੱਖਾਂ ਮਾਂ ਨੂੰ ਭਾਲਦੀਆਂ।
ਮੈਂ ਮੁੜ ਮੁੜ ਕਹਿਣਾ ਲੋਚਦਾ ਹਾਂ,
ਹੁਣ ਮੈਂ ਲੇਟ ਨਹੀਂ ਹੁੰਦਾ, ਨਾ ਚਿੰਤਾ ਕਰ ਮਾਂ।
ਕਾਸ਼! ਅੱਜ ਮਾਂ ਹੁੰਦੀ।
ਸੰਪਰਕ: 98724-39278
* * *
ਗ਼ਜ਼ਲ
ਓਮਕਾਰ ਸੂਦ ਬਹੋਨਾ
ਛੱਡ ਕੇ ਕਾਲੀ ਰਾਤ ਦੀਆਂ,
ਤੂੰ ਗੱਲਾਂ ਕਰ ਪ੍ਰਭਾਤ ਦੀਆਂ।
ਐਵੇਂ ਨਾ ਹੁਣ ਲੜਿਆ ਕਰ,
ਮੁੜ ਕਰ-ਕਰ ਗੱਲਾਂ ਜਾਤ ਦੀਆਂ।
ਹੈ ਨਿੱਕੀ ਜਿਹੀ ਉਮਰ ਤੇਰੀ,
ਮੌਜਾਂ ਮਾਣ ਹਯਾਤ ਦੀਆਂ।
ਨਾਲ ਸਾਥੀਆਂ ਗੱਲਾਂ ਕਰ,
ਦਾਦੀ ਮਾਂ ਦੀ ਬਾਤ ਦੀਆਂ।
ਗੁਜ਼ਰ ਜਾਣੀਆਂ ਸਭ ਸਿਰ ਤੋਂ,
ਰਾਤਾਂ ਇਹ ਬਰਸਾਤ ਦੀਆਂ।
ਮਾਨਵਤਾ ਲਈ ਮੰਗਿਆ ਕਰ,
ਦਾਤਾਂ ਖ਼ੌਰ ਸੌਗਾਤ ਦੀਆਂ।
ਸੁਪਨਾ ਹੋਈਆਂ ਗੱਲਾਂ ਕਿਉਂ,
ਪਿੱਤਲ ਭਰੀ ਪਰਾਤ ਦੀਆਂ।
ਸੰਪਰਕ: 96540-36080
* * *
ਤੈਨੂੰ ਦੇਖ-ਦੇਖ ਜੀਵਾਂ
ਹਰੀ ਕ੍ਰਿਸ਼ਨ ਮਾਇਰ
ਤੈਨੂੰ ਦੇਖ ਦੇਖ ਜੀਵਾਂ,
ਦੀਦ ਤੇਰੀ ਦਾ ਅੰਮ੍ਰਿਤ ਚੂਲੀ ਭਰ ਭਰ ਪੀਵਾਂ।
ਕੁਲ ਖੁੱਦਾਰੀ ਸ਼ੁਹਰਤ ਸਾਰੀ ਤੈਥੋਂ ਵਾਰ ਦਿਆਂ,
ਦੀਦ ਮਿਲੇ ਤਾਂ ਜਿੱਤੀ ਬਾਜ਼ੀ ਹਾਰ ਦਿਆਂ।
ਪਾਉਣ ਲਈ ਕੁਝ ਝੁਕਣਾ ਪੈਂਦਾ ਹੋਣਾ ਪੈਂਦਾ ਨੀਵਾਂ,
ਲੀਰੋ-ਲੀਰ ਨੇ ਸੋਚਾਂ, ਕਿਸ ਸੂਈ ਨਾਲ ਸੀਵਾਂ।
ਕਿਹੜੀ ਲੀਕ ਮਿਟਾਵਾਂ ਹੁਣ ਕਿਹੜੀ ਨੂੰ ਰੱਦਾਂ,
ਆਪ ਬਣਾਏ ਦਾਇਰੇ-ਲੀਕਾਂ, ਆਪ ਬਣਾਈਆਂ ਹੱਦਾਂ।
ਰੱਬ ਦੇ ਨਾਲ ਨਾ ਰਲਦੀ ਸਾਡੀ ਕੋਈ ਸਕੀਰੀ,
ਸਾਡੇ ਪੱਲੇ ਦਾਨਸ਼ਮੰਦੀ, ਪੀਰੀ ਨਾ ਕੋਈ ਅਮੀਰੀ।
ਕਿੰਝ ਤੇਰਾ ਅਹਿਸਾਸ ਸਾਂਭ ਨੈਣਾਂ ਦੇ ਵਿੱਚ ਰੱਖਾਂ
ਕੰਧਾਂ ਵਿੱਚੋਂ ਝਾਕਦੀਆਂ ਹੁਣ, ਅੱਖਾਂ ਹੀ ਅੱਖਾਂ।
ਕਿੰਜ ਲੋਕਾਂ ਦੀ ਭੀੜ ’ਚ ਹਾਕਾਂ ਮਾਰ ਸਦੀਵਾਂ,
ਅੱਥਰੂਆਂ ਦੇ ਸਾਹਵੇਂ ਕਿੰਨਾ ਬੇਵੱਸ ਹੀਣਾ ਥੀਵਾਂ।
ਸੰਪਰਕ: 97806-67686
* * *
ਗ਼ਜ਼ਲ
ਗੁਰਵਿੰਦਰ ਸਿੰਘ ਗੋਸਲ
ਅਗਲਾ ਪਿਛਲਾ ਵਕਤ ਵਿਸਾਰੀ ਜਾਂਦਾ ਹਾਂ,
ਪਰ ਮੈਂ ਆਪਣਾ ਅੱਜ ਸਵਾਰੀ ਜਾਂਦਾ ਹਾਂ।
ਪਰਵਰਦਿਗਾਰ ਦੇ ਭਾਣੇ ਅੰਦਰ ਰਹਿ ਕੇ ਮੈਂ,
ਚੰਗਾ-ਮਾੜਾ ਵਕਤ ਗੁਜ਼ਾਰੀ ਜਾਂਦਾ ਹਾਂ।
ਰੋਜ਼ ਸਮੇਂ ਦੇ ਜੂਏ ’ਚ ਨਾ ਚਾਹੁੰਦਿਆਂ ਵੀ,
ਮੈਂ ਸਾਹਾਂ ਦੀ ਪੂੰਜੀ ਹਾਰੀ ਜਾਂਦਾ ਹਾਂ।
ਸ਼ਬਦ ਮਿਲਣ ਨਾ ਮਹਿਮਾ ਲਿਖਣ ਲਈ ਉਸ ਦੀ,
ਉਸ ਦਾਤੇ ਤੋਂ ਮੈਂ ਬਲਿਹਾਰੀ ਜਾਂਦਾ ਹਾਂ।
ਲਿਖਦਾ ਹਾਂ ਅਪਣੇ ਦਿਲ ਦੇ ਦਰਦਾਂ ਨੂੰ ਮੈਂ,
ਲੋਕੀਂ ਆਖਣ ਝੱਲ ਖਿਲਾਰੀ ਜਾਂਦਾ ਹਾਂ।
ਅਹਿਸਾਸਾਂ ਦੇ ਫੁੱਲ ਇਕੱਠੇ ਕਰ ਕਰ ਕੇ,
ਮੈਂ ਸਭ ਗ਼ਜ਼ਲਾਂ ਵਿੱਚ ਸ਼ਿੰਗਾਰੀ ਜਾਂਦਾ ਹਾਂ।
ਉਨ੍ਹਾਂ ਨੇ ‘ਗੋਸਲ’ ਬਿਨ ਜਿੱਦਾਂ ਸਾਰ ਲਿਆ,
ਓਦਾਂ ਮੈਂ ਉਨ੍ਹਾਂ ਬਿਨ ਸਾਰੀ ਜਾਂਦਾ ਹਾਂ।
ਸੰਪਰਕ: 97796-96042
* * *
ਸਾਡਾ ਰੱਬ
ਮਨਜੀਤ ਕੌਰ ਧੀਮਾਨ
ਹਾਲਾਤ ਤੋਂ ਡਰ ਗਿਆ ਲੱਗਦੈ,
ਸਾਡਾ ਰੱਬ ਤਾਂ ਮਰ ਗਿਆ ਲੱਗਦੈ।
ਲੋਕਾਂ ਨੂੰ ਉਹ ਸਭ ਕੁਝ ਵੰਡਦੈ,
ਸਾਡੀ ਵਾਰੀ ਹਰ ਗਿਆ ਲੱਗਦੈ।
ਕਈਆਂ ਨੂੰ ਉਹ ਦਾਣੇ ਦਿੰਦੈ,
ਪਾਉਣ ਨੂੰ ਸੋਹਣੇ ਬਾਣੇ ਦਿੰਦੈ।
ਸਾਡੇ ਮਿੱਟੀ ਦੇ ਸੁਫ਼ਨੇ ਖੁਰ ਗਏ,
ਬੱਦਲ ਬਣ ਕੇ ਵਰ੍ਹ ਗਿਆ ਲੱਗਦੈ।
ਇੱਕ ਮੰਗੇ ਤਾਂ ਹਜ਼ਾਰ ਦਿੰਦਾ ਹੈ,
ਕਈਆਂ ਨੂੰ ਉਹ ਤਾਰ ਦਿੰਦਾ ਹੈ।
ਪਿਆਰ ਜਿਨ੍ਹਾਂ ਨੂੰ ਕਰਦਾ ਹੈ ਉਹ,
ਸਭ ਕੁਝ ਉਨ੍ਹਾਂ ਤੋਂ ਵਾਰ ਦਿੰਦਾ ਹੈ।
ਆਖਾ ਮੰਨਿਆ ਗਿਆ ਨ੍ਹੀਂ ਸਾਥੋਂ,
ਗੁੱਸੇ ਨਾਲ ਉਹ ਭਰ ਗਿਆ ਲੱਗਦੈ।
ਉਸ ਨੂੰ ਬੜਾ ਅਸਾਂ ਯਾਦ ਕੀਤਾ ਸੀ,
ਕਾਫ਼ੀ ਚਿਰ ਤੋਂ ਬਾਅਦ ਕੀਤਾ ਸੀ।
ਭਖਦੇ ਕੋਲੇ ਠੰਢੇ ਕਰ ਕਰ,
ਬਲਦੇ ਸਿਵੇ ਨੂੰ ਆਬਾਦ ਕੀਤਾ ਸੀ।
ਸਾਡੇ ਗੁਨਾਹਾਂ ਦੀ ਸਜ਼ਾ ਨਾ ਮੁੱਕੀ,
ਜੱਜ ਛੁੱਟੀ ਲੈ ਘਰ ਗਿਆ ਲੱਗਦੈ।
ਧਰਤੀ ਦੇ ਕਈ ਭੇਤ ਨੇ ਰਹਿੰਦੇ,
ਰੱਬ ਤਾਂ ਐਪਰ ਏਕ ਨੇ ਕਹਿੰਦੇ।
ਉਨ੍ਹਾਂ ਨੂੰ ਹੀ ਉਹ ਮਿਲਦੈ ਜਿਹੜੇ,
ਇੱਕ ’ਤੇ ਰੱਖ ਕੇ ਟੇਕ ਨੇ ਬਹਿੰਦੇ।
ਐਡੀ ਦੁਨੀਆ ਸਾਂਭਣ ਵਾਲਾ,
ਸਾਨੂੰ ਵੱਖਰਾ ਕਰ ਗਿਆ ਲੱਗਦੈ।
ਪੂਜਾ ਪਾਠ ਦਾ ਪਤਾ ਨ੍ਹੀਂ ਹੁੰਦਾ,
ਗਰੀਬ ਕੋਲ ਪਰ ਦਗ਼ਾ ਨ੍ਹੀਂ ਹੁੰਦਾ।
ਜਿਸ ਦੀ ਕੋਠੀ ਦਾਣੇ ਹੈ ਨ੍ਹੀਂ,
ਉਸ ਦਾ ਕੋਈ ਸਕਾ ਨ੍ਹੀਂ ਹੁੰਦਾ।
ਸਾਰੀ ਉਮਰ ‘ਮਨਜੀਤ’ ਨਿਮਾਣਾ,
ਕਹਿਰ ਗ਼ਮਾਂ ਦਾ ਜਰ ਗਿਆ ਲੱਗਦੈ।
ਹਾਲਾਤ ਤੋਂ ਡਰ ਗਿਆ ਲੱਗਦੈ,
ਸਾਡਾ ਰੱਬ ਤਾਂ ਮਰ ਗਿਆ ਲੱਗਦੈ।
ਸੰਪਰਕ: 94646-33059
* * *
