ਕਵਿਤਾਵਾਂ
ਅਸਲੀ ਬਨਾਮ ਨਕਲੀ
ਲਖਵਿੰਦਰ ਸਿੰਘ ਬਾਜਵਾ
ਦੇਸੀ ਗੁੜ ਕੱਕੋਂ ਤੇ ਸ਼ੱਕਰ ਦਾ ਤਖਤ ਉੱਚਾ,
ਚਿੱਟੀ ਚੀਨੀ ਵਾਲੇ ਚਮਕਾਰੇ ਜੜ੍ਹੋਂ ਪੁੱਟ ਗਏ।
ਬਾਸਮਤੀ ਵਰਗੇ ਪਦਾਰਥ ਮਹਿਕ ਭਰੇ,
ਝਾੜ ਵਾਲੇ ਝੋਨਿਆਂ ਦੇ ਥੱਲੇ ਦਮ ਘੁੱਟ ਗਏ।
ਸਣ ਸਣਕੁਕੜਾ ਕਪਾਹ ਦੇਸੀ ਨਰਮੇ ਦੇ,
ਵੇਖ ਕੇ ਪਲਾਸਟਿਕ ਕਰਮ ਨਿਖੁੱਟ ਗਏ।
ਡੂੰਘੇ ਮੱਛੀ ਮੋਟਰਾਂ ਦੇ ਜ਼ਾਲਮ ਪੰਪ ਵੇਖ,
ਨਲਕੇ ਤੇ ਖੂਹੀਆਂ ਦੇ ਪ੍ਰਾਣ ਵੇਖੋ ਛੁੱਟ ਗਏ।
ਘੜਿਆਂ ਨੂੰ ਦਿੱਤਾ ਏ ਫਰਿੱਜਾਂ ਧੱਕਾ ਐਸਾ ਆਣ,
ਝੱਜਰਾਂ ਵਿਚਾਰੀਆਂ ਦੇ ਦਿਲ ਉੱਕਾ ਟੁੱਟ ਗਏ।
ਨਿੰਬੂ ਦੀ ਸ਼ਿਕੰਜਵੀ ਕਿਓੜੇ ਦੇ ਸ਼ਰਬਤਾਂ ਨੂੰ,
ਕੋਕੇ ਕੋਲੇ ਫੈਂਟੇ ਬਣ ਡਾਕੂ ਵੱਡੇ ਲੁੱਟ ਗਏ।
ਘਿਓ ਦੀ ਰਿਫਾਈਂਡ ਨੇ ਭਵਾਈ ਪੁੱਠੀ ਚੱਕਰੀ ਏ,
ਸਰ੍ਹੋਂ ਅਤੇ ਤੋਰੀਏ ਨੂੰ ਪਾਮ ਤੇਲ ਕੁੱਟ ਗਏ।
ਪੁੱਤ ਪੀਂਦੇ ਬੋਤਲਾਂ ’ਚੋਂ ਵੇਖ ਕੇ ਬਣਾਉਟੀ ਜੂਸ,
ਦੁੱਧ ਪੈ ਕੇ ਪਤਲੇ ਧਰਮ ਨਾਲ ਫੁੱਟ ਗਏ।
ਸੇਵੀਆਂ ਪੁਲਾਵਾਂ ਦੀ ਹਵਾ ਕੱਢੀ ਮੈਗੀਆਂ ਨੇ,
ਚੋਂਘੇ ਵਾਲੀ ਮਿੱਸੀ ਰੋਟੀ ਪੀਜ਼ੇ ਪਿੱਛੇ ਸੁੱਟ ਗਏ।
ਫੁੱਲੀਆਂ, ਪਤਾਸੇ ਤੇ ਰਿਊੜੀਆਂ, ਗੱਜਕ ਸਾਰੇ,
ਕੁਰਕੁਰੇ ਚਿਪਸ ਦੀ ਚੜ੍ਹਤ ਵੇਖ ਹੁੱਟ ਗਏ।
ਖੰਡ ਦਿਆਂ ਚੂਪਿਆਂ ਨੂੰ ਚਾਕਲੇਟ ਚੂਪ ਗਈ,
ਵਿਅੰਜਨਾਂ ਕਰਾਰਿਆਂ ਦੇ ਨਾਲ ਬਣ ਗੁੱਟ ਗਏ।
ਬਾਜਵਾ ਇਹ ਹਰੜਾਂ ਜਵੈਣ ਸੌਂਫ਼ ਕਾਲੀਜੀਰੀ,
ਸਾਰੇ ਨੇ ਦਵਾਈ ਅੰਗਰੇਜ਼ੀ ਹੱਥੋਂ ਲੁੱਟ ਗਏ।
* * *
ਚਿੜੀਆਂ ਦਾ ਘਰ
ਅਮਰਜੀਤ ਸਿੰਘ ਫ਼ੌਜੀ
ਮੇਰੀ ਗੱਲ ਸੁਣੋ ਕੰਨ ਲਾ ਕੇ ਜੀ
ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜੀ
ਇਹ ਜਿੰਦੜੀ ਹੈ ਅਨਮੋਲ ਬੜੀ
ਬਹਿ ਜਾਇਓ ਨਾ ਐਵੇਂ ਗੁਆ ਕੇ ਜੀ
ਆਨੰਦ ਮਾਨਣਾ ਚਾਹੁੰਦੇ ਜੇ
ਘਰ ਵਿੱਚ ਗੁਲਜ਼ਾਰਾਂ ਖਿੜੀਆਂ ਦਾ
ਰੁੱਖ ਵੱਧ ਤੋਂ ਵੱਧ ਲਗਾ ਦੇਵੋ
ਉੱਤੇ ਘਰ ਬਣ ਜਾਊ ਚਿੜੀਆਂ ਦਾ
ਫਿਰਦੇ ਪੰਛੀ ਮਾਰੇ ਮਾਰੇ ਜੋ,
ਘਰ ਲਈ ਥਾਂ ਲੱਭਣ ਵਿਚਾਰੇ ਜੋ
ਰੁੱਖ ਨੇੜੇ ਤੇੜੇ ਦਿਸਦੇ ਨਹੀਂ,
ਹੋ ਗਏ ਨੇ ਬੇਸਹਾਰੇ ਜੋ
ਕੁਝ ਉਨ੍ਹਾਂ ਵੱਲ ਧਿਆਨ ਦੇਵੋ,
ਦਰ ਖੁੱਲ੍ਹ ਜਾਊ ਕਿਸਮਤਾਂ ਭਿੜੀਆਂ ਦਾ
ਰੁੱਖ ਵੱਧ ਤੋਂ ਵੱਧ...
ਰੁੱਖ ਜਦੋਂ ਲੱਗ ਜਾਵਣਗੇ
ਫਿਰ ਪੰਛੀ ਗੇੜੇ ਲਾਵਣਗੇ
ਤੀਲ੍ਹੇ ’ਕੱਠੇ ਕਰਕੇ, ਬੋਟਾਂ ਲਈ
ਰੁੱਖਾਂ ’ਤੇ ਆਲ੍ਹਣੇ ਪਾਵਣਗੇ
ਉਹ ਮੀਂਹ ਹਨੇਰੀ ਤੋਂ ਬਚ ਜਾਣੇ
ਡਰ ਮੁੱਕਣਾ ਆਫ਼ਤਾਂ ਗਿੜੀਆਂ ਦਾ
ਰੁੱਖ ਵੱਧ ਤੋਂ ਵੱਧ...
ਸਾਰੇ ਰਲ਼ ਕੇ ਹਿੱਸਾ ਪਾ ਦੇਵੋ,
‘ਫ਼ੌਜੀ’ ਨੂੰ ਵੀ ਸਮਝਾ ਦੇਵੋ
ਜਿੱਥੇ ਥਾਂ ਖਾਲੀ ਮਿਲਦੀ ਐ
ਉੱਥੇ ਹੀ ਰੁੱਖ ਲਗਾ ਦੇਵੋ
ਛਾਂ ਮਾਣਾਂਗੇ, ਫ਼ਲ ਖਾਵਾਂਗੇ,
ਸੁਖ ਮਾਣਿਓਂ, ਰੂਹਾਂ ਖਿੜੀਆਂ ਦਾ
ਰੁੱਖ ਵੱਧ ਤੋਂ ਵੱਧ...
ਸੰਪਰਕ: 94174-04804
* * *
ਪੱਖੀ ਤੋਂ ਏ.ਸੀ.
ਕੁਲਦੀਪ ਸਿੰਘ ਫਤਿਹ ਮਾਜਰੀ
ਰੁੱਖਾਂ ਹੇਠਾਂ ਮੰਜੇ ਡਾਹ ਕੇ,
ਸਾਰੇ ਮਿਲ ਕੇ ਬਹਿੰਦੇ।
ਆਪਸ ਵਿੱਚ ਸੀ ਪਿਆਰ ਬੜਾ,
ਗੱਲਾਂ-ਬਾਤਾਂ ਕਰਦੇ ਰਹਿੰਦੇ।
ਗਰਮੀ ਵਿੱਚ ਬਿਜਲੀ ਜਾਂਦੀ,
ਪੱਖੀ ਹੱਥ ਫੜਾਉਂਦੇ।
ਵਾਰੋ-ਵਾਰੀ ਪੱਖੀ ਝੱਲ ਕੇ,
ਫੇਰ ਮੁੜ੍ਹਕਾ ਸੁਕਾਉਂਦੇ।
ਛੱਤ ਵਾਲਾ ਪੱਖਾ ਆਇਆ,
ਚੱਕਰ ਉਸਨੇ ਤੇਜ਼ ਬਣਾਇਆ।
ਪੱਖੇ ਥੱਲੇ ਬਹਿ ਗਏ ਸਾਰੇ,
ਘੁੰਮ-ਘੁੰਮ ਹਵਾ ਮਾਰੇ।
ਵਿਹੜੇ ਵਿੱਚ ਮੰਜੇ ਡਾਹ ਕੇ,
ਫਰਾਟਾ ਪੱਖਾ ਚਲਾਉਂਦੇ।
ਸਭ ਤੋਂ ਅੱਗੇ ਕਿਵੇਂ ਪੈਣਾ,
ਇਹੋ ਜੁਗਤਾਂ ਲੜਾਉਂਦੇ।
ਕੂਲਰ ’ਚ ਪਾਣੀ ਪਾ ਕੇ,
ਗੋਲ ਬਟਨ ਘੁਮਾਉਂਦੇ,
ਠੰਢੀ-ਠੰਢੀ ਹਵਾ ਮਾਰੇ,
ਖ਼ੂਬ ਨਜ਼ਾਰਾ ਲੈਂਦੇ।
ਹਾਲ ਹੋ ਗਿਆ, ਇਹ ਘਰ ਦਾ,
ਏ.ਸੀ. ਬਿਨਾਂ ਪਲ਼ ਨਹੀਂ ਸਰਦਾ।
ਪੱਖੀ ਤੋਂ ਏ.ਸੀ. ਦਾ ਕਮਾਲ,
ਹੋ ਗਏ ਸੋਹਲ ਨਾਲੋ-ਨਾਲ।
ਵਧ ਗਈ ਗਰਮੀ, ਵੱਢਤੇ ਰੁੱਖ,
ਏ.ਸੀ. ਬਿਨਾਂ ਨਾ ਜਾਪੇ ਸੁਖ।
ਵੱਧ ਤੋਂ ਵੱਧ, ਜੇ ਰੁੱਖ ਲਾਉਂਦੇ।
ਤਪਸ਼ ਧਰਤੀ ਦੀ ਘਟਾਉਂਦੇ।
ਸੰਪਰਕ: 81460-00612
* * *
ਟੱਪੇ
ਵਿਜੇ ਕੁਮਾਰ ਤਾਲਿਬ
ਕੋਈ ਡੋਲਦਾ ਪਾਰਾ ਏ,
ਦਿਲ ਤੇ ਗੋਡੇ ਦੀ ਸੱਟ ਦਾ
ਵੱਖੋ ਵੱਖਰਾ ਨਜ਼ਾਰਾ ਏ।
ਕੋਈ ਪਿੰਡ ਕਥਲੌਰ ਮਾਹੀਆ,
ਅੱਖਾਂ ਵਿੱਚ ਰੇਤ ਪਾ ਗਿਆ,
ਕਿਤੇ ਰਾਵੀ ਤਾਂ ਨਈਂ ਕੋਲ ਮਾਹੀਆ?
ਮਾਲਿਕ ਨੂੰ ਬੁਲਾਉਂਦੇ ਪਏ,
ਕੰਧਾਂ ਦੀਆਂ ਖੋੜਾਂ ’ਚੋਂ,
ਤਾੜੀ ਪਿੱਪਲ ਵਜਾਉਂਦੇ ਪਏ।
ਰੰਗ ਫੁੱਲਾਂ ਉੱਤੇ ਚਾੜ੍ਹਦੀ ਸੀ,
ਜਦ ਸੀ ਸਕੂਲੋਂ ਆਉਂਦੇ,
ਮਾਂ ਬਾਹਵਾਂ ਨੂੰ ਉਲਾਰਦੀ ਸੀ।
ਕੋਠੇ ’ਤੇ ਪੌਣ ਖਰੇ,
ਕੰਮ ਸਾਫ਼-ਸੁਥਰੇ ਮਾਏ,
ਹੋਰ ਤੇਰੇ ਬਾਝੋਂ ਕੌਣ ਕਰੇ।
ਸੰਪਰਕ: 94177-36610
* * *
ਬੇਬੇ ਦੀ ਚਿੱਤਰਕਾਰੀ
ਹਰਪ੍ਰੀਤ ਪੱਤੋ
ਮਿੱਟੀ ਦੀ ਮਹਿਕ ਉਦੋਂ, ਕੰਧਾਂ ਵਿੱਚੋਂ ਆਉਂਦੀ ਸੀ,
ਬੜੀ ਸਚਿਆਰੀ ਬੇਬੇ, ਤੋਤੇ ਚਿੜੀਆਂ ਬਣਾਉਂਦੀ ਸੀ।
ਲਿਪ ਕੇ ਸੀ ਉਹ ਰੱਖਦੀ ਚੁੱਲ੍ਹੇ, ਚੌਂਕੇ ਹਾਰੇ ਨੂੰ,
ਬੜਾ ਪੋਚ ਰੱਖਦੀ ਬੇਬੇ ਕੰਧੋਲੀ ਵਾਲੇ ਗਲਿਆਰੇ ਨੂੰ।
ਟਾਣ ਉੱਤੇ ਰੱਖਦੀ ਸੀ ਕੌਲੀਆਂ ਤੇ ਥਾਲੀਆਂ,
ਮਿੱਟੀ ਦੀਆਂ ਕੁੱਜੀਆਂ ਸੋਹਣੀਆਂ ਸੀ ਬਾਹਲੀਆਂ।
ਕੌਲਿਆਂ ਦੇ ਵਿੱਚ, ਆਲ਼ੇ ਹੁੰਦੇ ਸਾਡੇ ਬਾਰ ਦੇ।
ਦੀਵਾਲੀ ਵਾਲੇ ਦਿਨ, ਦੀਵੇ ਵਿੱਚ ਰੱਖਣੇ ਸਵਾਰ ਕੇ।
ਬੱਠਲ ਨਾਲ ਬੇਬੇ, ਮਿੱਟੀ ਛੱਪੜ ’ਚੋਂ ਢੋਹਦੀ ਸੀ,
ਘੋਲ ਘੋਲ ਬਾਲਟੀ ’ਚ ਪੋਚੇ ਉਹ ਲਾਉਂਦੀ ਸੀ।
ਚਿੱਤਰਕਾਰੀ ਕਰਦੀ ਬੜੀ ਹੀ ਕਮਾਲ ਦੀ,
ਤਿਉਹਾਰੋਂ ਪਹਿਲਾਂ ਮਿੱਟੀ ਟੋਇਆਂ ’ਚੋਂ ਭਾਲਦੀ।
ਸ਼ਤੀਰਾਂ ਤੇ ਲਟੈਣਾਂ ਵਾਲੇ ਹੁੰਦੇ ਕੱਚੇ ਘਰ ਸੀ,
ਨਾ ਜਿੰਦਾ ਨਾ ਕੁੰਡਾ ਖੁੱਲ੍ਹੇ ਰਹਿੰਦੇ ਦਰ ਸੀ।
ਉਹ ਹੁਣ ਮੌਜਾਂ ‘ਪੱਤੋ’ ਮੁੜ ਨੀਂ ਥਿਆਉਣੀਆਂ,
ਨਾ ਹੀ ਬੇਬੇ ਕੰਧਾਂ ਉੱਤੇ, ਬੂਟੀਆਂ ਨੇ ਪਾਉਣੀਆਂ।
ਸੰਪਰਕ: 94658-21417
* * *
ਗ਼ਜ਼ਲ
ਬਲਵਿੰਦਰ ਬਾਲਮ ਗੁਰਦਾਸਪੁਰ
ਕਿਹਾ ਜੋ ਵੀ ਮੇਰੇ ਦਿਲ ਨੇ ਕਦੀ ਮੈਂ ਗੱਲ ਨਹੀਂ ਮੋੜੀ।
ਹਜ਼ਾਰਾਂ ਵਾਰ ਸਹੁੰ ਖਾਧੀ ਹਜ਼ਾਰਾਂ ਵਾਰ ਸਹੁੰ ਤੋੜੀ।
ਮਗਰ ਫਿਰ ਵੀ ਅਧੂਰੀ ਜ਼ਿੰਦਗੀ ਪੂਰੀ ਨਹੀਂ ਹੋਈ,
ਕਦੀ ਪੱਥਰਾਂ ਦੇ ਨਾਲ ਜੋੜੀ ਕਦੀ ਸ਼ੀਸ਼ੇ ਦੇ ਨਾਲ ਜੋੜੀ।
ਦੁਲੱਤੀ ਮਾਰਨੇ ਤੋਂ ਫਿਰ ਵੀ ਚੰਦਰੀ ਬਾਜ਼ ਨਾ ਆਈ,
ਕਿ ਸ਼ਿਸ਼ਟਾਚਾਰ ਦੇ ਨਿਯਮਾਂ ’ਚ ਰੱਖ ਕੇ ਵੇਖ ਲਈ ਘੋੜੀ।
ਕਰਮ ਏਦਾਂ ਕਰੋ ਸਦੀਆਂ ’ਚ ਅੰਕਿਤ ਨਾਮ ਹੋ ਜਾਏ,
ਕਿਹੜਾ ਕਹਿੰਦਾ ਕਿ ਜੀਵਨ ਵਾਸਤੇ ਹੈ ਜ਼ਿੰਦਗੀ ਥੋੜ੍ਹੀ।
ਡਰੀ ਹੈ ਬਾਪ ਦੀ ਹਰ ਰੂਹ ਕਿਵੇਂ ਮਹਿਫੂਜ਼ ਰੱਖਣੀ ਧੀ,
ਕਿਸੇ ਨੇ ਮਾਰ ਕੇ ਲੜਕੀ ਨਦੀ ਵਿੱਚ ਲਾਸ਼ ਹੈ ਰੋੜ੍ਹੀ।
ਨਾ ਅੰਬਰ ਤਿੜਕਿਆ ਕਿਧਰੇ ਨਾ ਕਿਧਰੇ ਤਾਰੇ ਟਕਰਾਏ,
ਕਿਵੇਂ ਫਿਰ ਕਿਸ ਤਰ੍ਹਾਂ ਹੋਈ ਹੈ ਚੰਨ ਦੀ ਚਾਨਣੀ ਕੋੜ੍ਹੀ।
ਬਹਿਰ ਨਾਲੋਂ ਜ਼ਰੂਰੀ ਹੈ ਰਿਦਮ ਦੀ ਰੌਸ਼ਨੀ ਬਾਲਮ,
ਨਾ ਹੋਵੇ ਗ਼ਜ਼ਲ ਦੇ ਰੁਕਨਾ ਦੇ ਵਿੱਚ ਤਰਤੀਬ ਬੇਲੋੜੀ।
ਸੰਪਰਕ: 98156-25409
* * *
ਪਰਖਣ ਵਾਲੀ ਗੱਲ
ਡਾ. ਸਾਧੂ ਰਾਮ ਲੰਗੇਆਣਾ
ਜੋ ਗਿੱਧਿਆਂ ਵਿੱਚ ਰੌਣਕਾਂ ਲਾਵਣ ਉਹ ਮੁਟਿਆਰਾਂ ਹੁੰਦੀਆਂ ਨੇ
ਜਦ ਬੁੱਧੀਜੀਵੀ ਇਕੱਠੇ ਹੋਵਣ ਤਾਂ ਨੇਕ ਵਿਚਾਰਾਂ ਹੁੰਦੀਆਂ ਨੇ
ਸੰਗੀਤ ਅੰਬਰਾਂ ’ਚੋਂ ਜੋ ਆਵੇ ਉਹ ਕੂੰਜਾਂ ਦੀਆਂ ਡਾਰਾਂ ਹੁੰਦੀਆਂ ਨੇ
ਜੇ ਦੂਰੋਂ ਦੇਖ ਮੱਥੇ ਵੱਟ ਪਾਵੇ ਤਾਂ ਮਨ ਵਿੱਚ ਖ਼ਾਰਾਂ ਹੁੰਦੀਆਂ ਨੇ
ਪੱਥਰ ਦੀਆਂ ਮਾਵਾਂ ਪੂਜੀਆਂ ਜਾਵਣ ਉਹ ਵਿੱਚ ਪਹਾੜਾਂ ਹੁੰਦੀਆਂ ਨੇ
ਝਿੜਕਾਂ ਸਿੱਖਿਆ ਲਈ ਪੈ ਜਾਵਣ ਘਿਓ ਦੀਆਂ ਨਾਲਾਂ ਹੁੰਦੀਆਂ ਨੇ
ਜੋ ਇੱਕ ਮਿਆਨ ਵਿੱਚ ਨਹੀਂ ਪੈਂਦੀਆਂ ਉਹ ਤਲਵਾਰਾਂ ਹੁੰਦੀਆਂ ਨੇ
ਜੋ ਲੋਕਾਂ ਨੂੰ ਭਰਮਾਈ ਰੱਖਣ ਤਾਂ ਉਹ ਸਰਕਾਰਾਂ ਹੁੰਦੀਆਂ ਨੇ
ਸੰਪਰਕ: 98781-17285
* * *
ਬਾਪੂ ਦੀਆਂ ਝਿੜਕਾਂ
ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਪਿਓ ਦਾ ਝਿੜਕਣਾ ਨਿੰਮ ਦੇ ਵਰਗਾ
ਉੱਪਰੋਂ ਕੌੜਾ ਧੁਰ ਅੰਦਰੋਂ ਠਰਦਾ
ਦੇਖ ਤਰੱਕੀ ਆਪਣੇ ਖ਼ੂਨ ਦੀ
ਲੱਖ ਵਾਰੀ ਸ਼ੁਕਰਾਨਾ ਕਰਦਾ
ਮਾੜੇ ਕੰਮ ਤੋਂ ਸਦਾ ਹੀ ਰੋਕੇ
ਚੰਗੇ ਲਈ ਬਰਾਬਰ ਖੜ੍ਹਦਾ
ਤਨ ਦੇ ਉੱਪਰ ਜ਼ੁਲਮ ਵੀ ਜਰਦਾ
ਲੱਖ ਵਾਰੀ ਸ਼ੁਕਰਾਨਾ ਕਰਦਾ
ਸਬਰ ਸੰਸਕਾਰ ਦਾ ਪਾਠ ਪੜ੍ਹਾਵੇ
ਦੁੱਖ ਕਦੇ ਨੇੜੇ ਨਾ ਆਵੇ
ਰੱਖੀਂ ਆਪਣੀ ਓਟ ਦਾ ਪਰਦਾ
ਲੱਖ ਵਾਰੀ ਸ਼ੁਕਰਾਨਾ ਕਰਦਾ
ਤੂੰ ਅੰਬਰ ਨੂੰ ਟਾਕੀ ਲਾ ਦੇ
ਮੈਂ ਨਬੇੜਿਆ ਸਭ ਕੰਮ ਘਰ ਦਾ
ਕਿਰਪਾ ਰੱਬ ਦੀ ਹੁਣ ਨਾ ਡਰਦਾ
ਲੱਖ ਵਾਰੀ ਸ਼ੁਕਰਾਨਾ ਕਰਦਾ
ਜ਼ਿੰਦਗੀ ਜਿਊਣੀ ਵਾਂਗ ਰਾਜਿਆਂ
ਖ਼ੁਸ਼ੀ ਤਰੱਕੀ ਨਾਲ ਚਮਕਣ ਚਿਹਰੇ
ਹਰ ਪਿਉ ਇਸ ਦੀ ਹਾਮੀ ਭਰਦਾ
ਲੱਖ ਵਾਰੀ ਸ਼ੁਕਰਾਨਾ ਕਰਦਾ
ਅਨੰਤ ਨਾਲ ਏ ਜ਼ਿੰਦਗੀ ਸਰੂਰੀ
ਤੇਰੇ ਨਾਲ ਹੀ ਘਰ ਫੱਬਦਾ
ਧਾਲੀਵਾਲ ਦੀ ਰਗ-ਰਗ ਤਰਦਾ
ਲੱਖ ਵਾਰੀ ਸ਼ੁਕਰਾਨਾ ਕਰਦਾ।
ਸੰਪਰਕ: 78374-90309
* * *
ਪੰਜਾਬੀ ਮਾਂ ਬੋਲੀ
ਗੁਰਤੇਜ ਸਿੰਘ ਖੁਡਾਲ
ਬੋਲੋ ਪੰਜਾਬੀ, ਸੁਣੋ ਪੰਜਾਬੀ,
ਪੰਜਾਬੀ ਵਿੱਚ ਗੱਲਬਾਤ ਕਰੋ।
ਪੜ੍ਹੋ ਪੰਜਾਬੀ, ਲਿਖੋ ਪੰਜਾਬੀ,
ਪੰਜਾਬੀ ਦਾ ਵਿਸਥਾਰ ਕਰੋ।
ਆਨ, ਸ਼ਾਨ ਤੇ ਜਾਨ ਪੰਜਾਬੀ,
ਪੰਜਾਬੀ ਦਾ ਸਭ ਪ੍ਰਚਾਰ ਕਰੋ।
ਜੋ ਭਾਸ਼ਾ ਪੜ੍ਹਾਈ ਲਈ ਜ਼ਰੂਰੀ,
ਉਸ ਦੇ ਵੱਲ ਵੀ ਧਿਆਨ ਕਰੋ।
ਘਰਾਂ, ਦਫ਼ਤਰਾਂ ਸਭ ਥਾਵਾਂ ’ਤੇ,
ਪੰਜਾਬੀ ਦਾ ਸਤਿਕਾਰ ਕਰੋ।
ਪੰਜਾਬੀ ਗੁਰੂਆਂ ਪੀਰਾਂ ਦੀ ਬੋਲੀ,
ਸਭ ਜਾਨ ਵੱਧ ਪਿਆਰ ਕਰੋ।
‘ਖੁਡਾਲ’ ਪੰਜਾਬੀ ਮਾਂ ਬੋਲੀ ਸਾਡੀ,
ਸਭ ਪੰਜਾਬੀ ਹੋਣ ’ਤੇ ਮਾਣ ਕਰੋ।
ਸੰਪਰਕ: 94641-29118