ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਬਾਦਤਗਾਹ

ਮੈਂ ਥੋਡ਼੍ਹੀ ਵਿੱਥ ’ਤੇ ਖਡ਼੍ਹੇ ਇੱਕ ਝੁੰਡ ਦੇ ਕਰੀਬ ਗਿਆ। ਮੈਨੂੰ ਦੇਖ ਕੇ ਉਨ੍ਹਾਂ ਆਪਣੇ ਮੂੰਹ ਦੂਜੇ ਪਾਸੇ ਮੋਡ਼ ਲਏ। ਉੱਥੋਂ ਮੈਂ ਦੂਜੀ ਮਿੱਤਰ ਟੋਲੀ ਵੱਲ ਤੁਰ ਪਿਆ। ਦੂਰੋਂ ਸਾਰੇ ਨੱਚਦੇ-ਟੱਪਦੇ ਦਿਖਾਈ ਦਿੱਤੇ। ਮਨ ਹੀ ਮਨ ਮੈਂ ਸੋਚੀ ਜਾ ਰਿਹਾ ਸੀ ਕਿ ਆਪਣੀ ਗੱਲ ਕਿੱਥੋਂ ਸ਼ੁਰੂ ਕੀਤੀ ਜਾ ਸਕਦੀ ਹੈ। ਜਦੋਂ ਮੈਂ ਉਨ੍ਹਾਂ ਦੇ ਕਰੀਬ ਪਹੁੰਚਿਆ ਤਾਂ ਸਾਰੇ ਤ੍ਰਬਕ ਕੇ ਥਿਰ ਹੋ ਗਏ। ਮੈਂ ਹੈਰਾਨ ਸੀ ਕਿ ਇਹ ਕੀ ਹੋ ਰਿਹਾ ਹੈ। ... ਉਸ ਦੇ ਮੂੰਹੋਂ ਈਸ਼ਵਰ ਦਾ ਦਰਜਾ ਪ੍ਰਾਪਤ ਕਰ ਚੁੱਕਾ ਮੈਂ ਅਜੀਬ ਸਥਿਤੀ ਦਾ ਸਾਹਮਣਾ ਕਰ ਰਿਹਾ ਸੀ।
Advertisement

ਜੋ ਮੇਰੇ ਨਾਲ ਹੋਇਆ ਹੈ, ਉਸ ਦਾ ਗਵਾਹ ਮੈਂ ਅਜੇ ਜਿਊਂਦਾ ਹਾਂ।

ਦੋ ਦਿਨ ਹੋ ਗਏ ਹਨ। ਸਵੇਰ ਤੋਂ ਸ਼ਾਮ ਤਕ ਮੈਂ ਚੌਰਾਹੇ ’ਤੇ ਖੜ੍ਹਾ ਰਹਿੰਦਾ ਹਾਂ। ਇੱਛਾ ਤਾਂ ਇਹੋ ਹੈ ਕਿ ਕੋਈ ਕੁੱਤਾ, ਬਿੱਲੀ ਜਾਂ ਕਾਂ ਮੈਨੂੰ ਖੜ੍ਹੇ-ਖੜੋਤੇ ਨੂੰ ਚੁੱਕ ਲੈ ਜਾਵੇ।

Advertisement

ਸਾਧਾਰਨ ਤੋਂ ਵਿਸ਼ੇਸ਼ ਅਤੇ ਫਿਰ ਵਿਸ਼ੇਸ਼ ਤੋਂ ਸਾਧਾਰਨ ਬਣਨ ਵਾਲੇ ਦਾ ਸਦਾ ਲਈ ਅੰਤ ਹੋ ਜਾਵੇ।

ਖ਼ੁਦਕੁਸ਼ੀ। ਖ਼ੁਦਕੁਸ਼ੀ ਮੈਂ ਨਹੀਂ ਕਰ ਸਕਦਾ।

ਆਪਣੀ ਖੁੱਡ ਵੱਲ ਜਾਂਦਾ ਹੋਇਆ, ਮੈਂ ਅੱਜ ਉਦਾਸ ਹਾਂ। ਮਨ ’ਚ ਆਇਆ ਹੈ ਕਿ ਆਪਣੀ ਹੱਡਬੀਤੀ ਕਹਿ ਸੁਣਾਵਾਂ। ਕੱਲ੍ਹ ਹੋਵਾਂਗਾ ਜਾਂ ਨਹੀਂ, ਭਰੋਸਾ ਨਹੀਂ।

ਮੇਰਾ ਜਨਮ ਕਸਬਾਨੁਮਾ ਸ਼ਹਿਰ ਦਾ ਹੈ।

ਜੋ ਮਾਪਿਆਂ ਤੋਂ ਸਿੱਖਿਆ ਉਸੇ ਅਨੁਸਾਰ ਜ਼ਿੰਦਗੀ ਚੱਲ ਰਹੀ ਸੀ। ਦਿਨ ਵੇਲੇ ਲੁਕੇ ਰਹਿਣਾ ਅਤੇ ਰਾਤ ਵੇਲੇ ਆਪਣੀ ਲੁਕਣਗਾਹ ਤੋਂ ਤੁਰ ਕਿਸੇ ਨਾ ਕਿਸੇ ਘਰ ਵੜ ਕੇ ਖਾਣ ਦੀਆਂ ਚੀਜ਼ਾਂ ਲੱਭਦੇ ਫਿਰਨਾ।

ਇਹ ਕੰਮ ਆਰਾਮ ਨਾਲ ਤਦੇ ਹੋ ਸਕਦਾ ਹੈ ਜਦੋਂ ਘਰ ਦੇ ਜੀਅ ਚੈਨ ਨਾਲ ਸੁੱਤੇ ਹੋਏ ਹੋਣ। ਇੱਕ ਰਾਤ ਮੈਂ ਰੋਜ਼ ਵਾਂਗ ਇੱਕ ਘਰ ਦੀ ਰਸੋਈ ਵਿੱਚ ਜਾ ਪ੍ਰਗਟ ਹੋਇਆ। ਬਿਨਾਂ ਆਵਾਜ਼ ਕੀਤਿਆਂ ਜੋ ਖਾਣ ਨੂੰ ਮਿਲਿਆ ਹਜ਼ਮ ਕਰ ਲਿਆ। ਢਿੱਡ ਨੂੰ ਸ਼ਾਂਤ ਕਰਨ ਉਪਰੰਤ ਮਨ ਆਇਆ ਕਿ ਥੋੜ੍ਹਾ ਜਿਹਾ ਇੱਧਰ-ਉੱਧਰ ਘੁੰਮਿਆ ਜਾਵੇ। ਮੇਰੀ ਚਹਿਲ-ਕਦਮੀ ਰੋਕਣ ਵਾਲਾ ਉਸ ਵੇਲੇ ਕੋਈ ਨਹੀਂ ਸੀ।

ਸਾਡੀ ਬਿਰਾਦਰੀ ਵਿੱਚ ਕਿਹਾ ਜਾਂਦਾ ਹੈ, ‘‘ਰਸੋਈਘਰ ਹੀ ਚੂਹਿਆਂ ਦੀ ਸੈਰਗਾਹ ਜਾਂ ਕਬਰਗਾਹ ਹੁੰਦੀ ਹੈ।’’

ਮੈਂ ਨ੍ਹੇਰੇ ਵਿੱਚ ਹੀ ਰਸੋਈ ਦਰਸ਼ਨ ਕਰਨ ਲੱਗਾ। ਉਸ ਵੇਲੇ ਮੇਰੀਆਂ ਗਿਆਨ-ਇੰਦਰੀਆਂ ਆਪਣੀ ਚਰਮ ਸੀਮਾ ’ਤੇ ਕੰਮ ਕਰ ਰਹੀਆਂ ਸਨ। ਜਦੋਂ ਮੈਂ ਆਪਣੇ ਖੋਜ ਕਾਰਜ ਵਿੱਚ ਮਗਨ ਸੀ ਤਾਂ ਕੁਝ ਪਲਾਂ ਲਈ ਭੀੜੇ ਰਾਹੋਂ ਗੁਜ਼ਰਨਾ ਪਿਆ। ਤਦੇ ਕੋਈ ਵਸਤ ਮੇਰੇ ਉੱਪਰ ਆ ਪਈ। ਮੇਰਾ ਤਾਂ ਸਾਹ ਸੂਤਿਆ ਗਿਆ। ਵਸਤ ਮੇਰੇ ਨਾਲ ਆ ਟਕਰਾਈ ਸੀ, ਨਤੀਜੇ ਵਜੋਂ ਨਾਮਾਤਰ ਆਵਾਜ਼ ਹੋਈ।

ਮੈਂ ਡਰਿਆ ਹੋਇਆ, ਉਸ ਵੇਲੇ ਰਸੋਈਓਂ ਬਾਹਰ ਨਿਕਲ ਆਇਆ ਅਤੇ ਆਪਣੀ ਲੁਕਣਗਾਹ ਵਿੱਚ ਪਹੁੰਚ ਕੇ ਹੀ ਸਾਹ ਲਿਆ। ਪਿੰਡੇ ਦੇ ਜਿਸ ਥਾਂ ਸੱਟ ਲੱਗੀ ਸੀ ਉਹ ਥਾਂ ਦਰਦ ਕਰਨ ਲੱਗੀ ਸੀ। ਇਸ ਦਾ ਇਲਾਜ ਨਾ ਮੇਰੇ ਕੋਲ ਸੀ, ਨਾ ਹੀ ਮੇਰੇ ਕਿਸੇ ਸਾਥੀ ਕੋਲ।

ਜਦੋਂ ਚਾਨਣਾ ਹੋਇਆ ਤਾਂ ਮੈਂ ਸੁਖ ਦਾ ਸਾਹ ਲਿਆ। ਸੋਚਿਆ ਕਿ ਆਪਣੇ ਸਾਥੀਆਂ ਨੂੰ ਮਿਲ ਕੇ ਉਨ੍ਹਾਂ ਨਾਲ ਰਾਤ ਵਾਲੀ ਘਟਨਾ ਸਾਂਝੀ ਕਰਾਂ।

ਮੈਂ ਥੋੜ੍ਹੀ ਵਿੱਥ ’ਤੇ ਖੜ੍ਹੇ ਇੱਕ ਝੁੰਡ ਦੇ ਕਰੀਬ ਗਿਆ। ਮੈਨੂੰ ਦੇਖ ਕੇ ਉਨ੍ਹਾਂ ਆਪਣੇ ਮੂੰਹ ਦੂਜੇ ਪਾਸੇ ਮੋੜ ਲਏ। ਉੱਥੋਂ ਮੈਂ ਦੂਜੀ ਮਿੱਤਰ ਟੋਲੀ ਵੱਲ ਤੁਰ ਪਿਆ। ਦੂਰੋਂ ਸਾਰੇ ਨੱਚਦੇ-ਟੱਪਦੇ ਦਿਖਾਈ ਦਿੱਤੇ। ਮਨ ਹੀ ਮਨ ਮੈਂ ਸੋਚੀ ਜਾ ਰਿਹਾ ਸੀ ਕਿ ਆਪਣੀ ਗੱਲ ਕਿੱਥੋਂ ਸ਼ੁਰੂ ਕੀਤੀ ਜਾ ਸਕਦੀ ਹੈ। ਜਦੋਂ ਮੈਂ ਉਨ੍ਹਾਂ ਦੇ ਕਰੀਬ ਪਹੁੰਚਿਆ ਤਾਂ ਸਾਰੇ ਤ੍ਰਬਕ ਕੇ ਥਿਰ ਹੋ ਗਏ। ਮੈਂ ਹੈਰਾਨ ਸੀ ਕਿ ਇਹ ਕੀ ਹੋ ਰਿਹਾ ਹੈ।

ਮੈਂ ਆਪਣੇ ਦੋਸਤਾਂ ਨੂੰ ਪਛਾਣ ਰਿਹਾ ਸੀ ਅਤੇ ਉਨ੍ਹਾਂ ਨਾਲ ਆਮ ਦਿਨਾਂ ਵਾਂਗ ਗੱਲਬਾਤ ਕਰਨਾ ਚਾਹੁੰਦਾ ਸੀ ਪਰ ਮਿੱਤਰਾਂ ਵੱਲੋਂ ਨਕਾਰੇ ਜਾਣ ਦੀ ਹਰਕਤ ਨੇ ਮੈਨੂੰ ਹੱਦੋਂ ਵੱਧ ਨਿਰਾਸ਼ ਕਰ ਦਿੱਤਾ। ਇਸ ਦਾ ਅਸਰ ਮੇਰੇ ਸਰੀਰ ’ਤੇ ਵੀ ਪਿਆ। ਮੇਰੀ ਚਾਲ ਸੁਸਤ ਹੋ ਗਈ, ਮੁੱਛਾਂ ਢਿਲਕ ਗਈਆਂ, ਪੂਛ ਜ਼ਮੀਨ ਨਾਲ ਪਹਿਲਾਂ ਨਾਲੋਂ ਵੱਧ ਘਿਸਰਦੀ ਲੱਗੀ।

ਆਪਣੀ ਹੋਣੀ ਨੂੰ ਕੋਸਦਾ, ਸੋਚਾਂ ਸੋਚਦਾ ਅਗਾਂਹ ਤੁਰਿਆ ਜਾ ਰਿਹਾ ਸੀ। ਇਸੇ ਉਧੇੜ-ਬੁਣ ਵਿੱਚ ਤੁਰੇ ਜਾਂਦੇ ਨੂੰ ਸਾਹਮਣਿਉਂ ਚੂਹਾ ਆਉਂਦਾ ਦਿਖਾਈ ਦਿੱਤਾ, ਜੋ ਮੈਥੋਂ ਵੱਡਾ ਅਤੇ ਵਜ਼ਨੀ ਸੀ। ਉਹ ਥੋੜ੍ਹੀ ਵਿੱਥ ਰੱਖ ਮੇਰੇ ਅੱਗੇ ਆ ਕੇ ਰੁਕਣ ਤੋਂ ਬਾਅਦ ਮੈਨੂੰ ਬਿੱਟ-ਬਿੱਟ ਦੇਖਣ ਲੱਗਾ।

ਉਸ ਦੇ ਵਿਹਾਰ ਨੇ ਮੇਰੀ ਘਬਰਾਹਟ ਨੂੰ ਹੋਰ ਵਧਾ ਦਿੱਤਾ। ਮੈਂ ਪੁੱਛਿਆ, ‘‘ਤੂੰ ਮੈਨੂੰ ਏਦਾਂ ਕਿਉਂ ਦੇਖ ਰਿਹਾ ਏਂ?’’

ਉਹ ਬਿਨਾਂ ਹਿੱਲੇ-ਡੁੱਲੇ ਚੁੱਪ ਰਿਹਾ। ਮੈਂ ਹੋਰ ਡਰ ਗਿਆ। ਮੈਂ ਮੁੜ ਪੁੱਛਿਆ, ‘‘ਤੂੰ ਮੇਰਾ ਰਾਹ ਕਿਉਂ ਰੋਕ ਰਿਹਾ ਏਂ?’’

ਉਸ ਦੀ ਖ਼ਾਮੋਸ਼ੀ ਮੇਰੀ ਰੱਤ ਨੂੰ ਠੰਢਾ ਕਰੀ ਜਾ ਰਹੀ ਸੀ। ਕੀ ਉਹ ਮੇਰੇ ’ਤੇ ਹਮਲਾ ਕਰਨ ਬਾਰੇ ਸੋਚ ਰਿਹਾ ਹੈ?

ਉਸ ਨੇ ਆਪਣਾ ਸੱਜਾ ਪੈਰ ਥੋੜ੍ਹਾ ਜਿਹਾ ਉੱਪਰ ਚੁੱਕਿਆ ਜਿਵੇਂ ਕੋਈ ਕਿਸੇ ਨੂੰ ਰੁਕਣ ਦਾ ਇਸ਼ਾਰਾ ਕਰ ਰਿਹਾ ਹੋਵੇ ਪਰ ਮੈਂ ਤਾਂ ਪਹਿਲਾਂ ਹੀ ਸਿੱਲ ਪੱਥਰ ਹੋ ਗਿਆ ਸੀ।

ਉਹ ਕੁਝ ਪਲ ਉਸੇ ਸਥਿਤੀ ਵਿੱਚ ਰਿਹਾ। ਫਿਰ ਬਿਜਲੀ ਦੀ ਫੁਰਤੀ ਨਾਲ ਅੱਗੇ ਵਧਿਆ ਅਤੇ ਆਪਣਾ ਸਿਰ ਮੇਰੇ ਮੂਹਰਲੇ ਪੈਰਾਂ ਉੱਪਰ ਟਿਕਾਅ ਦਿੱਤਾ।

ਇਸ ਹਰਕਤ ਨੇ ਮੈਨੂੰ ਹੈਰਾਨ ਕਰ ਦਿੱਤਾ। ਡਰ ਨੇ ਤਾਂ ਮੈਨੂੰ ਪਹਿਲਾਂ ਹੀ ਘੇਰਿਆ ਹੋਇਆ ਸੀ।

ਚਰਨ ਵੰਦਨਾ ਤੋਂ ਮੁਕਤ ਹੋਣ ਤੋਂ ਬਾਅਦ ਵਜ਼ਨੀ ਚੂਹਾ ਬੜੇ ਸਤਿਕਾਰ ਨਾਲ ਬੋਲਿਆ, ‘‘ਹੇ ਈਸ਼ਵਰ ਸਰੂਪ, ਤੁਸੀਂ ਮੈਨੂੰ ਦਰਸ਼ਨ ਦੇ ਕੇ ਮੇਰਾ ਜੀਵਨ ਧੰਨ ਕਰ ਦਿੱਤਾ ਹੈ। ਹੁਣ ਤੁਸੀਂ ਆਪਣੀ ਬਿਰਾਦਰੀ ਦੇ ਦੂਸਰੇ ਸਾਥੀਆਂ ਨੂੰ ਦਰਸ਼ਨ ਦੇਵੋ। ਮੈਂ ਤੁਹਾਡੇ ਜਿਹੇ ਰੰਗਦਾਰ ਮੂਸ਼ਕ ਮੰਦਰ ਵਿੱਚ ਲੱਗੀਆਂ ਤਸਵੀਰਾਂ ਵਿੱਚ ਰੋਜ਼ ਦੇਖਦਾ ਹਾਂ। ਉਸ ਸਾਰੇ ਦੇ ਸਾਰੇ ਨਿਰਜੀਵ ਹਨ, ਪਰ ਤੁਸੀਂ ਜੀਵਤ ਰੂਪ ਵਿੱਚ ਸਾਡੇ ਸਾਹਮਣੇ ਹਾਜ਼ਰ ਓ।’’

ਉਸ ਦੇ ਮੂੰਹੋਂ ਈਸ਼ਵਰ ਦਾ ਦਰਜਾ ਪ੍ਰਾਪਤ ਕਰ ਚੁੱਕਾ ਮੈਂ ਅਜੀਬ ਸਥਿਤੀ ਦਾ ਸਾਹਮਣਾ ਕਰ ਰਿਹਾ ਸੀ। ਕਿੱਥੇ ਆਪਣੇ ਹੀ ਸੰਗੀ-ਸਾਥੀਆਂ ਵੱਲੋਂ ਅਸਵੀਕਾਰ ਕੀਤੇ ਜਾਣ ਮਗਰੋਂ ਉਦਾਸੀ ਨੇ ਆ ਘੇਰਿਆ ਸੀ ਤੇ ਕਿੱਥੇ ਮੇਰੀ ਚਰਨ ਵੰਦਨਾ ਕਰ ਕੇ ਮੈਨੂੰ ਈਸ਼ਵਰ ਦੀ ਪਦਵੀ ਦੇ ਦਿੱਤੀ ਗਈ। ਮੰਦਰ ਕੀ ਹੁੰਦਾ ਹੈ, ਈਸ਼ਵਰ ਕਿਸ ਨੂੰ ਕਹਿੰਦੇ ਹਨ, ਇਸ ਦਾ ਮੈਨੂੰ ਭੋਰਾ ਵੀ ਗਿਆਨ ਨਹੀਂ ਸੀ।

ਵਜ਼ਨੀ ਚੂਹੇ ਤੋਂ ਮਿਲੀ ਪ੍ਰਸ਼ੰਸਾ ਕਾਰਨ ਮੇਰੇ ਮਨ ਨੂੰ ਕਈ ਤਰ੍ਹਾਂ ਦੇ ਸਵਾਲਾਂ ਨੇ ਘੇਰ ਲਿਆ।

ਕਹਿੰਦੇ ਹਨ ਕਿ ਸਮਾਂ ਬਦਲਦਿਆਂ ਦੇਰ ਨਹੀਂ ਲੱਗਦੀ। ਮੇਰੇ ਵਾਸਤੇ ਇਹ ਜਲਦੀ-ਜਲਦੀ ਬਦਲ ਰਿਹਾ ਸੀ। ਵਜ਼ਨੀ ਚੂਹੇ ਨੇ ਮੈਨੂੰ ਆਪਣੇ ਪਿੱਛੇ-ਪਿੱਛੇ ਤੁਰਿਆ ਆਉਣ ਲਈ ਕਿਹਾ।

ਸਭ ਤੋਂ ਪਹਿਲਾਂ ਉਹ ਮੈਨੂੰ ਉਸ ਮੰਡਲੀ ਵੱਲ ਲੈ ਤੁਰਿਆ ਜਿਸ ਵੱਲੋਂ ਮੈਂ ਅਸਵੀਕਾਰ ਹੋ ਚੁੱਕਾ ਸੀ। ਉੱਥੇ ਪਹੁੰਚ ਕੇ ਉਸ ਨੇ ਮੇਰੇ ਬਾਬਤ ਜੋ ਜੋ ਕਿਹਾ ਉਸ ਭੀੜ ਨੇ ਬਿਨਾ ਕਿਸੇ ਹੀਲ-ਹੁੱਜਤ ਸਵੀਕਾਰ ਕਰ ਲਿਆ।

ਵਜ਼ਨੀ ਚੂਹੇ ਦੀ ਲੱਭਤ ਬਾਰੇ ਇੱਕ ਨੇ ਦੂਜੇ ਨੂੰ ਦੱਸਿਆ, ਦੂਜੇ ਨੇ ਤੀਜੇ ਨੂੰ ਅਤੇ ਤੀਜੇ ਨੇ ਚੌਥੇ ਨੂੰ। ਸ਼ਾਮ ਤਕ ਸਾਰੀ ਗੱਲ ਸਭ ਦੇ ਕੰਨਾਂ ਥਾਣੀਂ ਲੰਘ ਚੁੱਕੀ ਸੀ।

ਅਗਲੇ ਦਿਨ ਤਕ ਖ਼ਾਸ ਢੰਗ ਨਾਲ ਖ਼ਾਸ ਥਾਂ ’ਤੇ ਮੇਰੇ ਰਹਿਣ ਦਾ ਪ੍ਰਬੰਧ ਕਰ ਦਿੱਤਾ ਗਿਆ।

ਦਿਨ ਪ੍ਰਤੀ ਦਿਨ ਮੇਰੀ ਮਹਿਮਾ ਵਧਣ ਲੱਗੀ। ਮੇਰੇ ਗੁਣਾਂ ਨੂੰ ਲੱਭ-ਲੱਭ ਕੇ ਸਾਧਾਰਨ ਸਮੂਹ ਵਿੱਚ ਪ੍ਰਚਾਰਿਤ ਕੀਤਾ ਗਿਆ। ਸਾਰੇ ਕੰਮ ਵਜ਼ਨੀ ਚੂਹੇ ਦੀਆਂ ਹਦਾਇਤਾਂ ਨਾਲ ਚੱਲ ਰਹੇ ਸੀ।

ਮੈਨੂੰ ਲੱਗਣ ਲੱਗਾ ਮੇਰੇ ਪੂਜਕਾਂ ਨੇ ਮੈਥੋਂ ਵੱਧ ਮੈਨੂੰ ਜਾਣ ਲਿਆ ਹੈ।

ਮੈਂ ਮਹਿਸੂਸ ਕੀਤਾ ਕਿ ਰਸੋਈਘਰ ਦੀ ਘਟਨਾ ਨੇ ਮੇਰੇ ਪਹਿਲੇ ਅਤੇ ਮਗਰਲੇ ਜੀਵਨ ਵਿਚਾਲੇ ਲਕੀਰ ਖਿੱਚ ਦਿੱਤੀ ਹੈ।

ਕੁਝ ਹੀ ਦਿਨਾਂ ਵਿੱਚ ਖੁੱਡ ਵਾਲੀ ਥਾਂ ਦੀ ਮਿੱਟੀ ਖੋਦ ਕੇ ਉਸ ਨੂੰ ਖੁੱਲ੍ਹਾ ਕਰ ਲਿਆ ਗਿਆ। ਮੇਰੇ ਬੈਠਣ ਵਾਲੀ ਜਗ੍ਹਾ ਆਮ ਨਾਲੋਂ ਜ਼ਰਾ ਉੱਚੀ ਸੀ।

ਚੂਹੇ ਮੇਰੇ ਅੱਗੇ ਆਉਂਦੇ, ਸਿਰ ਨਿਵਾ ਅਗਾਂਹ ਤੁਰ ਜਾਂਦੇ। ਕੁਝ ਕੁ ਥੋੜ੍ਹੇ ਸਮੇਂ ਲਈ ਉੱਥੇ ਰੁਕਦੇ ਤੇ ਫਿਰ ਆਪੋ-ਆਪਣੇ ਰਾਹ ਪੈ ਜਾਂਦੇ।

ਦਾਣਾ-ਪਾਣੀ ਮੈਨੂੰ ਬੈਠੇ-ਬੈਠੇ ਨੂੰ ਮਿਲ ਰਿਹਾ ਸੀ। ਬਾਹਰ ਜਾਣਾ ਲਗਭਗ ਬੰਦ ਹੋ ਚੁੱਕਾ ਸੀ। ਮੈਨੂੰ ਲੱਗਾ ਕਿ ਮੇਰੀ ਪੂਜਾ ਅਰਚਨਾ ਨੇ ਸਾਰਿਆਂ ਨੂੰ ਇੱਕ-ਦੂਜੇ ਦੇ ਕਰੀਬ ਲਿਆਂਦਾ। ਕੌਣ ਕਿੱਥੇ ਰਹਿ ਰਿਹਾ ਹੈ, ਦੀ ਖ਼ਬਰ ਮਿਲਣ ਲੱਗੀ। ਜਨਮ-ਮੌਤ ਦੀ ਜਾਣਕਾਰੀ ਵੀ ਆਪਸ ਵਿੱਚ ਸਾਂਝੀ ਹੋਣ ਲੱਗੀ।

ਮੇਰੀ ਲੱਭਤ ਬਾਅਦ ਸਾਰੇ ਦੇ ਸਾਰੇ ਚੂਹੇ ਮੈਨੂੰ ਸਤਿਕਾਰਨ ਲੱਗੇ ਸਨ। ਏਦਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ ਮੇਰਾ ਵਿਰੋਧ ਕਰਨ ਵਾਲੇ ਕਾਫ਼ੀ ਮੁਖਰ ਸਨ।

ਅਨੁਭਵ ਦੇ ਆਧਾਰ ’ਤੇ ਮੈਂ ਕਹਿ ਸਕਦਾ ਹਾਂ ਕਿ ਸਾਰੇ ਦਿਨ ਇੱਕੋ ਜਿਹੇ ਨਹੀਂ ਹੁੰਦੇ। ਜੇ ਸਾਰਾ ਕੁਝ ਇਕਸਾਰ ਚਲਦਾ ਰਹੇ ਤਾਂ ਜੀਵਨ ਆਪਣਾ ਅਰਥ ਗੁਆ ਲੈਂਦਾ ਹੈ।

ਚੂਹੇ ਸਮਾਜ ਵਿੱਚ ਕੋਈ ਵੱਡਾ ਪਰਿਵਰਤਨ ਆਉਂਦਾ, ਉਸ ਤੋਂ ਪਹਿਲਾਂ ਮੌਸਮ ਵਿੱਚ ਤਬਦੀਲੀ ਆ ਗਈ।

ਸਾਫ਼-ਸੁਥਰਾ ਰਹਿ ਕੇ ਦਿਨ-ਰਾਤ ਗਰਮਾਈ ਰੱਖਣ ਵਾਲੇ ਆਕਾਸ਼ ਨੂੰ ਬੱਦਲਾਂ ਨੇ ਆ ਘੇਰਿਆ। ਪਹਿਲਾਂ ਹਲਕੇ ਅਤੇ ਕੋਈ ਕੋਈ ਸੀ, ਫਿਰ ਉਹ ਸੰਘਣੇ ਹੁੰਦੇ ਗਏ।

ਉਨ੍ਹਾਂ ਦੀ ਦਹਾੜ ਦਿਲਾਂ ਅੰਦਰ ਕਾਂਬਾ ਛੇੜ ਦਿੰਦੀ।

ਆਉਂਦੇ-ਜਾਂਦੇ ਬੱਦਲਾਂ ਵਿੱਚੋਂ ਪਾਣੀ ਚੋਣ ਲੱਗਾ। ਪਹਿਲਾਂ ਹੌਲੀ-ਹੌਲੀ ਫੇਰ ਤੇਜ਼-ਤੇਜ਼। ਖੁੱਡਾਂ ਵੀ ਬਰਸਾਤੀ ਪਾਣੀ ਨਾਲ ਭਰਨ ਲੱਗੀਆਂ।

ਬਰਸਾਤੀ ਦਿਨ ਸਾਡੇ ਵਾਸਤੇ ਮੁਸੀਬਤ ਭਰੇ ਹੁੰਦੇ ਹਨ। ਘਰ ਬਰਬਾਦ ਹੋ ਜਾਣ ਬਾਅਦ ਆਪਣੇ ਨੂੰ ਬਚਾਈ ਰੱਖਣ ਵਾਸਤੇ ਇੱਧਰ-ਉਧਰ ਘੁੰਮਦੇ-ਫਿਰਦੇ ਅਸੀਂ ਸ਼ਿਕਾਰੀਆਂ ਦੇ ਆਸਾਨ ਸ਼ਿਕਾਰ ਹੋ ਜਾਂਦੇ ਹਾਂ।

ਇਸ ਵਾਰ ਬਰਸਾਤੀ ਮੌਸਮ ਨੇ ਇਕਜੁੱਟ ਹੋਏ ਚੂਹੇ ਸਮਾਜ ਨੂੰ ਖਾਸੀ ਮੁਸ਼ਕਿਲ ਥਾਣੀਂ ਲੰਘਾਇਆ।

ਜਿੱਥੇ ਮੇਰੇ ਬੈਠਣ ਦਾ ਇੰਤਜ਼ਾਮ ਸੀ, ਉਹ ਥਾਂ ਆਮ ਥਾਵਾਂ ਨਾਲੋਂ ਖੁੱਲ੍ਹੀ-ਡੁੱਲੀ ਸੀ। ਪਾਣੀ ਦੇ ਲਗਾਤਾਰ ਰੁਕਣ ਨੇ ਆਸਪਾਸ ਦੀ ਮਿੱਟੀ ਨੂੰ ਖ਼ੋਰਨਾ ਸ਼ੁਰੂ ਕਰ ਦਿੱਤਾ। ਮੋਕਲੇ ਰਾਹ ਸੁੰਗੜ ਕੇ ਦਲਦਲੀ ਜਿਹੇ ਹੋ ਗਏ। ਕਈ ਵਾਰ ਲੱਗਾ ਇਹ ਬੰਦ ਹੋਏ ਕਿ ਹੋਏ।

ਮੈਂ ਅਤੇ ਮੇਰੇ ਦਰਸ਼ਨ ਨੂੰ ਆਏ ਸ਼ਰਧਾਲੂ ਚੂਹੇ ਏਧਰ-ਉਧਰ ਤੈਰਨ ਲੱਗੇ। ਨਾ ਮੈਨੂੰ ਸ਼ਰਧਾਲੂਆਂ ਦੀ ਸੁਧ ਰਹੀ ਤੇ ਨਾ ਹੀ ਸ਼ਰਧਾਲੂਆਂ ਨੂੰ ਮੇਰੀ। ਪਾਣੀ ਜਾਂ ਮਿੱਟੀ ਨੂੰ ਬਾਹਰ ਕੱਢਣ ਤੋਂ ਪਹਿਲਾਂ ਆਪਣੇ ਆਪ ਨੂੰ ਬਚਾਉਣਾ ਵੱਧ ਜ਼ਰੂਰੀ ਹੋ ਗਿਆ ਸੀ। ਸਾਰਿਆਂ ਨੇ ਕੀਤਾ ਵੀ ਇਹੋ।

ਜੀਅ-ਜਾਨ ਦੀ ਬਾਜ਼ੀ ਲਾ ਕੇ ਜ਼ਮੀਨੋਂ ਬਾਹਰ ਨਿਕਲਿਆ ਤਾਂ ਤੇਜ਼ ਚਮਕੀਲੀ ਸੂਰਜੀ ਲੋਅ ਸਾਹਮਣੇ ਅੱਖਾਂ ਹੀ ਨਾ ਖੁੱਲ੍ਹੀਆਂ। ਥੋੜ੍ਹਾ ਟਿਕਾਅ ਆਉਣ ਬਾਅਦ ਜਦੋਂ ਅੱਖਾਂ ਖੁੱਲ੍ਹੀਆਂ ਤਾਂ ਹਰ ਕੋਈ ਇੱਕ ਦੂਜੇ ਨੂੰ ਬਿੱਟ-ਬਿੱਟ ਦੇਖ ਰਿਹਾ ਸੀ।

ਗਾਰੇ ਦੀਆਂ ਗੇਂਦਾਂ ਜਿਹੇ ਲੱਗ ਰਹੇ ਸਮੂਹ ਵਿੱਚੋਂ ਕਿਸੇ ਦੇ ਬੋਲ ਮੇਰੇ ਕੰਨੀਂ ਟਕਰਾਏ ਜੋ ਮੇਰੇ ਬਾਬਤ ਚਿੰਤਤ ਸੀ, ‘‘ਇਸ ਤਬਾਹੀ ’ਚ ਕੀ ਅਵਤਾਰੀ ਚੂਹਾ ਬਚ ਗਿਆ ਹੈ ਜਾਂ ਨਹੀਂ?’’

ਹੋਰ ਆਵਾਜ਼ ਆਈ, ‘‘ਸੰਭਵ ਹੈ, ਉਹ ਨਾ ਨਿਕਲ ਸਕਿਆ ਹੋਵੇ...।’’

ਕਿਸੇ ਨੇ ਕਿਹਾ, ‘‘ਦਲਦਲ ’ਚ ਫਸ ਕੇ ਕਿਤੇ ਮਰ ਨਾ ਗਿਆ ਹੋਵੇ। ਮੈਂ ਖ਼ੁਦ ਮਰਦਾ-ਮਰਦਾ ਬਾਹਰ ਨਿਕਲਿਆ ਹਾਂ।’’

ਆਪਣੇ ਹੀ ਸਾਹਮਣੇ ਆਪਣੇ ਸ਼ਰਧਾਲੂਆਂ ਵੱਲੋਂ ਐਲਾਨੀ ਜਾ ਰਹੀ ਆਪਣੀ ‘ਗੁੰਮਸ਼ੁਦਗੀ ਤੇ ਮੌਤ ਦੀ ਖ਼ਬਰ’ ਮੈਨੂੰ ਨਾਗਵਾਰ ਲੱਗੀ। ਮੈਂ ਪੂਰਾ ਤਾਣ ਲਾ ਕੇ ਕਿਹਾ, ‘‘ਮੈਂ ਹੀ ਹਾਂ, ਉਹ ਅਵਤਾਰੀ ਚੂਹਾ।’’

ਥੋੜ੍ਹਾ ਰੁਕ ਕੇ ਕਿਹਾ, ‘‘ਮੈਂ ਅਜੇ ਮਰਿਆ ਨਹੀਂ, ਜਿਊਂਦਾ ਹਾਂ...।’’

ਮੇਰੀ ਗੱਲ ਸੁਣ ਕੇ ਉਹ ਮੇਰੇ ਆਲੇ-ਦੁਆਲੇ ਇਕੱਠੇ ਹੋ ਗਏ ਸਨ। ਤਦੇ ਭੀੜ ਵਿੱਚੋਂ ਇੱਕ ਜਣਾ ਬੋਲਿਆ, ‘‘ਇਹ ਕਿਵੇਂ ਹੋ ਸਕਦਾ ਏ? ਤੂੰ ਤਾਂ ਓਦਾਂ ਦਾ ਹੀ ਲੱਗ ਰਿਹਾ ਜਿੱਦਾਂ ਦੇ ਹੋਰ ਹਨ। ਤੂੰ ਵੱਖਰਾ ਕਿਵੇਂ ਹੋ ਗਿਆ?’’

ਉਨ੍ਹਾਂ ਦੀ ਕਹੀ ਗੱਲ ਨੂੰ ਰੱਦ ਕਰਨ ਦੀ ਦਲੀਲ ਮੇਰੇ ਪਾਸ ਨਹੀਂ ਸੀ।

ਦੁੱਖ ਇਸ ਗੱਲ ਦਾ ਹੋਇਆ ਕਿ ਭੀੜ ਵਿੱਚੋਂ ਇੱਕ ਬੋਲ ਵੀ ਮੇਰੇ ਪੱਖ ਵਿੱਚ ਨਾ ਨਿਤਰਿਆ। ਪਹਿਲਾ ਚੂਹਾ ਮੁੜ ਬੋਲਿਆ, ‘‘ਤੇਰੇ ਜਿਹੇ ਚੂਹੇ ਤਿੰਨ-ਚਾਰ ਹੋਰ ਵੀ ਹਨ। ਕੀ ਅਸੀਂ ਸਾਰਿਆਂ ਦੀ ਪੂਜਾ ਕਰਨੀ ਸ਼ੁਰੂ ਕਰ ਦੇਈਏ?’’

ਤਲਖ਼ ਮਾਹੌਲ ਵਿੱਚੋਂ ਹੋਰ ਆਵਾਜ਼ ਆਈ, ‘‘ਤੁਸੀਂ ਮੈਨੂੰ ਅਵਤਾਰੀ ਚੂਹਾ ਮੰਨ ਸਕਦੇ ਓ। ਇਸ ਦਾ ਮੈਨੂੰ ਕੋਈ ਸੰਕੋਚ ਨਹੀਂ ਹੋਵੇਗਾ।’’

ਹੋ ਸਕਦਾ ਹੈ ਉਹ ਗੱਲ ਮੌਕੇ ਦਾ ਲਾਭ ਲੈ ਕੇ ਕਹੀ ਗਈ ਹੋਵੇ। ਤਰਕ ਅਤੇ ਤਕਰਾਰ ਇਸ ਹੱਦ ਤਕ ਵਧ ਜਾਵੇਗਾ, ਮੈਂ ਕਦੇ ਸੋਚਿਆ ਨਹੀਂ ਸੀ। ਗਾਰੇ ਨਾਲ ਲਿਬੜੀ ਮੇਰੀ ਦੇਹ ਦੇ ਕੰਨੀਂ ਭਾਂਤ-ਸੁਭਾਂਤੇ ਬੋਲ ਪੈ ਰਹੇ ਸਨ ਅਤੇ ਹਰ ਬੋਲ ਮੇਰੇ ਪੈਰਾਂ ਥੱਲਿਉਂ ਜ਼ਮੀਨ ਖਿੱਚੀ ਜਾ ਰਿਹਾ ਸੀ।

ਅਗਲੇ ਦਿਨ ਤਕ ਮੀਂਹ ਨਾ ਪੈਣ ਕਰਕੇ ਧਰਤੀ ਕੁਝ ਆਠਰ ਗਈ ਸੀ। ਧੁੱਪ ਦੀ ਤਪਸ਼ ਨਾਲ ਚੂਹਿਆਂ ਦੇ ਪਿੰਡਿਆਂ ਉੱਪਰ ਚੜ੍ਹੀ ਗਾਰੇ ਦੀ ਪਰਤ ਸੁੱਕ ਕੇ ਥੋੜ੍ਹੀ-ਥੋੜ੍ਹੀ ਭੁਰਨ ਲੱਗੀ ਸੀ। ਬੀਤੇ ਦਿਨ ਦੀ ਘਟਨਾ ਨੇ ਚੂਹਾ ਸਮਾਜ ’ਚ ਤਰੇੜ ਪਾਈ ਸੀ। ਮੈਨੂੰ ਆਪਣੇ ਖ਼ਿਲਾਫ਼, ਹਰ ਥਾਂ ਉੱਪਰ, ਗੱਲਾਂ ਦੀਆਂ ਤਿਤਲੀਆਂ ਉੱਡਦੀਆਂ ਮਹਿਸੂਸ ਹੋਣ ਲੱਗੀਆਂ।

ਇਸ ਘੁਸਰ-ਮੁਸਰ ਦਾ ਮਾੜਾ-ਮੋਟਾ ਵੇਰਵਾ ਵਜ਼ਨੀ ਚੂਹੇ ਤਕ ਵੀ ਪਹੁੰਚ ਚੁੱਕਾ ਸੀ। ਚੂਹੇ ਸਮਾਜ ਨੂੰ ਮੁੜ ਉਸ ਦੇ ਦਖ਼ਲ ਦੀ ਉਮੀਦ ਸੀ ਅਤੇ ਹੋਇਆ ਵੀ ਓਦਾਂ ਹੀ। ਉਸ ਨੇ ਅਗਲੇ ਦਿਨ ਸਭ ਨੂੰ ਇੱਕ ਮਿੱਥੀ ਥਾਂ ’ਤੇ ਇਕੱਠੇ ਹੋਣ ਲਈ ਕਿਹਾ।

ਉਸ ਥਾਂ ਤੱਕ ਪਹੁੰਚਣ ਵਾਲਾ ਹਰ ਜੀਅ ਆਪਣੇ ਢੰਗ ਨਾਲ ਆਪਣੇ ਆਪ ਨੂੰ ਬਚਾਅ ਕੇ ਰੱਖ ਰਿਹਾ ਸੀ। ਇਹ ਉਹੀ ਸਨ ਜਿਹੜੇ ਬਾਰਿਸ਼ ਦੀ ਮਾਰ ਤੋਂ ਬਚ ਚੁੱਕੇ ਸਨ।

ਮਿੱਥੇ ਦਿਨ ਅਤੇ ਥਾਂ ਉੱਪਰ ਸਾਰੇ ਇਕੱਠੇ ਹੋ ਕੇ ਵਜ਼ਨੀ ਚੂਹੇ ਦੀ ਉਡੀਕ ਕਰਨ ਲੱਗੇ।

ਲੋੜੋਂ ਵੱਧ ਸਮਾਂ ਬੀਤਣ ਕਰ ਕੇ ਸਭ ਬੇਚੈਨ ਹੋ ਰਹੇ ਸਨ। ਲੰਮੀ ਉਡੀਕ ਨੂੰ ਤੇਜ਼ੀ ਨਾਲ ਨੱਠੇ ਆ ਰਹੇ ਚੂਹੇ ਦੀ ਆਮਦ ਨੇ ਤੋੜਿਆ। ਉਹ ਹਫਿਆ ਹੋਇਆ ਸੀ। ਸਾਰਿਆਂ ਨੂੰ ਸੰਬੋਧਨ ਕਰਦਿਆਂ ਉਸ ਨੇ ਕਿਹਾ, ‘‘ਵਜ਼ਨੀ ਚੂਹਾ ਹੁਣ ਕਦੇ ਨਹੀਂ ਆਵੇਗਾ।’’

ਕਿਉਂ ਅਤੇ ਕਿਵੇਂ ਦੇ ਜਵਾਬ ਵਿੱਚ ਉਸ ਨੇ ਦੱਸਿਆ, ‘‘ਮੈਂ ਅਤੇ ਵਜ਼ਨੀ ਚੂਹਾ ਅਜੇ ਮੰਦਰੋਂ ਨਿਕਲੇ ਹੀ ਸੀ ਕਿ ਸਾਡੇ ਪਿੱਛੇ ਕੁੱਤਾ ਪੈ ਗਿਆ, ਮੇਰੇ ਸਾਥੀ ਹਿੱਸੇ ਆਈ ਮੌਤ ਉਸ ਨੂੰ ਆਪਣੇ ਨਾਲ ਲੈ ਗਈ। ਦੁਖਦਾਈ ਖ਼ਬਰ ਤੁਹਾਡੇ ਤਕ ਪੁੱਜਦੀ ਕਰਨ ਲਈ ਮੈਂ ਬਚ ਗਿਆ।’’

ਉਸ ਦੇ ਬੋਲ ਸੱਚ ਲੱਗ ਰਹੇ ਸਨ। ਆਪਣੀ ਗੱਲ ਕਹਿੰਦੇ ਸਮੇਂ ਉਹ ਨਿਰੰਤਰ ਕੰਬਦਾ ਰਿਹਾ। ਲੱਗਾ ਜਿਵੇਂ ਡਰ ਨੇ ਉਸ ਦੀ ਸਾਰੀ ਸੱਤਿਆ ਡੀਕ ਲਈ ਸੀ।

ਘਟਨਾ ਦੇ ਵੇਰਵੇ ਨੇ ਸਾਰਿਆਂ ਨੂੰ ਉਦਾਸ ਕਰ ਦਿੱਤਾ। ਸੰਕਟ ਦੀ ਇਸ ਘੜੀ ਵਿੱਚ ਅਗਵਾਈ ਕਰਨ ਦੀ ਸਮੱਸਿਆ ਵੀ ਪੈਦਾ ਹੋ ਗਈ ਸੀ।

ਪਸਰੇ ਸੰਨਾਟੇ ਤੋਂ ਬਾਅਦ ਹੋ ਰਹੀ ਘੁਸਰ-ਮੁਸਰ ਨੂੰ ਪਤਲੀ, ਉੱਚੀ ਆਵਾਜ਼ ਨੇ ਤੋੜਿਆ, ‘‘ਸੁਣੋ, ਸਾਨੂੰ ਆਪਣਾ ਕੰਮ ਹੁਣ ਆਪੇ ਹੀ ਕਰਨਾ ਪੈਣਾ ਹੈ। ਉਹ ਜਿਹੜਾ ਅਵਤਾਰੀ ਚੂਹੇ ਦੀ ਪਛਾਣ ਸਾਨੂੰ ਦੇ ਗਿਆ ਸੀ, ਸਾਥੋਂ ਵਿਛੜ ਗਿਆ ਹੈ। ਹੋਰ ਤਾਂ ਹੋਰ ਅਸੀਂ ਆਪਣੇ ਸਾਥੀਆਂ ਦੇ ਨਾਲ ਅਵਤਾਰੀ ਹਸਤੀ ਨੂੰ ਵੀ ਗੁਆ ਲਿਆ ਹੈ...।’’

ਉਸ ਪਤਲੀ ਆਵਾਜ਼ ਨੂੰ ਮੈਂ ਵਿਚਾਲਿਉਂ ਹੀ ਲਲਕਾਰਿਆ, ‘‘ਤੁਸੀਂ ਸਾਰੇ ਜਿਸ ਨੂੰ ਮਰਿਆ ਕਹਿ ਰਹੇ ਓ... ਉਹ ਅਜੇ ਜਿਊਂਦਾ ਹੈ। ਮੈਂ ਇੱਥੇ ਖੜ੍ਹਾ ਹਾਂ...।’’

ਮੇਰਾ ਵਿਰੋਧ ਕਰਦੀ ਹੋਰ ਆਵਾਜ਼ ਆਈ, ‘‘ਇਹ ਝੂਠ ਬੋਲ ਰਿਹਾ ਹੈ। ਜਿਸ ਅਵਤਾਰੀ ਚੂਹੇ ਦੀ ਤੁਸੀਂ ਪੂਜਾ ਕਰਦੇ ਸੀ, ਉਹ ਮੈਂ ਹਾਂ...।’’

ਇੱਕ ਹੋਰ ਭਾਰੀ ਆਵਾਜ਼ ਗੂੰਜੀ, ‘‘ਇਹ ਗੁੰਮਰਾਹ ਕਰ ਰਹੇ ਹਨ। ਅਸਲੀ ਅਵਤਾਰੀ ਚੂਹਾ ਮੈਂ ਹਾਂ...।’’

ਸ਼ੋਰ-ਸ਼ਰਾਬੇ ਵਿੱਚ ਮੈਂ ਆਪਣੀ ਸਚਾਈ ਸਭ ਦੇ ਸਾਹਮਣੇ ਰੱਖੀ। ਉਸ ਦਾ ਦੱਬ ਕੇ ਵਿਰੋਧ ਵੀ ਹੋਇਆ। ਲੱਗਾ ਜਿਵੇਂ ਹਰ ਕੋਈ ਆਪਣੇ-ਆਪ ਨੂੰ ਅੱਗੇ ਕਰ ਰਿਹਾ ਹੈ।

ਪਤਲੀ ਆਵਾਜ਼ ਇਸ ਵਾਰ ਹੋਰ ਦ੍ਰਿੜ੍ਹਤਾ ਨਾਲ ਮੁੜ ਗੂੰਜੀ, ‘‘ਤੁਹਾਡੇ ਕਹਿਣ ਨਾਲ ਗੱਲ ਨਹੀਂ ਬਣਨੀ। ਅਸੀਂ ਤਾਂ ਇੱਕ ਨੂੰ ਹੀ ਮੰਨਦੇ ਸੀ। ਸਾਨੂੰ ਦੁੱਖ ਹੈ ਉਹ ਸਾਡੇ ਕੋਲ ਨਹੀਂ ਹੈ।’’ ਭਰੇ ਇਕੱਠ ਵਿੱਚ ਪਤਲੀ ਆਵਾਜ਼ ਵਾਲੇ ਚੂਹੇ ਬਾਬਤ ਕਾਨਾਫ਼ੂਸੀ ਹੋਣ ਲੱਗੀ, ‘‘ਇਹ ਕੌਣ ਹੈ? ਕਦੇ ਦੇਖਿਆ-ਸੁਣਿਆ ਨਹੀਂ...।’’

ਪਰ ਖੁੱਲ੍ਹ ਕੇ ਕੋਈ ਵੀ ਉਹਦੇ ਸਾਹਮਣੇ ਨਾ ਆਇਆ। ਵਡੇਰੀ ਉਮਰ ਦੇ ਉਸ ਚੂਹੇ ਨੂੰ ਕੁਝ ਜਾਣਦੇ ਸਨ, ਕੁਝ ਨਹੀਂ। ਦੁੱਖ, ਮਾਤਮ ਅਤੇ ਸਹਿਮ ਦੇ ਮਾਹੌਲ ਵਿੱਚ ਖ਼ੁਦ ਹੀ ਬਣੇ ਉਸ ਬੁਲਾਰੇ ਨੇ ਚੱਲ ਰਹੀ ਘੁਸਰ-ਮੁਸਰ ਨੂੰ ਬੰਦ ਕਰ ਦੇਣ ਲਈ ਸਖ਼ਤੀ ਨਾਲ ਬੋਲਦਿਆਂ ਆਪਣੀ ਗੱਲ ਨੂੰ ਨਵਾਂ ਮੋੜ ਦੇ ਦਿੱਤਾ, ‘‘ਜਿਸ ਅਵਤਾਰੀ ਚੂਹੇ ਦੀ ਅਸੀਂ ਪੂਜਾ ਕਰਦੇ ਸੀ, ਉਸ ਪਾਸ ਇੱਕ ਨਿਸ਼ਾਨੀ ਸੀ। ਉਸ ਦੀ ਦੇਹ ਵੱਖਰੇ ਰੰਗ ਦੀ ਸੀ। ਇਸ ਵੇਲੇ ਨਿਸ਼ਾਨੀ ਧਾਰਨ ਕਰਨ ਵਾਲਾ ਉਹ ਚੂਹਾ ਸਾਡੇ ਦਰਮਿਆਨ ਨਹੀਂ ਹੈ...।’’

ਉਸ ਦੀ ਗੱਲ ਨੂੰ ਵਿਚਾਲਿਉਂ ਟੋਕਦੇ ਹੋਏ ਬੋਲ ਉੱਭਰੇ, ‘‘ਫੇਰ ਕੀ ਕੀਤਾ ਜਾ ਸਕਦਾ ਹੈ?’’

ਕੋਈ ਹੋਰ ਬੋਲਿਆ, ‘‘ਜਿਵੇਂ ਪਹਿਲਾਂ ਰਹਿੰਦੇ ਸੀ, ਓਵੇਂ ਰਹਿ ਲਓ।’’

ਹੋਰ ਆਵਾਜ਼ ਗੂੰਜੀ, ‘‘ਏਦਾਂ ਕਿਵੇਂ ਹੋ ਸਕਦੈ। ਉਸ ਦੀ ਥਾਂ ਕਿਸੇ ਹੋਰ ਨੂੰ ਬਿਠਾ ਦਿਓ...।’’ ਭੀੜ ਵਿੱਚ ਕੋਈ ਬੋਲਿਆ, ‘‘ਮੈਂ ਉਸ ਨੂੰ ਭੁਲਾ ਨਹੀਂ ਸਕਦਾ।’’

ਵਧ ਰਹੀਆਂ ਇਨ੍ਹਾਂ ਆਵਾਜ਼ਾਂ ਨੂੰ ਚੀਕਦੀ ਹੋਈ ਪਤਲੀ ਆਵਾਜ਼ ਮੁੜ ਉੱਭਰੀ, ‘‘ਜੋ ਕਿਹਾ ਜਾ ਰਿਹਾ, ਸੰਭਵ ਨਹੀਂ ਹੈ। ਇੱਕ ਸੁਝਾਅ ਹੈ। ਮੈਨੂੰ ਉਮੀਦ ਹੈ ਤੁਹਾਨੂੰ ਸਭ ਨੂੰ ਮਨਜ਼ੂਰ ਹੋਵੇਗਾ। ਜਿੱਥੇ ਰੰਗਦਾਰ ਅਵਤਾਰੀ ਚੂਹਾ ਬਿਠਾ ਕੇ ਅਸੀਂ ਉਸ ਦੀ ਪੂਜਾ ਕਰਦੇ ਹੁੰਦੇ ਸੀ, ਅਸੀਂ ਉਹ ਥਾਂ ਲੱਭ ਕੇ ਠੀਕ ਕਰਾਂਗੇ। ਉੱਥੇ ਉਹਦੀ ਮੂਰਤੀ ਰੱਖ ਕੇ ਉਸ ਦੀ ਪੂਜਾ ਕਰ ਲਿਆ ਕਰਾਂਗੇ।’’

ਆਪਣੀ ਗੱਲ ਨੂੰ ਸੰਖੇਪਦਿਆਂ ਉਸ ਨੇ ਸਾਰਿਆਂ ਨੂੰ ਖੁੱਡ ਵਾਲੀ ਦਿਸ਼ਾ ਵੱਲ ਤੁਰਨ ਦਾ ਹੁਕਮ ਕਹਿ ਸੁਣਾਇਆ।

ਦੇਖਦਿਆਂ-ਦੇਖਦਿਆਂ ਸਭ ਉਸ ਦਿਸ਼ਾ ਵੱਲ ਤੁਰਨ ਲੱਗ ਪਏ ਅਤੇ ਮੈਂ ਆਪਣੀ ਥਾਂ ਖੜ੍ਹਾ ਸੁੰਨ ਹੋਇਆ ਉਨ੍ਹਾਂ ਨੂੰ ਜਾਂਦਿਆਂ ਦੇਖਦਾ ਰਿਹਾ।

ਸੰਪਰਕ: 98990-91186

Advertisement