ਤਸਵੀਰ
ਨੋਬੇਲ ਪੁਰਸਕਾਰ ਜੇਤੂ ਜਪਾਨੀ ਗਲਪਕਾਰ ਯਾਸੂਨਾਰੀ ਕਵਾਬਾਤਾ ਦੀਆਂ ਵੀਹਵੀਂ ਸਦੀ ਦੇ ਮੁੱਢ ਵਿੱਚ ਲਿਖੀਆਂ ਕਹਾਣੀਆਂ ਨੂੰ ਛੋਟੀਆਂ ਹੋਣ ਕਰਕੇ ਹਥੇਲੀ ’ਤੇ ਲਿਖੀਆਂ ਕਹਾਣੀਆਂ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਕਹਾਣੀਆਂ ਛੋਟੀ ਜਿਹੀ ਜਗ੍ਹਾ ਵਿੱਚ ਵਿਰਾਟ ਖੁੱਲ੍ਹੇਪਣ ਦਾ ਅਹਿਸਾਸ ਪੈਦਾ ਕਰਨ ਦੀ ਸਮਰੱਥਾ ਰੱਖਦੀਆਂ ਹਨ।
ਹਾਲਾਂਕਿ ਇਹ ਕਹਿਣਾ ਬਦਤਮੀਜ਼ੀ ਹੋਵੇਗੀ, ਪਰ ਸ਼ਾਇਦ ਉਹ ਆਪਣੀ ਬਦਸੂਰਤੀ ਕਰਕੇ ਹੀ ਕਵੀ ਬਣ ਗਿਆ ਸੀ। ਉਸੇ ਬਦਸੂਰਤ ਆਦਮੀ, ਭਾਵ ਕਵੀ ਨੇ ਮੈਨੂੰ ਇਹ ਗੱਲ ਸੁਣਾਈ।
‘‘ਮੈਨੂੰ ਤਸਵੀਰਾਂ ਤੋਂ ਚਿੜ ਹੈ ਅਤੇ ਸ਼ਾਇਦ ਹੀ ਕਦੇ ਮੈਨੂੰ ਤਸਵੀਰ ਖਿਚਾਉਣ ਦਾ ਖ਼ਿਆਲ ਆਇਆ ਹੋਵੇ। ਸਿਰਫ਼ ਇੱਕ ਵਾਰ, ਚਾਰ ਪੰਜ ਸਾਲ ਪਹਿਲਾਂ, ਆਪਣੀ ਮੰਗਣੀ ਵੇਲੇ ਮੈਂ ਇੱਕ ਲੜਕੀ ਨਾਲ ਤਸਵੀਰਾਂ ਖਿਚਵਾਈਆਂ ਸਨ। ਮੈਨੂੰ ਉਸ ਲੜਕੀ ਨਾਲ ਬੇਹੱਦ ਪਿਆਰ ਸੀ। ਮੈਨੂੰ ਨਹੀਂ ਜਾਪਦਾ ਕਿ ਉਹੋ ਜਿਹੀ ਲੜਕੀ ਦੁਬਾਰਾ ਮੇਰੀ ਜ਼ਿੰਦਗੀ ਵਿੱਚ ਆਏਗੀ। ਹੁਣ ਉਹ ਤਸਵੀਰਾਂ ਇੱਕ ਖ਼ੂਬਸੂਰਤ ਯਾਦਗਾਰ ਵਾਂਗ ਮੇਰੇ ਕੋਲ ਹਨ। ਖ਼ੈਰ, ਪਿਛਲੇ ਸਾਲ ਇੱਕ ਰਸਾਲਾ ਮੇਰੀ ਤਸਵੀਰ ਛਾਪਣਾ ਚਾਹੁੰਦਾ ਸੀ। ਮੈਂ ਆਪਣੀ ਮੰਗੇਤਰ ਅਤੇ ਉਸ ਦੀ ਭੈਣ ਨਾਲ ਖਿਚਵਾਈ ਤਸਵੀਰ ਵਿੱਚੋਂ ਆਪਣੀ ਫੋਟੋ ਵਾਲਾ ਹਿੱਸਾ ਕੱਟ ਕੇ ਉਸ ਰਸਾਲੇ ਨੂੰ ਭੇਜ ਦਿੱਤਾ। ਫਿਰ ਹੁਣ ਕੁਝ ਦਿਨ ਪਹਿਲਾਂ ਹੀ ਇੱਕ ਅਖ਼ਬਾਰ ਦਾ ਰਿਪੋਰਟਰ ਮੇਰੇ ਕੋਲੋਂ ਮੇਰੀ ਫੋਟੋ ਮੰਗਣ ਆਇਆ। ਮੈਂ ਕੁਝ ਦੇਰ ਸੋਚਿਆ। ਫਿਰ ਆਖ਼ਰ ਆਪਣੀ ਅਤੇ ਆਪਣੀ ਮੰਗੇਤਰ ਦੀ ਤਸਵੀਰ ਨੂੰ ਦੋ ਹਿੱਸਿਆਂ ਵਿੱਚ ਕੱਟ ਕੇ ਆਪਣੀ ਤਸਵੀਰ ਰਿਪੋਰਟਰ ਨੂੰ ਦੇ ਦਿੱਤੀ। ਤਸਵੀਰ ਦਿੰਦਿਆਂ ਮੈਂ ਉਸ ਨੂੰ ਤਾਕੀਦ ਕੀਤੀ ਕਿ ਉਹ ਤਸਵੀਰ ਬਾਅਦ ਵਿੱਚ ਮੈਨੂੰ ਵਾਪਸ ਕਰ ਦੇਵੇ। ਪਰ ਮੈਨੂੰ ਪਤਾ ਹੈ ਕਿ ਉਸ ਦੇ ਵਾਪਸ ਆਉਣ ਦੀ ਉਮੀਦ ਬਹੁਤ ਘੱਟ ਹੈ। ਖ਼ੈਰ, ਕੋਈ ਫ਼ਰਕ ਨਹੀਂ ਪੈਂਦਾ।
ਮੈਂ ਕਹਿ ਤਾਂ ਰਿਹਾ ਹਾਂ ਕਿ ਕੋਈ ਫ਼ਰਕ ਨਹੀਂ ਪੈਂਦਾ, ਪਰ ਹੁਣ ਜਦੋਂ ਮੈਂ ਉਸ ਅੱਧੀ ਤਸਵੀਰ ਨੂੰ ਦੇਖਿਆ, ਜਿਸ ਵਿੱਚ ਮੇਰੀ ਮੰਗੇਤਰ ਇਕੱਲੀ ਰਹਿ ਗਈ ਹੈ ਤਾਂ ਮੈਂ ਕਾਫ਼ੀ ਚੌਂਕ ਗਿਆ। ਕੀ ਇਹ ਉਹੀ ਲੜਕੀ ਸੀ? ਚਲੋ ਮੈਂ ਤੁਹਾਨੂੰ ਸਮਝਾਉਂਦਾ ਹਾਂ...। ਉਹ ਲੜਕੀ ਬਹੁਤ ਖ਼ੂਬਸੂਰਤ ਅਤੇ ਆਕਰਸ਼ਕ ਸੀ। ਸਤਾਰਾਂ ਸਾਲਾਂ ਦੀ ਉਮਰ ਅਤੇ ਪਿਆਰ ਵਿੱਚ ਗੜੁੱਚ। ਲੇਕਿਨ ਜਦੋਂ ਮੈਂ ਆਪਣੇ ਹੱਥ ਵਿੱਚ ਉਸ ਦੀ ਤਸਵੀਰ ਨੂੰ ਵੇਖਿਆ, ਜਿਸ ਵਿੱਚ ਉਹ ਹੁਣ ਮੇਰੇ ਨਾਲੋਂ ਅਲੱਗ ਸੀ ਤਾਂ ਅਹਿਸਾਸ ਹੋਇਆ ਕਿ ਉਹ ਲੜਕੀ ਕਿਸ ਕਦਰ ਬੋਦੀ ਸੀ। ਹੁਣੇ, ਇੱਕ ਪਲ ਪਹਿਲਾਂ ਤੱਕ ਉਹ ਮੇਰੇ ਲਈ ਦੁਨੀਆ ਦੀ ਸਭ ਤੋਂ ਸੁੰਦਰ ਤਸਵੀਰ ਸੀ, ... ਮੈਨੂੰ ਲੱਗਾ ਜਿਵੇਂ ਮੈਂ ਅਚਾਨਕ ਇੱਕ ਲੰਮੇ ਸੁਪਨੇ ਵਿੱਚੋਂ ਜਾਗਿਆ ਹੋਵਾਂ। ਆਪਣਾ ਬੇਸ਼ਕੀਮਤੀ ਖ਼ਜ਼ਾਨਾ ਮੈਨੂੰ ਭੁਰਭੁਰਾ ਜਿਹਾ ਲੱਗਾ...।’’
ਇਸ ਗੱਲ ’ਤੇ ਆ ਕੇ ਕਵੀ ਦੀ ਆਵਾਜ਼ ਧੀਮੀ ਹੋ ਗਈ।
‘‘ਅਖ਼ਬਾਰ ਵਿੱਚ ਜਦੋਂ ਉਹ ਮੇਰੀ ਤਸਵੀਰ ਨੂੰ ਦੇਖੇਗੀ ਤਾਂ ਯਕੀਨਨ ਉਸ ਨੂੰ ਵੀ ਅਜਿਹਾ ਹੀ ਲੱਗੇਗਾ। ਉਸ ਨੂੰ ਇਹ ਸੋਚ ਕੇ ਦਹਿਸ਼ਤ ਹੋਵੇਗੀ ਕਿ ਉਸ ਨੇ ਮੇਰੇ ਵਰਗੇ ਆਦਮੀ ਨੂੰ ਪਲ ਭਰ ਲਈ ਵੀ ਪਿਆਰ ਕੀਤਾ ਸੀ।
ਬਸ ਇੰਨਾ ਹੀ ਕਿੱਸਾ ਹੈ।
ਫਿਰ ਵੀ ਮੈਂ ਸੋਚਦਾ ਹਾਂ ਕਿ ਅਗਰ ਉਹ ਅਖ਼ਬਾਰ ਸਾਡੀਆਂ ਦੋਹਾਂ ਦੀਆਂ ਇਕੱਠੀਆਂ ਤਸਵੀਰਾਂ ਛਾਪੇ, ਜਿਵੇਂ ਉਹ ਖਿੱਚੀਆਂ ਗਈਆਂ ਸਨ, ਤਾਂ ਕੀ ਉਹ ਮੇਰੇ ਕੋਲ ਦੌੜੀ ਆਵੇਗੀ ਕਿ ਮੈਂ ਕਿੰਨਾ ਵਧੀਆ ਇਨਸਾਨ ਹਾਂ?’’
(ਹਿੰਦੀ ਵਿੱਚ ਜੀਤੇਂਦਰ ਭਾਟੀਆ ਦੁਆਰਾ ਅਨੁਵਾਦਿਤ ਇਸ ਕਹਾਣੀ ਨੂੰ ਪੰਜਾਬੀ ਰੂਪ ਡਾਕਟਰ ਧਨਵੰਤ ਕੌਰ (ਸੰਪਰਕ: 94172-43245) ਨੇ ਦਿੱਤਾ ਹੈ।)