ਪਾਠਕ ਜੀ ਦਾ ਕੇਸ
ਭਗਵਾਨ ਨੂੰ ਹਰ ਸਾਲ ਭਾਰਤ ਵਿੱਚ ਕਰੋੜਾਂ ਲੋਕ ਪੂਜਦੇ ਹਨ। ਭਗਵਾਨ ਦੀ ਤਿੰਨ ਚੌਥਾਈ ਪੂਜਾ ਅਰਚਨਾ ਉਹ ਸਰਕਾਰੀ ਮੁਲਾਜ਼ਮ ਕਰਦੇ ਹਨ, ਜਿਹੜੇ ਸਸਪੈਂਡ ਹੋ ਜਾਂਦੇ ਹਨ; ਜਿਨ੍ਹਾਂ ਦੀ ਤਰੱਕੀ ਰੋਕ ਲਈ ਜਾਂਦੀ ਹੈ ਜਾਂ ਜਿਨ੍ਹਾਂ ਉੱਤੇ ਰਿਸ਼ਵਤ ਲੈਣ ਆਦਿ ਦੇ ਮੁਕੱਦਮੇ ਚੱਲ ਰਹੇ ਹੁੰਦੇ ਹਨ। ਇਸ ਤਰ੍ਹਾਂ ਭਗਵਾਨ ਦੀ ਸੱਤਾ ਸਰਕਾਰੀ ਨੌਕਰਾਂ ਦੇ ‘ਕੰਡਕਟ ਰੂਲਜ਼’ ਅਤੇ ‘ਇੰਡੀਅਨ ਪੀਨਲ ਕੋਡ’ ਉੱਤੇ ਟਿਕੀ ਹੋਈ ਹੈ। ਦੋ ਸਰਕਾਰਾਂ ਦੇ ਆਪਸੀ ਸਹਿਯੋਗ ਦੀ ਇਸ ਨਾਲੋਂ ਹੋਰ ਵਧੀਆ ਮਿਸਾਲ ਕਿਤੇ ਨਹੀਂ ਮਿਲ ਸਕਦੀ।ਜੇ ਭਾਰਤ ਸਰਕਾਰ ਆਪਣੇ ਕਰਮਚਾਰੀਆਂ ਵਿਰੁੱਧ ਕੋਈ ਕਾਰਵਾਈ ਹੀ ਨਾ ਕਰੇ ਤਾਂ ਮੱਧ ਵਰਗ ਦੇ ਲੋਕ ਤਾਂ ਭਗਵਾਨ ਨੂੰ ਮੰਨਣੋਂ ਹਟ ਜਾਣਗੇ।
ਸੰਨ 1962 ਦੇ ਸ਼ੁਰੂ ’ਚ ਇੱਕ ਦਿਨ ਭਗਵਾਨ ਨੇ ਆਪਣੇ ਸੈਕਟਰੀ ਨੂੰ ਪੁੱਛਿਆ, ‘‘ਪਿਛਲੇ ਸਾਲ ਮੇਰੀ ਕਿੰਨੇ ਲੋਕਾਂ ਨੇ ਪੂਜਾ ਕੀਤੀ ਸੀ?’’ ਸੈਕਟਰੀ ਨੇ ਹਿਸਾਬ ਕਿਤਾਬ ਲਾ ਕੇ ਦੱਸਿਆ, ‘‘ਪ੍ਰਭੂ! ਆਪ ਦੇ ਨਿਰਾਕਾਰ, ਸਾਕਾਰ ਸਾਰੇ ਰੂਪਾਂ ਨੂੰ ਕੁੱਲ ਮਿਲਾ ਕੇ 17 ਕਰੋੜ 55 ਲੱਖ 61 ਹਜ਼ਾਰ 8 ਸੌ 71 ਸ਼ਬਦ ਯੂਨਿਟ ਪੂਜਾ ਬੰਦਗੀ ਆਪ ਨੂੰ ਮਿਲੀ ਹੈ। ਅੱਠ ਗ੍ਰਹਿਆਂ ਦੇ ਯੋਗ ਕਰਕੇ ਜੋ ਵਿਸ਼ੇਸ਼ ਪ੍ਰਾਪਤੀ ਹੋਈ ਹੈ, ਉਸ ਦਾ ਲੇਖਾ ਅਜੇ ਵੱਖਰਾ ਹੈ।’’
ਭਗਵਾਨ ਨੇ ਕਿਹਾ, ‘‘ਆਮ ਹਾਲਾਤ ਵਿੱਚ ਜਿੰਨੀ ਪੂਜਾ ਅਰਚਨਾ ਹੁੰਦੀ ਹੈ, ਉਸ ਨਾਲੋਂ ਤਾਂ ਪੂਜਾ ਘਟੀ ਹੀ ਹੈ। ਇਸ ਦਾ ਕੀ ਕਾਰਨ ਹੋ ਸਕਦਾ ਹੈ?’’
ਸੈਕਟਰੀ ਨੇ ਅਰਜ਼ ਕੀਤੀ, ‘‘ਪ੍ਰਭੂ! ਪਿਛਲੇ ਛੇ ਮਹੀਨਿਆਂ ਤੋਂ ਸਰਕਾਰ ਨੇ ਮੁਲਾਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਹੀ ਨਹੀਂ ਕੀਤੀ ਕਿਉਂਕਿ ਅੱਗੇ ਆਮ ਚੋਣਾਂ ਹੋਣ ਵਾਲੀਆਂ ਹਨ। ਅਸੰਤੁਸ਼ਟ ਮੁਲਾਜ਼ਮ ਸਰਕਾਰਾਂ ਲਈ ਖ਼ਤਰਨਾਕ ਸਾਬਤ ਹੁੰਦੇ ਹਨ।’’
ਭਗਵਾਨ ਨੇ ਕਿਹਾ, ‘‘ਸਰਕਾਰ ਦੀ ਮਜਬੂਰੀ ਤਾਂ ਮੈਨੂੰ ਸਮਝ ਪੈਂਦੀ ਹੈ, ਪਰ ਚੋਣਾਂ ਲੰਘ ਜਾਣ ਪਿੱਛੋਂ ਕਰਮਚਾਰੀਆਂ ’ਤੇ ਕਾਰਵਾਈ ਹੋਣੀ ਚਾਹੀਦੀ ਹੈ, ਜਿਸ ਨਾਲ ਆਪਣਾ ਪੁਰਾਣਾ ਹਿਸਾਬ ਕਿਤਾਬ ਵੀ ਪੂਰਾ ਹੋ ਸਕੇ।’’
ਜਿਉਂ ਹੀ ਆਮ ਚੋਣਾਂ ਖ਼ਤਮ ਹੋਈਆਂ, ਪਾਠਕ ਜੀ ਦੀ ਤਰੱਕੀ ਰੋਕ ਦਿੱਤੀ ਗਈ। ਪਾਠਕ ਜੀ ਸਮਝ ਗਏ ਕਿ ਇਹ ਸਭ ਭਗਵਾਨ ਦੀ ਚਾਲਬਾਜ਼ੀ ਹੈ, ਉਹ ਪੂਜਾ ਚਾਹੁੰਦੇ ਹਨ। ਪਾਠਕ ਜੀ ਦੇ ਦਿਲ ਦੇ ਸੁੱਕੇ ਨਾਲ਼ੇ ਵਿੱਚ ਭਗਵਾਨ ਦੀ ਕਰੋਪੀ ਦੇ ਬੱਦਲਾਂ ਦਾ ਅਜਿਹਾ ਭਗਤੀ ਜਲ ਵਰ੍ਹਿਆ ਕਿ ਹੜ੍ਹ ਆ ਗਿਆ। ਉਹ ਭਗਵਾਨ ਦੀ ਪੂਜਾ ਵਿੱਚ ਲੀਨ ਹੋ ਗਏ। ਜ਼ਿੰਦਗੀ ਧਾਰਮਿਕ ਹੋ ਗਈ। ਸਵੇਰੇ ਸ਼ਾਮ ਦੋ ਦੋ ਘੰਟੇ ਇਕਾਗਰ-ਚਿੱਤ ਹੋ ਕੇ ਪੂਜਾ ਕਰਨ ਲੱਗੇ। ਸੂਰਜ ਚੜ੍ਹਨ ਤੋਂ ਪਹਿਲਾਂ ਪਾਠਕ ਜੀ ਨਹਾ ਧੋ ਲੈਂਦੇ।
‘ਸੀ ਸੀ’ ਕਰਦੇ ਹੋਏ ਪਾਠ ਕਰੀ ਜਾਂਦੇ। ਠੰਢ ਜ਼ਿਆਦਾ ਲੱਗਦੀ ਤਾਂ ਸੀ-ਸੀ ਕਰਦੇ, ਕੰਬਦੇ ਬੱਸ ਵਾਰ ਵਾਰ ਇੱਕੋ ਤੁਕ ਦੁਹਰਾਈ ਜਾਂਦੇ। ਫਿਰ ਉਹ ਪੂਜਾ ਕਰਨ ਬੈਠ ਜਾਂਦੇ। ਰਾਤੀਂ ਬੱਚਿਆਂ ਨੂੰ ਨਾਲ ਲੈ ਕੇ ਆਰਤੀ ਕਰਦੇ ਤਾਂ ਉਨ੍ਹਾਂ ਨੂੰ ਲੱਗਦਾ ਜਿਵੇਂ ਭਗਵਾਨ ਦੇ ਦੂਤ ਦਫ਼ਤਰੋਂ ਪਾਠਕ ਜੀ ਦੀ ਫਾਈਲ ਚੁੱਕ ਕੇ ਲੈ ਜਾਂਦੇ ਹਨ।
ਪਹਿਲਾਂ ਉਹ ਜਾਸੂਸੀ ਨਾਵਲ ਪੜ੍ਹਦੇ ਹੁੰਦੇ ਸਨ। ਹੁਣ ਧਾਰਮਿਕ ਪੁਸਤਕਾਂ ਪੜ੍ਹਨ ਲੱਗੇ ਹਨ। ਗਵਾਂਢੀਆਂ ਦਾ ਮੁੰਡਾ ਪਹਿਲਾਂ ਦੀ ਤਰ੍ਹਾਂ ਉਨ੍ਹਾਂ ਦੇ ਘਰ ਨਾਵਲ ਮੰਗਣ ਆ ਗਿਆ ਤਾਂ ਪਾਠਕ ਜੀ ਦੀ ਪਤਨੀ ਬੋਲੀ, ‘‘ਹੁਣ ਨਹੀਂ ਇਹ ਨਾਵਲ ਪੜ੍ਹਦੇ। ਧਾਰਮਿਕ ਪੁਸਤਕਾਂ ਪੜ੍ਹਦੇ ਹਨ।’’ ਲੜਕੇ ਨੇ ਦੇਖਿਆ ਕਿ ਪਾਠਕ ਜੀ ਦੇ ਟੇਬਲ ’ਤੇ ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਪਈਆਂ ਹਨ। ਪਾਠਕ ਦੀ ਪਤਨੀ ਵੀ ਚੰਗੀ ਧਾਰਮਿਕ ਔਰਤ ਹੈ। ਤਰੱਕੀ ਰੁਕਣ ਵਿੱਚ ਉਸ ਦੀ ਜਿੰਨੀ ਕੁ ਭੂਮਿਕਾ ਰਹੀ ਹੈ, ਉਤਨੀ ਹੀ ਤਰੱਕੀ ਦੀ ਸਾਧਨਾ ਵਿੱਚ। ਗੁਆਂਢਣ ਨੂੰ ਕਹਿੰਦੀ, ‘‘ਉਨ੍ਹਾਂ ਦਾ ਹੁਣ ਭਗਵਾਨ ਵਿੱਚ ਮਨ ਲੱਗ ਗਿਆ ਹੈ। ਨਿੱਤ ਨੇਮ ਨਾਲ ਪੂਜਾ ਪਾਠ ਕਰਦੇ ਹਨ। ਦੁਨੀਆ ਏਧਰ ਦੀ ਓਧਰ ਹੋ ਜਾਵੇ, ਪਰ ਉਹ ਪੂਜਾ ਤੋਂ ਨਹੀਂ ਉੱਠਦੇ।’’ ਜਦ ਪਾਠਕ ਜੀ ਪੂਜਾ ’ਤੇ ਬੈਠੇ ਹੁੰਦੇ ਹਨ, ਪਤਨੀ ਬੱਚਿਆਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੰਦੀ ਹੈ। ਖ਼ੁਦ ਵਰਾਂਡੇ ਵਿੱਚ ਬੈਠਦੀ ਹੈ। ਜੇ ਕੋਈ ਪਾਠਕ ਜੀ ਨੂੰ ਮਿਲਣ ਵਾਲਾ ਆ ਜਾਂਦਾ ਹੈ ਤਾਂ ਉਹ ਆਖ ਦਿੰਦੀ ਹੈ, ‘‘ਉਹ ਤਾਂ ਪੂਜਾ ਕਰਨ ਬੈਠੇ ਨੇ, ਅਜੇ ਨਹੀਂ ਮਿਲ ਸਕਣਗੇ।’’ ਵਰਮਾ ਜੀ ਦਾ ਵੱਡਾ ਪੁੱਤਰ ਭੱਜਿਆ ਭੱਜਿਆ ਆਇਆ ਤੇ ਪੁੱਛਣ ਲੱਗਿਆ, ‘‘ਚਾਚੀ, ਚਾਚਾ ਜੀ ਕਿੱਥੇ ਨੇ?’’
‘‘ਕਿਉਂ, ਕੀ ਗੱਲ? ਤੂੰ ਬੜਾ ਘਬਰਾਇਆ ਹੋਇਆ ਏਂ!’’ ਪਾਠਕ ਦੀ ਪਤਨੀ ਨੇ ਕਿਹਾ। ਮੁੰਡਾ ਬੋਲਿਆ, ‘‘ਪਿਤਾ ਜੀ ਦੀ ਤਬੀਅਤ ਇਕਦਮ ਵਿਗੜ ਗਈ। ਉਨ੍ਹਾਂ ਨੇ ਚਾਚਾ ਜੀ ਨੂੰ ਬੁਲਾਇਆ ਹੈ।’’
ਪਾਠਕ ਜੀ ਦੀ ਪਤਨੀ ਬੋਲੀ, ‘‘ਪੁੱਤ, ਉਹ ਪੂਜਾ ਕਰ ਰਹੇ ਹਨ।’’ ਮੁੰਡੇ ਨੇ ਕਿਹਾ, ‘‘ਉਨ੍ਹਾਂ ਨੂੰ ਕਹਿ ਦਿਉ ਕਿ ਛੇਤੀ ਬੁਲਾਇਆ ਹੈ।’’
‘‘ਉਹ ਵਿਚਾਲਿਉਂ ਨਹੀਂ ਉੱਠਦੇ। ਪਾਠ ਪੂਜਾ ਪੂਰੀ ਹੋ ਜਾਊ ਤਾਂ ਆਉਣਗੇ।’’ ਪਾਠਕ ਜੀ ਦੀ ਪਤਨੀ ਨੇ ਕਿਹਾ।
ਉਹ ਚਲਾ ਗਿਆ। ਪਾਠਕ ਜੀ ਦੀ ਪਤਨੀ ਕਮੀਜ਼ ਨੂੰ ਬਟਨ ਲਾਉਣ ਲੱਗ ਪਈ।
‘‘ਪਾਠਕ ਸਾਬ੍ਹ ਹੈਗੇ?’’ ਇੱਕ ਆਦਮੀ ਨੇ ਸਾਈਕਲ ਤੋਂ ਉਤਰਦੇ ਪੁੱਛਿਆ।ਪਤਨੀ ਨੇ ਧਿਆਨ ਨਾਲ ਉਸ ਆਦਮੀ ਵੱਲ ਦੇਖਿਆ। ਪਛਾਣ ਗਈ ਤੇ ਬੋਲੀ, ‘‘ਕੀ ਕੰਮ ਹੈ?’’
ਉਸ ਨੇ ਕਿਹਾ, ‘‘ਕੱਪੜੇ ਦਾ ਬਿੱਲ ਸੀ। ਅੱਜ ਦੇਣ ਨੂੰ ਕਹਿੰਦੇ ਸਨ।’’ ਪਤਨੀ ਨੇ ਕਹਿ ਦਿੱਤਾ, ‘‘ਫੇਰ ਆਇਓ, ਅੱਜ ਨਹੀਂ ਮਿਲਣਗੇ।’’
ਉਹ ਬੋਲਿਆ, ‘‘ਉਨ੍ਹਾਂ ਮੈਨੂੰ ਅੱਜ ਬੁਲਾਇਆ ਸੀ। ਕਈ ਮਹੀਨੇ ਹੋ ਗਏ ਹਨ।’’
ਪਾਠਕ ਜੀ ਦੀ ਪਤਨੀ ਨੇ ਨਾਰਾਜ਼ਗੀ ਜਤਾਉਂਦਿਆਂ ਕਿਹਾ, ‘‘ਕਹਿ ਦਿੱਤਾ, ਫੇਰ ਆ ਜਾਵੀਂ। ਉਹ ਪੂਜਾ ਕਰ ਰਹੇ ਹਨ। ਸਮਝਿਆ?’’ ਉਸ ਨੇ ਦੰਦਾਂ ਨਾਲ ਧਾਗਾ ਕੱਟਿਆ ਅਤੇ ਦੂਜਾ ਬਟਨ ਚੁੱਕਿਆ। ਅਜੇ ਧਾਗਾ ਉਂਗਲਾਂ ਨਾਲ ਲਪੇਟ ਹੀ ਰਹੀ ਸੀ ਕਿ ਚਪੜਾਸੀ ਆ ਗਿਆ।
‘‘ਬੀਬੀ ਜੀ, ਸਾਹਿਬ ਘਰ ਨੇ!’’
‘‘ਹਾਂ, ਪੂਜਾ ਕਰ ਰਹੇ ਨੇ। ਕੀ ਗੱਲ ਹੈ?’’
‘‘ਭੋਪਾਲ (ਰਾਜਧਾਨੀ) ਤੋਂ ਸੈਕਟਰੀ ਸਾਬ੍ਹ ਆਏ ਹਨ। ਵੱਡੇ ਸਾਬ੍ਹ ਬੋਲੇ ਕਿ ਪਾਠਕ ਸਾਬ੍ਹ ਨੂੰ ਮਿਲਣ ਲਈ ਬੁਲਾ ਲਿਆਓ।’’
ਪਾਠਕ ਜੀ ਦੀ ਪਤਨੀ ਸੋਚੀਂ ਪੈ ਗਈ। ਫਿਰ ਬੋਲੀ, ‘‘...ਪਰ ਪੂਜਾ ਤੋਂ ਵਿਚਾਲੇ ਕਿਵੇਂ ਉੱਠ ਸਕਦੇ ਹਨ? ਪੂਰੀ ਹੋਣ ’ਤੇ ਭੇਜ ਦਿਆਂਗੀ।’’
ਚਪੜਾਸੀ ਨੇ ਕਿਹਾ, ‘‘ਸਾਬ੍ਹ ਨੇ ਫੌਰੀ ਬੁਲਾਇਆ ਹੈ।’’ ਪਾਠਕ ਜੀ ਦੀ ਪਤਨੀ ਬੋਲੀ, ‘‘ਵੀਰਾ, ਉਹ ਪੂਜਾ ਵਿਚਾਲੇ ਨਹੀਂ ਉੱਠਦੇ।ਆਖ ਦੇਈਂ ਕਿ ਥੋੜ੍ਹੀ ਦੇਰ ਤੱਕ ਆਉਂਦੇ ਨੇ।’’ ਚਪੜਾਸੀ ਨੇ ਸਾਈਕਲ ਨੂੰ ਲੱਤ ਦੇ ਲਈ ਅਤੇ ਚਲਾ ਗਿਆ। ਪਾਠਕ ਜੀ ਦੇ ਕੰਨੀਂ ਭਿਣਕ ਪੈ ਗਈ ਸੀ। ਉਹ ਝੱਟ ਬਾਹਰ ਆ ਆਏ। ਪਤਨੀ ਅੱਖਾਂ ਕੱਢਣ ਲੱਗੀ, ‘‘ਤੁਸੀਂ ਵਿਚਾਲੇ ਹੀ ਉੱਠ ਆਏ।’’
‘‘ਕੌਣ ਆਇਆ ਸੀ ਹੁਣੇ?’’
‘‘ਦਫ਼ਤਰੋਂ ਚਪੜਾਸੀ ਸੀ।’’
‘‘ਕੀ ਕਹਿੰਦਾ ਸੀ?’’
‘‘ਕਹਿੰਦਾ ਸੀ ਭੂਪਾਲ ਤੋਂ ਸੈਕਟਰੀ ਸਾਬ੍ਹ ਆਏ ਹਨ, ਵੱਡੇ ਸਾਬ੍ਹ ਨੇ ਉਨ੍ਹਾਂ ਨੂੰ ਮਿਲਣ ਲਈ ਤੁਹਾਨੂੰ ਬੁਲਾਇਆ ਹੈ। ਮੈਂ ਕਹਿ ਦਿੱਤਾ...’’
‘‘ਕੀ ਕਹਿ ਦਿੱਤਾ?’’ ਪਾਠਕ ਜੀ ਨੇ ਪੁੱਛਿਆ ਤਾਂ ਪਤਨੀ ਸਹਿਮ ਗਈ ਸੀ।
‘‘ਕਹਿ ਦਿੱਤਾ ਕਿ ਪੂਜਾ ਤੋਂ ਬਾਅਦ ਆਉਣਗੇ।’’
ਪਾਠਕ ਜੀ ਗੁੱਸੇ ਨਾਲ ਭਖਣ ਲੱਗੇ। ਚੀਖ ਪਏ, ‘‘ਤੂੰ ਏਦਾਂ ਕਿਉਂ ਕਹਿ ਦਿੱਤਾ, ਮੈਥੋਂ ਪੁੱਛਿਆ ਕਿਉਂ ਨਹੀਂ?’’
ਪਤਨੀ ਨੇ ਡਰਦੇ ਡਰਦੇ ਕਿਹਾ, ‘‘ਤੁਸੀਂ ਤਾਂ ਪੂਜਾ ਕਰ ਰਹੇ ਸੀ।’’ ਪਾਠਕ ਜੀ ਫਿਰ ਕੜਕੇ, ‘‘ਪੂਜਾ ਕਰ ਰਿਹਾ ਸੀ ਤਾਂ ਕੀ ਹੋਇਆ? ਤੇਰੀ ਮੱਤ ਮਾਰੀ ਗਈ। ਲਿਆ ਮੇਰੇ ਕੱਪੜੇ ਕੱਢ ਕੇ ਲਿਆ ਛੇਤੀ।’’
ਪਤਨੀ ਕੱਪੜੇ ਲੈ ਆਈ। ਪਾਠਕ ਜੀ ਬੁੜਬੁੜ ਕਰਦੇ ਹੋਏ ਨਾਲ ਦੇ ਕਮਰੇ ਵਿੱਚ ਚਲੇ ਗਏ। ‘‘ਪੱਥਰ ਪੈਣ ਐਸੀ ਅਕਲ ’ਤੇ, ਸਿਰ ਵਿੱਚ ਤੂੜੀ ਭਰੀ ਹੋਈ ਹੈ। ਬੇਵਕੂਫ਼ ਕਿਸੇ ਥਾਂ ਦੀ।’’
ਥੋੜ੍ਹੀ ਦੇਰ ਪਿੱਛੋਂ ਚੀਖੇ, ‘‘ਮੇਰੇ ਬੂਟ ਲਿਆ।’’ ਪਤਨੀ ਨੇ ਬੂਟਾਂ ਦੀ ਜੋੜਾ ਵੀ ਲੈ ਆਂਦਾ। ਪਤਨੀ ਨੂੰ ਯਕੀਨ ਸੀ ਕਿ ਉਸ ਨੇ ਜੋ ਕੁਝ ਕੀਤਾ, ਠੀਕ ਹੀ ਕੀਤਾ ਹੈ। ਉਹ ਹੌਸਲਾ ਕਰਕੇ ਬੋਲੀ, ‘‘ਤੁਸੀਂ ਹੀ ਕਿਹਾ ਸੀ ਕਿ ਕੋਈ ਵੀ ਆ ਜਾਵੇ, ਮੈਨੂੰ ਪੂਜਾ ਵਿਚਾਲੇ ਨਾ ਉਠਾਈਂ।’’ ਗੱਲ ਤਾਂ ਸਹੀ ਸੀ ਪਰ ਪਾਠਕ ਜੀ ਗੁੱਸੇ ਵਿੱਚ ਭੜਕ ਪਏ, ‘‘ਓਹੀ ਗੱਲ, ਕਿਹਾ ਸੀ, ਕਿਹਾ ਸੀ ਮੈਂ, ਜਾਹ ਕਿਹਾ ਸੀ। ਪਰ ਇਹ ਵੀ ਕਿਹਾ ਸੀ ਕਿ ਸਾਬ੍ਹ ਦਾ ਚਪੜਾਸੀ ਆਵੇ ਤਾਂ ਵੀ... ਉਲਟੀ ਖੋਪੜੀ ਐ ਤੇਰੀ?’’
ਪਤਨੀ ਉਨ੍ਹਾਂ ਦੇ ਗੁੱਸੇ ਤੋਂ ਬਹੁਤ ਡਰਦੀ ਸੀ। ਔਰਤਾਂ ਵਿੱਚ ਕਹਿੰਦੀ ਸੀ, ‘‘ਉਨ੍ਹਾਂ ਦਾ ਗੁੱਸਾ ਬੜਾ ਭੈੜਾ ਹੈ।’’ ਉਹ ਬਿਲਕੁਲ ਘਬਰਾ ਗਈ ਸੀ। ਜ਼ੁਬਾਨ ਲੜਖੜਾਉਣ ਲੱਗੀ। ਕੈਫ਼ੀਅਤ ਦੇਣ ਦਾ ਅਖੀਰਲੀ ਕਮਜ਼ੋਰ ਕੋਸ਼ਿਸ਼ ਕਰਦੀ ਬੋਲੀ, ‘‘ਸੁਣੋ ਜੀ, ਮੈਂ ਸੋਚਿਆ ਇੰਜ ਠੀਕ ਨਹੀਂ ਹੁੰਦਾ, ਭਗਵਾਨ ਦੀ ਪੂਜਾ ਵਿੱਚੋਂ...।’’
ਪਾਠਕ ਜੀ ਦੰਦ ਕਰੀਚਦੇ ਬੋਲੇ, ‘‘ਕੀ ਭਗਵਾਨ ਭਗਵਾਨ ਲਾ ਰੱਖੀ ਐ ਤੂੰ, ਕੇਸ ਭਗਵਾਨ ਦੇ ਕੋਲ ਹੈ ਜਾਂ ਸੈਕਟਰੀ ਕੋਲ?’’
ਪਾਠਕ ਜੀ ਨੇ ਝੁਕ ਕੇ ਬੂਟ ਦੇ ਫੀਤੇ ਚੰਗੀ ਤਰ੍ਹਾਂ ਕੱਸ ਲਏ ਸਨ।
- ਪੰਜਾਬੀ ਰੂਪ: ਹਰੀ ਕ੍ਰਿਸ਼ਨ ਮਾਇਰ
ਈ-ਮੇਲ: mayer_hk@yahoo.com