ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੇਰਾ ਦੋਸਤ, ਓਮ

ਕੁਝ ਲੋਕਾਂ ਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੈਂ ਜਿਨ੍ਹਾਂ ਲੋਕਾਂ ਨੂੰ ਜਾਣਦਾ ਹਾਂ, ਓਮ ਪੁਰੀ ਉਨ੍ਹਾਂ ’ਚੋਂ ਸਭ ਤੋਂ ਮਜ਼ਾਹੀਆ ਸ਼ਖ਼ਸ ਸੀ। ‘ਆਕ੍ਰੋਸ਼’ ਅਤੇ ‘ਅਰਧ ਸੱਤਿਆ’ ਵਰਗੀਆਂ ਫਿਲਮਾਂ ਵਿਚਲੀ ਪੇਸ਼ਕਾਰੀ ਜੋ ਲੰਮਾ ਅਰਸਾ ਦੱਬੀ ਪੀੜ ਤੇ ਗੁੱਸੇ...
Advertisement

ਕੁਝ ਲੋਕਾਂ ਨੂੰ ਸ਼ਾਇਦ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੈਂ ਜਿਨ੍ਹਾਂ ਲੋਕਾਂ ਨੂੰ ਜਾਣਦਾ ਹਾਂ, ਓਮ ਪੁਰੀ ਉਨ੍ਹਾਂ ’ਚੋਂ ਸਭ ਤੋਂ ਮਜ਼ਾਹੀਆ ਸ਼ਖ਼ਸ ਸੀ। ‘ਆਕ੍ਰੋਸ਼’ ਅਤੇ ‘ਅਰਧ ਸੱਤਿਆ’ ਵਰਗੀਆਂ ਫਿਲਮਾਂ ਵਿਚਲੀ ਪੇਸ਼ਕਾਰੀ ਜੋ ਲੰਮਾ ਅਰਸਾ ਦੱਬੀ ਪੀੜ ਤੇ ਗੁੱਸੇ ’ਚੋਂ ਨਿਕਲੀ ਸੀ, ਉਸ ਅੰਦਰਲੀ ਇਕਮਾਤਰ ਖ਼ੂਬੀ ਨਹੀਂ ਸੀ। ‘ਜਾਨੇ ਭੀ ਦੋ ਯਾਰੋ’ ਅਤੇ ‘ਹੇਰਾ ਫੇਰੀ’ ਵਿੱਚ ਉਸ ਦੀਆਂ ਮਜ਼ਾਹੀਆ ਭੂਮਿਕਾਵਾਂ ਮਨ ਅੰਦਰ ਲੁਕੀ ਹੋਈ ਸ਼ਰਾਰਤ ਅਤੇ ਸ਼ੁਗਲਪੁਣੇ ’ਚੋਂ ਨਿਕਲੀਆਂ ਸਨ। ਇਹ ਦੋਵੇਂ ਤਰ੍ਹਾਂ ਦੀਆਂ ਪੇਸ਼ਕਾਰੀਆਂ ਉਸ ਦੇ ਅਸਲ ਖ਼ਾਸੇ ’ਚੋਂ ਉਪਜੀਆਂ ਸਨ। ਮੇਰੇ ਬੱਚੇ ਉਸ ਨੂੰ ਓਮ ਪਾਪਾ ਕਹਿੰਦੇ ਸਨ, ਉਸ ਨਾਲੋਂ ਵੀ ਜ਼ਿਆਦਾ ਮਜ਼ਾਹੀਆ ਸਿਰਫ਼ ਉਨ੍ਹਾਂ ਦੇ ਪਿਤਾ ਸਨ ਜੋ ਪ੍ਰਿਥਵੀ ਥੀਏਟਰ ਦੇ ਭੂਗੋਲ ਤੋਂ ਜਾਣੂ ਸਨ ਤੇ ਇੱਕ ਦਿਨ ਇੱਕ ਸ਼ੋਅ ਦੌਰਾਨ ਦੋ ਦੋਸਤਾਂ ਨਾਲ ਸਟੇਜ ਦੇ ਪਿਛਲੇ ਪਾਸੇ ਆਏ ਅਤੇ ਆਪ ਦਰਸ਼ਕਾਂ ਵਿੱਚ ਜਾ ਕੇ ਬੈਠ ਗਏ ਸਨ।

ਓਮ ਨੇ ਹੁਣ 75 ਸਾਲ ਦੇ ਹੋ ਜਾਣਾ ਸੀ ਅਤੇ ਅਕਸਰ ਮੈਨੂੰ ਹੈਰਤ ਹੁੰਦੀ ਹੈ ਕਿ ਉਹ ਕਿਹੋ ਜਿਹਾ ਦਿਸਦਾ। ਇੱਕ ਬੇਢਬਾ ਜਿਹਾ ਬੁੱਢਾ ਆਦਮੀ ਜਿਸ ਨੂੰ ਜ਼ਿੰਦਗੀ ਨੇ ਨਘੋਚੀ ਬਣਾ ਦਿੱਤਾ, ਜਾਂ ਕੀ ਉਹ ਉਦਾਰਤਾ, ਸੱਜਣਤਾਈ, ਦੂਜਿਆਂ ਲਈ ਵਿਚਾਰਸ਼ੀਲਤਾ, ਜ਼ਿੰਦਗੀ ਪ੍ਰਤੀ ਉਤਸ਼ਾਹ ਅਤੇ ਖੋਜ ਨੂੰ ਮੁੜ ਪ੍ਰਾਪਤ ਕਰ ਲੈਂਦਾ? ਕਹਿਣਾ ਨਾਮੁਮਕਿਨ ਹੈ, ਪਰ ਇਹ ਸੱਚ ਹੈ ਕਿ ਆਪਣੇ ਕੰਮ ਵਿੱਚ (ਸ਼ਾਇਦ ਆਪਣੀ ਜ਼ਿੰਦਗੀ ਵਿੱਚ ਵੀ) ਉਸ ਦੀ ਦਿਲਚਸਪੀ ਕਾਫ਼ੀ ਹੱਦ ਤੱਕ ਘਟ ਗਈ ਸੀ। ਮੈਨੂੰ ਇਹ ਦੇਖ ਕੇ ਦੁੱਖ ਹੋਇਆ ਕਿ ਦੇਹਾਂਤ ਤੋਂ ਪਹਿਲਾਂ ਸ਼ੁਹਰਤ ਤੇ ਮਾਇਕ ਭੋਗ ਨੇ ਉਸ ਉੱਪਰ ਆਪਣਾ ਸਪੱਸ਼ਟ ਪ੍ਰਭਾਵ ਛੱਡਣਾ ਸ਼ੁਰੂ ਕਰ ਦਿੱਤਾ ਸੀ। ਫਿਰ ਵੀ ਓਮ ਇੱਕ ਅਜਿਹਾ ਇਨਸਾਨ ਸੀ, ਜਿਸ ਨੇ ਅਣਜਾਣੇ ਹੀ ਮੈਨੂੰ ਕੰਮ ਕਰਨ ਦਾ ਰਾਹ ਦਿਖਾਇਆ ਸੀ ਜਿਸ ਲਈ ਮੈਂ ਉਸ ਦਾ ਬਹੁਤ ਰਿਣੀ ਹਾਂ।

Advertisement

1970 ਵਿੱਚ ਨੈਸ਼ਨਲ ਸਕੂਲ ਆਫ ਡਰਾਮਾ (ਐੱਨਐੱਸਡੀ) ਵਿੱਚ ਦਾਖ਼ਲੇ ਲਈ ਆਡੀਸ਼ਨ ਵਿੱਚ ਆਪਣੀ ਵਾਰੀ ਦੀ ਉਡੀਕ ਕਰਦਿਆਂ ਮੈਂ ਉੱਥੇ ਇੱਕ ਅਦਾਕਾਰ ਨੂੰ ਇੱਕ ਨਾਟਕ ਦੀ ਪੇਸ਼ਕਾਰੀ ਦੌਰਾਨ ਪੰਜਾਬੀ ਦੀਆਂ ਕੁਝ ਸਤਰਾਂ ਬੋਲਦਿਆਂ ਸੁਣਿਆ ਸੀ। ਉਦੋਂ ਮੈਨੂੰ ਪੰਜਾਬੀ ਦੀ ਬਹੁਤੀ ਸਮਝ ਨਹੀਂ ਸੀ ਪਰ ਇਹ ਕੁਝ ਐਸੀ ਆਵਾਜ਼ ਸੀ ਜਿਵੇਂ ਰੇਸ਼ਮ ਵਿੱਚ ਲੋਹਾ ਲਿਪਟਿਆ ਹੋਵੇ - ਅੱਖੜ ਤੇ ਸਖ਼ਤ ਜੋ ਦਰਦ ਨਾਲ ਭਿੱਜੀ ਹੋਵੇ, ਬਹੁਤ ਖਿੱਚਪਾਊ ਤੇ ਇੱਕ ਇੱਕ ਸ਼ਬਦ ਅਰਥ ਭਰਪੂਰ। ਮੈਂ ਇਹੋ ਜਿਹੀ ਉਮਦਾ ਬੋਲਚਾਲ ਪਹਿਲਾਂ ਕਦੇ ਨਹੀਂ ਸੁਣੀ ਸੀ। ਉਸ ਆਵਾਜ਼ ਦਾ ਮਾਲਕ ਆਪਣਾ ਕੰਮ ਮੁਕਾ ਚੁੱਕਿਆ ਸੀ ਤੇ ਛੇਤੀ ਹੀ ਇੱਕ ਦੁਬਲੇ ਪਤਲੇ ਸੁਡੌਲ ਸਰੀਰ, ਖੁਰਦਰੇ ਚਿਹਰੇ ਵਾਲਾ ਵਿਅਕਤੀ ਫਟੇ ਪੁਰਾਣੇ ਕੱਪੜੇ ਤੇ ਚੱਪਲਾਂ ਪਾ ਕੇ ਸਾਹਮਣੇ ਆਇਆ ਜਦੋਂਕਿ ਮੈਂ ਸ਼ੰਮੀ ਕਪੂਰ ਵਾਂਗ ਵਾਲ ਬਣਾ ਕੇ, ਬੀਟਲ ਦੇ ਜੁੱਤੇ ਤੇ ਜੀਨਸ ਪਹਿਨ ਕੇ ਅੰਦਰ ਜਾ ਰਿਹਾ ਸੀ।

ਬਹੁਤੀ ਲੰਮੀ ਕਹਾਣੀ ਨਾ ਪਾਉਂਦਿਆਂ ਮੈਂ ਇੱਥੇ ਇੰਨਾ ਹੀ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਦੋਵਾਂ ਨੇ ਹੀ ਚੋਣਕਾਰ ਕਮੇਟੀ ਨੂੰ ਪ੍ਰਭਾਵਿਤ ਕੀਤਾ। ਉਦੋਂ ਐੱਨਐੱਸਡੀ ਵਿੱਚ ਕੋਈ ਹੋਸਟਲ ਨਹੀਂ ਹੁੰਦਾ ਸੀ; ਠਾਹਰ ਦਾ ਜ਼ਿੰਮਾ ਵਿਦਿਆਰਥੀਆਂ ਦਾ ਆਪਣਾ ਹੁੰਦਾ ਸੀ। ਕੁੜੀਆਂ ਨੂੰ ਲਾਗੇ ਕਾਲਜ ਹੋਸਟਲ ਮਿਲ ਗਿਆ ਸੀ ਤੇ ਮੁੰਡਿਆਂ ਨੂੰ ਪੀਜੀ ਰਿਹਾਇਸ਼ ਲੱਭਣੀ ਪੈਂਦੀ ਸੀ। ਮੇਰੀ ਚੰਗੀ ਕਿਸਮਤ ਸੀ ਕਿ ਐੱਨਐੱਸਡੀ ਦੇ ਨੇੜੇ ਹੀ ਮੈਨੂੰ ਮੇਰੇ ਪਿਤਾ ਦੇ ਦੋਸਤ ਇੱਕ ਸਾਬਕਾ ਐੱਮਪੀ ਦੇ ਬੰਗਲੇ ’ਚ ਆਰਾਮਦਾਇਕ ਕਮਰਾ ਮਿਲ ਗਿਆ ਸੀ। ਮੈਂ ਹੈਰਾਨ ਸਾਂ ਕਿ ਉਹ ਦਮਦਾਰ ਆਵਾਜ਼ ਵਾਲਾ ਮੁੰਡਾ ਕਿੱਥੇ ਰਹੇਗਾ। ਛੇਤੀ ਹੀ ਮੈਨੂੰ ਪਤਾ ਲੱਗ ਗਿਆ।

ਮੈਨੂੰ ਯਕੀਨ ਸੀ ਕਿ ਅਕਾਦਮਿਕ ਸਾਲ ਦੀ ਪਹਿਲੀ ਸਵੇਰ ਉੱਥੇ ਮਿਲੇਗਾ ਅਤੇ ਯਕੀਨਨ ਉਹ ਪਟਿਆਲੇ ਤੋਂ ਆਪਣੇ ਇੱਕ ਦੋਸਤ ਨਾਲ ਉੱਥੇ ਪਹੁੰਚਿਆ ਹੋਇਆ ਸੀ ਜਿਸ ਦਾ ਨਾਂ ਸੀ ਰਾਜਿੰਦਰ ਜਸਪਾਲ। ਜਸਪਾਲ ਤਕੜੇ ਪਰ ਗੋਲ ਮਟੋਲ ਸਰੀਰ ਤੇ ਭਰਵੀਂ ਦਿੱਖ ਵਾਲਾ ਪੰਜਾਬੀ ਨੌਜਵਾਨ ਸੀ ਜਦੋਂਕਿ ਓਮ ਪਤਲੂ ਜਿਹਾ ਮੁੰਡਾ ਸੀ ਪਰ ਉਸ ਦਾ ਚਿਹਰਾ ਇੱਕ ਲੈਂਡਸਕੇਪ ਸੀ।

ਐੱਨਐੱਸਡੀ ਵਿੱਚ ਸਭ ਤੋਂ ਪਹਿਲਾਂ ਮੇਰੇ ਦੋਸਤ ਬਣਨ ਵਾਲੇ ਐੱਮ ਕੇ ਰੈਨਾ, ਜਸਪਾਲ ਤੇ ਓਮ ਹੁਰੀਂ ਸਨ। ਕਨਾਟ ਪਲੇਸ ਵਿੱਚ ਘੁੰਮਦਿਆਂ ਰੈਨਾ ਨੇ ਮੈਨੂੰ ਥੀਏਟਰ, ਸਾਹਿਤ ਤੇ ਕਲਾ ਉਪਰ ਮੁਫ਼ਤ ਪਾਠ ਪੜ੍ਹਾਇਆ ਸੀ ਜਦੋਂਕਿ ਜਸਪਾਲ ਅਤੇ ਪੁਰੀ ਦੋ ਅਜਿਹੇ ਬੰਦੇ ਸਨ, ਜਿਨ੍ਹਾਂ ਨਾਲ ਮੈਂ ਆਪਣਾ ਸੁਫ਼ਨਾ ਸਾਂਝਾ ਕਰ ਸਕਦਾ ਸੀ। ਜਸਪਾਲ ਪੁਰਾਣੀ ਦਿੱਲੀ ਸਟੇਸ਼ਨ ਦੇ ਸਾਹਮਣੇ ਆਪਣੇ ਚਾਚੇ ਨਾਲ ਰਹਿੰਦਾ ਸੀ ਜੋ ਉੱਥੇ ਗਾਰਡ ਲੱਗੇ ਹੋਏ ਸਨ ਅਤੇ ਜ਼ਾਹਿਰ ਹੈ ਕਿ ਓਮ ਵੀ ਉੱਥੇ ਹੀ ਰਹਿ ਰਿਹਾ ਸੀ। ਇਸ ਲਈ ਜਦੋਂ ਇੱਕ ਵਾਰ ਰਾਤ ਦੇ ਖਾਣੇ ’ਤੇ ਉਨ੍ਹਾਂ ਮੈਨੂੰ ਸੱਦਾ ਦਿੱਤਾ ਤਾਂ ਮੈਂ ਸੁਆਦਲੇ ਪੰਜਾਬੀ ਖਾਣੇ ਬਾਰੇ ਮਨੋ ਮਨੀ ਸੋਚ ਕੇ ਖ਼ੁਸ਼ੀ ਨਾਲ ਇਹ ਸਵੀਕਾਰ ਕਰ ਲਿਆ।

ਮੈਂ ਇਹ ਸੋਚਦਾ ਹੋਇਆ ਉੱਥੇ ਪਹੁੰਚਿਆ ਕਿ ਘਰ ਦਾ ਬਣਿਆ ਬਟਰ ਚਿਕਨ ਪਰੋਸਿਆ ਜਾਵੇਗਾ। ਜਸਪਾਲ ਕਿਤੇ ਗਿਆ ਹੋਇਆ ਸੀ ਤੇ ਖਾਣਾ ਬਣਾਉਣ ਦਾ ਜ਼ਿੰਮਾ ਓਮ ਦੇ ਹਵਾਲੇ ਸੀ। ਉਹ ਮੈਨੂੰ ਫਲੈਟ ਦੇ ਬਾਹਰਵਾਰ ਗੈਲਰੀ ਦੇ ਇੱਕ ਕੋਨੇ ਵਿੱਚ ਲੈ ਗਿਆ ਜਿੱਥੇ ਉਸ ਨੇ ਟਿਕਾਣਾ ਬਣਾ ਰੱਖਿਆ ਸੀ। ਉੱਥੇ ਧੁੱਪ, ਛਾਂ ਹੀ ਨਹੀਂ ਸਗੋਂ ਰੇਲਵੇ ਸਟੇਸ਼ਨ ਵਾਲਾ ਸਾਰਾ ਰੌਲਾ ਰੱਪਾ ਸੁਣਦਾ ਸੀ। ਉੱਥੇ ਇੱਕ ਮੰਜਾ, ਬੁੱਕਰੈਕ, ਕਿੱਲੀ ’ਤੇ ਟੰਗੇ ਕੁਝ ਕੱਪੜੇ ਅਤੇ ਮਿੱਟੀ ਦੇ ਤੇਲ ਵਾਲਾ ਸਟੋਵ ਪਿਆ ਸੀ ਜਿਸ ਉਪਰ ਕੁਝ ਰਿੱਝ ਰਿਹਾ ਸੀ। ਅੰਡਾ ਤਰੀ ਅਤੇ ਚੌਲ ਪਕਾਏ ਜਾ ਰਹੇ ਸਨ ਤੇ ਜਦੋਂ ਜਸਪਾਲ ਮੁੜਿਆ ਤਾਂ ਅਸੀਂ ਤਿੰਨਾਂ ਨੇ ਖਾਣਾ ਖਾਧਾ। ਉਸ ਦਿਨ ਮੈਂ ਜਾਣਿਆ ਕਿ ਚੰਗੇ ਖਾਣੇ ਦੀ ਗੁੱਝੀ ਸਮੱਗਰੀ ਮੋਹ ਹੁੰਦੀ ਹੈ।

ਬਾਅਦ ਵਿੱਚ ‘ਭੂਮਿਕਾ’, ‘ਗੋਧੂਲੀ’ ਅਤੇ ‘ਪਾਰ’ ਜਿਹੀਆਂ ਫਿਲਮਾਂ ਵਿੱਚ ਓਮ ਦਾ ਕਰੀਅਰ ਬਣਦਿਆਂ ਦੇਖਿਆ ਤੇ ਫਿਰ ‘ਆਕ੍ਰੋਸ਼’ ਨਾਲ ਤਰਥੱਲੀ ਮੱਚ ਗਈ, ਇੱਕ ਥੀਏਟਰ ਕੰਪਨੀ ਸ਼ੁਰੂ ਕੀਤੀ ਗਈ ਤੇ ‘ਅਰਧ ਸੱਤਿਆ’ ਅਤੇ ‘ਸਿਟੀ ਆਫ ਜੌਇ’ ਦੀ ਕਮਾਈ ਨਾਲ ਸਾਰੇ ਰੋਣੇ ਧੋਣੇ ਚੁੱਕੇ ਗਏ। ਫਿਰ ਕੌਮਾਂਤਰੀ ਫਿਲਮਾਂ ਵਿੱਚ ਕੰਮ ਮਿਲਣਾ ਸ਼ੁਰੂ ਹੋਇਆ ਤੇ ਜੈਕ ਨਿਕਲਸਨ ਨਾਲ ਸਿਗਰਟਨੋਸ਼ੀ ਸਾਂਝੀ ਕੀਤੀ। ਮੈਂ ਹੁਣ ਤੱਕ ਦੀ ਸਭ ਤੋਂ ਵਧੀਆ ਅੰਡਾ ਤਰੀ ਵਾਲੀ ਉਸ ਸ਼ਾਮ ਤੋਂ ਲੈ ਕੇ ਓਮ ਪੁਰੀ ਦੀ ਹੈਰਤਅੰਗੇਜ਼ ਯਾਤਰਾ ਦੇ ਜਾਦੂਈ ਯਥਾਰਥਵਾਦ ਉੱਪਰ ਆਪਣੇ ਆਪ ਨੂੰ ਹੈਰਾਨ ਹੋਣ ਤੋਂ ਰੋਕ ਨਹੀਂ ਸਕਦਾ।

ਵਿਦਿਆਰਥੀ ਵਜੋਂ ਓਮ ਸ਼ਾਂਤ, ਮਿਹਨਤੀ, ਨਿਮਰ ਤੇ ਜਗਿਆਸੂ ਸੀ; ਮੈਂ ਹੰਕਾਰੀ, ਸ਼ੇਖੀਬਾਜ਼ ਅਤੇ ਅਤਿ ਦਾ ਆਤਮ-ਵਿਸ਼ਵਾਸੀ ਸੀ - ਧਿਆਨ ਆਕਰਸ਼ਿਤ ਕਰਨ ਵਾਲਾ। ਉਹ ਰਿਹਰਸਲ ਤੋਂ ਬਾਅਦ ਹਮੇਸ਼ਾ ਆਪਣੀ ਸਕਿਰਪਟ ਦਾ ਅਧਿਐਨ ਕਰ ਰਿਹਾ ਹੁੰਦਾ ਸੀ ਜਦੋਂਕਿ ਮੈਂ ਫਿਲਮ ਦੇਖਣ ਤੁਰ ਪੈਂਦਾ ਸੀ ਜਾਂ ਸੁਪਨੇ ਦੇਖਦੇ ਹੋਏ ਇਧਰ ਉਧਰ ਘੁੰਮਦਾ ਰਹਿੰਦਾ ਸੀ। ਮੇਰਾ ਐੱਨਐੱਸਡੀ ਵਿਚਲਾ ਸਮਾਂ ਬਹੁਤ ਤੇਜ਼ੀ ਨਾਲ ਬੀਤ ਗਿਆ ਪਰ ਖ਼ੁਦ ਨੂੰ ਬਿਹਤਰ ਬਣਾਉਣ ਲਈ ਇਹ ਬਹੁਤ ਕਠਿਨ ਸਮਾਂ ਸੀ। ਓਮ ਦਾ ਸ਼ਰਮੀਲਾਪਣ ਹੌਲੀ ਹੌਲੀ ਲਹਿ ਗਿਆ। ਉਸ ਦੀ ਆਵਾਜ਼ ਦੀ ਰੇਂਜ ਹੋਰ ਵਡੇਰੀ ਹੋ ਗਈ। ਉਸ ਦਾ ਮਾੜਚੂ ਜਿਹਾ ਸਰੀਰ ਭਰਨ ਲੱਗ ਪਿਆ। ਉਸ ਦੀ ਦਿੱਖ ਪ੍ਰਭਾਵਸ਼ਾਲੀ ਹੋ ਗਈ ਤੇ ਉਸ ਨੇ ਹਰ ਕਿਰਦਾਰ ਖੁੱਭ ਕੇ ਨਿਭਾਇਆ। ਉਸ ਨੇ ਪਹਿਲਾਂ ਮਿਲੇ ਕਿਰਦਾਰਾਂ ਵਿੱਚ ਵੀ ਗਹਿਰਾਈ ਪਾਈ ਸੀ ਤੇ ਹੁਣ ਤਾਂ ਉਹ ਮੋਹਰੀ ਕਿਰਦਾਰ ਨਿਭਾਅ ਰਿਹਾ ਸੀ ਜਿਸ ਨਾਲ ਉਸ ਦਾ ਆਤਮ-ਵਿਸ਼ਵਾਸ ਚਮਕਣ ਲੱਗਿਆ। ਦੂਜੇ ਬੰਨੇ, ਮੈਂ ਅਜੇ ਵੀ ਕਾਲਜ ਦੇ ਦਿਨਾਂ ਵਾਲੀ ਸ਼ੋਅਬਾਜ਼ੀ ਕਰੀ ਜਾ ਰਿਹਾ ਸੀ; ਮੈਂ ਰੱਤੀ ਭਰ ਵੀ ਅਗਾਂਹ ਨਹੀਂ ਵਧ ਸਕਿਆ ਜਦੋਂਕਿ ਓਮ ਇੱਕ ਛੋਟੇ ਜਿਹੇ ਬੂਟੇ ਤੋਂ ਵਿਸ਼ਾਲ ਬੋਹੜ ਬਣ ਗਿਆ ਸੀ। ਇਹ ਕੌੜੀ ਗੋਲੀ ਸੀ ਪਰ ਮੈਨੂੰ ਇਹ ਖਾਣੀ ਪੈਣੀ ਸੀ ਤੇ ਇਸ ਬਦਲੇ ਹੋਰ ਕਿਸੇ ਦਾ ਨਹੀਂ ਸਗੋਂ ਓਮ ਦਾ ਰਿਣੀ ਹਾਂ ਜਿਸ ਦੀਆਂ ਪੈੜਾਂ ’ਤੇ ਚੱਲਦਿਆਂ ਆਖ਼ਰਕਾਰ ਮੈਂ ਵੀ ਹੌਲੀ ਹੌਲੀ ਤਰੱਕੀ ਕਰਨੀ ਸ਼ੁਰੂ ਕੀਤੀ।

ਸਾਫ਼ ਜ਼ਾਹਿਰ ਹੈ ਕਿ ਉਸ ਦੀ ਮੌਤ ਮੇਰੇ ਲਈ ਕਿੱਡਾ ਵੱਡਾ ਘਾਟਾ ਸੀ ਤੇ ਮੈਂ ਉਸ ਦੀ ਘਾਟ ਮਹਿਸੂਸ ਕਰਦਾ ਰਹਾਂਗਾ। ਮੈਨੂੰ ਦੁੱਖ ਹੈ ਕਿ ਉਸ ਨੂੰ ਆਪਣਾ ਖ਼ਿਆਲ ਰੱਖਣਾ ਚਾਹੀਦਾ ਸੀ। ਉਸ ਦੀ ਸੰਗਤ ਤੋਂ ਮੈਂ ਬਹੁਤ ਕੁਝ ਹਾਸਿਲ ਕੀਤਾ ਸੀ ਅਤੇ ਉਹ ਹਮੇਸ਼ਾ ਮੇਰੇ ਆਦਰ ਦਾ ਪਾਤਰ ਬਣਿਆ ਰਿਹਾ। ਉਸ ਅਜੇ ਬਹੁਤ ਕੁਝ ਕਰਨਾ ਸੀ, ਬਸ਼ਰਤੇ ਉਸ ਨੂੰ ਇਹ ਪਤਾ ਹੁੰਦਾ ਕਿ ਜਦੋਂ ਜ਼ਿੰਦਗੀ ’ਚ ਤੁਹਾਡੇ ’ਤੇ ਕੋਈ ਬੁਰਾ ਵਕਤ ਆ ਪਵੇ ਤਾਂ ਉਸ ਨਾਲ ਕਿਵੇਂ ਸਿੱਝਿਆ ਜਾਣਾ ਚਾਹੀਦਾ ਹੈ।

ਸਾਹਸ, ਦਿਆਨਤਦਾਰੀ ਅਤੇ ਸਾਦਗੀ ਦੇ ਹੁੰਦੇ ਸੁੰਦੇ ਉਹ ਫਿਲਮ ਨਗਰੀ ਵਿੱਚ ਅਜਨਬੀ ਸੀ ਪਰ ਉਹ ਇਸ ਵਿੱਚ ਫਿੱਟ ਬੈਠਣ ਦੀ ਕੋਸ਼ਿਸ਼ ਕਰਦਾ ਰਿਹਾ। ਮੈਨੂੰ

ਆਸ ਹੈ ਕਿ ਉਹ ਹੁਣ ਕਿਸੇ ਜ਼ਿਆਦਾ ਖੁਸ਼ਨੁਮਾ ਜਗ੍ਹਾ ’ਤੇ ਹੋਵੇਗਾ। ਉਸ ਬਾਰੇ ਸੋਚਦਿਆਂ ਜ਼ਿਹਨ ’ਚ ਇਹੋ ਆਉਂਦਾ ਹੈ:

ਲਾਜ਼ਿਮ ਥਾ ਕਿ ਦੇਖੋ ਮੇਰਾ

ਰਸਤਾ ਕੋਈ ਦਿਨ ਔਰ

ਤਨਹਾ ਗਏ ਕਯੂੰ, ਅਬ ਰਹੋ

ਤਨਹਾ ਕੋਈ ਦਿਨ ਔਰ।

Advertisement
Show comments