ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਿੰਨੀ ਕਹਾਣੀਆਂ

ਮੇਰਾ ਤਾਂ ਪਹਿਲਾ ਫੋਨ ਐ... ਡਾ. ਜਸਵਿੰਦਰ ਕੌਰ ਢਿੱਲੋਂ ਅੱਜ ਫੇਰ ਲਾਈਟ ਦੀ ਸਮੱਸਿਆ ਕਾਰਨ ਪਾਣੀ ਨਹੀਂ ਸੀ ਛੱਡਿਆ ਗਿਆ। ਸਵੇਰੇ ਚਾਰ ਵਜੇ ਤੋਂ ਛੇ ਵਜੇ ਤਕ ਘੱਟੋ-ਘੱਟ ਪੰਦਰਾਂ-ਵੀਹ ਫੋਨ ਆ ਚੁੱਕੇ ਸਨ। ਸਾਰਾ ਟੱਬਰ ਸੁੱਤਾ ਹੋਣ ਕਾਰਨ ਜੇ.ਈ. ਸਾਹਿਬ...
Advertisement

ਮੇਰਾ ਤਾਂ ਪਹਿਲਾ ਫੋਨ ਐ...

ਡਾ. ਜਸਵਿੰਦਰ ਕੌਰ ਢਿੱਲੋਂ

ਅੱਜ ਫੇਰ ਲਾਈਟ ਦੀ ਸਮੱਸਿਆ ਕਾਰਨ ਪਾਣੀ ਨਹੀਂ ਸੀ ਛੱਡਿਆ ਗਿਆ। ਸਵੇਰੇ ਚਾਰ ਵਜੇ ਤੋਂ ਛੇ ਵਜੇ ਤਕ ਘੱਟੋ-ਘੱਟ ਪੰਦਰਾਂ-ਵੀਹ ਫੋਨ ਆ ਚੁੱਕੇ ਸਨ। ਸਾਰਾ ਟੱਬਰ ਸੁੱਤਾ ਹੋਣ ਕਾਰਨ ਜੇ.ਈ. ਸਾਹਿਬ ਫੋਨ ਛੱਤ ’ਤੇ ਲਿਜਾ ਕੇ ਸੁਣ ਰਹੇ ਸਨ। ਫੋਨ ਸੁਣ ਕੇ ਮੁੜਦਿਆਂ ਜੇ.ਈ. ਸਾਹਿਬ ਨੇ ਦੇਖਿਆ ਕਿ ਰਸੋਈ ’ਚ ਲਾਈਟ ਜਗ ਚੁੱਕੀ ਹੈ ਤਾਂ ਚਾਹ ਪੀਣ ਲਈ ਅੰਦਰ ਆ ਗਏ। ਇੰਨੇ ਨੂੰ ਫੇਰ ਫੋਨ ਦੀ ਘੰਟੀ ਵੱਜੀ,‘ਜੇ.ਈ. ਸਾਹਿਬ ਸਾਡੇ ਘਰ ਪਾਣੀ ਨਹੀਂ ਆਇਆ।’ ਜੇ.ਈ. ਸਾਹਿਬ ਨੇ ਜਵਾਬ ਦਿੱਤਾ,‘ਲਾਈਟ ਨਹੀਂ ਹੈ ਜੀ ਵਾਟਰਵਕਸ ’ਤੇ।’ ਇਹ ਸੁਣ ਅੱਗੋਂ ਉੱਤਰ ਆਇਆ,‘ਸਾਡੇ ਤਾਂ ਲਾਈਟ ਹੈਗੀ ਐ ਜੀ।’ ਜੇ.ਈ. ਸਾਹਿਬ ਨੇ ਕਿਹਾ, ‘ਵਾਟਰਵਕਸ ’ਤੇ ਨਹੀਂ ਹੈ।’ ਅੱਗੋਂ ਫੇਰ ਸਵਾਲ, ‘ਕਦੋਂ ਠੀਕ ਹੋਵੇਗੀ ਲਾਈਟ? ਪਾਣੀ ਕਦੋਂ ਛੱਡੋਂਗੇ?’ ਜੇ.ਈ. ਸਾਹਿਬ ਨੇ ਕੁਝ ਖਿਝ ਕੇ ਕਿਹਾ, ‘ਨੌਂ ਕੁ ਵਜੇ ਆਵੇਗਾ ਮਕੈਨਿਕ, ਜਦੋਂ ਠੀਕ ਹੋ ਜਾਵੇਗੀ, ਛੱਡ ਦੇਵਾਂਗੇ ਪਾਣੀ।’ ਹਾਲੇ ਚਾਹ ਦੀ ਇੱਕ ਘੁੱਟ ਭਰੀ ਸੀ ਕਿ ਫੋਨ ਦੀ ਘੰਟੀ ਮੁੜ ਵੱਜੀ, ‘ਸਰ ਸਾਡੇ ਪਾਣੀ ਨਹੀਂ ਆਇਆ।’ ਜੇ.ਈ. ਸਾਹਿਬ ਨੇ ਫਿਰ ਉਹੀ ਜਵਾਬ ਦਿੱਤਾ, ‘ਵਾਟਰਵਕਸ ’ਤੇ ਲਾਈਟ ਨਹੀਂ ਹੈ ਜੀ।’ ਇਸ ਤੋਂ ਪਹਿਲਾਂ ਕਿ ਜੇ.ਈ. ਸਾਹਿਬ ਕੁਝ ਹੋਰ ਕਹਿੰਦੇ, ਇਕੋ ਸਾਹ ਕਿੰਨੇ ਹੀ ਸਵਾਲ ਤੇ ਜਵਾਬ ਮਿਲੇ, ‘ਸਾਡੇ ਵੱਲ ਤਾਂ ਹੈਗੀ ਐ ਜੀ, ਵਾਟਰਵਕਸ ’ਤੇ ਕੀ ਹੋ ਗਿਆ? ਕਦੋਂ ਤੱਕ ਠੀਕ ਹੋਊ? ਕਦੋਂ ਛੱਡੋਗੇ ਪਾਣੀ?’ ਜੇ.ਈ. ਸਾਹਿਬ ਨੇ ਚਾਹ ਦਾ ਘੁੱਟ ਭਰਦਿਆਂ ਉੱਤਰ ਦੁਹਰਾਇਆ, ‘ਜਦੋਂ ਠੀਕ ਹੋ ਗਈ ਛੱਡ ਦੇਵਾਂਗੇ। ਹਾਲੇ ਕੁਝ ਨਹੀਂ ਕਹਿ ਸਕਦਾ।’ ਦਿਨ ਦੇ ਲਗਪਗ ਗਿਆਰਾਂ ਵੱਜ ਚੁੱਕੇ ਸਨ। ਇਹ ਅੰਦਾਜ਼ਨ ਸੱਠਵਾਂ ਫੋਨ ਹੋਣਾ, ਫੇਰ ਉਹੀ ਸਵਾਲ, ‘ਸਾਡੇ ਅੱਜ ਪਾਣੀ ਨਹੀਂ ਆਇਆ।’ ਆਵਾਜ਼ ਤੋਂ ਲੱਗਦਾ ਸੀ, ਜਿਵੇਂ ਤਸੱਲੀ ਨਾਲ ਉਡੀਕ ਕਰਨ ਮਗਰੋਂ ਫੋਨ ਕੀਤਾ ਹੋਵੇ। ਜੇ.ਈ. ਸਾਹਿਬ ਦਾ ਫੇਰ ਉਹੀ ਜਵਾਬ, ‘ਭਾਈ ਸਾਹਿਬ ਵਾਟਰਵਰਕਸ ’ਤੇ ਲਾਈਟ ਨਹੀਂ।’ ਅਗੋਂ ਜਵਾਬ ਪੂਰੇ ਰੋਅਬ ਨਾਲ, ‘ਸਾਡੇ ਤਾਂ ਹੈਗੀ। ਕੀ ਖਰਾਬੀ ਹੋ ਗਈ? ਕਦੋਂ ਤੱਕ ਠੀਕ ਹੋਣ ਦੀ ਸੰਭਾਵਨਾ ਐ? ਸ਼ਾਮ ਨੂੰ ਤਾਂ ਆਊਗਾ ਪਾਣੀ?’ ਜੇ.ਈ. ਸਾਹਿਬ ਨੇ ਥੋੜ੍ਹਾ ਗੁੱਸੇ ਨਾਲ ਕਿਹਾ,‘ਭਾਈ ਸਾਹਿਬ ਮਕੈਨਿਕ ਕਰ ਰਿਹੈ ਠੀਕ, ਜਦੋਂ ਠੀਕ ਹੋ ਗਈ ਛੱਡ ਦੇਵਾਂਗੇ ਪਾਣੀ। ਕਿਉਂ ਵਾਰ-ਵਾਰ ਫੋਨ ਕਰੀ ਜਾ ਰਹੇ ਹੋ। ਮੈਂ ਇਹੀ ਜਵਾਬ ਘੱਟੋ-ਘੱਟ 60-70 ਵਾਰ ਦੇ ਚੁੱਕਿਆਂ। ਸਾਨੂੰ ਆਪਣਾ ਕੰਮ ਕਰਨ ਦਿਉ।’ ਅੱਗੋਂ ਜਵਾਬ ਆਇਆ, ‘ਮੇਰਾ ਤਾਂ ਇਹ ਪਹਿਲਾ ਫੋਨ ਐ।’ ਜੇ.ਈ ਸਾਹਿਬ ਨੇ ਸਿਰ ’ਤੇ ਹੱਥ ਮਾਰਿਆ ਤੇ ਮੋਢੇ ਝਟਕਦੇ ਹੋਏ ਮਕੈਨਿਕ ਵੱਲ ਚਲੇ ਗਏ।

Advertisement

ਸੰਪਰਕ: 94634-25668

* * *

ਕਿਰਤ ਦਾ ਮੁੱਲ

ਡਾ. ਕਮਲਪ੍ਰੀਤ ਕੌਰ

ਇਹ ਕਹਾਣੀ ਕਰਮ ਸਿੰਘ ਦੀ ਹੈ, ਜਿਸ ਹੱਡ-ਭੰਨਵੀਂ ਮਿਹਨਤ ਕਰਕੇ ਆਪਣੇ ਪੁੱਤਰਾਂ ਸੰਤੋਖ ਸਿੰਘ ਅਤੇ ਚੜ੍ਹਤ ਸਿੰਘ ਦਾ ਪਾਲਣ-ਪੋਸ਼ਣ ਕੀਤਾ। ਸੰਤੋਖ ਅਤੇ ਚੜ੍ਹਤ ਦੋਵੇਂ ਭਰਾ ਇੱਕ ਦੂਜੇ ਤੋਂ ਉਲਟ ਸੁਭਾਅ ਵਾਲੇ ਸਨ। ਸੰਤੋਖ ਨਿੱਕੀ ਉਮਰ ਤੋਂ ਹੀ ਨਿੱਠ ਕੇ ਪੜ੍ਹਨ ਅਤੇ ਖੇਤੀ ਵਿੱਚ ਪਿਉ ਨਾਲ ਹੱਥ ਵਟਾਉਣ ਵਾਲਾ ਸੀ ਜਦਕਿ ਚੜ੍ਹਤ ਸਿੰਘ ਸਕੂਲੋਂ ਆਉਂਦਿਆਂ ਹੀ ਦੋਸਤਾਂ-ਮਿੱਤਰਾਂ ਨਾਲ ਖੇਡਣ ਲਈ ਤੁਰ ਜਾਂਦਾ। ਸਮੇਂ ਦਾ ਪਹੀਆ ਘੁੰਮਦਾ ਗਿਆ ਤੇ ਇੱਕ ਦਿਨ ਬੁੱਢਾ ਹੋਇਆ ਕਰਮ ਸਿੰਘ ਜਹਾਨ ਤੋਂ ਚਾਲੇ ਪਾ ਗਿਆ। ਸੰਤੋਖ ਸਿੰਘ ਤੇ ਚੜ੍ਹਤ ਸਿੰਘ ਨੂੰ ਜੱਦੀ ਜਾਇਦਾਦ ਵੰਡੀ ਗਈ। ਸੰਤੋਖ ਨੇ ਆਪਣੀ ਹਿੱਸੇ ਆਈ ਚਾਰ ਏਕੜ ਜ਼ਮੀਨ ਵਿੱਚ ਪਿਉ ਵਾਂਗ ਹੱਡ-ਭੰਨਵੀਂ ਮਿਹਨਤ ਕੀਤੀ ਤੇ ਉਸ ਦੇ ਪਰਿਵਾਰ ਦਾ ਗੁਜ਼ਾਰਾ ਵਧੀਆ ਤੁਰਨ ਲੱਗਿਆ। ਉੱਧਰ ਚੜ੍ਹਤ ਸਿੰਘ ਖੁਦ ਕਦੇ ਖੇਤ ਗੇੜਾ ਨਾ ਮਾਰਦਾ ਅਤੇ ਸਾਰਾ ਕੰਮ ਸੀਰੀ ’ਤੇ ਛੱਡ ਕੇ ਟੌਹਰ ਵਿੱਚ ਰਹਿੰਦਾ।

ਸੰਤੋਖ ਸਿੰਘ ਨੂੰ ਭਾਵੇਂ ਪਿੰਡ ਵਿੱਚ ਕਈ ਜਣੇ ਪੁਰਾਣਾ ਮਕਾਨ ਢਾਹ ਕੇ ਨਵੀਂ ਕੋਠੀ ਪਾਉਣ ਲਈ ਆਖਦੇ ਪਰ ਉਸ ਨੂੰ ਅੱਗੇ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਦਿਖਦਾ। ਇੱਧਰ ਚੜ੍ਹਤ ਸਿੰਘ ਨੇ ਆੜ੍ਹਤੀਏ ਤੋਂ ਰਕਮ ਚੁੱਕ ਕੇ ਆਲੀਸ਼ਾਨ ਕੋਠੀ ਬਣਾ ਲਈ। ਉਹ ਖੁਦ ਨੂੰ ਸੰਤੋਖ ਸਿੰਘ ਤੋਂ ਵਧੀਆ ਸਾਬਤ ਕਰਨ ਦਾ ਮੌਕਾ ਭਾਲਦਾ ਰਹਿੰਦਾ। ਚੜ੍ਹਤ ਸਿੰਘ ਵਾਂਗ ਕਦੇ ਉਸ ਦਾ ਪੁੱਤਰ ਫਖ਼ਰ ਸਿੰਘ ਵੀ ਖੇਤ ਵੱਲ ਨਹੀਂ ਸੀ ਗਿਆ। ਖੇਤੀਬਾੜੀ ਦਾ ਕੰਮ ਸੀਰੀ ਦੇ ਸਿਰ ’ਤੇ ਹੀ ਸੀ। ਉਸ ਆਪਣੇ ਪੁੱਤਰ ਨੂੰ ਨਵਾਂ ਫੋਨ, ਮਹਿੰੰਗਾ ਮੋਟਰਸਾਈਕਲ ਤੇ ਹਰ ਸੁੱਖ ਆਰਾਮ ਦਿੱਤਾ। ਫਖ਼ਰ ਹਮੇਸ਼ਾ ਫੋਨ ’ਤੇ ਲੱਗਿਆ ਰਹਿੰਦਾ, ਪੜ੍ਹਾਈ ਵਿੱਚ ਵੀ ਉਸ ਦੀ ਕੋਈ ਖਾਸ ਦਿਲਚਸਪੀ ਨਹੀਂ ਸੀ। ਉੱਧਰ ਸੰਤੋਖ ਸਿੰਘ ਦੇ ਧੀ-ਪੁੱਤਰ ਪਿਉ ਨੂੰ ਮਿੱਟੀ ’ਚ ਮਿੱਟੀ ਹੁੰਦਾ ਦੇਖ ਕੇ ਦਿਲ-ਜਾਨ ਨਾਲ ਪੜ੍ਹਾਈ ਕਰਦੇ ਅਤੇ ਵਿਹਲੇ ਸਮੇਂ ਖੇਤ ਵਿੱਚ ਉਸ ਦਾ ਹੱਥ ਵੀ ਵਟਾਉਂਦੇ। ਸੰਤੋਖ ਸਿੰਘ ਦਾ ਪੁੱਤਰ ਹਿੰਮਤ ਸਿੰਘ ਸਰਕਾਰੀ ਸਕੂਲ ਵਿੱਚ ਮਾਸਟਰ ਲੱਗ ਗਿਆ ਤਾਂ ਉਸ ਪ੍ਰਮਾਤਮਾ ਦਾ ਬਹੁਤ-ਬਹੁਤ ਸ਼ੁਕਰਾਨਾ ਕੀਤਾ। ਉਸ ਪੁੱਤਰ ਲਈ ਸੁਘੜ ਸਿਆਣੀ ਤੇ ਸਾਵੇਂ ਘਰ ਦੀ ਧੀ ਲੱਭੀ ਤੇ ਸਿਰਫ਼ ਪੰਜ ਜਣੇ ਜਾ ਕੇ ਲੜਕੀ ਨੂੰ ਚੁੰਨੀ ਚੜ੍ਹਾ ਕੇ ਲੈ ਆਏ। ਵਿਆਹ ਮੌਕੇ ਚੜ੍ਹਤ ਸਿੰਘ ਨੇ ਸੰਤੋਖ ਸਿੰਘ ਨੂੰ ਉਲਾਂਭਾ ਦਿੰਦਿਆਂ ਕਿਹਾ, ‘ਤੂੰ ਸਾਰੇ ਪਿੰਡ ਵਿੱਚ ਮੇਰਾ ਨੱਕ ਵਢਾ ਦਿੱਤਾ ਹੈ। ਜੇ ਤੇਰੇ ਕੋਲ ਖਰਚਣ ਲਈ ਪੈਸੇ ਨਹੀਂ ਸਨ ਤਾਂ ਮੈਨੂੰ ਕਹਿੰਦਾ, ਅਸੀਂ ਆੜ੍ਹਤੀਏ ਨਾਲ ਗੱਲ ਕਰਦੇ। ਤੇਰਾ ਪੁੱਤਰ ਸਰਕਾਰੀ ਮਾਸਟਰ ਹੈ, ਹੌਲੀ-ਹੌਲੀ ਮੋੜ ਦਿੰਦਾ।’ ਪਰ ਸੰਤੋਖ ਸਿੰਘ ਨੂੰ ਇਹ ਗਵਾਰਾ ਨਹੀਂ ਸੀ, ਉਸ ਬੜੀ ਹੀ ਹਲੀਮੀ ਨਾਲ ਜਵਾਬ ਦਿੱਤਾ, ‘ਜਿੰਨੀ ਮੇਰੀ ਚਾਦਰ ਹੈ, ਮੈਂ ਓਨੇ ਹੀ ਪੈਰ ਪਸਾਰਨੇ ਵਾਜਬ ਸਮਝਦਾਂ ਹਾਂ ਬਾਈ।’ ਚੜ੍ਹਤ ਸਿੰਘ ਨੇ ਭਰਵੱਟੇ ਉੱਚੇ ਚੱਕਦਿਆਂ ਕਿਹਾ, ‘ਜਦੋਂ ਮੈਂ ਆਪਣੇ ਪੁੱਤਰ ਦਾ ਵਿਆਹ ਕੀਤਾ ਤਾਂ ਸਾਰਾ ਪਿੰਡ ਦੇਖਦਾ ਰਹਿ ਜਾਵੇਗਾ।’

ਕੁਝ ਸਾਲ ਬੀਤ ਗਏ, ਚੜ੍ਹਤ ਸਿੰਘ ਨੇ ਫਖ਼ਰ ਲਈ ਵਿਦੇਸ਼ੀ ਲੜਕੀ ਦਾ ਰਿਸ਼ਤਾ ਲੱਭਿਆ। ਪੁੱਤਰ ਨੂੰ ਵਿਦੇਸ਼ ਭੇਜਣ ਦੀ ਆਸ ਵਿੱਚ ਉਸ ਨੇ ਵਿੱਤੋਂ ਬਾਹਰ ਹੋ ਕੇ ਵਿਆਹ ’ਤੇ ਖਰਚਾ ਕੀਤਾ। ਵੱਡੀ ਬਾਰਾਤ, ਖਾਣ-ਪੀਣ ਦਾ ਆਲੀਸ਼ਾਨ ਇੰਤਜ਼ਾਮ, ਨਵੀਂ ਜੋੜੀ ਲਈ ਮੋਟਰ ਕਾਰ ਖਰੀਦੀ। ਮੁੱਕਦੀ ਗੱਲ, ਇਲਾਕੇ ਵਿੱਚ ਧੁੰਮਾਂ ਪੈ ਗਈਆਂ ਕਿ ਚੜ੍ਹਤ ਸਿੰਘ ਨੇ ਆਪਣੇ ਪੁੱਤਰ ਦਾ ਵਿਆਹ ਗੱਜ-ਵੱਜ ਕੇ ਕੀਤਾ ਹੈ। ਲੰਬਾ ਸਮਾਂ ਉਹ ਲੋਕਾਂ ਮੂੰਹੋਂ ਵਿਆਹ ’ਚ ਕੀਤੇ ਇੰਤਜ਼ਾਮਾਂ ਤੇ ਵਧ-ਚੜ੍ਹ ਕੇ ਕੀਤੇ ਖਰਚਿਆਂ ਦੀ ਤਾਰੀਫ਼ ਸੁਣ ਕੇ ਹੁੱਬਦਾ ਰਿਹਾ। ਅਖੀਰ ਉਹ ਦਿਨ ਵੀ ਆ ਗਿਆ ਜਦੋਂ ਉਸ ਦਾ ਪੁੱਤਰ ਤੇ ਨੂੰਹ ਵਿਦੇਸ਼ ਚਲੇ ਗਏ।

ਇੱਕ ਦਿਨ ਸੰਤੋਖ ਸਿੰਘ ਨੇ ਚੜ੍ਹਤ ਸਿੰਘ ਨੂੰ ਨਹਿਰ ਦੀ ਪਟੜੀ ’ਤੇ ਜਾਂਦਿਆਂ ਵੇਖਿਆ। ਸੰਤੋਖ ਸਿੰਘ ਨੂੰ ਕੁਝ ਸ਼ੱਕ ਹੋਇਆ ਤਾਂ ਉਹ ਵੀ ਮਗਰ ਹੋ ਤੁਰਿਆ। ਉਸ ਦਾ ਡਰ ਹਕੀਕਤ ਬਣ ਕੇ ਸਾਹਮਣੇ ਆ ਖਲੋਤਾ ਤੇ ਉਸ ਦੇ ਦੇਖਦੇ ਹੀ ਦੇਖਦੇ ਚੜ੍ਹਤ ਸਿੰਘ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਸੰਤੋਖ ਸਿੰਘ ਨੇ ਤੁਰੰਤ ਨਹਿਰ ਵਿੱਚ ਛਾਲ ਮਾਰਾੀ ਤੇ ਵੱਡੇ ਭਰਾ ਨੂੰ ਬਾਹਰ ਕੱਢ ਲਿਆਇਆ। ਚੜ੍ਹਤ ਸਿੰਘ ਨੂੰ ਘਰ ਲਿਆਂਦਾ ਗਿਆ। ਉਸ ਦੇ ਚਿਹਰੇ ’ਤੇ ਪੱਸਰੀ ਮੁਰਦਾ ਚੁੱਪ ਅਤੇ ਅੱਖਾਂ ਵਿੱਚ ਆਏ ਹੰਝੂ ਵੇਖ ਸੰਤੋਖ ਸਿੰਘ ਕਾਫ਼ੀ ਕੁਝ ਸਮਝ ਚੁੱਕਿਆ ਸੀ। ਕੋਲ ਬੈਠੀ ਚੜ੍ਹਤ ਸਿੰਘ ਦੀ ਧੀ ਨੇ ਦੱਸਿਆ ਕਿ ਫਖ਼ਰ ਦੇ ਵਿਆਹ ਲਈ ਬਾਪੂ ਨੇ ਬੈਂਕ ਤੋਂ ਕਰਜ਼ਾ ਲਿਆ ਸੀ ਪਰ ਵਿਦੇਸ਼ ਜਾਣ ਮਗਰੋਂ ਫਖ਼ਰ ਨੇ ਸਾਡੇ ਨਾਲ ਗੱਲਬਾਤ ਹੀ ਬੰਦ ਕਰ ਦਿੱਤੀ ਹੈ। ਪਹਿਲਾਂ ਕੋਠੀ ਪਾਉਣ ਲਈ ਆੜ੍ਹਤੀਏ ਤੋਂ ਪੈਸੇ ਫੜੇ ਸਨ, ਉਹ ਵੀ ਹਾਲੇ ਖੜ੍ਹੇ ਹਨ, ਤੇ ਹੁਣ ਇਹ ਕਰਜ਼ਾ। ਫ਼ਸਲ ਵਿੱਚੋਂ ਵੀ ਕੁਝ ਨਹੀਂ ਬਚਦਾ, ਬਾਪੂ ਜੀ ਕਿਵੇਂ ਲਾਹੁਣਗੇ ਇਹ ਕਰਜ਼ਾ।

ਇਸ ਦੌਰਾਨ ਚੜ੍ਹਤ ਸਿੰਘ ਫੁਟ-ਫੁਟ ਕੇ ਰੋ ਪਿਆ ਤੇ ਸੰਤੋਖ ਸਿੰਘ ਤੋਂ ਮੁਆਫ਼ੀ ਮੰਗਦਿਆਂ ਕਹਿਣਾ ਲੱਗਾ, ‘ਮੈਨੂੰ ਮੁਆਫ਼ ਕਰੀਂ ਛੋਟੇ ਵੀਰ, ਮੈਂ ਸਦਾ ਆਪਣੇ ਹੰਕਾਰ ਵਿੱਚ ਤੈਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਪਰ ਮੇਰੀ ਇਸ ਫੋਕੀ ਸ਼ੁਹਰਤ ਨੇ ਹੀ ਅਖੀਰ ਮੈਨੂੰ ਡੋਬ ਦਿੱਤਾ।’ ਅਸਲ ਵਿੱਚ ਸੰਤੋਖ ਸਿੰਘ ਦੀ ਸਧਾਰਨ ਜੀਵਨ-ਸ਼ੈਲੀ ਚੜ੍ਹਤ ਸਿੰਘ ਦੀ ਚੜ੍ਹਤ ਨਾਲੋਂ ਕਈ ਗੁਣਾ ਚੰਗੀ ਤੇ ਖੁਸ਼ਹਾਲ ਜ਼ਿੰਦਗੀ ਵਾਲੀ ਸੀ। ਸੰਤੋਖ ਨੇ ਆਪਣੇ ਭਰਾ ਨੂੰ ਘੁੱਟ ਕੇ ਜੱਫੀ ਪਾਉਂਦਿਆਂ ਕਿਹਾ, ‘ਬਾਈ ਅਸੀਂ ਮਿਹਨਤੀ ਪਿਉ ਦੇ ਪੁੱਤਰ ਹਾਂ, ਰਲ-ਮਿਲ ਕੇ ਸਾਰੀਆਂ ਮੁਸੀਬਤਾਂ ਦੂਰ ਕਰ ਲਵਾਂਗੇ।’ ਸੰਤੋਖ ਸਿੰਘ ਦੇ ਹੌਸਲੇ ਮਗਰੋਂ ਚੜ੍ਹਤ ਸਿੰਘ ਨੇ ਸੀਰੀ ਦੀ ਛੁੱਟੀ ਕਰ ਖ਼ੁਦ ਖੇਤ ਜਾਣਾ ਸ਼ੁਰੂ ਕਰ ਦਿੱਤਾ। ਹੁਣ ਉਹ ਖੇਤ ਵਿੱਚ ਮਿਹਨਤ ਕਰਦਾ ਤੇ ਸਾਰੇ ਕੰਮ ਦੀ ਨਿਗਰਾਨੀ ਵੀ ਰੱਖਦਾ। ਸੰਦ ਤੇ ਹੋਰ ਮਸ਼ੀਨਰੀ ਉਹ ਸੰਤੋਖ ਸਿੰਘ ਤੋਂ ਲੈ ਕੇ ਵਰਤ ਲੈਂਦਾ। ਸਬਜ਼ੀਆਂ ਅਤੇ ਦਾਲਾਂ ਦੀ ਖੇਤੀ ਕਰਕੇ ਉਹ ਉਨ੍ਹਾਂ ਨੂੰ ਵੇਚਦਾ, ਰਸਾਇਣ ਰਹਿਤ ਪੈਦਾਵਾਰ ਕਾਰਨ ਉਹ ਜਲਦੀ ਹੀ ਮਕਬੂਲ ਹੋ ਗਿਆ। ਇਸ ਤਰ੍ਹਾਂ ਦਿਨ ਬੀਤਦੇ ਗਏ ਅਤੇ ਚੜ੍ਹਤ ਸਿੰਘ ਆਪਣੀ ਮਿਹਨਤ ਤੇ ਭਰਾ ਦੇ ਹੌਸਲੇ ਨਾਲ ਆਪਣਾ ਕਰਜ਼ਾ ਲਾਹੁਣ ਵਿੱਚ ਕਾਮਯਾਬ ਰਿਹਾ। ਹੁਣ ਉਹ ਇਹ ਗੱਲ ਸਮਝ ਚੁੱਕਿਆ ਸੀ ਕਿ ਆਪਸੀ ਸਾਂਝ ਨਾਲ ਹਰ ਮੰਜ਼ਿਲ ਫਤਹਿ ਕੀਤੀ ਜਾ ਸਕਦੀ ਹੈ।

ਸੰਪਰਕ: 95922-27589

* * *

ਗੁਪਤ ਦਾਨ

ਸਤਨਾਮ ਸ਼ਾਇਰ

ਸਕੂਲ ਵਿੱਚ ਅੱਧੀ ਛੁੱਟੀ ਦਾ ਸਮਾਂ ਸੀ। ਸਾਰੇ ਅਧਿਆਪਕ ਸਟਾਫ਼ ਰੂਮ ਵਿੱਚ ਬੈਠ ਕੇ ਖਾਣਾ ਖਾ ਰਹੇ ਸਨ। ਅਚਾਨਕ ਬਿਜਲੀ ਚਲੀ ਗਈ ਤਾਂ ਕਲਰਕ ਦਾ ਧਿਆਨ ਸਟਾਫ਼ ਰੂਮ ਵਿੱਚ ਲੱਗੇ ਦੋ ਪੱਖਿਆਂ ਵੱਲ ਗਿਆ ਜੋ ਪਿੰਡ ਦੇ ਕਿਸੇ ਦਾਨੀ ਸੱਜਣ ਨੇ ਆਪਣੇ ਸਵਰਗਵਾਸੀ ਪਿਤਾ ਦੀ ਯਾਦ ਵਿੱਚ ਸਕੂਲ ਨੂੰ ਦਾਨ ਕੀਤੇ ਸਨ। ਮੈਂ ਕਿਹਾ ਸਰ, ‘ਇਨ੍ਹਾਂ ਪੱਖਿਆਂ ਦੇ ਬਲੇਡਾਂ ਅਤੇ ਪ੍ਰਿੰਸੀਪਲ ਦੇ ਦਫ਼ਤਰ ਬਾਹਰ ਕੰਧ ’ਤੇ ਲੱਗੀ ਦਾਨ ਸੂਚੀ ਦੇ ਨਾਵਾਂ ’ਚੋਂ ਮੈਨੂੰ ਸਿਰਫ਼ ‘ਮੈਂ’ ਤੇ ‘ਹੰਕਾਰ’ ਦਿਖਦਾ ਹੈ ਕਿਸੇ ਦੀ ਯਾਦਗਾਰ ਨਹੀਂ।’

ਮੇਰੀ ਇਸ ਗੱਲ ’ਤੇ ਅੰਗਰੇਜ਼ੀ ਦੇ ਮਾਸਟਰ ਸੁਖਜੀਤ ਸ਼ਰਮਾ ਨੇ ਥੋੜ੍ਹੀ ਅਸਿਹਮਤੀ ਪ੍ਰਗਟਾਉਂਦਿਆਂ ਦੱਸਿਆ ਕਿ ਹਰ ਵਾਰ ਵਾਂਗ ਇਸ ਸਾਲ ਵੀ ਉਸ ਨੂੰ ਇੱਕ ਦਾਨੀ ਸੱਜਣ ਦਾ ਫੋਨ ਆਇਆ ‘ਸਰ ਮੈਂ ਸਕੂਲ ਦੇ ਬੈਂਕ ਅਕਾਊਂਟ ਵਿੱਚ ਕੁੱਝ ਮਾਇਆ ਪਾ ਦਿੱਤੀ ਹੈ। ਸਕੂਲ ਵਿੱਚ ਲੋੜ ਮੁਤਾਬਕ ਪੱਖੇ, ਫਰਨੀਚਰ, ਬੱਚਿਆਂ ਲਈ ਕਿਤਾਬਾਂ, ਵਰਦੀਆਂ ਆਦਿ ਬਣਵਾ ਲੈਣਾ। ਦਾਸ ਵੱਲੋਂ ਇੱਕ ਛੋਟੀ ਜਿਹੀ ਬੇਨਤੀ ਪ੍ਰਵਾਨ ਕਰਨੀ, ‘ਮੇਰਾ ਨਾਮ ਗੁਪਤ ਹੀ ਰੱਖਿਆ ਜਾਵੇ। ਹੋਰ ਵੀ ਮਾਇਆ ਚਾਹੀਦੀ ਹੋਈ ਤਾਂ ਨਿਸੰਗ ਦੱਸਿਓ...ਧੰਨਵਾਦ।’ ‘ਇਹ ਦਾਨੀ ਸੱਜਣ ਕੌਣ ਹੋ ਸਕਦੈ ਸਰ ?’ ਮੈਂ ਪੁੱਛਿਆ। ਉਨ੍ਹਾਂ ਆਖਿਆ, ‘ਰੱਬ ਹੀ ਜਾਣੇ’।

ਮਾਸਟਰ ਸੁਖਜੀਤ ਸ਼ਰਮਾ ਨੇ ਕਿਹਾ, ‘ਦੁਨੀਆ ਵਿੱਚ ਐਸੀਆਂ ਮਹਾਨ ਰੂਹਾਂ ਵੀ ਹਨ ਜਿਨ੍ਹਾਂ ਨੂੰ ਪੈਸੇ ਦਾ ਜ਼ਰਾ ਵੀ ਗਰੂਰ ਨਹੀਂ। ਲੱਖਾਂ ਰੁਪਏ ਦੇ ਕੇ ਵੀ ਉਹ ਆਪਣਾ ਨਾਂ ਗੁਪਤ ਰੱਖਣ ਲਈ ਆਖਦੇ ਨੇ ਤੇ ਇਥੇ ਮੇਰੇ ਵਰਗੇ ਮੰਦਿਰ-ਗੁਰਦੁਆਰੇ ਵਿੱਚ ਕੀਤਾ ਨਿੱਕਾ ਜਿਹਾ ਦਾਨ ਵੀ ਸਪੀਕਰਾਂ ਵਿੱਚ ਬੁਲਵਾਉਂਦੇ ਹਾਂ।’ ‘ਬਿਲਕੁਲ ਸਰ...ਬਿਲਕੁਲ’ ਸੁਖਜੀਤ ਸ਼ਰਮਾ ਦੀ ਗੱਲ ਵਿੱਚ ਬਾਕੀਆਂ ਨੇ ਭਰਵਾ ਹੁੰਗਾਰਾ ਭਰਿਆ।

ਸੰਪਰਕ: 98787-15593

Advertisement
Show comments