ਮਿੰਨੀ ਕਹਾਣੀਆਂ
ਜੇਰਾ
ਸੱਤਪਾਲ ਸਿੰਘ ਦਿਓਲ
ਘਰ ਤੋਂ ਪਟਿਆਲਾ ਬਹੁਤ ਦੂਰ ਲੱਗਦਾ ਹੈ। ਹੁਣ ਜਦੋਂ ਵੀ ਜਾਂਦੇ ਹਾਂ ਤਾਂ ਸੁਵਖਤੇ ਹੀ ਘਰੋਂ ਚੱਲ ਪੈਂਦੇ ਹਾਂ ਕਿਉਂਕਿ ਪਤਨੀ ਦੀ ਦਵਾਈ ਜਿਸ ਡਾਕਟਰ ਕੋਲੋਂ ਲੈਣੀ ਹੁੰਦੀ ਹੈ ਉਸ ਕੋਲ ਭੀੜ ਬਹੁਤ ਹੁੰਦੀ ਹੈ। ਨਾਸ਼ਤਾ ਵੀ ਰਾਹ ਵਿੱਚ ਪਟਿਆਲਾ-ਸੁਨਾਮ ਸੜਕ ’ਤੇ ਇੱਕ ਮਸ਼ਹੂਰ ਢਾਬੇ ਤੋਂ ਕਰ ਲੈਂਦੇ ਹਾਂ। ਇਸ ਢਾਬੇ ’ਤੇ ਨਾਸ਼ਤਾ ਕਰਨ ਵਾਲਿਆਂ ਦੀ ਭੀੜ ਬਹੁਤ ਜ਼ਿਆਦਾ ਹੁੰਦੀ ਹੈ। ਬਠਿੰਡਾ, ਮਾਨਸਾ, ਸਿਰਸਾ, ਸੰਗਰੂਰ, ਬਰਨਾਲਾ ਵੱਲੋਂ ਰਾਜਧਾਨੀ ਚੰਡੀਗੜ੍ਹ ਵੱਲ ਜਾਣ ਵਾਲੇ ਲੋਕਾਂ ਦੀਆਂ ਕਾਰਾਂ ਅਕਸਰ ਇਸ ਢਾਬੇ ’ਤੇ ਰੁਕਦੀਆਂ ਹਨ।
ਇੱਕ ਟਰੈਕਟਰ ਟਰਾਲੀ ਨੂੰ ਸਿੱਧਾ ਸਾਦਾ ਜਿਹਾ ਬੰਦਾ ਚਲਾ ਰਿਹਾ ਸੀ। ਉਹ ਮੇਰੀ ਕਾਰ ਤੋਂ ਥੋੜ੍ਹੀ ਦੂਰ ਉਸੇ ਢਾਬੇ ’ਤੇ ਰੁਕਿਆ। ਹੈਰਾਨੀ ਜਿਹੀ ਹੋਈ ਕਿਉਂਕਿ ਉਸ ਢਾਬੇ ’ਤੇ ਟਰੈਕਟਰ ਤੇ ਟਰੱਕ ਨਹੀਂ ਰੁਕਦੇ। ਇਸੇ ਕਾਰਨ ਸ਼ਾਇਦ ਕਾਰਾਂ ਦੀ ਭੀੜ ਹੁੰਦੀ ਹੈ। ਟਰਾਲੀ ਵਿੱਚ ਇੱਕ ਕਰਾਹਾ, ਹਲ ਜੋ ਪੁਰਾਣੇ ਤੇ ਜੰਗਾਲੇ ਜਿਹੇ ਜਾਪਦੇ ਸੀ, ਲੱਦੇ ਹੋਏ ਸੀ। ਮੇਰੇ ਤੋਂ ਰਿਹਾ ਨਾ ਗਿਆ। ਮੈਂ ਉਸ ਨੂੰ ਪੁੱਛ ਹੀ ਲਿਆ, ‘‘ਵੇਚਣ ਚੱਲੇ ਓ।” ਪਰ ਉਸ ਬੰਦੇ ਦੇ ਮੂੰਹੋਂ ਅਸਲੀਅਤ ਸੁਣ ਕੇ ਮਨ ਅਸ਼ ਅਸ਼ ਕਰ ਉੱਠਿਆ। ਦਿਲੋਂ ਦੁਆ ਨਿਕਲੀ, ‘ਵਾਹ ਓਏ ਬੰਦਿਆ ਜਿਉਂਦਾ ਰਹਿ, ਧੰਨ ਹੈ ਤੇਰੀ ਸੇਵਾ ਤੇ ਸਬਰ।ਤੇਰੇ ਸਿਰ ਪੰਜਾਬੀ ਤੇ ਦਾਨੀ ਹੋਣ ਦਾ ਤਾਜ ਹਮੇਸ਼ਾ ਸਜਿਆ ਰਹੇ।’
ਉਹਨੇ ਦੱਸਿਆ ਕਿ ਉਹ ਸਿਰਫ਼ ਸਫ਼ਾ-ਹਾਜਤ ਲਈ ਢਾਬੇ ’ਤੇ ਰੁਕਿਆ ਹੈ।ਸੰਗਰੂਰ ਜ਼ਿਲ੍ਹੇ ਦੇ ਘੱਗਰ ਕੰਢੇ ਵਸੇ ਪਿੰਡ ਦਾ ਉਹ ਵਸਨੀਕ ਹੈ ਤੇ ਪੰਜ ਕੁ ਏਕੜ ਵਾਲਾ ਕਿਸਾਨ ਹੈ। ਆਮ ਕਿਸਾਨ ਪਰਿਵਾਰਾਂ ਵਾਂਗ ਉਹਦੀ ਜ਼ਮੀਨ ਵੀ ਬੈਂਕ ਵੱਲੋਂ ਕੁਰਕ ਕਰਵਾ ਦਿੱਤੀ ਗਈ ਹੈ। ਦੋ ਕੁ ਸਾਲ ਪਹਿਲਾਂ ਘੱਗਰ ਦਾ ਬੰਨ੍ਹ ਟੁੱਟਣ ਕਾਰਨ ਉਹਦੀ ਫ਼ਸਲ ਵੀ ਬਰਬਾਦ ਹੋਈ ਸੀ ਤਾਂ ਉਹਦੇ ਸਿਰ ਕਰਜ਼ੇ ਦਾ ਬੋਝ ਵਧ ਜਾਣਾ ਤੈਅ ਸੀ। ਉਸ ਵਕਤ ਮਾਝੇ ਵਾਲੇ ਪਾਸੇ ਤੋਂ ਟਰੈਕਟਰ ਟਰਾਲੀਆਂ ’ਤੇ ਆ ਕੇ ਲੋਕਾਂ ਨੇ ਉਨ੍ਹਾਂ ਨੂੰ ਮਦਦ ਪਹੁੰਚਾਈ ਸੀ। ਉਸ ਦੀ ਜ਼ਮੀਨ ਵਿੱਚ ਪੰਜ-ਪੰਜ ਫੁੱਟ ਰੇਤ ਚੜ੍ਹ ਗਈ ਸੀ। ਜ਼ਿਲ੍ਹਾ ਗੁਰਦਾਸਪੁਰ ਦੇ ਕੁਝ ਮਦਦਗਾਰ ਆਏ। ਉਨ੍ਹਾਂ ਜ਼ਮੀਨ ਪੱਧਰ ਕਰਕੇ ਉਹਦੀ ਅਗਲੀ ਫਸਲ ਵੀ ਬੀਜੀ ਤੇ ਉਸ ਨੂੰ ਕਰਜ਼ਾ ਹੋਰ ਨਹੀਂ ਲੈਣਾ ਪਿਆ। ਜੇ ਮਦਦ ਨਾ ਆਉਂਦੀ ਤਾਂ ਸ਼ਾਇਦ ਉਸ ਨੂੰ ਕਿੱਲਾ ਜ਼ਮੀਨ ਵੇਚਣੀ ਪੈਂਦੀ ਤੇ ਬੈਂਕ ਕੁਰਕੀ ਦਾ ਹੱਲ ਵੀ ਕਰਨਾ ਪੈਂਦਾ। ਹੁਣ ਜਦੋਂ ਉਨ੍ਹਾਂ ਭਾਈਵੰਦਾਂ ’ਤੇ ਮੁਸੀਬਤ ਪਈ ਤਾਂ ਉਸ ਨੇ ਦੋ ਢੋਲ ਤੇਲ ਦਾ ਜੁਗਾੜ ਕਰ ਲਿਆ ਅਤੇ ਆਪਣੇ ਖੇਤੀਬਾੜੀ ਦੇ ਸੰਦ ਲੈ ਕੇ ਮਦਦ ਲਈ ਜਾ ਰਿਹਾ ਸੀ। ਮਿਹਨਤ ਨਾਲ ਕੀਤੀ ਆਪਣੀ ਕਮਾਈ ਲੋੜਵੰਦ ਲੋਕਾਂ ਵਿੱਚ ਪਹੁੰਚਦੀ ਕਰਨ ਲਈ ਕਿਸੇ ਸੰਸਥਾ ’ਤੇ ਉਹਨੂੰ ਵਿਸ਼ਵਾਸ ਨਹੀਂ ਸੀ। ਬੇਸ਼ੱਕ, ਉਸ ਦੀ ਮਦਦ ਨਿਗੂਣੀ ਜਾਪਦੀ ਹੋਵੇ ਪਰ ਇਸ ਪਿੱਛੇ ਭਾਵਨਾ ਬੜੀ ਉੱਚੀ ਤੇ ਸੁੱਚੀ ਜਾਪਦੀ ਸੀ। ਜਦੋਂ ਬੰਦਾ ਖ਼ੁਦ ਕਰਜ਼ ਦਾ ਦੱਬਿਆ ਹੁੰਦਾ ਤਾਂ ਅਜਿਹਾ ਸੋਚ ਵੀ ਨਹੀਂ ਸਕਦਾ, ਪਰ ਸੱਚਮੁੱਚ ਉਸ ਬੰਦੇ ਦਾ ਬਹੁਤ ਵੱਡਾ ਜੇਰਾ ਸੀ।
ਸੰਪਰਕ: 98781-70771
* * *
ਜਦੋਂ ਰਾਵਣ ਦਾ ਫੋਨ ਆਇਆ
ਰਜਵਿੰਦਰ ਪਾਲ ਸ਼ਰਮਾ
ਟਰਨ ਟਰਨ... ਅਚਾਨਕ ਫੋਨ ਦੀ ਘੰਟੀ ਵੱਜੀ।
‘‘ਹੈਲੋ ਕੌਣ?’’ ਮੈਂ ਫੋਨ ਚੁੱਕਦਿਆਂ ਕਿਹਾ।
‘‘ਮੈਂ ਰਾਵਣ ਬੋਲਦਾ ਹਾਂ,’’ ਅੱਗੋਂ ਆਵਾਜ਼ ਆਈ।
‘‘ਏਨੀ ਰਾਤ ਨੂੰ ਕੌਣ ਮਜ਼ਾਕ ਕਰ ਰਿਹਾ ਹੈ?’’
‘‘ਮਜ਼ਾਕ ਨਹੀਂ। ਮੈਂ ਸੱਚਮੁੱਚ ਰਾਵਣ ਹੀ ਬੋਲਦਾ ਹਾਂ।’’
‘‘ਤੂੰ ਤਾਂ ਸਦੀਆਂ ਪਹਿਲਾਂ ਮਰ ਗਿਆ ਸੀ।’’
‘‘ਮੈਂ ਤਾਂ ਸਦੀਆਂ ਪਹਿਲਾਂ ਮਰ ਗਿਆ ਸੀ, ਪਰ ਫਿਰ ਵੀ ਤੁਸੀਂ ਮੈਨੂੰ ਅੱਜ ਵੀ ਫੂਕਦੇ ਹੋ, ਅਜਿਹਾ ਕਿਉਂ?’’
ਮੈਂ ਚੁੱਪ ਰਿਹਾ।
‘‘ਹੁਣ ਬੋਲਦਾ ਕਿਉਂ ਨਹੀਂ?’’ ਅੱਗੋਂ ਫਿਰ ਆਵਾਜ਼ ਆਈ। ‘‘ਕਿਉਂ ਤੰਗ ਕਰਦੈਂ ਅੱਧੀ ਰਾਤ ਨੂੰ?’’
‘‘... ਤੇ ਮੈਂ? ਮੈਂ ਤਾਂ ਸਦੀਆਂ ਤੋਂ ਤੰਗ ਹੋ ਰਿਹਾ ਹਾਂ।’’
‘‘ਕਿਉਂ?’’ ਮੈਂ ਪੁੱਛਿਆ।
‘‘ਮੈਨੂੰ ਮੇਰੀ ਗ਼ਲਤੀ ਲਈ ਆਏ ਸਾਲ ਫੂਕਦੇ ਹੋ, ਪਰ ਆਪਣੀਆਂ ਗ਼ਲਤੀਆਂ ’ਤੇ ਪਰਦਾ ਪਾਉਂਦੇ ਹੋ।’’
‘‘ਕਿਹੜੀਆਂ ਗਲਤੀਆਂ?’’ ਮੈਂ ਪੁੱਛਿਆ।
‘‘ਜੋ ਤੁਸੀਂ ਅੱਖਾਂ ਬੰਦ ਕਰਕੇ ਕਰਦੇ ਅਤੇ ਜਰਦੇ ਰਹਿੰਦੇ ਹੋ। ਮੈਂ ਸੀਤਾ ਨੂੰ ਕਦੇ ਵੀ ਮਜਬੂਰ ਨਹੀਂ ਕੀਤਾ। ਬਿਗਾਨੀ ਔਰਤ ਵੀ ਮੇਰੀ ਕੈਦ ਵਿੱਚ ਸੁਰੱਖਿਅਤ ਸੀ, ਪਰ ਤੁਹਾਡੇ ਸਮਾਜ ਵਿੱਚ ਤਾਂ ਧੀਆਂ ਭੈਣਾਂ ਆਪਣੇ ਹੀ ਘਰਾਂ ਵਿੱਚ ਸੁਰੱਖਿਅਤ ਨਹੀਂ। ਮਾੜਾ ਫਿਰ ਵੀ ਤੁਸੀਂ ਮੈਨੂੰ ਹੀ ਕਹਿੰਦੇ ਹੋ।ਅਸਲੀ ਰਾਵਣ ਤਾਂ ਤੁਹਾਡੇ ਅੰਦਰ ਹੈ ਜਿਸ ਨੂੰ ਤੁਸੀਂ ਕਦੇ ਨਹੀਂ ਫੂਕਿਆ। ਤੁਸੀਂ ਆਪਣੀ ਸੋਚ ਨਹੀਂ ਬਦਲਦੇ। ਆਪਣੇ ਕੰਮ ਕਰਵਾਉਣ ਲਈ ਛਲ ਕਪਟ ਦਾ ਸਹਾਰਾ ਲੈਂਦੇ ਹੋ ਤੇ ਮਾੜਾ ਮੈਨੂੰ ਕਹਿੰਦੇ ਹੋ?’’
‘‘ਰਾਵਣ ਜੀ, ਗੱਲ ਤਾਂ ਤੁਹਾਡੀ ਠੀਕ ਹੈ,’’ ਮੈਂ ਹੁੰਗਾਰਾ ਭਰਿਆ।
‘‘ਗੱਲਾਂ ਠੀਕ ਹੀ ਨਹੀਂ ਸਗੋਂ ਸਹੀ ਹਨ। ਮੈਂ ਤਾਂ ਸਦੀਆਂ ਪਹਿਲਾਂ ਮਰ ਗਿਆ ਸੀ, ਪਰ ਅੱਜ ਦੇ ਰਾਵਣਾਂ ਦੇ ਰਾਜ ਬਾਰੇ ਕੀ ਸੋਚਿਆ ਹੈ?’’
‘‘ਕਿਹੜੇ ਰਾਵਣ?’’ ਮੈਂ ਕਿਹਾ।
‘‘ਤੂੰ ਤਾਂ ਜਮਾਂ ਹੀ ਉੱਲੂ ਐਂ,’’ ਅੱਗੋਂ ਆਵਾਜ਼ ਆਈ, ‘‘ਤੈਨੂੰ ਕੋਈ ਸਮਝ ਨਹੀਂ, ਤੈਨੂੰ ਕੋਈ ਪਤਾ ਨਹੀਂ ਲੱਗਦਾ,’’ ਅੱਗੋਂ ਲਗਾਤਾਰ ਮੈਨੂੰ ਲਾਹਨਤਾਂ ਪੈ ਰਹੀਆਂ ਸਨ। ‘‘ਰਾਵਣ ਉਹ ਸਿਆਸਤਦਾਨ ਹਨ, ਜੋ ਵੱਡੀਆਂ ਗੱਲਾਂ ਕਰਦੇ ਹਨ ਪਰ ਅਸਲ ’ਚ ਉਨ੍ਹਾਂ ਦਾ ਰਾਜ ਬੇਹੱਦ ਮਾੜਾ ਹੈ। ਇੱਥੇ ਤਾਂ ਕੋਈ ਸੁਣਵਾਈ ਹੀ ਨਹੀਂ, ਅੰਨ੍ਹੀ ਪੀਸੀ ਜਾਂਦੀ ਤੇ ਕੁੱਤੇ ਚੱਟੀ ਜਾਂਦੇ ਐ। ਤੁਸੀਂ ਲੋਕ ਬੋਲਦੇ ਹੀ ਨਹੀਂ, ਗ਼ਲਤ ਨੂੰ ਗ਼ਲਤ ਹੀ ਨਹੀਂ ਕਹਿੰਦੇ। ਤੂੰ ਸੁਣ ਰਿਹਾ ਏਂ ਕਿ ਨਹੀਂ?’’
‘‘ਹਾਂ ਜੀ, ਸੁਣ ਰਿਹਾ ਹਾਂ,’’ ਮੈਂ ਕਿਹਾ।
‘‘ਮੈਂ ਤਾਂ ਮਰ ਚੁੱਕਿਆ ਹਾਂ, ਪਰ ਤੁਹਾਡੀ ਵੀ ਜ਼ਮੀਰ ਮਰ ਚੁੱਕੀ ਹੈ। ਸ਼ਰਾਬ ਦੀ ਬੋਤਲ ਅਤੇ ਚੰਦ ਛਿੱਲੜਾਂ ਖ਼ਾਤਰ ਵੋਟਾਂ ਵੇਚ ਦਿੰਦੇ ਹੋ, ਫਿਰ ਜਦੋਂ ਤੁਹਾਡੀ ਕੋਈ ਸੁਣਦਾ ਨਹੀਂ ਤਾਂ ਤੁਸੀਂ ਕਹਿੰਦੇ ਹੋ ਕਿ ਹਾਕਮ ਮਾੜੇ ਹਨ। ਪੁੱਛਣ ਵਾਲਾ ਹੋਵੇ ਚੁਣਿਆ ਵੀ ਤਾਂ ਤੁਸੀਂ ਹੀ ਹੈ। ਚੰਗੇ ਚੁਣ ਲੈਂਦੇ।’’
‘‘ਕਈ ਵਾਰ ਘਪਲਾ ਵੀ ਹੋ ਜਾਂਦਾ ਹੈ ਵੋਟਾਂ ਵਿੱਚ,’’ ਮੈਂ ਹੁੰਗਾਰਾ ਭਰਦੇ ਕਿਹਾ।
‘‘ਜੇਕਰ ਘੁਟਾਲਾ ਹੁੰਦਾ ਹੈ ਤਾਂ ਤੁਸੀਂ ਆਵਾਜ਼ ਨਹੀਂ ਚੁੱਕਦੇ, ਆਵਾਜ਼ ਬੁਲੰਦ ਕਰੋ। ਬਿਨਾਂ ਰੋਏ ਤਾਂ ਮਾਂ ਦੁੱਧ ਵੀ ਨਹੀਂ ਦਿੰਦੀ। ਜੇਕਰ ਸਮਾਜ ਵਿੱਚ ਕੋਈ ਬਦਲਾਅ ਲਿਆਉਣਾ ਚਾਹੁੰਦੇ ਹੋ ਤਾਂ ਉਹ ਘਰ ਤੋਂ ਆਪਣੇ ਆਪ ਤੋਂ ਲਿਆਉਣਾ ਹੋਵੇਗਾ। ਗ਼ਲਤ ਨੂੰ ਗ਼ਲਤ ਅਤੇ ਸਹੀ ਨੂੰ ਸਹੀ ਕਹਿਣ ਦੀ ਜੁਰੱਅਤ ਰੱਖੋ। ਚੰਗੇ ਸਮਾਜ ਦੇ ਨਿਰਮਾਣ ਲਈ ਆਪਣੇ ਅੰਦਰਲੇ ਰਾਵਣ ਨੂੰ ਜ਼ਰੂਰ ਮਾਰੋ। ਮੇਰੀਆਂ ਗੱਲਾਂ ਯਾਦ ਰੱਖੀਂ ਅਤੇ ਹੋ ਸਕਿਆ ਤਾਂ ਹੋਰਾਂ ਨੂੰ ਵੀ ਜ਼ਰੂਰ ਦੱਸੀਂ। ਕਿਸੇ ਨੇ ਯਕੀਨ ਨਹੀਂ ਕਰਨਾ ਕਿ ਮੈਂ ਤੈਨੂੰ ਫੋਨ ਕੀਤਾ।ਖ਼ੈਰ, ਯਕੀਨ ਕਰਨ ਨਾ ਕਰਨ ਕੀ ਫ਼ਰਕ ਪੈਂਦਾ ਹੈ। ਮੈਂ ਤਾਂ ਚੰਗਾ ਬਣਨ ਲਈ ਹੀ ਕਹਿੰਦਾ ਹਾਂ।’’
‘‘ਹਾਂ ਜੀ।’’
‘‘ਚੰਗਾ ਫਿਰ, ਤੇਰੀ ਨੀਂਦ ਖ਼ਰਾਬ ਕੀਤੀ ਉਸ ਲਈ ਖ਼ਿਮਾ ਦਾ ਜਾਚਕ ਹਾਂ ਪਰ ਜਦੋਂ ਤੁਸੀਂ ਇਸ ਵਾਰ ਦੁਸਹਿਰੇ ’ਤੇ ਮੇਰਾ ਪੁਤਲਾ ਸਾੜੋਗੇ ਤਾਂ ਆਪਣੇ ਅੰਦਰਲੇ ਰਾਵਣ ਵੀ ਜ਼ਰੂਰ ਸਾੜਨਾ। ਫਿਰ ਹੀ ਮੇਰੀ ਆਤਮਾ ਨੂੰ ਸ਼ਾਂਤੀ ਮਿਲੇਗੀ। ਨਹੀਂ ਤਾਂ ਮੈਂ ਲਾਲਚੀ ਅਤੇ ਸਵਾਰਥੀ ਲੋਕਾਂ ਵਿੱਚ ਹਮੇਸ਼ਾ ਜਿਉਂਦਾ ਰਹਾਂਗਾ। ਸਤਿ ਸ੍ਰੀ ਅਕਾਲ, ਮੈਂ ਰੱਖਦਾ ਫਿਰ ਫੋਨ। ਜੇ ਮਨ ਕੀਤਾ ਤਾਂ ਫਿਰ ਕਦੇ ਗੱਲ ਕਰ ਲਵਾਂਗਾ।’’
ਇਸ ਮਗਰੋਂ ਮੈਂ ‘ਹੈਲੋ, ਹੈਲੋ’ ਕਿਹਾ ਪਰ ਅੱਗੋਂ ਕੋਈ ਜਵਾਬ ਨਹੀਂ ਮਿਲਿਆ।
ਸੰਪਰਕ: 70873-67969
* * *
ਵਿੰਨ੍ਹਿਆ ਹੋਇਆ ਪਿੰਡ
ਅਮਰਜੀਤ ਸਿੰਘ ਫ਼ੌਜੀ
ਲਗਭਗ ਛੇ ਦਹਾਕੇ ਪਹਿਲਾਂ ਵਿਦੇਸ਼ ਜਾ ਵਸੇ ਪ੍ਰਤਾਪ ਸਿੰਹੁ ਨੇ ਅੱਜ ਅਚਾਨਕ ਆਪਣੇ ਸਕੂਲ ਵੇਲੇ ਦੇ ਦੋਸਤ ਬਲਵੰਤ ਸਿੰਘ ਨੂੰ ਫੋਨ ਲਾਇਆ ਤੇ ਉਸ ਦੇ ਹੈਲੋ ਕਹਿਣ ’ਤੇ ਸਿੱਧਾ ਹੀ ਬੋਲਿਆ, ‘‘ਯਾਰ ਬਲਵੰਤ ਸਿੰਹਾਂ, ਮੈਂ ਆਪਣੀ ਪੋਤਰੀ ਦਾ ਵਿਆਹ ਤੇਰੇ ਪਿੰਡ ਵਰਗੇ ਕਿਸੇ ਸੋਹਣੇ ਪਿੰਡ ਵਿੱਚ ਕਰਨਾ ਚਾਹੁੰਦਾ ਹਾਂ। ਮੈਨੂੰ ਪਤਾ ਹੈ ਕਿ ਪੰਜਾਬ ਦੇ ਪਿੰਡਾਂ ਦੀ ਜ਼ਿੰਦਗੀ ਕੁਦਰਤ ਨਾਲ ਜੁੜੀ ਹੋਈ ਬੜੀ ਖੁਸ਼ਹਾਲ ਤੇ ਜ਼ਿੰਦਾਦਿਲੀ ਵਾਲੀ ਹੁੰਦੀ ਹੈ ਤੇ ਹੁਣ ਮੈਂ ਆਪਣੇ ਪੋਤੇ ਪੋਤੀਆਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜ ਕੇ ਆਪਣੇ ਸਿਰ ਚੜ੍ਹਿਆ ਪੰਜਾਬੀ ਸਭਿਆਚਾਰ ਦਾ ਕਰਜ਼ਾ ਲਾਹੁਣਾ ਚਾਹੁੰਦਾ ਹਾਂ।’’
ਅੱਗੋਂ ਬਲਵੰਤ ਸਿੰਘ ਨੇ ਬੜੀ ਗੰਭੀਰਤਾ ਤੇ ਭਰੇ ਮਨ ਨਾਲ ਉਸ ਦੀਆਂ ਗੱਲਾਂ ਦਾ ਜਵਾਬ ਦਿੱਤਾ, ‘‘ਪ੍ਰਤਾਪ ਸਿੰਹਾਂ ਸੁਣ! ਮੇਰਾ ਪਿੰਡ ਹੁਣ ਉਹ ਨਹੀਂ ਰਿਹਾ, ਜੋ ਪਹਿਲਾਂ ਹੁੰਦਾ ਸੀ। ਹੁਣ ਇੱਥੇ ਬਹੁਤ ਕੁਝ ਬਦਲ ਗਿਐ। ਹੁਣ ਇੱਥੇ ਮੂੰਹ ਹਨੇਰੇ ਕੁੱਕੜ ਬਾਂਗ ਨਹੀਂ ਦਿੰਦਾ ਤੇ ਸ਼ਤੀਰਾਂ, ਕੜੀਆਂ ਤੇ ਵਿਹੜੇ ਵਿਚਲੀ ਨਿੰਮ ਦੀ ਅਣਹੋਂਦ ਕਾਰਨ ਉਨ੍ਹਾਂ ’ਤੇ ਪਾਏ ਆਲ੍ਹਣਿਆਂ ’ਚੋਂ ਚਿੜੀਆਂ ਵੀ ਪਹੁ ਫੁਟਾਲੇ ਚੀਂ ਚੀਂ ਨਹੀਂ ਕਰਦੀਆਂ। ਹੁਣ ਡੇਅਰੀਆਂ ਨੇ ਚਾਟੀਆਂ ਵਿੱਚ ਮਧਾਣੀਆਂ ਪੈਣੀਆਂ ਬੰਦ ਕਰ ਦਿੱਤੀਆਂ ਨੇ ਅਤੇ ਨਾ ਹੀ ਰਾਹੀ ਪਾਂਧੀ ਮੋਢੇ ’ਤੇ ਸਾਫ਼ਾ ਰੱਖ ਕੇ ਸਫ਼ਰ ਨਾਪਦੇ ਹਨ। ਨਾ ਤਾਂ ਬਲਦਾਂ ਦੇ ਗਲ਼ ਟੱਲੀਆਂ ਟੁਣਕਦੀਆਂ ਹਨ ਤੇ ਨਾ ਹੀ ਹਾਲ਼ੀ ਪਾਲ਼ੀ ਹਲ਼ ਵਾਹੁੰਦੇ ਢੋਲੇ, ਮਾਹੀਏ ਗਾਉਂਦੇ ਹਨ। ਨਾ ਕੋਈ ਮੁਟਿਆਰ ਭੱਤਾ ਲੈ ਕੇ ਰੋਹੀ ਵਾਲੇ ਖੇਤ ਜਾਂਦੀ ਐ ਜਿੱਥੇ ਟਾਹਲੀਆਂ, ਤੂਤਾਂ ਦੇ ਹੇਠਾਂ ਬੈਠ ਕੇ ਮਿੱਸੀਆਂ ਰੋਟੀਆਂ ਗੰਢੇ ਤੇ ਅੰਬ ਦੇ ਆਚਾਰ, ਨਾਲ ਲੱਸੀ ਦਾ ਕੁੱਜਾ ਵੇਖ ਕੇ ਥੱਕੇ ਟੁੱਟੇ ਜ਼ਿਮੀਂਦਾਰ ਦੀ ਰੂਹ ਖਿੜ ਜਾਂਦੀ ਤੇ ਥਕੇਵਾਂ ਉੱਡ ਪੁੱਡ ਜਾਂਦਾ ਸੀ ਅਤੇ ਉਹ ਕਦੇ ਭੱਤਾ ਲੈ ਕੇ ਆਈ ਸੁਆਣੀ ਦੀਆਂ ਅੱਖਾਂ ਵੱਲ ਦੇਖਦਾ ਤੇ ਕਦੇ ਨਿਸਾਰੇ ’ਤੇ ਆਈ ਫਸਲ ਵੱਲ। ਅਫ਼ਸੋਸ! ਪੀਂਘਾਂ ਪਾਉਣ ਵਾਲੇ ਰੁੱਖਾਂ ਦੀ
ਥਾਂ ਟਾਵਰ ਉੱਗ ਆਏ ਨੇ। ਇਸ ਲਈ, ਹੁਣ ਮੇਰਾ ਪਿੰਡ ਉਹ ਨਹੀਂ ਰਿਹਾ। ਸਭ ਕੁਝ ਬਦਲ ਗਿਆ ਹੈ ਕਿਉਂਕਿ ਆਧੁਨਿਕਤਾ ਦੀ ਹੋੜ ਵਿੱਚ ਦਿਖਾਵੇ ਦੀ ਚਕਾਚੌਂਧ ਤੇ ਬਜ਼ਾਰਾਂ ਦੀ ਚਮਕ ਦਮਕ ਨੇ ਲਗਭਗ ਸਾਰੇ ਪਿੰਡ ਦਾ ਵਾਲ਼ ਵਾਲ਼ ਵਿੰਨ੍ਹ ਛੱਡਿਐ।’’
ਸੰਪਰਕ: 94174-04804
* * *
ਕਰਜ਼ਾ
ਦਰਸ਼ਨ ਸਿੰਘ ਮਿੱਠਾ
ਭੋਲ਼ਾ ਕਿਸਾਨ ਆਪਣੀਆਂ ਖ਼ਾਹਿਸ਼ਾਂ ਪੂਰੀਆਂ ਕਰਨ ਲਈ ਬੈਂਕ ਤੋਂ ਕਰਜ਼ਾ ਲੈਣ ਲਈ ਗਿਆ। ਉਹ ਬੈਂਕ ’ਚ ਜਾ ਕੇ ਬੈਠਾ ਹੀ ਸੀ ਕਿ ਅਚਾਨਕ ਉਸ ਦੀ ਨਿਗ੍ਹਾ ਮੇਜ਼ ’ਤੇ ਰੱਖੇ ਅਖ਼ਬਾਰ ’ਤੇ ਪਈ, ਜਿਸ ਦੇ ਪਹਿਲੇ ਸਫ਼ੇ ’ਤੇ ਖ਼ਬਰ ਸੀ: ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ। ਖ਼ਬਰ ਪੜ੍ਹਦਿਆਂ ਹੀ ਭੋਲ਼ੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਮੈਨੇਜਰ ਨੂੰ ਬਿਨਾਂ ਮਿਲੇ ਹੀ ਸੋਚਾਂ ’ਚ ਡੁੱਬਿਆ ਬੈਂਕ ਦੇ ਗੇਟ ਤੋਂ ਬਾਹਰ ਹੋ ਗਿਆ। ਇੰਝ ਜਾਪਦਾ ਸੀ, ਜਿਵੇਂ ਉਹ ਆਪਣਾ ਜੀਵਨ ਸਾਦਗੀ ਵਿੱਚ ਹੀ ਜਿਊਣ ਦਾ ਪ੍ਰਣ ਕਰ ਰਿਹਾ ਹੋਵੇ।
ਸੰਪਰਕ: 80507-00001
* * *
ਗੁੱਡ ਮੌਰਨਿੰਗ
ਹਰਭਿੰਦਰ ਸਿੰਘ ਸੰਧੂ
ਤਿੰਨ ਦਿਨਾਂ ਤੋਂ ਲਗਾਤਾਰ ਪੈਂਦੇ ਮੀਂਹ ਨੇ ਨੀਵੇਂ ਥਾਂ ਵਾਲੇ ਸਭ ਝੋਨੇ ਡੋਬ ਦਿੱਤੇ ਸਨ। ਅੱਜ ਚੌਥੇ ਦਿਨ ਵੀ ਫਿਰ ਸਾਰੀ ਰਾਤ ਕਿਣਮਿਣ ਹੁੰਦੀ ਰਹੀ। ਕੈਲਾ ਤੜਕੇ ਚਾਰ ਵਜੇ ਹੀ ਕਹੀ ਚੁੱਕ ਵੱਟਾਂ ਬੰਨ੍ਹਣ ਖੇਤ ਤੁਰ ਪਿਆ। ਦੋ ਘੰਟੇ ਖਪਣ ਤੋਂ ਬਾਅਦ ਜਦੋਂ ਘਰੇ ਆ ਕੇ ਫੋਨ ਦੇਖ ਰਿਹਾ ਸੀ ਤਾਂ ਉਸ ਦੇ ਸ਼ਹਿਰ ਵਾਲੇ ਮਿੱਤਰ ਦਾ ਵੱਟਸਐਪ ’ਤੇ ਮੈਸਜ ਆਇਆ ਹੋਇਆ ਸੀ, ਜਿਸ ਵਿੱਚ ਇੱਕ ਛੱਤਰੀ ਦੀ ਫੋਟੋ ਨਾਲ ਕੁਝ ਕਣੀਆਂ ਸਨ ਤੇ ਹੇਠਾਂ ਲਿਖਿਆ ਸੀ, ‘ਠੰਢੀ ਠੰਢੀ ਗੁੱਡ ਮੌਰਨਿੰਗ ਜੀ’। ਕੈਲੇ ਨੇ ਨੈੱਟ ਬੰਦ ਕਰ ਫੋਨ ਪਾਸੇ ਰੱਖ ਦਿੱਤਾ।
ਸੰਪਰਕ: 97810-81888