ਪਦਾਰਥਵਾਦੀ ਵਿਕਾਸ ਬਨਾਮ ਮਨੁੱਖੀ ਕਿਰਦਾਰ
ਜੰਗਲ ਤੋਂ ਜੀਵਨ ਆਰੰਭ ਕਰ ਉੱਚੀਆਂ ਅਟਾਰੀਆਂ ਤੱਕ ਜਾ ਪੁੱਜਾ ਮਨੁੱਖ ਵਰਤਮਾਨ ਨੂੰ ਸੱਭਿਅਤਾ ਦੇ ਵਿਕਾਸ ਦਾ ਸ਼ਾਨਦਾਰ ਦੌਰ ਮੰਨ ਰਿਹਾ ਹੈ। ਵਿਗਿਆਨ ਤੇ ਤਕਨੀਕ ਨੇ ਜੀਵਨ ਢੰਗ ਨੂੰ ਆਸਾਨ ਕਰ ਦਿੱਤਾ ਹੈ। ਮਨੁੱਖ ਆਪਣੀ ਹਰ ਕਲਪਨਾ ਨੂੰ ਹਕੀਕਤ ਵਿੱਚ ਬਦਲਣ ਵਿੱਚ ਲਗਾਤਾਰ ਕਾਮਯਾਬ ਹੋ ਰਿਹਾ ਹੈ। ਅੱਜ ਸੁਖ ਦਾ ਹਰ ਸਾਮਾਨ ਬਾਜ਼ਾਰ ਵਿੱਚ ਉਪਲਬਧ ਹੈ ਪਰ ਸੁਖ ਦੀ ਪ੍ਰਤੀਤ ਕਰਾਉਣ ਵਾਲੀ ਸੋਚ ਗੁਆਚ ਗਈ ਲੱਗਦੀ ਹੈ। ਪਦਾਰਥਵਾਦੀ ਵਿਕਾਸ ਦਾ ਗ੍ਰਾਫ ਜਿਸ ਦਰ ਨਾਲ ਉੱਚਾ ਹੁੰਦਾ ਗਿਆ ਹੈ, ਮਨੁੱਖ ਦਾ ਕਿਰਦਾਰ ਉਸੇ ਦਰ ਨਾਲ ਡਿੱਗਦਾ ਗਿਆ ਹੈ। ਵਰਤਮਾਨ ’ਚ ਇੱਕ ਸਭ ਤੋਂ ਵੱਡਾ ਸੰਕਟ ਮਨੁੱਖੀ ਸਮਾਜ ਨੂੰ ਵਿਸ਼ਵ ਪੱਧਰ ’ਤੇ ਤੋੜ ਰਿਹਾ ਹੈ ਉਹ ਹੈ ਵਿਸ਼ਵਾਸ ਦਾ ਸੰਕਟ। ਮਨੁੱਖ ਲਈ ਇਹ ਇੱਕ ਔਖੀ ਬੁਝਾਰਤ ਬਣ ਗਈ ਹੈ ਕਿ ਉਹ ਕਿਸ ’ਤੇ ਭਰੋਸਾ ਕਰੇ। ਇੱਕ ਸਮਾਂ ਸੀ ਜਦੋਂ ਆਤਮ ਬਲ ਮਹਿਸੂਸ ਹੁੰਦਾ ਸੀ ਕਿ ਸੁਖ-ਦੁੱਖ ਵਿੱਚ ਨਾਲ ਖੜ੍ਹਣ ਵਾਲੇ ਬਹੁਤ ਹਨ। ਇਸ ਬਹੁਤ ਵਿੱਚ ਪਰਿਵਾਰ, ਰਿਸ਼ਤੇਦਾਰ, ਗੁਆਂਢੀ ਹੀ ਨਹੀਂ ਸਗੋਂ ਮਿੱਤਰ ਤੇ ਸਮਾਜ ਵੀ ਸ਼ਾਮਿਲ ਹੁੰਦਾ ਸੀ। ਇਹ ਦਾਇਰਾ ਸੁੰਗੜਦਾ ਗਿਆ। ਹੁਣ ਆਲਮ ਇਹ ਹੈ ਕਿ ਮਾਪਿਆਂ ਨੂੰ ਆਪਣੀ ਸੰਤਾਨ ’ਤੇ ਭਰੋਸਾ ਨਹੀਂ ਰਿਹਾ। ਪਤੀ-ਪਤਨੀ ਦਾ ਆਪਸੀ ਸਬੰਧ ਵੀ ਡੋਲ ਗਿਆ ਹੈ। ਜੋ ਨਾਲ ਖੜ੍ਹਾ ਹੈ ਕਿਉਂ ਖੜ੍ਹਾ ਹੈ, ਕਦੋਂ ਤੱਕ ਖੜ੍ਹਾ ਰਹੇਗਾ, ਉਸ ਦੇ ਮਨ ਵਿੱਚ ਕੀ ਚੱਲ ਰਿਹਾ ਹੈ- ਇਹ ਸਭ ਸਮਝਣਾ ਮੁਸ਼ਕਿਲ ਹੋ ਗਿਆ ਹੈ ਕਿਉਂਕਿ ਮਨੁੱਖ ਵਿਸ਼ਾਲ ਦੁਨੀਆ, ਵੱਡੇ ਸਮਾਜ ਅਤੇ ਪੂਰੇ ਪਰਿਵਾਰ ਵਿੱਚ ਰਹਿੰਦਿਆਂ ਵੀ ਸਵੈ-ਕੇਂਦਰਿਤ ਹੋ ਗਿਆ ਹੈ। ਉਹ ਸਿਰਫ਼ ਆਪਣੇ ਲਈ ਸੋਚਦਾ ਹੈ। ਆਪਣੇ ਲਈ ਮੋਹ, ਲੋਭ ਇੰਨਾ ਵਧ ਗਿਆ ਹੈ ਕਿ ਦੂਜੇ ਲਈ ਸੋਚਣ ਦਾ ਸਮਾਂ ਹੀ ਨਹੀਂ ਹੈ। ਗੁਰੂ ਨਾਨਕ ਸਾਹਿਬ ਨੇ ਸਮਾਜਿਕ ਹਾਲਾਤ ਨੇੜੇ ਹੋ ਕੇ ਵੇਖਣ ਤੇ ਸਮਝਣ ਤੋਂ ਬਾਅਦ ਨਬਜ਼ ’ਤੇ ਹੱਥ ਰੱਖ ਦਿੱਤਾ। ਉਨ੍ਹਾਂ ਉਚਾਰਿਆ:
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ॥ ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ॥ ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ॥੧॥
ਮਨੁੱਖ ਦੇ ਅੰਦਰ ਲੋਭ ਕੁੱਤੇ ਵਾਂਗੂੰ ਵਸ ਰਿਹਾ ਹੈ ਜੋ ਸਦਾ ਹੀ ਭੌਂਕਦਾ ਰਹਿੰਦਾ। ਉਹ ਬਿਨਾਂ ਕਾਰਨ ਵੀ ਭੌਂਕਦਾ ਹੈ, ਕਿਸੇ ਨੂੰ ਵੀ ਵੇਖ ਕੇ ਭੌਂਕਣ ਲੱਗਦਾ ਹੈ। ਕੁੱਤਾ ਕਿਸੇ ਵੇਲੇ ਵਫ਼ਾਦਾਰ ਜਾਨਵਰ ਮੰਨਿਆ ਜਾਂਦਾ ਸੀ। ਸਮਾਂ ਹੁਣ ਅਜਿਹਾ ਆ ਗਿਆ ਹੈ ਕਿ ਕੁੱਤਾ ਆਪਣੇ ਮਾਲਕ ਨੂੰ ਵੀ ਨਹੀਂ ਛੱਡ ਰਿਹਾ। ਮਾਲਕ ਨੂੰ ਹੀ ਮਾਰ ਦੇਣ ਦੀਆਂ ਘਟਨਾਵਾਂ ਹੋ ਰਹੀਆਂ ਹਨ। ਲੋਭ ਨੇ ਮਨੁੱਖ ਨੂੰ ਅਜਿਹਾ ਹੀ ਹੈਵਾਨ ਬਣਾ ਦਿੱਤਾ ਹੈ। ਲੋਭ ਨੇ ਹਰ ਰਿਸ਼ਤੇ ਦੀ ਮਰਿਆਦਾ ਤਾਰ ਤਾਰ ਕਰ ਦਿੱਤੀ ਹੈ। ਲੋਭ ਕਾਰਨ ਆਪਣੇ ਜਨਮਦਾਤਾ ਮਾਤਾ ਪਿਤਾ ਵੀ ਵੈਰੀ ਨਜ਼ਰ ਆਉਂਦੇ ਹਨ। ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਮਨੁੱਖ ਅੰਦਰ ਸੱਤ ਅਸੱਤ ਦਾ ਭੇਦ ਨਾ ਜਾਣਨ ਵਾਲਾ ਵੀ ਵੱਸ ਰਿਹਾ ਹੈ। ਮਨੁੱਖ ਦੀ ਬਿਰਤੀ ਅਜਿਹੀ ਹੋ ਗਈ ਹੈ ਕਿ ਉਸ ਨੂੰ ਕੂੜ ਹੀ ਸੁਹਾਉਂਦਾ ਹੈ। ਉਸ ਤੋਂ ਬਾਹਰ ਆਉਣ ਦੀ ਇੱਛਾ ਹੀ ਨਹੀਂ ਰਹੀ। ਝੂਠ, ਫਰੇਬ, ਈਰਖਾ, ਨਿੰਦਾ ਵਿੱਚ ਹੀ ਜੀਵਨ ਬਤੀਤ ਹੋ ਰਿਹਾ ਹੈ। ਇਸ ਵਿੱਚ ਹੀ ਮਨੁੱਖ ਨੂੰ ਸੁਖ ਪ੍ਰਾਪਤ ਹੁੰਦਾ ਜਾਪ ਰਿਹਾ ਹੈ ਕਿਉਂਕਿ ਉਸ ਨੇ ਨਿਰਮਲ ਜੀਵਨ ਦੇ ਸੱਚੇ ਆਨੰਦ ਦਾ ਰਸ ਕਦੇ ਚੱਖਿਆ ਹੀ ਨਹੀਂ। ਮਨੁੱਖ ਦੇ ਅੰਦਰ ਇੱਕ ਠੱਗ ਵੀ ਬੈਠਾ ਹੋਇਆ ਹੈ। ਇਹ ਠੱਗ ਬਿਰਤੀ ਆਪਣੇ ਸੁਆਰਥ ਕਾਰਨ ਅਭੱਖ ਵੀ ਛਕਣ ਲਈ ਸਦਾ ਤਿਆਰ ਰਹਿੰਦੀ ਹੈ। ਦੂਜੇ ਨੂੰ ਧੋਖਾ ਦੇਣ ਲਈ ਮਨੁੱਖ ਕੋਈ ਵੀ ਨੀਚ ਕਰਮ ਕਰ ਸਕਦਾ ਹੈ, ਜੋ ਸੋਚਿਆ ਵੀ ਨਾ ਗਿਆ ਹੋਵੇ। ਸਮਾਜ ਅੰਦਰ ਵਾਪਰ ਰਹੀ ਹਰ ਨਵੀਂ ਘਟਨਾ ਪਹਿਲਾਂ ਨਾਲੋਂ ਜ਼ਿਆਦਾ ਕਰੂਪ ਤੇ ਜ਼ਿਆਦਾ ਵਿਆਕੁਲ ਕਰਨ ਵਾਲੀ ਸਾਬਤ ਹੋ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਮਨੁੱਖ ਦੀ ਅੰਤਰ ਅਵਸਥਾ ਦਾ ਘਿਨਾਉਣਾ ਸੱਚ ਉਜਾਗਰ ਕਰਨ ਤੋਂ ਬਾਅਦ ਉਸ ਦੇ ਵਿਹਾਰ ਬਾਰੇ ਦੱਸਿਆ। ਮਨੁੱਖ ਦੀ ਅੰਤਰ ਬਿਰਤੀ ਅਜਿਹੀ ਹੋ ਗਈ ਹੈ ਕਿ ਉਸ ਨੂੰ ਹਰ ਪਾਸੇ ਕੂੜ ਹੀ ਕੂੜ ਨਜ਼ਰ ਆਉਂਦਾ ਹੈ ਤੇ ਆਪਣੇ ਅੰਦਰ ਦਾ ਕੂੜ ਵਿਖਾਈ ਨਹੀਂ ਦਿੰਦਾ। ਉਹ ਸਾਰਿਆਂ ਦੀ ਨਿੰਦਾ ਹੀ ਕਰਦਾ ਰਹਿੰਦਾ ਹੈ। ਉਸ ਦੇ ਮੁਖ ਤੋਂ ਕਦੇ ਸ਼ੁਭ ਬੋਲ ਨਿਕਲਦੇ ਹੀ ਨਹੀਂ ਜਿਵੇਂ ਮੁਖ ਵਿੱਚ ਮਲ ਭਰਿਆ ਹੋਵੇ। ਮਨੁੱਖ ਦੇ ਅੰਦਰ ਚੰਡਾਲ ਜਿਹਾ ਤਾਕਤਵਰ ਕ੍ਰੋਧ ਭਰਿਆ ਹੋਇਆ ਹੈ, ਜਿਸ ਦਾ ਅਸਰ ਚਿਤਾ ਦੀ ਅਗਨੀ ਤੋਂ ਜ਼ਿਆਦਾ ਵਿਨਾਸ਼ਕ ਹੈ। ਕ੍ਰੋਧ ਲੋਕਾਂ ਦੇ, ਪਰਿਵਾਰਾਂ ਦੇ ਜੀਵਨ ਨਾਸ਼ ਕਰ ਰਿਹਾ ਹੈ ਪਰ ਕ੍ਰੋਧ ਦਾ ਨਾਸ਼ ਨਹੀਂ ਹੋ ਰਿਹਾ। ਗੁਰੂ ਨਾਨਕ ਸਾਹਿਬ ਨੇ ਮਨੁੱਖ ਦਾ ਮਨੋਵਿਗਿਆਨ ਵੀ ਸਾਹਮਣੇ ਰੱਖਿਆ। ਸਾਰੇ ਔਗੁਣ ਹੋਣ ਦੇ ਬਾਵਜੂਦ ਮਨੁੱਖ ਆਪਣੇ ਆਪ ਨੂੰ ਸਚਿਆਰ ਮੰਨਦਾ ਹੈ। ਉਹ ਸਾਰਿਆਂ ਦੀ ਨਿੰਦਾ ਕਰਦਾ ਹੈ ਪਰ ਸਦਾ ਆਪਣੀ ਵਡਿਆਈ ਆਪ ਹੀ ਕਰਦਾ ਰਹਿੰਦਾ ਹੈ। ਆਪਣੀ ਸ਼ਲਾਘਾ ਆਪ ਕਰਨਾ ਉਸ ਨੂੰ ਅਤਿ ਸੁਖਦਾਇਕ ਲੱਗਦਾ ਹੈ। ਅੱਜ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਆਤਮ ਪ੍ਰਸ਼ੰਸਾ ਨੂੰ ਭਾਰੀ ਹੁੰਗਾਰਾ ਮਿਲਿਆ ਹੈ। ਹੋਰ ਕੁਝ ਨਹੀਂ ਤਾਂ ਆਤਮ ਮੁਗਧ ਮਨੁੱਖ ਆਪਣੀਆਂ ਸੈਲਫੀਆਂ ਹੀ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਪਾਈ ਜਾ ਰਿਹਾ ਹੈ। ਗਿਆਨ-ਧਿਆਨ ਦੀਆਂ ਗੱਲਾਂ ਕਰਨ ਵਾਲੇ ਵੀ ਇਸ ਤੋਂ ਬਚੇ ਨਹੀਂ। ਹਰ ਮਨੁੱਖ ਇਸ ਭਰਮ ਵਿੱਚ ਜਿਊਂ ਰਿਹਾ ਹੈ ਕਿ ਉਹ ਸਭ ਤੋਂ ਸਿਆਣਾ ਹੈ। ਦੂਜਾ ਕੋਈ ਵੀ ਹੋਵੇ, ਮਨੁੱਖ ਉਸ ਵਿੱਚ ਔਗੁਣ ਹੀ ਵੇਖਦਾ ਹੈ।
ਪੂਰੇ ਮਨੁੱਖੀ ਸਮਾਜ ਨੂੰ ਲੋਭ, ਕਪਟ, ਫਰੇਬ ਤੇ ਕਾਮ ਨੇ ਆਪਣੇ ਵੱਸ ’ਚ ਕਰ ਲਿਆ ਹੈ। ਦਿਨ ਦਾ ਆਰੰਭ ਜਿਨ੍ਹਾਂ ਖ਼ਬਰਾਂ ਨਾਲ ਹੁੰਦਾ ਹੈ ਜਾਂ ਦਿਨ ਵਿੱਚ ਜੋ ਖ਼ਬਰਾਂ ਬਣਦੀਆਂ ਹਨ ਉਹ ਸਿੱਧੇ ਜਾਂ ਅਸਿੱਧੇ ਤੌਰ ’ਤੇ ਇਨ੍ਹਾਂ ਚਾਰ ਚੌਧਰੀਆਂ ਨਾਲ ਹੀ ਜੁੜੀਆਂ ਹੁੰਦੀਆਂ ਹਨ।
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥ ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ॥
ਸਮਾਜ ਦੇ ਚਿੰਤਨ ਦਾ ਵਿਸ਼ਾ ਇਹ ਨਹੀਂ ਕਿ ਨਿਆਂ, ਪਰਉਪਕਾਰ, ਦਇਆ, ਸੰਤੋਖ, ਸੰਜਮ ਤੇ ਸੱਚ ਦੀ ਸੱਤਾ ਕਿਵੇਂ ਕਾਇਮ ਹੋਵੇ। ਕਿਵੇਂ ਬਰਾਬਰੀ, ਭਾਈਚਾਰੇ ਤੇ ਪ੍ਰੇਮ ਦਾ ਮਾਹੌਲ ਬਣੇ। ਲੋਕ ਇਸੇ ਵਿਚਾਰ ਵਿੱਚ ਲੱਗੇ ਹੋਏ ਹਨ ਕਿ ਉਨ੍ਹਾਂ ਦੇ ਲੋਭ ਦੀ ਪੂਰਤੀ ਕਿਵੇਂ ਹੋਵੇ। ਭੌਤਿਕ ਤਰੱਕੀ ਚਾਹੀਦੀ ਹੈ ਭਾਵੇਂ ਕੋਈ ਵੀ ਪਾਪ ਕਰਨਾ ਪਵੇ, ਠੱਗੀ ਕਰਨੀ ਪਵੇ। ਮਨੁੱਖ ਨੂੰ ਜੀਵਨ ਵਿੱਚ ਭੋਗ ਵਿਲਾਸ ਚਾਹੀਦੇ ਹਨ ਕਿਉਂਕਿ ਇਸ ਵਿੱਚ ਹੀ ਉਸ ਨੂੰ ਜੀਵਨ ਦੀ ਸਫ਼ਲਤਾ ਵਿਖਾਈ ਦਿੰਦੀ ਹੈ। ਅਚਰਜ ਇਹ ਹੈ ਕਿ ਬਾਹਰੋਂ ਸਾਰੇ ਹੀ ਸੱਜਣ, ਭਲੇ ਮਾਨਸ ਬਣੇ ਹੋਏ ਹਨ। ਇਹ ਗੱਲ ਹੁਣ ਹੈਰਾਨ ਨਹੀਂ ਕਰਦੀ ਕਿ ਕੋਈ ਜਿਹੋ ਜਿਹਾ ਦਿਖਾਈ ਦੇ ਰਿਹਾ ਹੈ ਉਹ ਉਸ ਦੇ ਇਕਦਮ ਉਲਟ ਹੋ ਸਕਦਾ ਹੈ। ਕੋਈ ਕਿਸੇ ਨੂੰ ਵੀ ਧੋਖਾ ਦੇ ਸਕਦਾ ਹੈ, ਕੋਈ ਵੀ ਗੁਨਾਹ ਕਰ ਸਕਦਾ ਹੈ। ਇਹ ਸਮਾਂ ਹੈ ਕਿ ਅਣਹੋਣੀ ਜਿਹੇ ਸ਼ਬਦ ਨੂੰ ਸ਼ਬਦਕੋਸ਼ ਤੋਂ ਖਾਰਿਜ ਕਰ ਦੇਣਾ ਹੀ ਉਚਿਤ ਹੋਵੇਗਾ। ਸੰਸਾਰ ਅੰਦਰ ਸਾਰਾ ਕੁਝ ਉਲਟ ਹੋ ਰਿਹਾ ਹੈ।
ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥
ਸੰਸਾਰ ਅੰਦਰ ਸੱਚ ਦੀ ਪਰਖ ਉਹ ਕਰ ਰਹੇ ਹਨ, ਜਿਨ੍ਹਾਂ ਸੱਚ ਕਦੇ ਜਾਣਿਆ ਹੀ ਨਹੀਂ। ਉਨ੍ਹਾਂ ਨੂੰ ਸੱਚ ਤੇ ਝੂਠ, ਨਿਆਂ ਤੇ ਅਨਿਆਂ, ਧਰਮ ਤੇ ਅਧਰਮ ਦਾ ਭੇਦ ਗਿਆਤ ਹੀ ਨਹੀਂ ਹੈ। ਅੱਜ ਸੰਸਾਰ ਅੰਦਰ ਪਾਪ ਹੋ ਰਹੇ ਹਨ ਤੇ ਪਾਪ ਦੀ ਹਮਾਇਤ ਡਟ ਕੇ ਹੋ ਰਹੀ ਹੈ ਕਿਉਂਕਿ ਉਨ੍ਹਾਂ ਦੀ ਨਜ਼ਰ ਵਿੱਚ ਇਹ ਪਾਪ ਹੈ ਹੀ ਨਹੀਂ। ਲੋਭ, ਕੂੜ ਨੇ ਪਾਪ ਦੀ ਪਰਿਭਾਸ਼ਾ ਬਦਲ ਦਿੱਤੀ ਹੈ। ਇਸ ਦਾ ਵਿਆਪਕ ਤੇ ਘਾਤਕ ਪ੍ਰਭਾਵ ਮਨੁੱਖ ਦੇ ਜੀਵਨ ’ਤੇ ਪੈ ਰਿਹਾ ਹੈ। ਮਨੁੱਖ ਨੂੰ ਸੰਸਾਰ ਅੰਦਰ ਜੋ ਵੀ ਚੀਜ਼ ਮੋਹ ਰਹੀ ਹੈ, ਲੁਭਾਉਣੀ ਲੱਗ ਰਹੀ ਹੈ, ਦਰਅਸਲ ਉਹ ਉਸ ਦੇ ਦੁੱਖਾਂ ਦਾ ਮੂਲ ਹੈ। ਸੰਸਾਰ ਦਾ ਭਰਮ ਹੀ ਅਜਿਹਾ ਹੈ। ਸੱਚ ਦੀ ਪਰਖ ਨਾ ਹੋਣ ਕਾਰਣ ਹਰ ਮਨੁੱਖ ਪੜ੍ਹਿਆ-ਅਨਪੜ੍ਹ , ਧਨਵਾਨ-ਨਿਰਧਨ , ਕੁਲੀਨ-ਕੁਲਹੀਨ , ਰਾਜਾ-ਪਰਜਾ ਸਾਰੇ ਹੀ ਦੁੱਖ ਭੋਗ ਰਹੇ ਹਨ। ਸਮਾਜ ਅੰਦਰ ਕਦਰਾਂ-ਕੀਮਤਾਂ ਦੀ ਰਾਖੀ ਲਈ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਪਰ ਨਾ ਤਾਂ ਦੁੱਖ ਦੇ ਮੂਲ ਤੱਕ ਜਾਣ ਦੀ ਦ੍ਰਿਸ਼ਟੀ ਹੈ ਨਾ ਹੀ ਨਿਦਾਨ ਦਾ ਗਿਆਨ ਹੈ।
ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ॥ ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ॥
ਸਮਾਜ ਅੰਦਰ ਜਦੋਂ ਵੱਡੀ ਘਟਨਾ ਵਾਪਰਦੀ ਹੈ, ਵੱਡਾ ਦੁੱਖ ਪੈਦਾ ਹੁੰਦਾ ਹੈ ਤਾਂ ਕੁਝ ਫੌਰੀ ਕਦਮ ਚੁੱਕ ਲਏ ਜਾਂਦੇ ਹਨ, ਕੁਝ ਕਾਨੂੰਨ ਬਣ ਜਾਂਦੇ ਹਨ। ਇਸ ਦਾ ਮੁੱਖ ਮਨੋਰਥ ਇਹ ਹੁੰਦਾ ਹੈ ਕਿ ਲੋਕਾਂ ਅੰਦਰ ਵਿਆਪਤ ਰੋਹ ਸ਼ਾਂਤ ਕੀਤਾ ਜਾ ਸਕੇ। ਕਾਨੂੰਨ ਹਨ, ਤੰਤਰ ਹੈ ਪਰ ਸਮਾਜ ਦੀਆਂ ਤੰਦਾਂ ਨਿਰੰਤਰ ਟੁੱਟਦੀਆਂ ਹੀ ਜਾ ਰਹੀਆਂ ਹਨ। ਇਹ ਹੈਰਾਨ ਕਰਨ ਵਾਲੀ ਗੱਲ ਨਹੀਂ ਕਿਉਂਕਿ ਬਾਹਰਲੇ ਨਿਦਾਨ ਮਨੁੱਖ ਦੀ ਬਿਰਤੀ ਨਹੀਂ ਬਦਲ ਸਕਦੇ। ਕਾਨੂੰਨ ਮਨੁੱਖ ਨੂੰ ਪਾਬੰਦ ਕਰ ਸਕਦੇ ਹਨ, ਉਸ ਦੀਆਂ ਗਤੀਵਿਧੀਆਂ ’ਤੇ ਅੰਕੁਸ਼ ਲਗਾ ਸਕਦੇ ਹਨ ਪਰ ਅੰਤਰ ਅਵਸਥਾ ਨਹੀਂ ਬਦਲ ਸਕਦੇ। ਕੂੜ ਬਿਰਤੀ ਮੌਕਾ ਮਿਲਦਿਆਂ ਹੀ ਪਾਪ ਕਰਮਾਂ ਵੱਲ ਮੁਖ ਮੋੜ ਦਿੰਦੀ ਹੈ। ਅਲਪ ਸੁਖ ਲਈ ਕੀਤੇ ਪਾਪ ਦਾ ਦੰਡ ਜੀਵਨ ਭਰ ਭੋਗਣਾ ਪੈਂਦਾ ਹੈ।
ਲੋੜ ਹੈ ਕਿ ਦੁੱਖ ਦੀ ਜੜ੍ਹ ਦੀ ਪਛਾਣ ਹੋਵੇ ਤੇ ਦੁੱਖ ਨੂੰ ਮੂਲ ਤੋਂ ਨਾਸ਼ ਕਰਨ ਲਈ ਉਪਚਾਰ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਵੈਦ ਜਗਤ ਵਿੱਚ ਦੂਜਾ ਨਹੀਂ ਜਿਸ ਵਿੱਚ ਵਾਰਤਾ ਹੀ ਨਿਦਾਨ ਨਾਲ ਆਰੰਭ ਹੁੰਦੀ ਹੈ “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ॥’’ ਪਰਮਾਤਮਾ ਦੇ ਹੁਕਮ ਅੰਦਰ ਰਹਿਣ ਲਈ ਨਿਮਰਤਾ ਤੇ ਸਮਰਪਣ ਚਾਹੀਦੇ ਹਨ। ਉਸ ਦੀ ਰਜ਼ਾ ਵਿੱਚ ਰਹਿਣ ਲਈ ਸੰਤੋਖ, ਸੰਜਮ ਤੇ ਵਿਵੇਕ ਚਾਹੀਦੇ ਹਨ। ਜੋ ਪਰਮਾਤਮਾ ਬਖ਼ਸ਼ ਰਿਹਾ ਹੈ ਉਸ ਲਈ ਸ਼ੁਕਰਾਨਾ ਹੋਵੇ। ਮਨੁੱਖੀ ਸਮਾਜ ਗੁਰੂ ਨਾਨਕ ਸਾਹਿਬ ਦੀ ਪਾਵਨ ਬਾਣੀ ਦੀ ਇਸ ਇੱਕ ਪੰਕਤੀ ਦਾ ਮਰਮ ਹੀ ਜਾਣ ਕੇ ਧਾਰਨ ਕਰ ਲਵੇ ਤਾਂ ਉਸ ਦੇ ਸਾਰੇ ਦੁੱਖ ਦੂਰ ਹੋ ਜਾਣਗੇ। ਨਹੀਂ ਤਾਂ ਠੱਗਣ ਵਾਲਿਆਂ ਦੀ ਭੀੜ ਹੈ ਜੋ ਸੰਸਾਰ ਨੂੰ ਠੱਗਣ ਤੇ ਕੁਰਾਹੇ ਪਾਉਣ ਵਿੱਚ ਮਾਹਿਰ ਹੈ। ਲੋਕ ਦਿਨ ਰਾਤ ਠੱਗੇ ਜਾ ਰਹੇ ਹਨ ਤੇ ਠੱਗੇ ਜਾਂਦੇ ਰਹਿਣਗੇ।
ਈ-ਮੇਲ: akaalpurkh.7@gmail.com