ਨੌਵੇਂ ਪਾਤਸ਼ਾਹ ਦੀ ਸ਼ਹਾਦਤ
ਦਿੱਲੀ ਨੇ ਕਹਿਰ ਕਮਾਇਆ ਏ,
ਸਿੱਖੀ ਨਾਲ ਮੱਥਾ ਲਾਇਆ ਏ।
ਸਤਿਗੁਰ ਨੂੰ ਆਖ ਸੁਣਾਇਆ ਏ,
ਕਿਉਂ ਰਾਜੇ ਅੱਗੇ ਅੜਨਾ ਹੈ,
ਜਿਊਣਾ ਹੈ ਜਾਂ ਮਰਨਾ ਹੈ?
ਗੁਰ ਬੋਲੇ, ਸੱਚੀ ਗੱਲ ਕਰੀਏ,
ਕਮਜ਼ੋਰਾਂ ਨਾਲ ਅਸੀਂ ਖੜ੍ਹੀਏ।
ਜ਼ਾਲਮ ਰਾਜੇ ਤੋਂ ਕਿਉਂ ਡਰੀਏ,
ਸਤਿਗੁਰ ਨਾਨਕ ਦਾ ਕਹਿਣਾ ਹੈ,
ਭੈਅ ਦੇਣਾ ਨਾ ਭੈਅ ਸਹਿਣਾ ਹੈ।
ਰਹੇ ਕਾਹਤੋਂ ਕਸ਼ਟ ਸਹਾਰ ਤੁਸੀਂ,
ਕਰੋ ਦੀਨ ਤੋਂ ਕਿਉਂ ਇਨਕਾਰ ਤੁਸੀਂ?
ਗੱਲ ਮੰਨ ਲਓ ਆਖ਼ਰੀ ਵਾਰ ਤੁਸੀਂ,
ਹੁਣ ਪੈਣਾਂ ਮੋਮਨ ਬਣਨਾ ਹੈ,
ਜਿਊਣਾ ਹੈ ਜਾਂ ਮਰਨਾ ਹੈ?
ਮੋਮਨ ਤੇ ਹਿੰਦੂ ਤਾਂ ਚੰਗੇ,
ਜੇ ਰਾਮ ਖ਼ੁਦਾ ਦੇ ਰੰਗ ਰੰਗੇ।
ਅਮਲੋਂ ਪਰ ਜੇਕਰ ਬੇਢੰਗੇ,
ਦੋਵਾਂ ਨੂੰ ਰੋਣਾ ਪੈਣਾ ਹੈ,
ਭੈਅ ਦੇਣਾ ਨਾ ਭੈਅ ਸਹਿਣਾ ਹੈ।
ਪੀਰਾਂ ਦੇ ਪੀਰ ਬਣਾ ਦਿਆਂਗੇ,
ਪੁੱਤਰ ਨੂੰ ਰਾਜ ਦਿਵਾ ਦਿਆਂਗੇ।
ਨਾਂ ਉੱਤੇ ਸਿੱਕਾ ਚਲਾ ਦਿਆਂਗੇ,
ਬਸ ਪੈਣਾ ਕਲਮਾ ਪੜ੍ਹਨਾ ਹੈ,
ਜਿਊਣਾ ਹੈ ਜਾਂ ਮਰਨਾ ਹੈ?
ਰਾਜ ਨਾਨਕਸ਼ਾਹੀ ਸੋਹਣਾ ਹੈ,
ਸੱਚਾ ਤਖ਼ਤ ਬੜਾ ਮਨ ਮੋਹਣਾ ਹੈ।
ਸਿੱਖੀ ਦਾ ਰਾਹ ਰੁਸ਼ਨਾਉਣਾ ਹੈ,
ਝੂਠਾ ਰਾਜ ਅਸਾਂ ਨਾ ਲੈਣਾ ਹੈ,
ਭੈਅ ਦੇਣਾ ਨਾ ਭੈਅ ਸਹਿਣਾ ਹੈ।
ਕੀਤੀ ਅਰਜ਼ ਅਸਾਂ ਹੱਥ ਬੰਨ੍ਹ ਕੇ ਤੇ,
ਸੁੱਖ ਪਾਓਂਗੇ ਸਾਡੀ ਮੰਨ ਕੇ ਤੇ।
ਨਹੀਂ ਚੌਕ ਚਾਂਦਨੀ ਬੰਨ੍ਹ ਕੇ ਤੇ,
ਕਤਲ ਜੱਲਾਦਾਂ ਕਰਨਾ ਹੈ,
ਜਿਉਣਾ ਹੈ ਜਾਂ ਮਰਨਾ ਹੈ?
ਗੁਰੂ ਤੇਗ ਬਹਾਦਰ ਦਾ ਕਹਿਣਾ,
ਜੋ ਮਰਜ਼ੀ ਕਸ਼ਟ ਪੁਚਾ ਲੈਣਾ।
ਬੇੜਾ ਧਰਮ ਦਾ ਅਸਾਂ ਬਚਾ ਲੈਣਾ,
ਅੱਜ ਮਹਿਲ ਪਾਪ ਦਾ ਢਹਿਣਾ ਹੈ,
ਭੈਅ ਦੇਣਾ ਨਾ ਭੈਅ ਸਹਿਣਾ ਹੈ।
ਸੁਣ ਜ਼ਾਲਮ ਕਾਜ਼ੀ ਸੜਿਆ ਹੈ,
ਪਿੰਜਰੇ ਵਿੱਚ ਸਤਿਗੁਰ ਖੜ੍ਹਿਆ ਹੈ।
ਫਿਰ ਝੂਠਾ ਫਤਵਾ ਪੜ੍ਹਿਆ ਹੈ,
ਸਿਰ ਧੜ ਨਾਲੋਂ ਵੱਖ ਕਰਨਾ ਹੈ,
ਜਿਊਣਾ ਹੈ ਜਾਂ ਮਰਨਾ ਹੈ।
ਸਾਡੇ ਸਿਰ ’ਤੇ ਹੱਥ ਗੁਰ ਨਾਨਕ ਦਾ,
ਕੋਈ ਡਰ ਨ੍ਹੀਂ ਸਮੇਂ ਭਿਆਨਕ ਦਾ।
ਅਣਹੋਣੀ ਅਤੇ ਅਚਾਨਕ ਦਾ,
ਮੁਗ਼ਲਾਂ ਦਾ ਝੰਡਾ ਲਹਿਣਾ ਹੈ,
ਭੈਅ ਦੇਣਾ ਨਾ ਭੈਅ ਸਹਿਣਾ ਹੈ।
ਜ਼ਾਲਮ ਹੁਣ ਅਤਿ ਵਰ੍ਹਾਵਣਗੇ,
ਗੁਰੂ ਤੇਗ ’ਤੇ ਤੇਗ ਚਲਾਵਣਗੇ।
ਜ਼ਾਲਮਾਂ ਨੂੰ ਭੈ-ਭੀਤ ਕਰਾਵਣਗੇ,
ਪਾਪਾਂ ਦਾ ਬੇੜਾ ਭਰਨਾ ਹੈ,
ਜਿਊਣਾ ਹੈ ਜਾਂ ਮਰਨਾ ਹੈ।
ਗੁਰਾਂ ਜਪੁ ਜੀ ਸਾਹਿਬ ਪੜਿ੍ਹਆ ਹੈ,
ਪੜ੍ਹ ਕੇ ਅਰਦਾਸਾ ਕਰਿਆ ਹੈ।
ਐਸਾ ਰੰਗ ਮਜੀਠੀ ਦਾ ਚੜ੍ਹਿਆ ਹੈ,
ਸੱਚਖੰਡ ਨੂੰ ਚਾਲਾ ਪੈਣਾ ਹੈ,
ਭੈਅ ਦੇਣਾ ਨਾ ਭੈਅ ਸਹਿਣਾ ਹੈ।
ਸ੍ਰਿਸ਼ਟੀ ’ਤੇ ਜਿਸ ਦੀ ਚਾਦਰ ਜੀ,
ਹੱਕ ਸੱਚ ਦਾ ਕਰਦੇ ਆਦਰ ਜੀ,
ਐਸੇ ਗੁਰੂ ਤੇਗ ਬਹਾਦਰ ਜੀ।
ਬੇਖ਼ੌਫ਼ ਸ਼ਹੀਦੀ ਪਾਈ ਹੈ,
ਜੋਤੀ ਵਿੱਚ ਜੋਤ ਰਲਾਈ ਹੈ।
