ਗੁਆਚਦੀ ਪੰਜਾਬੀ ਵਿਰਾਸਤ
ਮੈਂ ਪੰਜ ਕੁ ਸਾਲ ਦਾ ਸਾਂ। ਮੇਰੇ ਦਾਦਾ ਜੀ ਹਰ ਰੋਜ਼ ਮੈਨੂੰ ਆਪਣੇ ਨਾਲ ਗੁਰੂਘਰ ਲੈ ਜਾਂਦੇ ਸਨ। ਗੁਰੂਘਰ ਦੇ ਉੱਤਰ ਵਾਲੇ ਪਾਸੇ ਇੱਕ ਖੂਹੀ ਸੀ।ਦਾਦਾ ਜੀ ਖੂਹੀ ਕੋਲ ਰੁਕ ਜਾਂਦੇ। ਮੈਨੂੰ ਦੱਸਦੇ, ‘‘ਇਹ ਖੂਹੀ ਏ। ਲੋਕ ਇੱਥੋਂ ਪੀਣ ਲਈ ਪਾਣੀ ਲੈ ਕੇ ਜਾਂਦੇ ਹਨ। ਇਹ ਲਾਸ ਨਾਲ ਖੂਹੀ ਵਿੱਚੋਂ ਪਾਣੀ ਕੱਢਿਆ ਜਾਂਦਾ ਹੈ, ਇਸ ਨੂੰ ਲੱਜ ਆਖਦੇ ਹਨ। ਇਸ ਬਰਤਨ ਨਾਲ ਖੂਹੀ ਵਿੱਚੋਂ ਪਾਣੀ ਖਿੱਚਿਆ ਜਾਂਦਾ ਹੈ, ਇਸ ਨੂੰ ਬੋਕਾ ਆਖਦੇ ਹਨ। ਇਸ ਢਾਂਚੇ ਉੱਪਰ ਲੱਜ ਰੱਖ ਕੇ ਪਾਣੀ ਵਾਲਾ ਬੋਕਾ ਉੱਪਰ ਖਿੱਚਿਆ ਜਾਂਦਾ ਹੈ, ਜਿਸ ਨੂੰ ਹਲਟੀ ਆਖਦੇ ਹਨ। ਖੂਹੀ ਦੇ ਇਸ ਪੱਕੇ ਗੋਲ ਦਾਇਰੇ ਨੂੰ ਮਣ ਆਖਦੇ ਹਨ।’’ ਗੁਰੂਘਰ ਮੱਥਾ ਟੇਕਣ ਤੋਂ ਬਾਅਦ ਘਰ ਪਰਤਦਿਆਂ ਕਈ ਵਾਰ ਸਾਨੂੰ ਊਠ ਗੱਡੀਆਂ ਤੇ ਬਲਦ ਰੇੜ੍ਹੀਆਂ ਵਾਲੇ ਮਿਲ ਜਾਂਦੇ। ਉਹ ਆਪਣੇ ਊਠਾਂ ਤੇ ਬਲਦਾਂ ਨੂੰ ਪਾਣੀ ਪਿਆਉਣ ਲਈ ਰੁਕਦੇ ਸਨ। ਮੈਂ ਇਸ਼ਾਰੇ ਨਾਲ ਦਾਦਾ ਜੀ ਨੂੰ ਪੁੱਛਦਾ, ‘‘ਇਹ ਕੀ ਏ?’’ ਉਹ ਦੱਸਦੇ, ‘‘ਪੁੱਤਰ, ਇਹ ਊਠ ਹੈ।
ਇਸ ਦੀ ਉੱਪਰ ਉੱਭਰਵੀਂ ਬੰਨ੍ਹ ਨੂੰ ਥੂਹ ਆਖਦੇ ਹਨ। ਅਗਲੀਆਂ ਲੱਤਾਂ ਪਿੱਛੇ ਮਾਸ ਦੇ ਗੋਲ ਦਾਇਰੇ ਨੂੰ ਈਡਰ ਆਖਦੇ ਹਨ।’’ ਜਦੋਂ ਮੈਂ ਦਾਦਾ ਜੀ ਨੂੰ ਪੁੱਛਦਾ, ‘‘ਇਹ ਉੱਠਾਂ ਦਾ ਕੀ ਕਰਦੇ ਹਨ?’’ ਤਾਂ ਦਾਦਾ ਜੀ ਦੱਸਦੇ ਕਿ ਇਹ ਊਠਾਂ ਨਾਲ ਵਾਹੀ ਕਰਦੇ ਹਨ। ਇਨ੍ਹਾਂ ਲੋਕਾਂ ਨੂੰ ਹਾਲੀ ਆਖਦੇ ਹਨ।ਊਠ ਦੀ ਧੌਣ ਉੱਪਰ ਪਾਈ ਇਸ ਪਟੀ ਨੂੰ ਬੀਂਡੀਂ ਆਖਦੇ ਹਨ। ਊਠ ਦੀ ਪੂਛ ਹੇਠਾਂ ਪਾਏ ਲੱਕੜ ਦੇ ਦਸਤੇ ਨੂੰ ਪੰਜਾਲੀ ਆਖਦੇ ਹਨ। ਪੰਜਾਲੀ ਦੇ ਦੋਵੇਂ ਸਿਰਿਆਂ ’ਤੇ ਪਾਏ ਇਨ੍ਹਾਂ ਰੱਸਿਆਂ ਨੂੰ ਤੰਗ ਕਿਹਾ ਜਾਂਦਾ ਹੈ। ਹਲ ਨੂੰ ਪੰਜਾਲੀ ਨਾਲ ਜੋੜਨ ਵਾਲੇ ਇਸ ਰੱਸੇ ਨੂੰ ਨਾੜ ਕਿਹਾ ਜਾਂਦਾ ਹੈ। ਹਰਾ-ਚਾਰਾ ਲਿਆਉਣ ਲਈ ਊਠ ਦੀ ਢੂਹੀ ਉੱਪਰ ਪਾਏ ਲੱਕੜ ਦੇ ਢਾਂਚੇ ਨੂੰ ਪਲਾਣਾ ਕਹਿੰਦੇ ਹਨ। ਪਲਾਣੇ ਤੋਂ ਥੋੜ੍ਹਾ ਲੰਬੇ ਢਾਂਚੇ ਨੂੰ ਕਾਠੀ ਕਹਿੰਦੇ ਹਨ।ਇਸ ਦੀ ਵਰਤੋਂ ਬਰਾਤ ਜਾਂ ਰਿਸ਼ਤੇਦਾਰਾਂ ਦੇ ਜਾਣ ਸਮੇਂ ਕੀਤੀ ਜਾਂਦੀ ਹੈ।
ਹਲ ਵਿੱਚ ਪਾਈ ਇਸ ਲੰਬੀ ਸ਼ਤੀਰੀ ਨੂੰ ਹਲ ਕਿਹਾ ਜਾਂਦਾ ਹੈ। ਹਲ ਵੀ ਕਈ ਤਰ੍ਹਾਂ ਦੇ ਹਨ: ਤੋਤਾ ਹਲ, ਉਲਟਵਾਂ ਹਲ ਤੇ ਮੂਰਖੀਆ ਹਲ। ਜਿਸ ਹਲ ਨਾਲ ਬਿਜਾਈ ਕੀਤੀ ਜਾਂਦੀ ਹੈ, ਉਸ ਨੂੰ ਮੁੰਨੀ ਆਖਦੇ ਹਨ। ਊਠ ਦਾ ਨੱਕ ਵਿੰਨ੍ਹ ਕੇ ਪਾਈ ਬਰੀਕ ਰੱਸੀ ਨੂੰ ਤੌਣਾ ਕਹਿੰਦੇ ਹਨ। ਤੌਣੇ ਨਾਲ ਬੰਨ੍ਹੀਂ ਲੰਮੀ ਰੱਸੀ ਨੂੰ ਮ੍ਹਾਰ ਆਖਦੇ ਹਨ। ਊਠ ਦੇ ਮੂੰਹ ਉੱਪਰ ਚੜ੍ਹਾਇਆ ਰੱਸੀ ਦਾ ਜਾਲ ਛਿੱਕਲਾ ਹੈ। ਫਿਰ ਮੇਰਾ ਧਿਆਨ ਬਲਦਾਂ ਦੀ ਜੋੜੀ ਉੱਪਰ ਪੈਂਦਾ। ਬਲਦਾਂ ਦੀ ਧੌਣ ’ਤੇ ਪਾਏ ਲੱਕੜ ਦੇ ਢਾਂਚੇ ਵੱਲ ਇਸ਼ਾਰਾ ਕਰਕੇ ਪੁੱਛਦਾ, ‘‘ਇਹ ਕੀ ਏ?’’ ਦਾਦਾ ਜੀ ਦੱਸਦੇ, ‘‘ਪੁੱਤਰ, ਇਹ ਪੰਜਾਲੀ ਹੈ। ਬਲਦ ਦੀ ਧੌਣ ਉੱਪਰ ਰੱਖੀ ਕਮਾਨਨੁਮਾ ਲੱਕੜ ਜੂਲਾ ਹੈ।’’ ਮੈਂ ਦਾਦਾ ਜੀ ਨੂੰ ਪੁੱਛਦਾ ਕਿ ਇਹ ਕਿੱਥੇ ਜਾ ਰਹੇ ਹਨ। ਉਹ ਜਵਾਬ ਦਿੰਦੇ, ‘‘ਪੁੱਤਰ, ਇਹ ਆਪਣੇ ਖੇਤ ਜਾ ਰਹੇ ਹਨ। ਇਹ ਜ਼ਮੀਨ ਵਾਹੁਣਗੇ। ਦੁਪਹਿਰ ਤੋਂ ਪਹਿਲਾਂ ਵਾਲੇ ਸਮੇਂ ਨੂੰ ਪਹਿਲਾ ਪਹਿਰ ਜਾਂ ਪਹਿਲਾ ਜੋਤਾ ਆਖਦੇ ਹਨ। ਦੁਪਹਿਰ ਤੋਂ ਬਾਅਦ ਵਾਲੇ ਸਮੇਂ ਨੂੰ ਦੂਜਾ ਪਹਿਰ ਜਾਂ ਦੂਜਾ ਜੋਤਾ ਆਖਦੇ ਹਨ।’’
ਇਹ ਗੱਲਾਂ ਕਰਦੇ ਅਸੀਂ ਗੁਰੂਘਰ ਤੋਂ ਘਰ ਵਾਪਸ ਆ ਜਾਂਦੇ। ਦਾਦੀ ਜੀ ਹਰ ਰੋਜ਼ ਦੀ ਤਰ੍ਹਾਂ ਚਰਖਾ ਕੱਤ ਰਹੇ ਹੁੰਦੇ। ਮੈਂ ਉਨ੍ਹਾਂ ਕੋਲ ਬੈਠ ਜਾਂਦਾ ਤੇ ਪੁੱਛਿਆ ਕਿ ਇਹ ਕੀ ਹੈ। ਦਾਦੀ ਜੀ ਜਵਾਬ ਦਿੰਦੇ ਆਖਦੇ, ‘‘ਪੁੱਤਰ, ਇਹ ਚਰਖਾ ਹੈ। ਇਸ ਦੀ ਵਰਤੋਂ ਸੂਤ ਕੱਤਣ ਲਈ ਕੀਤੀ ਜਾਂਦੀ ਹੈ। ਇਹ ਰੂੰ ਦੀਆਂ ਪੇਸ਼ੀਆਂ ਪੂਣੀਆਂ ਹਨ। ਪੂਣੀਆਂ ਤੋਂ ਸੂਤ ਬਣਦਾ ਹੈ। ਰੂੰ ਕਪਾਹ ਤੋਂ ਬਣਦੀ ਹੈ।’’
ਮੈਂ ਗੋਲਾਕਾਰ ਲੱਕੜ ਦੇ ਪਹੀਏ ਨੂੰ ਹੱਥ ਲਾ ਕੇ ਪੁੱਛਦਾ, ‘‘ਦਾਦੀ, ਇਹ ਕੀ ਏ?’’ ਉਹ ਜਵਾਬ ਦਿੰਦੇ, ‘‘ਪੁੱਤਰ ਇਹ ਫੱਟੇ ਹਨ; ਦੋਵਾਂ ਫੱਟਿਆਂ ਨੂੰ ਮਿਲਾ ਕੇ ਚੌਂਕਾ ਬਣਦਾ ਹੈ। ਫੱਟੇ ਵਿਚਕਾਰਲਾ ਹਿੱਸਾ ਜੋ ਦੋਵਾਂ ਹਿੱਸਿਆਂ ਨੂੰ ਜੋੜਨ ਦਾ ਕੰਮ ਕਰਦਾ ਹੈ, ਇਹ ਮਝੇਰੂ ਹੈ। ਇਹ ਚਰਖੇ ਨੂੰ ਘੁਮਾਉਣ ਵਾਲੀ ਲੱਕੜ ਹੱਥੀ ਹੈ। ਖੰਬੇ ਦੀ ਤਰ੍ਹਾਂ ਖੜ੍ਹੇ ਲੱਕੜ ਦੇ ਇਹ ਦੋ ਟੁਕੜੇ ਮੁੰਨੇ ਹਨ। ਮੁੰਨਿਆਂ ਨੂੰ ਜੋੜਨ ਵਾਲਾ ਇਹ ਸਰੀਆ ਗੁੱਝ ਹੈ। ਹੱਥੀ ਇਸ ਨਾਲ ਜੁੜੀ ਹੋਈ ਹੈ। ਇਹ ਚਰਖੇ ਦੇ ਪਹੀਏ ਨੂੰ ਘੁਮਾਉਂਦੀ ਹੈ। ਇਸ ਸੂਤੀ ਧਾਗੇ ਨੂੰ ਮਾਲ੍ਹ ਕਹਿੰਦੇ ਹਨ। ਚਰਖੇ ਦੇ ਪਿਛਲੇ ਹਿੱਸੇ ’ਤੇ ਖੰਬੇ-ਨੁਮਾ ਲੱਗੇ ਲੱਕੜੀ ਦੇ ਇਨ੍ਹਾਂ ਤਿੰਨ ਟੁਕੜਿਆਂ ਨੂੰ ਮੁੰਨੀਆਂ ਆਖਦੇ ਹਨ। ਇਨ੍ਹਾਂ ਵਿੱਚ ਤੱਕਲਾ ਕਸਿਆ ਜਾਂਦਾ ਹੈ। ਮੁੰਨੀਆਂ ਵਿੱਚ ਚਰਮਖਾਂ ਜੜੀਆਂ ਹਨ। ਬੀੜ ਤੱਕਲੇ ਉੱਪਰ ਸੂਤ ਲਪੇਟ ਕੇ ਬਣਾਈ ਜਾਂਦੀ ਹੈ। ਇਹ ਦੋ ਬੀੜੀਆਂ ਤੱਕਲੇ ਨੂੰ ਅੱਗੇ ਪਿੱਛੇ ਜਾਣ ਤੋਂ ਰੋਕਦੀਆਂ ਹਨ। ਇਹ ਚਮੜੇ ਦੀ ਪੱਚਰ ਦਮਕੜਾ ਹੈ। ਫੱਟਿਆਂ ਵਿਚਕਾਰ ਪਾਇਆ ਧਾਗੇ ਦਾ ਜਾਲ ਕਸਣ ਹੈ। ਤੱਕਲੇ ਉੱਪਰ ਲਪੇਟੇ ਸੂਤ ਦੇ ਇਸ ਗੋਲ਼ੇ ਨੂੰ ਗਲੋਟਾ ਕਹਿੰਦੇ ਹਨ।’’ ਦਾਦੀ ਦੀ ਗੱਲ ਅਜੇ ਜਾਰੀ ਹੁੰਦੀ ਕਿ ਮੈਂ ਚਾਹ ਪੀਣ ਲਈ ਮਾਂ ਕੋਲੇ ਚੌਂਕੇ ’ਤੇ ਚਲਿਆ ਜਾਂਦਾ। ਮਾਂ ਚੁੱਲ੍ਹੇ ’ਤੇ ਚਾਹ ਗਰਮ ਕਰ ਰਹੀ ਹੁੰਦੀ। ਹਾਰੇ ਵਿੱਚ ਦੁੱਧ ਵਾਲੀ ਕਾੜ੍ਹਨੀ ਪਈ ਹੁੰਦੀ ਤੇ ਰਿੜਕਣੇ ਵਿੱਚ ਲੱਸੀ। ਇੱਕ ਕੋਨੇ ਵਿੱਚ ਲੱਕੜ ਦੀ ਮਧਾਣੀ, ਕੂੰਡਾ ਤੇ ਘੋਟਣਾ ਪਏ ਹੁੰਦੇ। ਮਾਂ ਮੈਨੂੰ ਚਾਹ ਦਾ ਗਲਾਸ ਫੜਾ ਦਿੰਦੀ। ਚਾਹ ਪੀਣ ਲਈ ਮੈਂ ਮੂੜ੍ਹੇ ਉੱਪਰ ਬੈਠ ਜਾਂਦਾ।
ਹੁਣ ਮੈਂ ਵੱਡਾ ਹੋ ਗਿਆ ਹਾਂ। ਦਾਦੀ ਜੀ ਹਮੇਸ਼ਾ ਲਈ ਦੁਨੀਆਂ ਤੋਂ ਚਲੇ ਗਏ ਹਨ। ਉਨ੍ਹਾਂ ਦੇ ਜਾਣ ਤੋਂ ਬਾਅਦ ਚਰਖੇ ਨੂੰ ਘਰ ਦੀ ਨੁੱਕਰ ਵਿੱਚ ਸੁੱਟ ਦਿੱਤਾ ਗਿਆ ਹੈ। ਮੈਂ ਵੇਖਦਾ ਹਾਂ ਕਿ ਕੱਚੇ ਚੁੱਲ੍ਹੇ ਦੀ ਥਾਂ ਗੈਸੀ ਚੁੱਲ੍ਹੇ ਲੈ ਲਈ ਹੈ। ਲੱਕੜ ਦੀ ਮਧਾਣੀ ਦੀ ਥਾਂ ਬਿਜਲਈ ਮਧਾਣੀ ਨੇ ਲੈ ਲਈ ਹੈ। ਮਿੱਟੀ ਦਾ ਰਿੜਕਣਾ, ਹਾਰਾ, ਕੂੰਡਾ ਘੋਟਣਾ ਤੇ ਮੂੜਾ ਲੋਪ ਹੋ ਗਏ ਹਨ। ਝਲਾਨੀ ਦੀ ਥਾਂ ਰਸੋਈ ਨੇ ਲੈ ਲਈ ਹੈ। ਹੁਣ ਜਦੋਂ ਮੈਂ ਗੁਰੂਘਰ ਜਾਂਦਾ ਹਾਂ, ਉਸ ਥਾਂ ’ਤੇ ਰੁਕ ਜਾਂਦਾ ਹਾਂ ਜਿੱਥੇ ਖੂਹੀ ਹੁੰਦੀ ਸੀ। ਖੂਹੀ ਨੂੰ ਮਿੱਟੀ ਪਾ ਕੇ ਪੂਰ ਦਿੱਤਾ ਗਿਆ ਹੈ। ਚਾਰੇ ਪਾਸੇ ਨਜ਼ਰ ਮਾਰਦਾ ਹਾਂ। ਕਿਧਰੇ ਵੀ ਊਠ, ਬਲਦ ਤੇ ਹਾਲੀ ਵਿਖਾਈ ਨਹੀਂ ਦਿੰਦੇ। ਦਾਦਾ ਜੀ ਇਸ ਦੁਨੀਆ ਤੋਂ ਚਲੇ ਗਏ ਹਨ।ਉਨ੍ਹਾਂ ਤੋਂ ਬਿਨਾਂ ਮੈਂ ਇਕੱਲਾ ਮਹਿਸੂਸ ਕਰਦਾ ਹਾਂ। ਉਦਾਸ ਹੋ ਜਾਂਦਾ ਹਾਂ।ਅੱਖਾਂ ਵਿੱਚੋਂ ਹੰਝੂ ਵਹਿ ਤੁਰਦੇ ਹਨ। ਟਰੈਕਟਰਾਂ ਦੀ ਥਕ-ਥਕ ਦੀ ਆਵਾਜ਼ ਮੇਰੀ ਇਕਾਗਰਤਾ ਨੂੰ ਤੋੜ ਦਿੰਦੀ ਹੈ। ਮੈਂ ਕਾਹਲੀ ਨਾਲ ਗੁਰੂਘਰ ਚਲਾ ਜਾਂਦਾ ਹਾਂ।
ਸੰਪਰਕ: 96469-05801