ਦਿਲ ਤੋਂ ਪੰਜਾਬੀ ਸੀ ਲਾਰਡ ਸਵਰਾਜ ਪਾਲ
ਲਾਰਡ ਸਵਰਾਜ ਪਾਲ ਦੁਨੀਆ ਦਾ ਉੱਘਾ ਸਟੀਲ ਕਾਰੋਬਾਰੀ, ਯਾਰਾਂ ਦਾ ਯਾਰ, ਲਾਸਾਨੀ ਹਰਫ਼ਨਮੌਲਾ ਸ਼ਖਸੀਅਤ ਸੀ। ਆਪਣੇ ਆਪ ਨੂੰ ਅਸਲੀ ਪੰਜਾਬੀ ਕਹਿੰਦਾ ਮੇਰਾ ਇਹ ਮਿੱਤਰ 94 ਸਾਲਾਂ ਦੀ ਉਮਰ ਵਿੱਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਿਆ। ਲਾਰਡ ਸਵਰਾਜ ਪਾਲ ਨੂੰ ਇਸ ਲਈ ਵੀ ਯਾਦ ਕੀਤਾ ਜਾਵੇਗਾ ਕਿ ਉਹ ਭਾਰਤ ਬਰਤਾਨਵੀ ਸਬੰਧਾਂ ਵਿੱਚ ਅੱਧੀ ਸਦੀ ਤੋਂ ਵੀ ਜ਼ਿਆਦਾ ਇੱਕ ਤਰ੍ਹਾਂ ਦੋਸਤੀ ਦਾ ਪੁਲ ਬਣਿਆ ਰਿਹਾ। ਇਸੇ ਲਈ ਸਿਆਸੀ ਅਤੇ ਸਮਾਜਿਕ ਖੇਤਰ ਦੀਆਂ ਉੱਘੀਆਂ ਹਸਤੀਆਂ ਵੀ ਉਸ ਨੂੰ ਆਪਣਾ ਸਭ ਤੋਂ ਨਜ਼ਦੀਕੀ ਮੰਨਦੀਆਂ ਸਨ।
ਅਠਾਰਾਂ ਫਰਵਰੀ 1931 ਨੂੰ ਜਲੰਧਰ ਵਿੱਚ ਜਨਮਿਆ ਸਵਰਾਜ ਪਾਲ ਪਰਉਪਕਾਰੀ ਅਤੇ ਨਿਮਰ ਸ਼ਖ਼ਸ ਸੀ। ਉਸ ਨੇ ਨਿਮਰਤਾ ਤੇ ਕਿਰਤ ਕਰਨ ਦੇ ਅਸੂਲਾਂ ’ਤੇ ਪਹਿਰਾ ਦਿੰਦਿਆਂ ਸਟੀਲ ਇੰਡਸਟਰੀ ਵਿੱਚ ਅਜਿਹੀ ਪੈਂਠ ਬਣਾਈ ਕਿ ਦੁਨੀਆ ਦੇ ਉਨ੍ਹਾਂ ਚੋਣਵੇਂ ਧਨਾਢ ਅਤੇ ਉਦਯੋਗਪਤੀਆਂ ਵਿੱਚੋਂ ਇੱਕ ਬਣਿਆ, ਜਿਨ੍ਹਾਂ ਨੂੰ ਬਰਤਾਨੀਆ ਦੀ ਮਹਾਰਾਣੀ ਤੋਂ ਲੈ ਕੇ ਦੁਨੀਆ ਦੇ ਸਾਰੇ ਸਰਬਰਾਹ ਪਿਆਰ ਨਾਲ ਮਾਈ ਪਾਲ ਕਹਿ ਕੇ ਬੁਲਾਉਂਦੇ ਸਨ।
ਸਵਰਾਜ ਪਾਲ ਭਾਰਤ ਦੀ ਕਿਸੇ ਵੀ ਫੇਰੀ ਮੌਕੇ ਆਪਣੀ ਜਨਮ ਭੂਮੀ ਪੰਜਾਬ ਭਾਵ ਜਲੰਧਰ ਵਿਖੇ ਆਉਣਾ ਨਹੀਂ ਭੁੱਲਿਆ। ਪੰਜਾਬ, ਖ਼ਾਸਕਰ ਜਲੰਧਰ ਅਤੇ ਦੋਆਬਾ ਉਸ ਦੇ ਦਿਲ ’ਚ ਵਸਦਾ ਸੀ। ਉਹ ਹਮੇਸ਼ਾ ਕਹਿੰਦਾ, ‘‘ਪੰਜਾਬ ਤੇ ਜਲੰਧਰ ਮੇਰੇ ਦਿਲ ਵਿੱਚ ਧੜਕਦਾ ਹੈ। ਭਾਰਤ ਮੇਰੀਆਂ ਰਗਾਂ ਵਿੱਚ ਹੈ ਤੇ ਮੇਰੇ ਕਾਰੋਬਾਰ ਦੀ ਸ਼ੈਲੀ ਵਿੱਚ ਪੂਰਾ ਬਰਤਾਨੀਆ ਮੇਰੇ ਨਾਲ ਹੈ। ਇਸ ਲਈ ਮੈਂ ਸੌ ਫ਼ੀਸਦੀ ਪੰਜਾਬੀ ਭਾਰਤੀ ਅਤੇ ਏਨਾ ਹੀ ਬ੍ਰਿਟਿਸ਼ਰ ਹਾਂ।’’
ਉਹ ਕਿਰਤ ਕਰੋ, ਵੰਡ ਛਕੋ ਦੇ ਸਿਧਾਂਤ ’ਤੇ ਚਲਦਾ ਸੀ। ਸ਼ਾਇਦ ਇਸੇ ਕਰਕੇ ਸਵਰਾਜ ਪਾਲ ਦਾ ਕੱਦ ਲਾਰਡ ਸਵਰਾਜ ਪਾਲ ਤੋਂ ਵੀ ਕਿਤੇ ਉੱਚਾ ਸੀ। ਬਰਤਾਨੀਆ ਦੇ ਮਹਾਰਾਜਾ ਚਾਰਲਸ ਨੇ ਵੀ ਉਸ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ।
ਉਸ ਨੂੰ ਇਸ ਲਈ ਵੀ ਯਾਦ ਕੀਤਾ ਜਾਵੇਗਾ ਕਿ ਉਹ ਕਿਸੇ ਦੇਸ਼ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਇੱਕ ਅਜਿਹਾ ਉਦਯੋਗਪਤੀ ਸੀ, ਜੋ ਸਮਾਜ, ਖ਼ਾਸਕਰ ਪੰਜਾਬੀਆਂ ਲਈ ਆਪਣੇ ਖਜ਼ਾਨੇ ਖੋਲ੍ਹ ਦਿੰਦਾ ਸੀ। ਉਹ ਪਰਿਵਾਰ ਨੂੰ ਸਮਰਪਿਤ ਵਿਅਕਤੀ, ਪਰਉਪਕਾਰੀ ਅਤੇ ਸਹਿਯੋਗੀ ਸੱਜਣ ਸੀ। ਬਰਤਾਨੀਆ ਵੱਸਦੇ ਇਸ ਕਾਰੋਬਾਰੀ ਨੇ ਕਪਾਰੋ ਸਮੂਹ ਸਥਾਪਤ ਕੀਤਾ, ਜੋ ਪੂਰੀ ਦੁਨੀਆ ’ਚ ਪ੍ਰਸਿੱਧ ਹੈ। ਉਸ ਨੇ ਲੰਡਨ ਦੇ ਉੱਘੇ ਚਿੜੀਆਘਰ ਨੂੰ ਬਚਾਇਆ।
ਉਸ ਦੀ ਸਿਹਤ ਕੁਝ ਸਮੇਂ ਤੋਂ ਖਰਾਬ ਚੱਲ ਰਹੀ ਸੀ। ਫਿਰ ਵੀ ਉਸ ਨੇ 18 ਫਰਵਰੀ 2025 ਨੂੰ ਲੰਡਨ ਦੇ ਇੰਡੀਅਨ ਜਿਮਖਾਨਾ ਕਲੱਬ ਵਿੱਚ ਆਪਣਾ 94ਵਾਂ ਜਨਮ ਦਿਨ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ। ਉਸ ਨੇ ਆਪਣੇ ਕਾਰੋਬਾਰ ਦੀ ਸ਼ੁਰੂਆਤ 1968 ਵਿੱਚ ਬਰਤਾਨੀਆ ਤੋਂ ਕੀਤੀ ਅਤੇ ਭਾਰਤ ਵਿੱਚ ਵੀ ਇਸ ਦਾ ਵਿਸਥਾਰ ਕੀਤਾ।
ਸਵਰਾਜ ਪਾਲ ਨੂੰ 1966 ਵਿੱਚ ਆਪਣੀ ਧੀ ਅੰਬਿਕਾ ਦੇ ਇਲਾਜ ਲਈ ਬਰਤਾਨੀਆ ਜਾਣਾ ਪਿਆ, ਪਰ 1968 ਵਿੱਚ ਚਾਰ ਸਾਲ ਦੀ ਉਮਰ ਵਿੱਚ ਅੰਬਿਕਾ ਦੀ ਮੌਤ ਹੋ ਜਾਣ ’ਤੇ ਸਵਰਾਜ ਅਤੇ ਉਨ੍ਹਾਂ ਦੀ ਪਤਨੀ ਅਰੁਣਾ ਭਾਰਤ ਪਰਤਣ ਦੀ ਹਿੰਮਤ ਨਹੀਂ ਜੁਟਾ ਸਕੇ। ਉਸ ਸਮੇਂ ਪਰਿਵਾਰ ਵਿੱਚ ਉਨ੍ਹਾਂ ਦੇ ਜੌੜੇ ਪੁੱਤਰ ਅੰਬਰ ਅਤੇ ਆਕਾਸ਼ ਅਤੇ ਇੱਕ ਧੀ ਅੰਜਲੀ ਸਨ। ਉਨ੍ਹਾਂ ਦੇ ਸਭ ਤੋਂ ਛੋਟੇ ਪੁੱਤਰ ਅੰਗਦ ਦਾ ਜਨਮ 1970 ਵਿੱਚ ਲੰਡਨ ਵਿੱਚ ਹੋਇਆ।
ਜਦੋਂ ਲੰਡਨ ਚਿੜੀਆਘਰ ਦੀਵਾਲੀਆ ਹੋਣ ਦੀ ਕਗਾਰ ’ਤੇ ਸੀ ਤਾਂ ਸਵਰਾਜ ਪਾਲ ਨੇ ਉਸ ਨੂੰ ਬਚਾਇਆ ਕਿਉਂਕਿ ਅੰਬਿਕਾ ਨੂੰ ਜਾਨਵਰ ਦੇਖਣ ਵਿੱਚ ਬਹੁਤ ਮਜ਼ਾ ਆਉਂਦਾ ਸੀ। ਇਸੇ ਅੰਬਿਕਾ ਪਾਲ ਚਿੜੀਆਘਰ ਵਿੱਚ ਸਵਰਾਜ ਪਾਲ ਸੈਂਕੜੇ ਪਰਿਵਾਰਾਂ ਅਤੇ ਦੋਸਤਾਂ ਲਈ ਸਾਲਾਨਾ ਚਾਹ ਪਾਰਟੀ ਦਾ ਪ੍ਰਬੰਧ ਕਰਦਾ।
ਉਸ ਨੂੰ ਜਾਪਦਾ ਸੀ ਕਿ ਉਸ ਦੇ ਬੱਚਿਆਂ ਵਿੱਚੋਂ ਅੰਗਦ ਸਭ ਤੋਂ ਵੱਧ ਤੇਜ਼-ਤਰਾਰ ਸੀ। ਇਸ ਲਈ 1996 ਵਿੱਚ ਉਸ ਨੂੰ ਕਪਾਰੋ ਦਾ ਮੁੱਖ ਕਾਰਜਕਾਰੀ ਅਧਿਕਾਰੀ ਬਣਾ ਦਿੱਤਾ। 2015 ਵਿੱਚ ਦੁਖਦਾਈ ਹਾਲਾਤ ’ਚ 45 ਸਾਲਾ ਅੰਗਦ ਦੀ ਮੌਤ ਹੋ ਗਈ ਤਾਂ ਉਸ ਨੂੰ ਗਹਿਰਾ ਸਦਮਾ ਲੱਗਾ। 2022 ਵਿੱਚ ਉਸ ਦੀ ਪਤਨੀ ਅਰੁਣਾ ਦਾ ਦੇਹਾਂਤ ਹੋ ਗਿਆ। ਉਹ ਕਈ ਵਾਰ ਫ਼ਖਰ ਨਾਲ ਦੱਸਦਾ ਸੀ ਕਿ ਉਸ ਨੇ ਕਲਕੱਤਾ (ਹੁਣ ਕੋਲਕਾਤਾ) ਵਿੱਚ ਅਰੁਣਾ ਨੂੰ ਮਿਲਣ ਦੇ ਇੱਕ ਹਫ਼ਤੇ ਦੇ ਅੰਦਰ ਹੀ ਉਸ ਨਾਲ ਵਿਆਹ ਕਰਵਾ ਲਿਆ ਸੀ। ਲੰਡਨ ਸਥਿਤ ਆਪਣੇ ਘਰ ਵਿੱਚ ਲਾਰਡ ਪਾਲ ਨੇ ਇੱਕ ਵਾਰ ਇੰਟਰਵਿਊ ਵਿੱਚ ਦੱਸਿਆ ਸੀ, ‘‘ਮੇਰਾ ਜਨਮ ਇੱਕ ਅਜਿਹੇ ਪਰਿਵਾਰ ਵਿੱਚ ਹੋਇਆ, ਜੋ ਸਟੀਲ ਉਤਪਾਦਾਂ ਵਿੱਚ ਮੁਹਾਰਤ ਰੱਖਦਾ ਸੀ। ਮੇਰੇ ਪਿਤਾ, ਪਿਆਰੇ ਲਾਲ ਪਾਲ ਲੰਮਾ ਸਮਾਂ ਇਸ ਕਾਰੋਬਾਰ ਨਾਲ ਜੁੜੇ ਰਹੇ। ਮੇਰਾ ਨਾਂ ਸਵਰਾਜ ਇਸ ਲਈ ਰੱਖਿਆ ਗਿਆ ਕਿਉਂਕਿ ਮੇਰੇ ਜਨਮ ਸਮੇਂ ਮਹਾਤਮਾ ਗਾਂਧੀ ਸਾਡੇ ਘਰ ਆਏ ਸਨ।’’ ਦਰਅਸਲ, ਉਸ ਸਮੇਂ ਭਾਰਤ ਆਜ਼ਾਦੀ ਲਈ ਸੰਘਰਸ਼ ਕਰ ਰਿਹਾ ਸੀ।
ਆਪਣੇ ਪਿਤਾ ਦੇ ਦੇਹਾਂਤ ਸਮੇਂ ਸਵਰਾਜ ਪਾਲ ਦੀ ਉਮਰ ਮਹਿਜ਼ 13 ਸਾਲ ਸੀ। ਇਸ ਲਈ ਉਸ ਦਾ ਪਾਲਣ-ਪੋਸ਼ਣ ਵੱਡੇ ਭਰਾਵਾਂ ਸੱਤਿਆ ਅਤੇ ਜੀਤ ਨੇ ਕੀਤਾ, ਜਿਨ੍ਹਾਂ ਨੇ ਉਸ ਨੂੰ ਅਮਰੀਕਾ ਦੇ ਮੈਸਾਚਿਊਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐੱਮਆਈਟੀ) ਵਿੱਚ ਭੇਜਿਆ ਅਤੇ ਸਵਰਾਜ ਨੇ ਧਾਤੂ ਵਿਗਿਆਨ ਵਿੱਚ ਬਹੁਮੁੱਲਾ ਗਿਆਨ ਪ੍ਰਾਪਤ ਕੀਤਾ। ਐੱਮਆਈਟੀ ’ਚ ਸਿੱਖਿਆ ਪ੍ਰਾਪਤੀ ਮਗਰੋਂ ਉਹ ਭਾਰਤ ਪਰਤ ਆਇਆ ਅਤੇ ਕਲਕੱਤਾ ਵੱਸ ਗਿਆ। ਫਿਰ ਅੰਬਿਕਾ ਨੂੰ ਕੈਂਸਰ ਹੋਣ ਕਾਰਨ ਉਨ੍ਹਾਂ ਨੂੰ ਬਰਤਾਨੀਆ ਜਾਣਾ ਪਿਆ।
ਉਹ ਦੱਸਦਾ ਸੀ ਕਿ ਅੰਬਿਕਾ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਬਰਤਾਨੀਆ ਵਿੱਚ ਵੱਸਣ ਦਾ ਫ਼ੈਸਲਾ ਕੀਤਾ। ਟਿਊਬ ਬਣਾਉਣ ਵਾਲਾ ਉਸ ਦਾ ਪਹਿਲਾ ਸਟੀਲ ਪਲਾਂਟ ਕੈਂਬ੍ਰਿਜਸ਼ਾਇਰ ਦੇ ਹੰਟਿੰਗਡਨ ਵਿੱਚ ਸੀ। ਉਸ ਦੇ ਦੱਸਣ ਅਨੁਸਾਰ, ‘‘ਜਦੋਂ ਮੈਂ ਸ਼ੁਰੂਆਤ ਕੀਤੀ ਤਾਂ ਮੇਰੇ ਕੋਲ ਬਹੁਤ ਘੱਟ ਸਾਧਨ ਸਨ। ਫਿਰ ਵੀ ਮੈਂ ਆਪਣਾ ਪਹਿਲਾ ਪਲਾਂਟ ਬਣਾਉਣ ਵਿੱਚ ਕਾਮਯਾਬ ਰਿਹਾ। ਇਸ ਦਾ ਉਦਘਾਟਨ ਪ੍ਰਿੰਸ ਚਾਰਲਸ ਨੇ ਕੀਤਾ ਸੀ। ਬਾਅਦ ਵਿੱਚ, ਡੱਚੈਸ ਆਫ ਕੈਂਟ ਨੇ ਸਾਡੇ ਦੂਜੇ ਪਲਾਂਟ ਦਾ ਉਦਘਾਟਨ ਕੀਤਾ ਅਤੇ ਅਸੀਂ ਅਮਰੀਕਾ, ਕੈਨੇਡਾ ਅਤੇ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਕਈ ਹੋਰ ਪਲਾਂਟ ਸਥਾਪਿਤ ਕੀਤੇ।’’
ਪਾਲ ਨੂੰ ਇਸ ਗੱਲ ’ਤੇ ਮਾਣ ਅਤੇ ਕੁਝ ਹੱਦ ਤੱਕ ਹੈਰਾਨੀ ਵੀ ਸੀ ਕਿ ਉਸ ਨੇ ਅਜਿਹੇ ਸਮੇਂ ਵਿੱਚ ਨਿਰਮਾਣ ਲਈ ਕਦਮ ਚੁੱਕੇ ਜਦੋਂ ਬਰਤਾਨਵੀ ਅਰਥ-ਵਿਵਸਥਾ ਸੇਵਾ ਖੇਤਰ ਵੱਲ ਝੁਕ ਰਹੀ ਸੀ। ਉਨ੍ਹਾਂ ਨੇ ਲੰਡਨ ਅਤੇ ਦਿੱਲੀ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਵੀ ਭੂਮਿਕਾ ਨਿਭਾਈ। ਹਾਲਾਂਕਿ ਲੰਡਨ 1966 ਤੋਂ ਉਸ ਦਾ ਘਰ ਰਿਹਾ, ਪਰ ਉਹ ਹਰ ਸਾਲ ਭਾਰਤ ਆਉਂਦਾ ਅਤੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਹੋਰ ਮੰਤਰੀਆਂ ਨਾਲ ਮੁਲਾਕਾਤ ਕਰਦਾ। ਸੀਨੀਅਰ ਭਾਰਤੀ ਆਗੂ ਅਤੇ ਪੱਤਰਕਾਰ ਲੰਡਨ ਵਿੱਚ ਪਾਲ ਨੂੰ ਮਿਲਣ ਜ਼ਰੂਰ ਜਾਂਦੇ ਸਨ। ਕੁਝ ਸਮੇਂ ਲਈ ਉਸ ਨੇ ਸੁਜਾਤਾ ਨਾਮੀ ਭਾਰਤੀ ਰੈਸਤਰਾਂ ਵੀ ਚਲਾਇਆ, ਜਿੱਥੇ ਉਹ ਆਪਣੇ ਮਹਿਮਾਨਾਂ ਦੀ ਆਉਭਗਤ ਕਰਦਾ ਸੀ।
ਉਸ ਨੂੰ ਭਾਰਤ ਸਰਕਾਰ ਨੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਭਾਰਤ ਵਿੱਚ ਆਲਮੀ ਉਦਾਰੀਕਰਨ ਦੇ ਯੁੱਗ ਦੀ ਸ਼ੁਰੂਆਤ 1991 ਵਿੱਚ ਹੋਈ ਸੀ। ਉਸ ਦੌਰਾਨ ਉਸ ਨੇ ਭਾਰਤ ਵਿੱਚ ਕਈ ਪਲਾਂਟ ਲਾਏ। ਉਹ ਭਾਰਤੀ ਅਰਥਚਾਰੇ ਨੂੰ ਉਦਾਰ ਬਣਾਉਣ ਅਤੇ ਵਿਦੇਸ਼ੀ ਨਿਵੇਸ਼, ਖ਼ਾਸਕਰ ਪਰਵਾਸੀ ਭਾਰਤੀਆਂ ਨੂੰ ਸੱਦਾ ਦੇਣ ਦੇ ਪੱਖ ਵਿੱਚ ਸੀ।
ਉਹ ਸੂਫ਼ੀ ਸਾਹਿਤ ਪੜ੍ਹਦਾ ਅਤੇ ਸੂਫ਼ੀ ਗਾਇਕੀ ਸੁਣਦਾ ਸੀ। ਬਾਬਾ ਨਾਨਕ ਦੀ ਬਾਣੀ ਪ੍ਰਤੀ ਉਸ ਦੀ ਅਥਾਹ ਆਸਥਾ ਸੀ। ਆਪਣੀਆਂ ਯਾਦਾਂ ਵਿੱਚ ਉਸ ਨੇ ਕਿਹਾ ਸੀ: ‘ਇੱਕ ਵਾਰ ਮੇਰਾ ਗਾਰਡੀਅਨ ਵਰਗੀ ਅੰਗਰੇਜ਼ੀ ਅਖ਼ਬਾਰ ਖਰੀਦਣ ਦਾ ਵੀ ਮਨ ਹੋਇਆ ਸੀ, ਪਰ ਉਹ ਸੌਦਾ ਸਿਰੇ ਨਹੀਂ ਚੜ੍ਹਿਆ।’’ ਉਹ ਚਾਹੁੰਦਾ ਸੀ ਕਿ ਪੰਜਾਬੀ ਵਿੱਚ ਕੋਈ ਅਖ਼ਬਾਰ ਅੰਗਰੇਜ਼ੀ ਦੇ ਵੱਡੇ ਅਖ਼ਬਾਰਾਂ ਵਰਗਾ ਹੋਵੇ।
ਸਵਰਾਜ ਪਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਪਰਉਪਕਾਰੀ ਵਿਸ਼ਵ ਨਾਗਰਿਕ ਸੀ। ਉਸ ਦੀ ਅਦਭੁੱਤ ਸ਼ਖ਼ਸੀਅਤ ਸਦਾ ਯਾਦ ਆਵੇਗੀ।
* ਉੱਘਾ ਬ੍ਰਾਡਕਾਸਟਰ ਅਤੇ ਮੀਡੀਆ ਵਿਸ਼ਲੇਸ਼ਕ।