ਦੇਖੇ ਬਸਰੇ ਦੇ ਹਾਲਾਤ
ਸਾਡੀਆਂ ਲੋਕ ਬੋਲੀਆਂ ਵਿੱਚ ਇੱਕ ਬੋਲੀ ਮਸ਼ਹੂਰ ਹੈ ‘ਨੀ ਮੈਂ ਰੰਡੀਓਂ ਸੁਹਾਗਣ ਹੋਵਾਂ ਬਸਰੇ ਦੀ ਲਾਮ ਟੁੱਟ ਜਾਏ’। ਇਹ ਬੋਲੀ ਪਹਿਲੀ ਤੇ ਦੂਜੀ ਵਿਸ਼ਵ ਜੰਗ ਵੇਲੇ ਦੇ ਸਮੇਂ ਨੂੰ ਬਿਆਨਦੀ ਹੈ ਜਦੋਂ ਲੜਾਈ ਵਿੱਚ ਕਈ ਦੇਸ਼ਾਂ ਦੇ ਫੌਜੀ ਭੇਜੇ ਗਏ ਸਨ। ਇਹ ਬੋਲੀ ਅਜਿਹੇ ਵੇਲਿਆਂ ’ਚ ਇਕ ਫੌਜੀ ਦੀ ਨਾਰ ਦੀ ਮਨੋਦਸ਼ਾ ਨੂੰ ਬਿਆਨਦੀ ਹੈ।
90ਵਿਆਂ ਵਿੱਚ ਈਰਾਨ ਤੇ ਇਰਾਕ ਵਿਚਾਲੇ ਹੋਈ ਜੰਗ ਮੁੱਕਣ ਮਗਰੋਂ ਭਾਰਤ ਨੇ ਸਮੁੰਦਰੀ ਜਹਾਜ਼ ਰਾਹੀਂ ਇਰਾਕ ਲਈ ਕਣਕ ਭੇਜੀ ਸੀ ਤੇ ਇਸ ਜਹਾਜ਼ ਵਿੱਚ ਗਏ ਭਾਰਤੀ ਸਟਾਫ਼ ਵਿੱਚ ਮੈਂ ਵੀ ਸ਼ਾਮਲ ਸੀ। 1993 ਵਿੱਚ ਜਦੋਂ ਸਾਡਾ ਜਹਾਜ਼ ਆਸਟਰੇਲੀਆ ਤੋਂ ਕਣਕ ਲੈ ਕੇ ਇਰਾਕ ਦੇ ਬਸਰਾ ਸ਼ਹਿਰ ਪਹੁੰਚਿਆ ਤਾਂ ਬੰਦਰਗਾਹ ’ਤੇ ਪਹੁੰਚ ਕੇ ਸ਼ਹਿਰ ਦਾ ਜੋ ਮੰਜ਼ਦ ਦਿਖਾਈ ਦਿੱਤਾ, ਉਸ ਨੇ ਸਾਡੇ ਮਨਾਂ ’ਤੇ ਡੂੰਘਾ ਪ੍ਰਭਾਵ ਪਾਇਆ। ਬੰਦਰਗਾਹ ’ਤੇ ਸੈਂਕੜੇ ਹੀ ਜਹਾਜ਼ ਖੜ੍ਹੇ ਸਨ, ਜਿਨ੍ਹਾਂ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ। ਸ਼ਹਿਰ ਦੀ ਇਹ ਤਸਵੀਰ ਇਰਾਨ ਤੇ ਇਰਾਕ ਦੀ ਜੰਗ ਦੌਰਾਨ ਬਣੇ ਹਾਲਾਤ ਅਤਿ ਮਾੜੇ ਹਾਲਾਤ ਦੀ ਝਲਕ ਦੇ ਰਹੇ ਸਨ। ਇਹ ਮੰਜ਼ਰ ਸਾਡੇ ਸਾਰੇ ਸਟਾਫ਼ ਲਈ ਹੀ ਦਿਲ ਦਹਿਲਾ ਦੇਣ ਵਾਲਾ ਸੀ।
ਬਸਰਾ ਬੰਦਰਗਾਹ ਪਹੁੰਚ ਕੇ ਜਦੋਂ ਜਹਾਜ਼ ਬੰਨ੍ਹਿਆ ਤਾਂ ਉਥੋਂ ਦੇ ਲੋਕ ਹੱਥਾਂ ਵਿੱਚ ਡੋਲੂ ਤੇ ਡੱਬੇ ਆਦਿ ਲੈ ਕੇ ਜਹਾਜ਼ ’ਤੇ ਚੜ੍ਹ ਆਏ। ਲੋਕਾਂ ਦੀ ਹਾਲਤ ਇੰਨੀ ਮਾੜੀ ਸੀ ਕਿ ਸਾਡੇ ਰੋਟੀ ਖਾਣ ਵੇਲੇ ਵੀ ਉਹ ਸਾਡੇ ਦੁਆਲੇ ਇਕੱਠੇ ਹੋ ਜਾਂਦੇ ਜਿਸ ਕਾਰਨ ਸਾਨੂੰ ਮਰਗੋਂ ਅਸੀਂ ਕੈਬਿਨ ਵਿੱਚ ਲੁਕ-ਛਿਪ ਕੇ ਰੋਟੀ ਖਾਣ ਲਈ ਮਜਬੂਰ ਹੋ ਗਏ। ਇਸ ਲੜਾਈ ਨੇ ਇਰਾਕ ਨੂੰ ਤਬਾਹ ਕਰ ਕੇ ਰੱਖ ਦਿੱਤਾ ਸੀ। ਇਹ ਜੰਗ ਤੇਲ ਦੇ ਖੂਹਾਂ ਪਿੱਛੇ ਲੱਗੀ ਸੀ ਤੇ ਇਨ੍ਹਾਂ ਖੂਹਾਂ ਨੇੜੇ ਤੇਲ ਲੈਣ ਲਈ ਖੜ੍ਹੇ ਸਾਰੇ ਹੀ ਜਹਾਜ਼ ਉਸ ਵੇਲੇ ਬੰਬ ਸੁੱਟ ਕੇ ਉਡਾ ਦਿੱਤੇ ਗਏ ਸਨ।
ਬੰਦਰਗਾਹ ’ਤੇ ਅੰਦਰ ਜਾਣ ਲਈ ਸਾਡੇ ਜਹਾਜ਼ ਦੀ ਖ਼ਾਸ ਚੈਕਿੰਗ ਹੋਈ। ਉਥੇ ਲੱਗੀ ਫੌਜ ਜਿਸ ਵਿੱਚ ਆਸਟਰੇਲੀਆ ਤੇ ਇੰਗਲੈਂਡ ਦੇ ਫੌਜੀ ਸ਼ਾਮਲ ਸਨ। ਉਨ੍ਹਾਂ ਸਾਨੂੰ ਇਕੱਠੇ ਕਰ ਕੇ ਜਹਾਜ਼ ਦੇ ਬਾਹਰ ਖੜ੍ਹਾ ਲਿਆ ਤੇ ਤਿੰਨ-ਚਾਰ ਘੰਟੇ ਜਹਾਜ਼ ਦੀ ਚੈਕਿੰਗ ਚੱਲਦੀ ਰਹੀ। ਫੌਜ ਨੂੰ ਡਰ ਸੀ ਕਿ ਅਸੀਂ ਇਰਾਕ ਲਈ ਕੋਈ ਬੰਬ ਬਰੂਦ ਤਾਂ ਨਹੀਂ ਲੈ ਕੇ ਆਏ, ਅਜਿਹਾ ਮੁਨਾਸਬ ਹੀ ਨਹੀਂ ਸੀ ਕਿਉਂਕਿ ਜਹਾਜ਼ ਕਣਕ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ।
ਸ਼ਾਮ ਨੂੰ ਬਾਹਰ ਘੁੰਮਣ ਦਾ ਪ੍ਰੋਗਰਾਮ ਬਣਾਉਣ ਲਈ ਕਪਤਾਨ ਸਾਹਿਬ ਨੇ ਸਾਡੀ ਇੱਕ ਮੀਟਿੰਗ ਸੱਦੀ ਜਿਸ ਵਿੱਚ ਦੋ ਗਰੁੱਪ ਬਣਾਏ ਗਏ। ਫ਼ੈਸਲਾ ਹੋਇਆ ਕਿ ਇੱਕ ਗਰੁੱਪ ਅੱਜ ਜਾਵੇਗਾ ਤੇ ਦੂਜਾ ਅਗਲੇ ਦਿਨ। ਮੈਂ ਅੱਜ ਜਾਣ ਵਾਲੇ ਗਰੁੱਪ ਵਿੱਚ ਸ਼ਾਮਲ ਸੀ। ਅਸੀਂ ਕਿਰਾਏ ’ਤੇ ਗੱਡੀ ਲੈ ਕੇ ਬਸਰਾ ਸ਼ਹਿਰ ਵੱਲ ਚੱਲ ਪਏ। ਬਾਜ਼ਾਰਾਂ ਵਿੱਚ ਸਿਰਫ਼ ਖਜੂਰਾਂ ਹੀ ਦਿਖਾਈ ਦੇ ਰਹੀਆਂ ਸਨ। ਇਸ ਤੋਂ ਬਿਨਾ ਹੋਰ ਕੋਈ ਖਾਣ-ਪੀਣ ਦੀ ਵਸਤ ਵਿਰਲੀ ਟਾਂਵੀ ਹੀ ਦਿਖਾਈ ਦਿੰਦੀ ਸੀ। ਇਸ ਜੰਗ ਨੇ ਦੁਕਾਨਦਾਰੀ ਬਿਲਕੁਲ ਫੇਲ੍ਹ ਕਰ ਦਿੱਤੀ ਸੀ। ਹਰ ਪਾਸੇ ਭੁੱਖਮਰੀ ਦੇ ਹਾਲਾਤ ਬਣੇ ਹੋਏ ਸਨ। ਉਥੇ ਬਾਜ਼ਾਰ ਵਿੱਚ ਫ਼ਿਲਮ ‘ਮਿਸਟਰ ਨਟਵਰ ਲਾਲ’ ਦੇ ਪੋਸਟਰ ਲੱਗੇ ਵੀ ਦੇਖੇ। ਅਸੀਂ ਇੱਕ ਨਾਚ ਘਰ ਵਿੱਚ ਗਏ, ਜਿਥੇ ਪ੍ਰੋਗਰਾਮ ਦੇਖਦਿਆਂ ਸਾਨੂੰ ਰਾਤ ਦੇ 10 ਵਜ ਗਏ।
ਬੰਦਰਗਾਹ ਸ਼ਹਿਰ ਤੋਂ ਕਾਫ਼ੀ ਦੂਰ ਸੀ। ਵਾਪਸੀ ਮੌਕੇ ਸਾਡੀ ਗੱਡੀ ਧੂੜਾਂ ਪੁੱਟਦੀ ਜਾ ਰਹੀ ਸੀ। ਇਸ ਮੌਕੇ ਕੁਝ ਬੰਦੂਕਧਾਰੀਆਂ ਨੇ ਟੈਕਸੀ ’ਤੇ ਗੋਲੀਆਂ ਚਲਾ ਦਿੱਤੀਆਂ। ਡਰਾਈਵਰ ਨੇ ਪਹਿਲਾਂ ਵੀ ਅਜਿਹੇ ਹਮਲਿਆਂ ਦਾ ਸਾਹਮਣਾ ਕੀਤਾ ਲੱਗਦਾ ਸੀ, ਉਸ ਨੇ ਸਾਨੂੰ ਸਿਰ ਨੀਵੇਂ ਕਰਕੇ ਬੈਠਣ ਲਈ ਕਿਹਾ ਤੇ ਗੱਡੀ ਪੂਰੀ ਰਫਤਾਰ ਨਾਲ ਭਜਾ ਕੇ ਸਾਨੂੰ ਬੰਦਰਗਾਹ ਵੱਲ ਲੈ ਗਿਆ। ਇਸ ਵਾਰਦਾਤ ਵਿੱਚ ਉਸ ਦੀ ਗੱਡੀ ਦੀ ਹਾਲਤ ਬੁਰੀ ਹੋ ਗਈ ਸੀ। ਅਸੀਂ ਕੁਝ ਪੈਸੇ ਇਕੱਠੇ ਕੀਤੇ ਤੇ ਉਸ ਡਰਾਈਵਰ ਨੂੰ ਫੜਾਏ ਤਾਂ ਜੋ ਉਹ ਆਪਣੀ ਗੱਡੀ ਦੀ ਮੁਰੰਮਤ ਕਰਾ ਸਕੇ। ਇਸ ਬਾਰੇ ਬੰਦਰਗਾਹ ਦੇ ਅੰਦਰ ਬਣੇ ਥਾਣੇ ਵਿੱਚ ਰਿਪੋਰਟ ਕਰਾਉਣ ਗਏ ਤਾਂ ਕੋਈ ਰਿਪੋਰਟ ਲਿਖਣ ਲਈ ਤਿਆਰ ਨਾ ਹੋਇਆ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਹਮਲਾ ਇਰਾਨ ਵੱਲੋਂ ਕੀਤਾ ਗਿਆ ਸੀ। ਸਾਡੇ ਨਾਲ ਵਾਪਰੇ ਹਾਦਸੇ ਬਾਰੇ ਜਦੋਂ ਕਪਤਾਨ ਨੇ ਕੰਪਨੀ ਨੂੰ ਦੱਸਿਆ ਤਾਂ ਕੰਪਨੀ ਨੇ ਹੁਕਮ ਦਿੱਤਾ ਕਿ ਜਦੋਂ ਤੱਕ ਅਸੀਂ ਬੰਦਰਗਾਹ ’ਚ ਰਹਿਣਾ ਹੈ, ਸਾਡੇ ਵਿੱਚੋਂ ਕੋਈ ਵੀ ਬਾਹਰ ਨਹੀਂ ਜਾਵੇਗਾ।
ਜਹਾਜ਼ ’ਚੋਂ ਕਣਕ ਕੱਢਣ ਵਾਲੀਆਂ ਮਸ਼ੀਨਾਂ ਦਾ ਹਾਲ ਬਹੁਤ ਮਾੜਾ ਸੀ। ਅਸੀਂ ਸਿਰਫ ਤਿੰਨ-ਚਾਰ ਦਿਨ ਉੱਥੇ ਰੁਕਣਾ ਸੀ ਪਰ ਮਸ਼ੀਨਾਂ ਦੀ ਹਾਲਤ ਕਾਰਨ ਸਾਨੂੰ 15-20 ਦਿਨ ਲੱਗ ਗਏ। ਬਸਰੇ ਦੀ ਇਹ ਲਾਮ ਬਾਰੇ ਅਕਸਰ ਹੀ ਅਸੀਂ ਗੱਲਾਂ ਕੀਤੀਆਂ ਸਨ ਪਰ ਉੱਥੇ ਜਾ ਕੇ ਵੇਖੇ ਹਾਲਾਤ ਮਗਰੋਂ ਸਾਨੂੰ ਇਹੀ ਅਹਿਸਾਸ ਹੋਇਆ ਕਿ ਬਸਰੇ ਦੀ ਲਾਮ ਹੁਣ ਕਦੇ ਵੀ ਨਾ ਲੱਗੇ ਤੇ ‘ਨੀ ਮੈਂ ਰੰਡੀਓਂ ਸੁਹਾਗਣ ਹੋਵਾਂ ਬਾਸਰੇ ਦੀ ਲਾਮ ਟੁੱਟ ਜਾਏ’ ਵਰਗਾ ਦੁੱਖ ਭਰਿਆ ਗੀਤ ਕਿਸੇ ਨੂੰ ਨਾ ਗਾਉਣਾ ਪਵੇ, ਆਮੀਨ।
ਸੰਪਰਕ: 9914880392
