ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚਾਚਾ ਟਰੰਪ ਨੂੰ ਖ਼ਤ

ਸਤਿ ਸ੍ਰੀ ਅਕਾਲ, ਅਦਾਬ ਚਾਚਾ ਟਰੰਪ। ਅੰਕਲ ਟਰੰਪ, ਅੱਗੇ ਸਮਾਚਾਰ ਇਹ ਹੈ ਕਿ ਅਸੀਂ ਇੱਥੇ ਸਾਰੇ ਰਾਜ਼ੀ ਖ਼ੁਸ਼ੀ ਹਾਂ ਤੇ ਉਸ ਰੱਬ ਤੋਂ ਤੁਹਾਡੀ ਰਾਜ਼ੀ ਖ਼ੁਸ਼ੀ ਮੰਗਦੇ ਹਾਂ। ਤੁਹਾਡੀ ਬਦੌਲਤ ਅਸੀਂ ਅੱਜ ਸੁਖੀ-ਸਾਂਦੀ ਵੱਸ ਰਹੇ ਹਾਂ। ਤੁਸੀਂ ਕਹਿੰਦੇ ਹੋ ਕਿ...
Advertisement

ਸਤਿ ਸ੍ਰੀ ਅਕਾਲ, ਅਦਾਬ ਚਾਚਾ ਟਰੰਪ।

ਅੰਕਲ ਟਰੰਪ, ਅੱਗੇ ਸਮਾਚਾਰ ਇਹ ਹੈ ਕਿ ਅਸੀਂ ਇੱਥੇ ਸਾਰੇ ਰਾਜ਼ੀ ਖ਼ੁਸ਼ੀ ਹਾਂ ਤੇ ਉਸ ਰੱਬ ਤੋਂ ਤੁਹਾਡੀ ਰਾਜ਼ੀ ਖ਼ੁਸ਼ੀ ਮੰਗਦੇ ਹਾਂ। ਤੁਹਾਡੀ ਬਦੌਲਤ ਅਸੀਂ ਅੱਜ ਸੁਖੀ-ਸਾਂਦੀ ਵੱਸ ਰਹੇ ਹਾਂ। ਤੁਸੀਂ ਕਹਿੰਦੇ ਹੋ ਕਿ ਤੁਸੀਂ ਪਰਮਾਣੂ ਯੁੱਧ ਹੋਣ ਤੋਂ ਰੋਕ ਦਿੱਤਾ ਹੈ। ਪਰ ਏਥੇ ਤੁਹਾਡੀ ਇਹ ਗੱਲ ਮੰਨਣ ਨੂੰ ਕੋਈ ਵੀ ਤਿਆਰ ਨਹੀਂ। ਅਸੀਂ ਆਸ ਕਰਦੇ ਹਾਂ ਕਿ ਤੁਹਾਡੇ ਵਾਲੇ ਪਾਸੇ ਵੀ ਸਾਰੇ ਲੋਕ ਰਾਜ਼ੀ-ਬਾਜ਼ੀ ਹੋਣਗੇ। ਸਾਂਝੇ ਪੰਜਾਬ ਦਾ ਹਰ ਬਾਸ਼ਿੰਦਾ ਇਸ ਯੁੱਧਬੰਦੀ ਲਈ ਤੁਹਾਡਾ ਸ਼ੁਕਰੀਆ ਅਦਾ ਕਰਦਾ ਹੈ। ਉਂਜ ਬਹੁਤੇ ਲੋਕ ਤੁਹਾਡਾ ਗ੍ਰੀਨ ਕਾਰਡ ਪਾਉਣਾ ਲੋਚਦੇ ਹਨ।

Advertisement

ਮੈਂ ਬੜਾ ਸੋਚਿਆ ਕਿ ਤੁਹਾਨੂੰ ਚਾਚਾ ਆਖਾਂ ਕਿ ਅੰਕਲ। ਫਿਰ ਮੈਂ ਸੋਚਿਆ ਕਿ ਤਾਇਆ ਵੀ ਆਖ ਸਕਦਾਂ। ਫਿਰ ਮੈਂ ਸੋਚਣ ਲੱਗਾ ਕਿ ਜਿਵੇਂ ਪੰਜਾਬ ਆਲੇ ਤਾਇਆ ਆਖਿਆਂ ਗੁੱਸਾ ਕਰ ਜਾਂਦੇ ਨੇ, ਕਿਤੇ ਉਂਜ ਹੀ ਤੁਸੀਂ ਵੀ ਤਾਇਆ ਸੁਣ ਕੇ ਗੁੱਸਾ ਨਾ ਕਰ ਜਾਓਂ। ਇਸ ਲਈ ਤੁਹਾਨੂੰ ਚਾਚਾ ਹੀ ਕਹਾਂਗਾ ਤੇ ਕਦੇ-ਕਦੇ ਅੰਕਲ ਵੀ ਕਹਿ ਦੇਵਾਂਗਾ। ਇੱਥੇ ਮੈਨੂੰ ਇੱਕ ਲਤੀਫ਼ਾ ਯਾਦ ਆ ਗਿਆ। ਮੈਂ ਆਪਣੇ ਇੱਕ ਮਿੱਤਰ ਨੂੰ ਇੱਕ ਦਿਨ ਪੁੱਛਿਆ, “ਤੇਰੇ ਕਿੰਨੇ ਚਾਚੇ-ਤਾਏ ਨੇ?” ਉਹ ਅੱਗੋਂ ਕਹਿੰਦਾ, “ਮੇਰੇ ਚਾਰ ਤਾਏ ਨੇ ਪਰ ਸਭ ਤੋਂ ਵੱਡਾ ਮੇਰਾ ਡੈਡੀ ਹੈ।” ਅੰਕਲ ਮੈਨੂੰ ਯਕੀਨ ਹੈ ਕਿ ਇਹ ਲਤੀਫ਼ਾ ਤੁਹਾਨੂੰ ਬਿਲਕੁਲ ਸਮਝ ਨਹੀਂ ਆਇਆ ਹੋਣਾ। ਚੱਲੋ ਕੋਈ ਗੱਲ ਨਹੀਂ। ਦੁਨੀਆ ’ਤੇ ਸਾਰਾ ਕੁਝ ਸਮਝ ਕੇ ਲੈਣਾ ਵੀ ਕੀ ਹੈ?

ਚਾਚਾ ਜਾਨ, ਅਗਲੀ ਗੱਲ ਇਹ ਹੈ ਕਿ ਤੁਸੀਂ ਮੈਨੂੰ ਬਿਲਕੁਲ ਨਹੀਂ ਜਾਣਦੇ ਪਰ ਮੈਂ ਤੁਹਾਨੂੰ ਬੜੀ ਦੇਰ ਦਾ ਜਾਣਦਾ ਹਾਂ। ਮੈਂ ਤੁਹਾਡਾ ਨਿਮਾਣਾ ਜਿਹਾ ਭਤੀਜਾ ਹਾਂ ਤੇ ਗਾਹੇ ਬਗਾਹੇ ਤੁਹਾਡੀਆਂ ਪੁਰਾਣੀਆਂ ‘ਸ਼ਹਿਦ ਵਲ੍ਹੇਟੀਆਂ ਵਿਹੁ ਗੰਦਲਾਂ’ ਜਿਹੀਆਂ ਗੱਲਾਂ ਯੂਟਿਊਬ ਉੱਤੇ ਜੀਓ ਦੇ ਪੈਕ ਪਵਾ ਕੇ ਖ਼ੂਬ ਵੇਖਦਾ-ਸੁਣਦਾ ਰਹਿੰਦਾ ਹਾਂ।

ਵੈਸੇ ਅੰਕਲ ਟਰੰਪ ਤੁਹਾਡੇ ਵੱਡੇ-ਵਡੇਰੇ ਨੂੰ ਸਾਡੇ ਇੱਕ ਵੱਡੇ-ਵਡੇਰੇ ਚਾਚੇ ਮੰਟੋ ਨੇ ਨੌਂ ਚਿੱਠੀਆਂ ਲਿਖੀਆਂ ਸਨ, ਪਤਾ ਨਹੀਂ ਉਨ੍ਹਾਂ ਨੂੰ ਮਿਲੀਆਂ ਕਿ ਨਹੀਂ। ਹੁਣ ਮੈਨੂੰ ਇੱਕ ਦਿਨ ਮੰਟੋ ਨੇ ਸੁਪਨੇ ਵਿੱਚ ਆ ਕੇ ਇਹ ਕਿਹਾ ਹੈ, “ਜਾ ਓਏ, ਸਾਰੀ ਦਿਹਾੜੀ ਵਿਹਲਾ ਮੱਖੀਆਂ ਮਾਰਦਾ ਰਹਿਨਾਂ ਏਂ, ਕੁਝ ਕੰਮ ਧੰਦਾ ਕਰ। ਜਾਂ ਤਾਂ ਉਨ੍ਹਾਂ ਚਿੱਠੀਆਂ ਦਾ ਪਤਾ ਲਗਾ ਕਿ ਉਹ ਮਿਲੀਆਂ ਕਿ ਨਹੀਂ। ਜਾਂ ਫਿਰ ਅੰਕਲ ਟਰੰਪ ਨੂੰ ਚਿੱਠੀ ਲਿਖ। ਉਹ ਸਾਡੇ ਦੋਵਾਂ ਮੁਲਕਾਂ ਨਾਲ ਸਹੀ ਨਹੀਂ ਕਰ ਰਿਹਾ। ਮੰਟੋ ਦਾ ਹੁਕਮ ਹੋਇਆ ਤਾਂ ਉਹ ਮੰਨਣਾ ਹੀ ਪੈਣਾ।

ਹੁਣ ਮੈਂ ਕੁਝ ਦਿਲ ਦੀਆਂ ਗੱਲਾਂ ਕਰਨ ਲਈ ਤੁਹਾਨੂੰ ਇਹ ਖ਼ਤ ਲਿਖਣ ਲੱਗਾ ਹਾਂ। ਇਹ ਪਹਿਲਾ ਖ਼ਤ ਹੋਵੇਗਾ। ਇਸ ਤੋਂ ਬਾਅਦ ਜਦੋਂ ਤੁਹਾਡਾ ਜਵਾਬ ਆਏਗਾ, ਉਸ ਤੋਂ ਪਹਿਲਾਂ ਹੀ ਅਗਲਾ ਖ਼ਤ ਲਿਖ ਕੇ ਤਿਆਰ ਰੱਖਾਂਗਾ ਕਿਉਂਕਿ ਮੈਨੂੰ ਪਤਾ ਹੈ ਤੁਸੀਂ ਉਸ ਦਾ ਜਵਾਬ ਕੀ ਦਿਓਗੇ। ਮੈਨੂੰ ਪਤਾ ਤੁਸੀਂ ਚੱਚਾ ਗ਼ਾਲਿਬ ਦਾ ਕਲਾਮ ਨਹੀਂ ਪੜ੍ਹਿਆ ਪਰ ਸੁਣਿਆ ਤਾਂ ਹੋਏਗਾ ਹੀ। ਚਾਚਾ ਗ਼ਾਲਿਬ ਆਖਦੇ ਨੇ:

ਮੁਝੇ ਮਾਲੂਮ ਹੈ ਵੋ ਕਿਆ ਲਿਖੇਂਗੇ ਖ਼ਤ ਕੇ ਜਵਾਬ ਮੇਂ

ਕੀ ਕਿਹਾ? ਚੱਚਾ ਗ਼ਾਲਿਬ ਦਾ ਨਾਮ ਨਹੀਂ ਸੁਣਿਆ? ਚਾਚਾ ਜਾਨ, ਇਹ ਤਾਂ ਤੁਸੀਂ ਬਹੁਤ ਵੱਡਾ ਕੁਫ਼ਰ ਕਰ ਦਿੱਤਾ ਹੈ। ਚੱਚਾ ਗ਼ਾਲਿਬ ਦਾ ਜਿਸ ਨੇ ਨਾਮ ਨਹੀਂ ਸੁਣਿਆ, ਉਹ ਤਾਂ ਕਹਿੰਦੇ ਜੰਮਿਆ ਹੀ ਨਹੀਂ। (ਇਹ ਕਹਾਵਤ ਹੁਣੇ-ਹੁਣੇ ਨਵੀਂ ਬਣਾਈ ਹੈ। ਪਹਿਲਾਂ ਇਸ ਵਿੱਚ ਲਾਹੌਰ ਹੁੰਦਾ ਸੀ) ਅੰਕਲ ਤੁਸੀਂ ਕੀ ਕਰਦੇ ਰਹਿੰਦੇ ਹੋ? ਅੱਜਕੱਲ੍ਹ ਏਆਈ ਦਾ ਜ਼ਮਾਨਾ ਹੈ। ਇਸ ਏਆਈ ਦਾ ਸਾਡੇ ਏਧਰ ਵੀ ਬੜਾ ਰੌਲਾ ਪੈ ਰਿਹਾ ਹੈ ਪਰ ਹਾਲੇ ਮਸਲਾ ਪਕੜ ਵਿੱਚ ਨਹੀਂ ਆ ਰਿਹਾ। ਖ਼ੈਰ, ਤੁਸੀਂ ਏਆਈ ਨੂੰ ਇੱਕ ਵਧੀਆ ਜਿਹੀ ਪ੍ਰੋਮਪਟ ਦਿਓ, ਉਹ ਤੁਹਾਨੂੰ ਅਮਰੀਕੀ ਜ਼ੁਬਾਨ ਵਿੱਚ ਫੱਟ ਗ਼ਾਲਿਬ ਅੰਕਲ ਬਾਰੇ ਮਿੰਟ ਵਿੱਚ ਸਾਰਾ ਕੁਝ ਕੱਢ ਕੇ ਵਿਖਾ ਦੇਵੇਗਾ। ਪਰ ਉਸ ਉੱਤੇ ਪੂਰਾ ਯਕੀਨ ਨਾ ਕਰਨਾ। ਵੈਸੇ, ਜਿੱਦਾਂ ਦਾ ਤੁਹਾਡਾ ਮੂੰਹ ਐ, ਉਸ ਤੋਂ ਤਾਂ ਲੱਗਦੈ ਕਿ ਤੁਸੀਂ ਬੰਦਿਆਂ ਉੱਤੇ ਘੱਟ ਤੇ ਏਆਈ ਉੱਤੇ ਵੱਧ ਯਕੀਨ ਕਰਦੇ ਓ।

ਤੁਸੀਂ ਸੋਚ ਰਹੇ ਹੋਵੋਂਗੇ ਕਿ ਮੈਂ ਕੀ ਊਟ-ਪਟਾਂਗ ਗੱਲਾਂ ਮਾਰ ਰਿਹਾਂ। ਅਸਲ ਵਿੱਚ ਮੈਂ ਤਾਂ ਭੂਮਿਕਾ ਬੰਨ੍ਹ ਰਿਹਾ ਸੀ। ਤੁਸੀਂ ਜਦੋਂ ਵੀ ਹੁਣ ਇੰਡੀਆ ਆਓ ਤਾਂ ਪੰਜਾਬ ਜ਼ਰੂਰ ਆਉਣਾ ਤੇ ਉੱਥੇ ਆ ਕੇ ਢਾਡੀਆਂ ਤੋਂ ਵਾਰਾਂ ਜ਼ਰੂਰ ਸੁਣਨਾ। ਉਸ ਵਿੱਚ ਵੀ ਗੱਲ ਕਹਿਣ ਤੋਂ ਪਹਿਲਾਂ ਲੰਮੀ ਚੌੜੀ ਭੂਮਿਕਾ ਬੰਨ੍ਹੀ ਜਾਂਦੀ ਹੈ। ਹੋ ਸਕਦੈ ਉਹ ਤੁਹਾਡੇ ਬਾਰੇ ਵੀ ਇੱਕ ਵਾਰ ਬਣਾ ਦੇਣ ਜਿਸ ਵਿੱਚ ਉਨ੍ਹਾਂ ਕਹਿਣਾ:

ਜਦੋਂ ਟਰੰਪੂ ਜੰਮਿਆ, ਕਾਂ ਬੋਲਿਆ ਤੇਰਾਂ ਵਾਰ

ਕਿਹੜੀ ਬਲਾ ਨੇ ਲੈ ਲਿਆ, ਧਰਤੀ ’ਤੇ ਅਵਤਾਰ।

ਕੁਝ ਦਿਨ ਪਹਿਲਾਂ ਕੀ ਹੋਇਆ ਕਿ ਮੈਂ ਆਪਣੇ ਘਰ ਦੇ ਬਾਹਰ ਖੜ੍ਹਾ ਸਾਂ। ਮੈਂ ਵੇਖਿਆ ਦੋ ਕਿਰਲੀਆਂ ਆਪਸ ਵਿੱਚ ਲੜ ਪਈਆਂ। ਲੈ ਤੁਸੀਂ ਤਾਂ ਜਾਣਦੇ ਈ ਓ ਕਿਰਲੀਆਂ ਕੀ ਹੁੰਦੀਆਂ? ਚਾਚਾ ਜਾਨ, ਛਿਪਕਲੀਆਂ। ਉਹ ਲੜ ਪਈਆਂ। ਮੇਰੀ ਬੱਚੀ ਕਿਰਲੀਆਂ ਤੋਂ ਬਹੁਤ ਡਰਦੀ ਐ। ਮੈਂ ਉਸ ਨੂੰ ਆਵਾਜ਼ ਮਾਰੀ ਕਿ ਬਾਹਰ ਆ ਕੇ ਵੇਖ ਲੜਾਈ ਹੋ ਗਈ ਹੈ। ਉਸ ਨੇ ਦੂਰੋਂ ਹੀ ਪੁੱਛਿਆ ਕਿ ਕਿਸ ਦੀ ਲੜਾਈ ਹੋ ਗਈ ਐ? ਤਾਂ ਮੈਂ ਦੱਸਿਆ ਕਿ ਕਿਰਲੀਆਂ ਲੜ ਰਹੀਆਂ ਨੇ ਤਾਂ ਉਹ ਬੜਾ ਹੱਸੀ। ਫੇਰ ਉਹ ਮੈਨੂੰ ਕਹਿੰਦੀ ਇਹ ਲੜਾਈ ਬੰਦ ਕਰਾਉਣ ਲਈ ਅੰਕਲ ਟਰੰਪ ਦਾ ਫੋਨ ਆਏਗਾ ਕਿ ਨਹੀਂ? ਮੈਂ ਬੜਾ ਹੈਰਾਨ ਹੋਇਆ। ਇਸ ਘਟਨਾ ਬਾਰੇ ਟਰੰਪ ਦੀ ਵਾਰ ਵਿੱਚ ਢਾਡੀ ਆਖਦੇ:

ਕਿਰਲੀਆਂ ਦੀ ਲੜਾਈ ਵਿੱਚ, ਆਇਆ ਟਰੰਪੂ ਦਾ ਫੋਨ

ਜਿੱਥੇ ਟਰੰਪੂ ਆ ਖੜ੍ਹਦਾ, ਉੱਥੇ ਲੜਾਈਆਂ ਨਾ ਫਿਰ ਹੋਣ...

ਮੈਂ ਸਦਕੇ... ਮੈਂ ਸਦਕੇ...

ਜਿੱਥੇ ਟਰੰਪੂ ਆ ਨੱਚਦਾ, ਉੱਥੇ ਵੱਜਦੇ ਟਰੰਪੂ ਦੇ ਗਾਉਣ...

ਮੈਂ ਸਦਕੇ... ਮੈਂ ਸਦਕੇ...

ਦੱਸਣ ਦਾ ਮਤਲਬ ਇਹ ਹੈ ਕਿ ਤੁਸੀਂ ਸਾਡੇ ਮੁਲਕ ਵਿੱਚ ਕਿੰਨੇ ਹਰਮਨ ਪਿਆਰੇ ਹੋ। ਬੱਚੇ-ਬੱਚੇ ਨੂੰ ਤੁਹਾਡੇ ਮਹਾਨ ਕੰਮਾਂ ਦਾ ਪਤਾ ਐ, ਪਰ ਉਹ ਕਹਿੰਦੇ ਇਨ੍ਹਾਂ ਨੂੰ ਕਰਤੂਤਾਂ ਨੇ। (ਮੈਨੂੰ ਪੱਕਾ ਪਤਾ ਹੈ ਤੁਹਾਨੂੰ ਕਰਤੂਤਾਂ ਸ਼ਬਦ ਦਾ ਵੀ ਪਤਾ ਨਹੀਂ ਹੋਣਾ, ਚੰਗਾ ਹੈ ਜੇ ਨਹੀਂ ਪਤਾ ਤਾਂ) ਜੇ ਕਿਤੇ ਤੁਸੀਂ ਅਮਰੀਕਾ ਛੱਡ ਕੇ ਇੰਡੀਆ ਤੋਂ ਚੋਣ ਲੜੋਂ ਤਾਂ ਤੁਸੀਂ ਪੱਕਾ ਚਾਰ ਸੌ ਪਾਰ ਹੋ ਜਾਉਂਗੇ। ਇਹ ਮੇਰੇ ਗ਼ਰੀਬ ਦੇ ਢਾਈ ਇੰਚ ਦੇ ‘ਡੌਲੇ’ ਦਾ ਮਜ਼ਬੂਤ ‘ਦਾਅਵਾ’ ਹੈ ਤੇ ਤੁਹਾਨੂੰ ਇੱਥੋਂ ਆ ਕੇ ਇਹ ਚੋਣਾਂ ਲੜਨੀਆਂ ਹੀ ਚਾਹੀਦੀਆਂ ਨੇ। ਛੱਡੋ ਖਹਿੜਾ ਉਸ ਅਮਰੀਕਾ ਦਾ। ਭਾਰਤੀ ਲੋਕ ਧੰਨ-ਧੰਨ ਕਰਵਾ ਦੇਣਗੇ ਤੁਹਾਡੀ।

ਗੱਲਾਂ ਤਾਂ ਅੰਕਲ ਟਰੰਪ ਬਹੁਤ ਨੇ ਕਰਨ ਵਾਲੀਆਂ ਪਰ ਖ਼ੁਸ਼ੀ ਏਨੀ ਹੈ ਕਿ ਕੁਝ ਯਾਦ ਨੇ ਤੇ ਕੁਝ ਭੁੱਲੀ ਜਾ ਰਹੀਆਂ ਨੇ। ਮੈਂ ਉਸ ਗਾਣੇ ਲਈ ਮੁਆਫ਼ੀ ਮੰਗਦਾ ਹਾਂ ਜਿਸ ਗਾਣੇ ਤੋਂ ਤੁਹਾਨੂੰ ਬਹੁਤ ਖਿੱਝ ਚੜ੍ਹੀ ਤੇ ਤੁਹਾਨੂੰ ਦੁੱਕੀ ਤਿੱਕੀ ਛਿੱਕੀ ਜਿਹਾ ਬਿਆਨ ਦੇਣਾ ਪਿਆ। ਉਹ ਗਾਇਕ ਪੰਜਾਬ ਵਿੱਚ ਵੀ ਬਹੁਤ ਨੁਕਸਾਨ ਕਰਵਾ ਰਿਹਾ ਹੈ। ਹਾਂ, ਇੱਕ ਗੱਲ ਹੋਰ ਯਾਦ ਆ ਗਈ ਹੈ। ਅੰਕਲ ਟਰੰਪ, ਤੁਸੀਂ ਇਹ ਚੰਗਾ ਨਹੀਂ ਕੀਤਾ ਕਿ ਮੇਰੇ ਦੇਸ ਦੇ ਬੰਦੇ ਵਾਪਸ ਸਾਡੇ ਮੁਲਕ ਵਿੱਚ ਜਹਾਜ਼ਾਂ ਵਿੱਚ ਭਰ-ਭਰ ਕੇ ਭੇਜ ਦਿੱਤੇ ਨੇ। ਭਲਾ ਇਹ ਇਨਸਾਨੀਅਤ ਹੈ? ਅਗਲੇ 40-40 ਲੱਖ ਲਾ ਕੇ ਗਏ ਨੇ, ਪਨਾਮਾ ਦੇ ਜੰਗਲਾਂ ਵਿੱਚੋਂ ਹੁੰਦੇ ਹੋਏ ਤੇ ਡੌਂਕੀਆਂ ਮਾਰਦੇ ਮਾਰਦੇ ਤੇ ਲਾ ਬੈਸਤੀਆ ਮਾਲ ਗੱਡੀ ਉੱਤੇ ਧੱਕੇ-ਧੁੱਕੇ ਖਾ ਕੇ ਮੈਕਸਿਕੋ ਬਾਰਡਰ ਟੱਪ ਕੇ ਜਾਨ ਤੇ ਪੈਸੇ ਤਲੀ ਉੱਤੇ ਧਰ ਕੇ ਅਮਰੀਕੇ ਪਹੁੰਚਦੇ ਨੇ ਤੇ ਤੁਸੀਂ ਇੱਕ ਝਟਕੇ ਵਿੱਚ ਸਾਰਾ ਕੁਝ ਮੂਧਾ ਮਾਰ ਕੇ ਰੱਖ ਦਿੱਤਾ। ਹੁਣ ਇਹ ਮੂਧਾ ਤਾਂ ਤੁਸੀਂ ਜਾਣਦੇ ਹੀ ਹੋਵੋਗੇ। ਨਹੀਂ ਜਾਣਦੇ? ਚਲੋ ਕੋਈ ਨਾ, ਪੰਜਾਬੀ ਦਾ ਕੋਈ ਚੰਗਾ ਜਿਹਾ ਸ਼ਬਦਕੋਸ਼ ਤੁਹਾਨੂੰ ਭੇਜਦੇ ਹਾਂ। ਹੁਣ ਜਿਨ੍ਹਾਂ ਦੇ ਘਰ ਤੁਸੀਂ ਬਿਨਾਂ ਐਟਮ ਬੰਬ ਮਾਰਿਆਂ ਹੀ ਤਬਾਹ ਕੀਤੇ ਹਨ, ਉਨ੍ਹਾਂ ਦਾ ਕਸੂਰ ਵੀ ਦੱਸ ਦੇਂਦੇ। ਅੰਕਲ ਟਰੰਪ, ਤੁਹਾਨੂੰ ਚਿੜੀਓ ਜੀਅ ਪਓ, ਚਿੜੀਓ ਮਰ ਜਾਓ ਵਾਲੀ ਖੇਡ ਹੁਣ ਬੰਦ ਕਰ ਦੇਣੀ ਚਾਹੀਦੀ ਹੈ। ਇਹ ਖੇਡ ਵੀ ਨਹੀਂ ਜਾਣਦੇ? ਲੈ ਅੰਕਲ ਬੜਾ ਖਰਾਬ ਹਾਜ਼ਮਾ ਤੁਹਾਡਾ। ਅੱਛਾ, ਹਾਜ਼ਮਾ ਵੀ ਨਹੀਂ ਜਾਣਦੇ? ਚਲੋ ਕੋਈ ਗੱਲ ਨਹੀਂ। ਅਮਰੀਕਾ ਆਲਿਆਂ ਨੂੰ ਸਿਰਫ਼ ਅਮਰੀਕੀ ਹੀ ਆਉਂਦੀ ਹੋਣੀ ਐ। ਬਾਕੀ ਉਨ੍ਹਾਂ ਆਪਣੀ ਅਸਲ ਭਾਸ਼ਾ ਤਾਂ ਕਦੋਂ ਦੀ ਮਾਰ ਛੱਡੀ ਐ। ਵੈਸੇ ਗ਼ੈਰ-ਕਾਨੂੰਨੀ ਕਬਜ਼ੇ ਵਾਲੀ ਧਰਤੀ ਉੱਤੇ ਕੋਈ ਵੀ ਗ਼ੈਰ-ਕਾਨੂੰਨੀ ਨਹੀਂ ਹੁੰਦਾ ਜਾਂ ਹਰ ਕੋਈ ਹੀ ਗ਼ੈਰ-ਕਾਨੂੰਨੀ ਹੁੰਦੈ।

ਵੇਖੋ ਅੰਕਲ, ਹੁਣ ਤਾਂ ਤੁਹਾਨੂੰ ਨੋਬੇਲ ਪੁਰਸਕਾਰ ਮਿਲ ਹੀ ਜਾਣਾ ਚਾਹੀਦਾ ਹੈ। ਲਓ ਹੁਣ ਪੁੱਛਦੇ ਹੋ ਕਿਉਂ? ਪਾਕਿਸਤਾਨ-ਹਿੰਦੋਸਤਾਨ ਵਿੱਚ ਦੂਜੀ ਜੰਗੇ ਅਜ਼ੀਮ ਤੋਂ ਵੀ ਵੱਡੀ ਪਰਮਾਣੂ ਜੰਗ ਨੂੰ ਤੁਸੀਂ ਰੋਕ ਜੋ ਦਿੱਤਾ ਹੈ ਤੇ ਹੁਣ ਤੱਕ ਤੀਹ-ਪੈਂਤੀ ਵਾਰ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹ ਲਿਆ ਹੈ। ਜਦੋਂ ਤੱਕ ਤੁਹਾਨੂੰ ਇਹ ਚਿੱਠੀ ਮਿਲਣੀ ਹੈ, ਉਦੋਂ ਤੱਕ ਇਹ ਸੈਂਚਰੀ ਮਾਰ ਲੈਣੀ ਤੁਸਾਂ ਨੇ। ਮੈਨੂੰ ਪੱਕਾ ਯਕੀਨ ਹੈ। ਲਓ ਤੁਹਾਨੂੰ ਸਿਹਰੇ ਦਾ ਵੀ ਨਹੀਂ ਪਤਾ। ਇਹ ਵੀ ਬੰਨ੍ਹਦੇ ਹੁੰਦੇ ਨੇ। ਦੂਜਾ, ਤੁਸੀਂ ਇਰਾਨ ਉੱਤੇ ਬੰਬ ਮਾਰ-ਮਾਰ ਕੇ ਜਿਹੜੀ ਸ਼ਾਂਤੀ ਲਿਆਂਦੀ ਹੈ, ਉਸ ਦਾ ਇਸ ਦੁਨੀਆ ਉੱਤੇ ਕੋਈ ਸਾਨੀ ਨਹੀਂ ਹੈ। ਇਹ ਦੋ ਗੱਲਾਂ ਕਿਤੇ ਛੋਟੀਆਂ-ਮੋਟੀਆਂ ਗੱਲਾਂ ਨੇ ਨੋਬੇਲ ਸ਼ਾਂਤੀ ਪੁਰਸਕਾਰ ਜਿੱਤਣ ਲਈ!

ਪਰ ਇੱਕ ਸਵਾਲ ਉੱਠ ਸਕਦਾ ਹੈ ਕਿ ਭਲਾ ਤੁਹਾਨੂੰ ਨੋਬੇਲ ਪੁਰਸਕਾਰ ਦੀ ਲੋੜ ਕਿਉਂ ਹੈ? ਕਿਉਂ ਨਾ ਹਾਲੇ ਹੋਰ ਦੋ ਕੁ ਸਾਲ ਰੁਕ ਲਿਆ ਜਾਵੇ ਤਾਂ ਜੋ ਹੋਰ ਹੋਣ ਵਾਲੀਆਂ ਜੰਗਾਂ ਨੂੰ ਰੋਕਣ ਵਿੱਚ ਤੁਸੀਂ ਵਧੀਆ ਭੂਮਿਕਾ ਨਿਭਾ ਸਕਦੇ ਹੋ।

ਜੇ ਤੁਹਾਨੂੰ ਪਹਿਲਾਂ ਹੀ ਨੋਬੇਲ ਸ਼ਾਂਤੀ ਪੁਰਸਕਾਰ ਮਿਲ ਗਿਆ ਤਾਂ ਸ਼ਾਂਤੀ ਦੂਤ ਕਿਵੇਂ ਬਣੋਗੇ? ਦੱਸੋ ਭਲਾ? ਹਾਂ ਜੀ, ਮੈਂ ਤਾਂ ਤੁਹਾਨੂੰ ਇਹੀ ਆਖਦਾ ਹਾਂ ਕਿ ਇਸ ਨੋਬੇਲ ਵਾਲੇ ਚੱਕਰ ਨੂੰ ਕੁਝ ਦੇਰ ਪੈਂਡਿੰਗ ਨਾ ਪਾ ਦੇਈਏ! ਦੋ ਚਾਰ ਮੁਲਕਾਂ ਵਿੱਚ ਬੰਬ ਮਾਰ-ਮਾਰ ਕੇ ਜਦੋਂ ਤੁਸੀਂ ਮੁਕੰਮਲ ਸ਼ਾਂਤੀ ਲੈ ਆਂਦੀ ਤਾਂ ਕੋਈ ਮਾਈ ਦਾ ਲਾਲ ਨਹੀਂ ਹੋ ਸਕਦਾ ਜਿਹੜਾ ਇਹ ਸਵਾਲ ਉਠਾਏ ਕਿ ਤੁਹਾਨੂੰ ਨੋਬੇਲ ਸ਼ਾਂਤੀ ਪੁਰਸਕਾਰ ਦੀ ਲੋੜ ਕਿਉਂ ਹੈ? ਫਿਰ ਇਹ ਸਵਾਲ ਕਰਨ ਵਾਲੇ ਦੇ ਮੁਲਕ ਵਿੱਚ ਤੁਸੀਂ ਪੂਰੀ ਸ਼ਾਂਤੀ ਲੈ ਆਉਣੀ ਹੈ।

ਚਾਚਾ ਟਰੰਪ, ਤੁਹਾਨੂੰ ਸ਼ਾਇਦ ਪਤਾ ਨਾ ਹੋਏ ਕਿ ਸਾਡੇ ਮੁਲਕ ਵਿੱਚ ਇੱਕ ਸ੍ਰੀਮਾਨ ਨੇ ਰਾਹੁਲ ਜੀ, ਉਹ ਤੁਹਾਡੇ ਨਾਲ ਦੋ-ਦੋ ਹੱਥ ਕਰਨ ਨੂੰ ਬਾਹਲੇ ਕਾਹਲੇ ਵੀ ਨੇ ਤੇ ਜ਼ਿੱਦੀ ਵੀ ਨੇ। ਜਿੱਥੇ ਵੇਖੋ, ਤੁਹਾਡੇ ਖ਼ਿਲਾਫ਼ ਬੋਲਦੇ ਰਹਿੰਦੇ ਨੇ, ਕੋਈ ਫੋਨ-ਫੂਨ ਕਰਵਾਓ ਉਨ੍ਹਾਂ ਨੂੰ ਜ਼ਰਾ ਤੇ ਕਹੋ ਕਿ ਨੌਜਵਾਨਾ, ਹਾਲੇ ਤੇਰੇ ਅੰਦਰ ਗਰਮ-ਗਰਮ ਖ਼ੂਨ ਹੈ, ਇਸ ਨੂੰ ਹਾਲੇ ਕੁਝ ਦੇਰ ਹੋਰ ਗਰਮ ਰੱਖੋ। ਮੈਂ ਹਾਲੇ ਕੋਈ ਲੜਾਈ ਨਹੀਂ ਲੜ ਸਕਦਾ ਕਿਉਂਕਿ ਮੈਂ ਨੋਬੇਲ ਸ਼ਾਂਤੀ ਪੁਰਸਕਾਰ ਲੈਣ ਦੀ ਦੌੜ ਵਿੱਚ ਉਸੈਨ ਬੋਲਟ ਤੋਂ ਵੀ ਵੱਧ ਤੇਜ਼ ਦੌੜ ਰਿਹਾ ਹਾਂ। ਮੈਂ ਦੁਨੀਆ ਦਾ ਨਵਾਂ ਸ਼ਾਂਤੀ ਦੂਤ ਹਾਂ। ਸ਼ਾਇਦ ਉਹ ਕੁਝ ਸ਼ਾਂਤ ਹੋ ਜਾਣ। ਇਸ ਪ੍ਰਸੰਗ ਨੂੰ ਸਾਡੇ ਢਾਡੀ ਇੰਜ ਕਹਿੰਦੇ:

ਟਰੰਪੂ ਅੰਬ ਨੋਬੇਲ ਦਾ ਮੰਗਦਾ, ਦੇ ਦਿਓ ਉਸ ਨੂੰ ਤੋੜ

ਉਹਦਾ ਮੂੰਹ ਪਤੀਲੇ ਵਰਗਾ, ਜਿਓਂ ਪਿੱਪਲ ਦੇ ਵਿੱਚ ਖੋੜ੍ਹ।

ਚਾਚਾ ਟਰੰਪ, ਇਹ ਚੰਗੀ ਗੱਲ ਨਹੀਂ ਕਿ ਤੁਸੀਂ ਪਾਕਿਸਤਾਨ ਦੇ ਤੇਲ ਦੇ ਭੰਡਾਰ ਨੂੰ ਇਕੱਲਿਆਂ ਹੀ ਲੁੱਟਣ ਦਾ ਪ੍ਰੋਗਰਾਮ ਬਣਾ ਲਿਆ ਹੈ! ਆਪਣੇ ਰਕੀਬ ਚੀਨ ਨੂੰ ਵੀ ਨਾਲ ਰਲਾ ਲੈਣਾ ਸੀ! ਉੱਤੋਂ ਤੁਸੀਂ ਇਹ ਕਹਿ ਰਹੇ ਹੋ ਕਿ ਹੋ ਸਕਦਾ ਹੈ ਹਿੰਦੋਸਤਾਨ ਆਉਣ ਵਾਲੇ ਸਮੇਂ ’ਚ ਪਾਕਿਸਤਾਨ ਤੋਂ ਤੇਲ ਖਰੀਦਣ ਲੱਗ ਜਾਵੇ। ਚਾਚਾ ਜਾਨ, ਸ਼ਾਇਦ ਤੁਸੀਂ ਜਾਣਦੇ ਨਹੀਂ ਕਿ ਅਸੀਂ ਦੋਵੇਂ ਮੁਲਕ ਹੁਣ ਸ਼ਰੀਕ ਆਂ ਤੇ ਇਸ ਗੱਲ ਨੂੰ 75 ਸਾਲ ਤੋਂ ਉੱਤੇ ਗਏ ਨੇ। ਸਾਡੇ ਇੱਥੇ ਅਖਾਣ ਸੁਣੀਂਦਾ ਹੈ ਕਿ ਜੇ ਟੱਟੂ ਹੀ ਕਰਨਾ ਹੈ ਤਾਂ ਕੁੜਮਾਂ ਦਾ ਕਿਉਂ ਕਰੀਏ। ਲਓ ਹੁਣ ਤੁਸੀਂ ਕੁੜਮ ਵੀ ਨਹੀਂ ਜਾਣਦੇ ਤੇ ਟੱਟੂ ਵੀ ਨਹੀਂ? ਬੜੇ ਅਜੀਬ ਬੰਦੇ ਹੋ! ਚਲੋ ਕੋਈ ਨਾ। ਪਾਕਿਸਤਾਨ ਆਲੇ ਸਾਡੇ ਕੁੜਮ ਤਾਂ ਨਹੀਂ ਪਰ ਸ਼ਰੀਕ ਤਾਂ ਹੈਗੇ ਹੀ ਨੇ, ਅਸੀਂ ਭੁੱਖੇ ਮਰ ਜਾਵਾਂਗੇ ਪਰ ਪਾਕਿਸਤਾਨ ਦਾ ਤੇਲ ਕਦੇ ਨਹੀਂ ਪੀਆਂਗੇ। ਹਾਲਾਂਕਿ ਸਾਡੇ ਇੱਕ ਅਖਾਣ ਹੋਰ ਵੀ ਹੈ ਕਿ ਸ਼ਰੀਕ ਦਾ ਦਾਣਾ ਢਿੱਡ ਦੁਖਦੇ ਵੀ ਖਾਣਾ ਪਰ ਉਹ ਤਾਂ ਗੱਲ ਦਾਣੇ ਬਾਰੇ ਹੈ, ਤੇਲ ਬਾਰੇ ਤਾਂ ਨਹੀਂ। ਸੋ, ਇਹ ਤਾਂ ਤੁਸੀਂ ਭੁੱਲ ਜਾਓ ਕਿ ਅਸੀਂ ਤੇਲ-ਵੇਲ ਖਰੀਦਾਂਗੇ। ਬਾਕੀ ਤੁਸੀਂ ਕੁੜੀ ਪੇਟ ਕਣਕ ਖੇਤ ਤੇ ਆ ਜਵਾਈਆ ਮੰਡੇ ਖਾ ਵਾਲੀ ਗੱਲ ਕਰ ਰਹੇ ਹੋ। ਮੈਨੂੰ ਪੱਕਾ ਪਤਾ ਹੈ ਕਿ ਤੁਹਾਨੂੰ ਇਹ ਗੱਲ ਵੀ ਸਮਝ ਨਹੀਂ ਆਈ ਹੋਣੀ। ਪਰ ਇਸ ਵਿੱਚ ਘਬਰਾਉਣ ਵਾਲੀ ਕੋਈ ਗੱਲ ਨਹੀਂ। ਹਾਲੇ ਸਮਝੌਤੇ ਦੀ ਗੱਲ ਹੋਈ ਹੈ ਤੇ ਤੁਸੀਂ ਤੇਲ ਪਹਿਲਾਂ ਹੀ ਵੇਚਣ ਲੱਗ ਪਏ ਹੋ। ਹਾਲੇ ਤਾਂ ਰਿਸਰਚ ਹੋਣੀ ਹੈ, ਫੇਰ ਮਸ਼ੀਨਰੀ ਆਉਣੀ ਹੈ, ਫੇਰ ਤੇਲ ਨਿਕਲਣਾ ਹੈ ਤੇ ਫੇਰ ਤੁਸੀਂ ਪਾਕਿਸਤਾਨ ਨੂੰ ਰੱਜ ਕੇ ਲੁੱਟ ਲੈਣਾ ਹੈ। ਜੇ ਉਦੋਂ ਤੱਕ ਸੱਚੀਓਂ ਤੇਲ ਨਿਕਲ ਵੀ ਆਇਆ ਤਾਂ ਉੱਥੋਂ ਦੀ ਤਾਨਾਸ਼ਾਹ ਫ਼ੌਜ ਨੇ ਆਪ ਪੀ ਜਾਣਾ ਹੈ ਤੇ ਡਕਾਰ ਵੀ ਨਹੀਂ ਮਾਰਨਾ। ਊਂ ਰੂਸ ਸਾਡਾ ਪੱਕਾ ਆੜੀ ਹੈ। ਉਸ ਨਾਲ ਸਾਡੀ ਤੂਤ ਦੇ ਮੋਛੇ ਵਾਲੀ ਯਾਰੀ ਹੈ। ਇਹ ਨਾ ਟੁੱਟ ਸਕਦੀ ਤੇ ਨਾ ਅਸੀਂ ਯਾਰ-ਮਾਰ ਕਰ ਸਕਦੇ ਹਾਂ।

ਬੱਸ ਅੰਕਲ, ਬਾਕੀ ਅਗਲੇ ਖ਼ਤ ਵਿੱਚ ਲਿਖਾਂਗਾ। ਹੁਣ ਮੈਂ ਬਹੁਤ ਥੱਕ ਗਿਆ ਹਾਂ। ਮੇਰੇ ਦਿਲ ਨੂੰ ਬਿਲਕੁਲ ਸ਼ਾਂਤੀ ਨਹੀਂ ਆ ਰਹੀ ਹੈ। ਓਧਰੋਂ ਚਾਚਾ ਮੰਟੋ ਦਾ ਦੋਜ਼ਖ਼ ਤੋਂ ਫੋਨ ਆ ਰਿਹੈ, ਨਾਲੇ ਟੀਵੀ ’ਤੇ ਝੂਠੀਆਂ ਖ਼ਬਰਾਂ ਦਾ ਬਾਜ਼ਾਰ ਗਰਮ ਹੋ ਚੁੱਕਾ ਹੈ। ਮੈਂ ਕੁਝ ਖ਼ਬਰਾਂ ਜ਼ਰੂਰ ਵੇਖਾਂਗਾ। ਮੈਨੂੰ ਰੋਟੀ ਫੇਰ ਹੀ ਹਜ਼ਮ ਹੋਣੀ ਐ।

ਤੁਹਾਡਾ ਪਿਆਰਾ ਭਤੀਜਾ

Advertisement