ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਵਿ ਕਿਆਰੀ

ਗ਼ਜ਼ਲ ਜਗਤਾਰ ਪੱਖੋ ਖ਼ੁਦ ਨਾ ਬਹਿ ਸੰਵਾਦ ਕਰਾਂਗਾ। ਫਿਰ ਚੁੱਪ ਦਾ ਅਨੁਵਾਦ ਕਰਾਂਗਾ। ਜਿਹੜਾ ਸਾਹਾਂ ਵਿੱਚ ਰੁਮਕਦਾ, ਉਸਨੂੰ ਕਾਹਤੋਂ ਯਾਦ ਕਰਾਂਗਾ। ਦਿਲ ਦੀ ਧੜਕਣ ਵੀਣਾ ਬਣਨੀ, ਪੂਰੀ ਦੇਹੀ ਨਾਦ ਕਰਾਂਗਾ। ਤੂੰ ਤਾਂ ਅੰਤ ਸਮਝਿਆ ਜਿਸਨੂੰ, ਮੈਂ ਉਸਨੂੰ ਹੀ ਆਦਿ ਕਰਾਂਗਾ।...
Advertisement

ਗ਼ਜ਼ਲ

ਜਗਤਾਰ ਪੱਖੋ

ਖ਼ੁਦ ਨਾ ਬਹਿ ਸੰਵਾਦ ਕਰਾਂਗਾ।

Advertisement

ਫਿਰ ਚੁੱਪ ਦਾ ਅਨੁਵਾਦ ਕਰਾਂਗਾ।

ਜਿਹੜਾ ਸਾਹਾਂ ਵਿੱਚ ਰੁਮਕਦਾ,

ਉਸਨੂੰ ਕਾਹਤੋਂ ਯਾਦ ਕਰਾਂਗਾ।

ਦਿਲ ਦੀ ਧੜਕਣ ਵੀਣਾ ਬਣਨੀ,

ਪੂਰੀ ਦੇਹੀ ਨਾਦ ਕਰਾਂਗਾ।

ਤੂੰ ਤਾਂ ਅੰਤ ਸਮਝਿਆ ਜਿਸਨੂੰ,

ਮੈਂ ਉਸਨੂੰ ਹੀ ਆਦਿ ਕਰਾਂਗਾ।

ਵਿੱਚ ਹਨੇਰੀ ਤਿੜਕਣ ਜਜ਼ਬੇ,

ਹੁਣ ਪੱਕੀ ਮੁਨਿਆਦ ਕਰਾਂਗਾ।

ਸਮਝ ਪਈ ਹੁਣ ਦੁਨੀਆਦਾਰੀ,

ਨਾ ਹੁਣ ਵਾਦ ਵਿਵਾਦ ਕਰਾਂਗਾ।

ਜਿਨ੍ਹਾਂ ਅਸਲੀ ਤੋਰ ਸਿਖਾਈ,

ਰੋੜਾਂ ਦਾ ਧੰਨਵਾਦ ਕਰਾਂਗਾ।

ਸੰਪਰਕ: 94651-96946

ਸਾਨੂੰ ਕੀ

ਅਕਾਸ਼ਦੀਪ

ਠਹਿਰੋ!

ਅੱਗੇ ਰਸਤਾ ਬੰਦ ਹੈ...

ਲੜ ਰਿਹਾ ਹੈ

ਅੱਜ ਫਿਰ ਕੋਈ ਸੜਕ ’ਤੇ

ਲਗਾ ਰਿਹਾ ਹੈ ਨਾਅਰੇ

ਲਹਿਰਾ ਰਿਹਾ ਹੈ ਹਵਾ ’ਚ ਮੁੱਕੇ

ਪਰ!

ਤੁਸੀਂ ਅਤੇ ਮੈਂ ਲੈਣਾ ਕੀ ਏ...?

ਬਦਲ ਲਵਾਂਗੇ ਰਸਤੇ

ਅਤੇ ਜਾਂਦੇ ਰਹਾਂਗੇ ਕੰਮਾਂ ’ਤੇ

ਵੇਚ ਆਵਾਂਗੇ ਆਪਣੀ ਜ਼ਿੰਦਗੀ ਦਾ ਇੱਕ ਦਿਨ

ਮੁੱਠੀ ਭਰ ਦਾਣਿਆਂ ਬਦਲੇ

ਜਦ ਹਵਾ ਚੀਖੇਗੀ

ਤੁੰਨ ਲਵਾਂਗੇ ਆਪਣੇ ਕੰਨਾਂ ’ਚ

ਮਾਰੂ ਗੀਤਾਂ ਦੀਆਂ ਆਵਾਜ਼ਾਂ...

ਅਤੇ ਕਹਿ ਦਿਆਂਗੇ,

ਜ਼ਿੰਦਗੀ ਗੁਲਜ਼ਾਰ ਏ

ਭਲਾ!

ਤੁਸੀਂ ਅਤੇ ਮੈਂ ਲੈਣਾ ਵੀ ਕੀ ਹੈ...?

ਸਾਡੇ ਲਈ ਤਾਂ

ਹਾਕਮ ਦੀ ਜੁੱਤੀ ਦਾ ਥੱਲਾ ਹੀ

ਅਸਮਾਨ ਹੈ...

* * *

ਆਪਮੁਹਾਰਾ

ਗੁਰਨੀਤ ਸੰਧੂ

ਇਹ ਅੰਬਰਾਂ ਦੇ ਨੂਰਾਂ ਦਾ,

ਧਰਤਾਂ ਤੇ ਕਿਰਨਾ

ਨੀਰਾਂ ਦਾ ਰੁੜ੍ਹਣਾ

ਨਦੀਆਂ, ਨੈਣ-ਨਕਸ਼ਾਂ ’ਚੋਂ,

ਤੇ ਲਕਸ਼ਾਂ ਨੂੰ ਤੁਰਨਾ

ਇਹ ਰੰਗਾਂ ਦਾ,

ਧੰਮੀਆਂ (ਸਵੇਰਾਂ) ਨਾਲ ਖਹਿਣਾ

ਸ਼ਿੰਗਾਰ ਜਿਵੇਂ

ਚੰਨ ਲੱਗੇ ਤਾਰਿਆਂ ਦਾ ਗਹਿਣਾ

ਇਹ ਲਿਖਤਾਂ ਤੇ ਤੇਰੀਆਂ ਸਿਫ਼ਤਾਂ ਦਾ,

ਅੱਖਰਾਂ ਵਿੱਚ ਵਹਿਣਾ

ਤੇ ਖ਼ਿਆਲਾਂ ਦਾ ਸੱਧਰਾਂ ਵਿੱਚ ਪੈਣਾ

ਕਵਿਤਾ ਜਿਵੇਂ,

ਕੁਦਰਤ ਦਾ ਕਲਮਾਂ ਨੂੰ ਕਹਿਣਾ

ਸਭ ਇੱਕ ਅੱਡਰੀ ਤੇ ਸੱਜਰੀ ਖ਼ੁਸ਼ੀ,

ਦੇ ਜੰਮਣ ਵਰਗਾ

ਨਵੇਕਲਾ ਤੇ ਨਰੋਆ

‘ਤਲਿਸਮੇ ਇਸ਼ਕ’ ਵਰਗਾ,

ਆਪਮੁਹਾਰਾ

Advertisement
Show comments