ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਇਕੋਤਰ ਸੌ ਅਖੰਡ ਪਾਠਾਂ ਨਾਲ ਜੈਤੋ ਮੋਰਚੇ ਦੀ ਸਮਾਪਤੀ

ਚੌਦਾਂ ਸਤੰਬਰ 1923 ਨੂੰ ਸ਼ੁਰੂ ਹੋਏ ਜੈਤੋ ਦੇ ਮੋਰਚੇ ਦਾ ਅੰਤ 21 ਜੁਲਾਈ 1924 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀਨਿਧਾਂ ਵੱਲੋਂ ਜੈਤੋ ਦੇ ਗੁਰਦੁਆਰਾ ਗੰਗਸਰ ਸਾਹਿਬ ਵਿੱਚ ਅਖੰਡ ਪਾਠ ਸ਼ੁਰੂ ਹੋਣ ਨਾਲ ਹੋਇਆ। ਮੋਰਚੇ ਦੇ...
Advertisement

ਚੌਦਾਂ ਸਤੰਬਰ 1923 ਨੂੰ ਸ਼ੁਰੂ ਹੋਏ ਜੈਤੋ ਦੇ ਮੋਰਚੇ ਦਾ ਅੰਤ 21 ਜੁਲਾਈ 1924 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀਨਿਧਾਂ ਵੱਲੋਂ ਜੈਤੋ ਦੇ ਗੁਰਦੁਆਰਾ ਗੰਗਸਰ ਸਾਹਿਬ ਵਿੱਚ ਅਖੰਡ ਪਾਠ ਸ਼ੁਰੂ ਹੋਣ ਨਾਲ ਹੋਇਆ। ਮੋਰਚੇ ਦੇ ਲਮਕ ਜਾਣ ਕਾਰਨ ਅਕਾਲੀ ਵੀ ਅੱਕੇ ਪਏ ਸਨ। ਉਧਰ ਪੰਜਾਬ ਸਰਕਾਰ ਵੀ ਮੋਰਚਾ ਖ਼ਤਮ ਹੋਇਆ ਵੇਖਣਾ ਚਾਹੁੰਦੀ ਸੀ ਪਰ ਉਹ ਮੋਰਚੇ ਨਾਲ ਇਸ ਨੀਤੀ ਅਨੁਸਾਰ ਨਿਪਟ ਰਹੀ ਸੀ ਕਿ ਇਸ ਦੇ ਅੰਤ ਦਾ ਨਤੀਜਾ ਅਕਾਲੀ ਜਥੇਬੰਦੀ ਨੂੰ ਸ਼ਕਤੀਹੀਣ ਕਰਨ ਦੇ ਰੂਪ ਵਿੱਚ ਨਿਕਲੇ। ਇਸ ਸੋਚ ਨੂੰ ਅਮਲ ਵਿੱਚ ਲਿਆਉਂਦਿਆਂ ਪੰਜਾਬ ਦੇ ਗਵਰਨਰ ਸਰ ਮੈਲਕਮ ਹੇਲੀ ਨੇ ਪੰਜਾਬ ਲੈਜਿਸਲੇਟਿਵ ਕੌਂਸਲ ਵੱਲੋਂ ਗੁਰਦੁਆਰਾ ਬਿੱਲ ਪਾਸ ਕੀਤੇ ਜਾਣ ਪਿੱਛੋਂ 9 ਜੁਲਾਈ 1925 ਨੂੰ ਕੌਂਸਲ ਵਿੱਚ ਬੋਲਦਿਆਂ ਜੈਤੋ ਵਿੱਚ ਇਕੋਤਰ ਸੌ ਅਖੰਡ ਪਾਠ ਕਰਨ ਵਾਸਤੇ ਨਾਭਾ ਰਿਆਸਤ ਦੇ ਪ੍ਰਸ਼ਾਸਕ ਵੱਲੋਂ ਦੱਸੀਆਂ ਸ਼ਰਤਾਂ ਦਾ ਇਉਂ ਬਿਆਨ ਕੀਤਾ:

ਨਾਭੇ ਦਾ ਪ੍ਰਸ਼ਾਸਕ ਯਾਤਰੂਆਂ ਨੂੰ ਗੁਰਦੁਆਰਾ ਗੰਗਸਰ ਵਿੱਚ ਪਾਠ-ਪੂਜਾ ਕਰਨ ਦੀ ਖੁੱਲ੍ਹ ਇਨ੍ਹਾਂ ਸ਼ਰਤਾਂ ਉੱਤੇ ਦੇਵੇਗਾ:

Advertisement

- ਕਿ ਉਹ ਰਿਆਸਤੀ ਇਲਾਕੇ ਵਿੱਚ ਠਹਿਰਾਅ ਦੌਰਾਨ ਸਿਆਸੀ ਦੀਵਾਨ ਲਾਉਣ ਜਾਂ ਸਿਆਸੀ ਪ੍ਰਚਾਰ ਕਰਨ ਤੋਂ ਪ੍ਰਹੇਜ਼ ਕਰਨਗੇ।

- ਕਿ ਉਹ ਆਪਣੀ ਰਿਹਾਇਸ਼ ਵਾਸਤੇ ਕੇਵਲ ਗੁਰਦੁਆਰੇ ਅਤੇ ਇਸ ਦੇ ਨੇੜੇ ਰਾਖਵੀਂ ਕੀਤੀ ਥਾਂ ਤੱਕ ਸੀਮਿਤ ਰਹਿਣਗੇ।

- ਕਿ ਉਹ ਆਪਣੀ ਯਾਤਰਾ ਦੌਰਾਨ ਆਤਮ-ਨਿਰਭਰ ਰਹਿਣਗੇ, ਜੈਤੋ ਮੰਡੀ ਦਾ ਖੇਤਰ ਉਨ੍ਹਾਂ ਦੀ ਰਿਹਾਇਸ਼ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇੇਗਾ।

- ਕਿ ਜਥੇ ਦੇ ਰੇਲ ਦੁਆਰਾ ਜਾਂ ਸੜਕ ਰਾਹੀਂ ਆਉਣ ਬਾਰੇ ਫ਼ੈਸਲਾ ਪ੍ਰਸ਼ਾਸਕ ਕਰੇਗਾ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਯਾਤਰੂਆਂ ਦੇ ਅਜਿਹੇ ਜਥੇ ਨਾਲ ਸੰਗਤ ਜਾਂ ਪੈਰੋਕਾਰ ਨਹੀਂ ਹੋਣਗੇ।

- ਕਿ ਪ੍ਰਸ਼ਾਸਕ ਨੂੰ ਇਸ ਬਾਰੇ ਢੁੱਕਵੇਂ ਇੰਤਜ਼ਾਮ ਕਰ ਸਕਣ ਦੇ ਯੋਗ ਬਣਾਉਣ ਵਾਸਤੇ ਜਥੇ ਦੇ ਜੈਤੋ ਪਹੁੰਚਣ ਦੀ ਅਗਾਊਂ ਸੂਚਨਾ ਦਿੱਤੀ ਜਾਵੇਗੀ।

ਇਸ ਐਲਾਨ ਨਾਲ ਜੈਤੋ ਮੋਰਚੇ ਨੂੰ ਸਮਾਪਤ ਕਰਨ ਦਾ ਰਾਹ ਖੁੱਲ੍ਹ ਗਿਆ ਅਤੇ ਜੇਲ੍ਹ ਤੋਂ ਬਾਹਰਲੇ ਅਕਾਲੀ ਆਗੂਆਂ ਨੇ ਇਸ ਅਨੁਸਾਰ ਕਾਰਵਾਈ ਕਰਨ ਵਿੱਚ ਪਲ ਨਹੀਂ ਗਵਾਇਆ। ਉਨ੍ਹਾਂ ਇਸ ਐਲਾਨ ਦੀ ਲੋਅ ਵਿੱਚ ਕਾਰਵਾਈ ਕਰਨ ਬਾਰੇ ਜੇਲ੍ਹ ਵਿੱਚ ਬੰਦ ਮੋਹਰੀ ਆਗੂਆਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਗੁਰਦੁਆਰਾ ਗੰਗਸਰ ਜੈਤੋ ਵਿੱਚ ਇਕੋਤਰ ਸੌ ਅਖੰਡ ਪਾਠ ਕਰਨ ਬਾਰੇ ਪ੍ਰਸ਼ਾਸਕ ਦੀਆਂ ਸ਼ਰਤਾਂ ਇਹ ਕਹਿ ਕੇ ਮੰਨਣ ਦਾ ਫ਼ੈਸਲਾ ਕੀਤਾ ਕਿ ਅਖੰਡ ਪਾਠਾਂ ਦੀ ਸੰਪੂਰਨਤਾ ਲਈ ਬਣਾਏ ਨਿਯਮ ਹਨ। ਪ੍ਰਤੀਤ ਇਹ ਹੁੰਦਾ ਹੈ ਕਿ ਵਿਚੋਲਿਆਂ ਰਾਹੀਂ ਅੰਦਰਖਾਤੇ ਇਹ ਫ਼ੈਸਲਾ ਸਰਕਾਰ ਤੱਕ ਪੁੱਜਦਾ ਕੀਤਾ ਗਿਆ। ਪੰਜਾਬ ਸਰਕਾਰ ਨੇ ਇਸ ਬਾਰੇ ਪ੍ਰਸ਼ਾਸਕ ਨੂੰ ਦੱਸਿਆ ਤਾਂ ਉਸ ਨੇ ਤੁਰੰਤ ਰਿਹਾਈਆਂ ਦੀ ਤਜਵੀਜ਼ ਬਣਾ ਲਈ। ਉਸ 16 ਜੁਲਾਈ 1925, ਜਦੋਂ ਅਜੇ ਸ਼੍ਰੋਮਣੀ ਕਮੇਟੀ ਨੇ ਸ਼ਰਤਾਂ ਮੰਨਣ ਬਾਰੇ ਆਪਣੀ ਸਹਿਮਤੀ ਨਹੀਂ ਸੀ ਦਿੱਤੀ, ਸ਼ਾਮ ਵੇਲੇ ਜੈਤੋ ਤੋਂ ਨਾਭੇ ਪਹੁੰਚ ਕੇ ਆਪਣੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਫਿਰ ਸਾਰੇ ਨਾਭਾ ਬੀੜ ਜੇਲ੍ਹ ਗਏ ਜਿੱਥੇ ਸ਼ਹੀਦੀ ਜਥੇ 1, 2, 7 ਅਤੇ 14 ਦੇ ਗ੍ਰਿਫ਼ਤਾਰ ਅਕਾਲੀਆਂ ਨੂੰ ਰੱਖਿਆ ਗਿਆ ਸੀ। ਉਨ੍ਹਾਂ ਜਥਿਆਂ ਨੂੰ ਰਿਹਾਈ ਦੀ ਸੂਚਨਾ ਦੇ ਕੇ ਉਨ੍ਹਾਂ ਨੂੰ ਚਲੇ ਜਾਣ ਵਾਸਤੇ ਆਖਿਆ ਪਰ ਅਕਾਲੀਆਂ ਨੇ ਕਿਹਾ ਕਿ ਜਿੰਨੀ ਦੇਰ ਨਾਭਾ ਕੇਂਦਰੀ ਜੇਲ੍ਹ ਵਿੱਚ ਬੰਦ ਉਨ੍ਹਾਂ ਦੇ ਜਥੇਦਾਰਾਂ ਨੂੰ ਨਹੀਂ ਛੱਡਿਆ ਜਾਂਦਾ ਉਹ ਵੀ ਜੇਲ੍ਹ ਵਿੱਚੋਂ ਨਹੀਂ ਜਾਣਗੇ। ਪ੍ਰਸ਼ਾਸਕ ਨੇ ਜੈਤੋ ਵਿੱਚ ਅਖੰਡ ਪਾਠ ਦੌਰਾਨ ਹੋ ਸਕਦੇ ਜਨ-ਸੈਲਾਬ ਨੂੰ ਜ਼ਬਤ ਵਿੱਚ ਰੱਖਣ ਵਾਸਤੇ 17 ਜੁਲਾਈ ਨੂੰ ਹੀ ਫ਼ੌਜੀ ਪਲਟਨਾਂ ਅਤੇ ਉਨ੍ਹਾਂ ਦੇ ਆਰਜ਼ੀ ਕੈਂਪ ਵਾਸਤੇ ਲੋੜੀਂਦਾ ਸਾਜ਼ੋ ਸਾਮਾਨ ਜੈਤੋ ਨੂੰ ਭੇਜਣਾ ਸ਼ੁਰੂ ਕਰ ਦਿੱਤਾ।

ਅਕਾਲੀਆਂ ਦੇ ਇੱਕ ਹਿੱਸੇ ਦਾ ਕਹਿਣਾ ਸੀ ਕਿ ‘‘ਉਤਨਾ ਚਿਰ ਅਖੰਡ ਪਾਠ ਜਾਰੀ ਨਾ ਕੀਤਾ ਜਾਵੇ ਜਦ ਤੱਕ ਕਿ ਪੈਹਲਾ ਸ਼ਹੀਦੀ ਜਥਾ ਜਿਸ ਪੁਰ ਕਿ ਗੋਲੀ ਚਲੀ ਸੀ ਬਾਹਰ ਨ ਆ ਜਾਵੇ।’’ ਪਰ ਨਗਾਰਖਾਨੇ ਵਿੱਚ ਤੂਤੀ ਦੀ ਕਿਸੇ ਨਾ ਸੁਣੀ। ਪੰਜਾਬ ਕੌਂਸਲ ਦੇ ਚਾਰ ਮੈਂਬਰ ਜੋਧ ਸਿੰਘ, ਤਾਰਾ ਸਿੰਘ, ਨਰਾਇਣ ਸਿੰਘ ਅਤੇ ਗੁਰਬਖਸ਼ ਸਿੰਘ ਗੁਰਦੁਆਰਾ ਗੰਗਸਰ ਜੈਤੋ ਵਿੱਚ ਇਕੋਤਰ ਸੌ ਅਖੰਡ ਪਾਠ ਕਰਨ ਦੀ ਪ੍ਰਵਾਨਗੀ ਲੈਣ ਵਾਸਤੇ 19 ਜੁਲਾਈ ਨੂੰ ਜੈਤੋ ਜਾ ਕੇ ਪ੍ਰਸ਼ਾਸਕ ਵਿਲਸਨ ਜਾਹਨਸਟਨ ਨੂੰ ਮਿਲੇ ਅਤੇ ਉਸ ਵੱਲੋਂ ਰੱਖੀਆਂ ਸ਼ਰਤਾਂ ਮੰਨਣ ਬਾਰੇ ਸਹਿਮਤੀ ਦਿੱਤੀ। 21 ਜੁਲਾਈ ਤੋਂ ਅਖੰਡ ਪਾਠ ਸ਼ੁਰੂ ਕਰਨ ਦਾ ਫ਼ੈਸਲਾ ਹੋਇਆ ਤਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮਨੋਰਥ ਦਾ ਸਾਂਝਾ ਇਸ਼ਤਿਹਾਰ ਛਾਪਿਆ ਗਿਆ। ਇਸ ਇਸ਼ਤਿਹਾਰ ਦਾ ਸਿਰਲੇਖ ਸੀ, ‘‘ਗੁਰੂ ਪੰਥ ਦੀ ਸ਼ਾਨਦਾਰ ਫਤਹ’’

ਇੱਕੀ ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿੰਮੇਵਾਰ ਨੁਮਾਇੰਦੇ ਅੰਮ੍ਰਿਤਸਰ ਤੋਂ ਸਵੇਰ ਦੀ ਗੱਡੀ ਜੈਤੋ ਲਈ ਰਵਾਨਾ ਹੋਏ। ਰਸਤੇ ਵਿੱਚ ਸੋਲ੍ਹਵੇਂ ਸ਼ਹੀਦੀ ਜਥੇ ਦਾ ਇੱਕ ਹਿੱਸਾ ਅਤੇ ਨਾਭਾ ਜੇਲ੍ਹ ਤੋਂ ਰਿਹਾਅ ਹੋਇਆ ਕੈਨੇਡੀਅਨ ਸ਼ਹੀਦੀ ਜਥਾ ਵੀ ਉਨ੍ਹਾਂ ਨਾਲ ਰਲ ਗਿਆ। ਜੈਤੋ ਰੇਲਵੇ ਸਟੇਸ਼ਨ ਉੱਤੇ ਕੌਂਸਲ ਦੇ ਮੈਂਬਰਾਂ ਅਤੇ ਹੋਰ ਪਤਵੰਤਿਆਂ ਨੇ ਇਨ੍ਹਾਂ ਦਾ ਸਵਾਗਤ ਕੀਤਾ ਅਤੇ ਸਾਰੇ ਚਾਰ ਚਾਰ ਦੀਆਂ ਪੰਕਤੀਆਂ ਵਿੱਚ ਜਲੂਸ ਦੇ ਰੂਪ ’ਚ ਗੁਰਦੁਆਰਾ ਗੰਗਸਰ ਸਾਹਿਬ ਨੂੰ ਟੁਰੇ। ਜਲੂਸ ਦੀ ਅਗਵਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਕਰ ਰਹੇ ਸਨ, ਉਨ੍ਹਾਂ ਦੇ ਪਿੱਛੇ ਬੈਂਡ ਵਾਜਾ, ਨਿਸ਼ਾਨ ਸਾਹਿਬ ਅਤੇ ਨੰਗੀਆਂ ਕ੍ਰਿਪਾਨਾਂ ਲੈ ਕੇ ਪੰਜ ਪਿਆਰੇ ਚੱਲ ਰਹੇ ਸਨ। ਫਿਰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਸੀ, ਪਿੱਛੇ ਕੈਨੇਡੀਅਨ ਸ਼ਹੀਦੀ ਜਥਾ ਅਤੇ ਸੋਲ੍ਹਵੇਂ ਸ਼ਹੀਦੀ ਜਥੇ ਦੇ ਸਿੰਘ। ਆਮ ਸੰਗਤ ਉਨ੍ਹਾਂ ਦੇ ਪਿੱਛੇ ਪਿੱਛੇ ਚੱਲ ਰਹੀ ਸੀ। ਸ਼ਹੀਦੀ ਜਥਿਆਂ ਦੇ ਮੈਂਬਰਾਂ ਨੇ ਆਪਣੇ ਨਿਵੇਕਲੇ ਬਸਤਰ ਪਹਿਨੇ ਹੋਏ ਸਨ। ਅਖੰਡ ਪਾਠਾਂ ਦੀ ਆਰੰਭਤਾ ਸਮੇਂ ਦਾ ਵਾਕ ਭਗਤ ਰਵਿਦਾਸ ਜੀ ਦੀ ਬਾਣੀ ਵਿੱਚੋਂ ਸੀ, ‘‘ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂ ਹੀ ਮੈ ਨਾਹੀ’’ ਸ਼ਾਮ ਵੇਲੇ ਠੀਕ ਸਾਢੇ ਛੇ ਵਜੇ ਤਿੰਨ ਅਖੰਡ ਪਾਠ ਆਰੰਭ ਹੋਏ।

ਤੇਈ ਜੁਲਾਈ ਨੂੰ ਤਿੰਨ ਅਖੰਡ ਪਾਠਾਂ ਦੇ ਭੋਗ ਪਏ ਤਾਂ ਹੋਰ ਗਰੰਥੀ ਆ ਜਾਣ ਕਾਰਨ ਅਖੰਡ ਪਾਠਾਂ ਦੀ ਗਿਣਤੀ ਵਧਾ ਦਿੱਤੀ ਗਈ। ਜਿਉਂ ਜਿਉਂ ਅਖੰਡ ਪਾਠ ਜਾਰੀ ਹੋਣ ਦੀ ਸੂਚਨਾ ਫੈਲਦੀ ਗਈ, ਸੰਗਤ ਗੰਗਸਰ ਗੁਰਦੁਆਰੇ ਵੱਲ ਧਾਈਆਂ ਘੱਤਣ ਲੱਗੀ। ਉੱਤੋਂ ਬਾਰਸ਼ ਸ਼ੁਰੂ ਹੋ ਗਈ ਪਰ ਸੰਗਤ ਦਾ ਉਤਸ਼ਾਹ ਮੱਠਾ ਨਹੀਂ ਪਿਆ।

ਅਖੰਡ ਪਾਠ ਆਰੰਭ ਹੋ ਚੁੱਕੇ ਸਨ ਪਰ ਨਾਭੇ ਦੀ ਬੀੜ ਜੇਲ੍ਹ ਵਿੱਚ ਅਕਾਲੀ ਅਜੇ ਵੀ ਬੰਦ ਸਨ। ਉਨ੍ਹਾਂ ਦੀ ਮੰਗ ਸੀ ਕਿ ਪਹਿਲਾਂ ਨਾਭਾ ਕੇਂਦਰੀ ਜੇਲ੍ਹ ਵਿੱਚ ਬੰਦੀ ਬਣਾਏ ਉਨ੍ਹਾਂ ਦੇ ਆਗੂਆਂ ਨੂੰ ਰਿਹਾਅ ਕੀਤਾ ਜਾਵੇ। ਰਿਆਸਤੀ ਅਹਿਲਕਾਰਾਂ ਨੇ ਉਨ੍ਹਾਂ ਨੂੰ ਜਥੇਦਾਰਾਂ ਦੀ ਰਿਹਾਈ ਬਾਰੇ ਵਾਰ ਵਾਰ ਭਰੋਸਾ ਦਿਵਾਇਆ ਪਰ ਉਹ ਨਹੀਂ ਸਨ ਮੰਨੇ। ਸਤਾਈ ਜੁਲਾਈ ਨੂੰ ਜੈਤੋ ਤੋਂ ਭਾਈ ਭਗਤ ਸਿੰਘ ‘ਪ੍ਰਦੇਸੀ’ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਭਾਈ ਸੋਹਨ ਸਿੰਘ, ਸਰਦਾਰ ਅਮਰ ਸਿੰਘ, ਸਰਦਾਰ ਦਿਆਲ ਸਿੰਘ ਅਟਾਰੀ, ਸਰਦਾਰ ਦਿਆਲ ਸਿੰਘ ਪਟਵਾਰੀ ਅਤੇ ਭਾਈ ਹਰਦਿੱਤ ਸਿੰਘ ਨੂੰ ਨਾਲ ਲੈ ਕੇ ਨਾਭੇ ਗਏ। ਭਾਈ ਭਗਤ ਸਿੰਘ ਨੇ ਬੰਦੀ ਅਕਾਲੀਆਂ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਵਜੋਂ ਜੈਤੋ ਮੋਰਚੇ ਦੀ ਫਤਿਹ ਅਤੇ ਸਾਰੇ ਬੰਦੀਆਂ ਦੀ ਰਿਹਾਈ ਬਾਰੇ ਯਕੀਨ ਦਿਵਾਇਆ ਤਾਂ ਉਨ੍ਹਾਂ ਨੇ ਜੇਲ੍ਹ ਤੋਂ ਬਾਹਰ ਜਾਣਾ ਪ੍ਰਵਾਨ ਕੀਤਾ।

ਪਹਿਲੇ ਸ਼ਹੀਦੀ ਜਥੇ ਦਾ ਜਥੇਦਾਰ ਭਾਈ ਊਧਮ ਸਿੰਘ ਵਰਪਾਲ ਅਕਾਲ ਤਖਤ ਦੇ ਜਥੇਦਾਰ, ਜੋ ਨਾਭਾ ਬੀੜ ਜੇਲ੍ਹ ਵਿੱਚ ਬੰਦੀ ਅਕਾਲੀਆਂ ਨੂੰ ਜਿੱਤ ਦਾ ਭਰੋਸਾ ਦੇਣ ਗਿਆ, ਦਾ ਨਾਂ ਭਾਈ ਦੀਦਾਰ ਸਿੰਘ ਭਸੀਣ ਦੱਸਦਾ ਹੈ। ਜਥੇਦਾਰ ਵਰਪਾਲ ਅਨੁਸਾਰ ਬੰਦੀ ਅਕਾਲੀਆਂ ਦੇ ਅੜੀਅਲ ਰੁਖ਼ ਨੂੰ ਵੇਖਦਿਆਂ ਭਾਈ ਦੀਦਾਰ ਸਿੰਘ ਭਸੀਣ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਅਕਾਲੀ ਕੈਦੀਆਂ ਨੂੰ ਕਿਹਾ ਕਿ ਤੁਸੀਂ ਅਕਾਲ ਤਖਤ ਦੇ ਹੁਕਮ ਨਾਲ ਮੋਰਚੇ ਵਿੱਚ ਸ਼ਾਮਲ ਹੋਏ ਸੀ, ਹੁਣ ਮੈਂ ਅਕਾਲ ਤਖਤ ਦਾ ਜਥੇਦਾਰ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਤੁਸੀਂ ਰਿਹਾਅ ਹੋ ਜਾਓ। ਇਹ ਵੀ ਭਰੋਸਾ ਦਿੱਤਾ ਗਿਆ ਕਿ ਸੈਂਟਰਲ ਜੇਲ੍ਹ ਵਿੱਚ ਬੰਦ ਆਗੂ ਤੁਹਾਨੂੰ ਜੈਤੋ ਮਿਲ ਜਾਣਗੇ। ਇਸ ਤਰ੍ਹਾਂ ਉਨ੍ਹਾਂ ਨੇ ਜੇਲ੍ਹ ਤੋਂ ਬਾਹਰ ਆਉਣਾ ਮੰਨਿਆ।

ਉਸ ਵੇਲੇ 3795 ਅਕਾਲੀ ਨਾਭਾ ਬੀੜ ਜੇਲ੍ਹ ਵਿੱਚ ਬੰਦ ਸਨ। ਉਨ੍ਹਾਂ ਨੂੰ ਜੈਤੋ ਪਹੁੰਚਾਉਣ ਲਈ ਸਰਕਾਰ ਨੇ ਚਾਰ ਦਿਨ ਨਾਭੇ ਤੋਂ ਜੈਤੋ ਵਾਸਤੇ ਸਪੈਸ਼ਲ ਰੇਲ ਗੱਡੀ ਚਲਾਉਣ ਦਾ ਇੰਤਜ਼ਾਮ ਕੀਤਾ। ਸਤਾਈ ਜੁਲਾਈ ਨੂੰ ਪਹਿਲੇ ਅਤੇ ਦੂਜੇ ਸ਼ਹੀਦੀ ਜਥੇ ਦੇ ਲਗਭਗ 900 ਅਕਾਲੀ ਜੈਤੋ ਪੁੱਜੇ। ਅਠਾਈ ਜੁਲਾਈ ਨੂੰ ਸ਼ਹੀਦੀ ਜਥਾ 7 ਅਤੇ 14 ਦੇ ਬੰਦੀ ਸਿੰਘ ਜੈਤੋ ਗਏ। ਸ਼ਹੀਦੀ ਜਥਿਆਂ ਦੇ ਟੁੱਟਵੇਂ ਅਤੇ ਸ਼ਹੀਦੀ ਜਥਿਆਂ ਤੋਂ ਬਾਹਰਲੇ ਸਿੰਘਾਂ ਨੂੰ 29 ਅਤੇ 30 ਜੁਲਾਈ ਨੂੰ ਜੈਤੋ ਲਿਜਾਇਆ ਗਿਆ।

ਫ਼ੈਸਲਾ ਹੋਇਆ ਕਿ ਜੈਤੋ ਦੇ ਮੋਰਚੇ ਵਿੱਚ ਭਾਗ ਲੈਣ ਵਾਲੇ ਸਾਰੇ ਅਕਾਲੀ ਅਖੰਡ ਪਾਠ ਦੀ ਸਮਾਪਤੀ ਪਿੱਛੋਂ ਤਰਨ ਤਾਰਨ ਇਕੱਠੇ ਹੋ ਕੇ 9 ਅਗਸਤ ਨੂੰ ਜਲੂਸ ਦੇ ਰੂਪ ਵਿੱਚ ਅੰਮ੍ਰਿਤਸਰ ਪੁੱਜਣਗੇ। ਜੈਤੋ ਪੁੱਜ ਰਹੀਆਂ ਨਵੀਆਂ ਸੰਗਤਾਂ ਦੀ ਸਹੂਲਤ ਲਈ ਪਹਿਲੇ ਸ਼ਹੀਦੀ ਜਥੇ ਦੇ ਸਿੰਘਾਂ ਨੂੰ 29 ਜੁਲਾਈ ਨੂੰ ਅਤੇ ਪੰਜਵੇਂ, ਸੱਤਵੇਂ ਅਤੇ ਚੌਦ੍ਹਵੇਂ ਸ਼ਹੀਦੀ ਜਥੇ ਦੇ ਸਿੰਘਾਂ ਨੂੰ 30 ਜੁਲਾਈ ਨੂੰ ਰੇਲ ਗੱਡੀ ਉੱਤੇ ਤਰਨ ਤਾਰਨ ਲਈ ਰਵਾਨਾ ਕਰ ਦਿੱਤਾ ਗਿਆ।

29 ਜੁਲਾਈ ਤੱਕ ਚਾਰ ਗੇੜਾਂ ਵਿੱਚ 29 ਅਖੰਡ ਪਾਠ ਸੰਪੂਰਨ ਹੋ ਚੁੱਕੇ ਸਨ, ਇਕੋਤਰ ਸੌ ਅਖੰਡ ਪਾਠਾਂ ਦੀ ਸਮਾਪਤੀ 6 ਅਗਸਤ ਨੂੰ ਕਰਨ ਦੀ ਮਨਸ਼ਾ ਨਾਲ ਇਸ ਦਿਨ ਤੋਂ ਅਖੰਡ ਪਾਠਾਂ ਦੀ ਗਿਣਤੀ 18 ਕੀਤੀ ਗਈ ਅਤੇ 31 ਜੁਲਾਈ, 2 ਅਗਸਤ, 4 ਅਗਸਤ ਨੂੰ ਹਰ ਵਾਰ 18 ਅਖੰਡ ਪਾਠ ਸੰਪੂਰਨ ਕਰਕੇ 6 ਅਗਸਤ ਤੱਕ ਇਕੋਤਰ ਸੌ ਅਖੰਡ ਪਾਠਾਂ ਦੀ ਗਿਣਤੀ ਪੂਰੀ ਕਰਨ ਦੀ ਵਿਉਂਤ ਬਣਾਈ ਗਈ।

ਛੇ ਅਗਸਤ ਨੂੰ ਇਕੋਤਰ ਸੌ ਅਖੰਡ ਪਾਠਾਂ ਦੀ ਸਮਾਪਤੀ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਗਤ ਦੇ ਨਾਂ ਐਲਾਨ ਨੰਬਰ 2124 ਜਾਰੀ ਕੀਤਾ। ਐਲਾਨ ਦਾ ਆਰੰਭ ਇਨ੍ਹਾਂ ਕਾਵਿ ਪੰਕਤੀਆਂ ਨਾਲ ਹੁੰਦਾ ਸੀ:

ਦੂਧ ਚਾਹੇ, ਪੂੱਤ ਚਾਹੇ, ਰਾਜ ਬਾਜ ਸੂਤ ਚਾਹੇ,

ਭਲੀ ਕਰਤੂਤ ਚਾਹੇ, ਹਰਿਓ ਚਾਹੇ ਸੋਗ ਕੋ।

ਗਿਯਾਨ ਧਿਯਾਨ ਮੋਖ ਚਾਹੇ, ਸਤ ਸੰਤੋਖ ਚਾਹੇ,

ਕਟਿਓ ਕਾਮ ਰੋਗ ਚਾਹੇ, ਸਾਧੂ ਚਾਹੇ ਜੋਗ ਕੋ।

ਧਨ ਕੀ ਬਿਰਧਾਨ ਚਾਹੇ, ਆਗਯਾ ਮੇਂ ਜਹਾਨ ਚਾਹੇ,

ਭਲੀ ਸੰਤਾਨ ਚਾਹੇ, ਆਰਜ ਅਰੋਗ ਕੋ।

ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵਨਾ ਭਗਤ ਸੋਈ,

ਸਾਰੋ ਜੁ ਨ ਸੁਨਯੋ ਜਾਏ ਆਨ ਸੁਨੇ ਭੋਗ ਕੋ।

ਐਲਾਨ ’ਚ ਜੈਤੋ ਦੇ ਮੋਰਚੇ ਦਾ ਪਿਛੋਕੜ ਅਤੇ ਇਸ ਦੇ ਫਤਿਹ ਹੋਣ ਉਪਰੰਤ ਇਕੋਤਰ ਸੌ ਅਖੰਡ ਪਾਠਾਂ ਦੇ ਭੋਗ ਪਾਉਣ ਦਾ ਹਵਾਲਾ ਦੇ ਕੇ ਸਿੱਖ ਸੰਗਤ ਨੂੰ ਸੱਦਾ ਦਿੱਤਾ ਗਿਆ ਸੀ ਕਿ ਥਾਓਂ ਥਾਈਂ 6 ਅਗਸਤ ਮੁਤਾਬਕ ‘22 ਸਾਵਨ ਸੰਮਤ 1982 ਨੂੰ ਸਵੇਰ ਦੇ ਅੱਠ ਬਜੇ ਅਖੰਡ ਪਾਠ ਦੇ ਭੋਗ ਪਾਣ ਮਗਰੋਂ’ ਜਥੇਬੰਦੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਜਾਵੇ। ਅਰਦਾਸ ਵਿੱਚ ‘‘ਹੇ ਅਕਾਲ ਪੁਰਖ! ਮਹਾਰਾਜਾ ਸਾਹਿਬ ਨਾਭਾ ਦੀ ਬਿਪਤਾ ਵਿਚ ਸਹਾਈ ਹੋਵੋ ਅਤੇ ਹੋਈ ਬੇਇਨਸਾਫੀ ਦੂਰ ਕਰੋ’’ ਵਾਕ ਸ਼ਾਮਲ ਕਰਨ ਵਾਸਤੇ ਕਿਹਾ ਗਿਆ।

ਇਸ ਦੇ ਨਾਲ ਇਹ ਸੁਝਾਅ ਵੀ ਦਿੱਤਾ ਗਿਆ ਕਿ ‘‘ਫਿਰ ਇੱਕ ਘੰਟਾ ਸ੍ਰੀ ਗੰਗਸਰ ਜੈਤੋ ਦੇ ਸਮਾਚਾਰ ਸ਼ੁਰੂ ਤੋਂ ਅੰਤ ਤੱਕ ਦੱਸੇ ਜਾਣ’’ ਅਤੇ ‘‘ਸ਼ਾਮ ਨੂੰ 6 ਤੋਂ 8 ਬਜੇ ਤੀਕ ਵੱਡੇ ਸ਼ਹਿਰਾਂ ਵਿੱਚ ਜਲੂਸ ਕੱਢੇ ਜਾਣ ਅਤੇ ਸ਼ਾਮ ਨੂੰ ਸ਼ਹਿਰਾਂ ਅਤੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਦੀਪਮਾਲਾ ਕੀਤੀ ਜਾਵੇ।’’

ਬਣਾਈ ਵਿਉਂਤ ਅਨੁਸਾਰ ਕਾਰਵਾਈ ਕਰਨ ਨਾਲ 6 ਅਗਸਤ 1925 ਨੂੰ ਸਵੇਰੇ ਸਵਾ ਸੱਤ ਵਜੇ ਅਠਾਰਾਂ ਅਖੰਡ ਪਾਠਾਂ ਦੇ ਭੋਗ ਪੈਣ ਨਾਲ ਇਕੋਤਰ ਸੌ ਅਖੰਡ ਪਾਠਾਂ ਦੀ ਲੜੀ ਸੰਪੂਰਨ ਹੋ ਗਈ। ਇਸ ਦੇ ਨਾਲ ਹੀ ਜੈਤੋ ਮੋਰਚੇ ਦੀ ਘਟਨਾਵਲੀ ਦਾ ਅੰਤ ਹੋ ਗਿਆ।

ਸੰਪਰਕ: 94170-49417

Advertisement