ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜੀਕਣ, ਕੀਕਣ...

ਪਿਛਲੇ ਦਿਨੀਂ ਇੱਕ ਸਮਾਗਮ ਵਿੱਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੇਰੀ ਸੀ। ਨਵ-ਨਿਯੁਕਤ ਲੈਕਚਰਾਰਾਂ ਅਤੇ ਹੋਰ ਮੁੰਡੇ-ਕੁੜੀਆਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਦੇਣੇ ਸਨ। ਸਮਾਗਮ ਦੀ ਸਮਾਪਤੀ ਮਗਰੋਂ ਇੱਕ ਮਹਿਲਾ ਮੇਰੇ ਕੋਲ ਆਈ ਅਤੇ ਕਹਿੰਦੀ, ‘‘ਤੁਹਾਡੀ ਬੋਲੀ ਕਿੰਨੀ ਮਿੱਠੀ ਹੈ...
Advertisement

ਪਿਛਲੇ ਦਿਨੀਂ ਇੱਕ ਸਮਾਗਮ ਵਿੱਚ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮੇਰੀ ਸੀ। ਨਵ-ਨਿਯੁਕਤ ਲੈਕਚਰਾਰਾਂ ਅਤੇ ਹੋਰ ਮੁੰਡੇ-ਕੁੜੀਆਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਦੇਣੇ ਸਨ। ਸਮਾਗਮ ਦੀ ਸਮਾਪਤੀ ਮਗਰੋਂ ਇੱਕ ਮਹਿਲਾ ਮੇਰੇ ਕੋਲ ਆਈ ਅਤੇ ਕਹਿੰਦੀ, ‘‘ਤੁਹਾਡੀ ਬੋਲੀ ਕਿੰਨੀ ਮਿੱਠੀ ਹੈ ਅਤੇ ਸ਼ਬਦਾਂ ਦੀ ਰਵਾਨੀ ਤੇ ਬੋਲਣ ਦਾ ਤਰੀਕਾ ਵੀ ਕਮਾਲ ਸੀ।’’ ਮੈਂ ਕਿਹਾ, ‘‘ਜੀਕਣ ਤੁਸੀਂ ਪੰਜਾਬੀ ਬੋਲਦੇ ਹੋ, ਮੈਂ ਵੀ ਤਾਂ ਓਦਾਂ ਹੀ ਬੋਲ ਰਿਹਾ ਸੀ।’’ ਹੱਸ ਕੇ ਕਹਿੰਦੀ, ‘‘ਆਹ ਜੀਕਣ ਦੀ ਹੀ ਤਾਂ ਮਿਠਾਸ ਸੀ।’’ ਮੈਂ ਸ਼ੁਕਰੀਆ ਆਖ ਕੇ ਹੱਸ ਪਿਆ। ਹਾਲਾਂਕਿ ਮੈਂ ਉਨ੍ਹਾਂ ਨੂੰ ਪੁੱਛਿਆ ਨਹੀਂ ਪਰ ਬੋਲਣ ਦੇ ਲਹਿਜੇ ਤੋਂ ਉਹ ਅਬੋਹਰ-ਫਾਜ਼ਿਲਕਾ ਵੱਲ ਦੇ ਲੱਗਦੇ ਸਨ।

ਅਸਲ ਵਿੱਚ ਮੇਰੀ ਭਾਸ਼ਾ ਵਿੱਚ ਜੀਕਣ (ਜਿਵੇਂ), ਕੀਕਣ (ਕਿਵੇਂ, ਕਿਸ ਤਰ੍ਹਾਂ), ਏਕਣੇ (ਇਸੇ ਤਰ੍ਹਾਂ) ਅਤੇ ਅਜਿਹੇ ਹੋਰ ਇਲਾਕਾਈ ਸ਼ਬਦਾਂ ਦੀ ਭਰਮਾਰ ਹੈ। ਇਹ ਸ਼ਬਦ ਮੈਂ ਕਦੇ ਮਿੱਥ ਕੇ ਨਹੀਂ ਬੋਲਦਾ ਅਤੇ ਮੈਨੂੰ ਇਹ ਵੀ ਨਹੀਂ ਪਤਾ ਕਿ ਅਜਿਹੇ ਸ਼ਬਦ ਮੇਰੀ ਬੋਲਬਾਣੀ ਵਿੱਚ ਕਦੋਂ ਅਤੇ ਕਿਵੇਂ ਸ਼ਾਮਿਲ ਹੋ ਗਏ। ਹੁਣ ਤਾਂ ਸੋਸ਼ਲ ਮੀਡੀਆ ਦੀ ਬਦੌਲਤ ਵੱਖ-ਵੱਖ ਇਲਾਕਿਆਂ ਦੀ ਭਾਸ਼ਾ ਅਸੀਂ ਫੇਸਬੁੱਕ, ਯੂਟਿਊਬ ਅਤੇ ਇੰਸਟਾਗ੍ਰਾਮ ਉੱਤੇ ਆਮ ਹੀ ਸੁਣਦੇ ਰਹਿੰਦੇ ਹਾਂ ਪਰ ਕੁਝ ਸਾਲ ਪਹਿਲਾਂ ਤੱਕ ਮਿਲ ਕੇ ਹੀ ਪਤਾ ਲੱਗਦਾ ਸੀ ਕਿ ਬੋਲਣ ਵਾਲਾ ਕਿਹੜੇ ਇਲਾਕੇ ਦਾ ਹੈ। ਹਰੇਕ ਇਲਾਕੇ ਦੀ ਭਾਸ਼ਾ ਉੱਥੋਂ ਦੇ ਲੋਕਾਂ ਦੀ ਪੱਕੀ ਪਛਾਣ ਹੈ।

Advertisement

ਸਾਲ 2003 ਵਿੱਚ ਜਦੋਂ ਮੈਂ ਜਲੰਧਰ ਪੱਤਰਕਾਰੀ ਦੀ ਮਾਸਟਰਜ਼ ਡਿਗਰੀ ਕਰਦਾ ਸੀ ਤਾਂ ਨਾਲ-ਨਾਲ ਆਲ ਇੰਡੀਆ ਰੇਡੀਓ ਉੱਤੇ ‘ਯੁਵਾਵਾਣੀ’ ਨਾਂ ਦੇ ਇੱਕ ਸ਼ੋਅ ਦੀ ਐਂਕਰਿੰਗ ਕਰਿਆ ਕਰਦਾ ਸੀ। ਦੂਜੀ ਤੀਜੀ ਵਾਰ ਵਿੱਚ ਹੀ ਰੇਡੀਓ ਦਾ ਇੱਕ ਸੀਨੀਅਰ ਅਨਾਊਂਸਰ ਕਹਿੰਦਾ, ‘‘ਜਵਾਨਾ, ਲੁਧਿਆਣੇ ਵੱਲ ਦਾ ਲੱਗਦਾ ਏਂ।’’ ਮੈਂ ਕਿਹਾ, ‘‘ਹਾਂ ਜੀ ਖੰਨੇ ਤੋਂ ਹਾਂ ਪਰ ਤੁਹਾਨੂੰ ਕੀਕਣ ਪਤਾ ਲੱਗਾ?’’ ਕਹਿੰਦਾ, ‘‘ਬਸ ਆਹ ਕੀਕਣ ਤੋਂ ਹੀ ਪਤਾ ਲੱਗਾ ਏ।’’ ਮੈਂ ਆਪਣੀ ਪੜ੍ਹਾਈ ਖੰਨਾ, ਜਲੰਧਰ ਅਤੇ ਚੰਡੀਗੜ੍ਹ ਤੋਂ ਕੀਤੀ ਹੋਈ ਹੈ ਅਤੇ ਇਸ ਦੌਰਾਨ ਮਾਨਸਾ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਨੂੰ ਛੱਡ ਕੇ ਬਾਕੀ ਤਕਰੀਬਨ ਸਾਰੇ ਜ਼ਿਲ੍ਹਿਆਂ ਦੇ ਮੁੰਡੇ, ਕੁੜੀਆਂ ਮੇਰੇ ਸਹਿਪਾਠੀ ਜਾਂ ਸੀਨੀਅਰ-ਜੂਨੀਅਰ ਰਹੇ ਹਨ।

ਉਨ੍ਹਾਂ ਦਿਨਾਂ ਵਿੱਚ ਮਾਝੇ ਤੇ ਦੋਆਬੇ ਦੇ ਲੋਕਾਂ ਨਾਲ ਪਹਿਲੀ ਵਾਰ ਵਾਹ ਪਿਆ ਸੀ। ਮੈਨੂੰ ਉਨ੍ਹਾਂ ਦੇ ‘ਕੀ ਕਰਨ ਡਿਹਾ’ ਵਰਗੇ ਸ਼ਬਦ ਓਪਰੇ ਲੱਗਦੇ ਤੇ ਉਨ੍ਹਾਂ ਨੂੰ ਮੇਰੇ ‘ਕਿੱਥੇ ਗਿਆ ਤੀ’ ਕਹਿਣ ਉੱਤੇ ਹਾਸਾ ਆ ਜਾਣਾ। ਇੱਕ ਵਾਰ ਕਿਸੇ ਗੱਲ ਦੌਰਾਨ ਮੇਰੇ ਸਹਿਪਾਠੀ ਨੇ ਕਿਹਾ ਕਿ ਕੱਲ੍ਹ ਉਹਦੇ ਘਰ ਦੇ ਵਾਂਢੇ (ਗੁਆਂਢੀ ਪਿੰਡ) ਗਏ ਹੋਏ ਸੀ ਤੇ ਇਹ ਸ਼ਬਦ ਪਹਿਲੀ ਵਾਰ ਸੁਣੇ ਹੋਣ ਕਰਕੇ ਮੇਰੇ ਸਮਝ ਨਾ ਪਿਆ। ਇਸੇ ਤਰ੍ਹਾਂ ਮੈਂ ਆਪਣੇ ਤਰਨ ਤਾਰਨ-ਅੰਮ੍ਰਿਤਸਰ ਵੱਲ ਦੇ ਦੋਸਤਾਂ ਨੂੰ ਦੱਸ ਰਿਹਾ ਸੀ ਕਿ ਬੱਸ ਦੀ ਗੱਭਲੀ (ਵਿਚਕਾਰਲੀ) ਸੀਟ ਉੱਤੇ ਬੈਠ ਕੇ ਲੰਮਾ ਸਫ਼ਰ ਕਰਨਾ ਮੈਨੂੰ ਔਖਾ ਲੱਗਦਾ ਹੈ ਤਾਂ ਉਹ ਕਹਿਣ ਕਿ ਇਹ ਕਿਹੜੀ ਨਵੀਂ ਸੀਟ ਲੱਗ ਗਈ ਬੱਸ ਵਿੱਚ? ਓਧਰ ਵਾਲਿਆਂ ਲਈ ਇਹ ਨਵਾਂ ਸ਼ਬਦ ਸੀ ਜਦੋਂਕਿ ਉਨ੍ਹਾਂ ਵੱਲੋਂ ਵਰਤੇ ਜਾਂਦੇ ਕਈ ਸ਼ਬਦ ਮੇਰੇ ਲਈ ਨਵੇਂ ਹੁੰਦੇ ਸਨ। ਉਹ ਗੰਨੇ ਦੇ ਰਸ ਨੂੰ ਰੌਹ ਦੱਸਦੇ, ਗਲੇਡੂ (ਅੱਥਰੂ), ਤ੍ਰਿਕਾਲਾਂ/ਸਵੱਖਤੇ (ਸਵੇਰੇ), ਕੀ ਕਰਦੇ ਜੇ, ਤੁਹੀਂ (ਤੁਸੀਂ) ਵਰਗੇ ਸ਼ਬਦ ਉਦੋਂ ਨਵੇਂ-ਨਵੇਂ ਜਿਹੇ ਲੱਗਦੇ ਹੁੰਦੇ ਸੀ।

ਸਾਲ 2007 ਵਿੱਚ ਮੈਂ ਦਿੱਲੀ-ਨੋਇਡਾ ਇੱਕ ਨਿੱਜੀ ਟੀਵੀ ਚੈਨਲ ਵਿੱਚ ਨੌਕਰੀ ਕਰਨ ਲਈ ਗਿਆ ਤਾਂ ਜਿਸ ਫਲੈਟ ਵਿੱਚ ਮੈਂ ਰਹਿੰਦਾ ਸਾਂ ਉੱਥੇ ਰਾਜਪੁਰੇ ਦਾ ਵੀ ਮੇਰਾ ਇੱਕ ਫਲੈਟਮੇਟ ਸੀ। ਘਰਦਿਆਂ ਨਾਲ ਫੋਨ ਉੱਤੇ ਉਹ ਬਹਾਵਲਪੁਰੀ ਵਿੱਚ ਗੱਲ ਕਰਦਾ ਸੀ ਤਾਂ ਮੈਨੂੰ ਇੱਕ ਵੀ ਸ਼ਬਦ ਸਮਝ ਨਹੀਂ ਲੱਗਦਾ ਸੀ ਅਤੇ ਉਸ ਦੀ ਪੰਜਾਬੀ ਵਿੱਚ ਵੀ ਬਹਾਵਲਪੁਰੀ ਦਾ ਅਸਰ ਸਾਫ਼ ਦਿਸਦਾ ਸੀ। ਫਿਰ ਵੀ ਉਸ ਦੀ ਭਾਸ਼ਾ ਮੈਨੂੰ ਮਿੱਠੀ ਲੱਗਦੀ ਸੀ। ਉਸ ਦੇ ਵਡੇਰੇ ਵੰਡ ਵੇਲੇ ਬਹਾਵਲਪੁਰ ਤੋਂ ਉੱਜੜ ਕੇ ਰਾਜਪੁਰੇ ਆ ਵਸੇ ਸਨ। ਏਦਾਂ ਹੀ ਨੰਗਲ ਵੱਲ ਦਾ ਸਾਡਾ ਇੱਕ ਸਾਥੀ ਸੀ ਜਿਸ ਦੀ ਬੋਲੀ ਵਿੱਚੋਂ ਹਿਮਾਚਲੀ ਅਤੇ ਹਿੰਦੀ ਭਾਸ਼ਾ ਦੇ ਕਈ ਅੱਖਰ ਸੁਣਦੇ ਰਹਿੰਦੇ ਸਾਂ।

ਸਾਲ 2012-17 ਦੌਰਾਨ ਮੈਂ ਬਤੌਰ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਪਠਾਨਕੋਟ ਜ਼ਿਲ੍ਹੇ ਨੂੰ ਛੱਡ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦਾ ਦੌਰਾ ਕੀਤਾ ਹੈ। ਇਸ ਦੌਰਾਨ ਪੰਜਾਬ ਦੇ ਸਾਰੇ ਇਲਾਕੇ ਵੇਖਣ ਅਤੇ ਉੱਥੋਂ ਦੇ ਸਥਾਨਕ ਲੋਕਾਂ ਨਾਲ ਗੱਲਬਾਤ ਦਾ ਮੌਕਾ ਬਣਿਆ। ਹਰੇਕ ਜ਼ਿਲ੍ਹੇ ਦੀ ਆਪਣੀ ਬੋਲੀ ਤੇ ਆਪਣੇ ਇਲਾਕਾਈ ਸ਼ਬਦ! ਕਮਾਲ ਦੀ ਵਿਭਿੰਨਤਾ ਹੈ! ਇੱਕ ਵਾਰ ਝੁਨੀਰ ਵਿਖੇ ਮੰਤਰੀ ਜੀ ਨੇ ਇੱਕ ਸਭਾ ਨੂੰ ਸੰਬੋਧਨ ਕਰਨਾ ਸੀ ਅਤੇ ਉਨ੍ਹਾਂ ਨੇ ਉਸ ਇਲਾਕੇ ਦੀ ਬੋਲੀ ਵਿੱਚ ਭਾਸ਼ਣ ਦੇ ਕੇ ਅਤੇ ਗੱਲਾਂਬਾਤਾਂ ਸੁਣਾ ਕੇ ਮੇਲਾ ਹੀ ਲੁੱਟ ਲਿਆ ਸੀ। ਪਟਿਆਲੇ ਵੱਲ ਦੇ ਆਗੂ ਉਸ ਇਲਾਕੇ ਦੀ ਸਥਾਨਕ ਭਾਸ਼ਾ ਅਨੁਸਾਰ ‘ਸੀ’ ਦੀ ਥਾਂ ‘ਸੈ’ ਸ਼ਬਦ ਦੀ ਆਮ ਵਰਤੋਂ ਕਰਦੇ ਹਨ। ਮੌਜੂਦਾ ਮੁੱਖ ਮੰਤਰੀ ਵੀ ਜਦੋਂ ਆਖਦੇ ਹਨ ਕਿ ਮੈਂ ਵੀ ‘ਸੋਡੇ’ (ਤੁਹਾਡੇ) ਵਰਗਾ ਹੀ ਹਾਂ ਤਾਂ ਉਹ ਵੀ ਆਪਣੇ ਇਲਾਕੇ ਦੀ ਬੋਲੀ ਦਾ ਇਜ਼ਹਾਰ ਕਰ ਰਹੇ ਹੁੰਦੇ ਹਨ।

ਹੁਣ ਚੰਡੀਗੜ੍ਹ ਨੌਕਰੀ (ਤੇ ਪਹਿਲਾਂ ਪੜ੍ਹਾਈ) ਦੌਰਾਨ ਪੁਆਧੀ ਬੋਲਣ ਵਾਲੇ ਸਾਥੀ ਮਾਹਰੇ, ਥਾਰੇ, ਐਲ, ਗੈਲ ਜਿਹੇ ਸ਼ਬਦਾਂ ਨਾਲ ਰਸ ਘੋਲੀ ਰੱਖਦੇ ਹਨ/ਸਨ। ਜਦੋਂ ਕਦੇ ਚੰਡੀਗੜ੍ਹ ਵਿਖੇ ਸਾਡੀ ਵਿਭਾਗੀ ਮੀਟਿੰਗ ਹੁੰਦੀ ਹੈ ਤਾਂ ਸਾਰੇ ਪੰਜਾਬ ਦੇ ਲੋਕ ਸੰਪਰਕ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਪਤਾ ਲੱਗਦਾ ਹੈ ਕਿ ਹਰੇਕ ਇਲਾਕੇ ਦੀ ਬੋਲੀ, ਲਹਿਜਾ ਅਤੇ ਰਵਾਨੀ ਵੱਖ-ਵੱਖ ਹੈ। ਹੁਣ ਜਦੋਂ ਬੱਚਿਆਂ ਨੂੰ ਸਕੂਲਾਂ ਵਿੱਚ ਅੰਗਰੇਜ਼ੀ ਬੋਲਣ ਲਈ ਨਿਰਦੇਸ਼ ਦਿੱਤੇ ਜਾਂਦੇ ਹਨ ਅਤੇ ਘਰ ਵਿੱਚ ਵੀ ਬੱਚੇ ਪੰਜਾਬੀ ਨਹੀਂ ਬੋਲਦੇ ਤਾਂ ਸੋਚੀਦਾ ਹੈ ਕਿ ਜਦੋਂ ਮਾਪੇ ਅਤੇ ਅਧਿਆਪਕ ਹੀ ਬੱਚਿਆਂ ਨਾਲ ਪੰਜਾਬੀ ਬੋਲਣ ਤੋਂ ਕਤਰਾਉਂਦੇ ਹਨ ਤਾਂ ‘ਏਕਣ’ ਕਿਵੇਂ ਪੰਜਾਬੀ ਬੋਲੀ ਦੇ ਇਲਾਕਾਈ ਸ਼ਬਦ ਜਿਊਂਦੇ ਰਹਿਣਗੇ।

ਇੱਕ ਅੰਤਲੀ ਗੱਲ। ਯੂ-ਟਿਊਬ ਉੱਤੇ ਮੈਂ ਅਫਰੀਕਾ ਦੇ ਕੁਝ ਕਬੀਲਿਆਂ ਦੀਆਂ ਭਾਸ਼ਾਵਾਂ/ਬੋਲੀਆਂ ਬਾਰੇ ਵੀਡੀਓ ਵੇਖੀ। ਖੋਸਾ, ਜ਼ੁਲੂ, ਨਵਾਜੋ, ਯੋਰੂਬਾ, ਇੰਬੋ ਅਤੇ ਫੂਲਾ ਅਜਿਹੀਆਂ ਅਫਰੀਕੀ ਭਾਸ਼ਾਵਾਂ ਹਨ ਜੋ ਦੁਨੀਆ ਦੀਆਂ ਔਖੀਆਂ ਭਾਸ਼ਾਵਾਂ/ਬੋਲੀਆਂ ਮੰਨੀਆਂ ਜਾਂਦੀਆਂ ਹਨ ਅਤੇ ਜਿਨ੍ਹਾਂ ਨੂੰ ਸਿੱਖਣਾ ਬੇਅੰਤ ਔਖਾ ਹੈ। ਇਨ੍ਹਾਂ ਵਿੱਚ ਕਲਿੱਕ ਵਿਅੰਜਨ ਹਨ, ਜੋ ਕਿ ਮੂੰਹ ਦੇ ਵੱਖ-ਵੱਖ ਹਿੱਸਿਆਂ ਰਾਹੀਂ ਜੀਭ ਨੂੰ ਦਬਾਉਣ ਨਾਲ ਪੈਦਾ ਹੁੰਦੀਆਂ ਧੁਨੀਆਂ ਹਨ। ਇਸ ਵਿੱਚ ਇੱਕ ਗੁੰਝਲਦਾਰ ਨਾਂਵ ਪ੍ਰਣਾਲੀ ਅਤੇ ਕਿਰਿਆਵਾਂ ਹਨ, ਜਿਨ੍ਹਾਂ ਨੂੰ ਲਿਖ ਕੇ ਸਮਝਾਉਣਾ ਮੁਮਕਿਨ ਨਹੀਂ। ਇਸ ਤੋਂ ਇਲਾਵਾ ਬਹੁਤ ਸਾਰੀਆਂ ਅਫ਼ਰੀਕੀ ਭਾਸ਼ਾਵਾਂ ਸੁਰਾਂ ਵਾਲੀਆਂ ਹਨ, ਭਾਵ ਇੱਕ ਅੱਖਰ ਦੀ ਪਿੱਚ ਕਿਸੇ ਸ਼ਬਦ ਦੇ ਅਰਥ ਨੂੰ ਬਦਲ ਸਕਦੀ ਹੈ। ਇਸ ਹਿਸਾਬ ਨਾਲ ਪੰਜਾਬੀ ਭਾਸ਼ਾ/ਬੋਲੀ ਵਿਆਕਰਨ ਅਤੇ ਸੰਰਚਨਾ ਪੱਖੋਂ ਅਤਿ ਉੱਤਮ ਹੈ। ਹਰ ਤਰ੍ਹਾਂ ਦੀ ਮਨੋ-ਅਵਸਥਾ ਨੂੰ ਪ੍ਰਗਟਾਉਣ ਲਈ ਪੰਜਾਬੀ ਕੋਲ ਸ਼ਬਦ ਹਨ।

ਪਹਿਲਾਂ ਪਹਿਲਾਂ ਮੈਨੂੰ ਲੱਗਦਾ ਹੁੰਦਾ ਸੀ ਕਿ ਸ਼ਾਇਦ ਮੇਰੀ ਬੋਲੀ ਠੀਕ ਨਹੀਂ ਪਰ ਜਦੋਂ ਦਿੱਲੀ ਦੱਖਣ ਘੁੰਮਿਆ ਅਤੇ ਪੰਜਾਬੀ ਦੀ ਐਮਏ ਦੌਰਾਨ ਸੈਂਕੜੇ ਕਿਤਾਬਾਂ ਪੜ੍ਹੀਆਂ ਅਤੇ ਹੁਣ ਤਕਰੀਬਨ 20 ਸਾਲਾਂ ਦੀ ਨੌਕਰੀ ਤੋਂ ਬਾਅਦ ਮੈਂ ਇਹ ਦਾਅਵੇ ਅਤੇ ਪੂਰੇ ਤਜਰਬੇ ਨਾਲ ਆਖ ਸਕਦਾ ਹਾਂ ਕਿ ਪੰਜਾਬੀ ਦੀਆਂ ਸਾਰੀਆਂ ਉਪ ਬੋਲੀਆਂ ਆਪਣੇ ਆਪ ਵਿੱਚ ਵਿਲੱਖਣ, ਸੰਪੂਰਨ ਅਤੇ ਦੋਸ਼ਮੁਕਤ ਹਨ। ਇਸ ਲਈ ਪੰਜਾਬੀਓ, ਆਪੋ-ਆਪਣੇ ਇਲਾਕੇ ਦੀ ਬੋਲੀ ’ਤੇ ਮਾਣ ਕਰੋ ਅਤੇ ਬੋਲਣ ਲੱਗੇ ਕਤਰਾਓ ਨਾ।

ਸੰਪਰਕ: 97802-16767

Advertisement