ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਇਸ਼ਾਰਾ

ਕਹਾਣੀ
Advertisement

ਜਸਵੀਰ ਸਿੰਘ ਆਹਲੂਵਾਲੀਆ

Advertisement

 

ਨਿਤਿਨ ਨੂੰ ਮਿਸਿਜ਼ ਚੋਪੜਾ ਨੇ ਫੋਨ ’ਤੇ ਕਿਹਾ ਸੀ ਕਿ ਉਹ ਉਸ ਦੇ ਘਰ ਸਵਾ ਛੇ ਵਜੇ ਤੋਂ ਬਾਅਦ ਆਵੇ ਕਿਉਂਕਿ ਸਵਾ ਛੇ ਵਜੇ ਤੱਕ ਉਸ ਨੇ ਇੱਕ ਚੀਨੀ ਬੱਚੀ ਨੂੰ ਟਿਊਸ਼ਨ ਦੇਣੀ ਹੈ।

ਨਿਤਿਨ ਨੇ ਘੜੀ ਵੇਖੀ। ਅਜੇ ਤਾਂ ਪੰਜ ਵੱਜਣ ਵਿੱਚ ਵੀ ਪੰਜ ਕੁ ਮਿੰਟ ਬਾਕੀ ਰਹਿੰਦੇ ਸਨ। ਨਿਤਿਨ ਦਾ ਕੰਮ ਖ਼ਤਮ ਹੋ ਚੁੱਕਾ ਸੀ। ਨਿਤਿਨ ਦੇ ਦਫ਼ਤਰ ਤੋਂ ਮਿਸਿਜ਼ ਚੋਪੜਾ ਦੇ ਘਰ ਪਹੁੰਚਣ ਤੱਕ ਪੰਦਰਾਂ ਮਿੰਟਾਂ ਤੋਂ ਜ਼ਿਆਦਾ ਨਹੀਂ ਲੱਗਣੇ। ਨਿਤਿਨ ਨੂੰ ਖ਼ਿਆਲ ਆਇਆ ਕਿ ਉਸ ਦੇ ਰਸਤੇ ਵਿੱਚ ਇੱਕ ਸ਼ਾਪਿੰਗ ਮਾਲ ਆਉਂਦਾ ਹੈ, ਕਿਉਂ ਨਾ ਉੱਥੇ ਜਾ ਕੇ ਸਮਾਂ ਬਿਤਾਇਆ ਜਾਏ। ਫਿਰ ਖ਼ਿਆਲ ਆਇਆ ਕਿ ਹਾਂ ਸੱਚ! ਸ਼ਾਪਿੰਗ ਮਾਲ ਵਿੱਚ ਹੀ ਤਾਂ ਇੱਕ ਫਲੋਰਿਸਟ ਦੀ ਵੱਡੀ ਸਾਰੀ ਦੁਕਾਨ ਹੈ, ਕਿਉਂ ਨਾ ਉਸ ਦੁਕਾਨ ਤੋਂ ਮਿਸਿਜ਼ ਚੋਪੜਾ ਲਈ ਇੱਕ ਸੋਹਣਾ ਜਿਹਾ ਫੁੱਲਾਂ ਦਾ ਗੁਲਦਸਤਾ ਲੈ ਲਿਆ ਜਾਏ। ਮਿਸਿਜ਼ ਚੋਪੜਾ ਨੂੰ ਫੁੱਲਾਂ ਨਾਲ ਬਹੁਤ ਪਿਆਰ ਹੈ। ਗੁਲਦਸਤਾ ਲੈ ਕੇ ਉਹ ਬਹੁਤ ਖ਼ੁਸ਼ ਹੋਣਗੇ।

ਕੁਝ ਦਿਨ ਪਹਿਲਾਂ ਹੀ ਤਾਂ ਉਹ ਆਪਣੇ ਸਾਥੀ ਸੰਦੀਪ ਨਾਲ ਮਿਸਿਜ਼ ਚੋਪੜਾ ਦੇ ਘਰ ਗਿਆ ਸੀ। ਸੰਦੀਪ ਇੱਕ ਫਿਲਮ ਬਣਾ ਰਿਹਾ ਸੀ। ਉਸ ਫਿਲਮ ਲਈ ਸੰਦੀਪ ਨੂੰ ਫਿਲਮ ਦੀ ਹੀਰੋਇਨ ਦੀ ਮਾਂ ਦਾ ਰੋਲ ਕਰਨ ਲਈ ਇੱਕ ਔਰਤ ਦਾ ਕਿਰਦਾਰ ਚਾਹੀਦਾ ਸੀ ਜਿਸ ਦੀ ਉਮਰ ਸੱਠ ਪੈਂਹਠ ਸਾਲਾਂ ਦੇ ਨੇੜੇ ਤੇੜੇ ਹੋਵੇ। ਉਹ ਕਿਰਦਾਰ ਵੇਖਣ ਨੂੰ ਵੀ ਖ਼ੂਬਸੂਰਤ ਲੱਗੇ। ਇਸ ਤਰ੍ਹਾਂ ਦਾ ਕਿਰਦਾਰ ਲੱਭਣ ਲਈ ਸੰਦੀਪ ਨੇ ਨਿਤਿਨ ਦੀ ਮਦਦ ਮੰਗੀ। ਨਿਤਿਨ ਨੇ ਮਿਸਿਜ਼ ਚੋਪੜਾ ਨੂੰ ਫੋਨ ਕਰ ਕੇ ਉਸ ਕੋਲੋਂ ਉਸ ਦੇ ਘਰ ਉਸ ਨੂੰ ਮਿਲਣ ਦੀ ਆਗਿਆ ਲਈ। ਫਿਰ ਮਿੱਥੇ ਹੋਏ ਵਕਤ ’ਤੇ ਨਿਤਿਨ ਤੇ ਸੰਦੀਪ, ਮਿਸਿਜ਼ ਚੋਪੜਾ ਦੇ ਘਰ ਪਹੁੰਚ ਗਏ। ਨਿਤਿਨ ਪਹਿਲੀ ਵਾਰੀ ਮਿਸਿਜ਼ ਚੋਪੜਾ ਦੇ ਘਰ ਆਇਆ ਸੀ। ਉਸ ਤੋਂ ਪਹਿਲਾਂ ਉਹ ਉਨ੍ਹਾਂ ਨੂੰ ਇੱਕ ਥੀਏਟਰ ਵਿੱਚ ਮਿਲਿਆ ਸੀ, ਜਿੱਥੇ ਨਿਤਿਨ ਨੇ ਆਪਣਾ ਇੱਕ ਨਾਟਕ ਪੇਸ਼ ਕੀਤਾ ਸੀ। ਨਾਟਕ ਤੋਂ ਬਾਅਦ ਮਿਸਿਜ਼ ਚੋਪੜਾ ਉਨ੍ਹਾਂ ਕੋਲ ਆਏ ਤੇ ਇੱਕ ਵਧੀਆ ਨਾਟਕ ਪੇਸ਼ ਕਰਨ ਦੀ ਵਧਾਈ ਦਿੱਤੀ। ਮਿਸਿਜ਼ ਚੋਪੜਾ ਨੇ ਨਿਤਿਨ ਨੂੰ ਆਪਣੇ ਘਰ ਦਾ ਸਿਰਨਾਵਾਂ ਤੇ ਫੋਨ ਨੰਬਰ ਇੱਕ ਕਾਗ਼ਜ਼ ’ਤੇ ਲਿਖ ਕੇ ਦੇ ਦਿੱਤਾ ਤੇ ਕਿਹਾ ਕਿ ਉਹ ਨਿਤਿਨ ਦੇ ਕਿਸੇ ਵੀ ਨਾਟਕ ਵਿੱਚ ਰੋਲ ਕਰਨਾ ਪਸੰਦ ਕਰਨਗੇ। ਥੀਏਟਰ ਵਿੱਚ ਹੀ ਕਿਸੇ ਹੋਰ ਸੱਜਣ ਨੇ ਨਿਤਿਨ ਨੂੰ ਮਿਸਿਜ਼ ਚੋਪੜਾ ਬਾਰੇ ਦੱਸਿਆ ਕਿ ਉਹ ਬਹੁਤ ਵਧੀਆ ਕਲਾਕਾਰ ਹਨ ਅਤੇ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਈ ਸਾਲ ਆਪਣੇ ਪਤੀ ਕਰਨਲ ਚੋਪੜਾ ਨਾਲ ਭਾਰਤੀ ਫੌਜ ਵਿੱਚ ਬਿਤਾਏ ਹਨ। ਉਸ ਦਿਨ ਜਦੋਂ ਨਿਤਿਨ ਤੇ ਸੰਦੀਪ, ਮਿਸਿਜ਼ ਚੋਪੜਾ ਦੇ ਘਰ ਬੈਠੇ ਸਨ ਤਾਂ ਮਿਸਿਜ਼ ਚੋਪੜਾ ਨੇ ਦੱਸਿਆ ਸੀ ਕਿ ਉਹ ਆਰਮੀ ਸਕੂਲ ਵਿੱਚ ਅਧਿਆਪਕਾ ਸਨ ਤੇ ਆਰਮੀ ਅਫ਼ਸਰਾਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਸਨ ਤੇ ਉਨ੍ਹਾਂ ਨਾਲ ਸਟੇਜ ’ਤੇ ਡਰਾਮੇ ਵੀ ਕਰਦੇ ਸਨ। ਹਰ ਕੋਈ ਉਨ੍ਹਾਂ ਦੀ ਤੇ ਉਨ੍ਹਾਂ ਦੇ ਪਤੀ ਦੀ ਬਹੁਤ ਇੱਜ਼ਤ ਕਰਦਾ ਸੀ। ਮਿਸਿਜ਼ ਚੋਪੜਾ ਨੂੰ ਇੱਕ ਬਹੁਤ ਵਧੀਆ ਅਧਿਆਪਕ, ਬਹੁਤ ਵਧੀਆ ਕਲਾਕਾਰ ਤੇ ਸਭ ਤੋਂ ਉੱਪਰ ਉਨ੍ਹਾਂ ਨੂੰ ਬਹੁਤ ਵਧੀਆ ਇਨਸਾਨ ਸਮਝਿਆ ਜਾਂਦਾ ਸੀ। ਮਿਸਿਜ਼ ਚੋਪੜਾ ਨੂੰ ਇਨ੍ਹਾਂ ਗੱਲਾਂ ’ਤੇ ਬਹੁਤ ਮਾਣ ਸੀ। ਮਿਸਿਜ਼ ਚੋਪੜਾ ਨੇ ਦੱਸਿਆ ਕਿ ਇਹ ਸਾਰਾ ਇੱਜ਼ਤ ਮਾਣ ਉਨ੍ਹਾਂ ਦੇ ਪਤੀ ਕਰਨਲ ਚੋਪੜਾ ਕਰ ਕੇ ਹੀ ਉਨ੍ਹਾਂ ਨੂੰ ਮਿਲਿਆ ਸੀ ਕਿਉਂਕਿ ਕਰਨਲ ਚੋਪੜਾ ਆਪ ਵੀ ਬਹੁਤ ਵਧੀਆ ਇਨਸਾਨ ਸਨ। ਆਪਣੇ ਪਤੀ ਨੂੰ ਯਾਦ ਕਰਦਿਆਂ ਮਿਸਿਜ਼ ਚੋਪੜਾ ਦਾ ਗੱਚ ਭਰ ਆਇਆ। ਉਨ੍ਹਾਂ ਨੇ ਦੱਸਿਆ ਕਿ ਕਰਨਲ ਚੋਪੜਾ ਦੀ ਕੈਂਸਰ ਕਰਕੇ ਮੌਤ ਹੋ ਗਈ ਸੀ। ਉਨ੍ਹਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਅਮਰੀਕਾ ਵਿੱਚ ਹਨ ਤੇ ਬਹੁਤ ਸੋਹਣੀ ਜ਼ਿੰਦਗੀ ਜੀਅ ਰਹੇ ਹਨ। ਮਿਸਿਜ਼ ਚੋਪੜਾ ਜਿਉਂ-ਜਿਉਂ ਆਪਣੇ ਬੱਚਿਆਂ ਬਾਰੇ ਦੱਸਦੇ, ਉਨ੍ਹਾਂ ਨੂੰ ਆਪਣੇ ਆਪ ’ਤੇ ਹੋਰ ਵੀ ਮਾਣ ਮਹਿਸੂਸ ਹੁੰਦਾ। ਉਹ ਬੜੇ ਮਾਣ ਨਾਲ ਕਹਿੰਦੇ ਕਿ ਉਹ ਅੱਜ ਕੱਲ੍ਹ ਇਕੱਲੇ ਉਸ ਘਰ ਵਿੱਚ ਰਹਿ ਰਹੇ ਹਨ ਜੋ ਉਨ੍ਹਾਂ ਨੇ ਤੇ ਕਰਨਲ ਚੋਪੜਾ ਨੇ ਬਣਾਇਆ ਸੀ। ਨਿਤਿਨ ਨੂੰ ਜਾਪਿਆ ਕਿ ਮਿਸਿਜ਼ ਚੋਪੜਾ ਦੇ ਅੰਦਰ ਕਰਨਲ ਚੋਪੜਾ ਦੀ ਰੂਹ ਵੱਸ ਰਹੀ ਹੈ, ਜਿਸ ਨੇ ਮਿਸਿਜ਼ ਚੋਪੜਾ ਨੂੰ ਬਹੁਤ ਹੀ ਦਲੇਰ ਕਿਸਮ ਦੀ ਔਰਤ ਬਣਾ ਦਿੱਤਾ ਹੈ। ਨਿਤਿਨ ਨੇ ਆਪਣੇ ਮਨ ਹੀ ਮਨ ਵਿੱਚ ਫ਼ੈਸਲਾ ਕਰ ਲਿਆ ਕਿ ਉਹ ਮਿਸਿਜ਼ ਚੋਪੜਾ ਨਾਲ ਦੋਸਤੀ ਕਰੇਗਾ ਤੇ ਬਾਕੀ ਦੀ ਰਹਿੰਦੀ ਉਮਰ ਉਨ੍ਹਾਂ ਦੇ ਸਾਥ ਨਾਲ ਬਿਤਾਏਗਾ। ਆਖ਼ਰ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਹ ਕਿੰਨਾ ਚਿਰ ਆਪਣੀ ਜ਼ਿੰਦਗੀ ਨਾਲ ਇਕੱਲਾ ਲੜਦਾ ਰਹੇਗਾ?

ਅੱਜ ਉਹ ਸ਼ਾਪਿੰਗ ਮਾਲ ਵਿੱਚ ਫਲੋਰਿਸਟ ਦੀ ਦੁਕਾਨ ’ਤੇ ਪਹੁੰਚ ਹੀ ਗਿਆ। ਕਈ ਤਰ੍ਹਾਂ ਦੇ ਸੋਹਣੇ ਸੋਹਣੇ ਗੁਲਦਸਤੇ ਵੇਖੇ। ਸਸਤੇ ਤੋਂ ਸਸਤੇ ਤੇ ਮਹਿੰਗੇ ਤੋਂ ਮਹਿੰਗੇ ਗੁਲਦਸਤੇ ਵੇਖੇ। ਫਲੋਰਿਸਟ ਲੇਡੀ ਨੇ ਪੁੱਛਿਆ ਕਿ ਨਿਤਿਨ ਨੇ ਕਿਸੇ ਲਈ ਗੁਲਦਸਤਾ ਲੈਣਾ ਹੈ। ਨਿਤਿਨ ਨੇ ਕਹਿ ਕਿੱਤਾ ਕਿ ਉਸ ਦੀ ਇੱਕ ਨਵੀਂ ਬਣੀ ਦੋਸਤ ਹੈ। ਫਲੋਰਿਸਟ ਲੇਡੀ ਨੇ ਸਮਝਿਆ ਕਿ ਨਿਤਿਨ ਆਪਣੀ ਨਵੀਂ ਬਣੀ ਗਰਲ ਫਰੈਂਡ ਦੀ ਗੱਲ ਕਰ ਰਿਹਾ ਹੈ। ਉਸ ਨੇ ਨਿਤਿਨ ਨੂੰ ਇੱਕ ਬਹੁਤ ਹੀ ਸੋਹਣਾ ਤੇ ਕੁਝ ਮਹਿੰਗਾ ਵੀ ਗੁਲਾਬ ਦੇ ਫੁੱਲਾਂ ਦਾ ਗੁਲਦਸਤਾ ਵਿਖਾਇਆ। ਨਿਤਿਨ ਪਤਾ ਨਹੀਂ ਕਿਉਂ ਘਬਰਾ ਗਿਆ। ਉਸ ਨੇ ਫਿਰ ਫਲੋਰਿਸਟ ਲੇਡੀ ਨੂੰ ਸਮਝਾਇਆ, “ਨਹੀਂ ਨਹੀਂ” ਉਹ ਗਰਲ ਫ਼ਰੈਂਡ ਨਹੀਂ, ਉਹ ਤਾਂ ਸਿਰਫ਼ ਦੋਸਤ ਹੈ। ਇਸ ਤੋਂ ਪਹਿਲਾਂ ਕਿ ਫਲੋਰਿਸਟ ਲੇਡੀ ਉਸ ਨੂੰ ਕੋਈ ਹੋਰ ਗੁਲਦਸਤਾ ਵਿਖਾਉਂਦੀ, ਨਿਤਿਨ ਉਸ ਦੀ ਦੁਕਾਨ ਹੀ ਛੱਡ ਗਿਆ।

ਸ਼ਾਪਿੰਗ ਮਾਲ ਵਿੱਚ ਘੁੰਮਦਿਆਂ-ਘੁੰਮਦਿਆਂ ਨਿਤਿਨ ਇੱਕ ਕਿਤਾਬਾਂ ਦੀ ਦੁਕਾਨ ਵਿੱਚ ਚਲਾ ਗਿਆ। ਉਸ ਨੇ ਸੋਚਿਆ, ‘‘ਇਹ ਠੀਕ ਹੈ। ਕੋਈ ਚੰਗੀ ਜਿਹੀ ਕਿਤਾਬ ਲਈ ਜਾਏ। ਮਿਸਿਜ਼ ਚੋਪੜਾ ਨੂੰ ਪੜ੍ਹਨ ਤੇ ਪੜ੍ਹਾਉਣ ਦਾ ਬਹੁਤ ਸ਼ੌਂਕ ਹੈ।’’ ਪਰ ਉਸ ਨੂੰ ਇਹੋ ਜਿਹੀ ਕੋਈ ਕਿਤਾਬ ਪਸੰਦ ਨਾ ਆਈ ਜਿਹੜੀ ਉਹ ਮਿਸਿਜ਼ ਚੋਪੜਾ ਲਈ ਲੈ ਸਕਦਾ।

ਦੁਕਾਨ ਦੀ ਇੱਕ ਨੁੱਕਰ ਵਿੱਚ ਨਿਤਿਨ ਨੂੰ ਕੁਝ ਤੋਹਫ਼ੇ ਪਏ ਮਿਲ ਗਏ। ਇੱਕ ਤੋਹਫ਼ਾ ਨਜ਼ਰੀਂ ਪਿਆ ਜਿਸ ਵਿੱਚ ਬਹੁਤ ਹੀ ਵਧੀਆ ਪੈੱਨ ਤੇ ਇੱਕ ਬਹੁਤ ਹੀ ਸੋਹਣੀ ਜਿਹੀ ਨੋਟ ਬੁੱਕ ਪੈਕ ਕੀਤੀ ਹੋਈ ਸੀ। ਨਿਤਿਨ ਨੂੰ ਉਹ ਤੋਹਫ਼ਾ ਮਿਸਿਜ਼ ਚੋਪੜਾ ਲਈ ਬਹੁਤ ਹੀ ਵਧੀਆ ਲੱਗਾ। ਇੱਕ ਤਾਂ ਉਹ ਅਧਿਆਪਕ ਤੇ ਫਿਰ ਇੱਕ ਕਲਾਕਾਰ। ਇਸ ਤੋਂ ਵਧੀਆ ਤੋਹਫ਼ਾ ਹੋਰ ਕੋਈ ਹੋ ਹੀ ਨਹੀਂ ਸਕਦਾ। ਉਸ ਨੇ ਉਹ ਤੋਹਫ਼ਾ ਚੁੱਕਿਆ ਤੇ ਬਾਹਰ ਕਾਊਂਟਰ ’ਤੇ ਆ ਕੇ ਕੁੜੀ ਨੂੰ ਜਿਹੜੀ ਪੇਮੈਂਟ ਲੈ ਰਹੀ ਸੀ ਨੂੰ ਪੁੱਛਿਆ, “ਤੁਹਾਡੇ ਕੋਲ ਇਸ ਤੋਹਫ਼ੇ ਨੂੰ ਪੈਕ ਕਰਨ ਲਈ ਕੋਈ ਸੋਹਣਾ ਜਿਹਾ ਪੇਪਰ ਜਾਂ ਬੈਗ ਹੈ?”

ਕੁੜੀ ਨੇ ਪੁੱਛਿਆ, “ਤੁਸੀਂ ਕਿਸ ਨੂੰ ਤੋਹਫ਼ਾ ਦੇਣਾ ਹੈ?”

ਨਿਤਿਨ ਨੇ ਦੱਸ ਦਿੱਤਾ ਕਿ ਉਸ ਦੀ ਇੱਕ ਨਵੀਂ ਬਣੀ ਦੋਸਤ ਹੈ। ਉਸ ਕੁੜੀ ਨੇ ਬਹੁਤ ਹੀ ਸੋਹਣਾ ਜਿਹਾ ਪੇਪਰ ਵਿਖਾਇਆ ਜਿਸ ’ਤੇ ਇੱਕ ਖ਼ੂਬਸੂਰਤ ਜੋੜੀ ਦੀ ਫੋਟੋ ਇੱਕ ਰੋਮਾਂਟਿਕ ਪੋਜ਼ ਵਿੱਚ ਸੀ। ਨਿਤਿਨ ਫਿਰ ਥੋੜ੍ਹਾ ਜਿਹਾ ਘਬਰਾ ਗਿਆ। ਉਸ ਨੇ ਉਸ ਕੁੜੀ ਨੂੰ ਸਮਝਾਇਆ, “ਨਹੀਂ ਨਹੀਂ, ਉਹ ਮੇਰੀ ਗਰਲ ਫਰੈਂਡ ਨਹੀਂ। ਉਹ ਤਾਂ ਸਿਰਫ਼ ਮੇਰੀ ਇੱਕ ਦੋਸਤ ਹੈ।’’

ਉਸ ਕੁੜੀ ਨੇ ਸੌਰੀ ਕਹਿ ਕੇ ਉਹ ਪੇਪਰ ਵਾਪਸ ਰੱਖ ਲਿਆ। ਫਿਰ ਉਸ ਨੇ ਨਿਤਿਨ ਨੂੰ ਕੁਝ ਰੰਗਾਂ ਦੇ ਸੋਹਣੇ ਜਿਹੇ ਪਲਾਸਟਿਕ ਬੈਗ ਵਿਖਾਏ। ਨਿਤਿਨ ਨੇ ਇੱਕ ਜਾਮਨੀ ਰੰਗ ਦਾ ਬੈਗ ਲਿਆ ਤੇ ਉਸ ਵਿੱਚ ਮਿਸਿਜ਼ ਚੋਪੜਾ ਲਈ ਲਿਆ ਹੋਇਆ ਤੋਹਫ਼ਾ ‘ਪੈੱਨ ਤੇ ਨੋਟ ਬੁੱਕ’ ਪਾਇਆ, ਪੇਮੈਂਟ ਕੀਤੀ ਤੇ ਦੁਕਾਨ ਤੋਂ ਬਾਹਰ ਆ ਗਿਆ।

ਮਿਸਿਜ਼ ਚੋਪੜਾ ਦੇ ਘਰ ਦੇ ਬਾਹਰ ਸੜਕ ’ਤੇ ਕਾਰ ਪਾਰਕ ਕਰ ਕੇ ਨਿਤਿਨ ਨੇ ਘੜੀ ਵੇਖੀ। ਛੇ ਵੱਜ ਕੇ ਵੀਹ ਕੁ ਮਿੰਟ ਹੋਏ ਸਨ। ਨਿਤਿਨ ਨੇ ਸੋਚਿਆ, ‘ਫੋਨ ਕਰ ਕੇ ਪੁੱਛ ਲੈਂਦਾ ਹਾਂ ਕਿ ਮਿਸਿਜ਼ ਚੋਪੜਾ ਬੱਚੀ ਨੂੰ ਟਿਊਸ਼ਨ ਪੜ੍ਹਾ ਚੁੱਕੇ ਹਨ ਕਿ ਨਹੀਂ?’ ਫੋਨ ਕੀਤਾ, ਘੰਟੀ ਵੱਜਦੀ ਰਹੀ, ਪਰ ਮਿਸਿਜ਼ ਚੋਪੜਾ ਨੇ ਫੋਨ ਨਹੀਂ ਚੁੱਕਿਆ। ਨਿਤਿਨ ਨੇ ਸਮਝ ਲਿਆ ਕਿ ਅਜੇ ਮਿਸਿਜ਼ ਚੋਪੜਾ ਵਿਹਲੇ ਨਹੀਂ ਹੋਏ। ਉਹ ਦਸ ਕੁ ਮਿੰਟ ਹੋਰ ਕਾਰ ਵਿੱਚ ਬੈਠਾ ਰਿਹਾ। ਬੋਰ ਜਿਹਾ ਹੋਣ ਲੱਗਾ ਤਾਂ ਕਾਰ ਦਾ ਰੇਡੀਓ ਲਾ ਲਿਆ, ਪਰ ਰੇਡੀਓ ਵਿੱਚ ਵੀ ਦਿਲ ਨਾ ਲੱਗਾ। ਉਸ ਦਾ ਅੰਦਰ ਤਾਂ ਮਿਸਿਜ਼ ਚੋਪੜਾ ਨੂੰ ਮਿਲਣ ਲਈ ਕਾਹਲਾ ਪਿਆ ਹੋਇਆ ਸੀ। ਨਿਤਿਨ ਕਾਰ ਵਿੱਚੋਂ ਬਾਹਰ ਆ ਗਿਆ। ਕਾਰ ਦਾ ਬੂਟ ਖੋਲ੍ਹਿਆ, ਮਿਸਿਜ਼ ਚੋਪੜਾ ਦਾ ਤੋਹਫ਼ਾ ਚੁੱਕਿਆ, ਕਾਰ ਦਾ ਬੂਟ ਬੰਦ ਕੀਤਾ ਤੇ ਮਿਸਿਜ਼ ਚੋਪੜਾ ਦੇ ਘਰ ਦੀ ਘੰਟੀ ਵਜਾ ਦਿੱਤੀ।

ਮਿਸਿਜ਼ ਚੋਪੜਾ ਅਜੇ ਵੀ ਚੀਨੀ ਬੱਚੀ ਨੂੰ ਟਿਊਸ਼ਨ ਪੜ੍ਹਾ ਰਹੀ ਸੀ। ਨਿਤਿਨ ਇੱਕ ਸੋਫ਼ੇ ’ਤੇ ਬੈਠਾ ਸੀ। ਮਿਸਿਜ਼ ਚੋਪੜਾ ਦਾ ਤੋਹਫ਼ਾ ਅਜੇ ਵੀ ਉਸ ਦੇ ਹੱਥ ਵਿੱਚ ਸੀ। ਮਿਸਿਜ਼ ਚੋਪੜਾ ਦਾ ਕੁੱਤਾ ‘ਰੋਮਿਓ’ ਨਿਤਿਨ ਨਾਲ ਖੇਡਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਨਿਤਿਨ ਦਾ ਧਿਆਨ ਤਾਂ ਮਿਸਿਜ਼ ਚੋਪੜਾ ਤੇ ਉਸ ਦੀ ਛੋਟੀ ਜਿਹੀ ਚੀਨੀ ਵਿਦਿਆਰਥਣ ਵੱਲ ਜ਼ਿਆਦਾ ਸੀ। ਉਸ ਨੇ ਅੰਦਾਜ਼ਾ ਲਾਇਆ ਕਿ ਉਸ ਚੀਨੀ ਬੱਚੀ ਦੀ ਉਮਰ ਅੱਠ ਸਾਲ ਤੋਂ ਵੱਧ ਨਹੀਂ ਹੋਵੇਗੀ। ਮਿਸਿਜ਼ ਚੋਪੜਾ ਤਾਂ ਵੱਧ ਤੋਂ ਵੱਧ ਪੈਂਹਠ ਸਾਲਾਂ ਦੇ ਹੋਣਗੇ। ਜਿਸ ਤਰੀਕੇ ਨਾਲ ਜਾਂ ਇੰਜ ਕਹਿ ਲਓ ਕਿ ਜਿਸ ਪਿਆਰ ਨਾਲ ਮਿਸਿਜ਼ ਚੋਪੜਾ ਉਸ ਚੀਨੀ ਬੱਚੀ ਨੂੰ ਪੜ੍ਹਾ ਰਹੇ ਸਨ, ਨਿਤਿਨ ਨੂੰ ਜਾਪਿਆ ਕਿ ਉਹ ਮਿਸਿਜ਼ ਚੋਪੜਾ ਨਹੀਂ, ਉਸ ਦੀ ਆਪਣੀ ਪਤਨੀ ਰੇਖਾ ਹੈ। ਨਿਤਿਨ ਦੇ ਖ਼ਿਆਲਾਂ ਨੇ ਪਾਸਾ ਪਲਟਿਆ। ਉਸ ਨੂੰ ਆਪਣੀ ਰੇਖਾ ਚੇਤੇ ਆ ਗਈ। ਰੇਖਾ ਵੀ ਇੱਕ ਅਧਿਆਪਕਾ ਸੀ ਤੇ ਆਪਣੇ ਵਿਦਿਆਰਥੀ ਬੱਚਿਆਂ ’ਤੇ ਜਾਨ ਨਿਸ਼ਾਵਰ ਕਰਦੀ ਸੀ। ਨਿਤਿਨ ਨੇ ਮਿਸਿਜ਼ ਚੋਪੜਾ ਦੇ ਚਿਹਰੇ ਵੱਲ ਵੇਖਿਆ। ਮਿਸਿਜ਼ ਚੋਪੜਾ ਦਾ ਚੌੜਾ ਤੇ ਵੱਡਾ ਮੱਥਾ ਬਿਲਕੁਲ ਉਸ ਦੀ ਰੇਖਾ ਦੇ ਮੱਥੇ ਨਾਲ ਮਿਲਦਾ ਸੀ। ਮਿਸਿਜ਼ ਚੋਪੜਾ ਦਾ ਗੋਲ ਚਿਹਰਾ ਬਿਲਕੁਲ ਰੇਖਾ ਦੇ ਗੋਲ ਚਿਹਰੇ ਵਰਗਾ। ਨਿਤਿਨ ਦੇ ਖ਼ਿਆਲਾਂ ਦੀ ਲੜੀ ਟੁੱਟ ਗਈ ਜਦੋਂ ਮਿਸਿਜ਼ ਚੋਪੜਾ ਦੇ ਘਰ ਦੀ ਘੰਟੀ ਵੱਜੀ।

ਚੀਨੀ ਬੱਚੇ ਦਾ ਡੈਡੀ ਉਸ ਨੂੰ ਲੈਣ ਆ ਗਿਆ ਸੀ। ਉਸ ਨੇ ਦੇਰ ਨਾਲ ਆਉਣ ਲਈ ਮਿਸਿਜ਼ ਚੋਪੜਾ ਨੂੰ ਸੌਰੀ ਕਿਹਾ, ਮਿਸਿਜ਼ ਚੋਪੜਾ ਨੇ ਉਸ ਨੂੰ ਉਸ ਦੀ ਬੱਚੀ ਦੀ ਪੜ੍ਹਾਈ ਬਾਰੇ ਕੁਝ ਦੱਸਿਆ ਤੇ ਬੱਚੀ ਦਾ ਡੈਡੀ ਆਪਣੀ ਬੱਚੀ ਨੂੰ ਲੈ ਕੇ ਚਲਾ ਗਿਆ।

“ਨਿਤਿਨ ਜੀ ! ਤੁਸੀਂ ਚਾਹ ਪੀਓਗੇ?” ਮਿਸਿਜ਼ ਚੋਪੜਾ ਨੇ ਨਿਤਿਨ ਨੂੰ ਪੁੱਛਿਆ। ਨਿਤਿਨ ਨੇ ਜਵਾਬ ਦਿੱਤਾ, “ਨਹੀਂ ਮਿਸਿਜ਼ ਚੋਪੜਾ ! ਮੇਰਾ ਚਾਹ ਪੀਣ ਲਈ ਬਿਲਕੁਲ ਜੀਅ ਨਹੀਂ ਕਰਦਾ।”

ਮਿਸਿਜ਼ ਚੋਪੜਾ ਨੇ ਕਿਹਾ, “ਚਲੋ ਮੈਂ ਮੈਂਗੋ ਲੱਸੀ ਬਣਾ ਲੈਂਦੀ ਹਾਂ। ਮੈਂ ਵੀ ਜਦੋਂ ਦੀ ਸਕੂਲੋਂ ਆਈ ਹਾਂ ਕੁਝ ਨਹੀਂ ਖਾਧਾ ਪੀਤਾ।”

ਨਿਤਿਨ ਨੇ ਫਿਰ ਮਨ੍ਹਾਂ ਕਰ ਦਿੱਤਾ, “ਨਹੀਂ ਮਿਸਿਜ਼ ਚੋਪੜਾ! ਮੈਂ ਸ਼ੂਗਰ ਨਹੀਂ ਲੈਂਦਾ। ਮੈਂਗੋ ਲੱਸੀ ਵਿੱਚ ਤਾਂ ਬਹੁਤ ਸ਼ੂਗਰ ਹੁੰਦੀ ਏ।”

ਮਿਸਿਜ਼ ਚੋਪੜਾ ਨੇ ਪੁੱਛਿਆ, “ਕਿਉਂ, ਤੁਹਾਨੂੰ ਡਾਇਬਟੀਜ਼ ਹੈ?”

ਨਿਤਿਨ ਨੂੰ ਜਾਪਿਆ ਕਿ ਇਹ ਡਾਇਬਟੀਜ਼ ਦਾ ਸਵਾਲ ਪੁੱਛਣ ਲੱਗਿਆਂ ਮਿਸਿਜ਼ ਚੋਪੜਾ ਉਦਾਸ ਜਿਹਾ ਹੋ ਗਈ ਸੀ। ਨਿਤਿਨ ਨੇ ਕਿਹਾ, “ਨਹੀਂ, ਮੈਨੂੰ ਡਾਇਬਟੀਜ਼ ਨਹੀਂ, ਪਰ ਇਸ ਤੋਂ ਬਚਣ ਲਈ ਜਿੰਨਾ ਹੋ ਸਕੇ ਸ਼ੂਗਰ ਤੋਂ ਪਰਹੇਜ਼ ਕਰਦਾ ਹਾਂ।”

ਮਿਸਿਜ਼ ਚੋਪੜਾ ਨੇ ਗੱਲਬਾਤ ਜਾਰੀ ਰੱਖੀ, “ਚਲੋ ਫਿਰ ਮੈਂ ਚਾਹ ਹੀ ਬਣਾ ਲੈਂਦੀ ਹਾਂ।” ਅਤੇ ਉਹ ਉੱਠ ਕੇ ਰਸੋਈ ਵਿੱਚ ਚਲੀ ਗਈ।

ਨਿਤਿਨ ਨੂੰ ਜਾਪ ਰਿਹਾ ਸੀ ਕਿ ਉਸ ਦੇ ਸਾਹਮਣੇ ਬੈਠਣਾ ਮਿਸਿਜ਼ ਚੋਪੜਾ ਲਈ ਬਹੁਤਾ ਸੁਖਾਵਾਂ ਨਹੀਂ ਸੀ। ਨਿਤਿਨ ਨੂੰ ਮਹਿਸੂਸ ਹੋਇਆ ਕਿ ਮਿਸਿਜ਼ ਚੋਪੜਾ ਲਈ ਲਿਆਂਦਾ ਤੋਹਫ਼ਾ ਤਾਂ ਅਜੇ ਤੱਕ ਉਸ ਦੇ ਹੱਥ ਵਿੱਚ ਹੀ ਹੈ।

ਜਦ ਮਿਸਿਜ਼ ਚੋਪੜਾ ਰਸੋਈ ਵਿੱਚੋਂ ਬਾਹਰ ਆਏ ਤਾਂ ਉਨ੍ਹਾਂ ਦੀ ਟਰੇਅ ਵਿੱਚ ਚਾਹ ਦਾ ਇੱਕੋ ਕੱਪ ਸੀ। ਉਨ੍ਹਾਂ ਨੇ ਉਹ ਚਾਹ ਦਾ ਕੱਪ ਨਿਤਿਨ ਦੇ ਅੱਗੇ ਪਏ ਛੋਟੇ ਜਿਹੇ ਮੇਜ਼ ’ਤੇ ਰੱਖ ਦਿੱਤਾ। ਨਿਤਿਨ ਨੇ ਮਿਸਿਜ਼ ਚੋਪੜਾ ਨੂੰ ਉਨ੍ਹਾਂ ਲਈ ਲਿਆਂਦਾ ਤੋਹਫ਼ਾ ਦਿੰਦਿਆਂ ਕਿਹਾ, “ਇਹ ਤੁਹਾਨੂੰ ਪਸੰਦ ਆਏਗਾ।”

ਮਿਸਿਜ਼ ਚੋਪੜਾ ਨੇ ਨਿਤਿਨ ਦਾ ਧੰਨਵਾਦ ਕਰਦਿਆਂ ਆਖਿਆ, “ਹੁਣ ਮੈਂ ਤੁਹਾਨੂੰ ‘ਜੀ’ ਕਰਕੇ ਨਹੀਂ ਬੁਲਾਇਆ ਕਰਨਾ। ਬਸ ਤੁਹਾਡਾ ਨਾਮ ਲੈ ਕੇ ਬੁਲਾਇਆ ਕਰਾਂਗੀ।”

ਨਿਤਿਨ ਕਹਿਣ ਲੱਗਾ, “ਮੇਰੇ ਲਈ ਇਸ ਤੋਂ ਵੱਧ ਖ਼ੁਸ਼ੀ ਵਾਲੀ ਗੱਲ ਹੋਰ ਹੋ ਵੀ ਕੀ ਸਕਦੀ ਹੈ, ਪਰ ਤੁਹਾਡਾ ਚਾਹ ਦਾ ਕੱਪ ਕਿੱਥੇ ਹੈ? ਤੁਸੀਂ ਤਾਂ ਕਹਿ ਰਹੇ ਸੀ ਕਿ ਜਦੋਂ ਦੇ ਤੁਸੀਂ ਸਕੂਲੋਂ ਆਏ ਹੋ ਕੁਝ ਨਹੀਂ ਖਾਧਾ ਪੀਤਾ।”

ਮਿਸਿਜ਼ ਚੋਪੜਾ ਕਹਿਣ ਲੱਗੇ, “ਮੇਰਾ ਜੀਅ ਨਹੀਂ ਕਰਦਾ ਕੁਝ ਖਾਣ ਪੀਣ ਨੂੰ। ਪਤਾ ਨਹੀਂ ਕਿਉਂ ? ਬਸ ਹੁਣ ਡਿਨਰ ਹੀ ਕਰਾਂਗੀ।’’

“ਚਲੋ ਕਿਤੇ ਰੈਸਟੋਰੈਂਟ ਵਿੱਚ ਡਿਨਰ ਕਰਨ ਚੱਲਦੇ ਹਾਂ।” ਨਿਤਿਨ ਦੇ ਮੂੰਹੋਂ ਸੁਭਾਵਿਕ ਹੀ ਨਿਕਲ ਗਿਆ।

ਮਿਸਿਜ਼ ਚੋਪੜਾ ਨੇ ਕਿਹਾ, “ਨਹੀਂ, ਅੱਜ ਨਹੀਂ, ਫਿਰ ਕਦੇ ਚੱਲਾਂਗੇ। ਉਹ ਸੌਰੀ ! ਮੈਂ ਚਾਹ ਦੇ ਨਾਲ ਤਾਂ ਕੁਝ ਰੱਖਿਆ ਈ ਨਹੀਂ। ਠਹਿਰੋ ! ਮੈਂ ਕੁਝ ਲੈ ਕੇ ਆਉਂਦੀ ਹਾਂ।”

ਨਿਤਿਨ ਨੇ ਅੱਗੋਂ ਕੁਝ ਨਹੀਂ ਕਿਹਾ। ਬਸ ਚਾਹ ਦਾ ਘੁੱਟ ਭਰਨ ਲੱਗਾ। ਮਿਸਿਜ਼ ਚੋਪੜਾ ਨੇ ਕੁਝ ਨਮਕੀਨ ਤੇ ਕੁਝ ਬਿਸਕੁਟ ਰਸੋਈ ਵਿੱਚੋਂ ਲਿਆ ਕੇ ਨਿਤਿਨ ਦੇ ਅੱਗੇ ਰੱਖ ਦਿੱਤੇ।

ਮਿਸਿਜ਼ ਚੋਪੜਾ ਨੇ ਫਿਰ ਡਾਇਬਟੀਜ਼ ਦੀ ਗੱਲ ਛੇੜ ਦਿੱਤੀ। ਕਹਿਣ ਲੱਗੇ, “ਉਸ ਦੇ ਪਤੀ ਕਰਨਲ ਸਾਹਿਬ ਨੂੰ ਡਾਇਬਟੀਜ਼ ਸੀ। ਗੋਲੀਆਂ ਖਾਂਦੇ ਸਨ, ਡਾਇਬਟੀਜ਼ ਕੰਟਰੋਲ ਵਿੱਚ ਸੀ। ਕਿਸੇ ਸਪੈਸ਼ਲਿਸਟ ਡਾਕਟਰ ਨੇ ਇੰਸੂਲਿਨ ਦੇ ਟੀਕਿਆਂ ’ਤੇ ਪਾ ਦਿੱਤਾ। ਮੈਂ ਬਥੇਰਾ ਕਿਹਾ ਕਿ ਜਦ ਡਾਇਬਟੀਜ਼ ਗੋਲੀਆਂ ਨਾਲ ਕੰਟਰੋਲ ਵਿੱਚ ਹੈ ਤਾਂ ਇੰਸੂਲਿਨ ਦੇ ਟੀਕੇ ਕਿਉਂ ?” ਪਰ ਕਰਨਲ ਸਾਹਿਬ ਨਹੀਂ ਮੰਨੇ।

ਕਹਿਣ ਲੱਗੇ, “ਸਪੈਸ਼ਲਿਸਟ ਨੂੰ ਜ਼ਿਆਦਾ ਪਤਾ ਹੈ ਕਿ ਮੈਨੂੰ।”

ਡਾਇਬਟੀਜ਼ ਤਾਂ ਪਤਾ ਨਹੀਂ ਕੰਟਰੋਲ ਵਿੱਚ ਰਹੀ ਜਾਂ ਨਹੀਂ, ਪਰ ਕਰਨਲ ਸਾਹਿਬ ਜ਼ਿਆਦਾ ਬਿਮਾਰ ਰਹਿਣ ਲੱਗ ਪਏ। ਫਿਰ ਵੇਖਦੇ-ਵੇਖਦੇ ਕਿਡਨੀ ਕੈਂਸਰ ਨਿਕਲ ਆਇਆ।

ਮਿਸਿਜ਼ ਚੋਪੜਾ ਰੋਣ ਲੱਗ ਪਏ। ਰੋਈ ਜਾਣ ਤੇ ਕਰਨਲ ਚੋਪੜਾ ਦੀ ਕਹਾਣੀ ਸੁਣਾਈ ਜਾਣ, “ਚਾਹ ਤਾਂ ਹਮੇਸ਼ਾਂ ਕਰਨਲ ਸਾਹਿਬ ਹੀ ਬਣਾਉਂਦੇ ਸਨ। ਜਦੋਂ ਦੇ ਕਰਨਲ ਸਾਹਿਬ ਗਏ ਹਨ, ਮੈਂ ਚਾਹ ਨਹੀਂ ਪੀਤੀ।”

ਨਿਤਿਨ ਨੂੰ ਹੁਣ ਸਮਝ ਆਈ ਕਿ ਮਿਸਿਜ਼ ਚੋਪੜਾ ਨੇ ਉਸ ਨਾਲ ਚਾਹ ਕਿਉਂ ਨਹੀਂ ਪੀਤੀ। ਮਿਸਿਜ਼ ਚੋਪੜਾ ਦਾ ਰੋਣਾ ਵਧਦਾ ਹੀ ਗਿਆ। ਨਿਤਿਨ ਕੋਲੋਂ ਰਿਹਾ ਨਾ ਗਿਆ। ਉੱਠ ਕੇ ਮਿਸਿਜ਼ ਚੋਪੜਾ ਨੂੰ ਕੁਝ ਦੇਰ ਗਲਵੱਕੜੀ ਵਿੱਚ ਲਿਆ ਤੇ ਫਿਰ ਵਾਪਸ ਸੋਫ਼ੇ ’ਤੇ ਬੈਠ ਕੇ ਮਿਸਿਜ਼ ਚੋਪੜਾ ਦਾ ਹੱਥ ਆਪਣੇ ਹੱਥ ਵਿੱਚ ਲੈ ਕੇ ਦਿਲਾਸਾ ਦਿੰਦਾ ਰਿਹਾ। ਮਿਸਿਜ਼ ਚੋਪੜਾ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਨਿਤਿਨ ਅੱਗੇ ਢੇਰੀ ਕਰ ਦਿੱਤਾ ਸੀ।

ਮਿਸਿਜ਼ ਚੋਪੜਾ ਦਾ ਕੁੱਤਾ ਰੋਮਿਓ ਚੂੰ-ਚੂੰ ਕਰਨ ਲੱਗ ਪਿਆ। ਸ਼ਾਇਦ ਉਹ ਮਿਸਿਜ਼ ਚੋਪੜਾ ਦਾ ਦੁੱਖ ਸਮਝ ਰਿਹਾ ਸੀ। ਉਹ ਮਿਸਿਜ਼ ਚੋਪੜਾ ਦੇ ਚਿਹਰੇ ਵੱਲ ਵੇਖ ਕੇ ਹੌਲੀ-ਹੌਲੀ ਭੌਂਕਣ ਲੱਗ ਪਿਆ। ਸ਼ਾਇਦ ਦਿਲਾਸਾ ਦੇ ਰਿਹਾ ਸੀ। ਮਿਸਿਜ਼ ਚੋਪੜਾ ਨੇ ਆਪਣੀਆਂ ਅੱਖਾਂ ਸਾਫ਼ ਕੀਤੀਆਂ ਤੇ ਕਹਿਣ ਲੱਗੇ, “ਇਸ ਦਾ ਬਾਹਰ ਜਾਣ ਦਾ ਵੇਲਾ ਹੋ ਗਿਆ ਹੈ।” ਤੇ ਫਿਰ ਮਿਸਿਜ਼ ਚੋਪੜਾ ਨੇ ਪੌੜੀਆਂ ਦੇ ਥੱਲੇ ਵਾਲੇ ਸਟੋਰ ਵਿੱਚੋਂ ਰੋਮਿਓ ਦੀ ਸੰਗਲੀ ਲਿਆ ਕੇ ਉਸ ਦੇ ਗਲ਼ ਬੰਨ੍ਹ ਦਿੱਤੀ।

ਨਿਤਿਨ ਲਈ ਮਿਸਿਜ਼ ਚੋਪੜਾ ਦਾ ਇਹ ਇਸ਼ਾਰਾ ਕਾਫ਼ੀ ਸੀ ਕਿ ਉਹ ਉੱਥੋਂ ਚਲਾ ਜਾਵੇ। ਉਸ ਲਈ ਵੀ ਹੁਣ ਮਿਸਿਜ਼ ਚੋਪੜਾ ਦੇ ਘਰ ਬੈਠਣਾ ਮੁਸ਼ਕਲ ਹੋ ਰਿਹਾ ਸੀ। ਉਸ ਨੂੰ ਆਪਣੀ ਰੇਖਾ ਦੀ ਬਹੁਤ ਯਾਦ ਆਉਣ ਲੱਗੀ।

ਨਿਤਿਨ ਨੇ ਰੋਮੀਓ ਨੂੰ ਪੁਚਕਾਰਿਆ ਤੇ ਕਿਹਾ, “ਰੋਮੀਓ ! ਆਪਣੀ ਮੈਡਮ ਦਾ ਖ਼ਿਆਲ ਰੱਖੀਂ।”

ਤੇ ਨਿਤਿਨ, ਮਿਸਿਜ਼ ਚੋਪੜਾ ਨੂੰ ‘ਨਮਸਤੇ’ ਕਹਿ ਕੇ ਉਸ ਦੇ ਘਰ ’ਚੋਂ ਬਾਹਰ ਨਿਕਲ ਗਿਆ।

Advertisement
Show comments