ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਲਵਿਦਾ ਪਿਯੂਸ਼ !

ਐਡ ਗੁਰੂ ਪਿਯੂਸ਼ ਪਾਂਡੇ ਇਸ ਦੁਨੀਆ ਵਿੱਚ ਨਹੀਂ ਰਹੇ। ਬੀਤੇ ਵੀਰਵਾਰ ਮੁੰਬਈ ਵਿੱਚ ਸਵੇਰ ਵੇਲੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਹ ਖ਼ਬਰ ਸਭ ਤੋਂ ਪਹਿਲਾਂ ਉਨ੍ਹਾਂ ਦੀ ਭੈਣ ਤ੍ਰਿਪਤੀ ਪਾਂਡੇ ਨੇ ਵੀਰਵਾਰ ਨੂੰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ। ਉਨ੍ਹਾਂ ਲਿਖਿਆ, ‘ਸਾਡੇ...
Advertisement

ਐਡ ਗੁਰੂ ਪਿਯੂਸ਼ ਪਾਂਡੇ ਇਸ ਦੁਨੀਆ ਵਿੱਚ ਨਹੀਂ ਰਹੇ। ਬੀਤੇ ਵੀਰਵਾਰ ਮੁੰਬਈ ਵਿੱਚ ਸਵੇਰ ਵੇਲੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਹ ਖ਼ਬਰ ਸਭ ਤੋਂ ਪਹਿਲਾਂ ਉਨ੍ਹਾਂ ਦੀ ਭੈਣ ਤ੍ਰਿਪਤੀ ਪਾਂਡੇ ਨੇ ਵੀਰਵਾਰ ਨੂੰ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ। ਉਨ੍ਹਾਂ ਲਿਖਿਆ, ‘ਸਾਡੇ ਪਿਆਰੇ ਭਰਾ, ਪਿਯੂਸ਼ ਪਾਂਡੇ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਨਾ ਸਿਰਫ਼ ਭਾਰਤੀ ਇਸ਼ਤਿਹਾਰਬਾਜ਼ੀ ਦੀ ਦੁਨੀਆ ਦਾ ਇੱਕ ਸਿਤਾਰਾ ਸੀ, ਸਗੋਂ ਆਪਣੀਆਂ ਸੰਵੇਦਨਸ਼ੀਲ ਟੈਗ ਲਾਈਨਾਂ ਸਦਕਾ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਚਮਕਦਾ ਰਹੇਗਾ।’ ਪਿਯੂਸ਼ ਪਾਂਡੇ ਦੀ ਮੌਤ ਦੀ ਖ਼ਬਰ ਨਾਲ ਭਾਰਤੀ ਵਿਗਿਆਪਨ ਜਗਤ ਵਿੱਚ ਇਕ ਸਦਮੇ ਦੀ ਲਹਿਰ ਛਾ ਗਈ ਹੈ।

‘ਮਿਲੇ ਸੁਰ ਮੇਰਾ ਤੁਮਹਾਰਾ’, ‘ਅਬ ਕੀ ਬਾਰ ਮੋਦੀ ਸਰਕਾਰ’ ਤੇ ‘ਫੈਵੀਕੋਲ ਕਾ ਮਜ਼ਬੂਤ ਜੋੜ ਹੈ, ਟੂਟੇਗਾ ਨਹੀਂ’ ਵਰਗੀਆਂ ਅਮਰ ਟੈਗ ਲਾਈਨਾਂ ਦੇਣ ਵਾਲੇ ਪਿਯੂਸ਼ ਪਾਂਡੇ ਜ਼ਿੰਦਗੀ ਦੀ ਟੈਗ ਲਾਈਨ ਤੋਂ ਬਾਹਰ ਹੋ ਗਏ। ਸਦਾ ਖਿੜੇ ਮੱਥੇ ਰਹਿਣ ਵਾਲੇ ਤੇ ਕਲਾ ਨੂੰ ਪ੍ਰਣਾਏ ਹੋਏ ਪਿਯੂਸ਼ ਪਾਂਡੇ ਯਾਰਾਂ ਦੇ ਯਾਰ ਸਨ। ਅੱਜ ਉਨ੍ਹਾਂ ਦੀ ਜੰਮਣ ਭੂਮੀ ਜੈਪੁਰ ਸ਼ਹਿਰ, ਸੋਗ ਵਿੱਚ ਹੈ ਤੇ ਜਵਾਹਰ ਕਲਾ ਕੇਂਦਰ ਵਿੱਚ ਕੌਫੀ ਦੀਆਂ ਚੁਸਕੀਆਂ ਭਰਦਿਆਂ ਉਨ੍ਹਾਂ ਦੇ ਕਿੱਸੇ ਸੁਣਨ ਵਾਲੇ ਸਾਡੇ ਵਰਗੇ ਦੋਸਤ ਹੁਣ ਇਸ ਸੁਭਾਗ ਤੋਂ ਮਰਹੂਮ ਹੋ ਗਏ ਹਨ। ਭਾਰਤੀ ਇਸ਼ਤਿਹਾਰਬਾਜ਼ੀ ਨੂੰ ਇੱਕ ਵਿਲੱਖਣ ਸ਼ੈਲੀ ਅਤੇ ਪਛਾਣ ਦੇਣ ਦਾ ਸਿਹਰਾ ਪਿਯੂਸ਼ ਪਾਂਡੇ ਦੇ ਸਿਰ ਜਾਂਦਾ ਹੈ। ਉਹ 40 ਸਾਲਾਂ ਤੋਂ ਵੱਧ ਸਮੇਂ ਤੋਂ ਇਸ਼ਤਿਹਾਰਬਾਜ਼ੀ ਕੰਪਨੀ ਓਗਿਲਵੀ ਇੰਡੀਆ ਨਾਲ ਜੁੜੇ ਹੋਏ ਸਨ।

Advertisement

ਪਿਯੂਸ਼ ਪਾਂਡੇ ਦਾ ਜਨਮ 5 ਸਤੰਬਰ 1955 ਵਿੱਚ ਜੈਪੁਰ ਵਿੱਚ ਹੋਇਆ ਸੀ ਤੇ ਉਹ ਸੱਤ ਧੀਆਂ ਤੇ ਦੋ ਪੁੱਤਰਾਂ ਵਾਲੇ ਪਰਿਵਾਰ ਵਿੱਚ ਸਭ ਤੋਂ ਵੱਡਾ ਸੀ। ਉਨ੍ਹਾਂ ਦੇ ਭੈਣ-ਭਰਾਵਾਂ ਵਿੱਚ ਫਿਲਮ ਨਿਰਦੇਸ਼ਕ ਪ੍ਰਸੂਨ ਪਾਂਡੇ ਅਤੇ ਗਾਇਕਾ-ਅਦਾਕਾਰਾ ਇਲਾ ਅਰੁਣ ਸ਼ਾਮਲ ਹਨ। ਉਨ੍ਹਾਂ ਦੇ ਪਿਤਾ ਰਾਜਸਥਾਨ ਰਾਜ ਸਹਿਕਾਰੀ ਬੈਂਕ ਵਿੱਚ ਕੰਮ ਕਰਦੇ ਸਨ। ਪਾਂਡੇ ਨੇ ਮੁੱਢਲੀ ਸਿੱਖਿਆ ਜੈਪੁਰ ਦੇ ਸੇਂਟ ਜ਼ੇਵੀਅਰ ਸਕੂਲ ਤੋਂ ਪ੍ਰਾਪਤ ਕੀਤੀ ਤੇ ਦਿੱਲੀ ਦੇ ਸੇਂਟ ਸਟੀਫਨ ਕਾਲਜ ਤੋਂ ਇਤਿਹਾਸ ਵਿੱਚ ਮਾਸਟਰ’ਜ਼ ਦੀ ਡਿਗਰੀ ਹਾਸਲ ਕੀਤੀ।

ਪਿਯੂਸ਼ ਪਾਂਡੇ ਨੂੰ ਉਸ ਦੀ ਰਚਨਾਤਮਿਕਤਾ ਲਈ 2024 ਵਿੱਚ LIA ਲੈਜੈਂਡ ਐਵਾਰਡ ਅਤੇ 2016 ਵਿੱਚ ਪਦਮ ਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਪਾਂਡੇ 1982 ਵਿੱਚ ਗਾਹਕ ਸੇਵਾ ਕਾਰਜਕਾਰੀ ਵਜੋਂ ਓਗਿਲਵੀ ’ਚ ਸ਼ਾਮਲ ਹੋਏ। ਸਨਲਾਈਟ ਡਿਟਰਜੈਂਟ ਪ੍ਰਿੰਟ ਇਸ਼ਤਿਹਾਰ ਉਨ੍ਹਾਂ ਦਾ ਪਹਿਲਾ ਇਸ਼ਤਿਹਾਰ ਸੀ। ਛੇ ਸਾਲਾਂ ਬਾਅਦ, ਉਹ ਰਚਨਾਤਮਕ ਵਿਭਾਗ ਵਿੱਚ ਚਲੇ ਗਏ, ਜਿੱਥੇ ਉਨ੍ਹਾਂ ਲੂਨਾ ਮੋਪੇਡ, ਫੈਵੀਕੋਲ, ਕੈਡਬਰੀ ਅਤੇ ਏਸ਼ੀਅਨ ਪੇਂਟਸ ਵਰਗੇ ਬ੍ਰਾਂਡਾਂ ਲਈ ਕਈ ਮਹੱਤਵਪੂਰਨ ਇਸ਼ਤਿਹਾਰ ਬਣਾਏ। ਪਾਂਡੇ ਨੂੰ 1994 ਵਿੱਚ ਡਾਇਰੈਕਟਰ ਬੋਰਡ ਵਿੱਚ ਨਾਮਜ਼ਦ ਕੀਤਾ ਗਿਆ। ਉਨ੍ਹਾਂ ਦੀ ਅਗਵਾਈ ਹੇਠ ਓਗਿਲਵੀ ਇੰਡੀਆ ਨੂੰ ਏਜੰਸੀ ਰਿਕੌਨਰ ਵਿੱਚ ਲਗਾਤਾਰ 12 ਸਾਲਾਂ ਲਈ ਨੰਬਰ ਇੱਕ ਏਜੰਸੀ ਦਾ ਦਰਜਾ ਦਿੱਤਾ ਗਿਆ ਹੈ, ਜੋ ‘ਦਿ ਇਕਨਾਮਿਕ ਟਾਈਮਜ਼’ ਦੁਆਰਾ ਕਰਵਾਇਆ ਗਿਆ ਸੁਤੰਤਰ ਮਾਰਕੀਟਿੰਗ ਅਤੇ ਇਸ਼ਤਿਹਾਰਬਾਜ਼ੀ ਸਰਵੇਖਣ ਹੈ। ਉਹ ਕਾਨਸ ਲਾਇਨਜ਼ ਫੈਸਟੀਵਲ ਲਈ ਏਸ਼ੀਆ ਤੋਂ ਪਹਿਲੇ ਜਿਊਰੀ ਪ੍ਰਧਾਨ ਬਣੇ ਸਨ। ਓਗਿਲਵੀ ਐਂਡ ਮੈਥਰ ਇਸ ਦੌਰਾਨ ਭਾਰਤ ਦੀ ਸਭ ਤੋਂ ਵੱਡੀ ਇਸ਼ਤਿਹਾਰਬਾਜ਼ੀ ਏਜੰਸੀ ਬਣੀ। ਪਿਯੂਸ਼ ਪਾਂਡੇ ਨੇ ਬਰਲਿਨ ਸਕੂਲ ਆਫ਼ ਕ੍ਰਿਏਟਿਵ ਲੀਡਰਸ਼ਿਪ ਵਿੱਚ ਦੁਨੀਆ ਭਰ ਦੇ ਰਚਨਾਤਮਕ ਕਲਾਕਾਰਾਂ ਨੂੰ ਸਲਾਹ ਦਿੱਤੀ। ਭਾਰਤ ਵਿੱਚ ਪਾਂਡੇ ਦੁਆਰਾ ਡਿਜ਼ਾਈਨ ਕੀਤੇ ਗਏ ਮਹੱਤਵਪੂਰਨ ਇਸ਼ਤਿਹਾਰਬਾਜ਼ੀ ਟੈਗ ਲਾਈਨ ਪ੍ਰਸਿੱਧ ਹੋਏ ਕਿ ਹੁਣ ਉਹ ਬੱਚੇ ਬੱਚੇ ਦੀ ਜ਼ੁਬਾਨ ’ਤੇ ਚੜ੍ਹੇ ਹੋਏ ਹਨ। ਇਨ੍ਹਾਂ ਵਿੱਚ ਭਾਜਪਾ ਦੀ 2014 ਦੀ ਚੋਣ ਮੁਹਿੰਮ ‘ਅਬਕੀ ਬਾਰ ਮੋਦੀ ਸਰਕਾਰ’, ‘ਅੱਛੇ ਦਿਨ ਆਨੇ ਵਾਲੇ ਹੈਂ’ ਤੇ ਅਮਿਤਾਭ ਬੱਚਨ ਨਾਲ ਪੋਲੀਓ ਮੁਹਿੰਮ ‘ਦੋ ਬੂੰਦ ਜ਼ਿੰਦਗੀ ਕੀ’, ਫੈਵੀਕੋਲ ਲਈ ‘ਤੋੜੋ ਨਹੀਂ, ਜੋੜੋ’, ‘ਚਲ ਮੇਰੀ ਲੂਨਾ’ ਤੇ ਕੈਡਬਰੀ ਡੇਅਰੀ ਮਿਲਕ ਲਈ ‘ਕੁਛ ਖਾਸ ਹੈ’ ਏਸ਼ੀਅਨ ਪੇਂਟਸ ਇਸ਼ਤਿਹਾਰ ਮੁਹਿੰਮਾਂ ਜਿਵੇਂ ‘ਹਰ ਘਰ ਕੁਛ ਕਹਿਤਾ ਹੈ’ ਸ਼ਾਮਲ ਹਨ।

1988 ਵਿੱਚ ਕੌਮੀ ਏਕਤਾ ਮੁਹਿੰਮ ਲਈ ਤਿਆਰ ਕੀਤਾ ਗੀਤ ‘ਮਿਲੇ ਸੁਰ ਮੇਰਾ ਤੁਮਹਾਰਾ’ ਵੀ ਪਿਯੂਸ਼ ਪਾਂਡੇ ਦਾ ਲਿਖਿਆ ਸੀ ਜੋ ਕਰੋੜਾਂ ਹੀ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਵਸਿਆ ਹੋਇਆ ਹੈ। ਇਸ ਗੀਤ ਨੂੰ ਵਿਸ਼ਵ ਦੀਆਂ 34 ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਇਸੇ ਤਰ੍ਹਾਂ ਪਾਂਡੇ ਨੇ ‘ਭੋਪਾਲ ਐਕਸਪ੍ਰੈੱਸ’ ਲਈ ਸਕ੍ਰੀਨਪਲੇਅ ਵੀ ਲਿਖਿਆ। ਪਾਂਡੇ ਨੇ ਕਈ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚੋਂ ਪੈਂਡੇਮੋਨੀਅਮ (2015) ਤੇ ਓਪਨ ਹਾਊਸ (2022) ਕਾਫੀ ਮਕਬੂਲ ਹੋਈਆਂ। ਪਿਯੂਸ਼ ਪਾਂਡੇ ਨੇ ਜੌਨ ਅਬਰਾਹਮ ਅਤੇ ਨਰਗਿਸ ਫਾਖਰੀ ਦੀ ਫਿਲਮ ‘ਮਦਰਾਸ ਕੈਫੇ’ ਤੇ ਮੈਜਿਕ ਪੈਨਸਿਲ ਪ੍ਰਾਜੈਕਟ ਵੀਡੀਓ (ICICI ਬੈਂਕ ਦੁਆਰਾ ਇੱਕ ਮਾਰਕੀਟਿੰਗ ਮੁਹਿੰਮ) ਵਿੱਚ ਅਦਾਕਾਰੀ ਵੀ ਕੀਤੀ ਸੀ।

ਪਾਂਡੇ ਨੂੰ ‘ਦਿ ਇਕਨੌਮਿਕ ਟਾਈਮਜ਼’ ਦੁਆਰਾ ਲਗਾਤਾਰ ਅੱਠ ਸਾਲਾਂ ਲਈ ਭਾਰਤੀ ਇਸ਼ਤਿਹਾਰਬਾਜ਼ੀ ਦੀ ਸਭ ਤੋਂ ਪ੍ਰਭਾਵਸ਼ਾਲੀ ਸ਼ਖ਼ਸੀਅਤ ਵਜੋਂ ਨਾਮਜ਼ਦ ਕੀਤਾ ਗਿਆ। 2000 ਵਿੱਚ ਮੁੰਬਈ ਦੇ ਐਡਵਰਟਾਈਜ਼ਿੰਗ ਕਲੱਬ ਨੇ ਫੈਵੀਕੁਇਕ ਲਈ ਉਨ੍ਹਾਂ ਦੇ ਇਸ਼ਤਿਹਾਰ ਨੂੰ ਸਦੀ ਦੇ ਵਿਗਿਆਪਨ ਵਜੋਂ ਤੇ ਕੈਡਬਰੀ ਲਈ ਉਨ੍ਹਾਂ ਦੇ ਕੰਮ ਨੂੰ ਸਦੀ ਦੀ ਮੁਹਿੰਮ ਵਜੋਂ ਚੁਣਿਆ।

ਪਿਯੂਸ਼ ਪਾਂਡੇ ਦੀਆਂ ਯਾਦਾਂ ਵਿੱਚ ਜੈਪੁਰ ਸ਼ਹਿਰ ਹਮੇਸ਼ਾ ਤਾਜ਼ਾ ਰਿਹਾ ਹੈ। ਉਹ ਜਦੋਂ ਵੀ ਜੈਪੁਰ ਆਉਂਦੇ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਦੇ। ਪਾਂਡੇ ਦੀਆਂ ਭੈਣਾਂ ਰਮਾ ਪਾਂਡੇ ਫਿਲਮ ਪ੍ਰੋਡਿਊਸਰ ਅਤੇ ਟੀਵੀ ਮੇਜ਼ਬਾਨ ਰਹੀ ਹੈ ਤੇ ਇਲਾ ਅਰੁਣ ਗਾਇਕਾ ਵਜੋਂ ਫਿਲਮ ਇੰਡਸਟਰੀ ਵਿੱਚ ਮਸ਼ਹੂਰ ਹੈ। ਉਨ੍ਹਾਂ ਦੀ ਭੈਣ ਤ੍ਰਿਪਤੀ ਪਾਂਡੇ ਵੀ ਟੂਰਿਜ਼ਮ ਦੇ ਖੇਤਰ ਵਿੱਚ ਮਕਬੂਲ ਹੈ।

ਕਰੋੜਾਂ ਲੋਕਾਂ ਦੀ ਨਬਜ਼ ਪਛਾਣਨ ਵਾਲੇ ਦਿਹਾਤੀ ਲੋਕ ਭਾਸ਼ਾ ਦੇ ਪਹਿਲੇ ਇਸ਼ਤਿਹਾਰਬਾਜ਼ੀ ਐਡ ਗੁਰੂ ਦੁਨੀਆ ਤੋਂ ਰੁਖ਼ਸਤ ਹੋ ਗਏ ਪਰ ਉਨ੍ਹਾਂ ਦੀਆਂ ਯਾਦਾਂ ਵੀ ਉਨ੍ਹਾਂ ਦੀਆਂ ਸਿਰਜੀਆਂ ਟੈਗ ਲਾਈਨਾਂ ਵਾਂਗ ਸਭ ਦੇ ਦਿਲਾਂ ਵਿੱਚ ਸਦਾ ਅਮਰ ਰਹਿਣਗੀਆਂ। ਅਲਵਿਦਾ ਪੀਯੂਸ਼!

* ਲੇਖਕ ਉੱਘੇ ਬ੍ਰਾਡਕਾਸਟਰ, ਮੀਡੀਆ ਵਿਸ਼ਲੇਸ਼ਕ ਅਤੇ ਦੂਰਦਰਸ਼ਨ ਦੇ ਉਪ ਮਹਾਨਿਦੇਸ਼ਕ ਰਹੇ ਹਨ।

Advertisement
Show comments