ਭਲੇ ਸਮੇਂ ਦੀ ਗੱਲ
ਦੋ ਛੁੱਟੀਆਂ ਹੋਣ ਕਾਰਨ ਮੈਂ ਆਪਣੇ ਸ਼ਹਿਰ ਜਾਣਾ ਸੀ। ਦਫ਼ਤਰ ਛੁੱਟੀ ਹੋਣ ਤੋਂ ਬਾਅਦ ਮੈਂ ਸਿੱਧਾ ਬੱਸ ਅੱਡੇ ਪਹੁੰਚੀ। ਮੇਰੇ ਸ਼ਹਿਰ ਜਾਣ ਵਾਲੀ ਬੱਸ ਤੁਰ ਰਹੀ ਸੀ। ਮੈਂ ਭੱਜ ਕੇ ਚੱਲਦੀ ਬੱਸ ਵਿੱਚ ਜਾ ਚੜ੍ਹੀ। ਸਾਰੀ ਬੱਸ ਭਰੀ ਹੋਈ ਸੀ। ਪਹਿਲਾਂ ਮੈਂ ਸੋਚਿਆ ਕਿ ਬੱਸ ਵਿੱਚੋਂ ਉੱਤਰ ਜਾਵਾਂ ਪਰ ਸ਼ਹਿਰ ਪਹੁੰਚਣ ਲਈ ਘੱਟੋ ਘੱਟ ਤਿੰਨ-ਚਾਰ ਘੰਟੇ ਲੱਗਣੇ ਸਨ ਤੇ ਮੈਂ ਪਹਿਲਾਂ ਹੀ ਲੇਟ ਸੀ। ਇਸ ਲਈ ਮੈਂ ਸੋਚਿਆ ਕਿ ਦਫ਼ਤਰ ਵਿੱਚ ਸਾਰਾ ਦਿਨ ਬੈਠੀ ਹੀ ਰਹੀ ਹਾਂ, ਜੇਕਰ ਕੁਝ ਸਮਾਂ ਖੜ੍ਹਨਾ ਪੈ ਗਿਆ ਤਾਂ ਕੋਈ ਗੱਲ ਨਹੀਂ। ਬੱਸ ਜਦੋਂ ਏਅਰਪੋਰਟ ਰੋਡ ਲੰਘ ਗਈ ਤਾਂ ਕੰਡਕਟਰ ਟਿਕਟਾਂ ਕੱਟਦਾ-ਕੱਟਦਾ ਸਾਡੇ ਕੋਲ ਬੱਸ ਦੇ ਪਿਛਲੇ ਹਿੱਸੇ ਵਿੱਚ ਆ ਪਹੁੰਚਿਆ। ਉਹ ਸਾਰੀ ਬੱਸ ਦੀਆਂ ਸਵਾਰੀਆਂ ਦੀਆਂ ਟਿਕਟਾਂ ਕੱਟ ਵਾਪਸ ਜਾ ਰਿਹਾ ਸੀ ਅਤੇ ਉੱਚੀ ਉੱਚੀ ਕਹਿ ਰਿਹਾ ਸੀ, “ਜੇ ਕਿਸੇ ਦੀ ਟਿਕਟ ਰਹਿ ਗਈ ਹੈ ਤਾਂ ਆਵਾਜ਼ ਦੇ ਕੇ ਲੈ ਲਿਓ।”
ਉਹ ਇਹ ਕਹਿੰਦਾ ਹੋਇਆ ਮੁੜ ਡਰਾਈਵਰ ਕੋਲ ਕੰਡਕਟਰ ਸੀਟ ’ਤੇ ਜਾ ਬੈਠਾ।
ਥੋੜ੍ਹੀ ਦੂਰ ਤੱਕ ਬੱਸ ਵਿੱਚ ਸ਼ਾਂਤੀ ਬਣੀ ਰਹੀ। ਕੁਝ ਸਮੇਂ ਬਾਅਦ ਮੇਰੇ ਕੋਲ ਬੱਸ ਦੀ ਸੀਟ ’ਤੇ ਬੈਠੀਆਂ ਦੋ ਔਰਤਾਂ ਅਤੇ ਇੱਕ ਮੁੰਡੇ ਦੀ ਆਵਾਜ਼ ਉੱਚੀ-ਉੱਚੀ ਆਉਣ ਲੱਗੀ। ਮੁੰਡਾ ਮੇਰੇ ਕੋਲ ਦੀ ਲੰਘਦਾ ਹੋਇਆ ਅੱਗੇ ਲੰਘ ਗਿਆ। ਉਨ੍ਹਾਂ ’ਚੋਂ ਇੱਕ ਔਰਤ ਨੇ ਮੈਨੂੰ ਬੈਠਣ ਲਈ ਕਿਹਾ ਕਿ ਜਿੰਨਾ ਚਿਰ ਮੁੰਡਾ ਵਾਪਸ ਨਹੀਂ ਆਉਂਦਾ ਤੁਸੀਂ ਬੈਠ ਜਾਓ। ‘‘ਤੁਸੀਂ ਕਿੱਥੇ ਜਾ ਰਹੇ ਹੋ?’’ ਉਸ ਨੇ ਗੱਲਬਾਤ ਸ਼ੁਰੂ ਕਰਨ ਲਈ ਮੈਨੂੰ ਪੁੱਛਿਆ।
ਮੈਂ ਦੱਸਿਆ ਕਿ ਮੈਂ ਆਪਣੇ ਘਰ ਜਾ ਰਹੀ ਹਾਂ, ਨੌਕਰੀ ਕਾਰਨ ਚੰਡੀਗੜ੍ਹ ਰਹਿੰਦੀ ਹਾਂ।
“ਤੁਸੀਂ ਲੇਟ ਨੀ ਹੋ ਗਏ?” ਉਸ ਨੇ ਮੈਨੂੰ ਕਿਹਾ।
“ਨਹੀਂ ਕੋਈ ਡਰ ਨਹੀਂ। ਪੜ੍ਹਨ ਅਤੇ ਨੌਕਰੀ ਕਰਨ ਵਾਲੀਆਂ ਔਰਤਾਂ ਰਾਤ 10 ਵਜੇ ਤੱਕ ਆਮ ਹੀ ਬੱਸ ਸਫ਼ਰ ਕਰਦੀਆਂ ਹਨ।” ਮੈਂ ਉਸ ਨੂੰ ਕਿਹਾ।
ਉਸ ਦਾ ਪੇਕਾ ਪਿੰਡ ਰਾਜਪੁਰਾ-ਅੰਬਾਲਾ ਰੋਡ ’ਤੇ ਪੈਂਦਾ ਸੀ। ਛੁੱਟੀਆਂ ਕਾਰਨ ਉਹ ਵੀ ਆਪਣੇ ਪੇਕੇ ਘਰ ਚੱਲੀ ਸੀ। ਉਹ ਵੀ ਚੰਡੀਗੜ੍ਹ ਦੇ ਇੱਕ ਸਰਕਾਰੀ ਸਕੂਲ ਵਿੱਚ ਨੌਕਰੀ ਕਰਦੀ ਸੀ, ਪਰ ਉਸ ਦੀ ਨੌਕਰੀ ਪੱਕੀ ਨਹੀਂ ਸੀ। ਉਸ ਤੋਂ ਪਹਿਲਾਂ ਉਸ ਦਾ ਪਤੀ ਵੀ 11 ਸਾਲ ਉਸੇ ਸਕੂਲ ਵਿੱਚ ਕੱਚੀ ਨੌਕਰੀ ਕਰਦਾ ਰਿਹਾ ਸੀ। ਉਸ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ’ਤੇ ਉਸ ਨੂੰ ਨੌਕਰੀ ਮਿਲ ਗਈ ਸੀ।
ਕੰਡਕਟਰ ਮੂਹਰੇ ਅਤੇ ਮੁੰਡਾ ਉਸ ਦੇ ਪਿੱਛੇ ਸਾਡੇ ਵੱਲ ਆ ਗਿਆ। ਕੰਡਕਟਰ ਆਉਂਦਾ ਹੀ ਕਹਿਣ ਲੱਗਿਆ, “ਮਾਤਾ, ਤੁਸੀਂ ਟਿਕਟ ਕਿਉਂ ਨਹੀਂ ਲਈ! ਮੈਂ ਸਾਰੀ ਬੱਸ ਵਿੱਚ ਉੱਚੀ ਉੱਚੀ ਬੋਲ ਕੇ ਕਿਹਾ ਕਿ ਭਾਈ ਜੇ ਕਿਸੇ ਦੀ ਟਿਕਟ ਰਹਿ ਗਈ ਤਾਂ ਲੈ ਲਿਓ। ਤੁਸੀਂ ਉਦੋਂ ਕਿਉਂ ਨਹੀਂ ਬੋਲੇ। ਜੇਕਰ ਕੋਈ ਚੈੱਕਰ ਚੜ੍ਹ ਜਾਂਦਾ ਤਾਂ ਮੇਰੀ ਨੌਕਰੀ ਤਾਂ ਗਈ ਸੀ। ਮੈਂ ਤਾਂ ਪੂਰੇ ਦਸ ਸਾਲ ਬਾਅਦ ਕੋਰਟ ਕੇਸ ਜਿੱਤ ਕੇ ਨੌਕਰੀ ਲਈ ਹੈ।”
‘‘ਭਾਈ, ਮੈਂ ਤਾਂ ਕਿਹਾ ਸੀ, ਤੂੰ ਹੀ ਨਹੀਂ ਸੁਣਿਆ। ਤੂੰ ਕਹੀ ਜਾਂਦਾ ਸੀ ਬਈ ਬਨੂੜ ਨਹੀਂ ਰੁਕਣੀ ਬੱਸ, ਸਾਡਾ ਸਟੌਪੇਜ ਨਹੀਂ ਉੱਥੇ, ਅਸੀਂ ਉੱਥੇ ਰੋਕ ਨਹੀਂ ਸਕਦੇ। ਚੱਲ ਕੋਈ ਨਹੀਂ, ਰਾਜਪੁਰੇ ਦੀ ਟਿਕਟ ਦੇ ਦੇ,” ਉਸ ਔਰਤ ਨੇ ਝਗੜਾ ਮੁਕਾਉਂਦਿਆਂ ਕਿਹਾ।
ਕੰਡਕਟਰ ਨੇ ਟਿਕਟ ਕੱਟ ਕੇ ਦਿੱਤੀ ਅਤੇ ਬਾਕੀ ਬਚੇ ਪੈਸੇ ਉਸ ਦੇ ਹੱਥ ਫੜਾਏ।
“ਅੱਗੇ ਤੋਂ ਪੁੱਛ ਕੇ ਚੜ੍ਹਿਆ ਕਰੋ,” ਇਹ ਕਹਿੰਦਾ ਕੰਡਕਟਰ ਡਰਾਈਵਰ ਵੱਲ ਚਲਾ ਗਿਆ।
ਉਹ ਮੁੰਡਾ ਵੀ ਪਿਛਲੀ ਸੀਟ ’ਤੇ ਮੁੰਡਿਆਂ ਨਾਲ ਬੈਠ ਗਿਆ।
ਉਹ ਔਰਤ ਕਹਿਣ ਲੱਗੀ, ‘‘ਮੇਰੀਆਂ ਦੋ ਕੁੜੀਆਂ ਹਨ। ਦੋਵੇਂ ਵਿਆਹੀਆਂ ਹੋਈਆਂ ਹਨ। ਵੱਡੀ ਸੁਖੀ ਵਸਦੀ ਹੈ। ਛੋਟੀ ਦੇ ਸਹੁਰੇ ਤੰਗ ਕਰਦੇ ਹਨ।’’
“ਕਿਉਂ ਤੰਗ ਕਰਦੇ ਨੇ?” ਮੈਂ ਉਸ ਨੂੰ ਉਲਟਾ ਸੁਆਲ ਕੀਤਾ।
ਉਹ ਕਹਿਣ ਲੱਗੀ, ‘‘ਮੇਰਾ ਇੱਕ ਮੁੰਡਾ ਸੀ ਜੋ 23 ਸਾਲਾਂ ਦੀ ਭਰ ਜੁਆਨੀ ਵਿੱਚ ਬਿਮਾਰੀ ਕਾਰਨ ਰੱਬ ਨੂੰ ਪਿਆਰਾ ਹੋ ਗਿਆ। ਇਸੇ ਕਾਰਨ ਛੋਟੀ ਕੁੜੀ ਦੇ ਸਹੁਰੇ ਕਹਿੰਦੇ ਹਨ ਕਿ ਜੋ ਘਰ ਤੇਰੀ ਮਾਂ ਕੋਲ ਹੈ ਉਹ ਪ੍ਰਾਹੁਣੇ ਦੇ ਨਾਮ ਲਗਵਾ ਦੇਵੇ। ਇਸੇ ਕਰਕੇ ਕੁੜੀ ਨੂੰ ਮੇਰੇ ਕੋਲ ਆਉਣ ਨਹੀਂ ਦੇ ਰਹੇ। ਕੁੜੀ ਕੋਲ ਮੁੰਡਾ ਹੋਇਆ ਹੈ ਮੈਨੂੰ ਵੇਖਣ ਵੀ ਨਹੀਂ ਦਿੱਤਾ। ਮੈਂ ਬੱਚੇ ਦੀ ਰਿਸ਼ਤੇਦਾਰਾਂ ਕੋਲ ਵੱਟਸਐਪ ’ਤੇ ਫੋਟੋ ਦੇਖੀ ਹੈ। ਮੇਰਾ ਮਨ ਖ਼ੁਸ਼ ਤਾਂ ਹੈ ਪਰ ਉਹ ਮੈਨੂੰ ਕੁੜੀ ਨੂੰ ਮਿਲਣ ਨਹੀਂ ਦਿੰਦੇ। ਮੈ ਕੀ ਕਰਾਂ!’’ ਉਹ ਕਹਿਣ ਲੱਗੀ। ‘‘ਮੈਂ ਥਾਣੇ ਜਾ ਕੇ ਵੀ ਵੇਖ ਲਿਆ, ਮਸਲਾ ਹੱਲ ਨਹੀਂ ਹੋਇਆ,’’ ਉਹ ਆਪਣੀ ਵਿੱਥਿਆ ਸੁਣਾਈ ਜਾ ਰਹੀ ਸੀ।
‘‘ਚੰਗਾ ਭੈਣੇ, ਕੋਈ ਗ਼ਲਤੀ ਹੋ ਗਈ ਹੋਵੇ ਤਾਂ ਮਾਫ਼ ਕਰੀਂ,’’ ਇਹ ਕਹਿੰਦੀ ਹੋਈ ਉਹ ਔਰਤ ਬੱਸ ਵਿੱਚੋਂ ਉੱਤਰ ਗਈ।
ਬੱਸ ਆਪਣੀ ਮੰਜ਼ਿਲ ਵੱਲ ਦੌੜੀ ਜਾ ਰਹੀ ਸੀ। ਕੰਡਕਟਰ ਟਿਕਟਾਂ ਕੱਟਦਾ ਕੱਟਦਾ ਫੇਰ ਪਿੱਛੇ ਜਾ ਪਹੁੰਚਿਆ। ਇਸ ਵਾਰ ਉਹ ਇੱਕ ਆਦਮੀ ਨਾਲ ਖਹਿਬੜ ਰਿਹਾ ਸੀ। ਔਰਤ ਕਹਿ ਰਹੀ ਸੀ ਕਿ ਅਸੀਂ ਤਾਂ ਬੱਸ ਅੱਡੇ ’ਤੇ ਖੜ੍ਹੇ ਸੀ। ਸਾਡੇ ਮਗਰ ਹੀ ਭੱਜ ਕੇ ਆ ਗਿਆ ਤਾਂ ਅਸੀਂ ਕੀ ਕਰਦੇ। ਇਸੇ ਲਈ ਨਾਲ ਹੀ ਲੈ ਆਏ।
ਮੈਂ ਸੋਚਿਆ ਕਿ ਸ਼ਾਇਦ ਛੋਟਾ ਬੱਚਾ ਹੋਵੇਗਾ ਜੋ ਭੱਜ ਕੇ ਮਗਰ ਆ ਗਿਆ। ਪਿੱਛੇ ਮੁੜ ਕੇ ਦੇਖਿਆ ਤਾਂ ਔਰਤ ਇੱਕ ਕੁੱਤੇ ਨੂੰ ਗੋਦੀ ਚੁੱਕੀ ਬੈਠੀ ਸੀ।
‘‘ਇਸ ਦੀ ਟਿਕਟ ਲੱਗੇਗੀ,’’ ਕੰਡਕਟਰ ਨੇ ਕਿਹਾ।
ਪਿੱਛੇ ਦੇਖਦਿਆ ਮੈਂ ਕਿਹਾ ਕਿ ਕੁੱਤੇ ਦੀ ਵੀ ਟਿਕਟ ਲੱਗਦੀ ਹੈ।
ਮੇਰੇ ਨਾਲ ਵਾਲੀ ਸੀਟ ’ਤੇ ਇੱਕ ਮੁੰਡਾ ਬੈਠਾ ਸੀ। ਉਹ ਕਹਿਣ ਲੱਗਿਆ ਕਿ ਚਾਰ ਲੱਤਾਂ ਵਾਲੇ ਜਾਨਵਰਾਂ ਦੀਆਂ ਦੋ ਟਿਕਟਾਂ ਲੱਗਦੀਆਂ ਹਨ।
ਮੈਂ ਹੈਰਾਨ ਹੋ ਕੇ ਕੁੱਤੇ ਤੇ ਉਸ ਦੀ ਮਾਲਕ ਔਰਤ ਵੱਲ ਵੇਖ ਰਹੀ ਸੀ।
ਕੰਡਕਟਰ ਔਰਤ ਨੂੰ ਕਹਿ ਰਿਹਾ ਸੀ ਕਿ ਇਸ ਨੂੰ ਚੁੰਨੀ ਹੇਠਾਂ ਲੁਕੋ ਕੇ ਰੱਖੋ। ਹੋਰ ਮੇਰੀ ਜਾਨ ਨੂੰ ਸਿਆਪਾ ਪਾਉਗੇ।
ਮੇਰੇ ਨਾਲ ਬੈਠੀ ਔਰਤ ਅਬੋਹਰ ਤੋਂ ਚੰਡੀਗੜ੍ਹ ਫਿੰਗਰ ਪ੍ਰਿੰਟ ਲਈ ਅਲਾਂਤੇ ਮਾਲ ਆਈ ਸੀ। ਉਸ ਨੂੰ ਕੁੱਤੇ ਤੋਂ ਬਹੁਤ ਡਰ ਲੱਗ ਰਿਹਾ ਸੀ। ਉਹ ਮੈਨੂੰ ਪੁੱਛੀ ਜਾ ਰਹੀ ਸੀ ਕਿ ਬੱਸ ਬਠਿੰਡਾ ਕਿੰਨੇ ਵਜੇ ਪਹੁੰਚੇਗੀ। ਮੈਂ ਉਸ ਨੂੰ ਕਿਹਾ, ‘‘ਡਰੋ ਨਾ। ਅਕਸਰ ਹੀ ਔਰਤਾਂ ਦਸ ਵਜੇ ਤੱਕ ਬਠਿੰਡਾ ਸਫ਼ਰ ਕਰਦੀਆਂ ਹਨ।’’
ਅਗਲੇ ਬੱਸ ਸਟਾਪ ’ਤੇ ਕੁੱਤੇ ਵਾਲੀ ਔਰਤ ਉਤਰਨ ’ਤੇ ਬੱਸ ਦੇ ਕੰਡਕਟਰ ਨੇ ਸੁਖ ਦਾ ਸਾਹ ਲਿਆ।
ਮੈਨੂੰ ਅੱਜ ਤੋਂ ਕੋਈ 30-35 ਸਾਲ ਪਹਿਲਾਂ ਦੀ ਗੱਲ ਯਾਦ ਆ ਗਈ। ਮੈਂ ਛੁੱਟੀਆਂ ਹੋਣ ਕਰਕੇ ਆਪਣੇ ਨਾਨਕੇ ਗਈ ਹੋਈ ਸੀ। ਛੁੱਟੀਆਂ ਖ਼ਤਮ ਹੋਣ ਕਰਕੇ ਮੇਰੇ ਮਾਮੀ ਜੀ ਨੇ ਮੈਨੂੰ ਛੱਡਣ ਲਈ ਆਉਣਾ ਸੀ। ਮੇਰੇ ਨਾਨਕਿਆਂ ਤੋਂ ਖੰਨਾ ਸ਼ਹਿਰ ਚਾਰ ਕੁ ਕਿਲੋਮੀਟਰ ’ਤੇ ਸੀ। ਨਾਨਕਿਆ ਦਾ ਪਿੰਡ ਖਟੜਾ ਮੁੱਖ ਸੜਕ ਤੋਂ ਹਟ ਕੇ ਸੀ। ਛੋਟਾ ਖੰਨਾ ਸੜਕ ਦੇ ਨਾਲ ਲੱਗਦਾ ਸੀ। ਖਟੜਾ ਉਸ ਤੋਂ ਬਾਅਦ ਆਉਂਦਾ ਸੀ ਜਾਂ ਖਟੜੇ ਤੋਂ ਛੋਟੇ ਖੰਨੇ ਦੇ ਖੇਤਾਂ ਵਿਚਦੀ ਖੰਨੇ ਪਹੁੰਚਿਆ ਜਾਂਦਾ ਸੀ।
ਮੈਂ ਤੇ ਮਾਮੀ ਜੀ ਨਾਨਕਿਆਂ ਤੋਂ ਤੁਰ ਪਏ। ਮਾਮੀ ਜੀ ਨੇ ਸ਼ੱਕਰ ਦਾ ਝੋਲਾ ਭਰਿਆ ਤੇ ਆਪਣੇ ਸਿਰ ’ਤੇ ਰੱਖ ਲਿਆ। ਅਜੇ ਅਸੀਂ ਪਿੰਡ ਤੋਂ ਬਾਹਰ ਨਿਕਲ ਕੇ ਛੋਟੇ ਖੰਨੇ ਦੇ ਘਰਾਂ ਕੋਲ ਹੀ ਪਹੁੰਚੇ ਸੀ ਕਿ ਪਿੰਡ ਤੋਂ ਇੱਕ ਰਿਕਸ਼ਾ ਕਿਸੇ ਸਵਾਰੀ ਨੂੰ ਛੱਡ ਕੇ ਵਾਪਸ ਆ ਰਿਹਾ ਸੀ।
“ਕੁੜੇ ਨਛੱਤਰੋ, ਭਾਈ ਬਹਿ ਜਾਓ ਰਿਕਸ਼ਾ ’ਤੇ।” ਰਿਕਸ਼ੇ ਵਾਲੇ ਨੇ ਮਾਮੀ ਜੀ ਨੂੰ ਪਛਾਣ ਕੇ ਕਿਹਾ।
“ਵੀਰ ਕੋਈ ਨਹੀਂ, ਅਸੀਂ ਤੁਰ ਕੇ ਚਲੇ ਜਾਣਾ ਹੈ।” ਮਾਮੀ ਜੀ ਬੋਲੇ। “ਲੈ ਇਹ ਕਿਵੇਂ ਹੋ ਸਕਦਾ ਹੈ ਕਿ ਭਾਈ ਦੇ ਹੁੰਦੇ ਭੈਣ ਤੁਰ ਕੇ ਜਾਵੇ।”
ਰਿਕਸ਼ੇ ਵਾਲੇ ਭਾਈ ਦੀ ਮਾਂ ਵੀ ਮਾਮੀ ਦੇ ਪੇਕਿਆਂ ਦੀ ਸੀ। ਇਸ ਲਈ ਰਿਕਸ਼ੇ ਵਾਲਾ ਭਾਈ ਮਾਮੀ ਜੀ ਨੂੰ ਭੈਣ ਕਹਿ ਰਿਹਾ ਸੀ। ਉਦੋਂ ਰਿਸ਼ਤਿਆਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ।
ਉਸ ਨੇ ਪੁੱਛਿਆ, ‘‘ਇਹ ਕੁੜੀ ਕੌਣ ਹੈ?’’
‘‘ਮੇਰੀ ਨਣਦ ਦੀ ਕੁੜੀ ਹੈ। ਛੁੱਟੀਆਂ ਖ਼ਤਮ ਹੋਣ ਕਰਕੇ ਇਹਨੂੰ ਛੱਡਣ ਚੱਲੀ ਹਾਂ।’’
ਉਹ ਗੱਲਾਂ ਕਰਦਾ ਕਰਦਾ ਸਾਨੂੰ ਖੰਨੇ ਬੱਸ ਸਟੈਂਡ ’ਤੇ ਹੀ ਛੱਡ ਗਿਆ।
ਰਿਕਸ਼ਾ ’ਚੋਂ ਉੱਤਰ ਕੇ ਅਸੀਂ ਚੰਡੀਗੜ੍ਹ ਵਾਲੀ ਬੱਸ ਚੜ੍ਹ ਗਈਆਂ। ਬੱਸ ਅੱਡੇ ਤੋਂ ਚੱਲ ਕੇ ਖੰਨੇ ਤੇ ਗੋਬਿੰਦਗੜ੍ਹ ਦੇ ਵਿਚਕਾਰ ਆ ਗਈ ਸੀ। ਕੰਡਕਟਰ ਸਾਡੇ ਕੋਲ ਟਿਕਟਾਂ ਕੱਟਦਾ-ਕੱਟਦਾ ਆ ਪਹੁੰਚਿਆ। ਮਾਮੀ ਜੀ ਝੋਲੇ ਵਿੱਚੋਂ ਪੈਸੇ ਕੱਢਣ ਲੱਗੇ ਤਾਂ ਪੈਸੇ ਨਾ ਥਿਆਏ। ਘਰੋਂ ਤੁਰਦੇ ਹੋਏ ਉਨ੍ਹਾਂ ਝੋਲੇ ਵਿੱਚ ਸ਼ੱਕਰ ਭਰ ਕੇ ਉੱਪਰ ਸੌ ਦਾ ਨੋਟ ਰੱਖ ਲਿਆ ਸੀ, ਜਿਹੜਾ ਹੁਣ ਲੱਭ ਨਹੀਂ ਸੀ ਰਿਹਾ। ਉਨ੍ਹਾਂ ਸਾਰੀ ਸ਼ੱਕਰ ਵਿੱਚ ਹੱਥ ਮਾਰ ਕੇ ਵੇਖ ਲਿਆ ਸੀ, ਪਰ ਨੋਟ ਨਾ ਲੱਭਿਆ। ਕੰਡਕਟਰ ਕੋਲ ਖੜ੍ਹਾ ਦੇਖੀ ਜਾ ਰਿਹਾ ਸੀ।
“ਭਾਈ, ਝੋਲਾ ਮੇਰੇ ਸਿਰ ’ਤੇ ਰੱਖਿਆ ਹੋਇਆ ਸੀ, ਸ਼ਾਇਦ ਤੁਰਨ ਵੇਲੇ ਖਿਸਕ ਕੇ ਨੋਟ ਡਿੱਗ ਪਿਆ ਹੋਵੇ। ਜਾਣਾ ਅਸੀਂ ਚੰਡੀਗੜ੍ਹ ਹੈ। ਤੇਰੀ ਮਰਜ਼ੀ ਹੈ ਚਾਹੇ ਬੱਸ ’ਚੋਂ ਉਤਾਰ ਦੇ, ਚਾਹੇ ਚੰਡੀਗੜ੍ਹ ਤੱਕ ਲੈ ਚੱਲ,” ਮਾਮੀ ਜੀ ਨੇ ਕੰਡਕਟਰ ਨੂੰ ਕਿਹਾ।
ਕੰਡਕਟਰ ਬੋਲਿਆ ਕੁਝ ਨਾ। ਸ਼ਾਇਦ ਉਸ ਨੂੰ ਸਾਡੇ ਉਤਰੇ ਹੋਏ ਮੂੰਹ ਵੇਖ ਕੇ ਇਹ ਗੱਲ ਸੱਚ ਜਾਪੀ ਅਤੇ ਉਹ ਅੱਗੇ ਟਿਕਟਾਂ ਕੱਟਣ ਲੱਗ ਪਿਆ। ਬੱਸ ਸਰਹਿੰਦ, ਮੋਰਿੰਡਾ, ਮੁਹਾਲੀ ਹੁੰਦੀ ਹੋਈ ਚੰਡੀਗੜ੍ਹ ਪਹੁੰਚ ਗਈ।
ਸੰਪਰਕ: 84278-33552