ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੋਨੇ ਦੀ ਸਿਆਹੀ

ਮੇਰੇ ਪਿੰਡ ਦੀਆਂ ਦੋ ਪਛਾਣਾਂ ਹਨ: ਇੱਕ ਸਰਕਾਰੀ, ਦੂਜੀ ਧਾਰਮਿਕ। ਸਰਕਾਰੀ ਪਛਾਣ ਵਜੋਂ ਸਰਕਾਰੀ ਮਾਲ ਮਹਿਕਮੇ ਵਿੱਚ ਇਹ ਤਲਵੰਡੀ ਸਾਬੋ (ਸਾਹਬੋ) ਜਾਂ ਸਾਬੋ ਕੀ ਤਲਵੰਡੀ ਵਜੋਂ ਪੁਕਾਰਿਆ ਜਾਂਦਾ ਹੈ। ਦੂਜੇ ਪਾਸੇ ਧਾਰਮਿਕ ਖੇਤਰ ਵਿੱਚ ਇਹ ਸਿੱਖਾਂ ਦੇ ਪੰਜਵੇਂ ਤਖਤ ਸ੍ਰੀ...
Advertisement

ਮੇਰੇ ਪਿੰਡ ਦੀਆਂ ਦੋ ਪਛਾਣਾਂ ਹਨ: ਇੱਕ ਸਰਕਾਰੀ, ਦੂਜੀ ਧਾਰਮਿਕ। ਸਰਕਾਰੀ ਪਛਾਣ ਵਜੋਂ ਸਰਕਾਰੀ ਮਾਲ ਮਹਿਕਮੇ ਵਿੱਚ ਇਹ ਤਲਵੰਡੀ ਸਾਬੋ (ਸਾਹਬੋ) ਜਾਂ ਸਾਬੋ ਕੀ ਤਲਵੰਡੀ ਵਜੋਂ ਪੁਕਾਰਿਆ ਜਾਂਦਾ ਹੈ। ਦੂਜੇ ਪਾਸੇ ਧਾਰਮਿਕ ਖੇਤਰ ਵਿੱਚ ਇਹ ਸਿੱਖਾਂ ਦੇ ਪੰਜਵੇਂ ਤਖਤ ਸ੍ਰੀ ਦਮਦਮਾ ਸਾਹਿਬ ਵਜੋਂ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ।

ਤਖਤ ਸ੍ਰੀ ਦਮਦਮਾ ਦੇ ਪ੍ਰਾਂਗਣ ਦੇ ਗੁਆਂਢ ਵਿੱਚ ਪਲਿਆ ਤੇ ਵੱਡਾ ਹੋਇਆ ਹੋਣ ਕਾਰਨ, ਇਸ ਬਾਰੇ ਗਾਹੇ-ਬਗਾਹੇ ਲਿਖਦਾ ਰਿਹਾ ਹੋਣ ਕਾਰਨ, ਇਸ ਦੀ ਧਾਰਮਿਕ ਤੇ ਇਤਿਹਾਸਕ ਮਹੱਤਤਾ ਤੋਂ ਤਾਂ ਮੈਂ ਸਹਿਜ ਜਾਣੂੰ ਹਾਂ, ਫਿਰ ਵੀ ਇਸ ਦਾ ਕੋਈ ਨਾ ਕੋਈ ਅਣਗੌਲਿਆ ਕੋਨਾ ਰੋਸ਼ਨ ਹੋ ਕੇ ਮੈਨੂੰ ਹਲੂਣ ਜਾਂਦਾ ਰਿਹਾ ਹੈ। ਜਿਵੇਂ 1982 ਵਿੱਚ ਉਦੋਂ ਹੋਇਆ ਸੀ ਜਦੋਂ ਭਾਸ਼ਾ ਵਿਭਾਗ ਦੇ ਉਸ ਵੇਲੇ ਦੇ ਨਿਰਦੇਸ਼ਕ ਕਪੂਰ ਸਿੰਘ ਘੁੰਮਣ ਵੱਲੋਂ ਮੈਨੂੰ ਦਮਦਮਾ ਸਾਹਿਬ ਦੇ ਬੁੰਗਿਆਂ ਦਾ ਇਤਿਹਾਸ ਖੋਜਣ ਤੇ ਲਿਖਣ ਦਾ ਕੰਮ ਸੌਂਪ ਦਿੱਤਾ ਗਿਆ ਸੀ। ਹਾਲਾਂਕਿ ਮੈਂ ਉਦੋਂ ਵਿਦਿਆਰਥੀ ਜੀਵਨ ਵਿੱਚੋਂ ਹੀ ਗੁਜ਼ਰ ਰਿਹਾ ਸਾਂ ਤੇ ਵਿਭਾਗ ਦੇ ਰਸਾਲੇ ‘ਜਨ ਸਾਹਿਤ’ ਵਿੱਚ ਹੀ ਮੇਰੀਆਂ ਕੁਝ ਕਵਿਤਾਵਾਂ ਪ੍ਰਕਾਸ਼ਿਤ ਹੋਈਆਂ। ਘੁੰਮਣ ਹੋਰੀਂ ਪੰਜਾਬ ਦੇ ਇਤਿਹਾਸਕ ਨਗਰਾਂ ਦੀਆਂ ਸਰਵੇ ਪੁਸਤਕਾਂ ਛਾਪਣ ਦੇ ਸਿਲਸਿਲੇ ਵਿੱਚ ਸਾਡੇ ਪਿੰਡ ਆਏ ਸਨ।

Advertisement

ਜੇ ਅੱਜ ਤੋਂ ਪੰਜ ਕੁ ਦਹਾਕੇ ਪਹਿਲਾਂ ਵੱਲ ਨਜ਼ਰ ਮਾਰੀਏ, ਜਦੋਂ ਮੇਰੀ ਮੁੱਛ-ਫੁੱਟ ਉਮਰ ਸੀ ਤਾਂ ਮਾਘੀ ਤੇ ਵਿਸਾਖੀ ਦੇ ਜੋੜ ਮੇਲਿਆਂ ਨੂੰ ਛੱਡ ਕੇ ਇੱਥੇ ਸਿੱਖਾਂ ਦੇ ਪੰਜਵੇਂ ਵੱਡੇ ਧਾਮ ਵਾਲੀ ਰੌਣਕ ਘੱਟ ਹੀ ਦੇਖਣ ਨੂੰ ਮਿਲਦੀ ਸੀ। ਤਲਵੰਡੀ ਸਾਬੋ ਇੱਕ ਘੋਰ ਮਲਵਈ ਪਿੰਡ ਸੀ, ਜਿਸ ਦਾ ਇਤਿਹਾਸਕ ਦਮਦਮਾ ਸਾਹਿਬ ਨਾਲ ਰਿਸ਼ਤਾ ਵੀ ਮਲਵਈ ਖਾਸੇ ਵਾਲਾ ਹੀ ਸੀ। ਉਦੋਂ ਪਿੰਡ ਵਾਸੀਆਂ ਵਿੱਚ ਕੋਈ ਟਾਵਾਂ ਟਾਵਾਂ ਹੀ ਅੰਮ੍ਰਿਤਧਾਰੀ ਦਿਸਦਾ ਸੀ। ਪਿੰਡ ਵਾਸੀ ਗੁਰਦੁਆਰੇ ਮੱਥਾ ਟੇਕਣ ਘੱਟ ਜਾਂਦੇ ਸਨ, ਸੱਥ ਦੇ ਤਖਤਪੋਸ਼ ’ਤੇ ਚੌਂਕੜੀਆਂ ’ਤੇ ਬੈਠ ਕੇ ਤਾਸ਼/ਪਾਸਾ ਵੱਧ ਕੁੱਟਦੇ ਸਨ।

ਤਵਾਰੀਖ਼ ਅਨੁਸਾਰ ਅਠਾਰ੍ਹਵੀਂ ਸਦੀ ਵਿੱਚ ਜਦੋਂ ਸਿੱਖਾਂ ਦਾ ਸਰਹਿੰਦ ਉੱਤੇ ਕਬਜ਼ਾ ਹੋ ਗਿਆ ਤਾਂ ਸ਼ੇਖੂਪੁਰੇ ਦੇ ਸੰਧੂ ਸਿੱਖਾਂ (ਸ਼ਹੀਦ ਬਾਬਾ ਦੀਪ ਸਿੰਘ ਦੇ ਵੰਸ਼ਜ) ਨੇ ਸ਼ਹਿਜ਼ਾਦਪੁਰ (ਅੰਬਾਲਾ) ਦਾ ਕਬਜ਼ਾ ਲਿਆ। ਤਖਤ ਦੀ ਸੇਵਾ ਵੀ ਸੰਭਾਲ ਲਈ। ਪਿੱਛੋਂ ਆ ਕੇ ਅੰਗਰੇਜ਼ਾਂ ਨੇ ਦਮਦਮਾ ਸਾਹਿਬ ਤੇ ਉਸ ਦੇ ਨਾਂ ਬੋਲਦੀ ਜਾਇਦਾਦ ਨੂੰ ਸ਼ਹਿਜ਼ਾਦਪੁਰੀਆਂ ਦੀ ਜਾਗੀਰ ਵਿੱਚ ਤਬਦੀਲ ਕਰ ਦਿੱਤਾ ਜੋ ਗੁਰਦੁਆਰਾ ਐਕਟ ਤਹਿਤ ਦਮਦਮਾ ਸਾਹਿਬ ਨਾਲ ਸਬੰਧਤ ਇਤਿਹਾਸਕ ਗੁਰੂਘਰਾਂ ਦਾ ਕੰਟਰੋਲ ਸ਼੍ਰੋਮਣੀ ਕਮੇਟੀ ਨੂੰ ਮਿਲਣ ਅਤੇ 18 ਨਵੰਬਰ 1966 ਨੂੰ ਤਖਤ ਦਮਦਮਾ ਸਾਹਿਬ ਨੂੰ ਸਿੱਖਾਂ ਦੇ ਪੰਜਵੇਂ ਤਖਤ ਵਜੋਂ ਮਾਨਤਾ ਪ੍ਰਾਪਤ ਹੋਣ ਨਾਲ ਖ਼ਤਮ ਹੋ ਗਈ। ਤਦ ਤਕ ਸ਼ਹਿਜ਼ਾਦਪੁਰੀਏ ਨਾ ਕੇਵਲ ਤਖਤ ਦੇ ਨਾਂ ਲੱਗੀ ਸੈਂਕੜੇ ਏਕੜ ਜ਼ਮੀਨ ਦਾ ਠੇਕਾ-ਹਿੱਸਾ ਲੈਂਦੇ ਰਹੇ ਸਨ ਸਗੋਂ ਗੋਲਕਾਂ ਵੀ ਉਹੀ ਜਾਂ ਉਨ੍ਹਾਂ ਵੱਲੋਂ ਤਾਇਨਾਤ ਮੈਨੇਜਰ ਖੋਲ੍ਹਦੇ ਰਹੇ ਸਨ। ਪਰ ਤਖਤ ਸਾਹਿਬ ਦੀ ਏਨੀ ਆਮਦਨ ਹੋਣ ਦੇ ਬਾਵਜੂਦ ਅਸਥਾਨ ਦੀ ਦੇਖਰੇਖ ਅਤੇ ਸ਼ਰਧਾਲੂਆਂ ਲਈ ਸਹੂਲਤਾਂ ’ਤੇ ਉਹ ਘੱਟ ਤੋਂ ਘੱਟ ਖਰਚ ਕਰਦੇ ਸਨ। ਇਸ ਲਈ ਸ਼ਹਿਜ਼ਾਦਪੁਰੀਆਂ ਦੇ ਮੈਨੇਜਰਾਂ ਤੇ ਪਿੰਡ ਵਾਲਿਆਂ ਵਿਚਕਾਰ ਮਨ-ਮੁਟਾਓ ਰਹਿੰਦਾ ਸੀ।

ਭਾਸ਼ਾ ਵਿਭਾਗ ਲਈ ਇਸ ਅਸਥਾਨ ਦਾ ਇਤਿਹਾਸ ਖੋਜਦਿਆਂ ਪਤਾ ਲੱਗਿਆ ਕਿ ਦਸਮ ਗੁਰੂ ਨੇ ਦੱਖਣ ਵੱਲ ਕੂਚ ਕਰਨ ਤੋਂ ਪਹਿਲਾਂ ਦਮਦਮਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀਆਂ ਕਾਪੀਆਂ ਕਰਕੇ ਹੋਰ ਥਾਈਂ ਭੇਜਦੇ ਰਹਿਣ ਦਾ ਹੁਕਮ ਦਿੱਤਾ। ਗੁਰੂ ਦੇ ਹੁਕਮ ਦੀ ਪੂਰਤੀ ਵਜੋਂ ਛਾਪੇਖਾਨੇ ਦੀ ਮਸ਼ੀਨ ਦੀ ਆਮਦ ਤਕ ਨਿਰਮਲਿਆਂ ਦੇ ਬਾਰਾਂ ਬੁੰਗਿਆਂ ਵਿੱਚ ਇਹ ਕਾਰਜ ਕਈ ਦਹਾਕੇ ਨਿਰੰਤਰ ਹੁੰਦਾ ਰਿਹਾ।

ਕੈਲੀਗਰਾਫੀ/ ਖੁਸ਼ਖ਼ਤ/ ਸੁਲੇਖ ਨਾਲ ਸਜਾਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੇ ਦਰਸ਼ਨ ਵੀ ਹੋਏ। ਗੁਰਮਤਿ ਸਾਹਿਤ ਦੀਆਂ ਸੰਪੂਰਨ ਤੇ ਅਰਧ-ਸੰਪੂਰਨ ਨਕਲਾਂ ਚੋਖੀ ਗਿਣਤੀ ਵਿੱਚ ਬਾਬਾ ਦੀਪ ਸਿੰਘ ਦੇ ਬੁਰਜ ਦੀਆਂ ਅੰਦਰਲੀਆਂ ਮੰਜ਼ਿਲਾਂ, ਕੱਚੀਆਂ ਪੌੜੀਆਂ ਵਾਲੇ ਮਦਰੱਸੇ ਬੁੰਗੇ ਦੇ ਚੌਬਾਰਿਆਂ, ਉੱਚੇ ਬੁੰਗੇ ਦੀਆਂ ਟਰੰਕੀਆਂ ਤੇ ਸੰਦੂਕੜੀਆਂ ਵਿੱਚ ਪਈਆਂ ਸਨ। ਮਦਰੱਸੇ ਬੁੰਗੇ ਅੰਦਰਲੇ ਕਮਰੇ ਲਿਖਣ ਸਮੱਗਰੀ ਤੇ ਬੀੜਾਂ ਦੇ ਪੰਨਿਆਂ ਨੂੰ ਸਜਾਉਣ ਵਾਲੀਆਂ ਵੇਲਾਂ ਦੇ ਨਮੂਨਿਆਂ, ਕਲਮਾਂ ਘੜਨ ਤੇ ਰੰਗ ਬਿਰੰਗੀਆਂ ਸਿਆਹੀਆਂ ਬਣਾਉਣ ਵਾਲੇ ਮੈਨੂਅਲਜ਼/ਨੁਸਖਿਆਂ ਨਾਲ ਭਰੇ ਪਏ ਸਨ। ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਸੋਨੇ ਦੀ ਸਿਆਹੀ ਬਣਾਉਣ ਦਾ ਨੁਸਖਾ ਵੀ ਸ਼ਾਮਲ ਸੀ। ਮੈਂ ਚੱਲ ਰਹੇ ਗੁਰਬਾਣੀ ਕੈਲੀਗਰਾਫੀ ਸਕੂਲ ਦਾ ਚਿੱਤਰ ਚਿਤਵਣ ਲੱਗਿਆ: ਸੈਂਕੜੇ ਆਪੋ-ਆਪਣੇ ਕੰਮ ਵਿੱਚ ਡੁੱਬੇ ਹੋਏ ਸਨ। ਕੋਈ ਕਲਮਾਂ ਘੜ ਰਿਹਾ ਸੀ, ਕੋਈ ਰੰਗ ਤੇ ਸਿਆਹੀਆਂ ਘੋਟ ਰਿਹਾ ਸੀ, ਕੋਈ ਲਿਖੇ ਜਾਣ ਲਈ ਵਰਕਾ ਤਿਆਰ ਕਰ ਰਿਹਾ ਸੀ, ਕੋਈ ਬੀੜਾਂ ਦੀ ਜਿਲਦਸਾਜ਼ੀ ਕਰ ਰਹੇ ਸਨ... ਸੁੱਚੇ ਕੰਮ ਦਾ ਅਲੌਕਿਕ ਨਜ਼ਾਰਾ ਸੀ।

ਪਿੱਛੋਂ ਬੁੰਗਿਆਂ ਤੇ ਸ਼੍ਰੋਮਣੀ ਕਮੇਟੀ ਵਿਚਕਾਰ ਜਾਇਦਾਦ ਨੂੰ ਲੈ ਕੇ ਮੁਕੱਦਮੇਬਾਜ਼ੀ ਸ਼ੁਰੂ ਹੋ ਗਈ। ਬੁੰਗਿਆਂ ਦੇ ਮਹੰਤਾਂ ਦਾ ਦਾਅਵਾ ਸੀ ਕਿ ਬੁੰਗੇ ਇਤਿਹਾਸਕ ਸਥਾਨ ਨਹੀਂ, ਜਦੋਂਕਿ ਸ਼੍ਰੋਮਣੀ ਕਮੇਟੀ ਇਨ੍ਹਾਂ ਨੂੰ ਤਵਾਰੀਖ਼ੀ ਗਿਣਦੀ ਸੀ। ਕਾਨੂੰਨੀ ਨੁਕਤਾ ਇਹ ਸੀ ਕਿ ਜੇ ਅਦਾਲਤ ਬੁੰਗਿਆਂ ਨੂੰ ਇਤਿਹਾਸਕ ਮੰਨ ਲੈਂਦੀ ਸੀ ਤਾਂ ਗੁਰਦੁਆਰਾ ਐਕਟ ਅਨੁਸਾਰ ਬੁੰਗੇ ਕਮੇਟੀ ਦੇ ਕਬਜ਼ੇ ਵਿੱਚ ਆ ਜਾਂਦੇ ਸਨ। ਨਤੀਜਨ ਬੁੰਗਿਆਂ ਦੇ ਮਹੰਤਾਂ ਨੇ ਆਪੋ-ਆਪਣੇ ਬੁੰਗਿਆਂ ’ਚੋਂ ਇਤਿਹਾਸਕ ਨਿਸ਼ਾਨੀਆਂ ਮਿਟਾਉਣੀਆਂ ਸ਼ੁਰੂ ਕਰ ਦਿੱਤੀਆਂ। ਇੰਜ ਅਣਮੁੱਲੀਆਂ ਵਿਰਾਸਤੀ ਵਸਤਾਂ ਰੁਲ ਗਈਆਂ। ਅੰਤ ਨੂੰ ਬੁੰਗਿਆਂ ਦੇ ਮਹੰਤ ਮੁਕੱਦਮੇ ਹਾਰ ਗਏ ਤੇ ਕਮੇਟੀ ਦੀ ਸਲਾਹ ਨਾਲ ‘ਸੇਵਾ ਵਾਲੇ ਸੰਤਾਂ’ ਨੇ ਬੁੰਗੇ ਢਾਹ ਦਿੱਤੇ।

ਕਈ ਵਰ੍ਹੇ ਪਹਿਲਾਂ ਗੁਰਮੁਖੀ ਦੇ ਪਹਿਲੇ ਤੇ ਆਖ਼ਰੀ ਕੈਲੀਗਰਾਫੀ ਸਕੂਲ ਦੀ ਟੋਹ ਵਿੱਚ ਮੈਂ ਪੰਜਾਬੀ ਯੂਨੀਵਰਸਿਟੀ ਦੇ ‘ਦੁਰਲੱਭ ਪੁਸਤਕਾਂ’ ਸੈਕਸ਼ਨ ਵਿੱਚ ਗਿਆ। ਪਤਾ ਲੱਗਿਆ ਸੀ ਕਿ ਦਮਦਮਾ ਸਾਹਿਬ ਦੇ ਬੁੰਗਿਆਂ ਦੀ ਕੁਝ ਸਮੱਗਰੀ ਘੁੰਮਦੀ ਘੁਮਾਉਂਦੀ ਉੱਥੇ ਪਹੁੰਚ ਗਈ ਸੀ।

ਕਮਰੇ ਵਿੱਚ ਉਮਰ ਨਾਲ ਭੁਰਭੁਰੇ ਹੋ ਚੁੱਕੇ ਵਰਕੇ ਗੱਠੜੀਆਂ ਵਿੱਚ ਬੰਨ੍ਹੇ ਪਏ ਸਨ। ਵਰ੍ਹਿਆਂ ਪਹਿਲਾਂ ਬਾਰਾਂ ਬੁੰਗਿਆਂ ਵਿੱਚ ਪਈ ਵੇਖੀ ਸਮੱਗਰੀ ਦਾ ਇਹ ਸੌਵਾਂ ਹਿੱਸਾ ਵੀ ਨਹੀਂ ਸੀ। ਮੈਨੂੰ ਸੋਨੇ ਦੀ ਸਿਆਹੀ ਡੁੱਲ੍ਹ ਗਈ ਜਾਪੀ।

ਸੰਪਰਕ: 91470-13869

Advertisement
Show comments