ਅੰਬਰਾਂ ਨੂੰ ਛੂੰਹਦੇ ਗਲੇਸ਼ੀਅਰ
ਧਰਤੀ ਉੱਪਰ ਲੰਮਾ ਸਮਾਂ ਮੌਜੂਦ ਰਹਿਣ ਅਤੇ ਹੌਲੀ-ਹੌਲੀ ਖਿਸਕਦੇ ਰਹਿਣ ਵਾਲੇ ਸੰਘਣੀ ਬਰਫ਼ ਦੇ ਵੱਡ-ਆਕਾਰੀ ਢੇਲਿਆਂ ਨੂੰ ਗਲੇਸ਼ੀਅਰ ਜਾਂ ਬਰਫ਼ ਦੇ ਪਹਾੜ ਆਖਦੇ ਹਨ। ਧਰਤੀ ਦੇ ਠੰਢੇ ਇਲਾਕਿਆਂ ਵਿੱਚ ਪੈ ਰਹੀ ਬਰਫ਼ ਜਦੋਂ ਆਪਣੇ ਭਾਰ ਨਾਲ ਦੱਬੀ ਜਾਂਦੀ ਹੈ ਤਾਂ ਉਹ ਸੰਘਣੀ ਅਤੇ ਭਾਰੀ ਹੋ ਕੇ ਗਲੇਸ਼ੀਅਰ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਉੱਪਰ ਨਿਰੰਤਰ ਬਰਫ਼ ਡਿੱਗਣ ਨਾਲ ਇਸ ਦਾ ਰੂਪ ਵਿਗੜਨ ਲੱਗਦਾ ਹੈ ਅਤੇ ਆਪਣੇ ਭਾਰ ਕਾਰਨ ਪੈਦਾ ਹੋਏ ਦਬਾਅ ਕਾਰਨ ਇਹ ਵਹਿਣ ਲੱਗਦਾ ਹੈ। ਜ਼ਿਕਰਯੋਗ ਹੈ ਕਿ ਧਰਤੀ ਦਾ ਦਸ ਫ਼ੀਸਦੀ ਹਿੱਸਾ ਇਸ ਸਮੇਂ ਗਲੇਸ਼ੀਅਰਾਂ ਨਾਲ ਢਕਿਆ ਹੋਇਆ ਹੈ। ਦੁਨੀਆ ਦੇ ਜ਼ਿਆਦਾਤਰ ਗਲੇਸ਼ੀਅਰ ਧਰਤੀ ਦੇ ਉੱਤਰੀ ਅਤੇ ਦੱਖਣੀ ਧੁਰਿਆਂ, ਗਰੀਨਲੈਂਡ, ਐਂਟਾਰਕਟਿਕਾ, ਕੈਨੇਡਾ ਦੇ ਕੁਝ ਹਿੱਸਿਆਂ ਅਤੇ ਦੱਖਣੀ ਅਮਰੀਕਾ ਦੇ ਐਂਡਿਸ ਪਰਬਤ ’ਤੇ ਹੀ ਮੌਜੂਦ ਹਨ। ਇਨ੍ਹਾਂ ਦੀ ਉਮਰ ਕੁਝ ਸੌ ਸਾਲਾਂ ਤੋਂ ਲੈ ਕੇ ਕੁਝ ਹਜ਼ਾਰ ਸਾਲਾਂ ਦਰਮਿਆਨ ਹੋ ਸਕਦੀ ਹੈ। ਵਿਸ਼ਵ ਦੇ ਜ਼ਿਆਦਾਤਰ ਗਲੇਸ਼ੀਅਰ ਬਰਫ਼ਾਨੀ ਯੁੱਗ ਦੇ ਹੀ ਅਵਸ਼ੇਸ਼ ਹਨ। ਵਿਗਿਆਨੀਆਂ ਅਨੁਸਾਰ ਬਰਫ਼ਾਨੀ ਯੁੱਗ ਦਾ ਸਮਾਂ ਅੱਜ ਤੋਂ ਤਕਰੀਬਨ ਦਸ ਹਜ਼ਾਰ ਸਾਲ ਪਹਿਲਾਂ ਮੁੱਕ ਚੁੱਕਿਆ ਹੈ। ਭਾਰਤ ਵਿੱਚ ਗਲੇਸ਼ੀਅਰ ਆਮ ਤੌਰ ’ਤੇ ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਅਰੁਣਾਚਲ ਪ੍ਰਦੇਸ਼ ਅਤੇ ਸਿੱਕਿਮ ਵਿੱਚ ਮੌਜੂਦ ਹਨ। ਹਿਮਾਲਿਆ ਪਰਬਤ ਉੱਤੇ ਸਥਿਤ ਲੱਦਾਖ ਦਾ ਸਿਆਚਿਨ ਗਲੇਸ਼ੀਅਰ ਭਾਰਤ ਦਾ ਸਭ ਤੋਂ ਵੱਡਾ ਗ਼ੈਰ-ਧਰੁਵੀ ਗਲੇਸ਼ੀਅਰ ਹੈ। ਤਕਰੀਬਨ 76 ਕਿਲੋਮੀਟਰ ਲੰਮਾ ਇਹ ਗਲੇਸ਼ੀਅਰ ਭਾਰਤ-ਪਾਕਿਸਤਾਨ ਸਰਹੱਦ ਭਾਵ ਲਾਈਨ ਆਫ ਕੰਟਰੋਲ ਦੇ ਅਖ਼ੀਰ ਵਿੱਚ ਕਰਾਕੋਰਮ ਪਹਾੜੀ ਦੇ ਪੂਰਬ ਵੱਲ ਸਥਿਤ ਹੈ। ਭਾਰਤ ਦਾ ਇੱਕ ਹੋਰ ਗੰਗੋਤਰੀ ਨਾਂ ਦਾ ਗਲੇਸ਼ੀਅਰ ਭਾਰਤ-ਤਿੱਬਤ ਸਰਹੱਦ ਇਲਾਕੇ ਵਿੱਚ ਉੱਤਰਾਖੰਡ ਰਾਜ ਦੇ ਉੱਤਰਕਾਸ਼ੀ ਜ਼ਿਲ੍ਹੇ ਵਿੱਚ ਮੌਜੂਦ ਹੈ, ਜਿਸ ਦੀ ਲੰਬਾਈ ਤੀਹ ਕਿਲੋਮੀਟਰ ਅਤੇ ਚੌੜਾਈ ਤਕਰੀਬਨ ਢਾਈ ਕਿਲੋਮੀਟਰ ਹੈ।
ਗਲੇਸ਼ੀਅਰਾਂ ਦੀ ਇੱਕ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਵਿਚਲੀ ਬਰਫ਼ ਦੀ ਮਾਤਰਾ ਧਰਤੀ ਉੱਪਰ ਬਦਲਦੀਆਂ ਮੌਸਮੀ, ਜੈਵਿਕ ਅਤੇ ਭੌਤਿਕ ਅਵਸਥਾਵਾਂ ਨਾਲ ਘਟਦੀ-ਵਧਦੀ ਰਹਿੰਦੀ ਹੈ। ਇੱਕ ਸਮਾਂ ਸੀ ਜਦੋਂ ਸਮੁੱਚਾ ਕੈਨੇਡਾ, ਅਮਰੀਕਾ ਦਾ ਇੱਕ-ਤਿਹਾਈ ਹਿੱਸਾ, ਯੂਰਪ ਦਾ ਜ਼ਿਆਦਾਤਰ ਹਿੱਸਾ, ਸਾਇਬੇਰੀਆ ਦਾ ਉੱਤਰੀ ਭਾਗ, ਨੌਰਵੇ, ਸਵੀਡਨ ਅਤੇ ਡੈੱਨਮਾਰਕ ਪੂਰੀ ਤਰ੍ਹਾਂ ਬਰਫ਼ ਨਾਲ ਢਕੇ ਹੋਏ ਸਨ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਕਿਸੇ ਸਮੇਂ ਪ੍ਰਿਥਵੀ ਦਾ ਤੀਹ ਫ਼ੀਸਦੀ ਹਿੱਸਾ ਬਰਫ਼ ਨਾਲ ਢੱਕਿਆ ਹੋਇਆ ਸੀ। ਅੱਜ ਵੀ ਸਾਡੇ ਗ੍ਰਹਿ ਦਾ 69 ਫ਼ੀਸਦੀ ਦੇ ਕਰੀਬ ਤਾਜ਼ਾ ਪਾਣੀ ਗਲੇਸ਼ੀਅਰਾਂ ਵਿੱਚ ਹੀ ਮੌਜੂਦ ਹੈ। ਆਕਾਰ ਪੱਖੋਂ ਗਲੇਸ਼ੀਅਰ ਦੋ ਤਰ੍ਹਾਂ ਦੇ ਹੁੰਦੇ ਹਨ। ਪਹਿਲੀ ਕਿਸਮ ਦੇ 50,000 ਵਰਗ ਕਿਲੋਮੀਟਰ ਤੋਂ ਵੱਡੇ ਰਕਬੇ ਵਾਲੇ ਹਨ, ਜਿਨ੍ਹਾਂ ਨੂੰ ਆਈਸ ਸ਼ੀਟ ਕਿਹਾ ਜਾਂਦਾ ਹੈ ਅਤੇ ਦੂਜੇ ਇਸ ਤੋਂ ਛੋਟੇ ਆਕਾਰ ਵਾਲੇ ਹਨ ਜਿਨ੍ਹਾਂ ਨੂੰ ਆਈਸ ਕੈਪ ਆਖਦੇ ਹਨ। ਆਈਸ ਸ਼ੀਟ ਦੀਆਂ ਉਦਾਹਰਣਾਂ ਅੰਟਾਰਕਟਿਕਾ ਅਤੇ ਗਰੀਨਲੈਂਡ ਵਿੱਚ ਮਿਲਣ ਵਾਲੇ ਗਲੇਸ਼ੀਅਰ ਹਨ ਜਦੋਂਕਿ ਆਈਸਲੈਂਡ ਦਾ ਵਾਤਨਾਯੂਕਲ ਨਾਂ ਦਾ ਗਲੇਸ਼ੀਅਰ ਆਈਸ ਕੈਪ ਦੀ ਇੱਕ ਕਿਸਮ ਹੈ।
ਅਕਸਰ ਲੋਕਾਂ ਨੂੰ ਸ਼ੰਕਾ ਹੁੰਦੀ ਹੈ ਕਿ ਪਹਾੜਾਂ ਵਿੱਚ ਤਾਜ਼ੀ ਪਈ ਬਰਫ਼ ਚਿੱਟੇ ਰੰਗ ਅਤੇ ਗਲੇਸ਼ੀਅਰ ਨੀਲੇ ਰੰਗ ਦੇ ਕਿਉਂ ਹੁੰਦੇ ਹਨ ਜਦੋਂਕਿ ਦੋਨਾਂ ਵਿੱਚ ਬਰਫ਼ ਦੇ ਪਹਾੜ ਹੀ ਮੌਜੂਦ ਹੁੰਦੇ ਹਨ। ਇਸ ਦਾ ਵਿਗਿਆਨਕ ਕਾਰਨ ਹੈ। ਉਹ ਇਹ ਹੈ ਕਿ ਤਾਜ਼ੀ-ਤਾਜ਼ੀ ਬਰਫ਼ ਪਹਾੜਾਂ ਵਿੱਚ ਡਿੱਗਦੀ ਹੈ ਤਾਂ ਉਸ ਵਿੱਚ ਹਵਾ ਦੇ ਬੁਲਬੁਲੇ ਮੌਜੂਦ ਹੁੰਦੇ ਹਨ, ਜੋ ਉਸ ਉੱਪਰ ਪੈ ਰਹੇ ਸੂਰਜੀ ਪ੍ਰਕਾਸ਼ ਦੇ ਸੱਤਾਂ ਰੰਗਾਂ ਵਿੱਚੋਂ ਸਾਰੇ ਹੀ ਭਾਵ ਸੱਤਾਂ ਰੰਗਾਂ ਨੂੰ ਹੀ ਪਰਵਰਤਿਤ ਕਰ ਦਿੰਦੇ ਹਨ ਭਾਵ ਸਾਡੇ ਵੱਲ ਭੇਜ ਦਿੰਦੇ ਹਨ, ਜਿਸ ਕਰਕੇ ਉਹ ਤਾਜ਼ੀ ਬਰਫ਼ ਚਿੱਟੀ ਨਜ਼ਰ ਆਉਂਦੀ ਹੈ। ਇਸ ਦੇ ਉਲਟ ਗਲੇਸ਼ੀਅਰ ਦੀ ਬਰਫ਼ ਵਿੱਚ ਉਸ ਦੇ ਭਾਰੀ ਦਬਾਅ ਕਾਰਨ ਹਵਾ ਦੇ ਬੁਲਬੁਲੇ ਨਹੀਂ ਹੁੰਦੇ, ਇਸ ਲਈ ਬਰਫ਼ ਸੂਰਜੀ ਪ੍ਰਕਾਸ਼ ਦੇ ਬਾਕੀ ਰੰਗਾਂ ਨੂੰ ਆਪਣੇ ਅੰਦਰ ਜਜ਼ਬ ਕਰਕੇ ਸਿਰਫ਼ ਨੀਲੇ ਰੰਗ ਨੂੰ ਹਵਾ ਵਿੱਚ ਪਰਵਰਤਿਤ ਕਰਦੀ ਹੈ। ਇਸ ਲਈ ਗਲੇਸ਼ੀਅਰ ਨੀਲੇ ਰੰਗ ਦੇ ਨਜ਼ਰ ਆਉਂਦੇ ਹਨ।
ਧਰਤੀ ਦੇ ਸਮੂਹ ਗਲੇਸ਼ੀਅਰਾਂ ਦੀ ਪ੍ਰਿਥਵੀ ਉੱਤੇ ਮੌਜੂਦ ਮਨੁੱਖਾਂ ਅਤੇ ਬਾਕੀ ਹੋਰ ਜੀਵਾਂ ਦੇ ਜੀਵਨ ਦੀਆਂ ਪ੍ਰਕਿਰਿਆਵਾਂ ਬਣਾਈ ਰੱਖਣ ਵਿੱਚ ਅਹਿਮ ਭੂਮਿਕਾ ਹੁੰਦੀ ਹੈ। ਇਨ੍ਹਾਂ ਦਾ ਖੁਰਦਾ ਪਾਣੀ ਸ੍ਰਿਸ਼ਟੀ ਦੇ ਸਮੂਹ ਜੀਵਾਂ ਲਈ ਸੰਜੀਵਨੀ ਦਾ ਕੰਮ ਕਰਦਾ ਹੈ। ਇਸ ਦੀ ਇੱਕ ਉਦਾਹਰਣ ਗੰਗੋਤਰੀ ਗਲੇਸ਼ੀਅਰ ਵਿੱਚੋਂ ਨਿਕਲਦੀ ਗੰਗਾ ਨਦੀ ਹੈ। ਗੰਗਾ ਨਦੀ ਇੱਕ ਪਾਸੇ ਕਰੋੜਾਂ ਲੋਕਾਂ ਲਈ ਪਵਿੱਤਰ ਨਦੀ ਅਤੇ ਸ਼ਰਧਾ ਦਾ ਕੇਂਦਰ ਹੈ ਜਦੋਂਕਿ ਦੂਜੇ ਪਾਸੇ ਇਹ ਭਾਰਤ ਅਤੇ ਬੰਗਲਾਦੇਸ਼ ਦੇ ਕਰੋੜਾਂ ਲੋਕਾਂ ਲਈ ਖੇਤੀ, ਰੁਜ਼ਗਾਰ ਅਤੇ ਆਮਦਨ ਦੇ ਸਰੋਤ ਪੈਦਾ ਕਰਨ ਦਾ ਇੱਕ ਜ਼ਰੀਆ ਵੀ ਹੈ। ਇਹ ਦਰਿਆ ਉੱਤਰਾਖੰਡ ਤੋਂ ਸ਼ੁਰੂ ਹੋ ਕੇ ਸਮੁੰਦਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਆਪਣੇ ਰਸਤੇ ਵਿੱਚ ਆਉਂਦੇ ਵੱਡੇ ਖੇਤਰ ਵਿੱਚ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦਾ ਕੰਮ ਕਰਦਾ ਹੈ। ਖੇਤੀਬਾੜੀ ਦੀਆਂ ਵੱਖ-ਵੱਖ ਫ਼ਸਲਾਂ ਦੀ ਸਿੰਜਾਈ ਕਰਨ ਤੋਂ ਇਲਾਵਾ ਮੱਛੀ ਪਾਲਣ, ਪਸ਼ੂ ਪਾਲਣ, ਸੈਰ ਸਪਾਟਾ ਅਤੇ ਉਦਯੋਗਾਂ ਆਦਿ ਜਿਹੇ ਵੱਖ-ਵੱਖ ਧੰਦਿਆਂ ਵਿੱਚ ਇਸ ਦੀ ਅਹਿਮ ਭੂਮਿਕਾ ਹੈ। ਗਲੇਸ਼ੀਅਰਾਂ ਤੋਂ ਆਉਂਦਾ ਪਾਣੀ ਆਪਣੇ ਰਸਤਿਆਂ ਵਿੱਚ ਆਉਂਦੇ ਇਲਾਕਿਆਂ ਦੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਵਿੱਚ ਵਿਸ਼ੇਸ਼ ਯੋਗਦਾਨ ਪਾਉਂਦਾ ਹੈ, ਜਿਸ ਕਰਕੇ ਇਸ ਨੂੰ ਕਰੋੜਾਂ ਲੋਕਾਂ ਲਈ ਪ੍ਰਾਣ ਆਧਾਰ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਚੀਨ ਦਾ ਗਿਆਂਗੁਦਿਰੂ ਗਲੇਸ਼ੀਅਰ ਉਸ ਦੇਸ਼ ਦੀ ਯਾਂਗਜੀ ਨਦੀ ਦੇ ਪਾਣੀ ਦਾ ਮੁੱਖ ਸਰੋਤ ਹੈ। 6300 ਕਿਲੋਮੀਟਰ ਲੰਮਾ ਯਾਂਗਜੀ ਦਰਿਆ ਵਿਸ਼ਵ ਦਾ ਤੀਜਾ ਸਭ ਤੋਂ ਵੱਡਾ ਦਰਿਆ ਹੈ, ਜਿਸ ਨੇ ਚੀਨ ਦੀ ਆਰਥਿਕ ਤਰੱਕੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਚੀਨੀ ਲੋਕ ਸਦੀਆਂ ਤੋਂ ਇਸ ਦੀ ਵਰਤੋਂ ਖੇਤਾਂ ਦੀ ਸਿੰਜਾਈ, ਉਦਯੋਗ, ਆਵਾਜਾਈ, ਸੈਨੇਟਰੀ ਕੰਮਾਂ ਅਤੇ ਜੰਗ ਸਬੰਧੀ ਕੰਮਾਂ ਲਈ ਕਰਦੇ ਰਹੇ ਹਨ। ਇਸ ਦਰਿਆ ਦੀ ਮਹੱਤਤਾ ਦਾ ਪਤਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਦਿੰਦਾ ਹੋਇਆ ਚੀਨ ਦੀ ਕੁੱਲ ਘਰੇਲੂ ਆਮਦਨ ਵਿੱਚ ਵੀਹ ਫ਼ੀਸਦੀ ਭਾਵ ਪੰਜਵੇਂ ਹਿੱਸੇ ਦਾ ਯੋਗਦਾਨ ਪਾਉਂਦਾ ਹੈ। ਗਲੇਸ਼ੀਅਰਾਂ ਦਾ ਪਾਣੀ ਸਮੁੱਚੇ ਵਿਸ਼ਵ ਦੇ ਅਨੇਕਾਂ ਦੇਸ਼ਾਂ ਵਿੱਚ ਜਲ-ਬਿਜਲੀ ਪੈਦਾ ਕਰਨ ਦਾ ਵੱਡਾ ਸੋਮਾ ਹੈ। ਇਸ ਦੀਆਂ ਉਦਾਹਰਣਾਂ ਨੌਰਵੇ, ਨਿਊਜ਼ੀਲੈਂਡ, ਦੱਖਣੀ ਅਮਰੀਕਾ, ਕੈਨੇਡਾ ਅਤੇ ਯੂਰਪੀ ਦੇਸ਼ਾਂ ਵਿੱਚ ਚੱਲ ਰਹੀਆਂ ਜਲ-ਬਿਜਲੀ ਪ੍ਰਯੋਜਨਾਵਾਂ ਹਨ। ਗਲੇਸ਼ੀਅਰ ਸੂਰਜ ਤੋਂ ਆ ਰਹੀ ਗਰਮੀ ਨੂੰ ਸੋਖ ਕੇ ਧਰਤੀ ਲਈ ਏਅਰ ਕੰਡੀਸ਼ਨਰ ਦਾ ਕੰਮ ਵੀ ਕਰਦੇ ਹਨ ਅਤੇ ਧਰਤੀ ਦੇ ਤਾਪਮਾਨ ਨੂੰ ਸਥਿਰ ਬਣਾਈ ਰੱਖਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਵਿਗਿਆਨਕ ਪੱਖੋਂ ਵੇਖੀਏ ਤਾਂ ਧਰਤੀ ਦੇ ਇੱਕ ਹਿੱਸੇ ਉੱਤੇ ਮਾਰੂਥਲਾਂ ਦੀ ਗਰਮੀ ਅਤੇ ਦੂਜੇ ਪਾਸੇ ਗਲੇਸ਼ੀਅਰਾਂ ਦੀ ਠੰਢ ਵਾਤਾਵਰਨ ਦੀ ਹਵਾ ਦੇ ਦੋ ਹਿੱਸਿਆਂ ਦੇ ਦਬਾਅ ਵਿੱਚ ਫ਼ਰਕ ਪੈਦਾ ਕਰਕੇ ਕੁਦਰਤੀ ਹਵਾਵਾਂ ਚੱਲਣ ਲਈ ਸਬੱਬ ਬਣਾਉਂਦੀ ਹੈ। ਚੱਲਦੀਆਂ ਹਵਾਵਾਂ ਵਾਤਾਵਰਨ ਨੂੰ ਠੰਢਾ ਕਰਨ ਦੇ ਨਾਲ-ਨਾਲ ਮੀਂਹ ਵਰ੍ਹਾ ਕੇ ਜ਼ਮੀਨ ਨੂੰ ਉਪਜਾਊ ਬਣਾਉਂਦੀਆਂ ਹਨ।
ਗਲੇਸ਼ੀਅਰਾਂ ਦਾ ਮਨੁੱਖ ਦੀ ਜ਼ਿੰਦਗੀ ਵਿੱਚ ਇੱਕ ਦੂਜਾ ਪਹਿਲੂ ਵੀ ਹੈ। ਇਨ੍ਹਾਂ ਤੋਂ ਨਿਕਲਿਆ ਪਾਣੀ ਕਈ ਵਾਰ ਹੜ੍ਹਾਂ ਦਾ ਕਾਰਨ ਵੀ ਬਣਦਾ ਹੈ। ਅਸਲ ਵਿੱਚ ਇਸ ਦਾ ਕਾਰਨ ਵੀ ਮਨੁੱਖ ਦੁਆਰਾ ਕੀਤੀਆਂ ਗਈਆਂ ਗ਼ਲਤੀਆਂ ਹੀ ਹਨ। ਲੋਕਾਂ ਵੱਲੋਂ ਕੋਲਾ, ਪੈਟਰੋਲ ਅਤੇ ਡੀਜ਼ਲ ਆਦਿ ਜਿਹੇ ਪਥਰਾਟੀ ਬਾਲਣ ਬਾਲ ਕੇ ਪੈਦਾ ਕੀਤੀਆਂ ਗਈਆਂ ਗਰੀਨ ਹਾਊਸ ਗੈਸਾਂ ਆਲਮੀ ਤਪਸ਼ ਪੈਦਾ ਕਰਦੀਆਂ ਹਨ, ਜੋ ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਣ ਦਾ ਮੁੱਖ ਕਾਰਨ ਹੈ। ਇਸੇ ਕਾਰਨ ਪਿਛਲੇ ਕੁਝ ਸਾਲਾਂ ਤੋਂ ਧਰਤੀ ਦੇ ਵੱਖ ਵੱਖ ਇਲਾਕਿਆਂ ਵਿੱਚ ਵਾਰ-ਵਾਰ ਹੜ੍ਹ ਆ ਰਹੇ ਹਨ। ਜੇਕਰ ਮਨੁੱਖ ਸਹੀ ਮਾਇਨੇ ’ਚ ਵਾਤਾਵਰਨ ਨੂੰ ਬਚਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਸਵੱਛ ਊਰਜਾ ਅਤੇ ਮੁੜ-ਨਵਿਆਉਣਯੋਗ ਊਰਜਾ ਵੱਲ ਵਧਣਾ ਪਏਗਾ।ਇਸ ਦੇ ਨਾਲ ਹੀ ਊਰਜਾ ਦੀ ਸਮਰੱਥਾ ਵਧਾਉਣ ਵਾਲੇ ਯੰਤਰਾਂ ਨੂੰ ਅਪਣਾਉਣਾ ਪਏਗਾ। ਨਾਲ ਦੀ ਨਾਲ ਨਿੱਜੀ ਵਾਹਨਾਂ ਤੋਂ ਨਿਕਲਣ ਵਾਲੇ ਧੂੰਏ ਨੂੰ ਘੱਟ ਕਰਨ ਲਈ ਜਨਤਕ ਵਾਹਨਾਂ ਦੀ ਵਰਤੋਂ, ਸਾਈਕਲ ਦੀ ਵਰਤੋਂ ਅਤੇ ਪੈਦਲ ਚੱਲਣ ਦੀ ਆਦਤ ਨੂੰ ਉਤਸ਼ਾਹਿਤ ਕਰਨਾ ਪਵੇਗਾ।
ਸੰਪਰਕ: 62842-20595