ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਵੰਡ ਦੀਆਂ ਅੱਖੀਂ ਦੇਖੀਆਂ ਘਟਨਾਵਾਂ

ਅਣਵੰਡਿਆ ਪੰਜਾਬ ਭੂਗੋਲਿਕ, ਸੱਭਿਆਚਾਰਕ, ਇਤਿਹਾਸਕ ਤੇ ਭਾਸ਼ਾਈ ਪੱਖੋਂ ਇੱਕ ਇਕਾਈ ਦੇ ਰੂਪ ਵਿੱਚ ਨਜ਼ਰ ਆਉਂਦਾ ਹੈ। ਲੰਮੇ ਇਤਿਹਾਸ ਤੇ ਜੰਗਾਂ-ਯੁੱਧਾਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਵਿਸ਼ਾਲ ਰੂਪ ਦਿੱਤਾ ਜੋ ਅੰਗਰੇਜ਼ੀ ਰਾਜ ਸਮੇਂ ਤੱਕ ਇੰਜ ਹੀ ਰਿਹਾ। ਅੰਗਰੇਜ਼ਾਂ ਨੇ...
Advertisement

ਅਣਵੰਡਿਆ ਪੰਜਾਬ ਭੂਗੋਲਿਕ, ਸੱਭਿਆਚਾਰਕ, ਇਤਿਹਾਸਕ ਤੇ ਭਾਸ਼ਾਈ ਪੱਖੋਂ ਇੱਕ ਇਕਾਈ ਦੇ ਰੂਪ ਵਿੱਚ ਨਜ਼ਰ ਆਉਂਦਾ ਹੈ। ਲੰਮੇ ਇਤਿਹਾਸ ਤੇ ਜੰਗਾਂ-ਯੁੱਧਾਂ ਮਗਰੋਂ ਮਹਾਰਾਜਾ ਰਣਜੀਤ ਸਿੰਘ ਨੇ ਇਸ ਨੂੰ ਵਿਸ਼ਾਲ ਰੂਪ ਦਿੱਤਾ ਜੋ ਅੰਗਰੇਜ਼ੀ ਰਾਜ ਸਮੇਂ ਤੱਕ ਇੰਜ ਹੀ ਰਿਹਾ। ਅੰਗਰੇਜ਼ਾਂ ਨੇ ਮਹਾਰਾਜੇ ਦੀ ਮੌਤ ਤੋਂ ਬਾਅਦ ਲਾਹੌਰ ਦਰਬਾਰ ਦੀ ਖਾਨਾਜੰਗੀ ਤੇ ਡੋਗਰੇ ਸਰਦਾਰਾਂ ਦੀ ਗਦਾਰੀ ਦਾ ਫ਼ਾਇਦਾ ਚੁੱਕਦੇ ਹੋਏ ਪੰਜਾਬ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਇੱਥੇ ਗੋਰੇਸ਼ਾਹੀ ਚਲਾ ਦਿੱਤੀ।

ਹੱਥਲੀ ਕਿਤਾਬ ‘ਅਣਵੰਡਿਆ ਪੰਜਾਬ’ (ਲੇਖਕ: ਡਾ. ਚੰਦਰ ਤ੍ਰਿਖਾ; ਅਨੁਵਾਦ: ਸੁਭਾਸ਼ ਨੀਰਵ; ਕੀਮਤ: 400 ਰੁਪਏ; ਲੋਕਗੀਤ ਪ੍ਰਕਾਸ਼ਨ, ਮੁਹਾਲੀ-ਚੰਡੀਗੜ੍ਹ) ਵਿੱਚ ਲੇਖਕ ਵੰਡ ਤੋਂ ਪਹਿਲਾਂ ਦੇ ਪੰਜਾਬ ਦੇ ਵੇਰਵੇ ਦੇ ਕੇ ਉਸ ਦੇ ਬੁਨਿਆਦੀ ਆਧਾਰ ਲੱਭ ਰਿਹਾ ਹੈ। ਸ਼ੁਰੂ ਵਿੱਚ ਹੀ ਉਹ ਵੰਡ ਤੇ ਹਿਜਰਤ ਦੇ ਕਾਰਨਾਂ ਨੂੰ ਲੱਭਣ ਲਈ ਪਿੱਛਲਝਾਤ ਮਾਰਦਿਆਂ ਲਿਖਦਾ ਹੈ:

Advertisement

‘ਵੰਡਾਰੇ ਤੇ ਵਿਸ਼ਵ ਦੀ ਇਸ ਸਭ ਤੋਂ ਵੱਡੀ ਹਿਜਰਤ ਦੀ ਤ੍ਰਾਸਦੀ ਨੂੰ ਸਮਝਣ ਲਈ ਥੋੜ੍ਹਾ ਪਿਛਾਂਹ ਪਰਤਣਾ ਪਵੇਗਾ। ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ ਭਾਵ 1857 ਦਾ ਗਦਰ ਸਿੱਧੇ ਰੂਪ ਵਿੱਚ ਬਰਤਾਨਵੀ ਸਾਮਰਾਜ ਦੇ ਵਿਰੁੱਧ ਨਹੀਂ ਸੀ। ਉਹ ਵਿਦਰੋਹ ਅਸਲ ਵਿੱਚ ਈਸਟ ਇੰਡੀਆ ਕੰਪਨੀ ਦੇ ਖ਼ਿਲਾਫ਼ ਸੀ। ਉਸ ਆਜ਼ਾਦੀ ਸੰਗਰਾਮ ਦੇ ਮੱਧ ਵਿੱਚ ਭਾਰਤੀ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਇਸ ਦੇਸ਼ ਦੇ ਕੁਝ ਮੁਸਲਮਾਨ ਤੇ ਹਿੰਦੂ ਸ਼ਾਸਕਾਂ ਨੇ ਮਿਲ ਕੇ ਈਸਟ ਇੰਡੀਆ ਕੰਪਨੀ ਵਿਰੁੱਧ ਵਿਦਰੋਹ ਦਾ ਬਿਗਲ ਵਜਾਇਆ ਸੀ। ਬਰਤਾਨਵੀ ਸਰਕਾਰ ਨੇ ਅਸਲ ਵਿੱਚ ਇਸ ਦੇਸ਼ ਦਾ ਸ਼ਾਸਨ ਰਸਮੀ ਤੌਰ ’ਤੇ 1858 ਵਿੱਚ ਸੰਭਾਲਿਆ ਸੀ।’

ਇਸ ਤੋਂ ਬਾਅਦ ਪ੍ਰਸ਼ਾਸਨਿਕ ਢਾਂਚਾ, ਯੂਨੀਅਨਿਸਟ ਪਾਰਟੀ, ਮੁਸਲਿਮ ਲੀਗ ਤੇ ਸਿੱਖਾਂ ਦੇ ਪੱਖ ਬਾਰੇ ਸੰਖੇਪ ਚਰਚਾ ਕੀਤੀ ਹੈ। ਅਗਲੇ ਕਾਂਡਾਂ ਵਿੱਚ 3 ਤੇ 9 ਜੂਨ 1947 ਦੀਆਂ ਉਨ੍ਹਾਂ ਘਟਨਾਵਾਂ ਦੇ ਵੇਰਵੇ ਦਰਜ ਹਨ, ਜਦੋਂ ਵੰਡ ਦਾ ਐਲਾਨ ਕੀਤਾ ਜਾ ਰਿਹਾ ਸੀ। ਲਹਿੰਦੇ ਪੰਜਾਬ ਦੇ ਪ੍ਰਮੁੱਖ ਸ਼ਹਿਰ ਰਾਵਲਪਿੰਡੀ ਬਾਰੇ ਲੇਖਕ ਲਿਖਦਾ ਹੈ: ‘ਝੰਡਾ ਖਾਨ ਨੇ 1493 ਵਿੱਚ ਰਾਵਲ ਨਾਂ ਦਾ ਇੱਕ ਪਿੰਡ ਬੰਨ੍ਹਿਆ ਜਿਸ ਨੂੰ ਰਾਵਲਪਿੰਡੀ ਕਿਹਾ ਗਿਆ। ਇਹ ਨਗਰ ਅੰਤਿਮ ਗੱਖੜ ਸ਼ਾਸਕ ਮੁਕਰਬ ਖ਼ਾਨ ਦੇ ਸਮੇਂ ਤੱਕ ਗੱਖੜਾਂ ਦੇ ਕਬਜ਼ੇ ਵਿੱਚ ਰਿਹਾ। 1765 ਵਿੱਚ ਸਿੱਖਾਂ ਨੇ ਇਹਦੇ ’ਤੇ ਕਬਜ਼ਾ ਕਰ ਲਿਆ। ਸਿੱਖਾਂ ਨੇ ਦੂਜੀਆਂ ਥਾਵਾਂ ਤੋਂ ਵਪਾਰੀਆਂ ਨੂੰ ਇੱਥੇ ਬੁਲਾ ਲਿਆ, ਜਿਸ ਨਾਲ ਸ਼ਹਿਰ ਨੂੰ ਇੱਕ ਨਵੀਂ ਪਛਾਣ ਮਿਲੀ। 1849 ਵਿੱਚ ਅੰਗਰੇਜ਼ਾਂ ਨੇ ਇਸ ਨੂੰ ਸਿੱਖਾਂ ਕੋਲੋਂ ਖੋਹ ਲਿਆ ਤੇ 1851 ਵਿੱਚ ਇੱਥੇ ਅੰਗਰੇਜ਼ਾਂ ਦੀ ਪੱਕੀ ਛਾਉਣੀ ਬਣ ਗਈ।’

ਵੰਡ ਦੀ ਤ੍ਰਾਸਦੀ ਦਾ ਸਭ ਤੋਂ ਮਹੱਤਵਪੂਰਨ ਅਧਿਆਏ ਰੈਡਕਲਿਫ ਐਵਾਰਡ ਹੈ, ਜਿਸ ਨਾਲ ਦੋ ਮੁਲਕ ਵੰਡੇ ਗਏ। ਇੱਥੇ ਇਹ ਗੱਲ ਬੜੀ ਦਿਲਚਸਪ ਹੈ ਕਿ ਵੰਡ ਦਾ ਆਧਾਰ ਦੋ ਕੌਮਾਂ ਦੇ ਸਿਧਾਂਤ ਨੂੰ ਮੰਨਿਆ ਗਿਆ ਜਦੋਂਕਿ ਭਾਰਤ ਬਹੁ-ਕੌਮੀ, ਬਹੁ-ਭਾਸ਼ਾਈ ਤੇ ਬਹੁ-ਸੱਭਿਆਚਾਰਕ ਦੇਸ਼ ਸੀ। ਜਦੋਂ ਵੀ ਦੋ ਮੁਲਕ ਵੰਡੇ ਜਾਂਦੇ ਹਨ ਤਾਂ ਅਸੂਲਨ ਆਧਾਰ ਕੁਦਰਤੀ ਹੁੰਦਾ ਹੈ, ਪਰ ਇੱਥੇ ਤਾਂ ਰੈਡਕਲਿਫ ਵੱਲੋਂ ਨਕਸ਼ੇ ’ਤੇ ਵਾਹੀ ਲੀਕ ਹੀ ਸਰਹੱਦ ਬਣ ਗਈ। ਅੰਗਰੇਜ਼ਾਂ ਦਾ ਮੱਤ ਸੀ ਕਿ ਅਸੀਂ ਦੇਸ਼ ਦੀ ਵੰਡ ਬਹੁਗਿਣਤੀ ਵਾਲੇ ਖੇਤਰਾਂ ਨੂੰ ਆਧਾਰ ਮੰਨ ਕੇ ਕਰਨੀ ਹੈ। ਇਸੇ ਕਰਕੇ ਉਹ ਕਹਿੰਦਾ ਹੈ- ‘ਅਸੀਂ ਕੁਝ ਵੀ ਕਰ ਲਈਏ, ਲੋਕ ਬਰਬਾਦੀ ਤਾਂ ਝੱਲਣਗੇ ਹੀ।’ ਅਸਲ ਵਿੱਚ ਰੈਡਕਲਿਫ ਨੇ ਭਾਰਤ ਛੱਡਣ ਤੋਂ ਪਹਿਲਾਂ ਅੰਤਿਮ ਰਿਪੋਰਟ ਤੋਂ ਇਲਾਵਾ ਸਾਰੇ ਨੋਟਸ ਨਸ਼ਟ ਕਰ ਦਿੱਤੇ ਸਨ ਤਾਂ ਕਿ ਬਾਅਦ ਵਿੱਚ ਰੱਫੜ ਨਾ ਪੈਣ।

ਅਗਲੇ ਹਿੱਸਿਆਂ ਵਿੱਚ ਵੰਡ ਵੇਲੇ ਲਾਹੌਰ ਤੇ ਹੋਰ ਸ਼ਹਿਰਾਂ ਵਿੱਚ ਹੋਈ ਬਰਬਾਦੀ ਤੇ ਉਸ ਵੇਲੇ ਦੇ ਭਿਆਨਕ ਹਾਲਾਤ ਦਾ ਜ਼ਿਕਰ ਹੈ। ਦੋਵੇਂ ਪਾਸੇ ਵੱਡੇ ਪੱਧਰ ’ਤੇ ਹੋਈ ਵੱਢ-ਟੁੱਕ, ਉਧਾਲੇ ਤੇ ਔਰਤਾਂ ਦੀ ਬੇਹੁਰਮਤੀ ਇਸ ਦੇ ਦੁਖਦਾਈ ਪੱਖ ਹਨ। ਇਥੇ ਲੇਖਕ ਨੇ ਇੱਕ ਦਿਲਚਸਪ ਘਟਨਾ ਦਾ ਵਰਣਨ ਕੀਤਾ ਹੈ: ‘ਇੱਕ ਘਟਨਾ ਦਾ ਜ਼ਿਕਰ ਤਤਕਾਲੀ ਮੀਡੀਆ ਵਿੱਚ ਵਿਸ਼ੇਸ਼ ਰੂਪ ਵਿੱਚ ਹੋਇਆ ਸੀ ਜਦੋਂ ਨਹਿਰੂ ਤੇ ਲਿਆਕਤ ਅਲੀ ਖ਼ਾਨ ਇੱਕ ਖੁੱਲ੍ਹੀ ਕਾਰ ਵਿੱਚ ਆਏ ਸਨ। ਇਹ ਆਜ਼ਾਦੀ ਤੋਂ ਕੁਝ ਦਿਨ ਬਾਅਦ ਦੀ ਗੱਲ ਹੈ। ਮਹੀਨਾ ਅਗਸਤ 1947 ਦਾ ਹੀ ਸੀ। ਦੋਵੇਂ ਖ਼ਾਮੋਸ਼ ਸਨ, ਚਿਹਰਿਆਂ ’ਤੇ ਗਹਿਰੀ ਉਦਾਸੀ ਤੇ ਥਕਾਵਟ ਸੀ। ਅਜਬ ਆਲਮ ਸੀ ਕਿ ਦੋ ਸਿਖਰ ਪੁਰਖਾਂ ਦੀ ਅਗਵਾਈ ਵਿੱਚ ਕੋਈ ਵੀ ਹੱਥ ਨਹੀਂ ਸੀ ਹਿਲਾ ਰਿਹਾ। ਉਨ੍ਹਾਂ ਦੀ ਕਾਰ ਦੇ ਦੋਵੇਂ ਪਾਸੇ ਏਧਰੋਂ ਓਧਰ ਤੇ ਓਧਰੋਂ ਏਧਰ ਆਉਣ ਜਾਣ ਵਾਲਿਆਂ ਦੇ ਕਾਫ਼ਲੇ ਆ ਜਾ ਰਹੇ ਸਨ। ਓਸੇ ਵਕਤ ਨਹਿਰੂ ਨੇ ਚੁੱਪ ਤੋੜਦਿਆਂ ਕਿਹਾ, ‘ਲਿਆਕਤ ਇਹ ਕੀ ਹੋ ਗਿਐ?’ ਲਿਆਕਤ ਅਲੀ ਖ਼ਾਨ ਦਾ ਜੁਆਬ ਸੀ, ‘ਸਾਡੇ ਲੋਕ ਪਾਗਲ ਹੋ ਗਏ ਨੇ।’ ਪਿੰਡੀ ਦੇ ਦੰਗੇ, ਧਮਾਲੀ ਦਾ ਕਤਲੇਆਮ, ਚੋਆ ਖਾਲਸਾ, ਦੰਗਿਆਂ ਦਾ ਦੂਸਰਾ ਦੌਰ- ਸਾਰੇ ਕਾਂਡ ਵੰਡ ਦੇ ਕਤਲੇਆਮ ਨਾਲ ਜੁੜੇ ਹੋਏ ਹਨ। ਚੋਆ ਖਾਲਸਾ ਵਿੱਚ ਇਸ ਲੁੱਟ ਮਾਰ ਤੇ ਕਤਲੇਆਮ ਦਾ ਇੱਕ ਹੋਰ ਪੱਖ ਵੀ ਉਜਾਗਰ ਹੁੰਦਾ ਹੈ: ‘ਆਸ-ਪਾਸ ਦੰਗਿਆਂ ਦੀ ਖ਼ਬਰ ਮਿਲਦੇ ਹੀ ਸਿੱਖ ਦੁਕਾਨਦਾਰਾਂ ਤੇ ਕੁਝ ਹਿੰਦੂਆਂ ਨੇ ਆਪਣੇ ਬੱਚਿਆਂ ਤੇ ਔਰਤਾਂ ਨੂੰ ਇੱਕ ਥਾਂ ’ਤੇ ਇਕੱਠਾ ਕਰ ਲਿਆ। ਕੁਝ ਨੂੰ ਉਨ੍ਹਾਂ ਨੇ ਦੰਗਈਆਂ ਹੱਥੋਂ ਇੱਜ਼ਤ ਲੁੱਟਣ ਦੇ ਡਰੋਂ ਖ਼ੁਦ ਮਾਰ ਦਿੱਤਾ ਜਦੋਂਕਿ ਬਚਿਆਂ ਖੁਚਿਆਂ ਨੂੰ ਦੰਗਈਆਂ ਨੇ ਪਾਰ ਬੁਲਾ ਦਿੱਤਾ। ਦੋ ਤਿੰਨ ਪਰਿਵਾਰਾਂ ਨੇ ਇਸਲਾਮ ਕਬੂਲ ਕਰ ਲਿਆ। ਪਰ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਦੰਗਈ ਕਰਿੰਦੇ ਸਨ। ਉਹ ਸੱਚੇ ਮੁਸਲਮਾਨ ਨਹੀਂ ਸਨ।’

ਅਗਲੇ ਹਿੱਸੇ ਵਿੱਚ ਫ਼ੌਜਾਂ ਦੀ ਵੰਡ, ਸ਼ਰਨਾਰਥੀ ਕੈਂਪ, ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਹਾਲ, ਪੂਰਬੀ ਪੰਜਾਬ ਦੀਆਂ ਰਿਆਸਤਾਂ ਤੇ ਕੁਝ ਲਹਿੰਦੇ ਪੰਜਾਬ ਦੇ ਸ਼ਹਿਰਾਂ ਦੇ ਹਾਲ ਹਨ। ਭਾਵੇਂ ਇਸ ਵਿੱਚ ਵੰਡ ਦੇ ਉਹ ਸਾਰੇ ਹਾਲਾਤ ਬਿਆਨ ਕੀਤੇ ਹਨ, ਜੋ ਪਹਿਲਾਂ ਵੀ ਬਹੁਤ ਸਾਰੀਆਂ ਕਿਤਾਬਾਂ ਦਾ ਹਿੱਸਾ ਹਨ, ਪਰ ਕਈ ਪੱਖਾਂ ਤੋਂ ਇਹ ਕਿਤਾਬ ਵੱਖਰੀ ਤੇ ਦਿਲਚਸਪ ਹੈ। ਇਸ ਵਿੱਚ ਅੰਕੜਿਆਂ ਦੀ ਭਰਮਾਰ ਦੀ ਥਾਂ ਅੱਖੀਂ ਦੇਖੇ, ਸੁਣੇ, ਭੋਗੇ ਬਿਰਤਾਂਤ ਨਜ਼ਰ ਆਉਂਦੇ ਹਨ। ਉਸ ਵੇਲੇ ਦੇ ਸੰਪਰਦਾਇਕ ਤਕਾਜ਼ੇ ਤੇ ਸਾਂਝੀਆਂ ਕੜੀਆਂ ਨੂੰ ਵੀ ਪਛਾਣਨ ਦਾ ਯਤਨ ਕੀਤਾ ਹੈ। ਡਾਕਟਰ ਤ੍ਰਿਖਾ ਹੋਮਿਓਪੈਥੀ ਦੇ ਇੱਕ ਸਫ਼ਲ ਡਾਕਟਰ ਹਨ ਅਤੇ ਪੱਤਰਕਾਰ ਤੇ ਲੇਖਕ ਵਜੋਂ ਉਨ੍ਹਾਂ ਦੀ ਵੱਖਰੀ ਪਛਾਣ ਹੈ। ਅਜਿਹੀਆਂ ਕਿਤਾਬਾਂ ਨਵੀਂ ਪੀੜ੍ਹੀ ਨੂੰ ਜ਼ਰੂਰ ਪੜ੍ਹਣੀਆਂ ਚਾਹੀਦੀਆਂ ਹਨ ਤਾਂ ਕਿ ਉਨ੍ਹਾਂ ਨੂੰ ਵੰਡ ਦੇ ਇਤਿਹਾਸ ਦਾ ਪਤਾ ਲੱਗ ਸਕੇ।

ਸੰਪਰਕ: 94173-58120

Advertisement