ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗ਼ਲਤ ਨਾਂ ਨ੍ਹੀਂ ਲੈਣਾ

ਮੇਰਾ ਇੱਕ ਸਹਿਪਾਠੀ ਤਕਰੀਬਨ 24 ਸਾਲ ਬਾਅਦ ਅਚਾਨਕ ਮੈਨੂੰ ਇੱਕ ਦੁਕਾਨ ਉੱਤੇ ਮਿਲ ਪਿਆ। ਉਸ ਨੇ ਮੈਨੂੰ ਮੇਰਾ ਨਾਂ ਲੈ ਕੇ ਬੁਲਾਇਆ ਤਾਂ ਉਸ ਨੂੰ ਦੇਖ ਕੇ ਮੈਂ ਕਿਹਾ, ‘‘ਹੋਰ ਦਵਿੰਦਰ ਕੀ ਹਾਲ ਨੇ, ਮਾਸਟਰੀ ਕਿੱਦਾਂ ਚੱਲ ਰਹੀ ਆ?’’ ਉਹ...
Advertisement

ਮੇਰਾ ਇੱਕ ਸਹਿਪਾਠੀ ਤਕਰੀਬਨ 24 ਸਾਲ ਬਾਅਦ ਅਚਾਨਕ ਮੈਨੂੰ ਇੱਕ ਦੁਕਾਨ ਉੱਤੇ ਮਿਲ ਪਿਆ। ਉਸ ਨੇ ਮੈਨੂੰ ਮੇਰਾ ਨਾਂ ਲੈ ਕੇ ਬੁਲਾਇਆ ਤਾਂ ਉਸ ਨੂੰ ਦੇਖ ਕੇ ਮੈਂ ਕਿਹਾ, ‘‘ਹੋਰ ਦਵਿੰਦਰ ਕੀ ਹਾਲ ਨੇ, ਮਾਸਟਰੀ ਕਿੱਦਾਂ ਚੱਲ ਰਹੀ ਆ?’’ ਉਹ ਕਹਿੰਦਾ, ‘‘ਮੈਂ ਦਵਿੰਦਰ ਨਹੀਂ ਗੁਰਪ੍ਰੀਤ ਹਾਂ ਤੇ ਮੈਂ ਮਾਸਟਰ ਨਹੀਂ ਮੈਨੇਜਰ ਹਾਂ।’’ ਮੈਂ ਦਿਮਾਗ਼ ਉੱਤੇ ਜ਼ਰਾ ਜ਼ੋਰ ਪਾਇਆ ਅਤੇ ਤੁਰੰਤ ਮਾਫ਼ੀ ਮੰਗੀ। ਸਾਡਾ ਇੱਕ ਸਹਿਪਾਠੀ ਦਵਿੰਦਰ ਵੀ ਹੁੰਦਾ ਸੀ ਅਤੇ ਮੈਂ ਗੁਰਪ੍ਰੀਤ ਨੂੰ ਦਵਿੰਦਰ ਸਮਝ ਬੈਠਾ ਸੀ। ਫੇਰ ਮੈਂ ਉਸ ਨਾਲ ਇੱਕ ਦੋ ਅਜਿਹੀਆਂ ਗੱਲਾਂ ਕੀਤੀਆਂ ਜਿਸ ਨਾਲ ਉਸ ਨੂੰ ਯਕੀਨ ਹੋ ਸਕੇ ਕਿ ਮੈਂ ਉਸ ਨੂੰ ਭੁੱਲਿਆ ਨਹੀਂ, ਸਿਰਫ਼ ਬੇਧਿਆਨੀ ਜਾਂ ਗ਼ਲਤੀ ਨਾਲ ਹੀ ਉਸ ਦਾ ਨਾਂ ਗ਼ਲਤ ਬੋਲਿਆ ਗਿਆ ਸੀ।

ਮੇਰਾ ਇਹ ਹਮੇਸ਼ਾ ਤੋਂ ਹੀ ਮੰਨਣਾ ਰਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਨਾ ਤਾਂ ਗ਼ਲਤ ਨਾਂ ਨਾਲ ਬੁਲਾਉਣਾ ਚਾਹੀਦਾ ਹੈ ਅਤੇ ਨਾ ਹੀ ਬਹੁਤੇ ਵਿਅਕਤੀ ਆਪਣਾ ਨਾਂ ਗ਼ਲਤ ਲਿਖਿਆ ਜਰਦੇ ਹਨ। ਜਿਹੜੇ ਕਹਿੰਦੇ ਹਨ ਕਿ ‘ਨਾਂ ਵਿੱਚ ਕੀ ਰੱਖਿਆ’ ਮੈਂ ਹਮੇਸ਼ਾ ਉਨ੍ਹਾਂ ਨਾਲ ਅਸਹਿਮਤ ਹੁੰਦਾ ਹਾਂ। ਦਰਅਸਲ, ਨਾਂ ਵਿੱਚ ਹੀ ਤਾਂ ਸਾਰਾ ਕੁਝ ਰੱਖਿਆ ਹੁੰਦਾ ਹੈ। ਇੱਕ ਨਾਂ ਕਮਾਉਣ ਅਤੇ ਬਣਾਉਣ ਵਿੱਚ ਹੀ ਤਾਂ ਬੰਦਾ ਸਾਰੀ ਉਮਰ ਭੱਜਿਆ ਨੱਠਿਆ ਫਿਰਦਾ ਰਹਿੰਦਾ ਹੈ। ਨਾਂ ਨਾਲ ਹੀ ਤਾਂ ਬੰਦੇ ਦੀ ਪਛਾਣ ਹੁੰਦੀ ਹੈ।

Advertisement

ਪੰਜਾਬ ਦੀ ਇੱਕ ਅਧਿਕਾਰੀ ਨਾਲ ਮੈਂ ਲੋਕ ਸੰਪਰਕ ਅਫਸਰ ਵਜੋਂ ਤਾਇਨਾਤ ਰਿਹਾ ਹਾਂ। ਉਸ ਵੇਲੇ ਇੱਕ ਪ੍ਰੈੱਸ ਨੋਟ ਵਿੱਚ ਉਨ੍ਹਾਂ ਦਾ ਨਾਂ ਮੈਂ ਗ਼ਲਤ ਲਿਖ ਦਿੱਤਾ। ਜਦੋਂ ਪ੍ਰੈੱਸ ਨੋਟ ਮੈਂ ਉਨ੍ਹਾਂ ਨੂੰ ਦਿਖਾਉਣ ਲਈ ਵੱਟਸਐਪ ਕੀਤਾ ਤਾਂ ਉਨ੍ਹਾਂ ਨੇ ਸਹੀ ਕਰਕੇ ਭੇਜਿਆ। ਮੈਂ ਜਿੰਨਾ ਚਿਰ ਉਨ੍ਹਾਂ ਨਾਲ ਤਾਇਨਾਤ ਰਿਹਾ, ਫਿਰ ਕਦੇ ਨਾਂ ਗ਼ਲਤ ਨਹੀਂ ਲਿਖਿਆ। ਉਂਜ ਮੇਰੇ ਕੋਲ ਅਜਿਹੀਆਂ ਹੋਰ ਵੀ ਕਈ ਉਦਾਹਰਣਾਂ ਹਨ, ਪਰ ਸਮਝਾਉਣ ਲਈ ਇਹ ਦੋ ਉਦਾਹਰਣਾਂ ਆਪਣੇ ਆਪ ਵਿੱਚ ਮੁਕੰਮਲ ਹਨ।

ਜੁਲਾਈ 2024 ਵਿੱਚ ਵਾਸ਼ਿੰਗਟਨ ਵਿਖੇ ਨਾਟੋ ਸੰਮੇਲਨ ਦੌਰਾਨ ਜਦੋਂ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਪੂਤਿਨ ਕਹਿ ਦਿੱਤਾ ਸੀ ਤਾਂ ਦੁਨੀਆ ਭਰ ਵਿੱਚ ਇਸ ਦੀਆਂ ਖ਼ਬਰਾਂ ਨਸ਼ਰ ਹੋਈਆਂ ਸਨ। ਵੈਸੇ ਦੋਵਾਂ ਦਾ ਪਹਿਲਾ ਨਾਂ ਇੱਕੋ ਜਿਹਾ ਹੀ ਹੈ (ਵਲਾਦੀਮੀਰ ਪੂਤਿਨ ਅਤੇ ਵੋਲੋਦੀਮੀਰ ਜ਼ੇਲੈਂਸਕੀ)। ਥੋੜ੍ਹਾ ਜਿਹਾ ਗੰਭੀਰ ਚਿੰਤਨ ਕਰੀਏ ਤਾਂ ਸਿਆਸਤ ਵਿੱਚ ਜਨਤਕ ਸਮਾਗਮਾਂ ਦੌਰਾਨ ਕਿਸੇ ਦਾ ਨਾਂ ਲੈਣਾ ਜਾਂ ਨਾ ਲੈਣਾ ਵੀ ਵੱਡੇ ਮਾਇਨੇ ਰੱਖਦਾ ਹੈ। ਜਿਹੜੇ ਸਿਆਸੀ ਬੰਦੇ ਕਿਸੇ ਨੂੰ ਇੱਕ ਵਾਰ ਮਿਲ ਕੇ ਦੂਜੀ ਵਾਰ ਮਿਲਣ (ਜਾਂ ਜਦੋਂ ਵੀ ਮਿਲਣ) ਉੱਤੇ ਲੋਕਾਂ ਨੂੰ ਉਨ੍ਹਾਂ ਦੇ ਸਹੀ ਨਾਂ ਨਾਲ ਬੁਲਾਉਂਦੇ ਹਨ, ਉਨ੍ਹਾਂ ਨੂੰ ਭਰਪੂਰ ਲੋਕ ਪਿਆਰ ਤੇ ਸਮਰਥਨ ਮਿਲਦਾ ਹੈ। ਲੋਕਾਂ ਨੂੰ ਲੱਗਦਾ ਹੁੰਦਾ ਹੈ ਕਿ ਇਹ ਆਗੂ ਸਾਨੂੰ ਨਿੱਜੀ ਜਾਣਦਾ ਹੈ।

ਖ਼ੈਰ, ਸਿਆਸਤ ਤੋਂ ਬਾਹਰਲੀ ਇੱਕ ਹੋਰ ਰੌਚਕ ਗੱਲ। 2019 ਵਿੱਚ ਕਜ਼ਾਖ਼ਸਤਾਨ ਦੇ ਦੌਰੇ ਦੌਰਾਨ ਅਲਮਾਟੀ ਸ਼ਹਿਰ ਘੁੰਮਦਿਆਂ ਮੈਨੂੰ ਕੰਧ ਚਿੱਤਰ ਬਣਾਉਣ ਵਾਲੀ ਇੱਕ ਕਲਾਕਾਰ ਮਿਲੀ ਸੀ। ਉਸ ਦਾ ਨਾਂ ਨੂਰਜ਼ਾਨ ਅਬਦੀਵਾ ਸੀ। ਜਦੋਂ ਉਹ ਅੰਗਰੇਜ਼ੀ ਬੋਲ ਕੇ ਆਪਣਾ ਨਾਂ ਦੱਸ ਰਹੀ ਸੀ ਤਾਂ ਮੈਨੂੰ ਉਸਦੇ ਕਜ਼ਾਖ਼ ਉਚਾਰਨ ਕਰਕੇ ਅਬਦੀਵਾ ਦੀ ਸਮਝ ਨਾ ਪਵੇ। ਮੈਂ ਕਿਹਾ, ‘‘ਨੂਰਜ਼ਾਨ ਹੀ ਠੀਕ ਹੈ।’’ ਉਹ ਕਹਿੰਦੀ, ‘‘ਮੇਰਾ ਇਕੱਲਾ ਨਾਂ ਨੋਰਾ ਹੈ ਪਰ ਨੂਰਜ਼ਾਨ ਇਕੱਲਾ ਨਹੀਂ, ਇਸ ਨਾਲ ਅਬਦੀਵਾ ਲਾਓ।’’ ਬਾਅਦ ਵਿੱਚ ਉਸ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਮੈਨੂੰ ਪਤਾ ਲੱਗਾ ਸੀ ਕਿ ਉਸ ਦਾ ਪੂਰਾ ਨਾਂ ਨੂਰਜ਼ਾਨ ਅਬਦੀਵਾ ਹੈ। ਨੋਰਾ ਨੇ (ਸ਼ਾਇਦ ਛੋਟਾ ਨਾਂ ਹੋਵੇਗਾ, ਜਿੱਦਾਂ ਆਪਣੇ ਸੋਨੂੰ, ਮੋਨੂੰ, ਟੋਨੀ, ਬੰਟੀ, ਨੀਨਾ, ਕਾਲਾ ਰੱਖ ਲੈਂਦੇ ਨੇ) ਮੈਨੂੰ ਆਪਣਾ ਪੂਰਾ ਨਾਂ ਸਮਝਾਉਣ ਵਿੱਚ ਕਾਫ਼ੀ ਸਮਾਂ ਲਾਇਆ ਸੀ। ਜੇਕਰ ਨਾਂ ਵਿੱਚ ਕੁਝ ਨਾ ਪਿਆ ਹੁੰਦਾ ਤਾਂ ਗੱਲ ਨੋਰਾ ਉੱਤੇ ਹੀ ਮੁੱਕ ਜਾਣੀ ਸੀ ਪਰ ਦੁਨੀਆ ਦਾ ਹਰੇਕ ਬੰਦਾ ਆਪਣੇ ਨਾਂ ਨੂੰ ਲੈ ਕੇ ਪੂਰੀ ਤਰ੍ਹਾਂ ਸੁਚੇਤ ਤੇ ਜਜ਼ਬਾਤੀ ਹੁੰਦਾ ਹੈ ਕਿ ਉਸ ਦਾ ਨਾਂ ਸਹੀ ਬੋਲਿਆ ਤੇ ਲਿਖਿਆ ਜਾਵੇ।

ਇੱਕ ਅੰਤਿਮ ਗੱਲ। ਜਦੋਂ ਮੈਂ ਕਜ਼ਾਖ਼ਸਤਾਨ ਤੋਂ ਅਗਲੇ ਦੇਸ਼ ਇੰਗਲੈਂਡ ਗਿਆ ਤਾਂ ਹੀਥਰੋ ਏਅਰਪੋਰਟ ਉੱਤੇ ਇਮੀਗ੍ਰੇਸ਼ਨ ਅਫ਼ਸਰ ਨੇ ਮੇਰਾ ਪਾਸਪੋਰਟ ਫੜ ਕੇ ਮੇਰਾ ਨਾਂ ਲਿਆ ਤਾਂ ਮੈਂ ਕਿਹਾ, ‘‘ਹਾਂ ਜੀ ਸਰ।’’ ਕਹਿੰਦਾ, ‘‘ਤੁਹਾਡਾ ਨਾਂ ਤਾਂ ਪ੍ਰਧਾਨ ਮੰਤਰੀ ਵਾਲਾ ਹੈ।’’ ਮੈਂ ਹੱਸ ਕੇ ਕਿਹਾ ਕਿ ਉਹ ਨਰੇਂਦਰ ਹਨ ਅਤੇ ਮੈਂ ਨਰਿੰਦਰ ਹਾਂ। ਇੰਨੇ ਵਿੱਚ ਮੈਂ ਦੋਵਾਂ ਨਾਵਾਂ ਦੇ ਅੱਖਰ ਵੀ ਬੋਲ ਦਿੱਤੇ। ਉਹ ਮੇਰੇ ਵੱਲ ਦੇਖ ਕੇ ਕਹਿੰਦਾ, ‘‘ਓ ਅੱਛਾ, ਮਾਫ਼ ਕਰਨਾ।’’ ਮੈਨੂੰ ਲੱਗਾ ਕੋਈ ਫ਼ਰਕ ਨਹੀਂ ਸ਼ਾਇਦ। ਮੇਰੇ ਲਈ ਇਹ ਆਮ ਗੱਲ ਸੀ (ਬਹੁਤਿਆਂ ਲਈ ਆਮ ਹੀ ਹੈ!) ਪਰ ਉਸ ਦੇ ਚਿਹਰੇ ਤੋਂ ਲੱਗ ਰਿਹਾ ਸੀ ਕਿ ਗ਼ਲਤ ਨਾਂ ਉਚਾਰਨ ਦਾ ਉਸ ਨੂੰ ਅਫ਼ਸੋਸ ਹੋ ਰਿਹਾ ਹੈ। ਹਾਲਾਂਕਿ ਇਹ ਏਨਾ ਵੀ ਗ਼ਲਤ ਨਹੀਂ ਸੀ ਜਿੰਨਾ ਗੁਰਪ੍ਰੀਤ ਨੂੰ ਦਵਿੰਦਰ ਕਹਿ ਦੇਣਾ।

ਸੰਪਰਕ: 97802-16767

Advertisement
Show comments