ਗਲੋਬਲ ਵਾਰਮਿੰਗ ਕਾਰਨ ਨਕਸ਼ੇ ਤੋਂ ਗਾਇਬ ਹੋ ਰਿਹਾ ਦੇਸ਼
ਟੁਵਾਲੂ ਨਾਮਕ ਦੇਸ਼ ਗਲੋਬਲ ਵਾਰਮਿੰਗ ਕਾਰਨ ਦੁਨੀਆ ਦੇ ਨਕਸ਼ੇ ਤੋਂ ਗਾਇਬ ਹੋਣ ਜਾ ਰਿਹਾ ਹੈ। ਇਹ ਦੇਸ਼ ਪ੍ਰਸ਼ਾਂਤ ਮਹਾਸਾਗਰ ਵਿੱਚ ਦੂਰ ਦੁਰੇਡੇ ਸਥਿਤ ਹੈ। ਇਸ ਦਾ ਸਭ ਤੋਂ ਨਜ਼ਦੀਕੀ ਗੁਆਂਢੀ ਆਸਟਰੇਲੀਆ ਵੀ ਇਸ ਤੋਂ 3970 ਕਿਲੋਮੀਟਰ ਦੂਰ ਹੈ। ਇਸ ਵੇਲੇ ਟੁਵਾਲੂ ਦਾ ਪ੍ਰਧਾਨ ਮੰਤਰੀ ਫੈਲੇਟੀ ਟੀਉ ਹੈ ਤੇ ਇਸ ਦੀ ਰਾਜਧਾਨੀ ਦਾ ਨਾਮ ਫੁਨਾਫੂਟੀ ਹੈ ਜੋ ਸਭ ਤੋਂ ਵੱਡੇ ਟਾਪੂ ਫੁਨਾਫੂਟੇ ਵਿਖੇ ਸਥਿਤ ਹੈ। ਵੈਟੀਕਨ ਸਿਟੀ, ਮੋਨਾਕੋ ਤੇ ਨਾਊਰੂ ਤੋਂ ਬਾਅਦ ਇਹ ਦੁਨੀਆ ਦਾ ਚੌਥਾ ਸਭ ਤੋਂ ਛੋਟਾ ਦੇਸ਼ ਹੈ। ਛੋਟੇ ਛੋਟੇ 9 ਜਵਾਲਾਮੁਖੀ ਟਾਪੂਆਂ ਨੂੰ ਮਿਲਾ ਕੇ ਸਿਰਫ 26 ਵਰਗ ਕਿਲੋਮੀਟਰ ਵਿੱਚ ਸਥਿਤ ਇਸ ਦੇਸ਼ ਦੀ ਕੁੱਲ ਆਬਾਦੀ 11000 ਦੇ ਕਰੀਬ ਹੈ। ਛੋਟਾ ਜਿਹਾ ਇਹ ਦੇਸ਼ ਸੰਸਾਰ ਦੇ ਭਵਿੱਖ ਵਾਸਤੇ ਇੱਕ ਭਿਆਨਕ ਮਿਸਾਲ ਬਣਨ ਜਾ ਰਿਹਾ ਹੈ। ਜਵਾਲਾਮੁਖੀ ਟਾਪੂਆਂ ਦੀ ਇੱਕ ਵਿਸ਼ੇਸ਼ਤਾ ਹੁੰਦੀ ਹੈ ਕਿ ਇਹ ਜ਼ਿਆਦਾ ਉੱਚੇ ਨਹੀਂ ਹੁੰਦੇ। ਇਸ ਕਾਰਨ ਟੁਵਾਲੂ ਦਾ ਸਭ ਤੋਂ ਉਚੇਰਾ ਸਥਾਨ ਸਮੁੰਦਰ ਤਲ ਤੋਂ ਸਿਰਫ਼ 4.5 ਮੀਟਰ ਉੱਚਾ ਹੈ ਤੇ ਔਸਤ ਉਚਾਈ 2 ਮੀਟਰ ਹੈ। ਉਂਝ ਤਾਂ ਸਾਰੀ ਦੁਨੀਆ ਹੀ ਆਪਣੇ ਹੱਥੀਂ ਪੈਦਾ ਕੀਤੀ ਗਈ ਇਸ ਮੁਸੀਬਤ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ ਪਰ ਟੁਵਾਲੂ ਦਾ ਨੰਬਰ ਸਭ ਤੋਂ ਪਹਿਲਾਂ ਲੱਗ ਰਿਹਾ ਹੈ। ਟੁਵਾਲੂ ਦੀ ਸਮੁੰਦਰ ਤੋਂ ਘੱਟ ਉਚਾਈ ਹੋਣ ਕਾਰਨ ਜਦੋਂ ਵੀ ਕੋਈ ਵੱਡੀ ਲਹਿਰ ਜਾਂ ਤੂਫਾਨ ਆਉਂਦਾ ਹੈ ਤਾਂ ਸਾਰਾ ਦੇਸ਼ ਕੁਝ ਦੇਰ ਲਈ ਜਲ ਮਗਨ ਹੋ ਜਾਂਦਾ ਹੈ। ਇਸ ਕਾਰਨ ਇਥੇ ਇਮਾਰਤਾਂ 7-8 ਫੁੱਟ ਉੱਚੇ ਥੜ੍ਹਿਆਂ ’ਤੇ ਬਣਾਈਆਂ ਜਾਂਦੀਆਂ ਹਨ। ਟੁਵਾਲੂ ਦਾ ਮੁੱਖ ਟਾਪੂ ਫੁਨਾਫੂਟੇ ਸੱਪ ਵਰਗਾ ਲੰਬਾ ਦੀਪ ਹੈ ਜਿਸ ਦੀ ਚੌੜਾਈ ਬਹੁਤ ਹੀ ਘੱਟ ਹੈ ਤੇ ਇਸ ਦੀ ਅੱਧੀ ਜਗ੍ਹਾ ’ਤੇ ਤਾਂ ਸਿਰਫ ਏਅਰਪੋਰਟ ਹੀ ਬਣਿਆ ਹੋਇਆ ਹੈ।
ਦੁਨੀਆ ਵਿੱਚ ਕੋਲਾ, ਡੀਜ਼ਲ ਅਤੇ ਪੈਟਰੋਲ ਆਦਿ ਦੀ ਹੋ ਰਹੀ ਬੇਤਹਾਸ਼ਾ ਵਰਤੋਂ ਕਾਰਨ ਕਾਰਬਨ ਡਾਇਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਆਦਿ ਵਰਗੀਆਂ ਗਰੀਨ ਹਾਊਸ ਗੈਸਾਂ ਦਾ ਲੱਖਾਂ ਟਨ ਉਤਪਾਦਨ ਰੋਜ਼ਾਨਾ ਹੋ ਰਿਹਾ ਹੈ ਜਿਸ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ। ਇਸ ਦੇ ਫਲਸਵਰੂਪ ਉੱਤਰੀ ਅਤੇ ਦੱਖਣੀ ਧਰੁਵ ਦੀ ਬਰਫ ਤੇਜ਼ੀ ਨਾਲ ਪਿਘਲ ਰਹੀ ਹੈ ਤੇ ਮਹਾਸਾਗਰਾਂ ਦਾ ਪੱਧਰ ਵਧ ਰਿਹਾ ਹੈ। ਟੁਵਾਲੂੂ ਦੀ ਇਹ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਉਹ ਅਜਿਹੇ ਖਿੱਤੇ ਵਿੱਚ ਸਥਿਤ ਹੈ ਜਿੱਥੇ ਸਮੁੰਦਰ ਦਾ ਤਲ ਬਾਕੀ ਸਾਰੀ ਦੁਨੀਆ ਨਾਲੋਂ ਤੇਜ਼ੀ ਨਾਲ ਵਧ ਰਿਹਾ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਕਈ ਸਾਲਾਂ ਦੀ ਖੋਜ ਤੋਂ ਬਾਅਦ ਇੱਕ ਰਿਪੋਰਟ ਜਾਰੀ ਕੀਤੀ ਹੈ ਕਿ 2003 ਤੋਂ ਲੈ ਕੇ 2023 ਤੱਕ ਦੇ 30 ਸਾਲਾਂ ਵਿੱਚ ਟੁਵਾਲੂ ਨੇੜੇ ਸਮੁੰਦਰ ਦਾ ਪੱਧਰ 30 ਸੈਂਟੀਮੀਟਰ ਵਧ ਗਿਆ ਸੀ ਜੋ ਆਲਮੀ ਔਸਤ ਤੋਂ 1.5 ਗੁਣਾ ਵੱਧ ਹੈ। ਨਾਸਾ ਨੇ ਆਪਣੀ ਰਿਪੋਰਟ ਵਿੱਚ ਇੰਕਸ਼ਾਫ ਕੀਤਾ ਹੈ ਕਿ 2050 ਤੱਕ ਟੁਵਾਲੂ ਦੁਆਲੇ ਪਾਣੀ 60 ਸੈਂਟੀਮੀਟਰ ਤੇ ਸੰਨ 2100 ਤੱਕ 1.60 ਮੀਟਰ ਉੱਚਾ ਹੋ ਜਾਵੇਗਾ। ਇਸ ਕਾਰਨ ਹੜ੍ਹਾਂ ਦੀ ਗਿਣਤੀ ਵੀ ਬੇਤਹਾਸ਼ਾ ਵਧ ਜਾਵੇਗੀ। ਹੁਣ ਇਥੇ ਇੱਕ ਸਾਲ ਵਿੱਚ ਸਿਰਫ ਪੰਜ ਛੇ ਵਾਰ ਪਾਣੀ ਚੜ੍ਹਦਾ ਹੈ ਪਰ 2050 ਤੱਕ 25-30 ਵਾਰ ਤੇ 2100 ਤੱਕ ਸਾਲ ਵਿੱਚ 100 ਤੋਂ ਵੱਧ ਵਾਰ ਹੜ੍ਹ ਆਉਣ ਲੱਗ ਪੈਣਗੇ। ਨਾਸਾ ਦਾ ਕਹਿਣਾ ਹੈ ਕਿ ਜੇ ਗਲੋਬਲ ਵਾਰਮਿੰਗ ਇਸੇ ਤਰਾਂ ਚੱਲਦੀ ਰਹੀ ਤਾਂ 2050 ਤੱਕ ਟੁਵਾਲੂ ਦਾ ਜ਼ਿਆਦਾਤਰ ਹਿੱਸਾ ਡੁੱਬ ਜਾਵੇਗਾ ਤੇ ਇਸ ਦਾ ਮੁੱਖ ਟਾਪੂ ਫੁਨਾਫੂਟੇ ਅੱਧਾ ਗਾਇਬ ਹੋ ਜਾਵੇਗਾ। ਸੰਨ 2100 ਤੱਕ ਸਾਰੀ ਖੇਡ ਖਤਮ ਹੋ ਜਾਵੇਗੀ ਤੇ 95 ਫੀਸਦੀ ਦੇਸ਼ ਪਾਣੀ ਹੇਠ ਡੁੱਬ ਜਾਵੇਗਾ।
ਜੇ ਭਾਰਤ ਜਾਂ ਕਿਸੇ ਹੋਰ ਵੱਡੇ ਦੇਸ਼ ਵਿੱਚ ਅਜਿਹੀ ਸਮੱਸਿਆ ਆਵੇ ਤਾਂ ਆਰਾਮ ਨਾਲ ਪੀੜਤਾਂ ਨੂੰ ਥੋੜ੍ਹੀ ਉੱਚੀ ਜਗ੍ਹਾ ’ਤੇ ਵਸਾਇਆ ਜਾ ਸਕਦਾ ਹੈ ਪਰ ਟੂਵਾਲੂ ਵਿਖੇ ਅਜਿਹਾ ਨਹੀਂ ਹੋ ਸਕਦਾ ਕਿਉਂਕਿ ਇਹ ਸਮਤਲ ਧਰਤੀ ਹੈ ਤੇ ਕੋਈ ਪਹਾੜ ਨਹੀਂ ਹੈ। ਇਸ ਦਾ ਇੱਕੋ ਇੱਕ ਹੱਲ ਹੈ ਕਿ ਇਨਸਾਨੀ ਦਖਲਅੰਦਾਜ਼ੀ ਨਾਲ ਇਸ ਦਾ ਭੂਗੋਲ ਦੁਬਈ ਵਾਂਗ ਬਦਲ ਦਿੱਤਾ ਜਾਵੇ ਜਿਸ ਨੇ ਸਮੁੰਦਰ ਵਿੱਚ ਭਰਤੀ ਪਾ ਕੇ ਪਾਮ ਅਤੇ ਵਰਲਡ ਟਾਪੂਆਂ ਵਰਗੇ ਅਜੂਬੇ ਤਿਆਰ ਕੀਤੇ ਹਨ। ਪਰ ਇਹ ਕੰਮ ਕਰਨ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਹੈ ਪੈਸਾ। ਜਿਵੇਂ ਕਿ ਉੱਪਰ ਦੱਸਿਆ ਗਿਆ ਕਿ ਇਸ ਦੀ ਕੁੱਲ ਆਬਾਦੀ ਕਰੀਬ 11000 ਹੈ ਤੇ ਇਸ ਕੋਲ ਦੁਬਈ ਵਰਗੇ ਪੈਟਰੋ ਡਾਲਰ ਨਹੀਂ ਹਨ। ਇਸ ਦੀ ਆਮਦਨ ਦਾ ਸਾਧਨ ਥੋੜ੍ਹੀ ਬਹੁਤੀ ਮਾਹੀਗਿਰੀ ਅਤੇ ਅਮੀਰ ਦੇਸ਼ਾਂ ਵੱਲੋਂ ਦਿੱਤੀ ਜਾ ਰਹੀ ਆਰਥਿਕ ਮਦਦ ਹੈ। ਸਭ ਤੋਂ ਵੱਧ ਆਰਥਿਕ ਮਦਦ ਇੰਗਲੈਂਡ (ਜਿਸ ਦੀ ਇਹ ਕਲੋਨੀ ਰਿਹਾ ਹੈ, ਆਜ਼ਾਦੀ ਪਹਿਲੀ ਅਕਤੂਬਰ 1978), ਨਿਊਜ਼ੀਲੈਂਡ ਤੇ ਆਸਟਰੇਲੀਆ ਵੱਲੋਂ ਕੀਤੀ ਜਾ ਰਹੀ ਹੈ। ਗਰੀਬੀ ਦੇ ਬਾਵਜੂਦ ਟੁਵਾਲੂ ਦੇ ਲੋਕ ਸਮੁੰਦਰ ਕੋਲੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਟਾਪੂ ਜਵਾਲਾਮੁਖੀ ਫਟਣ ਨਾਲ ਬਣੇ ਸਨ ਜਿਸ ਕਾਰਨ ਇਨ੍ਹਾਂ ਦੇ ਆਲੇ ਦੁਆਲੇ ਸਮੁੰਦਰ ਕੋਈ ਬਹੁਤਾ ਡੂੰਘਾ ਨਹੀਂ ਹੈ। ਸਰਕਾਰ ਵੱਡੀਆਂ ਕਰੇਨਾਂ ਅਤੇ ਬੁਲਡੋਜ਼ਰਾਂ ਅਦਿ ਦੀ ਸਹਾਇਤਾ ਨਾਲ ਉਥੋਂ ਰੇਤ ਕੱਢ ਕੇ ਮੁੱਖ ਟਾਪੂ ਨੂੰ ਉੱਚਾ ਕਰ ਕੇ ਨਵੀਂ ਧਰਤੀ ਬਣਾ ਰਹੀ ਹੈ। 2024 ਤੱਕ ਕਰੀਬ 20-22 ਏਕੜ ਨਵੀਂ ਧਰਤੀ ਬਣ ਚੁੱਕੀ ਹੈ।
ਇਸ ਤੋਂ ਇਲਾਵਾ ਟੁਵਾਲੂ ਸਰਕਾਰ ਪਾਣੀ ਨੂੰ ਰੋਕਣ ਵਾਸਤੇ ਟਾਪੂ ਦੇ ਸਾਰੇ ਪਾਸੇ ਵੱਡੇ ਵੱਡੇ ਬੈਰੀਅਰ ਅਤੇ ਕੰਕਰੀਟ ਦੀਆਂ ਉੱਚੀਆਂ ਦੀਵਾਰਾਂ ਬਣਾ ਰਹੀ ਹੈ। ਹੁਣ ਤੱਕ 1400 ਮੀਟਰ ਦੇ ਕਰੀਬ ਬੈਰੀਅਰ ਤੇ 200 ਮੀਟਰ ਦੇ ਕਰੀਬ ਦੀਵਾਰ ਤਿਆਰ ਹੋ ਚੁੱਕੀ ਹੈ ਤੇ ਲੋਕਾਂ ਦਾ ਪੇਟ ਭਰਨ ਲਈ ਖਾਰੇ ਪਾਣੀ ਨੂੰ ਝੱਲ ਸਕਣ ਯੋਗ ਫਸਲਾਂ ਉਗਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪਰਲੋ ਆਉਣ ਦੀ ਸਥਿਤੀ ਵਿੱਚ ਸਾਰੀ ਦੀ ਸਾਰੀ ਆਬਾਦੀ ਨੂੰ ਹੋਰ ਕਿਤੇ ਲਿਜਾਣ ਲਈ ਪਲਾਨ ਬੀ ’ਤੇ ਵੀ ਕੰਮ ਹੋ ਰਿਹਾ ਹੈ। 2021 ਵਿੱਚ ਟੁਵਾਲੂ ਨੇ ਆਸਟਰੇਲੀਆ ਨਾਲ ਇੱਕ ਸੰਧੀ ਕੀਤੀ ਸੀ ਜਿਸ ਅਧੀਨ ਆਸਟਰੇਲੀਆ ਹਰ ਸਾਲ 280 ਟੁਵਾਲੂਅਨਾਂ ਨੂੰ ਆਪਣੀ ਨਾਗਰਿਕਤਾ ਦੇਵੇਗਾ। ਇਸ ਤਰਾਂ 40 ਸਾਲਾਂ ਵਿੱਚ ਟੁਵਾਲੂ ਦੀ ਸਾਰੀ ਆਬਾਦੀ ਆਸਟਰੇਲੀਆ ਸ਼ਿਫਟ ਹੋ ਜਾਵੇਗੀ। ਇਨ੍ਹਾਂ ਨੂੰ ਆਸਟਰੇਲੀਆ ਦੇ ਬਾਕੀ ਨਾਗਰਿਕਾਂ ਵਾਂਗ ਹਰ ਸਹੂਲਤ ਮਿਲੇਗੀ ਪਰ ਉਹ ਵੋਟ ਨਹੀਂ ਪਾ ਸਕਣਗੇ। ਉਨ੍ਹਾਂ ਦੇ ਆਸਟਰੇਲੀਆ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਕੋਲ ਇਹ ਅਧਿਕਾਰ ਹੋਵੇਗਾ। ਟੁਵਾਲੂ ਦੇ ਸਾਰੇ ਨਾਗਰਿਕਾਂ ਨੂੰ ਆਸਟਰੇਲੀਆ ਨੇ ਇੱਕ ਖਾਸ ਵੀਜ਼ਾ ਜਾਰੀ ਕਰ ਦਿੱਤਾ ਹੈ ਜਿਸ ਨੂੰ ਵਾਤਾਵਰਨ ਵੀਜ਼ਾ (ਕਲਾਈਮੇਟ ਵੀਜ਼ਾ) ਦਾ ਨਾਮ ਦਿੱਤਾ ਹੈ। ਅਜਿਹਾ ਵੀਜ਼ਾ ਸੰਸਾਰ ਵਿੱਚ ਪਹਿਲੀ ਵਾਰ ਜਾਰੀ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜਿਵੇਂ ਸਾਡੇ ਬੱਚੇ ਪੜ੍ਹਾਈ ਲਈ ਕੈਨੇਡਾ ਜਾਂਦੇ ਹਨ, ਉਸੇ ਤਰਾਂ ਇਥੋਂ ਦੇ ਬੱਚੇ ਧੜਾਧੜ ਨਿਊਜ਼ੀਲੈਂਡ ਤੇ ਆਸਟਰੇਲੀਆ ਜਾ ਰਹੇ ਹਨ। ਹਰ ਸਾਲ 4 ਫੀਸਦੀ ਦੇ ਕਰੀਬ ਆਬਾਦੀ ਇਨ੍ਹਾਂ ਦੇਸ਼ਾਂ ਵੱਲ ਪਰਵਾਸ ਕਰ ਰਹੀ ਹੈ। ਫਿਲਹਾਲ ਇਸ ਦੇਸ਼ ਦੀ ਆਬਾਦੀ ਨੂੰ ਕਿਸੇ ਤਰਾਂ ਦਾ ਜਾਨ ਮਾਲ ਦਾ ਕੋਈ ਖਤਰਾ ਨਹੀਂ ਹੈ ਪਰ ਗਲੋਬਲ ਵਾਰਮਿੰਗ ਸਿਰਫ ਟੁਵਾਲੂ ਨੂੰ ਹੀ ਨਹੀਂ, ਬਲਕਿ ਸਾਰੇ ਸੰਸਾਰ ਨੂੰ ਪ੍ਰਭਾਵਿਤ ਕਰ ਰਹੀ ਹੈ। ਟੁਵਾਲੂ ਤੋਂ ਬਾਅਦ ਨਾਊਰੂ, ਕਿਰੀਬਾਟੀ, ਮਾਰਸ਼ਲ ਆਈਲੈਂਡਜ਼ ਆਦਿ ਵਰਗੇ ਟਾਪੂ ਦੇਸ਼ ਵੀ ਹਮੇਸ਼ਾਂ ਲਈ ਖਤਮ ਹੋਣ ਵਾਲੀ ਲਾਈਨ ਵਿੱਚ ਲੱਗੇ ਹੋਏ ਹਨ। ਸਿਤਮ ਦੀ ਗੱਲ ਇਹ ਹੈ ਕਿ ਇਨ੍ਹਾਂ ਛੋਟੇ ਛੋਟੇ ਦੇਸ਼ਾਂ ਦਾ ਗਲੋਬਲ ਵਾਰਮਿੰਗ ਵਿੱਚ ਰੱਤੀ ਭਰ ਵੀ ਯੋਗਦਾਨ ਨਹੀਂ ਹੈ ਪਰ ਖਮਿਆਜ਼ਾ ਇਨ੍ਹਾਂ ਨੂੰ ਭਰਨਾ ਪੈ ਰਿਹਾ ਹੈ। ਗਲਤੀ ਅਮਰੀਕਾ, ਚੀਨ, ਰੂਸ, ਭਾਰਤ, ਜਰਮਨੀ, ਫਰਾਂਸ ਅਤੇ ਆਸਟਰੇਲੀਆ ਆਦਿ ਵਰਗੇ ਵੱਡੇ ਦੇਸ਼ਾਂ ਦੀ ਹੈ। ਇਕੱਲੇ ਜੀ 20 ਸੰਗਠਨ ਦੇ ਮੈਂਬਰ ਦੇਸ਼ ਸੰਸਾਰ ਦੀਆਂ ਗਰੀਨ ਹਾਊਸ ਗੈਸਾਂ ਦਾ 80 ਫੀਸਦੀ ਹਿੱਸਾ ਪੈਦਾ ਕਰਦੇ ਹਨ। 2023 ਵਿੱਚ ਯੂਐਨਓ ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਜਿਹੜੇ ਸ਼ਹਿਰਾਂ ਨੂੰ ਸਮੁੰਦਰਾਂ ਦੇ ਵਧ ਰਹੇ ਪੱਧਰ ਤੋਂ ਸਭ ਤੋਂ ਵੱਧ ਖਤਰਾ ਹੈ ਉਨ੍ਹਾਂ ਵਿੱਚ ਭਾਰਤ ਦੇ ਮੁੰਬਈ, ਚੇਨੱਈ ਅਤੇ ਕੋਲਕਾਤਾ ਸ਼ਹਿਰ ਵੀ ਸ਼ਾਮਲ ਹਨ। ਇਸ ਕੁਦਰਤੀ ਆਫਤ ਤੋਂ ਬਚਣ ਦਾ ਸਿਰਫ ਇੱਕ ਹੀ ਹੱਲ ਹੈ ਕਿ ਕੋਲਾ ਅਤੇ ਪੈਟਰੋਲੀਅਮ ਈਂਧਣਾਂ ਦੀ ਵਰਤੋਂ ਅੱਜ ਹੀ ਬਿਲਕੁਲ ਬੰਦ ਕਰ ਦਿੱਤੀ ਜਾਵੇ ਜੋ ਕਿ ਸੰਭਵ ਨਹੀਂ ਹੈ। ਜੇ ਗਲੋਬਲ ਵਾਰਮਿੰਗ ਇਸੇ ਤਰ੍ਹਾਂ ਵਧਦੀ ਰਹੀ ਤਾਂ ਹੋ ਸਕਦਾ ਹੈ ਕਿ 200 -300 ਸਾਲਾਂ ਬਾਅਦ ਪੰਜਾਬ ਦਾ ਸ਼ਹਿਰ ਬਠਿੰਡਾ ਬੰਦਰਗਾਹ ਵਿੱਚ ਤਬਦੀਲ ਹੋ ਜਾਵੇ।
ਸੰਪਰਕ: 9501100062