ਭਾਰਤ ਦਾ ਆਖ਼ਰੀ ਪਿੰਡ ਚਿਤਕੁਲ
ਚਿਤਕੁਲ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਦਾ ਭਾਰਤ ਚੀਨ ਦੀ ਸਰਹੱਦ ਨੇੜੇ ਵਸਿਆ ਹੋਇਆ ਭਾਰਤ ਦਾ ਆਖ਼ਰੀ ਪਿੰਡ ਹੈ। ਇਸ ਤੋਂ ਅੱਗੇ ਚੀਨ ਦੀ ਸਰਹੱਦ ਤੱਕ ਕੋਈ ਵਸੋਂ ਨਹੀਂ ਹੈ। ਇਹ ਪਿੰਡ ਸਮੁੰਦਰ ਤਲ ਤੋਂ 11320 ਫੁੱਟ ਦੀ ਉਚਾਈ ’ਤੇ ਹੈ। ਵਧੇਰੇ ਠੰਢ ਅਤੇ ਸਰਦੀਆਂ ਵਿੱਚ ਭਾਰੀ ਬਰਫ਼ਬਾਰੀ ਹੋਣ ਕਾਰਨ ਸਰਦੀ ਦੇ ਦਿਨਾਂ ਵਿੱਚ ਇੱਥੋਂ ਦਾ ਜਨ ਜੀਵਨ ਰੁਕ ਜਾਂਦਾ ਹੈ। ਸਥਾਨਕ ਲੋਕ ਵੀ ਆਮ ਤੌਰ ’ਤੇ ਹਿਮਾਚਲ ਦੇ ਨੀਵੇਂ ਇਲਾਕਿਆਂ ਵੱਲ ਕੂਚ ਕਰ ਜਾਂਦੇ ਹਨ। ਇੱਥੇ ਘੁੰਮਣ ਫਿਰਨ ਲਈ ਸਭ ਤੋਂ ਢੁਕਵਾਂ ਸਮਾਂ ਮਈ ਤੋਂ ਅਗਸਤ ਮਹੀਨੇ ਤੱਕ ਦਾ ਹੀ ਹੈ। ਇਹ ਪਿੰਡ ਸਾਂਗਲਾ ਤੋਂ 28 ਕਿਲੋਮੀਟਰ ਦੀ ਦੂਰੀ ’ਤੇ ਹੈ। ਇਸ ਪਿੰਡ ਪਹੁੰਚਣ ਲਈ ਵਧੀਆ ਸੜਕ ਮਾਰਗ ਸ਼ਿਮਲਾ ਤੋਂ ਵਾਇਆ ਸਾਂਗਲਾ ਹੀ ਬਣਦਾ ਹੈ। ਕੁਦਰਤ ਦੀ ਗੋਦ ਵਿੱਚ ਬਸਪਾ ਦਰਿਆ ਦੇ ਕੰਢੇ ਪੂਰਨ ਇਕਾਂਤ ਵਿੱਚ ਵੱਸਿਆ ਇਹ ਪਿੰਡ ਖ਼ੂਬਸੂਰਤ ਹਰਿਆਲੀ ਭਰਪੂਰ ਪਹਾੜਾਂ ਵਿੱਚੋਂ ਚਾਂਦੀ ਰੰਗੇ ਵਹਿੰਦੇ ਝਰਨਿਆਂ ਦੇ ਨਜ਼ਾਰਿਆਂ ਦੇ ਖ਼ੂਬਸੂਰਤ ਦ੍ਰਿਸ਼ਾਂ ਨਾਲ ਭਰਪੂਰ ਹੈ। ਇਹ ਪਿੰਡ ਪ੍ਰਾਚੀਨ ਇੰਡੋ-ਤਿੱਬਤੀਅਨ ਸੜਕ ਉੱਪਰ ਮੌਜੂਦ ਹੈ। ਇੱਥੇ ਦਾ ਵਾਤਾਵਰਨ ਗਰਮੀਆਂ ਦੇ ਮੌਸਮ ਵਿੱਚ ਬਹੁਤ ਸੁਹਾਵਣਾ ਹੁੰਦਾ ਹੈ। ਤਾਪਮਾਨ ਪੰਜ ਡਿਗਰੀ ਤੋਂ 20 ਡਿਗਰੀ ਦੇ ਵਿਚਕਾਰ ਰਹਿੰਦਾ ਹੈ। ਸਰਦੀਆਂ ਵਿੱਚ ਤਾਪਮਾਨ ਮਨਫ਼ੀ 20 ਡਿਗਰੀ ਤੋਂ ਵੀ ਥੱਲੇ ਚਲਾ ਜਾਂਦਾ ਹੈ। ਸੈਲਾਨੀਆਂ ਦੇ ਠਹਿਰਣ ਲਈ ਇੱਥੇ ਹੋਟਲ ਗੈਸਟ ਹਾਊਸ ਆਦਿ ਦਾ ਉਚਿਤ ਪ੍ਰਬੰਧ ਹੈ। ਅਸੀਂ ਚਿਤਕੁਲ ਤੋਂ ਪਹਿਲਾਂ ਪੈਂਦੇ ਪਿੰਡ ਰਕਸ਼ਮ ਵਿੱਚ ਠਹਿਰੇ ਸੀ। ਇਹ ਪਿੰਡ ਇਸ ਖੇਤਰ ਵਿੱਚ ਰਹਿਣ ਲਈ ਸਭ ਤੋਂ ਖ਼ੂਬਸੂਰਤ ਤੇ ਢੁਕਵਾਂ ਟਿਕਾਣਾ ਹੈ। ਇਸ ਖੇਤਰ ਦੀ ਪਹਾੜੀ ਜ਼ਮੀਨ ਬਹੁਤ ਉਪਜਾਊ ਹੈ। ਇੱਥੇ ਆਲੂ ਦੀ ਫ਼ਸਲ ਭਰਪੂਰ ਮਾਤਰਾ ਵਿੱਚ ਹੁੰਦੀ ਹੈ। ਇੱਥੋਂ ਦੇ ਆਲੂ ਗੁਣਵੱਤਾ ਦੇ ਪੱਖ ਤੋਂ ਬਹੁਤ ਉੱਤਮ ਹਨ। ਇਸ ਲਈ ਇੱਥੋਂ ਦੇ ਲੋਕਾਂ ਨੂੰ ਇਸ ਦੀ ਕੀਮਤ ਵੀ ਵਧੀਆ ਮਿਲਦੀ ਹੈ।
ਇਹ ਨਗਰ ਸਥਾਨਕ ਲੋਕਾਂ ਦੀ ਅਥਾਹ ਸ਼ਰਧਾ ਦੀ ਪ੍ਰਤੀਕ ਚਿਤਕੁਲ ਦੇਵੀ ਦੇ ਨਾਮ ’ਤੇ ਵੱਸਿਆ ਹੋਇਆ ਹੈ। ਇਸ ਖੇਤਰ ਦਾ ਇਹ ਇੱਕੋ-ਇੱਕ ਗ਼ੈਰ-ਬੋਧੀ ਪਿੰਡ ਹੈ। ਸਥਾਨਕ ਲੋਕਾਂ ਦਾ ਇਹ ਮੰਨਣਾ ਹੈ ਕਿ ਕਿੰਨਰ ਕੈਲਾਸ਼ ਪਰਿਕਰਮਾ ਨੂੰ ਇੱਥੇ ਪਹੁੰਚਣ ਤੋਂ ਬਿਨਾਂ ਸੰਪੂਰਨ ਹੋਇਆ ਨਹੀਂ ਮੰਨਿਆ ਜਾ ਸਕਦਾ। ਚਿਤਕੁਲ ਦਾ ਸਬੰਧ ਸਥਾਨਕ ਲੋਕ ਗੰਗੋਤਰੀ ਦੇਵੀ ਨਾਲ ਵੀ ਜੋੜਦੇ ਹਨ। ਇੱਥੋਂ ਦੇ ਲੋਕ ਹਰ ਸਾਲ ਗੰਗੋਤਰੀ ਕਲਸ਼ ਯਾਤਰਾ ਦਾ ਆਯੋਜਨ ਕਰਦੇ ਹਨ। ਇਸ ਪਿੰਡ ਤੋਂ ਹੀ ਲਾਮਖਾਗਾ ਪਾਸ ਅਤੇ ਬੋਰਾਸੂ ਪਾਸ ਦੀ ਚੜ੍ਹਾਈ ਆਰੰਭ ਹੁੰਦੀ ਹੈ। ਇਸ ਪਿੰਡ ਦੀ ਖ਼ੂਬਸੂਰਤੀ ਨੂੰ ਇੱਥੇ ਬਣੇ ਲੱਕੜੀ ਦੇ ਵਿਸ਼ੇਸ਼ ਘਰ ਅਤੇ ਸੇਬਾਂ ਨਾਲ ਲੱਦੇ ਹੋਏ ਬਾਗ਼ ਹੋਰ ਵੀ ਵਧਾਉਂਦੇ ਹਨ।
ਰਕਸ਼ਮ ਤੋਂ ਚਿਤਕੁਲ ਆਪਣੇ ਵਾਹਨ ਰਾਹੀਂ ਅੱਧੇ ਘੰਟੇ ਵਿੱਚ ਪਹੁੰਚਿਆ ਜਾ ਸਕਦਾ ਹੈ, ਪਰ ਅਸੀਂ ਇਸ ਰਸਤੇ ਦੀ ਖ਼ੂਬਸੂਰਤੀ ਨੂੰ ਭਰਪੂਰਤਾ ਨਾਲ ਮਾਣਦਿਆਂ ਲਗਭਗ ਡੇਢ ਘੰਟੇ ਵਿੱਚ ਮੁਕੰਮਲ ਕੀਤਾ। ਸਾਰੇ ਰਸਤੇ ਦੌਰਾਨ ਸੱਜੇ ਪਾਸੇ ਬਸਪਾ ਦਰਿਆ ਆਪਣੇ ਪੂਰੇ ਵੇਗ ਤੇ ਸਮਰੱਥਾ ਵਿੱਚ ਵਹਿੰਦਾ ਹੈ ਅਤੇ ਖੱਬੇ ਪਾਸੇ ਹਰਿਆਲੀ ਨਾਲ ਭਰੇ ਸਿੱਧੇ ਉੱਚੇ ਪਹਾੜ ਹਨ। ਇਨ੍ਹਾਂ ਪਹਾੜਾਂ ਵਿੱਚੋਂ ਥਾਂ-ਥਾਂ ਤੋਂ ਝਰਨੇ ਵਹਿੰਦੇ ਹਨ। ਇਹ ਝਰਨੇ ਆਪਣੇ ਨਾਲ ਛੋਟੇ ਵੱਡੇ ਪੱਥਰਾਂ ਨੂੰ ਰੋੜ੍ਹ ਕੇ ਲਿਆਉਂਦੇ ਹਨ। ਝਰਨਿਆਂ ਦਾ ਪਾਣੀ ਤਿੱਖੇ ਵੇਗ ਅਤੇ ਸ਼ਿੱਦਤ ਨਾਲ ਬਸਪਾ ਦਰਿਆ ਵਿੱਚ ਮਿਲਣ ਲਈ ਕਾਹਲੀ ਕਾਹਲੀ ਸਫ਼ਰ ਮੁਕਾਉਂਦਾ ਪ੍ਰਤੀਤ ਹੁੰਦਾ ਹੈ। ਇਨ੍ਹਾਂ ਝਰਨਿਆਂ ਦੇ ਪਾਣੀ ਦਾ ਤੇਜ਼ ਵਹਾਅ ਉਸ ਅੰਦਰ ਆਪਣੇ ਪਿਆਰੇ ਨੂੰ ਮਿਲਣ ਦੀ ਤਾਂਘ ਅਤੇ ਕਾਹਲ ਦਾ ਨਜ਼ਾਰਾ ਪੇਸ਼ ਕਰਦਾ ਹੈ। ਇਨ੍ਹਾਂ ਝਰਨਿਆਂ ਦੀ ਬਹੁਤਾਤ ਅਤੇ ਤੇਜ਼ ਵਹਾਅ ਕਾਰਨ ਸੜਕ ਪੱਥਰਾਂ ਵਿੱਚ ਵਹਿੰਦੇ ਪਾਣੀ ਦਾ ਰੂਪ ਧਾਰਨ ਕਰਦੀ ਪ੍ਰਤੀਤ ਹੁੰਦੀ ਹੈ। ਇਸ ਲਈ ਇਸ ਰਸਤੇ ਤੋਂ ਸਾਵਧਾਨੀ ਨਾਲ ਅੱਗੇ ਵਧਣਾ ਚਾਹੀਦਾ ਹੈ।
ਪਿੰਡ ਵਿੱਚ ਪ੍ਰਵੇਸ਼ ਕਰਦਿਆਂ ਹੀ ਇਸ ਪਿੰਡ ਸਬੰਧੀ ਸੂਚਨਾ ਦੇਣ ਵਾਲਾ ਬੋਰਡ ਸੈਲਾਨੀਆਂ ਦੀ ਵਿਸ਼ੇਸ਼ ਖਿੱਚ ਦਾ ਕਾਰਨ ਬਣਦਾ ਹੈ। ਇਸ ਖੇਤਰ ਵਿੱਚ ਭਾਰਤ ਦਾ ਆਖ਼ਰੀ ਪਿੰਡ ਹੋਣ ਕਾਰਨ ਹਰ ਸੈਲਾਨੀ ਇੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਇਸ ਬੋਰਡ ਨਾਲ ਆਪਣੀ ਫੋਟੋ ਖਿਚਵਾਉਂਦਾ ਹੈ। ਸੜਕ ਪਿੰਡ ਤੋਂ ਦੋ ਤਿੰਨ ਕਿਲੋਮੀਟਰ ਅੱਗੇ ਜਾ ਕੇ ਖ਼ਤਮ ਹੋ ਜਾਂਦੀ ਹੈ। ਇੱਥੇ ਭਾਰਤੀ ਸੁਰੱਖਿਆ ਸੈਨਾਵਾਂ ਦੀ ਚੌਂਕੀ ਸਥਾਪਿਤ ਹੈ, ਜਿਸ ਤੋਂ ਅੱਗੇ ਸੈਲਾਨੀਆਂ ਦੇ ਜਾਣ ਦੀ ਮੁਕੰਮਲ ਮਨਾਹੀ ਹੈ। ਚੌਕੀ ਉੱਪਰ ਤਾਇਨਾਤ ਸੁਰੱਖਿਆ ਜਵਾਨਾਂ ਨਾਲ ਕੀਤੀਆਂ ਗੱਲਾਂਬਾਤਾਂ ਰਾਹੀਂ ਇਹ ਜਾਣਕਾਰੀ ਮਿਲੀ ਕਿ ਇਸ ਤੋਂ ਅੱਗੇ ਲਗਭਗ 60-65 ਕਿਲੋਮੀਟਰ ਦੇ ਖੇਤਰ ਵਿੱਚ ਭਾਰਤੀ ਫ਼ੌਜ ਦੀਆਂ ਚੌਂਕੀਆਂ ਸਥਾਪਿਤ ਹਨ। ਇਸ ਸਰਹੱਦ ਉੱਪਰ ਭਾਰਤ ਅਤੇ ਚੀਨ ਦਰਮਿਆਨ ਕੋਈ ਵੀ ਅਸਲ ਕੰਟਰੋਲ ਰੇਖਾ ਨਿਸ਼ਚਿਤ ਨਹੀਂ ਹੈ । ਭਾਰਤੀ ਫ਼ੌਜ ਨੇ ਚਿਤਕੁਲ ਪਿੰਡ ਤੋਂ 80 ਕਿਲੋਮੀਟਰ ਤੱਕ ਦੇ ਖੇਤਰ ਉੱਪਰ ਆਪਣਾ ਅਧਿਕਾਰ ਜਮਾਇਆ ਹੋਇਆ ਹੈ। ਉਸ ਤੋਂ ਅੱਗੇ ਚੀਨ ਦੀਆਂ ਫ਼ੌਜਾਂ ਤਾਇਨਾਤ ਹਨ।
ਸੜਕ ਰਾਹੀਂ ਇੱਥੇ ਸੌਖੀ ਪਹੁੰਚ ਹੋਣ ਕਾਰਨ ਸੈਲਾਨੀ ਵੱਡੀ ਗਿਣਤੀ ਵਿੱਚ ਆਉਂਦੇ ਹਨ। ਇਸ ਪਿੰਡ ਦੀ ਕੁਦਰਤੀ ਸੁੰਦਰਤਾ ਨੂੰ ਦੇਵਦਾਰ ਦੇ ਉੱਚੇ ਦਰੱਖ਼ਤ ਹੋਰ ਵੀ ਨਿਖਾਰਦੇ ਹਨ। ਬਸਪਾ ਦਰਿਆ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਇਹ ਦਰਿਆ ਚੀਨ ਵਾਲੇ ਪਾਸਿਓਂ ਆਉਂਦਾ ਹੈ ਅਤੇ ਕਾਜ਼ਾ ਮਨਾਲੀ ਮਾਰਗ ’ਤੇ ਪੈਂਦੇ ਪਿੰਡ ਖਾਬ ਵਿਖੇ ਸਤਲੁਜ ਦਰਿਆ ਵਿੱਚ ਮਿਲ ਜਾਂਦਾ ਹੈ। ਇਸ ਪਿੰਡ ਦੇ ਬਾਹਰਵਾਰ ਬਣਿਆ ਇੱਕ ਢਾਬਾ ‘ਹਿੰਦੋਸਤਾਨ ਕਾ ਆਖ਼ਰੀ ਢਾਬਾ’ ਹੋਣ ਦੀ ਆਪਣੀ ਵਿਸ਼ੇਸ਼ ਪਛਾਣ ਕਾਰਨ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਜਿਸ ਤਰ੍ਹਾਂ ਇੱਥੇ ਪਹੁੰਚ ਹਰ ਸੈਲਾਨੀ ਬਸਪਾ ਦਰਿਆ ਕਿਨਾਰੇ ਸੈਰ ਦਾ ਆਨੰਦ ਜ਼ਰੂਰ ਮਾਣਦਾ ਹੈ, ਉਸੇ ਤਰ੍ਹਾਂ ਹਰ ਸੈਲਾਨੀ ਇਸ ਢਾਬੇ ਦੀ ਗੇੜੀ ਵੀ ਜ਼ਰੂਰ ਲਾਉਂਦਾ ਹੈ।
ਇੱਥੋਂ ਦੇ ਸਥਾਨਕ ਲੋਕਾਂ ਦੁਆਰਾ ਲੱਕੜੀ ਅਤੇ ਪੱਥਰ ਦੀਆਂ ਸਲੇਟਾਂ ਜੋੜ ਕੇ ਘਰਾਂ ਦੀ ਉਸਾਰੀ ਕੀਤੀ ਹੋਈ ਹੈ। ਲੋਕਾਂ ਦੁਆਰਾ ਘਰਾਂ ਦੀ ਉਸਾਰੀ ਲਈ ਇਸ ਤਕਨੀਕ ਨੂੰ ਅਪਣਾਉਣ ਦਾ ਇੱਕ ਤਰਕ ਵੀ ਹੈ। ਇਹ ਖੇਤਰ ਭੂਚਾਲ ਸੰਭਾਵਿਤ ਖੇਤਰ ਹੈ ਅਤੇ ਇੱਥੇ ਆਸਮਾਨੀ ਬਿਜਲੀ ਵੀ ਬਹੁਤ ਕੜਕਦੀ ਹੈ। ਅਜਿਹੀ ਬਣਤਰ ਵਾਲੇ ਘਰ ਹੀ ਇਸ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਵਿੱਚ ਵਧੇਰੇ ਸੁਰੱਖਿਅਤ ਰਹਿੰਦੇ ਹਨ। ਇਹ ਸਾਰਾ ਖੇਤਰ ਹਰ ਤਰ੍ਹਾਂ ਦੇ ਪ੍ਰਦੂਸ਼ਣ ਤੋਂ ਮੁਕਤ ਹੈ। ਤੁਸੀਂ ਕਿਧਰੇ ਵੀ, ਕਿਸੇ ਵੀ ਵਹਿ ਰਹੇ ਝਰਨੇ ਦਾ ਪਾਣੀ ਬੇਫ਼ਿਕਰ ਹੋ ਕੇ ਪੀ ਸਕਦੇ ਹੋ। ਇਹ ਪਾਣੀ ਬਿਲਕੁਲ ਸਾਫ਼, ਸੁਆਦ ਤੇ ਸਿਹਤ ਲਈ ਲਾਹੇਵੰਦ ਹੈ। ਅਜੋਕੇ ਸਮੇਂ ਸੈਲਾਨੀਆਂ ਦੀ ਵਧ ਰਹੀ ਭਰਮਾਰ ਇਸ ਖਿੱਤੇ ਦੀ ਸਵੱਛਤਾ ਲਈ ਇੱਕ ਚੁਣੌਤੀ ਬਣਦੀ ਨਜ਼ਰ ਆ ਰਹੀ ਹੈ। ਅਸੀਂ ਵਾਪਸੀ ਸਮੇਂ ਇੱਕ ਝਰਨੇ ਦੇ ਕੰਢੇ ਸਾਫ਼ ਸੁਥਰੀ ਜਗ੍ਹਾ ਦੇਖ ਕੇ ਦੁਪਹਿਰ ਦਾ ਖਾਣਾ ਬਣਾਉਣ ਤੇ ਖਾਣ ਲਈ ਰੁਕੇ। ਅਸੀਂ ਜਿਸ ਜਗਾ ਰੁਕੇ ਸੀ, ਸਾਨੂੰ ਵੇਖ ਹੋਰ ਸੈਲਾਨੀ ਵੀ ਉੱਥੇ ਰੁਕ ਕੇ ਨਾਲ ਲਿਆਂਦੀਆਂ ਖਾਣ ਪੀਣ ਦੀਆਂ ਵਸਤਾਂ ਲੈ ਕੇ ਬੈਠ ਗਏ। ਅਸੀਂ ਆਪਣਾ ਖਾਣਾ ਸਮੇਟਣ ਤੋਂ ਬਾਅਦ ਰਹਿੰਦ-ਖੂੰਹਦ ਨੂੰ ਸਮੇਟਣ ਲਈ ਆਪਣੇ ਨਾਲ ਲਿਆਂਦੇ ਕੂੜੇ ਵਾਲੇ ਲਿਫ਼ਾਫ਼ੇ ਵਿੱਚ ਸੰਭਾਲ ਰਹੇ ਸੀ ਤਾਂ ਜਿਨ੍ਹਾਂ ਲੋਕਾਂ ਨੇ ਪਲਾਸਟਿਕ ਦੀਆਂ ਬੋਤਲਾਂ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਇਧਰ ਉਧਰ ਸੁੱਟੀਆਂ ਸਨ, ਸਾਨੂੰ ਦੇਖ ਕੇ ਸ਼ਰਮਸਾਰ ਹੁੰਦੇ ਹੋਏ ਆਪਣਾ ਸਾਰਾ ਕੂੜਾ-ਕਰਕਟ ਸਮੇਟਣ ਲੱਗੇ। ਅਸੀਂ ਆਪਣਾ ਕੂੜੇ ਵਾਲਾ ਲਿਫ਼ਾਫ਼ਾ ਉਨ੍ਹਾਂ ਨੂੰ ਉਨ੍ਹਾਂ ਦਾ ਸਾਮਾਨ ਪਾਉਣ ਲਈ ਦਿੱਤਾ। ਇੱਥੇ ਘੁੰਮਣ ਫਿਰਨ ਆਉਣ ਵਾਲੇ ਹਰ ਸੈਲਾਨੀ ਨੂੰ ਇੱਕ ਜ਼ਿੰਮੇਵਾਰ ਸੈਲਾਨੀ ਦੀ ਤਰ੍ਹਾਂ ਵਿਚਰਨ ਦੀ ਲੋੜ ਹੈ। ਜੇਕਰ ਅਸੀਂ ਇਸ ਨੂੰ ਸਾਫ਼ ਸੁਥਰਾ ਰੱਖਣ ਵਿੱਚ ਆਪਣਾ ਯੋਗਦਾਨ ਪਾਵਾਂਗੇ ਤਾਂ ਹੀ ਆਉਣ ਵਾਲੀਆਂ ਨਸਲਾਂ ਲਈ ਇਹ ਖ਼ੂਬਸੂਰਤ ਥਾਵਾਂ ਆਪਣੇ ਕੁਦਰਤੀ ਰੂਪ ਵਿੱਚ ਬਚੀਆਂ ਰਹਿਣਗੀਆਂ।
ਹਿੰਦੋਸਤਾਨ ਦੇ ਆਖ਼ਰੀ ਪਿੰਡ ਦੀ ਸੜਕ ਦੇ ਆਖ਼ਰੀ ਕਿਨਾਰੇ ’ਤੇ ਖੜ੍ਹਿਆਂ ਅਸੀਂ ਇਨ੍ਹਾਂ ਪਲਾਂ ਨੂੰ ਯਾਦਗਾਰੀ ਬਣਾਉਣ ਲਈ ਪਿਕਨਿਕ ਮਨਾਉਣ ਦਾ ਮਨ ਬਣਾਇਆ। ਅਸੀਂ ਅਜੇ ਖਾਣ-ਪੀਣ ਦਾ ਸਾਮਾਨ ਗੱਡੀ ’ਚੋਂ ਬਾਹਰ ਕੱਢ ਹੀ ਰਹੇ ਸੀ ਕਿ ਇੱਕ ਫ਼ੌਜੀ ਨੇ ਆ ਕੇ ਸਾਨੂੰ ਉੱਥੇ ਅਜਿਹਾ ਕਰਨ ਤੋਂ ਵਰਜਿਆ। ਸਾਡਾ ਉਤਸ਼ਾਹ ਅਤੇ ਜੋਸ਼ ਦੇਖ ਕੇ ਉਸ ਫ਼ੌਜੀ ਨੇ ਇੱਕ ਟੈਂਟ ਵੱਲ ਇਸ਼ਾਰਾ ਕਰਦਿਆਂ ਸਾਨੂੰ ਉਸ ਅੰਦਰ ਜਾ ਕੇ ਆਪਣੀ ਪਿਕਨਿਕ ਦਾ ਪ੍ਰਬੰਧ ਕਰਨ ਦੀ ਇਜਾਜ਼ਤ ਦੇ ਦਿੱਤੀ। ਸਾਡੇ ਲਈ ਤਾਂ ਇਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਸੀ ਕਿ ਹਿੰਦੋਸਤਾਨ ਦੇ ਆਖ਼ਰੀ ਟੈਂਟ ਵਿੱਚ ਅਸੀਂ ਭਾਰਤੀ ਫ਼ੌਜ ਦੀ ਮਹਿਮਾਨਵਾਜ਼ੀ ਮਾਣੀ। ਚਿਤਕੁਲ ਦੀ ਯਾਤਰਾ ਤੇ ਇਸ ਆਖ਼ਰੀ ਪੜਾਅ ’ਤੇ ਭਾਰਤੀ ਫ਼ੌਜ ਦੇ ਟੈਂਟ ਹਾਊਸ ਵਿੱਚ ਬਣਾ ਕੇ ਪੀਤੀ ਚਾਹ ਨੇ ਸੱਚਮੁੱਚ ਹੀ ਸਾਡੀ ਇਸ ਯਾਤਰਾ ਦੇ ਰੋਮਾਂਚ ਨੂੰ ਹੋਰ ਵੀ ਉਤਸ਼ਾਹਪੂਰਨ ਅਤੇ ਆਨੰਦਮਈ ਬਣਾ ਦਿੱਤਾ।
ਸੰਪਰਕ: 94173-75266