ਸਮੇਂ ਦੀ ਪਟੜੀ ’ਤੇ ਬਰਤਾਨਵੀ ਰੇਲਵੇ
ਬਰਤਾਨੀਆ ਦੀ ਧਰਤੀ ਨੂੰ ਜੇਕਰ ਅਸੀਂ ਆਧੁਨਿਕ ਰੇਲਵੇ ਦੀ ਜਨਮ ਭੂਮੀ ਕਹਿ ਲਈਏ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਸੰਨ 1825 ਵਿੱਚ ਜਾਰਜ ਸਟੀਫਨਸਨ ਸ਼ਟੌਕਟਨ ਅਤੇ ਡਾਰਲਿੰਗਟਨ ਨੇ ਰੇਲਵੇ ਲਈ ਦੁਨੀਆ ਦੀ ਪਹਿਲੀ ਲੋਕੋਮੋਟਿਵ ਬਣਾਈ। ਇਸ ਨਾਲ ਯਾਤਰੀਆਂ ਅਤੇ ਵਸਤਾਂ ਦੀ ਢੋਆ-ਢੁਆਈ ਦੀਆਂ ਸੇਵਾਵਾਂ ਦੀ ਸ਼ੁਰੂਆਤ ਹੋਈ। ਬੀਤੇ ਦੋ ਸੌ ਸਾਲਾਂ ਵਿੱਚ ਰੇਲ ਖੇਤਰ ਵਿੱਚ ਬਹੁਤ ਸਾਰੇ ਉਤਰਾਅ ਚੜਾਅ ਆਏ। ਨਿੱਜੀ ਅਤੇ ਸਰਕਾਰੀ ਕੰਪਨੀਆਂ ਦੁਆਰਾ ਰੇਲਵੇ ਸੇਵਾਵਾਂ ਲਗਾਤਾਰ ਜਾਰੀ ਰਹੀਆਂ। ਰੇਲਵੇ ਯੂਨੀਅਨਾਂ ਵੀ ਕਿੱਤੇ ਦੀ ਰਾਖੀ ਅਤੇ ਕਾਮਿਆਂ ਦੇ ਹੱਕਾਂ ਲਈ ਸਰਗਰਮ ਰਹੀਆਂ। ਨਿੱਜੀਕਰਨ ਦੀ ਚੜ੍ਹਤ ਦੇ ਦੌਰ ਵਿੱਚ ਰੇਲਵੇ ਨੂੰ ਜਨਤਕ ਖੇਤਰ ਬਣਾਉਣ ਦੀ ਮੰਗ ਵੀ ਲਗਾਤਾਰ ਉੱਠਦੀ ਰਹੀ। ਸਕਾਟਲੈਂਡ ਦੀਆਂ ਰੇਲਵੇ ਯੂਨੀਅਨਾਂ ਇਸ ਵਿੱਚ ਕਾਮਯਾਬ ਵੀ ਹੋਈਆਂ। ਕੋਵਿਡ ਕਾਲ ਦੌਰਾਨ ਡੱਚ ਕੰਪਨੀ ਅਬੀਲੀਓ ਦੀ ਮਾੜੀ ਕਾਰਗੁਜ਼ਾਰੀ ਦੇ ਕਾਰਨ ਅਪਰੈਲ 2022 ਵਿੱਚ ਸਕੌਟਰੇਲ ਦੀ ਵਾਗਡੋਰ ਸਿੱਧੇ ਤੌਰ ’ਤੇ ਸਰਕਾਰ ਦੇ ਹੱਥਾਂ ਵਿੱਚ ਚਲੀ ਗਈ। ਪਬਲਿਕ ਸੈਕਟਰ ਦਾ ਹਿੱਸਾ ਬਣਨ ਤੋਂ ਬਾਅਦ ਰੇਲਵੇ ਸੇਵਾਵਾਂ ਦੀ ਬਿਹਤਰੀ ਲਈ ਕਈ ਤਬਦੀਲੀਆਂ ਕੀਤੀਆਂ ਗਈਆਂ ਹਨ।
19ਵੀਂ ਸਦੀ ਦੇ ਅੰਤ ਤੱਕ ਬਰਤਾਨੀਆ ਦੇ ਲਗਭਗ ਹਰ ਸ਼ਹਿਰ ਅਤੇ ਕਸਬੇ ਤੱਕ ਰੇਲ ਗੱਡੀ ਪਹੁੰਚ ਚੁੱਕੀ ਸੀ। ਪਹਿਲੀ ਸੰਸਾਰ ਜੰਗ ਤੋਂ ਬਾਅਦ 1923 ਵਿੱਚ ਰੇਲਵੇ ਦਾ ਸਾਰਾ ਪ੍ਰਬੰਧ ‘ਫੋਰ ਬਿੱਗ’ ਗਰੁੱਪ ਦੇ ਨਾਂ ਹੇਠ ਅਨੇਕਾਂ ਨਿੱਜੀ ਕੰਪਨੀਆਂ ਦੇ ਹੱਥਾਂ ਵਿੱਚ ਦੇ ਦਿੱਤਾ ਗਿਆ ਪਰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵਿੱਤੀ ਸੋਮਿਆਂ ਦੇ ਕਮਜ਼ੋਰ ਅਤੇ ਬੁਨਿਆਦੀ ਢਾਂਚੇ ਵਿੱਚ ਲੋੜੀਂਦੀ ਮੁਰੰਮਤ ਦੀ ਘਾਟ ਕਾਰਨ ਰੇਲਵੇ ਸੇਵਾਵਾਂ ਬੁਰੀ ਤਰਾਂ ਪ੍ਰਭਾਵਿਤ ਹੋਈਆਂ। ਰੇਲਵੇ ਦੀ ਹਾਲਤ ਬਹੁਤ ਖਸਤਾ ਹੋ ਗਈ ਸੀ। ਰੇਲਵੇ ਨੂੰ ਮੁੜ ਪੈਰਾਂ ਸਿਰ ਕਰਨ ਲਈ ਬਰਤਾਨੀਆ ਸਰਕਾਰ ਨੇ ਰੇਲਵੇ ਦਾ ਰਾਸ਼ਟਰੀਕਰਨ ਕਰਨ ਦਾ ਫੈਸਲਾ ਲਿਆ। 1948 ਵਿੱਚ ਰੇਲਵੇ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ। ਇਸ ਨਾਲ ‘ਬ੍ਰਿਟਿਸ਼ ਰੇਲ’ ਨਾਮ ਦੀ ਜਨਤਕ ਕੰਪਨੀ ਹੋਂਦ ਵਿੱਚ ਆਈ। ਸਰਕਾਰ ਦੇ ਸਿੱਧੇ ਕੰਟਰੋਲ ਹੇਠ ਆਉਣ ਤੋਂ ਬਾਅਦ ਰੇਲਵੇ ਨੇ ਵੱਡੀਆਂ ਮੱਲਾਂ ਮਾਰੀਆਂ। ਭਾਫ਼ ਵਾਲੇ ਇੰਜਣਾਂ ਦੀ ਥਾਂ ਡੀਜ਼ਲ ਅਤੇ ਬਿਜਲੀ ਨਾਲ ਤੇਜ਼ ਗਤੀ ਨਾਲ ਚੱਲਣ ਵਾਲੀਆਂ ਰੇਲਾਂ ਦੀ ਸ਼ੁਰੂਆਤ ਹੋਈ। ਬੁਨਿਆਦੀ ਢਾਂਚੇ ਵਿੱਚ ਵੀ ਵੱਡੇ ਸੁਧਾਰ ਕੀਤੇ ਗਏ। ਪਰ ਜੌਹਨ ਮੇਜਰ ਦੀ ਕੰਜ਼ਰਵੇਟਿਵ ਸਰਕਾਰ ਦੇ ਸਮੇਂ 1993 ਵਿੱਚ ‘ਰੇਲਵੇਜ਼ ਐਕਟ 1993’ ਪਾਸ ਕਰਕੇ ਬ੍ਰਿਟਿਸ਼ ਰੇਲ ਦਾ ਫਿਰ ਨਿੱਜੀਕਰਨ ਕਰ ਦਿੱਤਾ ਗਿਆ ਜੋ ਕਿ ਅੱਜ ਤੱਕ ਵੀ ਜਾਰੀ ਹੈ। ਇੰਗਲੈਂਡ ਦੇ ਜ਼ਿਆਦਾਤਰ ਰੇਲ ਰੂਟਾਂ ਤੇ ਨਿੱਜੀ ਕੰਪਨੀਆਂ ਦੀਆਂ ਗੱਡੀਆਂ ਚੱਲਦੀਆਂ ਹਨ। ਇੰਗਲੈਂਡ ਵਿੱਚ ਰੇਲਵੇ ਕਾਮਿਆਂ ਦੀਆਂ ਯੂਨੀਅਨਾਂ ਵਲੋਂ ਨੌਕਰੀਆਂ, ਤਨਖਾਹਾਂ, ਸੁਰੱਖਿਆ, ਕਿਰਾਏ ਅਤੇ ਕੰਮ ਕਰਨ ਦੇ ਹਾਲਤਾਂ ਦੀ ਬਿਹਤਰੀ ਲਈ ਲਗਾਤਾਰ ਸੰਘਰਸ਼ ਕੀਤਾ ਜਾਂਦਾ ਹੈ। ਕੋਵਿਡ ਕਾਲ ਤੋਂ ਬਾਅਦ, ਉਜਰਤਾਂ ਦੇ ਵਾਧੇ ਵਿੱਚ ਆਈ ਖੜੋਤ ਨੂੰ ਤੋੜਨ ਲਈ ਯੂਕੇ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਰੇਲਵੇ ਮੁਲਾਜ਼ਮਾਂ ਵਲੋਂ ਵੱਡੀਆਂ ਹੜਤਾਲਾਂ ਵੀ ਕੀਤੀਆਂ ਗਈਆਂ ਸਨ।
ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸਾਲ 1948 ਵਿੱਚ ਸਕਾਟਿਸ਼ ਰੇਲਵੇ ਦਾ ਰਾਸ਼ਟਰੀਕਰਨ ਕਰਕੇ ਉਸ ਨੂੰ ਵੀ ਬ੍ਰਿਟਿਸ਼ ਰੇਲ ਵਿੱਚ ਸ਼ਾਮਲ ਕੀਤਾ ਗਿਆ ਸੀ। ਸਾਲ 1983 ਵਿੱਚ ਬ੍ਰਿਟਿਸ਼ ਰੇਲ ਨੇ ‘ਸਕੌਟਰੇਲ’ ਨਾਂ ਦੀ ਸਰਕਾਰੀ ਕੰਪਨੀ ਦੀ ਸ਼ੁਰੂਆਤ ਕੀਤੀ। ਸਕਾਟਲੈਂਡ ਦੀਆਂ ਸਾਰੀਆਂ ਰੇਲ ਸੇਵਾਵਾਂ ਨੂੰ ਇਸ ਦੇ ਕੰਟਰੋਲ ਹੇਠ ਲਿਆਂਦਾ ਗਿਆ। ਬ੍ਰਿਟਿਸ਼ ਰੇਲ ਦੇ ਨਿੱਜੀਕਰਨ ਤੋਂ ਬਾਅਦ ਸਾਲ 1997 ਵਿੱਚ ਸਕੌਟਰੇਲ ਨੂੰ ਵੀ ਨਿੱਜੀ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਮੇਂ ਦੌਰਾਨ ਨੈਸ਼ਨਲ ਐਕਸਪ੍ਰੈੱਸ, ਫਸਟ ਗਰੁੱਪ ਅਤੇ ਡੱਚ ਕੰਪਨੀ ਅਬੀਲੀਓ ਨੇ ਸਕਾਟਲੈਂਡ ਵਿੱਚ ਰੇਲ ਚਲਾਉਣ ਦੇ ਠੇਕੇ ਲਏ। ਨਿੱਜੀਕਰਨ ਦੇ ਇਸ ਸਮੇਂ ਦੌਰਾਨ ਇਨ੍ਹਾਂ ਕੰਪਨੀਆਂ ਵਲੋਂ ਵੱਡੇ ਮੁਨਾਫ਼ੇ ਲਈ ਰੇਲ ਭਾੜੇ ਵਿੱਚ ਲਗਾਤਾਰ ਵਾਧਾ, ਨੌਕਰੀਆਂ ਵਿੱਚ ਕਟੌਤੀ ਅਤੇ ਨਵੀਆਂ ਭਰਤੀਆਂ ਕਰਨ ਵਿੱਚ ਦੇਰੀ ਕੀਤੀ ਜਾਂਦੀ ਰਹੀ। ਨਿੱਜੀਕਰਨ ਦੇ ਇਸ ਕਾਲੇ ਦੌਰ ਵਿੱਚ ਰੇਲਵੇ ਯੂਨੀਅਨਾਂ ਨੂੰ ਵੀ ਸਟਾਫ ਦੀਆ ਤਨਖ਼ਾਹਾਂ ਵਿੱਚ ਢੁੱਕਵੇਂ ਵਾਧੇ, ਨੌਕਰੀਆਂ ਦੀ ਸੁਰੱਖਿਆ ਅਤੇ ਕੰਮ ਕਰਨ ਦੀਆਂ ਹਾਲਤਾਂ ਵਿੱਚ ਸੁਧਾਰ ਲਈ ਲਗਾਤਾਰ ਜੱਦੋਜਹਿਦ ਕਰਨੀ ਪਈ। ਯਾਤਰੀਆਂ ਦੇ ਕਿਰਾਏ ਘਟਾਉਣ, ਬੁਨਿਆਦੀ ਢਾਂਚੇ ਵਿੱਚ ਸੁਧਾਰ, ਸੁਰੱਖਿਆ, ਯਾਤਰੀ ਸੇਵਾਵਾਂ ਵਿੱਚ ਸੁਧਾਰ ਅਤੇ ਸਕੌਟਰੇਲ ਨੂੰ ਵਾਪਸ ਸਿੱਧੇ ਸਰਕਾਰੀ ਕੰਟਰੋਲ ਹੇਠ ਕਰਨ ਲਈ ਵੀ ਟਰੇਡ ਯੂਨੀਅਨਾਂ ਨੇ ਲੰਬਾ ਸੰਘਰਸ਼ ਕੀਤਾ। ਕੋਵਿਡ ਕਾਲ ਦੌਰਾਨ ਨਿੱਜੀ ਕੰਪਨੀਆਂ ਦੀ ਅੰਨ੍ਹੀ ਲੁੱਟ ਜੱਗ ਜ਼ਾਹਰ ਹੋ ਗਈ ਅਤੇ ਸਰਕਾਰ ਨੂੰ ਅਬੀਲੀਓ ਨਾਲ ਇਕਰਾਰਨਾਮਾ ਮਿਥੇ ਸਮੇਂ ਤੋਂ ਪਹਿਲਾਂ ਹੀ ਖ਼ਤਮ ਕਰਨਾ ਪਿਆ।
ਅਪਰੈਲ 2022 ਵਿੱਚ 25 ਸਾਲ ਬਾਅਦ ਸਕੌਟਰੇਲ ਨੂੰ ਦੁਬਾਰਾ ਸਰਕਾਰੀ ਕੰਟਰੋਲ ਹੇਠ ਲਿਆਂਦਾ ਗਿਆ। ਇਸ ਸਮੇਂ ਸਕੌਟਰੇਲ ਸਕਾਟਲੈਂਡ ਦੀ ਮੁੱਖ ਰੇਲ ਅਪਰੇਟਰ ਕੰਪਨੀ ਹੈ ਜੋ ਲਗਭਗ ਸਾਰੀਆਂ ਅੰਦਰੂਨੀ ਰੇਲ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ। ਸਰਕਾਰੀ ਕੰਟਰੋਲ ਉਪਰੰਤ ਟਰੇਡ ਯੂਨੀਅਨ ਦੀਆਂ ਮੁੱਖ ਮੰਗਾ ਵਿੱਚ ਸਸਤੀ ਰੇਲ ਯਾਤਰਾ, ਖਾਲੀ ਆਸਾਮੀਆਂ ਦੀ ਭਰਤੀ, ਸੁਰੱਖਿਆ, ਰੇਲਾਂ ਦਾ ਸਮੇਂ ਸਿਰ ਚੱਲਣਾ, ਸਫਾਈ, ਵਾਤਾਵਰਨ ਦੇ ਅਨੁਕੂਲ ਰੇਲਵੇ, ਘੱਟੋ-ਘੱਟ ਮਹਿੰਗਾਈ ਦਰ ਦੇ ਬਰਾਬਰ ਤਨਖ਼ਾਹ ਵਿੱਚ ਵਾਧਾ, ਪਾਰਦਰਸ਼ੀ ਨਵੀਂ ਭਰਤੀ, ਆਧੁਨਿਕ ਰੇਲਵੇ ਢਾਂਚਾ ਅਤੇ ਕੰਮ ਕਰਨ ਦੀਆਂ ਹਾਲਤਾਂ ਵਿੱਚ ਸੁਧਾਰ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਰੇਲ ਵਿਭਾਗ ਵਲੋਂ ਵੀ ਲੋਕਾਂ ਅਤੇ ਸਟਾਫ ਦੇ ਵਿਚਾਰ ਅਤੇ ਸੁਝਾਅ ਜਾਨਣ ਲਈ ਸਰਵੇਖਣ ਕੀਤੇ ਗਏ। ਮੋਹਰਲੀਆਂ ਕਤਾਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਨਾਲ ਮੈਨੇਜਮੈਂਟ ਬੋਰਡ ਵਲੋਂ ਲਗਾਤਾਰ ਮੀਟਿੰਗਾਂ ਦੀ ਲੜੀ ਸ਼ੁਰੂ ਕੀਤੀ ਗਈ। ਸਰਵੇਖਣਾਂ ਦੇ ਆਧਾਰ ’ਤੇ ਨਵੀਂ ਨੀਤੀ ਬਣਾਉਣ ਲਈ ਯੂਨੀਅਨ ਮੈਂਬਰਾਂ ਦੀ ਸ਼ਮੂਲੀਅਤ ਵੀ ਕੀਤੀ ਗਈ।
ਜਨਤਕ ਸਰਵੇਖਣਾਂ ਅਤੇ ਯੂਨੀਅਨ ਵਲੋਂ ਮਿਲੀ ਜਾਣਕਾਰੀ ਅਤੇ ਸੁਝਾਵਾਂ ਦੇ ਆਧਾਰ ’ਤੇ ਬਣੀ ਨੀਤੀ ਮੁਤਾਬਕ ਭਰਤੀ ਕਰਨ ਵਾਲੇ ਵਿਭਾਗ ਅਤੇ ਟ੍ਰੇਨਿੰਗ ਸੈਂਟਰ ਵਿੱਚ ਖਾਲੀ ਪਈਆਂ ਅਸਾਮੀਆਂ ਭਰਨ ਤੋਂ ਸ਼ੁਰੂਆਤ ਕੀਤੀ ਗਈ। ਰੇਲਵੇ ਮੁਲਾਜ਼ਮਾਂ ਦੇ ਅੰਦਰੂਨੀ ਤਬਾਦਲੇ, ਪ੍ਰਮੋਸ਼ਨਾਂ, ਕਾਮਿਆਂ ਦਾ ਆਪਣੀ ਯੋਗਤਾ ਅਤੇ ਤਜਰਬੇ ਦੇ ਆਧਾਰ ’ਤੇ ਦੂਸਰੇ ਗਰੇਡ ਵਿੱਚ ਜਾਣ ਦਾ ਸਿਲਸਿਲਾ ਤੇਜ਼ ਕੀਤਾ ਗਿਆ। ਹਰ ਹਫ਼ਤੇ ਤਬਾਦਲੇ ਤੋਂ ਬਾਅਦ ਖਾਲੀ ਹੋਈਆਂ ਨੌਕਰੀਆਂ ਦੀ ਲਿਸਟ ਜਾਰੀ ਕੀਤੀ ਜਾਂਦੀ, ਜਿਨ੍ਹਾਂ ਦੀ ਪੂਰਤੀ ਲਈ ਹੋਰ ਚਾਹਵਾਨ ਉਮੀਦਵਾਰ ਅਰਜ਼ੀ ਦਾਖਲ ਕਰਦੇ। ਇਸ ਤੋਂ ਇਲਾਵਾ ਸਰਕਾਰੀ ਅਤੇ ਗੈਰ-ਸਰਕਾਰੀ ਏਜੰਸੀਆਂ ਦੀ ਮਦਦ ਨਾਲ ਪਬਲਿਕ ਵਿੱਚੋਂ ਵੀ ਸਟਾਫ ਦੀ ਭਰਤੀ ਤੇਜ਼ੀ ਨਾਲ ਸ਼ੁਰੂ ਕੀਤੀ ਗਈ। ਯਾਤਰੀਆਂ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ‘ਟਰੈਵਲ ਸੇਫ ਟੀਮ’ ਨਾਂ ਦਾ ਨਵਾਂ ਵਿਭਾਗ ਬਣਾਇਆ ਗਿਆ। ਜਿਸ ਨਾਲ ਬਹੁਤ ਸਾਰੀਆਂ ਨਵੀਆਂ ਨੌਕਰੀਆਂ ਪੈਦਾ ਹੋਈਆਂ। ਹਰ ਰੇਲ ਗੱਡੀ ਉੱਤੇ ਡਰਾਈਵਰ ਦੇ ਨਾਲ ਘੱਟੋ-ਘੱਟ ਇੱਕ ਹੋਰ ਸਟਾਫ ਮੈਂਬਰ ਦਾ ਹੋਣਾ ਲਾਜ਼ਮੀ ਕੀਤਾ ਗਿਆ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਨਿੱਜੀ ਕੰਪਨੀਆਂ ਦੁਆਰਾ ਚਲਾਏ ਜਾ ਰਹੇ ਬਹੁਤੇ ਰੂਟਾਂ ’ਤੇ ਡਰਾਈਵਰ ਤੋਂ ਬਿਨਾਂ ਕਿਸੇ ਹੋਰ ਸਟਾਫ ਦਾ ਹੋਣਾ ਲਾਜ਼ਮੀ ਨਹੀਂ ਹੁੰਦਾ। ਰਾਤ ਨੂੰ ਲੇਟ ਤੱਕ ਚੱਲਣ ਵਾਲੀਆਂ ਗੱਡੀਆ ਉੱਪਰ ਵੀ ਸਟਾਫ ਵਧਾਇਆ ਗਿਆ।
ਖਾਲੀ ਪਈਆਂ ਅਸਾਮੀਆਂ ਦੀ ਭਰਤੀ ਦੇ ਨਾਲ ਦੂਸਰੀ ਵੱਡੀ ਮੰਗ ਰੇਲ ਕਿਰਾਏ ਵਿੱਚ ਕਟੌਤੀ ਕਰਨਾ ਸੀ। ਟਰਾਂਸਪੋਰਟ ਵਿਭਾਗ ਨੇ 2024 ਵਿੱਚ ਇੱਕ ਤਜਰਬਾ ਕੀਤਾ। ਜਿਸ ਤਹਿਤ ਛੇ ਮਹੀਨੇ ਲਈ ਟਰਾਇਲ ਦੇ ਤੌਰ ’ਤੇ ‘ਪੀਕ’ ਸਮੇਂ ਭਾਵ ਸਵੇਰੇ ਅਤੇ ਸ਼ਾਮ ਦੇ ਭੀੜ ਵਾਲੇ ਸਮੇਂ ਦੇ ਕਿਰਾਏ ਵਿੱਚ ਕਟੌਤੀ ਕੀਤੀ ਗਈ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸਕਾਟਲੈਂਡ ਸਮੇਤ ਸਾਰੇ ਬਰਤਾਨੀਆ ਵਿੱਚ ਸਵੇਰੇ 9 ਵਜੇ ਤੋਂ ਪਹਿਲਾਂ ਅਤੇ ਸ਼ਾਮ ਨੂੰ ਤਕਰੀਬਨ ਸਾਢੇ ਚਾਰ ਤੋਂ ਛੇ ਵਜੇ ਤੱਕ ਕਿਰਾਏ ਬਾਕੀ ਦਿਨ ਨਾਲੋਂ 40 ਫੀਸਦੀ ਦੇ ਲਗਭਗ ਜ਼ਿਆਦਾ ਹੁੰਦੇ ਹਨ। ਇਸ ਸਮੇ ਕੰਮਕਾਰ ’ਤੇ ਜਾਣ ਵਾਲੇ ਲੋਕ ਮਹਿੰਗੀ ਟਿਕਟ ਖਰੀਦਣ ਲਈ ਮਜਬੂਰ ਹੁੰਦੇ ਹਨ। ਨਿੱਜੀ ਕੰਪਨੀਆਂ ਲੰਬੇ ਸਮੇਂ ਤੋਂ ਇਹ ਲੁੱਟ ਕਰਦੀਆਂ ਆ ਰਹੀਆਂ ਹਨ। ਰੇਲਵੇ ਵਿਭਾਗ ਦਾ ‘ਸਾਰਾ ਦਿਨ ਇੱਕ ਕਿਰਾਏ’ ਦਾ ਟਰਾਇਲ ਬਹੁਤ ਕਾਮਯਾਬ ਰਿਹਾ। ‘ਪੀਕ’ ਸਮੇਂ ਕਿਰਾਏ ਵਿੱਚ ਗਿਰਾਵਟ ਨੇ ਵੱਧ ਲੋਕਾਂ ਨੂੰ ਰੇਲ ਸੇਵਾ ਵਰਤਣ ਲਈ ਉਤਸ਼ਾਹਿਤ ਕੀਤਾ। ਨਵੇਂ ਲੋਕ ਵੀ ਕਿਰਾਇਆ ਸਸਤਾ ਹੋਣ ਕਾਰਨ ਰੇਲ ’ਤੇ ਸਫਰ ਕਰਨ ਲੱਗੇ। ਭਾੜਾ ਦਰਾਂ ਘਟਾਉਣ ਨਾਲ ਸਾਲ 2024 ਵਿੱਚ ਰੇਲ ਯਾਤਰੀਆਂ ਦੀ ਗਿਣਤੀ ਵਿੱਚ 2023 ਨਾਲੋਂ 27 ਫੀਸਦੀ ਦਾ ਵਾਧਾ ਹੋਇਆ। ਇਸ ਵਿੱਚ 20 ਲੱਖ ਦੇ ਕਰੀਬ ਯਾਤਰਾਵਾਂ ਕਾਰਾਂ ਤੋਂ ਰੇਲਵੇ ਵਿੱਚ ਤਬਦੀਲ ਹੋਈਆਂ।
ਇਸ ਦੇ ਨਾਲ ਹੀ ਸਕਾਟਲੈਂਡ ਦੇ ਟਰਾਂਸਪੋਰਟ ਵਿਭਾਗ ਵਲੋਂ ਦੂਸਰਾ ਸਰਵੇਖਣ ਸੜਕੀ ਆਵਾਜਾਈ ਦਾ ਕੀਤਾ ਗਿਆ। ਸਕਾਟਲੈਂਡ ਦੇ ਦੋ ਮੁੱਖ ਸ਼ਹਿਰ ਹਨ – ਐਡਨਬਰਾ ਇਥੋਂ ਦੀ ਰਾਜਧਾਨੀ ਹੈ ਅਤੇ ਗਲਾਸਗੋ ਸਭ ਤੋਂ ਵੱਡਾ ਸ਼ਹਿਰ। ਇਹਨਾਂ ਦੀ ਆਪਸੀ ਦੂਰੀ 100 ਕਿਲੋਮੀਟਰ ਦੇ ਲਗਭਗ ਹੈ। ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਸੜਕ ਅਤੇ ਰੇਲ ਮਾਰਗ ਦੁਆਰਾ ਸਫਰ ਕਰਦੇ ਹਨ। ਰੇਲਵੇ ਦੇ ਟਰਾਇਲ ਸਮੇਂ ਦੌਰਾਨ ਦੋਹਾਂ ਸ਼ਹਿਰਾਂ ਨੂੰ ਜੋੜਦੇ ਮੁੱਖ ਮਾਰਗਾਂ ਉਤੇ ਲੰਘਦੇ ਵਾਹਨਾਂ ਦੀ ਗਿਣਤੀ ਵੀ ਕੀਤੀ ਗਈ। ਰੇਲ ਦੇ ਕਿਰਾਏ ਘਟਾਉਣ ਨਾਲ ਇੱਕ ਪਾਸੇ ਤਾਂ ਰੇਲ ਯਾਤਰੀਆਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਅਤੇ ਦੂਸਰੇ ਪਾਸੇ ਸਵੇਰੇ ਸ਼ਾਮ ਸੜਕ ਉੱਤੇ ਕਾਰਾਂ ਦੀ ਗਿਣਤੀ ਵਿੱਚ ਗਿਰਾਵਟ ਆਈ। ਬੇਸ਼ਕ ਇਹ ਮਿਥੇ ਟੀਚੇ ਤੋਂ ਬਹੁਤ ਘੱਟ ਸੀ ਪਰ ਨਿੱਜੀ ਵਾਹਨ ਛੱਡ ਕੇ ਪਬਲਿਕ ਟਰਾਂਸਪੋਰਟ ਵੱਲ ਮੋੜੇ ਨੂੰ ਇੱਕ ਸ਼ੁਭ ਸੰਕੇਤ ਵਜੋਂ ਦੇਖਿਆ ਗਿਆ। ਰੇਲ ਯੂਨੀਅਨ, ਵਾਤਾਵਰਨ ਪ੍ਰੇਮੀਆਂ ਅਤੇ ਹੋਰ ਸੰਸਥਾਵਾਂ ਨੇ ਇਸ ਬਦਲਦੇ ਰੁਝਾਨ ਦਾ ਸਵਾਗਤ ਕੀਤਾ। ਪਰ ਛੇ ਮਹੀਨੇ ਦਾ ਟਰਾਇਲ ਖ਼ਤਮ ਹੋਣ ਉਪਰੰਤ ਕਿਰਾਏ ਫਿਰ ਵਧਾ ਦਿੱਤੇ ਗਏ। ਇਸ ਨਾਲ ਲੋਕਾਂ ਨੂੰ ਬਹੁਤ ਨਿਰਾਸ਼ਾ ਹੋਈ ਅਤੇ ਰੇਲ ਯਾਤਰੀਆਂ ਦੀ ਗਿਣਤੀ ਵਿੱਚ ਫਿਰ ਭਾਰੀ ਗਿਰਾਵਟ ਆ ਗਈ।
ਰੇਲਵੇ ਯੂਨੀਅਨ, ਕਰਮਚਾਰੀਆਂ ਅਤੇ ਵਾਤਾਵਰਨ ਪ੍ਰੇਮੀਆਂ ਦੇ ਲਗਾਤਾਰ ਕੀਤੇ ਸੰਘਰਸ਼ ਨੂੰ ਬੂਰ ਪਿਆ। ਸਕਾਟਲੈਂਡ ਦੀ ਸਰਕਾਰ ਵਲੋਂ ਵਿੱਤੀ ਵਰ੍ਹੇ ਦੇ ਸ਼ੁਰੂ ਵਿੱਚ ਹੀ ਇੱਕ ਇਤਿਹਾਸਕ ਕਦਮ ਪੁੱਟਿਆ ਗਿਆ। ਸਵੇਰੇ ਅਤੇ ਸ਼ਾਮ ਦੇ ਵੇਲੇ ਸਫਰ ਕਰਨ ਲਈ ਲਏ ਜਾਂਦੇ 35 -45 ਫੀਸਦੀ ਜ਼ਿਆਦਾ ਰੇਲ ਭਾੜੇ ਨੂੰ ਪਹਿਲੀ ਸਤੰਬਰ 2025 ਤੋਂ ਹਮੇਸ਼ਾਂ ਲਈ ਖ਼ਤਮ ਕਰ ਦਿੱਤਾ ਜਾਵੇਗਾ। ਇੱਕ ਟਿਕਟ ਨਾਲ ਤੁਸੀਂ ਦਿਨ ਦੇ ਕਿਸੇ ਵੀ ਸਮੇਂ ਸਫਰ ਕਰ ਸਕਦੇ ਹੋ। ਉਦਾਹਰਣ ਦੇ ਤੌਰ ਤੇ ਗਲਾਸਗੋ ਤੋਂ ਐਡਨਬਰਾ ਦਾ ਪੀਕ ਸਮੇਂ ਦਾ ਕਿਰਾਇਆ 32.60 (ਪੌਂਡ) ਤੋਂ ਘਟ ਕੇ 16.80( ਪੌਂਡ) ਰਹਿ ਗਿਆ। ਇਸ ਖ਼ਬਰ ਨਾਲ ਰੋਜ਼ਾਨਾ ਰੇਲ ਤੇ ਸਫਰ ਕਰਨ ਵਾਲੇ ਯਾਤਰੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਰੇਲਵੇ ਦੇ ਸਿੱਧੇ ਤੌਰ ਤੇ ਸਰਕਾਰ ਅਧੀਨ ਹੋਣ ਦੇ ਸਮੇਂ ਤੋਂ ਰੇਲ ਕਾਮਿਆਂ ਦੀਆਂ ਤਨਖ਼ਾਹਾਂ ਵਿੱਚ ਵਾਧਾ ਵੀ ਸਮੇਂ ਸਿਰ ਹੋ ਰਿਹਾ ਹੈ। ਸਕਾਟਲੈਂਡ ਦੇ ਸੰਘਰਸ਼ਸ਼ੀਲ ਲੋਕਾਂ ਅਤੇ ਰੇਲਵੇ ਯੂਨੀਅਨ ਦੀ ਲਗਾਤਾਰ ਜੱਦੋਜਹਿਦ ਨਾਲ ਨਿੱਜੀਕਰਨ ਦੇ ਦੈਂਤ ਨੂੰ ਤਾਂ ਪਿੱਛੇ ਧੱਕ ਦਿੱਤਾ ਗਿਆ ਹੈ। ਪਰ ਰੇਲਵੇ ਵਲੋਂ ਤੇਜ਼ੀ ਨਾਲ ਅਪਣਾਈ ਜਾ ਰਹੀ ਨਵੀਂ ਟੈਕਨਾਲੋਜੀ; ਟਿਕਟ ਵੇਚਣ ਵਾਲੀਆਂ ਮਸ਼ੀਨਾਂ, ਮੋਬਾਈਲ ਟਿਕਟਾਂ, ਇਲੈਕਟ੍ਰਾਨਿਕ ਟਿਕਟ ਗੇਟ, ਡਰਾਈਵਰ ਤੋਂ ਬਿਨਾਂ ਚੱਲਣ ਵਾਲੀਆਂ ਗੱਡੀਆਂ ਅਤੇ ਪ੍ਰਸ਼ਾਸਨਿਕ ਖੇਤਰ ਵਿੱਚ ਵਧ ਰਹੀ ਏ ਆਈ ਦੀ ਵਰਤੋਂ ਤੋਂ ਰੁਜ਼ਗਾਰ ਨੂੰ ਬਚਾਉਣਾ ਰੇਲ ਯੂਨੀਅਨ ਲਈ ਵੱਡਾ ਚੈਲੰਜ ਬਣਿਆ ਹੋਇਆ ਹੈ।