ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੁਰਾ ਸੁਪਨਾ

‘‘ਇਹ ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਕਾਦਰ ਦੀ ਕੁਦਰਤ ਨੇ ਮਨੁੱਖ ਨੂੰ ਧਰਤੀ ਮਾਂ ਦੀਆਂ ਅਨੇਕਾਂ ਨਿਆਮਤਾਂ ਨਾਲ ਨਿਵਾਜਿਆ ਹੈ। ਚੌਗਿਰਦੇ ਦੇ ਸ਼ਿੰਗਾਰ ਸੁੰਦਰ ਬਾਗ਼ ਬਗੀਚੇ, ਮਹਿਕਾਂ ਵੰਡਦੇ, ਵੰਨ ਸੁਵੰਨੇ ਤੇ ਰੰਗ ਬਿਰੰਗੇ ਫੁੱਲਾਂ ਦੀ ਬਹਾਰ, ਤਰ੍ਹਾਂ ਤਰ੍ਹਾਂ ਦੇ ਰਸੀਲੇ ਫਲ,...
Man sitting alone felling sad worry or fear and hands up on head on black background
Advertisement

‘‘ਇਹ ਜ਼ਿੰਦਗੀ ਬਹੁਤ ਖ਼ੂਬਸੂਰਤ ਹੈ। ਕਾਦਰ ਦੀ ਕੁਦਰਤ ਨੇ ਮਨੁੱਖ ਨੂੰ ਧਰਤੀ ਮਾਂ ਦੀਆਂ ਅਨੇਕਾਂ ਨਿਆਮਤਾਂ ਨਾਲ ਨਿਵਾਜਿਆ ਹੈ। ਚੌਗਿਰਦੇ ਦੇ ਸ਼ਿੰਗਾਰ ਸੁੰਦਰ ਬਾਗ਼ ਬਗੀਚੇ, ਮਹਿਕਾਂ ਵੰਡਦੇ, ਵੰਨ ਸੁਵੰਨੇ ਤੇ ਰੰਗ ਬਿਰੰਗੇ ਫੁੱਲਾਂ ਦੀ ਬਹਾਰ, ਤਰ੍ਹਾਂ ਤਰ੍ਹਾਂ ਦੇ ਰਸੀਲੇ ਫਲ, ਸੰਘਣੇ ਹਰੇ ਭਰੇ ਜੰਗਲ, ਜੰਗਲੀ ਜੀਵ ਜੰਤੂ, ਅਕਾਸ਼ ਚੁੰਮਦੇ ਪਹਾੜ, ਨਦੀਆਂ, ਝੀਲਾਂ, ਆਬਸ਼ਾਰਾਂ, ਜਲਗਾਹਾਂ, ਸ਼ੁੱਧ ਹਵਾ ਪਾਣੀ ਆਦਿ ਵੱਡਮੁੱਲੀਆਂ ਦਾਤਾਂ ਬਖ਼ਸ਼ੀਆਂ ਹਨ। ਪ੍ਰਕਿਰਤੀ ਦੇ ਵਰਦਾਨ ਬੇਸ਼ਕੀਮਤੀ ਤੇ ਹੁਸੀਨ ਜੀਵਨ ’ਤੇ ਵਿਸ਼ਰਾਮ ਚਿੰਨ੍ਹ ਲਾਉਣ ਨੂੰ ਹਿਮਾਕਤ ਹੀ ਕਿਹਾ ਜਾਵੇਗਾ।’’ ਮੈਂ ਆਪਣੇ ਪਿਛਲੇ ਸਕੂਲ ਦੇ ਸਹਿਕਰਮੀ ਰਹਿ ਚੁੱਕੇ ਲੈਕਚਰਾਰ ਕਰਮਜੋਤ ਸਿੰਘ ਦੇ ਬੇਟੇ ਇੰਦਰਪਾਲ ਨੂੰ ਪਾਠ ਪੜ੍ਹਾ ਰਿਹਾ ਸੀ।

ਇੰਦਰਪਾਲ ਨੂੰ ਮੈਂ ਬਚਪਨ ਤੋਂ ਲਾਡ ਲਡਾਉਂਦਾ ਆਇਆ ਸੀ ਅਤੇ ਫਿਰ ਉਸ ਨੇ ਮੇਰੇ ਕੋਲੋਂ ਪੜ੍ਹਦਿਆਂ ਨੌਂਵੀਂ ਦਸਵੀਂ ਕੀਤੀ ਸੀ। ਉਹ ਕਲਾਸ ਦਾ ਹੁਸ਼ਿਆਰ ਜਾਂ ਮੂਹਰਲੀ ਕਤਾਰ ਦਾ ਵਿਦਿਆਰਥੀ ਤਾਂ ਨਹੀਂ ਸੀ ਪਰ ਉਸ ਨੂੰ ਨਾਲਾਇਕ ਵੀ ਨਹੀਂ ਸੀ ਕਿਹਾ ਜਾ ਸਕਦਾ। ਹਾਂ, ਗਣਿਤ ਅਤੇ ਵਿਗਿਆਨ ਵਿਸ਼ਿਆਂ ਵਿੱਚ ਉਸ ਦੀ ਦਿਲਚਸਪੀ ਬਿਲਕੁਲ ਨਾਂਹ ਬਰਾਬਰ ਸੀ। ਉਸ ਨਾਲ ਮੇਰਾ ਮੋਹ, ਸਨੇਹ ਤੇ ਸਤਿਕਾਰ ਵਾਲਾ ਰਿਸ਼ਤਾ ਸੀ। ਇੰਦਰਪਾਲ ਨੇ ਸਾਡੇ ਸਕੂਲ ਤੋਂ ਚੰਗੇ ਨੰਬਰਾਂ ਨਾਲ ਮੈਟ੍ਰਿਕ ਕੀਤੀ ਸੀ। ਜੇ ਉਸ ਦੇ ਗਣਿਤ ਵਿੱਚੋਂ ਪੰਜ ਨੰਬਰ ਹੋਰ ਆ ਜਾਂਦੇ ਤਾਂ ਉਸ ਦੀ ਜ਼ਿਲ੍ਹੇ ਵਿੱਚੋਂ ਪਹਿਲੀ ਪੁਜੀਸ਼ਨ ਆ ਜਾਣੀ ਸੀ।

Advertisement

ਇੰਦਰਪਾਲ ਨੂੰ ਮੈਂ ਅਤੇ ਉਸ ਦਾ ਡੈਡੀ ਆਪਣੇ ਪਿੰਡ ਨੁਮਾ ਕਸਬੇ ਦੇ ਸੈਕੰਡਰੀ ਸਕੂਲ ਪਲੱਸ ਟੂ ਵਿੱਚ ਦਾਖਲ ਕਰਵਾਉਣ ਗਏ ਸੀ। ਮੈਨੂੰ ਯਾਦ ਹੈ ਕਿ ਸਾਡੇ ਵਾਕਫ਼ਕਾਰ ਪ੍ਰਿੰਸੀਪਲ ਸਾਹਿਬ ਨੇ ਨਤੀਜਾ ਕਾਰਡ ’ਤੇ ਨਜ਼ਰ ਮਾਰਦਿਆਂ ਖਦਸ਼ਾ ਪ੍ਰਗਟ ਕੀਤਾ ਸੀ, ‘‘ਮੇਰਾ ਖਿਆਲ ਹੈ ਬੱਚੇ ਦੇ ਮੈਡੀਕਲ ਲਈ ਜੀਵ ਵਿਗਿਆਨ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਮੁਸ਼ਕਿਲ ਹੋਣਗੇ।’’ ਸਕੂਲ ਮੁਖੀ ਨੇ ਭਾਵੇਂ ਤਲਖ਼ ਹਕੀਕਤ ਬਿਆਨ ਕਰਨ ਤੋਂ ਗੁਰੇਜ਼ ਨਹੀਂ ਸੀ ਕੀਤਾ ਪਰ ਨਾਲ ਹੀ ‘ਚੰਗੀ ਕੋਚਿੰਗ ਅਤੇ ਮਿਹਨਤ ਰੰਗ ਵੀ ਲਿਆ ਸਕਦੀ ਹੈ’ ਆਖ ਸਾਨੂੰ ਵੀ ਨਿਰਾਸ਼ ਨਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਬੱਚੇ ਨੂੰ ਉਨ੍ਹਾਂ ਦਾਖਲ ਕਰ ਲਿਆ ਸੀ।

ਇੱਕ ਸੇਵਾਮੁਕਤ ਸਾਇੰਸ ਟੀਚਰ ਵੱਲੋਂ ਸਾਡੇ ਨੇੜਲੇ ਸ਼ਹਿਰ ਚਲਾਏ ਜਾ ਰਹੇ ਕੋਚਿੰਗ ਸੈਂਟਰ ਵਿੱਚ ਇੰਦਰਪਾਲ ਨੂੰ ਦਾਖਲ ਕਰਵਾਉਣ ਗਏ ਤਾਂ ਕੰਟੀਨ ਵਿੱਚ ਚਾਹ ਪੀਂਦਿਆਂ ਉਸ ਦੇ ਡੈਡੀ ਉਸ ਨੂੰ ਫਿਰ ਯਾਦ ਕਰਵਾਉਂਦਿਆਂ ਕਿਹਾ ਸੀ, ‘‘ਬੇਟਾ ਧਿਆਨ ਰੱਖਣਾ, ਮੈਂ ਤੇਰਾ ਨਾਂ ਪਲੱਸ ਟੂ ਦੀ ਮੈਰਿਟ ਵਿੱਚ ਵੇਖਣਾ ਚਾਹੁੰਦਾ ਹਾਂ। ਮੇਰੇ ਕਈ ਸਹਿਕਰਮੀਆਂ ਦੇ ਬੱਚੇ ਸਾਇੰਸ ਵਿਸ਼ਾ ਲੈ ਪਲੱਸ ਟੂ ਕਰ ਚੁੱਕੇ ਹਨ। ਇਸ ਤੋਂ ਘੱਟ ਨਾ ਮੈਨੂੰ ਅਤੇ ਨਾ ਹੀ ਤੇਰੀ ਮੰਮੀ ਨੂੰ ਮਨਜ਼ੂਰ ਹੋਵੇਗਾ।’’ ਮੈਂ ਜਾਣਦਾ ਸੀ ਕਿ ਬੱਚੇ ਦੀ ਵਿਗਿਆਨ ਵਿੱਚ ਬਿਲਕੁਲ ਹੀ ਰੁਚੀ ਨਹੀਂ ਹੈ। ਮੈਨੂੰ ਯਾਦ ਹੈ ਕਿ ਨੌਵੀਂ ਦਸਵੀਂ ਵਿੱਚ ਪੜ੍ਹਦਿਆਂ ਉਹ ਵਿਗਿਆਨ ਦੀ ਪ੍ਰਯੋਗਸ਼ਾਲਾ ਦੀ ਥਾਂ ਲਾਇਬ੍ਰੇਰੀ ਜਾਣ ਅਤੇ ਸਾਹਿਤਕ ਪੁਸਤਕਾਂ/ਰਸਾਲੇ ਪੜ੍ਹਨ ਨੂੰ ਤਰਜੀਹ ਦਿੰਦਾ ਸੀ। ਇਸ ਦਾ ਮਤਲਬ ਉਸ ਦੀ ਦਿਲਚਸਪੀ ਸਾਹਿਤ ਵੱਲ ਸੀ, ਵਿਗਿਆਨ ’ਚ ਤਾਂ ਬਿਲਕੁਲ ਹੀ ਨਹੀਂ ਸੀ।

‘‘ਅੰਕਲ! ਮੈਂ ਤਾਂ ਲਿਟਰੇਚਰ ਲੈ ਕੇ ਪ੍ਰੋਫੈਸਰ ਬਣਨਾ ਚਾਹੁੰਦਾ ਸੀ, ਪਰ ਮੰਮੀ ਡੈਡੀ ਨੇ ਮੇਰੀ ਇੱਕ ਨਾ ਸੁਣੀ। ਮੈਨੂੰ ਤਾਂ ਪੰਜਾਬੀ ਗਲਪ ਦੇ ਸ਼ਾਹ ਅਸਵਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਜੀਵਨ ਜਾਚ ਤੇ ਪ੍ਰੀਤ ਫਲਸਫ਼ੇ, ਕੁਲਵੰਤ ਸਿੰਘ ਵਿਰਕ, ਕਰਤਾਰ ਸਿੰਘ ਦੁੱਗਲ, ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ, ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਤੇ ਗੁਰਦਿਆਲ ਸਿੰਘ ਦੇ ਨਾਵਲ ਅਤੇ ਬਲਵੰਤ ਗਾਰਗੀ, ਆਤਮਜੀਤ, ਕੇਵਲ ਧਾਲੀਵਾਲ ਦੇ ਨਾਟਕ ਆਦਿ ਸਾਹਿਤ ਪੜ੍ਹ ਕੇ ਜੋ ਆਨੰਦ ਆਉਂਦਾ ਸੀ ਉਹ ਬੋਝਲ ਮੈਥ ਤੇ ਵਿਗਿਆਨ ਵਿੱਚੋਂ ਕਿੱਥੇ ਆਉਣਾ ਹੈ? ਤੁਹਾਡੀ ਅਗਵਾਈ ’ਚ ਅਰਥਾਂ ਸਮੇਤ ਪੜ੍ਹੇ ਮਹਾਨ ਸ਼ਾਇਰਾਂ ਦੇ ਕਲਾਮ ਦੀ ਬਦੌਲਤ ਮੈਨੂੰ ਤਾਂ ਮਾਨਸਿਕ ਸਕੂਨ ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ, ਬਾਬਾ ਬੁੱਲ੍ਹੇ ਸ਼ਾਹ, ਗੁਲਾਮ ਫ਼ਰੀਦ ਦਾ ਸੂਫ਼ੀ ਕਾਵਿ ਅਤੇ ਵਾਰਿਸ, ਹਾਸ਼ਮ, ਸ਼ਾਹ ਮੁਹੰਮਦ, ਦਮੋਦਰ, ਅੰਮ੍ਰਿਤਾ, ਮੋਹਨ ਸਿੰਘ, ਚਾਤ੍ਰਿਕ ਤੇ ਸ਼ਰਫ ਦੇ ਕਾਵਿ ਖ਼ਜ਼ਾਨੇ ਵਿੱਚੋਂ ਮਿਲਦਾ ਸੀ। ਮੈਂ ਐਮ.ਏ., ਐਮ.ਫਿਲ, ਪੀਐਚ.ਡੀ. ਕਰ ਕਿਸੇ ਕਾਲਜ ਜਾਂ ਯੂਨੀਵਰਸਿਟੀ ’ਚ ਪ੍ਰੋਫੈਸਰ ਬਣਨਾ ਚਾਹੁੰਦਾ ਸੀ, ਪਰ ਬਿਨਾ ਮੇਰੀ ਮਾਨਸਿਕਤਾ ਨੂੰ ਸਮਝੇ ਮੇਰੇ ’ਤੇ ਸਾਇੰਸ ਪੜ੍ਹਨ ਲਈ ਦਬਾਅ ਪਾਇਆ।’’

ਇੰਦਰਪਾਲ ਨੇ ਆਪਣੇ ਮਨ ਦੀ ਗੱਲ ਮੇਰੇ ਨਾਲ ਛੋਟੀ ਉਮਰ ’ਚ ਹੀ ਆਪਣੇ ਪੜ੍ਹੇ ਸਾਹਿਤ ਨੂੰ ਆਧਾਰ ਬਣਾ ਕੇ ਕੀਤੀ ਸੀ। ਉਸ ਨੇ ਮੈਨੂੰ ਸਕੂਲ ਮੈਗਜ਼ੀਨ ਵਿੱਚ ਛਾਪਣ ਲਈ ਕਵਿਤਾਵਾਂ ਅਤੇ ਹਲਕੀਆਂ ਫੁਲਕੀਆਂ ਕਹਾਣੀਆਂ ਦਿੱਤੀਆਂ ਸਨ। ਮੈਂ ਉਸ ਨੂੰ ਸਕੂਲ ਮੈਗਜ਼ੀਨ ਦਾ ਵਿਦਿਆਰਥੀ ਸੰਪਾਦਕ ਬਣਾ ਲਿਆ ਸੀ।

ਇੰਦਰਪਾਲ ਦੇ ਮੰਮੀ ਡੈਡੀ ਦੋਵੇਂ ਨੌਕਰੀਪੇਸ਼ਾ ਹੋਣ, ਪਿਤਾ ਪੁਰਖੀ ਜਾਇਦਾਦ ਅਤੇ ਜੱਦੀ ਜ਼ਮੀਨ ਦਾ ਠੇਕਾ ਆਉਣ ਕਰਕੇ ਆਰਥਿਕ ਪੱਖੋਂ ਖੁਸ਼ਹਾਲ ਸਨ। ਉਨ੍ਹਾਂ ਵੱਡੀ ਧੀ ਨੂੰ ਗਰੇਜੂਏਸ਼ਨ ਤੋਂ ਬਾਅਦ ਬੀ.ਐੱਡ. ਕਰਵਾ ਚੰਗਾ ਘਰ ਅਤੇ ਕਿਸੇ ਨਿੱਜੀ ਕਾਲਜ ਵਿੱਚ ਪ੍ਰੋਫੈਸਰ ਲੱਗਾ ਲੜਕਾ ਵੇਖ ਵਿਆਹ ਦਿੱਤਾ ਸੀ। ਕਰਮਜੋਤ ਸਿੰਘ ਸਟਾਫ ਰੂਮ ਵਿੱਚ ਬੜੇ ਮਾਣ ਨਾਲ ਦੱਸਦਾ ਹੁੰਦਾ ਸੀ, ‘‘ਹਰਜੀਤ! ਬੇਟੀ ਦਾ ਤਾਂ ਸੁੱਖ ਨਾਲ ਵਧੀਆ ਕਾਰਜ ਹੋ ਗਿਆ। ਉਸ ਨੂੰ ਸ਼ਰੀਫ ਸਹੁਰਾ ਪਰਿਵਾਰ ਅਤੇ ਅਗਾਂਹਵਧੂ ਸੋਚ ਵਾਲਾ ਸੰਵੇਦਨਸ਼ੀਲ ਨੌਜਵਾਨ ਜੀਵਨ ਸਾਥੀ ਮਿਲ ਗਿਆ। ਹੁਣ ਤਾਂ ਮੇਰੀ ਇੱਕੋ ਇੱਕ ਇੱਛਾ ਹੈ ਕਿ ਛੋਟਾ ਪੁੱਤਰ ਮੈਡੀਕਲ ਵਿਸ਼ੇ ’ਚ ਪਲੱਸ ਟੂ ਕਰ ਲਵੇ।ਫਿਰ ਨੀਟ ਦੀ ਤਿਆਰੀ ਲਈ ਚੰਡੀਗੜ੍ਹ ਦੇ ਨਾਮੀ ਕੋਚਿੰਗ ਸੈਂਟਰ ’ਚ ਦਾਖਲ ਕਰਵਾ ਦਿਆਂਗੇ। ਰੱਬ ਖ਼ੈਰ ਕਰੇ, ਜੇ ਨੀਟ ’ਚੋਂ ਚੰਗਾ ਰੈਂਕ ਲੈ ਗਿਆ ਤਾਂ ਸਾਡੀਆਂ ਪੌਂ ਬਾਰਾਂ। ਸਾਡਾ ਉਸ ਨੂੰ ਡਾਕਟਰ ਬਣਾਉਣ ਦਾ ਸੁਪਨਾ ਵੀ ਪੂਰਾ ਹੋ ਜਾਵੇਗਾ।’’ ਮੈਂ ਕਹਿੰਦਾ, ‘‘ਵੱਡੇ ਵੀਰ, ਇੱਥੇ ਕੁਝ ਵੀ ਅਸੰਭਵ ਨਹੀਂ। ਕਿਸੇ ਵੀ ਮੰਜ਼ਿਲ ਨੂੰ ਪਾਉਣ ਲਈ ਕੀਤੀ ਸੰਜੀਦਾ ਜੱਦੋਜਹਿਦ ਅਜਾਈਂ ਨਹੀਂ ਜਾਂਦੀ। ਸਫਲਤਾ ਮਿਲਣੀ ਹੀ ਮਿਲਣੀ ਹੁੰਦੀ ਹੈ।’’

ਇਸੇ ਤਰ੍ਹਾਂ ਮੈਂ ਇੰਦਰਪਾਲ ਨੂੰ ਪੜ੍ਹੀਆਂ ਕਥਾ ਕਹਾਣੀਆਂ ਦੇ ਹਵਾਲੇ ਨਾਲ ਉਦਾਹਰਣਾਂ ਦੇ ਕੇ ਗੰਭੀਰਤਾ, ਮਿਹਨਤ ਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕਰਦਾ ਰਹਿੰਦਾ ਸੀ।

‘‘ਵੇਖ ਇੰਦਰਪਾਲ! ਬਗਲੇ ਵਰਗਾ ਪੰਛੀ ਰੁੱਖ ਦੀ ਟੀਸੀ ਵਾਲੀ ਟਾਹਣੀ ’ਤੇ ਆਪਣਾ ਆਲ੍ਹਣਾ ਬਣਾਉਂਦਾ। ਉਹ ਨਾ ਤਾਂ ਝਿਜਕਦਾ ਤੇ ਨਾ ਹੀ ਡਰਦਾ ਹੈ ਕਿ ਤੂਫ਼ਾਨ ਉਸ ਦਾ ਆਲ੍ਹਣਾ ਉਡਾ ਕੇ ਲੈ ਗਿਆ ਤਾਂ ਕੀ ਬਣੂੰ? ਇਸੇ ਤਰ੍ਹਾਂ ਦ੍ਰਿੜ੍ਹ ਇੱਛਾ ਸ਼ਕਤੀ ਅਤੇ ਸਮਰਪਿਤ ਭਾਵਨਾ ਇਹੋ ਜਿਹਾ ਮਾਹੌਲ ਸਿਰਜ ਹੀ ਦਿੰਦੀ ਹੈ ਕਿ ਸਫ਼ਲਤਾ ਯਕੀਨਨ ਹਮੇਸ਼ਾ ਕਦਮ ਚੁੰਮਦੀ ਹੈ।’’ ਇਸ ਦੇ ਜਵਾਬ ਵਿੱਚ ਉਹ ਮੈਨੂੰ ਹਮੇਸ਼ਾ ਭਰੋਸਾ ਦਿੰਦਾ ਸੀ ਕਿ ਉਹ ਮੰਮੀ ਡੈਡੀ ਅਤੇ ਮੇਰੀਆਂ ਸ਼ੁਭ ਇੱਛਾਵਾਂ ਨੂੰ ਪੂਰਾ ਕਰਨ ਲਈ ਆਪਣੀ ਵਾਹ ਲਾ ਦੇਵੇਗਾ।

ਕੋਚਿੰਗ ਸੈਂਟਰ ਵੱਲੋਂ ਹਰ ਵਿਸ਼ੇ ਲਈ ਦਿੱਤੀ ਕੋਚਿੰਗ ਦੇ ਬਾਵਜੂਦ ਇੰਦਰਪਾਲ ਪਹਿਲੀ ਕੋਸ਼ਿਸ਼ ਵਿੱਚ ਅਸਫਲ ਹੋ ਗਿਆ ਤਾਂ ਮੈਂ ਖ਼ੁਦ ਬੱਚੇ ਨੂੰ ਹੌਸਲਾ ਦਿੱਤਾ ਸੀ, ‘‘ਵੇਖ ਬੇਟੇ, ਮੇਰੀ ਤਾਂ ਪਹਿਲਾਂ ਵੀ ਇਹੋ ਧਾਰਨਾ ਸੀ। ਜਮ੍ਹਾਂ ਦੋ ਵਿੱਚ ਦਾਖਲਾ ਲੈਣ ਵੇਲੇ ਵੀ ਮੈਂ ਤੈਨੂੰ ਕਿਹਾ ਸੀ, ਟੈਨਸ਼ਨ ਵਿੱਚ ਪੜ੍ਹਾਈ ਨਹੀਂ ਹੁੰਦੀ। ਕੋਈ ਕੁਝ ਵੀ ਆਖੇ, ਕੋਈ ਕਿੰਨਾ ਵੀ ਦਬਾਅ ਪਾਵੇ ਪਰ ਸੁਣਨੀ ਤੇ ਮੰਨਣੀ ਆਪਣੇ ਮਨ ਦੀ ਗੱਲ ਹੀ ਚਾਹੀਦੀ ਹੈ ਕਿਉਂਕਿ ਪੜ੍ਹਾਈ ਜਾਂ ਕੁਝ ਹੋਰ ਕਰਨ ਦੀ ਵੀ ਇੱਕ ਸੀਮਾ ਹੁੰਦੀ ਹੈ। ਦੂਸਰਿਆਂ, ਭਾਵੇਂ ਮੰਮੀ ਪਾਪਾ ਹੀ ਕਿਉਂ ਨਾ ਹੋਣ, ਦੀ ਆਸ ੳਮੁੀਦ ਦੇ ਭਾਰ ਹੇਠ ਦੱਬ ਜਾਣਾ ਕਦੇ ਵੀ ਠੀਕ ਨਹੀਂ ਹੁੰਦਾ। ਇਨ੍ਹਾਂ ਸਭ ਬੰਧਨਾਂ ਤੋਂ ਮੁਕਤ ਹੋ ਕੇ ਪੜ੍ਹਾਈ ਸ਼ੁਰੂ ਕਰ। ਆਪਣੀ ਮਿਹਨਤ ਤੇ ਲਗਨ ’ਤੇ ਭਰੋਸਾ ਕਰਦਿਆਂ ਆਪਣੀ ਸਾਰੀ ਊਰਜਾ ਇਨ੍ਹਾਂ ਦੀ ਭੇਂਟ ਚੜ੍ਹਾ ਦੇਵੇਂ ਤਾਂ ਮੰਜ਼ਿਲ ਤੈਨੂੰ ਖ਼ੁਦ-ਬ-ਖ਼ੁਦ ਨਜ਼ਰ ਆਉਣ ਲੱਗ ਜਾਵੇਗੀ।’’

ਇੰਦਰਪਾਲ ਦੂਸਰੀ ਕੋਸ਼ਿਸ਼ ਵਿੱਚ ਪਲੱਸ ਟੂ ਕਰ ਗਿਆ। ਭਾਵੇਂ ਉਸ ਦੇ ਚੰਗੇ ਨੰਬਰ ਤੇ ਨਾ ਹੀ ਕੋਈ ਪੁਜ਼ੀਸ਼ਨ ਸੀ। ਮੰਮੀ ਡੈਡੀ ਬਹੁਤ ਨਾਰਾਜ਼ ਸਨ।ਹੁਣ ਉਨ੍ਹਾਂ ਸਾਹਮਣੇ ਨੀਟ ਨਾਂ ਦੀ ਅੱਗ ਦੀ ਨਦੀ ਸੀ, ਜਿਸ ਦੇ ਵਹਿੰਦੇ ਖੌਲਦੇ ਲਾਵੇ ਵਿਚਦੀ ਤਰ ਕੇ ਪਾਰ ਲੰਘਣਾ ਇੰਦਰਪਾਲ ਲਈ ਮੁਸ਼ਕਿਲ ਹੀ ਨਹੀਂ, ਅਸੰਭਵ ਲੱਗਦਾ ਸੀ। ਪਰ ਉਸ ਦੇ ਮਾਪੇ ਬਜ਼ਿੱਦ ਸਨ ਕਿ ਬੇਟੇ ਤੋਂ ਨੀਟ ਕਲੀਅਰ ਕਰਵਾਉਣੀ ਹੀ ਹੈ। ਸੋ ਉਨ੍ਹਾਂ ਚੰਡੀਗੜ੍ਹ ਦੇ ਇੱਕ ਵੱਕਾਰੀ ਕੋਚਿੰਗ ਸੈਂਟਰ ਦੀ ਚੋਣ ਕਰ ਲਈ ਸੀ, ਜਿਸ ਦੀਆਂ ਪ੍ਰਾਪਤੀਆਂ ਬਾਰੇ ਆਪਣੇ ਸੂਤਰਾਂ ਰਾਹੀਂ ਪਹਿਲਾਂ ਹੀ ਜਾਣਕਾਰੀ ਇਕੱਠੀ ਕੀਤੀ ਹੋਈ ਸੀ।ਕੋਚਿੰਗ ਸੈਂਟਰ ਦਾ ਦਾਖਲਾ, ਫੀਸ ਅਤੇ ਹੋਰ ਖਰਚਿਆਂ ਦਾ ਵੀ ਉਨ੍ਹਾਂ ਪਤਾ ਕਰ ਲਿਆ ਸੀ ਜੋ ਕਾਫ਼ੀ ਜ਼ਿਆਦਾ ਸਨ।

ਕੁਝ ਦਿਨ ਬਾਅਦ ਅਸੀਂ ਇੰਦਰਪਾਲ ਨੂੰ ਲੈ ਕੇ ਚੰਡੀਗੜ੍ਹ ਦੇ ਕੋਚਿੰਗ ਸੈਂਟਰ ਲਈ ਨਿਕਲੇ। ਕਾਰ ਦੀ ਪਿਛਲੀ ਸੀਟ ’ਤੇ ਅਸੀਂ ਅਤੇ ਅਗਲੀ ਡਰਾਈਵਰ ਨਾਲ ਵਾਲੀ ਸੀਟ ’ਤੇ ਇੰਦਰਪਾਲ ਬੈਠ ਗਿਆ। ਪਿੰਡ ਨੁਮਾ ਕਸਬੇ ਦੀ ਖਸਤਾਹਾਲ ਸੰਪਰਕ ਸੜਕ। ਅਸੀਂ ਉਸ ਦੇ ਸਕੂਲ ਅੱਗੋਂ ਲੰਘ ਰਹੇ ਸੀ। ਇੰਦਰਪਾਲ ਨੂੰ ਨਿਰਸੰਦੇਹ ਆਪਣਾ ਬਚਪਨ, ਸ਼ਰਾਰਤਾਂ, ਸਕੂਲ ਦੇ ਦੋਸਤਾਂ ਅਤੇ ਅਧਿਆਪਕਾਂ ਦੇ ਧੁੰਦਲੇ ਚਿਹਰੇ ਫਿਲਮ ਵਾਂਗ ਮਨ ਦੀ ਸਕਰੀਨ ’ਤੇ ਉੱਭਰਦੇ ਦਿਖਾਈ ਦੇ ਰਹੇੇ ਹੋਣਗੇ। ਉਹ ਵਿਦਿਆਰਥੀ ਜੀਵਨ ਨਾਲ ਜੁੜੀਆਂ ਯਾਦਾਂ, ਸਹਿਪਾਠੀ ਮੁੰਡੇ ਕੁੜੀਆਂ ਨਾਲ ਗੁਜ਼ਾਰੇ ਹੁਸੀਨ ਲਮਹਿਆਂ, ਸਖ਼ਤ ਪਰ ਵਿਦਿਆ ਨੂੰ ਸਮਰਪਿਤ ਅਧਿਆਪਕਾਂ ਅਤੇ ਲਾਇਬ੍ਰੇਰੀ ਵਿੱਚੋਂ ਕਢਵਾ ਕੇ ਪੜ੍ਹੀਆਂ ਪੁਸਤਕਾਂ ਵਿਚਲੀਆਂ ਕਹਾਣੀਆਂ ਤੇ ਕਵਿਤਾਵਾਂ ਦੀ ਪਰਿਕਰਮਾ ਕਰ ਰਿਹਾ ਲੱਗਦਾ ਸੀ। ਮੈਨੂੰ ਉਸ ਦੇ ਚਿਹਰੇ ’ਤੇ ਘੋਰ ਉਦਾਸੀ ਦਾ ਅਹਿਸਾਸ ਵੀ ਹੋ ਰਿਹਾ ਸੀ।

ਅਸੀਂ ਚੰਡੀਗੜ੍ਹ ਦੇ ਕੋਚਿੰਗ ਸੈਂਟਰ ਦੇ ਬਾਹਰ ਸੀ। ਅਣਮੰਨਿਆ ਜਿਹਾ ਇੰਦਰਪਾਲ ਕੋਚਿੰਗ ਸੈਂਟਰ ਦੀ ਇਮਾਰਤ ਨੂੰ ਵੇਖ ਰਿਹਾ ਸੀ। ਅਚਾਨਕ ਉਸ ਦੇ ਕੰਨਾਂ ਵਿੱਚ ਬੜੇ ਬੇਰਹਿਮ ਸ਼ਬਦ ‘‘ਬੇਟਾ! ਮੈਂ ਤੇਰਾ ਨਾਂ ਨੀਟ ਕਲੀਅਰ ਕਰਨ ਅਤੇ ਚੰਗਾ ਰੈਂਕ ਲੈਣ ਵਾਲਿਆਂ ਵਿੱਚ ਵੇਖਣਾ ਚਾਹੁੰਦਾ ਹਾਂ। ਇਸ ਤੋਂ ਘੱਟ ਮੈਨੂੰ ਮਨਜ਼ੂਰ ਨਹੀਂ ਹੋਵੇਗਾ’’ ਗੂੰਜਣ ਲੱਗ ਪਏ ਸਨ। ਮੈਂ ਉਸ ਦੀ ਮਾਨਸਿਕ ਸਥਿਤੀ ਨੂੰ ਮਹਿਸੂਸ ਕਰ ਹੌਸਲਾ ਦਿੱਤਾ, ‘‘ਵੇਖ ਬੇਟਾ ਡਰ, ਭੈਅ ਤੇ ਤਣਾਅ ਕਿਸ ਗੱਲ ਦਾ? ਤੂੰ ਪਹਿਲਾਂ ਵੀ ਬੋਰਡ ਦੀਆਂ ਕਲਾਸਾਂ ਅਤੇ ਮੈਡੀਕਲ ਵਿਸ਼ੇ ’ਚ ਪਲੱਸ ਟੂ ਪਾਸ ਕੀਤੀ ਹੈ। ਇਹ ਤਿਆਰੀ ਵੀ ਉਹੋ ਜਿਹੀ ਹੋਵੇਗੀ। ਇਹ ਸਭ ਤੇਰੀ ਹਿੰਮਤ, ਜੋਸ਼ ਤੇ ਉਤਸ਼ਾਹ ’ਤੇ ਹੀ ਨਿਰਭਰ ਕਰੇਗਾ। ਫਿਰ ਤੂੰ ਭਲੀਭਾਂਤ ਜਾਣਦਾ ਹੈਂ ਕਿ ਅਸੰਭਵ ਸ਼ਬਦ ਨਿਕੰਮਿਆਂ ਤੇ ਆਲਸੀ ਲੋਕਾਂ ਲਈ ਹੁੰਦਾ ਹੈ। ਤੇਰੇ ਵਰਗੇ ਪੱਕੇ ਇਰਾਦੇ ਵਾਲੇ ਕੁਝ ਕਰਨ, ਕੁਝ ਪ੍ਰਾਪਤ ਕਰਨ ਵਾਲੇ ਬੱਚਿਆਂ ਲਈ ਕੋਈ ਵੀ ਅੜਿੱਕਾ ਨਹੀਂ ਬਣ ਸਕਦਾ। ਮੈਂ ਜਾਣਦਾ ਹਾਂ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਤੂੰ ਆਪਣੇ ਜੀਵਨ ਦਾ ਅਹਿਮ ਸ਼ੁਰੂਆਤੀ ਇਮਤਿਹਾਨ ਪਾਸ ਕਰ ਲਵੇਂਗਾ।’’ ਆਪਣੇ ਪ੍ਰਤੀ ਮੇਰੀ ਸੁਹਿਰਦਤਾ ਤੇ ਹੌਸਲਾ ਅਫ਼ਜ਼ਾਈ ਲਈ ਜਿਵੇਂ ਉਸ ਨੇ ਮੇਰਾ ਖ਼ਾਮੋਸ਼ ਜਿਹਾ ਸ਼ੁਕਰੀਆ ਅਦਾ ਕੀਤਾ ਹੋਵੇ।

ਹਫ਼ਤੇ ਪੰਦਰੀਂ ਦਿਨੀਂ ਇੰਦਰਪਾਲ ਦੇ ਮੰਮੀ ਜਾਂ ਡੈਡੀ ਉਸ ਦੀ ਖਬਰਸਾਰ ਨੂੰ ਚੰਡੀਗੜ੍ਹ ਜਾਂਦੇ ਸਨ। ਉਸ ਦੇ ਜੇਬ ਖਰਚ, ਸੈਂਟਰ ਦੇ ਬਕਾਇਆਂ ਤੋਂ ਇਲਾਵਾ ਉਸ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਦੇ ਅਤੇ ਸਖ਼ਤ ਮਿਹਨਤ ਕਰਨ ਵਾਸਤੇ ਪ੍ਰੇਰਦੇ ਸਨ। ਇਸ ਸਭ ਪਿੱਛੇ ਉਹ ਆਪਣੀ ਇੱਛਾ ਦੀ ਪੂਰਤੀ ਲਈ ਦਬਾਅ ਬਣਾਉਣ ਦੀ ਗ਼ੈਰਵਾਜਬ ਕੋਸ਼ਿਸ਼ ਵੀ ਕਰਦੇ ਸਨ।ਪਰ ਉਹ ਆਪਣੇ ਮਾਪਿਆਂ ਦੀ ਥਾਂ ਜ਼ਿਆਦਾਤਰ ਫੋਨ ਜਾਂ ਵੱਟਸਐਪ ਰਾਹੀਂ ਮੇਰੇ ਸੰਪਰਕ ’ਚ ਰਹਿੰਦਾ ਅਤੇ ਆਪਣੀ ਹਰ ਸਮੱਸਿਆ ਮੇਰੇ ਨਾਲ ਸਾਂਝੀ ਕਰਦਾ ਸੀ। ਮੈਂ ਮਹਿਸੂਸ ਕਰ ਰਿਹਾ ਸੀ ਕਿ ਉਸ ਦਾ ਮਨ ਕੋਚਿੰਗ ਵਿੱਚ ਬਿਲਕੁਲ ਨਹੀਂ ਲੱਗ ਰਿਹਾ। ਇੱਕ ਦਿਨ ਉਸ ਨੇ ਆਪਣੇ ਕੋਚਿੰਗ ਸੈਂਟਰ ਵਿੱਚ ਆਈਆਈਟੀ ਦੀ ਕੋਚਿੰਗ ਲੈ ਰਹੀ ਇੱਕ ਸੀਨੀਅਰ ਕੁੜੀ ਦੇ ਖ਼ੁਦਕੁਸ਼ੀ ਕਰਨ ਬਾਰੇ ਦੱਸਿਆ। ਉਸ ਵੱਲੋਂ ਵੱਟਸਐਪ ’ਤੇ ਭੇਜੀ ਸੁਸਾਈਡ ਨੋਟ ਦੀ ਫੋਟੋ ਕਾਪੀ ਨੇ ਤਾਂ ਮੈਨੂੰ ਝੰਜੋੜ ਕੇ ਰੱਖ ਦਿੱਤਾ, ਜਿਸ ਵਿੱਚ ਲਿਖਿਆ ਸੀ, ‘ਯਾਦ ਰੱਖੀਂ ਨਿਰੂਪਮਾ! ਮੈਂ ਤੇਰਾ ਨਾਮ ਆਈਆਈਟੀ ਦੀ ਟਾੱਪਰ ਦੀ ਲਿਸਟ ਵਿੱਚ ਵੇਖਣਾ ਚਾਹੁੰਦੀ ਹਾਂ। ਇਸ ਤੋਂ ਘੱਟ ਨਹੀਂ’। ‘ਮੰਮੀ! ਤੁਸੀਂ ਜਾਣਦੇ ਹੋ ਮੈਂ ਤੁਹਾਡਾ ਹਰ ਸੁਪਨਾ ਪੂਰਾ ਕੀਤਾ। ਤੁਸਾਂ ਮੇਰੇ ’ਤੇ ਦਬਾਅ ਪਾਇਆ ਕਿ ਮੈਂ ਵਿਗਿਆਨ ਹੀ ਲਵਾਂ ਅਤੇ ਸੀਬੀਐੱਸਈ ’ਚ ਚੰਗੀ ਪੁਜੀਸ਼ਨ ਲਵਾਂ। ਮੈ ਤੁਹਾਡੇ ਇਨ੍ਹਾਂ ਦੋਵੇਂ ਸੁਪਨਿਆਂ ਨੂੰ ਪੂਰਾ ਕੀਤਾ ਜਦੋਂਕਿ ਮੈਨੂੰ ਸਾਇੰਸ ਵਿੱਚ ਕੋਈ ਰੁਚੀ ਨਹੀਂ ਸੀ’। ‘ਪਰ ਮੈਨੂੰ ਤਾਂ ਸਕੂਨ ਉਸ ਵਕਤ ਮਿਲੇਗਾ ਜਦ ਤੂੰ ਆਈਆਈਟੀ ਟਾੱਪ ਕਰੇਂਗੀ’। ਉਸ ਦੀ ਮੰਮੀ ਨੇ ਇੱਕ ਇੱਕ ਸ਼ਬਦ ’ਤੇ ਜ਼ੋਰ ਦੇ ਕੇ ਕਿਹਾ ਸੀ।’’

ਮੈਂ ਇੰਦਰਪਾਲ ਦੀ ਮਾਨਸਿਕ ਹਾਲਤ ਨੂੰ ਸਮਝਦਾ ਸੀ। ਮਨੋਵਿਗਿਆਨਕ ਨਜ਼ਰੀੲੈ ਤੋਂ ਮੈਂ ਮਹਿਸੂਸ ਕਰ ਰਿਹਾ ਸੀ ਕਿ ਉਸ ਦੇੇ ਅੰਦਰ ਕੀ ਕਸ਼ਮਕਸ਼ ਚੱਲ ਰਹੀ ਹੈ। ਇੱਕ ਤਰ੍ਹਾਂ ਦੀ ਬੇਚੈਨੀ, ਪ੍ਰੇਸ਼ਾਨੀ ,ਉੱਥਲ ਪੁਥਲ ਅਤੇ ਇੱਕ ਕਿਸਮ ਦਾ ਖ਼ੌਫ਼। ਮੈਂ ਉਸ ਦੀ ਮਾਨਸਿਕਤਾ ਨੂੰ ਮਜ਼ਬੂਤ ਕਰਨ ਲਈ ਕਿਹਾ, ‘ਇਹ ਸੁਸਾਈਡ ਨੋਟ ਬੁਜ਼ਦਿਲੀ ਤੇ ਕਾਇਰਤਾ ਤੋਂ ਵੱਧ ਕੁਝ ਵੀ ਨਹੀਂ ਸਗੋਂ ਇਹ ਤਾਂ ਸ਼ਿਕਸਤ ਦਾ ਪ੍ਰਤੀਕ ਹੈ। ਜ਼ਿੰਦਗੀ ਏਨੀ ਸਸਤੀ ਅਤੇ ਨਿਮਾਣੀ ਵੀ ਨਹੀਂ ਕਿ ਉਹ ਬੇਲੋੜੇ ਦਬਾਅ ਅੱਗੇ ਗੋਡੇ ਟੇਕ ਦੇਵੇ। ਤੈਨੂੰ ਆਪਣਾ ਹੌਸਲਾ ਬੁਲੰਦ ਰੱਖਣਾ ਹੋਵੇਗਾ। ਤੇਰੇ ਹੌਸਲੇ ਨੂੰ ਮਜ਼ਬੂਤ ਬਣਾਉਣ ਲਈ ਮੇਰੇ ਕੋਲ ਕਈ ਸੂਰਬੀਰ ਯੋਧਿਆਂ ਅਤੇ ਮਹਾਨ ਮਨੁੱਖਾਂ ਦੀਆਂ ਉਦਾਹਰਣਾਂ ਮੌਜੂਦ ਹਨ ਜਿਨ੍ਹਾਂ ਬਾਰੇ ਤੂੰ ਭਲੀਭਾਂਤ ਜਾਣਦਾ ਹੈਂ। ਵੇਖੀਂ ਜ਼ਰਾ ਵੀ ਨਾ ਡੋਲੀਂ, ਮੈਂ ਤੈਨੂੰ ਢਹਿੰਦੀਆਂ ਕਲਾਂ ਵਿੱਚ ਵੇਖਣਾ ਬਰਦਾਸ਼ਤ ਨਹੀਂ ਕਰ ਸਕਦਾ। ਗੁਰਬਖਸ਼ ਸਿੰਘ ਪ੍ਰੀਤਲੜੀ ਅਨੁਸਾਰ, ‘ਆਖ਼ਰ ਕਦੇ ਨਹੀਂ ਆਉਂਦੀ’। ਇਹ ਨੀਟ ਦੀ ਤਿਆਰੀ ਕਰਦਿਆਂ ਵੀ ਆਖ਼ਰ ਨਹੀਂ ਆਉਣ ਲੱਗੀ।’’

ਮੈਂ ਉਸ ਦੀ ਡਾਵਾਂਡੋਲ ਮਾਨਸਿਕਤਾ ਦੇ ਮੱਦੇਨਜ਼ਰ ਉਸ ਦੇ ਡੈਡੀ ਨਾਲ ਸੰਪਰਕ ਕਰਕੇ ਉਸ ਨੂੰ ਚੰਡੀਗੜ੍ਹ ਜਾ ਕੇ ਬੜੀ ਹਲੀਮੀ ਨਾਲ ਪੁੱਤਰ ਨੂੰ ਮੰਦੀ ਹਾਲਤ ਵਿੱਚੋਂ ਬਾਹਰ ਕੱਢਣ ਦਾ ਸੁਝਾਅ ਦਿੱਤਾ। ਇਸ ਦੌਰਾਨ ਉਸ ਨੇ ਮੈਨੂੰ ਖ਼ੁਦਕੁਸ਼ੀਆਂ ਦੇ ਮੌਸਮ ਨੂੰ ਸਮਰਪਿਤ ਉੱਤਮ ਪੁਰਖੀ ਪਾਤਰ ਸਿਰਜਣ ਦੀ ਵਿਧੀ ਵਿੱਚ ਲਿਖੀ ਲਘੂ ਕਥਾ ਭੇਜੀ ਜਿਸ ਵਿੱਚ ਬੱਚੇ ਦੀ ਮਨਮਰਜ਼ੀ, ਉਸ ਦੀ ਰੁਚੀ ਨੂੰ ਨਜ਼ਰਅੰਦਾਜ਼ ਕਰਦਿਆਂ, ਬਿਨਾ ਸੋਚੇ ਸਮਝੇ ਉਸ ’ਤੇ ਆਪਣੀ ਇੱਛਾ ਪੁਗਾਉਣ ਲਈ ਗ਼ੈਰ-ਜ਼ਰੂਰੀ ਦਬਾਅ ਅਤੇ ਦੂਸਰਿਆਂ ਦੀਆਂ ਵੱਡੀਆਂ ਆਸਾਂ ਦੇ ਬੋਝ ਹੇਠ ਪਿਸ ਰਹੇ ਪਾਤਰ ਦੀ ਸਿਰਜਣਾ ਕੀਤੀ ਸੀ, ਜੋ ਛਟਪਟਾਉਂਦਾ ਆਤਮ-ਹੱਤਿਆ ਦੇ ਸੁਖਾਲੇ ਢੰਗ ਤਰੀਕਿਆਂ ਬਾਰੇ ਸੋਚਦਾ ਹੈ। ਇਸ ਪਾਤਰ ਦੀ ਪਛਾਣ ਮੈਨੂੰ ਸਹਿਜੇ ਹੀ ਹੋ ਗਈ ਸੀ। ਖ਼ੁਦਕੁਸ਼ੀ ਪੜ੍ਹਦਿਆਂ ਮੈਂ ਘਬਰਾ ਗਿਆ। ਕਿਧਰੇ...। ਕਿਸੇ ਅਣਹੋਣੀ ਦਾ ਭੈਅ ਮਹਿਸੂਸ ਕਰ ਬਦਹਵਾਸੀ ’ਚ ਮੈਂ ਕਰਮਜੋਤ ਸਿੰਘ ਦੇ ਘਰ ਜਾ ਪਹੁੰਚਾ। ਮੈਂ ਉਸ ਨੂੰ ਬੜੇ ਗੁੱਸੇ ਅਤੇ ਅਫ਼ਸੋਸ ਨਾਲ ਪੁੱਤਰ ’ਤੇ ਪਾਏ ਦਬਾਅ ਅਤੇ ਬੋਝ ਕਾਰਨ ਉਸ ਦੇ ਖ਼ੁਦਕੁਸ਼ੀ ਵੱਲ ਵਧਦੇ ਕਦਮ ਬਾਰੇ ਦੱਸਿਆ। ਉਨ੍ਹਾਂ ਨੂੰ ਪੁੱਤਰ ’ਤੇ ਬੇਲੋੜੀ ਇੱਛਾ ਦੀ ਪੂਰਤੀ ਲਈ ਬਣਾਏ ਦਬਾਅ ਅਤੇ ਥੋਪੀਆਂ ਹੋਰ ਮਾਰੂ ਅਲਾਮਤਾਂ ਤੋਂ ਮੁਕਤ ਕਰਨ ਲਈ ਸਹਿਮਤ ਕਰ ਲਿਆ। ਅਸਲ ਵਿੱਚ ਉਹ ਆਪਣੇ ਬੱਚੇ ਦੀ ਖ਼ੁਦਕੁਸ਼ੀ ਦੀ ਸੰਭਾਵਨਾ ਦੇ ਭੈਅ ਨਾਲ ਕੰਬ ਗਏ ਸਨ।

ਕਰਮਜੋਤ ਨੇ ਉਸੇ ਵੇਲੇ ਇੰਦਰਪਾਲ ਦੇ ਵੱਟਸਐਪ ’ਤੇ ਮੈਸੇਜ ਭੇਜਿਆ, ‘‘ਬੇਟਾ! ਅਸੀਂ ਤੇਰੇ ਮੰਮੀ ਡੈਡੀ, ਬਾਅਦ ਦੁਪਹਿਰ ਤੇਰੇ ਕੋਲ, ਤੈਨੂੰ ਮਿਲਣ ਆ ਰਹੇ ਹਾਂ। ਤੂੰ ਨੀਟ ਦੀ ਤਿਆਰੀ ਨਹੀਂ ਕਰਨੀ ਚਾਹੁੰਦਾ ਤਾਂ ਨਾ ਸਹੀ। ਜੇ ਤੂੰ ਲਿਟਰੇਚਰ ਜਾਂ ਕੁਝ ਹੋਰ ਪੜ੍ਹਨਾ ਚਾਹੁੰਦਾ ਏਂ ਤਾਂ ਅਸੀਂ ਤੇਰੇ ਫ਼ੈਸਲੇ ਵਿੱਚ ਦਖ਼ਲ ਨਹੀਂ ਦਿਆਂਗੇ। ਤੈਨੂੰ ਆਪਣੀ ਮਨਮਰਜ਼ੀ ਕਰਨ ਦਾ ਅਧਿਕਾਰ ਹੈ।ਸਾਨੂੰ ਅਫ਼ਸੋਸ ਹੈ ਕਿ ਅਸਾਂ ਤੇਰੇ ’ਤੇ ਗ਼ੈਰਵਾਜਬ ਦਬਾਅ ਪਾਇਆ।ਇੰਦਰਪਾਲ ਪੁੱਤਰ! ਨਿਰਾਸ਼ ਤੇ ਉਦਾਸ ਹੋਣ ਦੀ ਲੋੜ ਨਹੀਂ ਅਤੇ ਨਾ ਹੀ ਕੋਈ ਗ਼ਲਤ ਕਦਮ ਉਠਾਉਣ ਬਾਰੇ ਸੋਚੀਂ। ਤੂੰ ਆਪਣੀ ਮਰਜ਼ੀ ਦਾ ਮਾਲਕ ਹੈਂ। ਸਾਡਾ ਵਾਅਦਾ ਹੈ ਕਿ ਅਸੀਂ ਕਦੇ ਵੀ ਸਕਾਰ ਨਾ ਹੋਣ ਵਾਲੇ ਸੁਪਨੇ ਨਹੀਂ ਸੰਜੋਵਾਂਗੇ ਅਤੇ ਨਾ ਹੀ ਤੇਰੇ ’ਤੇ ਆਪਣੀਆਂ ਬੇਲੋੜੀਆਂ ਉਮੀਦਾਂ ਦਾ ਬੋਝ ਪਾਵਾਂਗੇ।’

ਮੈਂ ਮਹਿਸੂਸ ਕੀਤਾ ਕਿ ਬੁਰਾ ਸੁਪਨਾ ਬੀਤ ਗਿਆ ਹੈ।

ਸੰਪਰਕ: 98140-82217

Advertisement
Show comments