ਇੱਕ ਹੋਰ ਜੰਗ
ਕਥਾ ਪ੍ਰਵਾਹ
ਆਥਣ ਦਾ ਵੇਲਾ ਸੀ। ਰਾਤ ਦਾ ਖਾਣਾ ਬਣਾਉਣ ਦਾ ਸਮਾਂ ਅਜੇ ਨਹੀਂ ਸੀ ਹੋਇਆ। ਅਮਨ ਆਪਣੇ ਕਮਰੇ ’ਚ ਬੈਠੀ ਇੱਕ ਰਸਾਲੇ ਦੇ ਵਰਕੇ ਫਰੋਲ ਰਹੀ ਸੀ। ਉਸ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਇਸ ਲਈ ਉਸ ਨੇ ਕਈ ਰਸਾਲੇ ਘਰ ਲਗਾ ਰੱਖੇ ਸਨ। ਅੱਜ ਉਸ ਦਾ ਪੜ੍ਹਨ ਵਿੱਚ ਮਨ ਨਹੀਂ ਲੱਗ ਰਿਹਾ ਸੀ। ਅਤਿਵਾਦੀਆਂ ਵੱਲੋਂ ਫ਼ੌਜੀ ਕੈਂਪ ’ਤੇ ਕੀਤੇ ਹਮਲੇ ਬਾਰੇ ਖ਼ਬਰ ਟੀਵੀ ’ਤੇ ਦੇਖ ਕੇ ਉਸ ਦਾ ਮਨ ਸਹਿਮਿਆ ਪਿਆ ਹੈ। ‘ਸਰਹੱਦ ’ਤੇ ਤਣਾਅ ਵਧਣ ਕਾਰਨ ਗੋਲਾਬਾਰੀ ਰੋਜ਼ ਵਾਂਗ ਹੋਣ ਲੱਗ ਪਈ ਹੈ। ਰੋਜ਼ ਰੋਜ਼ ਦਹਿਸ਼ਤਗਰਦਾਂ ਵੱਲੋਂ ਘੁਸਪੈਠ ਤੇ ਘਾਤ ਲਗਾ ਕੇ ਕੀਤੇ ਹਮਲੇ ਵਰਗੀਆਂ ਘਟਨਾਵਾਂ ਵੀ ਆਮ ਵਾਪਰਦੀਆਂ ਰਹਿੰਦੀਆਂ ਹਨ ਜੋ ਫ਼ੌਜੀ ਜੀਵਨ ਦਾ ਹਿੱਸਾ ਹੀ ਬਣ ਗਈਆਂ ਹਨ,’ ਇਹ ਸੋਚ ਕੇ ਅਮਨ ਨੇ ਖ਼ੁਦ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਸਿਮਰਨ ਦੀ ਤਾਇਨਾਤੀ ਕਸ਼ਮੀਰ ਵਿੱਚ ਹੋਣ ਕਰਕੇ ਇੱਕ ਡਰ ਹਮੇਸ਼ਾ ਉਸ ਦੇ ਅੰਦਰ ਘਰ ਕਰੀ ਰੱਖਦਾ।
ਨਿੱਕੇ ਅਰਮਾਨ ਦੀ ਉਂਗਲ ਫੜੀ ਉਸ ਦੇ ਦਾਦਾ ਜੀ ਅਮਨ ਦੇ ਕਮਰੇ ਵਿੱਚ ਦਾਖ਼ਲ ਹੋਏ। ਦਹਿਸ਼ਤਗਰਦਾਂ ਨਾਲ ਮੁਕਾਬਲਾ ਸ਼ੋਪੀਆਂ ਵਿੱਚ ਹੋ ਰਿਹਾ ਸੀ ਪਰ ਡਰ ਦੇ ਪਰਛਾਵੇਂ ਬਜ਼ੁਰਗ ਦੇ ਮੂੰਹ ’ਤੇ ਵੀ ਦੇਖੇ ਜਾ ਸਕਦੇ ਸਨ। ਅਮਨ ਦਾ ਮਨ ਸਹਿਮਿਆ ਹੋਇਆ ਸੀ, ਪਰ ਉਸ ਨੇ ਹਮੇਸ਼ਾ ਵਾਂਗ ਪਾਪਾ ਸਾਹਮਣੇ ਸੰਜਮ ਰੱਖਿਆ। ਉਹ ਪਾਪਾ ਨੂੰ ਦਿਲਾਸਾ ਦੇਣ ਲੱਗ ਪਈ, ‘‘ਇਹ ਸਭ ਕੁਝ ਚਲਦਾ ਰਹਿੰਦਾ ਹੈ। ਪਾਪਾ ਜੀ, ਤੁਸੀਂ ਐਵੇਂ ਕਾਹਨੂੰ ਝੋਰਾ ਕਰਦੇ ਓ! ਸਿਮਰਨ ਬਿਲਕੁਲ ਠੀਕ ਹੋਵੇਗਾ।’’
ਅਰਮਾਨ ਛੱਤ ’ਤੇ ਜਾਣ ਦੀ ਜ਼ਿੱਦ ਕਰ ਰਿਹਾ ਸੀ। ਅਮਨ ਉਸ ਨੂੰ ਲੈ ਕੇ ਛੱਤ ’ਤੇ ਚਲੀ ਗਈ। ਅਰਮਾਨ ਖੇਡਣ ਲੱਗ ਪਿਆ। ਉਹ ਆਪ ਕੁਰਸੀ ’ਤੇ ਬੈਠ ਕੇ ਆਸਮਾਨ ਵੱਲ ਤੱਕਣ ਲੱਗੀ। ਉਹ ਮਨ ਹੀ ਮਨ ਵਿੱਚ ਸੋਚਣ ਲੱਗੀ, ‘ਪਤਾ ਨਹੀਂ ਇਨ੍ਹਾਂ ਪੰਛੀਆਂ ਦੇ ਰੈਣ ਬਸੇਰੇ ਕਿਹੜੇ ਦੇਸ ਹੋਣਗੇ! ਸਰਹੱਦ ਤੋਂ ਆਰ ਜਾਂ ਪਾਰ! ਮਨੁੱਖ ਨਾਲੋਂ ਇਹ ਕਿੰਨੇ ਖੁਸ਼ਕਿਸਮਤ ਹਨ, ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਇਨ੍ਹਾਂ ਲਈ ਕੋਈ ਮਾਅਨੇ ਨਹੀਂ ਰੱਖਦੀ। ਕਾਸ਼! ਮਨੁੱਖ ਵੀ ਪੰਛੀਆਂ ਦੀ ਪਰਵਾਜ਼ ਅਤੇ ਹਵਾ ਦੇ ਰੁਮਕਦੇ ਬੁੱਲ੍ਹਿਆਂ ਵਾਂਗ ਇਧਰ ਉਧਰ ਆ ਜਾ ਸਕਦਾ ਹੁੰਦਾ।’
ਉਸ ਨੂੰ ਧਰਤੀ ਨੂੰ ਹੱਦਾਂ ਸਰਹੱਦਾਂ ’ਚ ਵੰਡਣ ਵਾਲਿਆਂ ’ਤੇ ਗੁੱਸਾ ਆਉਣ ਲੱਗਿਆ। ਧਰਤੀ ਤਾਂ ਮਾਂ ਹੁੰਦੀ ਹੈ। ਕਦੇ ਮਾਂ ਵੀ ਵੰਡੀ ਜਾ ਸਕਦੀ ਹੈ? ਪਰ ਜ਼ੋਰਾਵਰ ਤਾਂ ਪਹਿਲਾਂ ਧਰਤੀ ਮਾਂ ਨੂੰ ਵੰਡਦੇ ਹਨ, ਫਿਰ ਆਪਣੇ ਹਉਮੈਂ ਲਈ ਧਰਤੀ ’ਤੇ ਵਸਣ ਵਾਲਿਆਂ ਨੂੰ ਆਪਸ ਵਿੱਚ ਲੜਾਉਂਦੇ ਹਨ।
ਹਨੇਰਾ ਹੋਣ ਲੱਗਿਆ ਤਾਂ ਅਰਮਾਨ ਨੂੰ ਲੈ ਕੇ ਥੱਲੇ ਉੱਤਰ ਆਈ। ਉਸ ਨੂੰ ਉਸ ਦੀ ਦਾਦੀ ਕੋਲ ਛੱਡ ਕੇ ਆਪ ਖਾਣਾ ਬਣਾਉਣ ਲੱਗੀ। ਸਾਰਿਆਂ ਨੂੰ ਖਾਣਾ ਖੁਆ, ਭਾਂਡੇ ਧੋ ਕੇ ਉਹ ਆਪਣੇ ਕਮਰੇ ਵਿੱਚ ਆ ਕੇ ਪੈ ਗਈ। ਅਰਮਾਨ ਤਾਂ ਪੈਂਦਿਆਂ ਸਾਰ ਸੌਂ ਗਿਆ। ਅਮਨ ਨੂੰ ਨੀਂਦ ਨਹੀਂ ਆ ਰਹੀ ਸੀ। ਨੀਂਦ ਨਾ ਆਉਣ ਕਰਕੇ ਰਾਤ ਦਾ ਹਰ ਛਿਣ ਪਹਾੜ ਜਿੱਡਾ ਲੱਗ ਰਿਹਾ ਸੀ।
ਉਸ ਨੂੰ ਸਿਮਰਨ ਦੀ ਯਾਦ ਸਤਾ ਰਹੀ ਸੀ। ਜਦੋਂ ਸਿਮਰਨ ਛੁੱਟੀ ਆਇਆ ਹੁੰਦਾ ਤਾਂ ਪਤਾ ਹੀ ਨਹੀਂ ਸੀ ਲੱਗਦਾ ਸੀ ਕਿ ਦਿਨ ਕਦੋਂ ਚੜ੍ਹਦਾ ਤੇ ਕਦੋਂ ਛਿਪ ਜਾਂਦਾ। ਛੁੱਟੀ ਮੁੱਕਣ ’ਤੇ ਉਹੀ ਦਿਨ ਪਹਾੜ ਜਿੱਡੇ ਹੋ ਜਾਂਦੇ। ਵਕਤ ਜਿਵੇਂ ਰੁਕ ਹੀ ਜਾਂਦਾ। ਆਪਣੇ ਜੀਵਨ ਸਾਥੀ ਤੋਂ ਦੂਰ ਇਕੱਲਿਆਂ ਜ਼ਿੰਦਗੀ ਬਸਰ ਕਰਨੀ ਕਿੰਨੀ ਔਖੀ ਹੈ, ਇਹ ਤਾਂ ਸਿਰਫ਼ ਵਕਤ ਗੁਜ਼ਾਰਨ ਵਾਲਾ ਹੀ ਜਾਣ ਸਕਦਾ ਹੈ। ਉਸ ਦਾ ਭਟਕਦਾ ਮਨ ਯਾਦਾਂ ਦੇ ਵਰਕੇ ਫਰੋਲਦਾ ਦਾਦਾ ਦਾਦੀ ’ਤੇ ਆ ਕੇ ਅਟਕ ਗਿਆ। ਉਹ ਦੇਸ਼ਵੰਡ ਵੇਲੇ ਲਹਿੰਦੇ ਪੰਜਾਬ ਵਿੱਚ ਆਪਣਾ ਸਭ ਕੁਝ ਗੁਆ ਕੇ ਇਧਰਲੇ ਪੰਜਾਬ ਵਿੱਚ ਆਏ ਸਨ। ਦਾਦਾ ਹਮੇਸ਼ਾ ਪੰਜਾਬ ਦੀ ਵੰਡ ਕਰਨ ਵਾਲੇ ਸਿਆਸਤਦਾਨਾਂ ਨੂੰ ਗਾਲ੍ਹਾਂ ਕੱਢਦਾ ਰਹਿੰਦਾ ਸੀ, ਜਿਨ੍ਹਾਂ ਦੀਆਂ ਕੋਝੀਆਂ ਚਾਲਾਂ ਨੇ ਰੰਗੀਂ ਵਸਦੇ ਪੰਜਾਬੀਆਂ ਦੇ ਦੁੱਖਾਂ ਸੁੱਖਾਂ, ਸਾਂਝ ਦੇ ਪੀਢੇ ਰਿਸ਼ਤਿਆਂ ਨੂੰ ਭਰਾਮਾਰੂ ਜੰਗ ਵਿੱਚ ਬਦਲ ਕੇ ਪੰਜਾਬ ਦੇ ਦੋ ਟੋਟੇ ਕਰਵਾ ਦਿੱਤੇ ਸਨ। ਦਾਦੀ ਦੀ ਹਰ ਗੱਲ ਮੁੱਕਦੀ ਹਮੇਸ਼ਾ ਆਪਣੇ ਦੇਸ਼ ਉੱਤੇ, ਸਾਡੇ ਦੇਸ਼ ਵਿੱਚ ਆਹ ਹੁੰਦਾ ਸੀ, ਉਹ ਹੁੰਦਾ ਸੀ। ਉਹ ਲਹਿੰਦੇ ਪੰਜਾਬ ਨੂੰ ਹੀ ਆਪਣਾ ਦੇਸ਼ ਕਹਿੰਦੀ ਹੁੰਦੀ ਸੀ।ਉਸ ਬਾਰੇ ਗੱਲ ਕਰਦਿਆਂ ਉਸ ਦੇ ਮੂੰਹ ’ਤੇ ਵੱਖਰੀ ਤਰ੍ਹਾਂ ਦੀ ਖ਼ੁਸ਼ੀ ਤੇ ਸੰਤੁਸ਼ਟੀ ਹੁੰਦੀ। ਮਰਨ ਤਕ ਉਸ ਦੀ ਰੂਹ ਆਪਣੀ ਵਿੱਛੜੀ ਜਨਮ ਭੋਇੰ ਦੀ ਮਿੱਟੀ ਮੱਥੇ ਨੂੰ ਲਾਉਣ ਲਈ ਤਫੜਦੀ ਗਈ ਸੀ।
ਉਸ ਦਾ ਦਾਦਾ ਕਈ ਵਾਰ ਦੱਸਦਾ, ‘‘ਅਮਨ, ਕਦੇ ਇਨ੍ਹਾਂ ਬਰਫ਼ ਲੱਦੇ ਪਹਾੜਾਂ ਉੱਤੇ ਕੋਈ ਫ਼ੌਜੀ ਟੁਕੜੀ ਨਹੀਂ ਸੀ ਹੁੰਦੀ। ਪਤਾ ਨਹੀਂ ਦੋਵਾਂ ਦੇਸ਼ਾਂ ਵਿੱਚ ਅਜਿਹੀ ਕਿਹੜੀ ਬੇਵਿਸਾਹੀ ਹੋ ਗਈ ਜੋ ਦਿਨੋ-ਦਿਨ ਨਫ਼ਰਤ ’ਚ ਵਟਦੀ ਗਈ ਕਿ ਹੁਣ ਬਰਫ਼ੀਲੀਆਂ ਚੋਟੀਆਂ ਉੱਤੇ ਬੰਕਰ ਬਣਾ ਕੇ ਦੋਹਾਂ ਦੇਸ਼ਾਂ ਦੇ ਸੈਨਿਕ ਨਾੜਾਂ ਵਿੱਚ ਲਹੂ ਜਮਾ ਦੇਣ ਵਾਲੀ ਠੰਢ ਵਿੱਚ ਇੱਕ ਦੂਜੇ ਖ਼ਿਲਾਫ਼ ਮੁਸਤੈਦੀ ਨਾਲ ਬੈਠੇ ਰਹਿੰਦੇ ਹਨ। ਹਰ ਵਕਤ ਮੌਤ ਦਾ ਸਾਇਆ ਇਨ੍ਹਾਂ ਦੇ ਸਿਰ ਉੱਤੇ ਮੰਡਰਾਉਦਾ ਰਹਿੰਦਾ ਹੈ। ਇਨ੍ਹਾਂ ਮਗਰ ਕਿੰਨੇ ਪਰਿਵਾਰ ਹਰ ਸਮੇਂ ਸਹਿਮ ’ਚ ਜ਼ਿੰਦਗੀ ਜਿਊਂਦੇ ਹਨ।” ਸੋਚਾਂ ਵਿੱਚ ਡੁੱਬੀ ਅਮਨ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਨੀਂਦ ਰਾਣੀ ਨੇ ਉਸ ਨੂੰ ਆਪਣੇ ਆਗੋਸ਼ ਵਿੱਚ ਲੈ ਲਿਆ ਸੀ।
ਅਗਲਾ ਦਿਨ ਐਸਾ ਚੜ੍ਹਿਆ ਜੋ ਅਮਨ ਦੀ ਜ਼ਿੰਦਗੀ ਦੇ ਸਾਰੇ ਰੰਗ ਖੋਹ ਕੇ ਲੈ ਗਿਆ। ਪਿੱਛੇ ਛੱਡ ਗਿਆ ਘੋਰ ਉਦਾਸੀ ਦੇ ਬੱਦਲ, ਜਿਨ੍ਹਾਂ ਵਿੱਚ ਕਿਸੇ ਪਾਸਿਉਂ ਵੀ ਚਾਨਣ ਦੀ ਕਾਤਰ ਨਹੀਂ ਸੀ ਦਿਸਦੀ। ਸ਼ਹੀਦ ਸੈਨਿਕਾਂ ਦੇ ਨਾਂ ਟੈਲੀਵਿਜ਼ਨ ਰਾਹੀਂ ਨਸ਼ਰ ਹੋਣ ਤੋਂ ਪਹਿਲਾਂ ਹੀ ਫ਼ੌਜੀ ਹੈੱਡਕੁਆਰਟਰ ਤੋਂ ਸਿਮਰਨ ਦੇ ਸ਼ਹੀਦ ਹੋਣ ਦੀ ਖ਼ਬਰ ਆ ਗਈ। ਘਰ ’ਚ ਕੋਹਰਾਮ ਮੱਚ ਗਿਆ। ਅਮਨ ਕੁਝ ਦੇਰ ਤਾਂ ਪੱਥਰ ਦੀ ਮੂਰਤੀ ਵਾਂਗ ਅਹਿਲ ਖੜ੍ਹੀ ਰਹੀ। ਫਿਰ “ਇਹ ਨਹੀਂ ਹੋ ਸਕਦਾ” ਕਹਿੰਦੀ ਹੋਈ ਚੀਕ ਉੱਠੀ ਸੀ। ਉਸ ਦੀਆਂ ਚੀਕਾਂ ਨੇ ਘਰ ਦੀਆਂ ਕੰਧਾਂ ਨੂੰ ਵੀ ਰੋਣ ਲਾ ਦਿੱਤਾ। ਫਿਰ ਉਹ ਅਚੇਤ ਹੋ ਕੇ ਡਿੱਗ ਪਈ।
ਖ਼ਬਰ ਅੱਗੇ ਤੁਰਦੀ ਗਈ। ਘਰ ਆਉਣ ਵਾਲਿਆਂ ਦਾ ਇਕੱਠ ਵਧ ਰਿਹਾ ਸੀ। ਰਿਸ਼ਤੇਦਾਰ, ਦੋਸਤ, ਜਾਣੂੰ ਅਤੇ ਆਮ ਲੋਕ ਵੀ ਸ਼ਹੀਦ ਸੈਨਿਕ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਸਨ।
ਬਾਹਰ ਇਕਦਮ ਰੌਲਾ ਪੈ ਗਿਆ। ਇੱਕ ਬਖ਼ਤਰਬੰਦ ਫ਼ੌਜੀ ਗੱਡੀ ਘਰ ਦੇ ਬਾਹਰ ਆ ਕੇ ਰੁਕ ਗਈ। ਗੱਡੀ ਵਿੱਚੋਂ ਸਿਮਰਨ ਦੀ ਮ੍ਰਿਤਕ ਦੇਹ ਵਾਲਾ ਤਾਬੂਤ ਉਤਾਰ ਕੇ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ। ਖ਼ਾਮੋਸ਼ੀ ਦਾ ਆਲਮ ਸੀ। ਸਾਰੇ ਮਨ ’ਚ ਸ਼ਰਧਾ ਲਈ ਚੁੱਪਚਾਪ ਵਾਰੋ-ਵਾਰੀ ਸਿਮਰਨ ਦੇ ਦਰਸ਼ਨ ਕਰ ਰਹੇ ਸਨ। ਅਮਨ ਨੇ ਵੀ ਪਰਿਵਾਰ ਨਾਲ ਸਿਮਰਨ ਦੇ ਆਖ਼ਰੀ ਦਰਸ਼ਨ ਕੀਤੇ। ਬਹੁਤ ਸਾਰੀਆਂ ਫੁੱਲਾਂ ਦੀਆਂ ਮਾਲਾ ਉਸ ਉੱਪਰ ਪਾਈਆਂ ਹੋਈਆਂ ਸਨ। ਉਸ ਦੀ ਦੇਹ ਨੂੰ ਤਿਰੰਗੇ ਵਿੱਚ ਲਪੇਟਿਆ ਹੋਇਆ ਸੀ। ਸੈਨਾ ਦੇ ਜਵਾਨ ਬੈਂਡ ’ਤੇ ਮਾਤਮੀ ਧੁਨ ਵਜਾ ਰਹੇ ਸਨ। ਹਥਿਆਰ ਪੁੱਠੇ ਕਰਕੇ ਉਸ ਦੇ ਸਾਥੀਆਂ ਨੇ ਉਸ ਨੂੰ ਸਲਾਮੀ ਦਿੱਤੀ। ਸੈਂਕੜੇ ਲੋਕਾਂ ਦੇ ਇਕੱਠ ਵਿੱਚ ਪੂਰੇ ਸਨਮਾਨਾਂ ਨਾਲ ਉਸ ਦਾ ਸਸਕਾਰ ਕੀਤਾ ਗਿਆ।
ਹੌਲੀ ਹੌਲੀ ਸਭ ਕੁਝ ਪਹਿਲਾਂ ਵਰਗਾ ਹੋ ਗਿਆ। ਬਾਜ਼ਾਰਾਂ ਦੀਆਂ ਰੌਣਕਾਂ ਪਰਤ ਆਈਆਂ। ਆਂਢ-ਗੁਆਂਢ ਦੇ ਘਰਾਂ ਵਿੱਚੋਂ ਹਾਸਿਆਂ ਦੇ ਛਣਕਾਟੇ ਸੁਣਨ ਲੱਗ ਪਏ। ਬੱਚਿਆਂ ਦੀਆਂ ਕਿਲਕਾਰੀਆਂ ਗੂੰਜਣ ਲੱਗੀਆਂ, ਪਰ ਅਮਨ ਦਾ ਤਾਂ ਸਭ ਕੁਝ ਗੁਆਚ ਗਿਆ ਸੀ। ਜਿਨ੍ਹਾਂ ਅੱਖਾਂ ਵਿੱਚ ਉਸ ਨੇ ਆਪਣਾ ਰੋਸ਼ਨ ਭਵਿੱਖ ਤੱਕਿਆ ਸੀ, ਉਹ ਸਦਾ ਲਈ ਬੰਦ ਹੋ ਗਈਆਂ ਸਨ। ਉਸ ਦੀ ਜ਼ਿੰਦਗੀ ਦੇ ਸਾਰੇ ਰੰਗ ਚਿੱਟੇ ਦੁਪੱਟੇ ’ਚ ਵਟ ਗਏ ਸਨ। ਅਰਮਾਨ ਹੀ ਉਸ ਦੀ ਜ਼ਿੰਦਗੀ ਨੂੰ ਮੁੜ ਸਰਕਣ ਲਈ ਮਜਬੂਰ ਕਰਦਾ ਸੀ।
ਅੱਜ ਅਮਨ ਦੇ ਮਾਪੇ ਉਸ ਨੂੰ ਮਿਲਣ ਆਏ ਸਨ। ਮਾਂ ਦੇ ਗਲ ਲੱਗਦਿਆਂ ਹੀ ਉਸ ਦੀਆਂ ਭੁੱਬਾਂ ਨਿਕਲ ਗਈਆਂ। ਉਹ ਉਸ ਦੇ ਗਲ ਲੱਗ ਕੇ ਰੋਂਦੀ ਰਹੀ, ਜਿਵੇਂ ਰੁਕਿਆ ਵਹਿਣ ਅੱਜ ਹੀ ਵਗ ਕੇ ਮੁੱਕਣਾ ਹੋਵੇ। ਮਾਪੇ ਧੀ ਦੇ ਦੁੱਖ ਨੂੰ ਸਮਝਦੇ ਸਨ। ਉਨ੍ਹਾਂ ਨੇ ਅਮਨ ਦੀ ਸੱਸ ਅੱਗੇ ਬੇਨਤੀ ਕੀਤੀ ਕਿ ਉਹ ਅਮਨ ਨੂੰ ਕੁਝ ਦਿਨਾਂ ਲਈ ਆਪਣੇ ਨਾਲ ਲਿਜਾਣਾ ਚਾਹੁੰਦੇ ਹਨ ਤਾਂ ਜੋ ਆਪਣੇ ਛੋਟੇ ਭੈਣ ਭਰਾਵਾਂ ਨਾਲ ਪਰਚ ਜਾਵੇ। ਉਨ੍ਹਾਂ ਦੇ ਮਨ ’ਚ ਇਹ ਵੀ ਆਉਂਦਾ ਸੀ ਕਿ ਅਮਨ ਪੜ੍ਹੀ ਲਿਖੀ ਕੁੜੀ ਹੈ, ਜੇ ਉਹ ਕਿਸੇ ਸਕੂਲ ਵਿੱਚ ਨੌਕਰੀ ਕਰਨ ਲਈ ਸਹਿਮਤ ਹੋ ਜਾਵੇ ਤਾਂ ਉਸ ਦਾ ਧਿਆਨ ਵੀ ਕੁਝ ਸਮੇਂ ਲਈ ਬਦਲ ਜਾਇਆ ਕਰੇਗਾ।
ਅਮਨ ਦਾ ਸਹੁਰਾ ਜਿੰਨਾ ਘੱਟ ਬੋਲਣ ਵਾਲਾ ਅਤੇ ਸਾਊ ਸੁਭਾਅ ਦਾ ਸੀ, ਸੱਸ ਓਨੀ ਹੀ ਤੇਜ਼ ਤਰਾਰ ਅਤੇ ਗਰਮ ਸੁਭਾਅ ਦੀ ਸੀ। ਉਸ ਦੀ ਅੱਖ ਅਮਨ ਅਤੇ ਉਸ ਨੂੰ ਮਿਲੇ ਪੈਸਿਆਂ ’ਤੇ ਸੀ। ਸਿਮਰਨ ਜਿੰਨਾ ਅਕਲਮੰਦ, ਜ਼ਿੰਮੇਵਾਰ ਤੇ ਸਾਊ ਸੁਭਾਅ ਦਾ ਸੀ, ਉਸ ਦਾ ਛੋਟਾ ਭਰਾ ਓਨਾ ਹੀ ਗ਼ੈਰ-ਜ਼ਿੰਮੇਵਾਰ, ਅਵਾਰਾਗਰਦ ਤੇ ਨਸ਼ੇੜੀ ਕਿਸਮ ਦਾ ਸੀ। ਉਸ ਨੇ ਅੱਜ ਤੱਕ ਕਮਾਇਆ ਕੁਝ ਨਹੀਂ ਸੀ, ਬਾਪੂ ਦੀ ਕਮਾਈ ਨੂੰ ਉਡਾਇਆ ਸੀ। ਅਮਨ ਦੀ ਸੱਸ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਦੀ ਤਾਕ ਵਿੱਚ ਸੀ। ਜਦੋਂ ਉਸ ਦੇ ਪਾਪਾ ਨੇ ਉਸ ਨੂੰ ਨਾਲ ਲਿਜਾਣ ਦੀ ਗੱਲ ਕੀਤੀ ਤਾਂ ਉਹ ਬੜੀ ਚਤੁਰਾਈ ਨਾਲ ਬੋਲੀ, ‘‘ਦੇਖੋ ਭਾਈ ਸਾਹਿਬ! ਜੇ ਤੁਸੀਂ ਅਮਨ ਨੂੰ ਕੁਝ ਦਿਨਾਂ ਲਈ ਲੈ ਜਾਵੋਗੇ ਤਾਂ ਫਿਰ ਕਿਹੜਾ ਉਸ ਦੀ ਉਮਰ ਲੰਘ ਜਾਵੇਗੀ!
ਕਹਿੰਦੇ ਨੇ, ਭੱਜੀਆਂ ਬਾਹਵਾਂ ਗਲ਼ ਨੂੰ ਆਉਂਦੀਆਂ ਹਨ। ਮੇਰਾ ਤਾਂ ਇਹੋ ਕਹਿਣਾ ਹੈ ਕਿ ਤੁਸੀਂ ਅਮਨ ਨੂੰ ਛੋਟੇ ਦੇ ਸਿਰ ਧਰ ਦਿਉ। ਘਰ ਦੀ ਇੱਜ਼ਤ ਘਰੇ ਰਹਿ ਜਾਵੇਗੀ, ਮੁੰਡੇ ਨੂੰ ਬਾਪ ਦਾ ਪਿਆਰ ਅਤੇ ਇਹਨੂੰ ਸਿਰ ਦਾ ਸਾਈਂ ਮਿਲ ਜਾਊ।’’ ਅਮਨ ਦੇ ਪਾਪਾ ਨੇ ਇੱਕ ਵਾਰ ਤਾਂ ‘‘ਸਲਾਹ ਕਰਕੇ ਦੱਸਾਂਗੇ’’ ਕਹਿ ਕੇ ਗੱਲ ਟਾਲ ਦਿੱਤੀ ਪਰ ਮਾਪਿਆਂ ਦੇ ਜ਼ੋਰ ਲਾਉਣ ’ਤੇ ਵੀ ਉਸ ਨੇ ਅਮਨ ਨੂੰ ਉਨ੍ਹਾਂ ਨਾਲ ਨਾ ਘੱਲਿਆ। ਘਰ ਜਾ ਕੇ ਦੋਵਾਂ ਜੀਆਂ ਨੇ ਆਪਸ ਵਿੱਚ ਸਲਾਹ ਕੀਤੀ ਤਾਂ ਦੁਚਿੱਤੀ ਵਿੱਚ ਪੈ ਗਏ। ਇੱਕ ਪਾਸੇ ਤਾਂ ਕੁੜੀ ਦਾ ਘਰ ਵਸਦਾ ਸੀ। ਦੂਜੇ ਪਾਸੇ ਉਹ ਛੋਟੇ ਬਾਰੇ ਸੋਚਦੇ ਸਨ ਤਾਂ ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਕੁੜੀ ਨੂੰ ਖੂਹ ਵਿੱਚ ਧੱਕਾ ਦੇਣ ਵਾਲੀ ਗੱਲ ਹੈ। ਅਖੀਰ ਉਨ੍ਹਾਂ ਨੇ ਗੱਲ ਅਮਨ ’ਤੇ ਹੀ ਛੱਡ ਦਿੱਤੀ ਕਿ ਜਿਵੇਂ ਅਮਨ ਕਹੇਗੀ ਉਵੇਂ ਕਰ ਲੈਣਗੇ।
ਇੱਕ ਦਿਨ ਉਨ੍ਹਾਂ ਨੇ ਅਮਨ ਕੋਲ ਜਾ ਕੇ ਉਸ ਨੂੰ ਇਕੱਲੀ ਨੂੰ ਬਿਠਾ ਕੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਸਾਫ਼ ਨਾਂਹ ਕਰ ਦਿੱਤੀ। “ਪਾਪਾ! ਤੁਸੀਂ ਕਿਉਂ ਮੇਰੀ ਜ਼ਿੰਦਗੀ ਨਰਕ ਬਣਾਉਣੀ ਚਾਹੁੰਦੇ ਹੋ? ਮੈਂ ਸਿਮਰਨ ਦੀ ਯਾਦ ਸਹਾਰੇ ਆਪਣੀ ਉਮਰ ਕੱਟ ਲਵਾਂਗੀ। ਰਹੀ ਗੱਲ ਅਰਮਾਨ ਦੀ, ਮੈਂ ਉਸ ਨੂੰ ਪੜ੍ਹਾ ਲਿਖਾ ਕੇ ਉਹ ਸੁਪਨੇ ਪੂਰੇ ਕਰਾਂਗੀ ਜੋ ਮੈਂ ਤੇ ਸਿਮਰਨ ਨੇ ਰਲ ਕੇ ਉਸ ਦੇ ਭਵਿੱਖ ਬਾਰੇ ਉਣੇ ਸਨ। ਰਹੀ ਗੱਲ ਪੈਸੇ ਧੇਲੇ ਦੀ, ਉਸ ਦੀ ਸਕੂਲੀ ਪੜ੍ਹਾਈ ਲਈ ਮੈਨੂੰ ਮਿਲਣ ਵਾਲੀ ਪੈਨਸ਼ਨ ਨਾਲ ਸਰ ਜਾਇਆ ਕਰੇਗਾ। ਮੈਨੂੰ ਪੰਜ ਲੱਖ ਦਾ ਚੈੱਕ ਰੱਖਿਆ ਮੰਤਰੀ ਵੱਲੋਂ ਮਿਲਿਆ ਅਤੇ ਮੁੱਖ ਮੰਤਰੀ ਨੇ ਆਪਣੇ ਅਖ਼ਤਿਆਰੀ ਫੰਡ ਵਿੱਚੋਂ ਰਕਮ ਦਿੱਤੀ ਹੈ, ਜੋ ਮੇਰੇ ਖਾਤੇ ਵਿੱਚ ਜਮ੍ਹਾਂ ਹੋ ਗਏ ਹਨ। ਉਹ ਮੈਂ ਅਰਮਾਨ ਦੀ ਉੱਚ-ਸਿੱਖਿਆ ਵਾਸਤੇ ਸਾਂਭ ਕੇ ਰੱਖ ਲਵਾਂਗੀ।”
ਅਮਨ ਦੀ ਸੱਸ ਨੂੰ ਉਸ ਦੇ ਫ਼ੈਸਲੇ ਦਾ ਪਤਾ ਲੱਗਿਆ ਤਾਂ ਉਸ ਦਾ ਵਰਤਾਉ ਦਿਨੋ ਦਿਨ ਉਸ ਨਾਲ ਮਾੜਾ ਹੁੰਦਾ ਗਿਆ। ਪਹਿਲਾਂ ਉਸ ਦੇ ਸਾਰੇ ਰਸਾਲੇ ਬੰਦ ਕਰ ਦਿੱਤੇ। ਫਿਰ ਉਸ ਦਾ ਮੋਬਾਈਲ ਫੜ ਕੇ ਲੁਕੋ ਲਿਆ। ਘਰ ਦੇ ਫੋਨ ’ਤੇ ਕੋਈ ਫੋਨ ਆਉਂਦਾ ਤਾਂ ਵਾਹ ਲਗਦੀ ਉਹ ਆਪ ਫੋਨ ਚੁੱਕਦੀ। ਜੇ ਕੋਈ ਅਮਨ ਬਾਰੇ ਪੁੱਛਦਾ ਤਾਂ ਕੋਈ ਨਾ ਕੋਈ ਬਹਾਨਾ ਲਗਾ ਕੇ ਟਾਲ ਦਿੰਦੀ। ਉਸ ਦੇ ਮਾਂ ਬਾਪ ਨਾਲ ਵੀ ਗੱਲ ਨਾ ਕਰਨ ਦਿੰਦੀ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਇੱਕ ਗੁਆਂਢਣ ਉਸ ਕੋਲ ਆ ਕੇ ਬੈਠ ਗਈ।ਉਹ ਬੈਠੀਆਂ ਸਿਮਰਨ ਦੀਆਂ ਗੱਲਾਂ ਕਰਦੀਆਂ ਰਹੀਆਂ। ਜਦੋਂ ਉਹ ਉੱਠ ਕੇ ਚਲੀ ਗਈ ਤਾਂ ਸੱਸ ਉਸ ਦੇ ਗਲ ਪੈ ਗਈ, “ਇਹੋ ਜਿਹੀਆਂ ਅਵਾਰਾਗਰਦ ਤੇਰੇ ਵਰਗੀ ਨੂੰ ਵੀ ਆਪਣੇ ਵਰਗਾ ਬਣਾ ਦਿੰਦੀਆਂ ਹਨ। ਖਬਰਦਾਰ! ਜੇ ਮੁੜ ਉਸ ਨੂੰ ਘਰ ਵੜਨ ਦਿੱਤਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ। ਕਿਤੇ ਮੇਰੇ ਸ਼ਹੀਦ ਪੁੱਤ ਦੇ ਨਾਂ ਨੂੰ ਵੱਟਾ ਲਗਵਾ ਦੇਈਂ।”
ਅਮਨ ਕਿੰਨੀ ਦੇਰ ਅੰਦਰ ਵੜਕੇ ਰੋਂਦੀ ਰਹੀ। ਉਸ ਦਾ ਜੀਵਨ ਚੁੱਲ੍ਹੇ ਦੀ ਬੁਝੀ ਹੋਈ ਠੰਢੀ ਸਵਾਹ ਵਰਗਾ ਹੋ ਗਿਆ ਸੀ, ਜਿਸ ਵਿੱਚ ਨਾ ਕੋਈ ਉਤਸ਼ਾਹ ਤੇ ਨਾ ਕੋਈ ਉਮੰਗ ਸੀ। ਉਹ ਅਰਮਾਨ ਦੀ ਖ਼ਾਤਰ ਦਿਨਕਟੀ ਕਰ ਰਹੀ ਸੀ। ਉਸ ਦੀਆਂ ਅੱਖਾਂ ਵਿੱਚੋਂ ਵਗਦੇ ਹੰਝੂ ਉਹ ਆਪਣੀਆਂ ਕੋਮਲ ਤਲੀਆਂ ਨਾਲ ਪੂੰਝਦਾ ਤੇ ਆਪਣੀਆਂ ਨਿੱਕੀਆਂ-ਨਿੱਕੀਆਂ ਬਾਹਵਾਂ ਉਸ ਦੇ ਗਲ ਪਾਉਂਦਾ ਤਾਂ ਉਹ ਸਭ ਦੁੱਖ ਭੁੱਲ ਜਾਂਦੀ।
ਅਰਮਾਨ ਨੂੰ ਸਕੂਲ ਦਾਖਲ ਕਰਵਾਉਣਾ ਸੀ। ਉਸ ਨੇ ਆਪਣੇ ਪਾਪਾ (ਸਹੁਰੇ) ਨੂੰ ਕਹਿ ਕੇ ਚੁੱਪਚਾਪ ਇੱਕ ਨਾਮਵਰ ਸਕੂਲ ਦੇ ਫਾਰਮ ਮੰਗਵਾ ਲਏ। ਅਰਮਾਨ ਦਾ ਉਸ ਨੇ ਆਪ ਜਾ ਕੇ ਉਸ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ। ਉਸ ਦੀ ਸੱਸ ਨੇ ਘਰ ਵਿੱਚ ਕਲੇਸ਼ ਖੜ੍ਹਾ ਕਰ ਦਿੱਤਾ। ਸਹੁਰੇ ਦੀ ਤਾਂ ਘਰ ਵਿੱਚ ਕੋਈ ਵੁੱਕਤ ਹੀ ਨਹੀਂ ਸੀ। ਸੱਸ ਨੇ ਘਰ ਸਿਰ ’ਤੇ ਚੁੱਕਿਆ ਹੋਇਆ ਸੀ, ‘‘ਪੜ੍ਹਨ ਵਾਲੇ ਤਾਂ ਟਾਟ ਬੋਰੀਆਂ ਵਾਲੇ ਸਕੂਲਾਂ ਵਿੱਚ ਵੀ ਪੜ੍ਹ ਜਾਂਦੇ ਹਨ। ਮੇਰੇ ਪੁੱਤ ਵੀ ਤਾਂ ਉਨ੍ਹਾਂ ਸਕੂਲਾਂ ’ਚ ਪੜ੍ਹੇ ਸਨ। ਮੇਰੇ ਪੁੱਤ ਦੇ ਡੁੱਲ੍ਹੇ ਖ਼ੂਨ ਦੇ ਮਿਲੇ ਪੈਸਿਆਂ ਦੇ ਮੈਂ ਤੈਨੂੰ ਇਸ ਤਰ੍ਹਾਂ ਗੁਲਛਰੇ ਨਹੀਂ ਉਡਾਉਣ ਦੇਣੇ।” ਅਮਨ ਸਿਰਫ਼ ਇੰਨਾ ਹੀ ਕਹਿ ਸਕੀ, “ਮਾਂ! ਸਮਾਂ ਬਦਲ ਗਿਆ ਹੈ।”
ਅਮਨ ਦੀ ਜ਼ਿੰਦਗੀ ਦੇ ਬਹੁਤ ਸਾਰੇ ਇਮਤਿਹਾਨ ਅਜੇ ਬਾਕੀ ਸਨ। ਛੋਟਾ ਕਦੇ ਉਸ ਦੇ ਸਾਹਮਣੇ ਅੱਖ ਚੁੱਕ ਨਹੀਂ ਦੇਖਦਾ ਸੀ, ਹੁਣ ਉਸ ਦਾ ਵਤੀਰਾ ਦਿਨੋ-ਦਿਨ ਬਦਲ ਰਿਹਾ ਸੀ। ਉਂਝ ਤਾਂ ਉਸ ਦਾ ਬਹੁਤਾ ਸਮਾਂ ਆਪਣੇ ਅਵਾਰਾਗਰਦ ਦੋਸਤਾਂ ਨਾਲ ਘੁੰਮਦਿਆਂ ਲੰਘਦਾ ਸੀ ਪਰ ਘਰ ਹੁੰਦਿਆਂ ਉਸ ਦੀ ਨਜ਼ਰ ਅਮਨ ਨਾਲ ਮਿਲਦੀ ਤਾਂ ਉਸ ਵਿੱਚ ਆਦਰ ਮਾਣ ਦੀ ਥਾਂ ਵਾਸਨਾ ਹੁੰਦੀ। ਉਸ ਨੂੰ ਛੋਟੇ ਤੋਂ ਭੈਅ ਜਿਹਾ ਆਉਣ ਲੱਗ ਪਿਆ ਸੀ। ਇੱਕ ਦਿਨ ਉਹ ਰਸੋਈ ਵਿੱਚ ਰਾਤ ਦਾ ਖਾਣਾ ਬਣਾ ਰਹੀ ਸੀ। ਛੋਟਾ ਆ ਕੇ ਰਸੋਈ ਵਿੱਚ ਖੜ੍ਹ ਗਿਆ। ਬੇਸ਼ਰਮਾਂ ਵਾਂਗ ਹੱਸਦਾ ਅਮਨ ਨੂੰ ਸੁਣਾ ਕੇ ਕਹਿੰਦਾ, ‘‘ਕਿਉਂ ਜਾਣਬੁੱਝ ਕੇ ਜਵਾਨੀ ’ਤੇ ਅੱਤਿਆਚਾਰ ਕਰਦੀ ਏਂਂ? ਅੱਖਾਂ ਨਾਲ ਅੱਖਾਂ ਰਲਾ ਲੈ।” ਉਸ ਨੇ ਉਸ ਵੱਲ ਅੱਖ ਚੁੱਕ ਕੇ ਵੀ ਨਾ ਦੇਖਿਆ। ਉਹ ਆਪਣੇ ਕੰਮ ਵਿੱਚ ਇਉਂ ਲੀਨ ਹੋ ਗਈ ਜਿਵੇਂ ਰਸੋਈ ਵਿੱਚ ਕੋਈ ਆਇਆ ਹੀ ਨਾ ਹੋਵੇ।
ਇੱਕ ਦਿਨ ਉਹ ਛੱਤ ’ਤੇ ਤਾਰ ਤੋਂ ਧੋਤੇ ਕੱਪੜੇ ਉਤਾਰ ਰਹੀ ਸੀ ਕਿ ਛੋਟਾ ਮਗਰ ਹੀ ਛੱਤ ’ਤੇ ਆ ਗਿਆ। ਉਹ ਬੇਸ਼ਰਮਾਂ ਵਾਂਗ ਦੰਦ ਕੱਢਦਾ ਬੜਾ ਗੰਦਾ ਬੋਲਿਆ।
ਸਾਰੇ ਜ਼ਮਾਨੇ ਦੀ ਕੁੜੱਤਣ ਮੂੰਹ ’ਚ ਭਰ ਕੇ ਅਮਨ ਨੇ ਉਸ ਨੂੰ ਝਿੜਕਦਿਆਂ ਕਿਹਾ, ‘‘ਜੇ ਕੁਝ ਸ਼ਰਮ ਹੈ ਤਾਂ ਚੱਪਣੀ ’ਚ ਨੱਕ ਡਬੋ ਕੇ ਮਰ ਜਾ। ਮੇਰੀ ਨਹੀਂ, ਆਪਣੇ ਵੱਡੇ ਭਰਾ ਦੀ ਇੱਜ਼ਤ ਦਾ ਹੀ ਖ਼ਿਆਲ ਕਰ ਲੈ।”
ਉਹ ਕੱਪੜੇ ਇਕੱਠੇ ਕਰਕੇ ਥੱਲੇ ਉੱਤਰ ਆਈ। ਉਸ ਨੇ ਸਾਰੀ ਰਾਤ ਇਸ ਉਧੇਣ-ਬੁਣ ’ਚ ਲੰਘਾ ਦਿੱਤੀ ਕਿ ਘਰੇ ਦੱਸਿਆ ਜਾਵੇ ਜਾਂ ਨਾ, ਮਾਂ ਨੂੰ ਦੱਸਣ ਦਾ ਤਾਂ ਕੋਈ ਫ਼ਾਇਦਾ ਨਹੀਂ, ਉਸ ਨੇ ਤਾਂ ਛੋਟੇ ਦਾ ਹੀ ਪੱਖ ਪੂਰਨਾ ਹੈ। ਪਾਪਾ ਨੂੰ ਦੱਸਦੀ ਹਾਂ। ... ਉਹ ਤਾਂ ਪਹਿਲਾਂ ਹੀ ਇਸ ਤੋਂ ਬਹੁਤ ਦੁਖੀ ਹਨ। ਉਨ੍ਹਾਂ ਨੂੰ ਕਿਉਂ ਹੋਰ ਦੁਖੀ ਕਰਨਾ ਹੈ! ਉਸ ਨੇ ਇੱਕ ਵਾਰ ਪੀੜੋ-ਪੀੜ ਹੋਈ ਜਿੰਦ ਨੂੰ ਵਕਤ ਦੇ ਰਹਿਮ ’ਤੇ ਛੱਡ ਦਿੱਤਾ।
ਅਮਨ ਅੱਗੇ ਤੋਂ ਚੌਕੰਨੀ ਹੋ ਗਈ। ਉਹ ਇਕੱਲੀ ਘਰੇ ਹੁੰਦੀ ਤਾਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲੈਂਦੀ। ਕਮਰੇ ਦੀਆਂ ਚਾਰ ਕੰਧਾਂ ਦੇ ਵਲਗਣ ਅੰਦਰ ਉਹ ਆਪਣੇ ਆਪ ਨੂੰ ਮਹਿਫੂਜ਼ ਸਮਝਦੀ।
ਛੋਟੇ ਨੇ ਉਸ ਦੀ ਚੁੱਪ ਦਾ ਗ਼ਲਤ ਅੰਦਾਜ਼ਾ ਲਾ ਲਿਆ। ਇੱਕ ਦਿਨ ਅਰਮਾਨ ਨੇ ਗੁੱਸੇ ਵਿੱਚ ਗਲਾਸ ਚਲਾ ਕੇ ਕੰਧ ਨਾਲ ਮਾਰਿਆ। ਗਲਾਸ ਟੋਟੇ ਟੋਟੇ ਹੋ ਗਿਆ। ਅਮਨ ਟੁੱਟੇ ਹੋਏ ਗਲਾਸ ਦੇ ਸ਼ੀਸ਼ੇ ਦੀਆਂ ਕਿੱਚਰਾਂ ਇਕੱਠੀਆਂ ਕਰ ਰਹੀ ਸੀ। ਬੇਧਿਆਨੀ ਵਿੱਚ ਇੱਕ ਕਿੱਚਰ ਉਂਗਲ ’ਚ ਚੁਭ ਗਈ। ਉਸ ਨੇ ਕਿੱਚਰ ਕੱਢ ਕੇ ਉਂਗਲ ’ਚੋਂ ਵਗਦਾ ਲਹੂ ਚੂਸ ਲਿਆ।
“ਭਾਬੀ! ਇਸ ਤਰ੍ਹਾਂ ਵੀ ਕਦੇ ਜ਼ਖ਼ਮਾਂ ਨੂੰ ਆਰਾਮ ਆਉਂਦੇ ਸੁਣੇ ਨੇ? ਲਿਆ ਕਰ ਉਰੇ ਉਂਗਲੀ ਮੈਂ ਆਪਣੇ ਪਿਆਰ ਦੀ ਪੱਟੀ ਕਰ ਦਿਆਂ।”
ਛੋਟਾ ਤਾਂ ਜਿਵੇਂ ਉਸ ਦੀ ਕਮਜ਼ੋਰ ਰਗ ’ਤੇ ਹੱਥ ਰੱਖਣ ਲਈ ਤਿਆਰ ਹੀ ਬੈਠਾ ਸੀ। ਉਸ ਨੇ ਅੱਗੇ ਹੋ ਕੇ ਅਮਨ ਦੀ ਉਂਗਲ ਫੜ ਮੂੰਹ ਨੂੰ ਲਾ ਲਈ।ਅਮਨ ਨੇ ਉਸ ਤੋਂ ਹੱਥ ਛੁਡਾ ਕੇ ਤਾੜ ਕਰਦਾ ਥੱਪੜ ਉਸ ਦੀ ਗੱਲ ’ਤੇ ਜੜ੍ਹ ਦਿੱਤਾ। ਉਹ ਗੁੱਸੇ ’ਚ ਉਬਲਦਾ ਘਰੋਂ ਬਾਹਰ ਨਿਕਲ ਗਿਆ। ਅਮਨ ਨੂੰ ਸਮਝ ਨਾ ਆਉਂਦੀ ਕਿ ਆਪਣਾ ਦੁੱਖ ਕਿਸ ਅੱਗੇ ਫਰੋਲੇ। ਸੱਸ ਹਮੇਸ਼ਾ ਵਿੱਟਰੀ ਰਹਿੰਦੀ। ਛੋਟੇ ਦੀਆਂ ਬੇਹੂਦਾ ਹਰਕਤਾਂ ਨੂੰ ਦੇਖ ਵੀ ਅਣਡਿੱਠ ਕਰ ਦਿੰਦੀ। ਮਾਂ ਬਾਪ ਨਾਲ ਕੋਈ ਸੰਪਰਕ ਨਹੀਂ ਸੀ। ਭਰਿਆ ਮਨ ਕਿਸੇ ਅੱਗੇ ਡੁੱਲਣਾ ਚਾਹੁੰਦਾ ਸੀ। ਰਾਤ ਨੂੰ ਉਹ ਸਿਮਰਨ ਦੀ ਫੋਟੋ ਅੱਗੇ ਖੜ੍ਹ ਕੇ ਆਪਣੇ ਸਾਰੇ ਗ਼ਮਾਂ ਨੂੰ ਹੰਝੂਆਂ ਰਾਹੀਂ ਵਹਾ ਦਿੰਦੀ।
ਕੁਝ ਦਿਨ ਹੀ ਲੰਘੇ ਸਨ। ਅਮਨ ਦੀ ਸੱਸ ਦਾ ਵਰਤਾਰਾ ਇਕਦਮ ਬਦਲ ਗਿਆ। ਉਹ ਅਮਨ ਨਾਲ ਕੁਝ ਜ਼ਿਆਦਾ ਹੀ ਲਾਡ ਪਿਆਰ ਕਰਨ ਲੱਗ ਪਈ। ਅਮਨ ਨੂੰ ਡਰ ਲੱਗਣ ਲੱਗਿਆ। ਉਹ ਉਸ ਨੂੰ ਦੁਬਾਰਾ ਛੋਟੇ ਬਾਰੇ ਸੋਚਣ ਨੂੰ ਕਹੇਗੀ ਜਾਂ ਫਿਰ ਪੈਸਿਆਂ ਦਾ ਸੁਆਲ ਪਾਵੇਗੀ। ਪਹਿਲਾਂ ਵੀ ਉਹ ਇਸ ਤਰ੍ਹਾਂ ਮਿੱਠੀ ਪਿਆਰੀ ਹੋ ਕੇ ਉਸ ਨੂੰ ਮਿਲੇ ਪੈਸਿਆਂ ਵਿੱਚੋਂ ਦੋ ਲੱਖ ਰੁਪਏ ਦੇ ਚੈੱਕ ਉੱਤੇ ਘਰ ਦੀ ਮੁਰੰਮਤ ਕਰਾਉਣ ਬਹਾਨੇ ਦਸਤਖ਼ਤ ਕਰਵਾ ਕੇ ਕਢਵਾ ਚੁੱਕੀ ਸੀ। ਛੇਤੀ ਹੀ ਰਾਜ਼ ਖੁੱਲ੍ਹ ਗਿਆ। ਉਹ ਅਮਨ ਕੋਲ ਬੈਠ ਕੇ ਘਿਣੇ ਜਿਹੇ ਪਾਉਣ ਲੱਗ ਪਈ, “ਦੇਖ ਅਮਨ! ਤੇਰੇ ਪਾਪਾ ਤਾਂ ਰਿਟਾਇਰ ਹੋਣ ਵਾਲੇ ਹਨ, ਛੋਟਾ ਵਿਹਲਾ ਫਿਰਦਾ ਹੈ, ਇਹ ਕਿਸੇ ਕੰਮ ਧੰਦੇ ਲੱਗ ਜਾਵੇ, ਕਮਾਈ ਕਰਕੇ ਚਾਰ ਛਿੱਲੜ ਕਮਾਉਣ ਲੱਗ ਜਾਵੇ ਤਾਂ ਉਹ ਘਰੇ ਹੀ ਆਉਣਗੇ। ਛੋਟੇ ਵਾਸਤੇ ਇੱਕ ਦੁਕਾਨ ਦੇਖੀ ਹੈ। ਦੋ ਲੱਖ ਰੁਪਏ ਪਗੜੀ ਦੇ ਦੇਣੇ ਹਨ। ਪਹਿਲਾਂ ਸਾਮਾਨ ਘੱਟ ਪਾ ਲਵਾਂਗੇ। ਫਿਰ ਵੀ ਦੋ ਕੁ ਲੱਖ ਦਾ ਤਾਂ ਪਾਉਣਾ ਹੀ ਪਵੇਗਾ। ਇਸ ਲਈ ਮੇਰੀ ਬੀਬੀ ਧੀ! ਤੂੰ ਚਾਰ ਲੱਖ ਦੇ ਚੈੱਕ ’ਤੇ ਦਸਤਖ਼ਤ ਕਰ ਦੇਵੀਂ।”
“ਪਰ ਮਾਂ! ਉਹ ਪੈਸੇ ਤਾਂ ਮੈਂ ਅਰਮਾਨ ਦੀ ਖ਼ਾਤਰ ਰੱਖੇ ਹਨ।” “ਤੈਨੂੰ ਅਰਮਾਨ ਦਾ ਕੁਝ ਜ਼ਿਆਦਾ ਫ਼ਿਕਰ ਹੈ? ਉਹ ਸਾਡਾ ਨਹੀਂ ਕੁਝ ਲਗਦਾ!” ਉਹ ਤਲਖ਼ੀ ਨਾਲ ਬੋਲੀ। “ਜਦੋਂ ਘਰ ਵਿੱਚ ਕਮਾਈ ਆਉਣ ਲੱਗ ਪਈ ਆਪੇ ਅਰਮਾਨ ਦਾ ਖਰਚ ਵੀ ਦਿੰਦੇ ਰਹਾਂਗੇ।” ਸੱਸ ਤਾਂ ਇੰਨਾ ਕਹਿੰਦੀ ਉੱਠ ਕੇ ਚਲੀ ਗਈ, ਪਰ ਅਮਨ ਦੁਬਿਧਾ ਵਿੱਚ ਪੈ ਗਈ। ਉਸ ਨੂੰ ਪਤਾ ਸੀ ਕਿ ਛੋਟੇ ਨੇ ਕਿਹੜੇ ਵਣਜ ਵਪਾਰ ਕਰਨੇ ਹਨ। ਸਭ ਕੁਝ ਉਡਾ ਦੇਵੇਗਾ। ਉਸ ਦੇ ਮਨ ’ਚ ਆਇਆ, ‘ਦੋ ਲੱਖ ਪਹਿਲਾਂ ਕਢਵਾ ਚੁੱਕੇ ਹਨ, ਚਾਰ ਲੱਖ ਹੁਣ ਮੰਗਦੇ ਨੇ। ਇਸ ਤਰ੍ਹਾਂ ਮੇਰੇ ਪੱਲੇ ਤਾਂ ਕਾਣੀ ਕੌਡੀ ਨਹੀਂ ਰਹਿਣੀ। ਆਪਣੇ ਬੱਚੇ ਦਾ ਭਵਿੱਖ ਬਣਾਉਣ ਦੀ ਆਸ ਹੀ ਤਾਂ ਮੈਨੂੰ ਜਿਊਣ ਲਈ ਉਤਸ਼ਾਹਿਤ ਕਰਦੀ ਹੈ। ਜੇ ਇਸ ਦਾ ਭਵਿੱਖ ਬਣਾਉਣ ਲਈ ਮੇਰੇ ਪੱਲੇ ਕੁਝ ਨਾ ਰਿਹਾ, ਮੈਂ ਉਸ ਲਈ ਇਨ੍ਹਾਂ ਦੀ ਮੁਥਾਜ ਹੋ ਗਈ ਤਾਂ ਸ਼ਾਇਦ ਇੱਕ ਦਿਨ ਸਾਨੂੰ ਇਸ ਘਰ ਵਿੱਚ ਆਸਰਾ ਵੀ ਨਾ ਮਿਲੇ। ਚੰਗਾ ਹੋਵੇਗਾ ਜੇਕਰ ਦੁਬਾਰਾ ਗੱਲ ਕਰਨ ਤਾਂ ਮੈਂ ਰੁੱਖੀ ਹੋ ਕੇ ਜੁਆਬ ਦੇ ਦੇਵਾਂ।’
ਇੱਕ ਵਾਰ ਗੱਲ ਆਈ ਗਈ ਹੋ ਗਈ ਸੀ। ਅਰਮਾਨ ਨੇ ਸਕੂਲ ਜਾਣਾ ਸੀ। ਅਮਨ ਉਸ ਨੂੰ ਤਿਆਰ ਕਰ ਰਹੀ ਸੀ। ਉਸ ਨੂੰ ਪਤਾ ਹੀ ਨਾ ਲੱਗਾ ਕਦੋਂ ਛੋਟਾ ਉਸ ਦੇ ਪਿੱਛੇ ਆ ਕੇ ਖੜ੍ਹ ਗਿਆ। ਉਸ ਨੂੰ ਉਦੋਂ ਪਤਾ ਲੱਗਿਆ ਜਦੋਂ ਅਰਮਾਨ ਨੇ ਕਿਹਾ, ‘‘ਮੰਮੀ! ਚਾਚਾ ਜੀ ਆਏ ਐ।” ਜਦੋਂ ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਛੋਟਾ ਹੱਥ ਵਿੱਚ ਚੈੱਕ ਬੁੱਕ ਲਈ ਖੜ੍ਹਾ ਸੀ। “ਭਾਬੀ! ਆਹ ਦਸਤਖ਼ਤ ਕਰੀ ਕੇਰਾਂ।” ਉਹ ਚੈੱਕ ਬੁੱਕ ਅੱਗੇ ਕਰਦਾ ਬੋਲਿਆ। “ਚੈੱਕ ਬੁੱਕ ਤਾਂ ਮਾਂ ਕੋਲ ਸੀ ਤੇਰੇ ਕੋਲ ਕਿਵੇਂ ਆ ਗਈ?” ਉਹ ਹੈਰਾਨ ਹੋ ਕੇ ਬੋਲੀ।
‘‘ਤੇਰਾ ਇਨ੍ਹਾਂ ਗੱਲਾਂ ਨਾਲ ਕੀ ਲੈਣਾ ਦੇਣਾ, ਚੈੱਕ ਬੁੱਕ ਮੇਰੇ ਕੋਲ ਹੈ ਜਾਂ ਮਾਂ ਕੋਲ। ਚੁੱਪ ਕਰ ਕੇ ਦਸਤਖ਼ਤ ਕਰ ਦੇ,” ਉਹ ਰੋਅਬ ਨਾਲ ਬੋਲਿਆ।
ਅਮਨ ਨੇ ਚੈੱਕ ਬੁੱਕ ਫੜ ਕੇ ਗੁੱਸੇ ਵਿੱਚ ਚਲਾ ਕੇ ਮਾਰੀ ਤੇ ਬੋਲੀ, ‘‘ਮੇਰੀ ਜ਼ਿੰਦਗੀ ਦੇ ਸਾਰੇ ਰੰਗ, ਸਾਰੇ ਸੁਪਨੇ ਖ਼ਾਕ ਹੋਣ ਦੀ ਕੀਮਤ ਆਹ ਚਾਰ ਕੁ ਪੈਸੇ ਮਿਲੇ ਹਨ। ਮੈਂ ਇਨ੍ਹਾਂ ਨੂੰ ਆਪਣੇ ਹਿਸਾਬ ਨਾਲ ਵਰਤਾਂਗੀ। ਮੈਂ ਆਖ਼ਰੀ ਵਾਰ ਕਹਿ ਦਿੱਤਾ ਕਿ ਮੈਂ ਦਸਤਖ਼ਤ ਨਹੀਂ ਕਰਨੇ।’’
“ਜਾਣੀ ਪੈਸੇ ਮੈਨੂੰ ਨਹੀਂ ਮਿਲਣਗੇ?” ਛੋਟੇ ਨੇ ਗੁੱਸੇ ਵਿੱਚ ਆਪੇ ਤੋਂ ਬਾਹਰ ਹੁੰਦੇ ਹੋਏ ਕਿਹਾ।
“ਨਹੀਂ,” ਅਮਨ ਨੇ ਫਿਰ ਜੁਆਬ ਦੇ ਦਿੱਤਾ। ਗੁੱਸੇ ਨਾਲ ਲਾਲ ਪੀਲੇ ਹੁੰਦੇ ਛੋਟੇ ਨੇ ਉਸ ਨੂੰ ਮੋਢਿਆਂ ਤੋਂ ਫੜ ਕੇ ਆਪਣੇ ਵੱਲ ਜ਼ੋਰ ਨਾਲ ਖਿੱਚਿਆ ਤੇ ਫਿਰ ਪੂਰੇ ਜ਼ੋਰ ਨਾਲ ਕੰਧ ਵੱਲ ਧੱਕਾ ਦੇ ਦਿੱਤਾ। ਉਹ ਆਪਣੇ ਆਪ ਨੂੰ ਸੰਭਾਲ ਨਾ ਸਕੀ। ਉਸ ਦਾ ਸਿਰ ਮੇਜ਼ ਦੀ ਨੁੱਕਰ ਨਾਲ ਜਾ ਵੱਜਿਆ। ਸਿਰ ਵਿੱਚੋਂ ਖ਼ੂਨ ਦੀ ਤਤੀਰੀ ਵਹਿ ਤੁਰੀ। ਉਸ ਨੇ ਡਿੱਗੀ ਪਈ ਅਮਨ ਦੇ ਪੂਰੇ ਜ਼ੋਰ ਨਾਲ ਲੱਤ ਕੱਢ ਮਾਰੀ। ਉਸ ਨੂੰ ਪੈਸੇ ਨਾ ਮਿਲਣ ਦਾ ਗੁੱਸਾ ਸੀ ਜਾਂ ਫਿਰ ਪਏ ਥੱਪੜ ਦਾ। ਅਮਨ ਦੀ ਚੀਕ ਨਿਕਲ ਗਈ, ਜੋ ਗੁਆਂਢੀਆਂ ਦੇ ਕੰਨਾਂ ਤੱਕ ਜਾ ਪਹੁੰਚੀ।
ਨਿੱਕਾ ਅਰਮਾਨ ਮਾਂ ਦੀ ਹਾਲਤ ਦੇਖ ਕੇ ਡਰ ਗਿਆ। ਉਹ ਚੀਕਾਂ ਮਾਰ ਮਾਰ ਰੋਣ ਲੱਗਾ। ਅਮਨ ਦੀ ਸੱਸ ਅਣਜਾਣ ਬਣੀ ਵਰਾਂਡੇ ਵਿੱਚ ਖੜ੍ਹੀ ਸੀ। ਉਹ ਚੀਕਾਂ ਸੁਣ ਕੇ ਕਮਰੇ ਵਿੱਚ ਆ ਗਈ। ਕਮਰੇ ਅੰਦਰਲਾ ਦ੍ਰਿਸ਼ ਦੇਖ ਕੇ ਉਹ ਸਹਿਮ ਗਈ।
ਅਮਨ ਦੇ ਸਿਰ ਵਿੱਚੋਂ ਨਿਕਲਦਾ ਖ਼ੂਨ ਦੇਖ ਕੇ ਉਸ ਨੂੰ ਆਉਣ ਵਾਲੇ ਖ਼ਤਰੇ ਦਾ ਭੈਅ ਹੋ ਗਿਆ ਸੀ। ਉਸ ਨੇ ਛੋਟੇ ਦੀ ਬਾਂਹ ਫੜੀ ਅਤੇ ਖਿੱਚ ਕੇ ਵਰਾਂਡੇ ਵਿੱਚ ਲੈ ਗਈ। ਗੁੱਸੇ ਵਿੱਚ ਬੋਲੀ, “ਕਮਬਖ਼ਤ! ਇਹ ਤੂੰ ਕੀ ਕੀਤਾ? ਜਦੋਂ ਕਿਸੇ ਨੇ ਵਹਿੰਦਾ ਖ਼ੂਨ ਦੇਖ ਲਿਆ ਤਾਂ ਉਹ ਕੀ ਕਹੇਗਾ? ਤੈਨੂੰ ਤਾਂ ਸਾਰੀ ਉਮਰ ਅਕਲ ਨਹੀਂ ਆ ਸਕਦੀ। ਇਸ ਦਾ ਬਾਪ ਤਾਂ ਪਹਿਲਾਂ ਹੀ ਇਸ ਨੂੰ ਨੌਕਰੀ ਕਰਾਉਣ ਦੇ ਬਹਾਨੇ ਇੱਥੋਂ ਲਿਜਾਣ ਨੂੰ ਫਿਰਦਾ ਸੀ। ਉਹ ਜਾਣਦਾ ਸੀ ਕਿ ਉਸ ਦੀ ਧੀ ਜਵਾਨ ਤੇ ਸੁੰਦਰ ਹੈ ਜਦੋਂ ਨੌਕਰੀ ਕਰੇਗੀ ਕੋਈ ਲੜਕਾ ਇਸ ਦਾ ਹੱਥ ਫੜਨ ਵਾਲਾ ਮਿਲ ਹੀ ਜਾਵੇਗਾ। ਤੇਰੇ ਬਾਰੇ ਸੋਚ ਕੇ ਹੀ ਮੈਂ ਇਸ ਨੂੰ ਘਰੋਂ ਜਾਣ ਨਹੀਂ ਸੀ ਦਿੱਤਾ। ਸੋਚਿਆ ਸੀ ਆਪੇ ਕਦੇ ਨਾ ਕਦੇ ਤੇਰੇ ’ਤੇ ਧਿਜ ਜਾਵੇਗੀ। ਬੜੀ ਹੁਸ਼ਿਆਰੀ ਨਾਲ ਮੈਂ ਇਸ ਦਾ ਪੈਸਾ ਘਰ ਦੇ ਇੱਟਾਂ ਗਾਰੇ ਉੱਤੇ ਲਗਵਾ ਦਿੱਤਾ ਸੀ, ਪਰ ਤੂੰ ਤਾਂ ਨਾ ਅਕਲ ਤੋਂ ਕੰਮ ਲੈਣਾ ਜਾਣਦਾ ਹੈਂ ਤੇ ਨਾ ਹੀ ਸਬਰ ਤੋਂ। ਆਹ ਦੇਖੀਂ! ਹੁਣ ਸਾਰਾ ਪੈਸਾ ਲੈ ਕੇ ਪੇਕਿਆਂ ਨੂੰ ਤੁਰ ਜਾਵੇਗੀ।”
“ਘਰੋਂ ਪੈਰ ਪੁੱਟ ਕੇ ਤਾਂ ਦਿਖਾਵੇ...” ਛੋਟਾ ਗਾਲ੍ਹ ਕੱਢਦਾ ਹੋਇਆ ਬੋਲਿਆ।
“ਚੁੱਪ,” ਗੁਆਂਢਣਾਂ ਬੂਹਿਆਂ ਵਿੱਚੋਂ ਆਪਣੇ ਘਰ ਵੱਲ ਹੀ ਝਾਕ ਰਹੀਆਂ ਹਨ।
ਬੇਹੋਸ਼ ਪਈ ਅਮਨ ਨੂੰ ਲੱਗਿਆ ਜਿਵੇਂ ਸਿਮਰਨ ਉਸ ਦਾ ਹੱਥ ਫੜਕੇ ਉਸ ਨੂੰ ਉਠਾ ਰਿਹਾ ਹੈ। ਉਹ ਉਸ ਦਾ ਹੱਥ ਫੜ ਕੇ ਉੱਠਣ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਸਿਰ ਵਿੱਚੋਂ ਖ਼ੂਨ ਨਿਕਲਦਾ ਹੋਣ ਕਰਕੇ ਉਸ ਤੋਂ ਉੱਠਿਆ ਨਹੀਂ ਜਾ ਰਿਹਾ। ਜਿਵੇਂ ਸਿਮਰਨ ਉਸ ਨੂੰ ਕਹਿ ਰਿਹਾ ਹੋਵੇ, ‘ਅਮਨ ਇੰਨੀ ਛੇਤੀ ਹਾਰ ਮੰਨ ਲਈ, ਅਸੀਂ ਫ਼ੌਜੀ ਤਾਂ ਖ਼ੂਨ ਦੇ ਆਖ਼ਰੀ ਕਤਰੇ ਤੱਕ ਹਾਰ ਨਹੀਂ ਮੰਨਦੇ। ਉੱਠ! ਹਾਰ ਨਹੀਂ ਮੰਨਣੀ, ਅਮਨ। ਤੂੰ ਆਪਣੀ ਅਤੇ ਅਰਮਾਨ ਦੀ ਜ਼ਿੰਦਗੀ ਨੂੰ ਸੁਚੱਜੇ ਢੰਗ ਨਾਲ ਜਿਊਣ ਦੀ ਜ਼ਿੰਮੇਵਾਰੀ ਨਿਭਾਉਣੀ ਹੈ’।
ਉਸ ਨੂੰ ਲੱਗਿਆ ਜਿਵੇਂ ਸਿਮਰਨ ਕਹਿ ਰਿਹਾ ਹੋਵੇ, ‘ਅਮਨ, ਜ਼ਿੰਦਗੀ ਦੇ ਸਮੁੰਦਰਾਂ ’ਚ ਤੈਰਨ ਲਈ ਬੜੇ ਹੌਸਲੇ ਤੇ ਹਿੰਮਤ ਦੀ ਲੋੜ ਪੈਂਦੀ ਹੈ। ਡੁੱਬ ਤਾਂ ਜਦੋਂ ਮਰਜ਼ੀ ਜਾਈਏ। ਤੈਰ ਕੇ ਕਿਨਾਰੇ ਲੱਗਣਾ ਮਰਜੀਵੜਿਆਂ ਦਾ ਕੰਮ ਹੁੰਦਾ ਹੈ। ਉੱਠ ਅਮਨ ਉੱਠ...।’
“ਛੋਟੇ ਜਿੰਨੀ ਜਲਦੀ ਹੋ ਸਕਦਾ ਹੈ ਇੱਥੋਂ ਤੁਰ ਜਾ। ਜਦੋਂ ਤੱਕ ਸਭ ਕੁਝ ਠੀਕ ਨਹੀਂ ਹੋ ਜਾਂਦਾ ਘਰੇ ਪੈਰ ਨਾ ਪਾਈਂ। ਮੈਂ ਆਪੇ ਸਭ ਕੁਝ ਸੰਭਾਲ ਲਵਾਂਗੀ।” ਅਮਨ ਦੀ ਸੱਸ ਨੇ ਉਸ ਨੂੰ ਬੂਹੇ ਤੋਂ ਬਾਹਰ ਕਰਦਿਆਂ ਕਿਹਾ।
ਅਮਨ ਹੌਲੀ ਹੌਲੀ ਹੋਸ਼ ਵਿੱਚ ਆ ਰਹੀ ਸੀ। ਉਸ ਦੀ ਸੱਸ ਨੇ ਡਾਕਟਰ ਨੂੰ ਫੋਨ ਕਰ ਦਿੱਤਾ ਸੀ। ਡਾਕਟਰ ਨੇ ਉਸ ਦੇ ਜ਼ਖ਼ਮ ’ਤੇ ਚਾਰ ਟਾਂਕੇ ਲਾ ਦਿੱਤੇ ਅਤੇ ਆਪਣੀ ਫੀਸ ਲੈ ਕੇ ਚਲਾ ਗਿਆ। ਅਮਨ ਪਲੰਘ ’ਤੇ ਪਈ ਸੋਚ ਰਹੀ ਸੀ ਕਿ ਸਿਮਰਨ ਤੋਂ ਬਿਨਾਂ ਉਸ ਦੀ ਇਸ ਘਰ ਵਿੱਚ ਕੋਈ ਵੁੱਕਤ ਨਹੀਂ ਰਹੀ, ਉਸ ਦੀ ਔਕਾਤ ਨੌਕਰ ਤੋਂ ਵੀ ਗਈ ਗੁਜ਼ਰੀ ਹੋ ਗਈ ਹੈ, ਸਿਮਰਨ ਦੇ ਹੁੰਦਿਆਂ ਸਾਰੇ ਉਸ ਨੂੰ ਸਾਰੇ ਕਿੰਨਾ ਚਾਹੁੰਦੇ ਸਨ, ਕੀ ਪਤੀ ਤੋਂ ਬਿਨਾਂ ਔਰਤ ਨੂੰ ਜਿਊਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ? ਜੀਵਨ ਜਿਊਣ ਲਈ ਹੁੰਦਾ ਹੈ ਨਾ ਕਿ ਘੁਟ ਘੁਟ ਕੇ ਮਰਨ ਲਈ। ਉਸ ਨੇ ਤਾਂ ਪਰਿਵਾਰ ਦੀ ਰਜ਼ਾ ਮੁਤਾਬਿਕ ਹੀ ਜਿਊਣਾ ਚਾਹਿਆ ਸੀ, ਪਰ ਉਸ ਨੂੰ ਸੁਰੱਖਿਆ ਦੇਣ ਬਹਾਨੇ ਕਿਸ ਤਰ੍ਹਾਂ ਉਸ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ। ਪਹਿਲਾਂ ਬਹਾਨੇ ਨਾਲ ਸਾਰੇ ਗਹਿਣੇ ਲੈ ਕੇ ਰੱਖ ਲਏ। ਹੁਣ ਸਿਮਰਨ ਦੇ ਮਿਲੇ ਪੈਸਿਆਂ ਨੂੰ ਹਥਿਆਉਣ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਅਮਨ ਨੂੰ ਆਪਣੇ ਆਪ ਉੱਤੇ ਗੁੱਸਾ ਆਉਣ ਲੱਗ ਪਿਆ। “ਕਿਉਂ ਉਹ ਆਪਣੇ ਆਪ ਨੂੰ ਇੰਨੀ ਕਮਜ਼ੋਰ ਸਮਝਦੀ ਰਹੀ। ਉਹ ਪੜ੍ਹੀ ਲਿਖੀ ਹੈ, ਕਿੰਨੀ ਮਿਹਨਤ ਨਾਲ ਉਸ ਨੇ ਪਹਿਲੀ ਸ਼੍ਰੇਣੀ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਸੀ। ਹੋਰ ਨਹੀਂ ਤਾਂ ਕਿਸੇ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰਕੇ ਆਤਮ-ਨਿਰਭਰ ਬਣ ਸਕਦੀ ਹੈ। ਇਹ ਦੁਨੀਆ ਨਿਵਦਿਆਂ ਨੂੰ ਹੀ ਨਿਵਾਉਂਦੀ ਹੈ। ਉਸ ਨੂੰ ਆਪਣੀ ਇਸ ਕਮਜ਼ੋਰੀ ਨੂੰ ਪਰ੍ਹੇ ਧੱਕ ਕੇ ਪੂਰੀ ਦ੍ਰਿੜ੍ਹਤਾ ਨਾਲ ਆਉਣ ਵਾਲੀ ਜ਼ਿੰਦਗੀ ਦੇ ਰਾਹਾਂ ’ਤੇ ਸਾਬਤ ਕਦਮੀਂ ਤੁਰਨਾ ਹੋਵੇਗਾ। ਭਾਵੁਕਤਾ ਦੀ ਥਾਂ ਸੂਝ ਬੂਝ ਤੋਂ ਕੰਮ ਲੈਣਾ ਹੋਵੇਗਾ।” ਉਸ ਨੇ ਮਨ ਹੀ ਮਨ ਫ਼ੈਸਲਾ ਕਰ ਲਿਆ ਸੀ।
ਉਸ ਦੀ ਸੱਸ ਮਾਂ ਅੰਦਰ ਆਉਂਦੀ ਬੋਲੀ, ‘‘ਅਮਨ ਧੀਏ! ਤੇਰੇ ਪਾਪਾ ਪੁਲੀਸ ਲੈਕੇ ਆਏ ਹਨ। ਪਤਾ ਨਹੀਂ ਕਿਹੜੇ ਨਪੁੱਤੇ ਗੁਆਂਢੀ ਨੇ ਉਸ ਨੂੰ ਫੋਨ ਕਰ ਦਿੱਤਾ ਕਿ ਅਮਨ ਦੇ ਰੋਣ ਚੀਕਣ ਦੀਆਂ ਆਵਾਜ਼ਾਂ ਘਰ ਵਿੱਚੋਂ ਆ ਰਹੀਆਂ ਹਨ। ਦੇਖ ਧੀਏ! ਤੂੰ ਇਸ ਘਰ ਦੀ ਵੱਡੀ ਨੂੰਹ ਹੈਂ, ਮੇਰੇ ਘਰ ਦੀ ਤਾਂ ਤੂੰ ਲੱਛਮੀ ਹੈਂ, ਛੋਟੇ ਨਾ ਹੋਏ ਨੂੰ ਤਾਂ ਭੋਰਾ ਅਕਲ ਨਹੀਂ, ਮੇਰੀ ਰਾਣੀ ਧੀਏ, ਉਸ ਨੂੰ ਮਾਫ਼ ਕਰ ਦੇ। ਗੁਆਂਢੀਆਂ ਦਾ ਕੀ ਹੈ, ਉਹ ਤਾਂ ਹਮੇਸ਼ਾ ਦੂਜਿਆਂ ਦੇ ਘਰਾਂ ਵਿੱਚ ਹੁੰਦਾ ਤਮਾਸ਼ਾ ਤੱਕ ਕੇ ਖ਼ੁਸ਼ ਹੁੰਦੇ ਹਨ। ਸਿਆਣੇ ਧੀਆਂ ਪੁੱਤ ਆਪਣੇ ਘਰ ਦਾ ਤਮਾਸ਼ਾ ਨਹੀਂ ਬਣਾਉਂਦੇ। ਪੁਲੀਸ ਵਾਲੇ ਪੁੱਛਣ ਤਾਂ ਕਹਿ ਦੇਵੀਂ ਕਿ ਗੁਸਲਖਾਨੇ ਵਿੱਚ ਤਿਲ੍ਹਕ ਕੇ ਡਿੱਗ ਪਈ ਸੀ।” ਅਜੇ ਉਸ ਦੀ ਗੱਲ ਪੂਰੀ ਵੀ ਨਹੀਂ ਹੋਈ ਸੀ ਕਿ ਅਮਨ ਦਾ ਬਾਪ ਕਮਰੇ ਵਿੱਚ ਦਾਖ਼ਲ ਹੋਇਆ। ਉਸ ਨੂੰ ਦੇਖ ਕੇ ਅਮਨ ਦੀ ਧਾਹ ਨਿਕਲ ਗਈ, ‘‘ਪਾਪਾ! ਮੈਨੂੰ ਇੱਥੋਂ ਲੈ ਚੱਲੋ, ਮੈਂ ਜਿਊਣਾ ਚਾਹੁੰਦੀ ਹਾਂ।’’ ‘‘ਇੱਥੇ ਰਹਿਣ ਦਾ ਫ਼ੈਸਲਾ ਤੇਰਾ ਹੀ ਸੀ, ਬੇਟਾ।’’ ਉਸ ਦੇ ਪਾਪਾ ਨੇ ਉਸ ਨੂੰ ਬੁੱਕਲ ’ਚ ਲੈਂਦਿਆਂ ਕਿਹਾ। ‘‘ਪਾਪਾ! ਇਸ ਘਰ ਨਾਲ ਜੁੜੀਆਂ ਸਿਮਰਨ ਦੀਆਂ ਯਾਦਾਂ ਮੈਨੂੰ ਉਸ ਦੇ ਨੇੜੇ ਤੇੜੇ ਹੋਣ ਦਾ ਅਹਿਸਾਸ ਕਰਵਾਉਂਦੀਆਂ ਸਨ, ਜਿਨ੍ਹਾਂ ਨੂੰ ਮੈਂ ਛੱਡਣਾ ਨਹੀਂ ਚਾਹੁੰਦੀ ਸੀ। ਹੁਣ ਮੈਂ ਫ਼ੈਸਲਾ ਕਰ ਲਿਆ ਹੈ ਕਿ ਮੈਂ ਕਿਸੇ ’ਤੇ ਬੋਝ ਨਹੀਂ ਬਣਨਾ। ਮੈਂ ਆਪਣੇ ਭਵਿੱਖ ਦਾ ਫ਼ੈਸਲਾ ਅਤੇ ਅਰਮਾਨ ਦੀ ਪਰਵਰਿਸ਼ ਖ਼ੁਦ ਕਜਾਂਗੀ। ਮੈਂ ਸਵੈਮਾਣ ਨਾਲ ਜਿਊਣਾ ਚਾਹੁੰਦੀ ਹਾਂ।’’ ਉਸ ਦੇ ਪਾਪਾ ਨੇ ਅਰਮਾਨ ਨੂੰ ਚੁੱਕ ਲਿਆ। ਤੁਰਨ ਤੋਂ ਪਹਿਲਾਂ ਉਸ ਨੇ ਸਿਮਰਨ ਦੀ ਤਸਵੀਰ ਚੁੱਕ ਲਈ। ਉਸ ਵੱਲ ਇਸ ਤਰ੍ਹਾਂ ਤੱਕਿਆ ਜਿਵੇਂ ਕਹਿ ਰਹੀ ਹੋਵੇ, “ਜੰਗ ਸਿਰਫ਼ ਮੁਹਾਜ਼ ’ਤੇ ਹੀ ਨਹੀਂ ਲੜੀ ਜਾਂਦੀ...।”
ਸੰਪਰਕ: 76260-63596