ਅੰਮਾ ਦੀ ਰਮਾਇਣ
ਸਾਉਣ ਦੇ ਮਹੀਨੇ ਜਦੋਂ ਔੜ ਲੱਗ ਜਾਣੀ ਤਾਂ ਸਾਡੇ ਪਿੰਡ ਵੀ ਕੁੜੀਆਂ ਨੇ ਗੁੱਡੀ ਫੂਕਣੀ। ਕੀਰਨੇ ਪਾਉਣੇ। ਸਿਖਰ ਦੁਪਹਿਰੇ ਭੁੱਜਦੇ ਖੇਤਾਂ ’ਚ ਨੰਗੇ ਪੈਰੀਂ ਤੁਰਨਾ ਅਤੇ ਭੁੰਝੇ ਬੈਠ ਅੱਡੀਆਂ ਰਗੜ ਰਗੜ ਪਿੱਟ-ਸਿਆਪਾ ਕਰਨਾ ਤਾਂ ਜੋ ਰੱਬ ਰਹਿਮ ਦੇ ਘਰ ਆ ਬੱਦਲਾਂ ਨੂੰ ਬਰਸਣ ਦਾ ਹੁਕਮ ਦੇਵੇ।
ਰਾਤ ਨੂੰ ਅੰਮਾ ਦੇਵਕੀ ਨੇ ਰਾਜੇ ਜਨਕ ਦੇ ਰਾਜ ਵਿੱਚ ਪਏ ਕਾਲ ਦੀ ਬਾਤ ਸੁਣਾਉਣੀ:
‘‘ਇੱਕ ਵਾਰ ਦੀ ਗੱਲ ਹੈ। ਰਾਜੇ ਜਨਕ ਦੇ ਰਾਜ ਵਿੱਚ ਕਾਲ ਪੈ ਗਿਆ। ਲੋਕਾਂ ਨੇ ਹਾਹਾਕਾਰ ਮਚਾ ਦਿੱਤੀ! ਲੋਕ ਗੱਲਾਂ ਕਰਦੇ, ‘ਦੇਸ ਵਿੱਚ ਕੋਈ ਵੱਡਾ ਪਾਪ ਹੋ ਗਿਆ ਹੈ। ਨਿਆਂ ਵੀ ਨਹੀਂ ਰਿਹਾ ਅਤੇ ਰਾਜੇ ਵੀ ਵਿਹਲੜ ਬਣ ਗਏ ਨੇ ਤਾਂ ਹੀ ਰੱਬ ਵੀ ਰੁੱਸ ਗਿਆ ਹੈ।’
ਰਾਜੇ ਨੇ ਜੋਤਸ਼ੀ ਬੁਲਾਏ। ਉਨ੍ਹਾਂ ਨੇ ਰਾਜੇ ਤੇ ਰਾਣੀ ਨੂੰ ਖ਼ੁਦ ਹਲ਼ ਜੋੜਣ ਲਈ ਕਿਹਾ।
ਸੋਨੇ ਦੇ ਹਲ਼-ਪੰਜਾਲ਼ੀ ਬਣਾਏ ਗਏ।
ਰਾਜੇ ਜਨਕ ਨੇ ਖੇਤ ਵਿੱਚ ਹਲ਼ ਜੋੜਿਆ। ਪਿੱਛੇ ਪਿੱਛੇ ਰਾਣੀ ਮਗਰੀ ਮਾਰ ਬੀਜ ਕੇਰਨ ਲੱਗੀ। ਹਲ਼ ਦੇ ਫਾਲ਼ੇ ਨਾਲ ਖੇਤ ’ਚ ਦੱਬੀ ਤੌੜੀ ਉੱਖੜ ਕੇ ਬਾਹਰ ਨਿਕਲ ਆਈ।
ਰਾਜੇ ਨੇ ਹਲ਼ ਰੋਕ ਤੌੜੀ ਚੁੱਕ ਲਈ। ਚੱਪਣੀ ਲਾਹ ਕੇ ਵੇਖਿਆ ਤਾਂ ਨਵੀਂ ਜੰਮੀ ਬੱਚੀ ਅੰਗੂਠਾ ਮੂੰਹ ’ਚ ਪਾਈ ਚੁੰਘ ਰਹੀ ਸੀ। ਰਾਣੀ ਨੇ ਬੱਚੀ ਨੂੰ ਤੌੜੀ ’ਚੋਂ ਕੱਢ ਗੋਦ ’ਚ ਸੰਭਾਲ ਲਿਆ। ਰੱਬ ਦਾ ਸ਼ੁਕਰ ਕੀਤਾ। ਪਾਪ ਹੋਣੋ ਬਚ ਗਿਆ। ਜੇ ਉਹ ਹਲ ਨਾ ਜੋੜਦੇ ਤਾਂ ਇਹ ਬੱਚੀ ਤੌੜੀ ’ਚ ਦੱਬੀ-ਦਬਾਈ ਹੀ ਦਮ ਘੁੱਟਕੇ ਮਰ ਜਾਣੀ ਸੀ। ਇਸ ਪਾਪ ਦੀ ਸਜ਼ਾ ਰਾਜੇ ਦੇ ਨਾਲ-ਨਾਲ ਪਰਜਾ ਨੂੰ ਵੀ ਭੁਗਤਣੀ ਪੈਣੀ ਸੀ।
ਸਾਰੇ ਸੋਚਣ ਲੱਗੇ, ਇਹ ਕਾਰਾ ਕਿਸਨੇ ਕੀਤਾ ਹੋਵੇਗਾ!??
ਰਾਜੇ ਨੇ ਮਾਵਾਂ ਬਣਨ ਵਾਲੀਆਂ ਤੀਮੀਆਂ ਉੱਤੇ ਸਖ਼ਤ ਚੌਕਸੀ ਰੱਖਣ ਦਾ ਹੁਕਮ ਦੇ ਦਿੱਤਾ। ਨਾਲੇ ਇਸ ਅਨਿਆਂ ਤੇ ਪਾਪ ਦੀ ਰੱਬ ਕੋਲੋਂ ਮਾਫ਼ੀ ਮੰਗੀ।
ਰਾਣੀ ਤੇ ਰਾਜੇ ਨੇ ਸਿਆੜ ’ਚੋਂ ਨਿਕਲੀ ਇਸ ਬੱਚੀ ਦਾ ਨਾਮ ਸੀਤਾ ਰੱਖਿਆ ਅਤੇ ਇਸ ਨੂੰ ਆਪਣੀ ਧੀ ਜਾਣ ਪਾਲਣ ਦਾ ਬਚਨ ਲਿਆ।
ਲੋਕ ਧੀਆਂ ਨੂੰ ਧਰਤੀ ਵਾਂਗ ਹੀ ਪਿਆਰ ਕਰਨ ਲੱਗੇ।
ਥੋੜ੍ਹੇ ਦਿਨਾਂ ਬਾਅਦ ਕਾਲੀਆਂ ਘਟਾਵਾਂ ਚੜ੍ਹ ਆਈਆਂ। ਰਾਜੇ ਜਨਕ ਦੇ ਰਾਜ ਵਿੱਚ ਮੁੜ ਲਹਿਰਾਂ ਬਹਿਰਾਂ ਹੋ ਗਈਆਂ।
ਰਾਣੀ ਸੁਨੈਣਾ (ਸੁਨਯਨਾ) ਦੀ ਸੁੰਨੀ ਸੁੱਕੀ ਕੁੱਖ ਵੀ ਹਰੀ ਹੋਣ ਲੱਗੀ।
ਸੀਤਾ ਮੁਟਿਆਰ ਹੋ ਗਈ।
ਰਾਜੇ ਜਨਕ ਨੇ ਉਸਦਾ ਸਵੰਬਰ ਰਚਾਇਆ। ਸ਼ਰਤ ਇਹ ਲਾਈ ਕਿ ਜਿਹੜਾ ਸ਼ਿਵਜੀ ਦੇ ਧੁਣਖ ਨੂੰ ਚੁੱਕ ਕੇ ਚਿੱਲ੍ਹਾ ਚੜ੍ਹਾਵੇਗਾ ਸੀਤਾ ਉਸ ਦੇ ਗੱਲ ਵਿੱਚ ਵਰਮਾਲਾ ਪਾ ਦੇਵੇਗੀ।
ਇਹ ਧੁਣਖ ਸੀਤਾ ਸੁਭਾਇਕੀ ਹੀ ਚੁੱਕ-ਧਰ ਲੈਂਦੀ ਹੁੰਦੀ ਸੀ।
ਬਹੁਤ ਰਾਜੇ ਆਏ। ਰੌਣ (ਰਾਵਣ) ਵੀ ਆਇਆ। ਕਿਸੇ ਤੋਂ ਵੀ ਧੁਣਖ ਨਹੀਂ ਹਿੱਲਿਆ।
ਰਾਮ ਦੀ ਵਾਰੀ ਆਈ। ਰਾਮ ਜੀ ਨੇ ਧੁਣਖ ਚੁਕ ਕੇ ਚਿੱਲਾ ਚੜ੍ਹਾਇਆ ਤੇ ਕੰਨ ਤੱਕ ਖਿੱਚਿਆ। ਧੁਣਖ ਤੜੱਕ ਕਰਕੇ ਟੁੱਟ ਗਿਆ।
ਸੀਤਾ ਨੇ ਉਸ ਦੇ ਗਲ ਵਿੱਚ ਵਰਮਾਲਾ ਪਾ ਦਿੱਤੀ।
ਰਾਮ ਸੀਤਾ ਨੂੰ ਲੈ ਕੇ ਅਯੋਧਿਆ ਆ ਗਿਆ। ਦਸਰਥ ਬਹੁਤ ਪ੍ਰਸੰਨ ਹੋਇਆ।
ਇੱਕ ਵਾਰ ਯੁੱਧ ਵਿੱਚ ਦਸਰਥ ਦੇ ਰੱਥ ਦੇ ਪਹੀਏ ਦਾ ਧੁਰਾ ਟੁੱਟ ਗਿਆ। ਰਾਣੀ ਕੈਕਯੀ ਨਾਲ ਸੀ। ਰਾਣੀ ਨੇ ਰਾਜੇ ਨੂੰ ਪਤਾ ਲੱਗਣ ਤੋਂ ਬਿਨਾਂ ਹੀ ਆਪਣੀ ਬਾਂਹ ਦੇ ਜ਼ੋਰ ਪਹੀਏ ਦਾ ਧੁਰਾ ਸੰਭਾਲੀ ਰੱਖਿਆ। ਰਾਜਾ ਯੁੱਧ ਜਿੱਤ ਗਿਆ।
ਦਸਰਥ ਨੇ ਰਾਣੀ ਦੀ ਛਿੱਲੀ ਬਾਂਹ ਵੇਖੀ। ਰਾਣੀ ਨੇ ਸਾਰੀ ਗੱਲ ਦੱਸ ਦਿੱਤੀ। ਰਾਜੇ ਨੇ ਬਚਨ ਦਿੱਤਾ, ‘ਇਸ ਬਦਲੇ ਜਦੋਂ ਵੀ ਤੂੰ ਜੋ ਮੰਗੇਂਗੀ ਮੈਂ ਤੈਨੂੰ ਦਵਾਂਗਾ।’
ਮਤਰੇਈ ਮਿੱਟੀ ਦੀ ਵੀ ਮਾੜੀ ਹੋਆ।
ਰਾਮ ਨੂੰ ਰਾਜਗੱਦੀ ਦੇਣ ਦਾ ਵੇਲਾ ਆਇਆ। ਕੈਕਯੀ ਨੇ ਦਸਰਥ ਨੂੰ ਆਪਣਾ ਬਚਨ ਯਾਦ ਕਰਵਾਇਆ। ਉਸਨੇ ਰਾਮ ਲਈ ਚੌਦਾਂ ਬਰਸ ਦਾ ਬਣਵਾਸ ਮੰਗਿਆ ਅਤੇ ਆਪਣੇ ਪੁੱਤਰ ਭਰਤ ਲਈ ਰਾਜਗੱਦੀ।
ਭਰਤ ਆਪ ਸਿੰਘਾਸਨ ਉੱਤੇ ਨਹੀਂ ਬੈਠਾ। ਆਪਣੇ ਮਤਰੇਏ ਭਰਾ ਰਾਮ ਦੀਆਂ ਖੜਾਵਾਂ ਸਿੰਘਾਸਨ ਉੱਤੇ ਰੱਖਕੇ ਰਾਜਭਾਗ ਚਲਾਉਣ ਲੱਗਾ।
ਰਾਮ ਨਾਲ ਸੀਤਾ ਤੇ ਲਛਮਣ ਵੀ ਬਣਵਾਸ ਨੂੰ ਗਏ। ਰਾਜਾ ਦਸਰਥ ਝੋਰੇ ਨਾਲ ਮਰ ਗਿਆ।
ਤਿੰਨੋ ਜਣੇ ਕਿੰਨੇ ਹੀ ਸਾਲ ਵਣਾਂ ਵਿੱਚ ਭਟਕਦੇ ਰਹੇ। ਅਖੀਰ ਵਣਾਂ ਵਿੱਚ ਕੁਟੀਆ ਪਾ ਕੇ ਰਹਿਣ ਲੱਗੇ। ਇਹ ਵਣ ਰਾਖਸਾਂ ਦੇ ਸਨ ਜਿਨ੍ਹਾਂ ਦਾ ਰਾਜਾ ਰੌਣ ਸੀ। ਰੌਣ ਨੇ ਸਮੁੰਦਰ ਦੇ ਗੱਭੇ ਸੋਨੇ ਦੀ ਲੰਕਾ ਬਣਾਈ ਹੋਈ ਸੀ। ਉਹ ਉੱਥੇ ਰਹਿੰਦਾ ਸੀ।
ਇਕ ਦਿਨ ਰਾਮਕੁਟੀ ਕੋਲ ਰੌਣ ਦੀ ਭੈਣ ਸਰੂਪਨਖਾ ਆ ਗਈ। ਉਹ ਰਾਮ ਉੱਤੇ ਮੋਹਤ ਹੋ ਗਈ। ਰਾਮ ਨੇ ਉਸਨੂੰ ਮਖੌਲ ਮਖੌਲ ਵਿੱਚ ਲਛਮਣ ਕੋਲ ਭੇਜ ਦਿੱਤਾ। ਲਛਮਣ ਵੀ ਉਸਨੂੰ ਮਖੌਲ ਕਰਨ ਲੱਗਾ। ਮਖੌਲ-ਮਖੌਲ ਵਿੱਚ ਉਹ ਖਿੱਝ ਗਈ। ਖਿੱਝੀ ਹੋਈ ਸਰੂਪਨਖਾਂ ਸੀਤਾ ਉੱਤੇ ਝਪਟ ਪਈ। ਗੁੱਸੇ ’ਚ ਆਏ ਲਛਮਣ ਨੇ ਉਸਦੇ ਨੱਕ-ਕੰਨ ਵੱਢ ਦਿੱਤੇ।
ਉਹ ਲਹੂ-ਲੁਹਾਣ ਹੋਈ ਦੁਹਾਈ ਪਾਉਂਦੀ ਵਣਾਂ ’ਚ ਦੌੜ ਗਈ। ਉਸਦੇ ਭਰਾ ਆ ਗਏ। ਯੁੱਧ ਹੋਇਆ ਅਤੇ ਉਹ ਮਾਰੇ ਗਏ। ਰੌਣ ਨੂੰ ਪਤਾ ਲੱਗਾ। ਉਹ ਗਿਆਨੀ ਬੰਦਾ ਸੀ। ਉਸਨੂੰ ਚਾਰੇ ਵੇਦ ਮੂੰਹ-ਜ਼ੁਬਾਨੀ ਯਾਦ ਸਨ। ਕਾਲ ਨੂੰ ਉਸਨੇ ਆਪਣੇ ਮੰਜੇ ਦੇ ਪਾਵੇ ਨਾਲ ਬੰਨ੍ਹ ਰੱਖਿਆ ਸੀ।
ਉਸਨੇ ਮਰੀਚ ਰਿਸ਼ੀ ਨੂੰ ਸੋਨੇ ਦਾ ਮਿਰਗ ਬਣਾ ਲਿਆ। ਮਿਰਗ ਕੁਟੀਆ ਕੋਲ ਨੂੰ ਲੰਘਿਆ। ਸੀਤਾ ਨੇ ਸੋਨੇ ਦਾ ਮਿਰਗ ਫੜ ਲੈ ਆਉਣ ਦੀ ਜ਼ਿੱਦ ਕੀਤੀ। ਰਾਮ ਮਿਰਗ ਫੜਣ ਚਲੇ ਗਿਆ। ਜਦੋਂ ਉਹ ਬਹੁਤ ਦੇਰ ਨਾ ਮੁੜਿਆ ਤਾਂ ਲਛਮਣ ਉਸਨੂੰ ਲੱਭਣ ਗਿਆ। ਜਾਂਦਾ ਹੋਇਆ ਸੀਤਾ ਦੁਆਲੇ ਕਾਰ ਕੱਢ ਗਿਆ।
ਰੌਣ ਮੌਕਾ ਤਾੜ ਸਾਧੂ ਦਾ ਭੇਸ ਬਣਾ ਸੀਤਾ ਨੂੰ ਛਲਣ ਲੱਗਾ। ਸੀਤਾ ਰੌਣ ਨੂੰ ਸਾਧ ਸਮਝ ਕਾਰ ਟੱਪ ਆਈ, ਭਿਖਸ਼ਾ ਪਾਉਣ ਲਈ। ਰੌਣ ਉਸਨੂੰ ਚੁੱਕ ਲੈ ਗਿਆ।
ਵਿਚਾਰੀ ਸੀਤਾ ਛਲੀ ਗਈ! ਉਹ ਵਾਹ ਜਹਾਨ ਦੀ ਲਾ ਥੱਕੀ ਪਰ ਰੌਣ ਨੇ ਨਾ ਛੱਡੀ! ਸੀਤਾ ਬਹੁਤ ਲੜੀ ਸੀ ਰੌਣ ਨਾਲ।
ਵਾਪਸ ਆ ਰਾਮ ਬਹੁਤ ਕੁਰਲਾਇਆ। ਦੋਵੇਂ ਭਰਾ ਜੀਭਿਆਣੇ ਵਣਾਂ ’ਚ ਭਟਕਦੇ ਰਹੇ।
ਉਨ੍ਹਾਂ ਨੂੰ ਬਾਂਦਰਾਂ ਦਾ ਰਾਜਾ ਸੁਗ੍ਰੀਵ ਮਿਲਿਆ। ਰਾਮ ਨੇ ਉਸ ਨੂੰ ਆਪਣਾ ਦੁੱਖ ਸੁਣਾਇਆ। ਉਹ ਵੀ ਬਹੁਤ ਦੁਖੀ ਸੀ ਕਿਉਂਕਿ ਉਸਦਾ ਰਾਜਭਾਗ ਤੇ ਘਰਵਾਲੀ ਵੀ ਉਸਦੇ ਭਰਾ ਬਾਲੀ ਨੇ ਖੋਹ ਲਈ ਹੋਈ ਸੀ।
ਰਾਮ ਨੇ ਉਸਦੀ ਮਦਦ ਵਾਸਤੇ ਬਾਲੀ ਨੂੰ ਧੋਖੇ ਨਾਲ ਮਾਰ ਦਿੱਤਾ ਅਤੇ ਸੁਗ੍ਰੀਵ ਦੀ ਘਰਵਾਲੀ ਤੇ ਰਾਜ ਵਾਪਸ ਲੈ ਦਿੱਤੇ।
ਸੁਗ੍ਰੀਵ ਤੇ ਉਸਦੀ ਬਾਂਦਰ ਸੈਨਾ ਦਾ ਜਰਨੈਲ ਹਨੂਮਾਨ ਰਾਮ ਦੇ ਭਗਤ ਹੋ ਗਏ।
ਉੱਧਰ ਰੌਣ ਆਪਣੀ ਕੈਦ ਵਿੱਚ ਬੰਦ ਸੀਤਾ ਉੱਤੇ ਉਸਦੀ ਰਾਣੀ ਬਣ ਜਾਣ ਲਈ ਜ਼ੋਰ ਪਾਉਂਦਾ ਰਿਹਾ ਪਰ ਉਹ ਇੱਕੋ ਗੱਲ ਉੱਤੇ ਪੱਕੀ ਰਹਿ ਕੇ ਇਹੋ ਕਹਿੰਦੀ ਰਹੀ, ‘ਬਿੱਧਮਾਤਾ ਨੇ ਇਕੋ ਪਤੀ-ਪਤਨੀ ਦਾ ਵਿਧਾਨ ਬਣਾਇਆ ਹੈ!!’
ਹਨੂਮਾਨ ਨੇ ਸੀਤਾ ਦੀ ਪੈੜ ਕੱਢ ਲਈ। ਬਾਂਦਰ ਸੈਨਾ ਨੇ ਸਮੁੰਦਰ ਨੂੰ ਪੁਲ ਲਾ ਕੇ ਜਾ ਲੰਕਾ ਘੇਰੀ। ਹਨੂਮਾਨ ਨੇ ਲੰਕਾ ਨੂੰ ਲਾਂਬੂ ਲਾ ਦਿੱਤੇ। ਘੋਰ ਯੁੱਧ ਮੱਚਿਆ।
ਲਛਮਣ ਦੇ ਤੀਰ ਵੱਜਾ। ਉਹ ਮੂਰਛਤ ਹੋ ਗਿਆ। ਹਨੂਮਾਨ ਉੱਡ ਕੇ ਸੰਜੀਵਨੀ ਬੂਟੀ ਲੈਣ ਹਿਮਾਲਾ ਪਰਬਤ ਪਹੁੰਚ ਗਿਆ। ਬੂਟੀ ਤਾਂ ਪਛਾਣੀ ਨਾ ਗਈ, ਉਹ ਪਹਾੜ ਹੀ ਚੁੱਕ ਲਿਆਇਆ। ਲਛਮਣ ਨੌ-ਬਰ-ਨੌ ਹੋ ਗਿਆ। ਅਖੀਰ ਰੌਣ ਨੂੰ ਮਾਰ ਦਿੱਤਾ।
ਰਾਮ ਨੂੰ ਸੀਤਾ ਉੱਤੇ ਸ਼ੱਕ ਰਹਿੰਦਾ। ਸੀਤਾ ਅੱਗ ਵਿੱਚ ਖੜ੍ਹ ਗਈ। ਉਹ ਸੁੱਚੀ ਸੀ। ਅੱਗ ਨੇ ਉਸ ਨੂੰ ਕੁਸ ਨਹੀਂ ਕਿਹਾ।
ਰਾਮ ਦਾ ਚੌਦਾਂ ਸਾਲ ਦਾ ਬਣਵਾਸ ਪੂਰਾ ਹੋਇਆ। ਦੀਵਾਲੀ ਵਾਲੇ ਦਿਨ ਉਹ ਸਾਰੇ ਅਯੁੱਧਿਆ ਮੁੜ ਆਏ। ਕੱਤਕ ਦੀ ਮੱਸਿਆ ਵਾਲੇ ਦਿਨ।
ਰਾਮ ਜੀ ਅਯੁੱਧਿਆ ਦੇ ਸਿੰਘਾਸਨ ਉੱਤੇ ਬੈਠੇ।
ਲੋਕ ਗੱਲਾਂ ਕਰਦੇ ਅਖੇ, ਸੀਤਾ ਸੁੱਚੀ ਕਿਵੇਂ ਰਹਿ ਗਈ ਰੌਣ ਦੀ ਕੈਦ ਵਿੱਚ !?
ਰਾਮ ਨੇ ਲੋਕਾਂ ਦੇ ਕਹੇ ’ਤੇ ਸੀਤਾ ਨੂੰ ਫੇਰ ਘਰੋਂ ਕੱਢ ਦਿੱਤਾ। ਉਸ ਦੇ ਬੱਚਾ ਹੋਣ ਵਾਲਾ ਸੀ। ਉਹ ਬਾਲਮੀਕ ਦੇ ਆਸ਼ਰਮ ਵਿੱਚ ਚਲੀ ਗਈ। ਉੱਥੇ ਹੀ ਉਸ ਨੇ ਜੌੜੇ ਬੱਚੇ ਜੰਮੇ, ਲਵ ਤੇ ਕੁਸ਼। ਲਵ ਕੁਸ਼ ਜਦੋਂ ਵੱਡੇ ਹੋਏ ਤਾਂ ਬਾਲਮੀਕ ਨੇ ਉਨ੍ਹਾਂ ਨੂੰ ਰਾਮਾਇਣ ਯਾਦ ਕਰਵਾ ਦਿੱਤੀ।
ਉਹ ਰਾਮ ਦੇ ਨਗਰਾਂ ਵਿੱਚ ਵੀ ਰਾਮਾਇਣ ਗਾਉਣ ਚਲੇ ਜਾਂਦੇ।
ਰਾਮ ਨੇ ਯੱਗ ਕਰਨ ਬਾਰੇ ਸੋਚਿਆ। ਯੱਗ ਰਾਣੀ ਤੋਂ ਬਗੈਰ ਨਹੀਂ ਹੋਵੈ ਤਾ। ਰਾਣੀ ਨੂੰ ਤਾਂ ਉਸ ਨੇ ਘਰੋਂ ਕੱਢ ਦਿੱਤਾ ਸੀ।
ਰਾਮ ਦੇ ਮੋਹਤਵਰ ਸੀਤਾ ਨੂੰ ਲਿਆਉਣ ਗਏ। ਸੀਤਾ ਨਾ ਮੰਨੀ।
ਬਾਮਣਾ ਨੇ ਸੋਨੇ ਦੀ ਸੀਤਾ ਬਣਾ ਕੇ ਰਾਮ ਗੈਲ ਬਠਾ ਲਈ।
ਯੱਗ ਪੂਰਾ ਕਰ ਲਿਆ।
ਰਾਮ ਨੇ ਯੱਗ ਦਾ ਘੋੜਾ ਛੱਡਿਆ। ਲਵ ਕੁਸ਼ ਨੇ ਯੱਗ ਵਾਲਾ ਘੋੜਾ ਫੜ ਲਿਆ। ਘੋਰ ਯੁੱਧ ਮੱਚਿਆ। ਲਵ ਕੁਸ਼ ਨੇ ਰਾਮ ਦੀ ਸੈਨਾ ਮੂਰਛਤ ਕਰ ਦਿੱਤੀ ਸਣੇ ਲਛਮਣ, ਹਨੂਮਾਨ ਦੇ।
ਰਾਮ ਥਾਏਂ ਖੜ੍ਹਾ ਰਹਿ ਗਿਆ।
ਲਵ ਕੁਸ਼ ਨੇ ਸੀਤਾ ਨੂੰ ਪੁੱਛਿਆ, ‘ਮਾਤੇ, ਇਹ ਕੌਣ ਨੇ’!
ਸੀਤਾ ਬੋਲੀ, ‘ਤੁਹਾਡੇ ਬਾਪੂ ਜੀ ਨੇ।’
ਧਰਤੀ ਦਾ ਕੜ ਪਾਟ ਗਿਆ। ਸੀਤਾ ਉਸ ਵਿੱਚ ਸਮਾ ਗਈ।’
ਇਸ ਤੋਂ ਬਾਅਦ ਅੰਮਾ ਦੇਵਕੀ ਦੇ ਗਲੇਡੂ ਭਰ ਆਉਂਦੇ। ਉਸ ਦੀ ਘੰਡੀ ’ਚੋਂ ਮਸਾਂ ਹੀ ਸੀਤਾ ਮਈਆ ਦੀ ਜੈ ਦਾ ਬੋਲਾ ਨਿਕਲਦਾ।
ਕਈ ਵਾਰ ਵਿਹੜੇ ਵਿੱਚ ਖੜ੍ਹੀ ਕਿੱਕਰ ਉੱਤੇ ਆਲ੍ਹਣਾ ਪਾਉਣ ਵਾਸਤੇ ਕਾਟੋ ਧੁੱਪੇ ਸੁੱਕਣੀ ਪਾਈ ਕਪਾਹ ਦੀਆਂ ਫੁੱਟੀਆਂ ਅਤੇ ਰਜਾਈਆਂ ਵਿੱਚੋਂ ਲੋਗੜ ਕੱਢ ਕੱਢ ਲੈ ਜਾਣ ਲਗਦੀ। ਅਸੀਂ ਉਸਨੂੰ ਮਾਰਨ ਦੌੜਨਾ। ਅੰਮਾ ਨੇ ਸਾਨੂੰ ਰੋਕ ਦੇਣਾ। ਕਾਟੋ ਨੂੰ ਵੇਖ ਅੰਮਾ ਮੱਥਾ ਟੇਕਣ ਵਾਂਗ ਦੱਸਣ ਲੱਗਦੀ, ‘ਇਸ ਨੂੰ ਨਾ ਛੇੜੋ ਯੌਹ ਸੀਤਾ ਮਾਤਾ ਦੀ ਸਹੇਲੀ ਹੋਆ ਰਾਮ ਭਗਤਣੀ ਹੈ ਵਿਚਾਰੀ। ਸੀਤਾ ਦੀ ਕੈਦ ਤੋਂ ਯੋਹ ਵੀ ਬਹੁਤ ਤੰਗ ਹੋਐ ਤੀ। ਜਦੋਂ ਬਾਂਦਰ ਸੈਨਾ ਲੰਕਾ ਨੂੰ ਜਾਣ ਵਾਸਤੇ ਸਮੁੰਦਰ ਨੂੰ ਪੁਲ ਲਾ ਰਹੀ ਤੀ ਤਾਂ ਯੌਹ ਵੀ ਸਮੁੰਦਰ ਮਾ ਨਹਾਕੈ ਬਰੇਤੀ ਉੱਤੇ ਲੇਟਣ ਲੱਗੈ। ਲੇਟ ਲੇਟ ਆਪਣਾ ਪਿੰਡਾ ਰੇਤੇ ਮਾ ਲਬੇੜਕੇ ਪੁਲ ਉੱਤੇ ਜਾ ਚੜੈ। ਪਿੰਡਾ ਹਲਾ ਹਲਾ ਸਾਰਾ ਰੇਤਾ ਉਥੇ ਝਾੜ ਆਵੈ। ਇਸਨੂੰ ਵੇਖ ਵੇਖ ਬਾਂਦਰ ਸੈਨਾ ਹੱਸਣ ਲੱਗੀ। ਰਾਮ ਬੋਲੋ, ‘ਹੱਸੋ ਨਾ ਬਈ, ਯੌ ਵੀ ਤੀਮੀਂ ਮਾਨੀ ਹੋਆ। ਯੌ ਸੀਤਾ ਕਾ ਦੁੱਖ-ਦਰਦ ਜਾਣੈ।’
ਰਾਮ ਨੇ ਇਸ ਨੂੰ ਪਾਸ ਬੁਲਾਇਆ। ਇਸ ਦੀ ਪਿੱਠ ਉੱਤੇ ਹੱਥ ਫੇਰਿਆ। ਰਾਮ ਦਾ ਪੰਜਾ ਇਸ ਦੇ ਪਿੰਡੇ ਉੱਤੇ ਛਪ ਗਿਆ। ਇਸ ਉੱਤੇ ਪਈਆਂ ਧਾਰੀਆਂ ਰਾਮ ਦੇ ਪੰਜੇ ਕਾ ਛਾਪਾ ਹੋਆ।’ ਕਾਟੋ ਬਾਰੇ ਦੱਸਦਿਆਂ ਅੰਮਾ ਦੇਵਕੀ ਦੇ ਨੈਣ ਭਰ ਆਉਂਦੇ ਜਿਵੇਂ ਸੀਤਾ ਹਾਲੇ ਵੀ ਰਾਵਣ ਦੀ ਕੈਦ ਵਿੱਚ ਹੀ ਬੰਦ ਹੋਵੇ। ਅਸੀਂ ਕਾਟੋ ਨੂੰ ਹੋਰ ਵੀ ਧਿਆਨ ਨਾਲ ਨਿਹਾਰਨ ਲੱਗਦੇ। ਸਾਡੇ ਮਨਾਂ ਅੰਦਰ ਕਾਟੋ ਦਾ ਹੋਰ ਹੀ ਤਰ੍ਹਾਂ ਦਾ ਬਿੰਬ ਬਣ ਜਾਂਦਾ!
ਅੰਮਾ ਦੀ ਰਾਮਾਇਣ ਵਿੱਚ ਰਾਵਣ ਦੀਆਂ ਰਾਣੀਆਂ ਸਮੇਤ ਲੰਕਾ ਦੇ ਤੀਵੀਂ-ਲੋਕ ਦਾ ਸੀਤਾ ਪ੍ਰਤੀ ਹਮਦਰਦੀ ਵਾਲਾ ਬਿਰਤਾਂਤ ਖ਼ਾਸ ਅੰਦਾਜ਼ ਵਿੱਚ ਸਿਰਜਿਆ ਜਾਂਦਾ ਸੀ। ਉਹ ਰਾਵਣ ਵੱਲੋਂ ਆਪਣੀ ਭੈਣ ਸਰੂਪਨਖਾ ਦੀ ਬੇਇੱਜ਼ਤੀ ਦਾ ਬਦਲਾ ਰਾਮ ਤੇ ਲਛਮਣ ਤੋਂ ਲੈਣ ਦੀ ਗੱਲ ਕਰਦੀਆਂ ਸਨ। ਸੀਤਾ ਨੂੰ ਚੁੱਕ ਲਿਆਉਣ ਨੂੰ ਉਹ ਸੁਧਾ ਧੱਕਾ ਤੇ ਕਾਇਰਤਾ ਵਾਲਾ ਕਾਰਨਾਮਾ ਆਖਦੀਆਂ ਸਨ।
ਜਟਾਊ ਦੀ ਬੀਰ ਭਗਤੀ ਅਤੇ ਕੁਰਬਾਨ ਹੋ ਜਾਣ ਦੇ ਜਜ਼ਬੇ ਦੀ ਪ੍ਰਸੰਸਾ ਕਰਦੀ ਅੰਮਾ ਸਾਨੂੰ ਸੀਤਾ ਦੀ ਦਲੇਰੀ ਦੀ ਵਾਰ ਗਾਉਂਦੀ ਲਗਦੀ। ਉਹ ਦੱਸਦੀ ਸੀਤਾ ਕਿਵੇਂ ਰਾਵਣ ਦਾ ਮੂੰਹ ਆਪਣੇ ਨਹੁੰਆਂ ਨਾਲ ਵਲੂੰਧਰਦੀ ਅਤੇ ਉਸ ਦੀਆਂ ਬਾਹਾਂ ਉੱਤੇ ਦੰਦੀਆਂ ਵੱਢਦੀ।
ਜਟਾਊ ਤੇ ਸੀਤਾ ਦੇ ਇਹ ਪ੍ਰਸੰਗ ਬੀਰ ਰਸ ਨਾਲ ਭਰੇ ਹੁੰਦੇ ਸਨ। ਜਟਾਊ ਗਰੁੜ ਦਾ ਪੁੱਤ ਸੀ। ਗਰੁੜ ਬਾਰੇ ਅੰਮਾ ਬੋਲਦੀ। ‘ਅਸੀਂ ਦੁਸਹਿਰੇ ਵਾਲੇ ਦਿਨ ਸ਼ੁਭ ਮੰਨੇ ਜਾਂਦੇ ਦਰਸ਼ਨਾਂ ਵਾਸਤੇ ਪਿੰਡ ਨਾਲ ਵਗਦੀ ਨਦੀ ਦੇ ਰੁੱਖਾਂ ਉੱਤੇ ਇਸ ਨੂੰ ਵੇਖਣ ਜਾਂਦੇ ਹੁੰਦੇ ਸਾਂ। ਜੇਕਰ ਉਸ ਦਾ ਝੜਿਆ ਕੋਈ ਖੰਭ ਲੱਭ ਜਾਂਦਾ ਤਾਂ ਉਸ ਨੂੰ ਅਸ਼ੀਰਵਾਦ ਸਮਝ ਆਦਰ ਨਾਲ ਘਰ ਲੈ ਆਉਂਦੇ, ਅੰਮਾ ਦੀ ਰੀਸੇ ਅਸੀਂ ਸਾਰੇ ਇਸਨੂੰ ਗੈੜਫੰਗ ਬੋਲਦੇ।
ਰਾਮ ਜੀ ਵਿਸ਼ਨੂੰ ਦੇ ਸੱਤਵੇਂ ਅਵਤਾਰ ਸਨ ਅਤੇ ਗਰੁੜ ਵਿਸ਼ਨੂੰ ਜੀ ਦਾ ਵਾਹਨ ਪੰਛੀ ਹੈ।
ਅੰਮਾ ਦੀ ਰਾਮਾਇਣ ਸਾਰੇ ਰਸਾਂ ਦੀ ਦਾਤੀ ਸੀ। ਇਸ ਪ੍ਰਤੀ ਸਾਡੀ ਸੁਣਨ ਜਗਿਆਸਾ ਬਣਾਕੇ ਰੱਖਣਾ ਅੰਮਾ ਦੀ ਵਾਰਤਾ ਸ਼ੈਲੀ ਦਾ ਮੀਰੀ ਗੁਣ ਸੀ!
ਅੰਮਾ ਦੀ ਰਾਮਾਇਣ ਸਾਰੇ ਰਸਾਂ ਦੀ ਦਾਤੀ ਸੀ। ਇਸ ਪ੍ਰਤੀ ਸਾਡੀ ਸੁਣਨ ਜਗਿਆਸਾ ਬਣਾ ਕੇ ਰੱਖਣਾ ਅੰਮਾ ਦੀ ਵਾਰਤਾ ਸ਼ੈਲੀ ਦਾ ਮੀਰੀ ਗੁਣ ਸੀ।
ਰਾਮਾਇਣ ਬਾਰੇ ਆਪਣੇ ਅਧਿਐਨ ਦੌਰਾਨ ਮੈਨੂੰ ਸੀਤਾ ਦੇ ਜਨਮ ਬਾਰੇ ਪ੍ਰਚੱਲਤ ਕਥਾਵਾਂ ’ਚੋਂ ਅੰਮਾਂ ਦੀ ਰਮਾਇਣ ਵਾਲੀਆਂ ਦੋ ਗੱਲਾਂ ਕਿਤੇ ਵੀ ਨਹੀਂ ਲੱਭੀਆਂ।
ਪਹਿਲੀ: ਧੀਆਂ ਨੂੰ ਜੰਮਦਿਆਂ ਹੀ ਧਰਤੀ ਵਿੱਚ ਗੱਡ ਕੇ ਮਾਰ ਦੇਣਾ। ਦੂਜੀ, ਵਿਹਲੜ ਰਾਜਿਆਂ ਕਾਰਨ ਕਾਲ ਪੈਣੇ।
ਆਮ ਰੂਪ ਵਿੱਚ ਰਾਜੇ ਜਨਕ ਵੱਲੋਂ ਸੰਤਾਨ ਪ੍ਰਾਪਤੀ ਲਈ ਯੱਗ ਕਰਨ ਵਾਸਤੇ ਭੂਮੀ ਸਾਫ਼ ਕਰਨ ਨੂੰ ਸੀਤਾ ਦੇ ਜਨਮ ਨਾਲ ਜੋੜਿਆ ਗਿਆ ਹੈ ਜਾਂ ਰਾਖ਼ਸਾਂ ਦੇ ਰਾਜੇ ਰਾਵਣ ਦੇ ਮਾਰਨ ਵਾਸਤੇ ਵਿਧਾਤੇ ਦੀ ਵਿਧੀ ਦੇ ਵਿਚਾਰ ਨੂੰ ਆਧਾਰ ਬਣਾ ਲਿਆ ਗਿਆ ਹੈ।
ਅੰਮਾ ਦੀ ਰਾਮਾਇਣ ਤੋਂ ਪਤਾ ਲੱਗਦਾ ਹੈ ਕਿ ਪੰਜਾਬੀ ਲੋਕ ਮਨ ਕਿੰਨਾ ਤਰਸਭਾਵੀ ਤੇ ਕਿਰਤ ਪ੍ਰੇਮੀ ਹੈ। ਇਹ ਔਰਤ ਦੀ ਕੁਦਰਤ ਦੇ ਪਸਾਰੇ ਅੰਦਰ ਮਹਾਨਤਾ ਤੇ ਮਹੱਤਵ ਨੂੰ ਵਾਰ ਵਾਰ ਦ੍ਰਿੜ੍ਹਾਉਂਦਾ ਹੈ। ਕਿਰਤ ਕਰਨਾ ਤਾਂ ਇਸ ਦਾ ਸਾਹ ਹੀ ਹੈ।
ਇਹ ਰਾਮਾਇਣ ਰਾਮ ਦੀ ਥਾਂ ਸੀਤਾ ਅਰਥਾਤ ਔਰਤ ਦੁਆਲੇ ਉਸਰਦੀ ਹੈ। ਇਸ ਦਾ ਖੇਤਰ ਸੀਤਾ ਹੈ। ਇਹ ਮੁੱਖ ਰੂਪ ਵਿੱਚ ਔਰਤ ਦੇ ਸਵੈਮਾਣ ਦੀ ਗੱਲ ਕਰਦੀ ਹੈ, ਰਾਮ ਦੀ, ਰੱਬ ਦੀ ਨਹੀਂ।
ਅੰਮਾ ਯੱਗ ਦੀ ਪੂਰਨਤਾ ਨੂੰ ਸੀਤਾ/ਔਰਤ ਉੱਤੇ ਟਿਕਾਉਂਦੀ ਹੁੰਦੀ ਸੀ ਅਤੇ ਬਾਮਣਾਂ ਦੀ ਯੁਗਤ, ਸੋਨੇ ਦੀ ਸੀਤਾ ਉੱਤੇ ਬਹੁਤ ਹੱਸਦੀ ਹੁੰਦੀ ਸੀ।
ਵਾਰ ਵਾਰ ਪ੍ਰੀਖਿਆ (ਅਗਨੀ) ਦੇਣ ਵੇਲੇ ਸੀਤਾ ਅੰਦਰ ਜਾਗਦੇ ਆਤਮ-ਵਿਸ਼ਵਾਸ ਦੀ ਤੀਬਰਤਾ ਦੇ ਬਿਰਤਾਂਤ ਸਿਰਜਣ ਵੇਲੇ ਅੰਮਾ ਦਾ ਮੁੱਖ ਭਰੋਸੇ ਤੇ ਗੁੱਸੇ ਨਾਲ ਲਾਲੋ-ਲਾਲ ਹੋ ਜਾਂਦਾ ਹੁੰਦਾ ਸੀ।
ਅਯੁੱਧਿਆ ਵਾਪਸ ਆਉਣ ਦੀ ਥਾਂ ਸੀਤਾ ਵੱਲੋਂ ਧਰਤੀ ਅੰਦਰ ਸਮਾ ਜਾਣ ਦਾ ਫ਼ੈਸਲਾ ਅੰਮਾ ਦੇ ਬੋਲਾਂ ਅੰਦਰ ਚੰਡੀ/ਰੱਬੀ ਜਲਾਲ ਭਰ ਦਿੰਦਾ ਸੀ।
ਰਾਮਾਇਣ ਸੁਣਨ ਵੇਲੇ ਅਸੀਂ ਆਪਣੀਆਂ ਨਿਗਾਹਾਂ ਅੰਮਾ ਦੇ ਦਰਸ਼ਨੀ ਮੁੱਖ ਉੱਤੇ ਗੱਡੀ ਰੱਖਦੇ ਸਾਂ। ਅੰਮਾ ਦੇ ਬੋਲ ਸਾਡੇ ਕੰਨਾਂ ਰਾਹੀਂ ਉਸ ਦੇ ਦਿਲ ਦੀ ਧੜਕਣ ਵਾਂਗ ਸਾਡੇ ਦਿਲਾਂ ਨੂੰ ਵੀ ਧੜਕਣ ਬਖ਼ਸ਼ਦੇ। ਟਿਕੀ ਰਾਤ ਇਹ ਰਾਮਾਇਣ ਪੂਰੀ ਹੁੰਦੀ ਸੀ।
ਇਸ ਦਾ ਭੋਗ ਪਾਉਣ ਵੇਲੇ ਅੰਮਾ ਦੇਵਕੀ ਆਪਣੀਆਂ ਭਰੀਆਂ ਅੱਖਾਂ ਪੂੰਝ ਕੇ ਗਿੱਲੇ ਹੱਥ ਸਾਡੇ ਮੂੰਹਾਂ ਉੱਤੇ ਫੇਰ ਫੇਰ ਸਾਡੇ ਨੈਣ ਵੀ ਹੰਝੂਆਂ ਨਾਲ ਭਰ ਦਿੰਦੀ ਹੁੰਦੀ ਸੀ।
ਅੰਮਾ ਦੀ ਰਾਮਾਇਣ ਮਧਰੀ ਹੁੰਦੀ ਅਤੇ ਇਹ ਇੱਕੋ ਵਾਰ ਵਿੱਚ ਪੂਰੀ ਹੋ ਜਾਂਦੀ। ਉਸ ਨੇ ਪਤਾ ਨਹੀਂ ਕਿੰਨੀ ਕੁ ਵਾਰ ਸਾਨੂੰ ਇਹ ਰਾਮਾਇਣ ਸੁਣਾਈ ਹੋਵੇਗੀ। ਹਰ ਵਾਰ ਮੌਕੇ ਅਨੁਸਾਰ ਇਹ ਵੱਖਰੀ ਤੇ ਹੋਰ ਵੀ ਨਵੀਂ-ਨਕੋਰ ਲੱਗਦੀ। ਸਾਡੇ ਦਿਲਾਂ ਨੂੰ ਇਹ ਅਨੋਖੇ ਰਸ ਨਾਲ ਭਰ ਜਾਂਦੀ ਸੀ। ਇਸ ਦੀ ਇਹ ਖ਼ੂਬੀ ਸਾਡੇ ਅੰਦਰ ਇਸ ਨੂੰ ਫੇਰ ਫੇਰ ਸੁਣਨ ਦੀ ਇੱਛਾ ਸਦਾ ਹੀ ਜਗਾਈ ਰੱਖਦੀ ਸੀ।
ਇਸ ਰਾਮਾਇਣ ਨੂੰ ਆਪਣੇ ਚੇਤੇ ’ਚੋਂ ਸਿਮਰਦਿਆਂ ਮੈਨੂੰ ਇਹ ਧਾਰਨਾ ਅੱਜ ਹੋਰ ਵੀ ਸਾਫ਼ ਨਜ਼ਰ ਆਉਣ ਲੱਗਦੀ ਹੈ ਕਿ ਸੁਚੇਤ ਸਾਹਿਤਧਾਰਾ/ ਪਰੰਪਰਾ ਅਨਿਆਂਸ਼ੀਲ ਲੋਕਾਂ ਵੱਲੋਂ ਲੋਕ ਸਾਹਿਤ ਦੇ ਸੱਚ ਨੂੰ ਦਬਾਈ ਰੱਖਣ ਲਈ ਸਦਾ ਤੋਂ ਹੀ ਸਰਗਰਮ ਤੇ ਤਤਪਰ ਰਹੀ ਹੈ।
ਅੰਮਾ ਦੀ ਰਸਨਾ ਤੋਂ ਮੈਂ ਇਹ ਰਾਮਾਇਣ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ (1960 ਈ.) ਦੇ ਮੁੱਢ ਵਿੱਚ ਸੁਣਨੀ ਸ਼ੁਰੂ ਕੀਤੀ ਸੀ। ਪੰਜਾਬੀ ਵਡਾਰੂਆਂ ਦੇ ਮਨ-ਮੱਥਿਆਂ ਅੰਦਰ ਇਹ ਪੀੜ੍ਹੀ-ਦਰ-ਪੀੜ੍ਹੀ ਸ਼ਾਇਦ ਰਿਸ਼ੀ ਵਾਲਮੀਕ ਜੀ ਤੋਂ ਵੀ ਪਹਿਲਾਂ ਸਿਰਜੀ ਗਈ ਹੋਵੇਗੀ।
ਮੇਰਾ ਦਿਲ-ਦਿਮਾਗ਼ ਗਿਆਨ ਦੀ ਗੁਦਗੁਦੀ ਨਾਲ ਇਹ ਜਾਣ ਹੋਰ ਵੀ ਲੈਅਬੱਧ ਹੋਇਆ ਧਕ-ਧਕ ਕਰਨ ਲੱਗਦਾ ਹੈ ਕਿ ਮੇਰੀ ਅੰਮਾ ਐਡੀ ਵੱਡੀ ਲੋਕ-ਲੇਖਕ ਸੀ! ਉਸ ਦੀ ਬੁੱਧਮੱਤ ਨਾਲ ਤੁਰਨ ਦੀ ਲਾਲਸਾ ਅਧੀਨ ਮੈਂ ਉਸ ਦੀ ਰਾਮਾਇਣ ਨੂੰ ਲਿਖਤਬੱਧ ਕਰ ਲਿਆ ਹੈ। ਅੰਮਾ ਪੁਆਧਣ ਸੀ। ਪਿੰਡੋਂ ਪਰਵਾਸ ਕਾਰਨ ਮੇਰੀ ਪੁਆਧੀ ਢਿੱਲੀ ਪੈ ਗਈ ਹੈ। ਇਸ ਲਈ ਮੈਂ ਅੰਮਾ ਦੀ ਰਾਮਾਇਣ ਨੂੰ ਸ਼ੁੱਧ ਪੁਆਧੀ ਰੂਪ ਨਹੀਂ ਦੇ ਸਕਦਾ, ਵਿੱਚ ਵਿੱਚ ਕੋਈ-ਕੋਈ ਸ਼ਬਦ ਅਤੇ ਵਾਕ ਪੁਆਧੀ ਦਾ ਲਿਖ ਦਿੱਤਾ ਹੈ।
ਸੰਪਰਕ: 98880-71992
