ਹੜ੍ਹ ਲੰਘਣ ਤੋਂ ਬਾਅਦ
1988 ’ਚ ਆਏ ਹੜ੍ਹਾਂ ਬਾਰੇ ਵੱਡਿਆਂ ਤੋਂ ਸਿਰਫ਼ ਸੁਣਿਆ ਈ ਸੀ ਤੇ ਜਾਂ ਖ਼ਬਰਾਂ ਦੇਖੀਆਂ ਸੀ ਕਿ ਕਿਵੇਂ ਭਾਰਤੀ ਤੇ ਪਾਕਿਸਤਾਨੀ ਪੰਜਾਬ ਹੜ੍ਹਾਂ ਨੇ ਇੱਕ ਕਰ ਦਿੱਤੇ ਸੀ। 1993 ਦਾ ਹੜ੍ਹ ਹੱਡੀਂ ਹੰਢਾਇਆ ਸੀ। ਜਦੋਂ ਘੱਗਰ ਦਰਿਆ ਨੇ ਬਹੁਤ ਤਬਾਹੀ ਮਚਾਈ ਸੀ। ਮੁੱਛ ਫੁੱਟ ਜਿਹਾ ਈ ਸੀ ਮੈਂ ਉਦੋਂ। ਉਂਜ ਮੇਰੇ ਜੰਮਣ ਤੋਂ ਬਹੁਤ ਸਮਾਂ ਪਹਿਲਾਂ ਜਦੋਂ ਵੱਡੇ ਪਾਣੀ ਆਏ, ਉਦੋਂ ਦੀਆਂ ਗੱਲਾਂ ਸੁਣੀਆਂ ਸੀ। ਅਖੇ ਹੜ੍ਹ ਦਾ ਪਾਣੀ ਜਦੋਂ ਆਉਂਦੈ ਤਾਂ ਝੋਟੇ ਵਾਂਗ ਖੌਰੂ ਪਾਉਂਦਾ ਆਉਂਦਾ ਹੈ। ਸਾਡੇ ਪਿੰਡ ਚੂੜ੍ਹਲ ਕਲਾਂ (ਜ਼ਿਲ੍ਹਾ ਸੰਗਰੂਰ) ਦੇ ਉਪਰਲੀ ਜਾਖਲ ਮੰਡੀ ਵਾਲ਼ੀ ਸਾਈਡ ਸੂਆ ਹੈ, ਜੋ ਉਦੋਂ ਖੁਦ ਵੀ ਐਨ ਭਰਿਆ ਵਗ ਰਿਹਾ ਸੀ। ਜਾਖਲ ਵਾਲ਼ੇ ਪਾਸੇ ਘੱਗਰ ਦਾ ਪਾਣੀ ਟੁੱਟਣ ਲਈ ਪੂਰਾ ਜ਼ੋਰ ਮਾਰ ਰਿਹਾ ਸੀ। ਲੋਕ ਸੂਏ ਦੀ ਪੱਟੜੀ ਨੂੰ ਮਜ਼ਬੂਤ ਕਰਨ ਲਈ ਆਪਣਾ ਜ਼ੋਰ ਲਾ ਰਹੇ ਸਨ। ਸਾਡੇ ਪਿੰਡ ਦੇ ਨੀਵੇਂ ਪਾਸੇ ਵਾਲ਼ੇ ਲੋਕ ਘਰ ਖਾਲੀ ਕਰਕੇ, ਲੋੜੀਂਦਾ ਸਮਾਨ ਲੈ ਉੱਚੇ ਪਾਸੇ, ਕੈਪਟਨ ਅਮਰਿੰਦਰ ਸਿੰਘ ਦੇ ਨਾਨਕੇ ਦੀ ਕੋਠੀ ਵੱਲ, ਜੋ ਸਾਡੇ ਪਿੰਡ ਤੋਂ ਬਾਹਰ ਕਿੱਲੋ ਕੁ ਮੀਟਰ ਦੂਰ ਹੈ, ਚਲੇ ਗਏ। ਸਾਡੇ ਘਰ ਉੱਚੇ ਥਾਂ ’ਤੇ ਸਨ। ਇਹਤਿਆਤ ਵਜੋਂ ਫਿਰ ਵੀ ਅਸੀਂ ਗਲ਼ੀ ਨੂੰ ਵੱਡਾ ਨੱਕਾ ਲਾ ਬੰਦ ਕਰ ਦਿੱਤਾ ਸੀ। ਸੂਏ ਦਾ ਬੰਨ੍ਹ ਟੁੱਟ ਚੁੱਕਿਆ ਸੀ।
ਮੈਂ ਘਰੋਂ ਅੱਖ ਬਚਾ ਕੇ ਪਿੰਡ ਦੇ ਡੇਰੇ ਕੋਲ਼ ਚਲਿਆ ਗਿਆ। ਓਧਰ ਪਿੰਡ ਦਾ ਨੀਵਾਂ ਪਾਸਾ ਸੀ। ਓਧਰ ਸਾਰੇ ਮਕਾਨ ਖਾਲੀ ਸਨ। ਕੋਈ ਜੀਅ ਪਰਿੰਦਾ ਨਹੀਂ ਸੀ ਦਿਸਦਾ। ਸੜਕ ’ਤੇ ਖੜ੍ਹ ਜਦੋਂ ਹੜ੍ਹ ਦੇ ਵਗ ਰਹੇ ਪਾਣੀ ਨੂੰ ਦੇਖਣ ਲੱਗਾ ਤਾਂ ਕੰਬ ਈ ਗਿਆ। ਹੜ੍ਹ ਦਾ ਪਾਣੀ ਬਹੁਤ ਹੀ ਤੇਜ਼ੀ ਨਾਲ਼ ਵਗ ਰਿਹਾ ਸੀ। ਕਪਾਹ ਦੀਆਂ ਛਟੀਆਂ ਦੇ ਛੌਰ, ਤੂੜੀ ਦੇ ਕੁੱਪ ਤੇ ਕਈ ਛੋਟੇ ਵੱਡੇ ਦਰੱਖਤ ਰਿੜ੍ਹੇ ਆ ਰਹੇ ਸਨ ਤੇ ਪਾਣੀ ਦੀ ਆਵਾਜ਼, ਵਾਕਈ ਬਹੁਤ ਭਿਆਨਕ ਸੀ। ਡਰ ਕੇ ਮੈਂ ਜਲਦੀ ਘਰ ਆ ਵੜਿਆ।
ਚਾਰ-ਪੰਜ ਦਿਨਾਂ ਬਾਅਦ ਪਾਣੀ ਉਤਰਨਾ ਸ਼ੁਰੂ ਹੋਇਆ। ਕੜਾਕੇ ਦੀ ਧੁੱਪ ਨਿਕਲੀ ਤੇ ਜਦੋਂ ਬਲਾਸਟ ਹੋਣ ਲੱਗੇ ਤਾਂ ਡਰ ਦਾ ਮਾਹੌਲ ਪੈਦਾ ਹੋ ਗਿਆ। ਫਿਰ ਪਤਾ ਲੱਗਿਆ ਕਿ ਇਹ ਬਲਾਸਟ, ਕਣਕ ਦੇ ਓਹਨਾਂ ਢੋਲਾਂ ਦੇ ਨੇ, ਜੋ ਘਰ ਪਾਣੀ ਵਿੱਚ ਡੁੱਬ ਗਏ ਸਨ। ਢੋਲਾਂ ਵਿਚ ਪਈ ਕਣਕ ਪਾਣੀ ਨਾਲ਼ ਭਿੱਜਣ ਤੋਂ ਬਾਅਦ ਫੁੱਲ ਗਈ ਤੇ ਗੈਸ ਬਣਨ ਤੋਂ ਬਾਅਦ ਢੋਲ ਫਟਣ ਲੱਗੇ। ਫੇਰ ਏਸ ਭਿੱਜੀ ਕਣਕ ਨੇ ਮੁਸ਼ਕ ਫੈਲਾਉਣੀ ਸ਼ੁਰੂ ਕਰ ਦਿੱਤੀ। ਇਹਨਾਂ ਘਰਾਂ ਦੇ ਮਾਲਕ ਤਾਂ ਅਜੇ ਵੀ ਬਾਹਰ ਟੈਂਟਾਂ ਵਿਚ ਈ ਸਨ, ਕੌਣ ਸੰਭਾਲ ਕਰਦਾ? ਏਸ ਮੁਸ਼ਕ ਨੇ ਸਾਡਾ ਸਾਹ ਲੈਣਾ ਦੁੱਭਰ ਕਰ ਦਿੱਤਾ। ਜਿਉਂ-ਜਿਉਂ ਪਾਣੀ ਉਤਰਨਾ ਸ਼ੁਰੂ ਹੋਇਆ, ਤਿਉਂ-ਤਿਉਂ ਲੋਕ ਘਰਾਂ ਨੂੰ ਪਰਤਣੇ ਸ਼ੁਰੂ ਹੋ ਗਏ। ਜਿੱਥੇ ਘਰ ਬਹੁਤ ਨੀਵੇਂ ਸੀ, ਓਥੇ ਬਹੁਤ ਨੁਕਸਾਨ ਹੋਇਆ। ਕਿੰਨੇ ਈ ਘਰ ਢਹਿ-ਢੇਰੀ ਹੋ ਗਏ। ਘਰਾਂ ਵਿੱਚ ਰੱਖੇ ਟਰੰਕ, ਪੇਟੀਆਂ, ਡਬਲਬੈੱਡ, ਸੋਫੇ ਆਦਿ ਤਬਾਹ ਹੋ ਗਏ। ਭਿੱਜੇ ਹੋਏ ਕੱਪੜਿਆਂ ਤੇ ਫਰਨੀਚਰ ’ਚੋਂ ਅਲੱਗ ਤਰਾਂ ਦੀ ਬਦਬੋ ਆਉਣ ਲੱਗੀ। ਹੜ੍ਹ ਦੇ ਮੁਸ਼ਕੇ ਪਾਣੀ ਅਤੇ ਤਬਾਹ ਹੋਈਆਂ ਚੀਜ਼ਾਂ ਵਸਤਾਂ, ਹੜ੍ਹਾਂ ’ਚ ਰੁੜ੍ਹੀਆਂ ਰੇਹਾਂ, ਸਪਰੇਆਂ, ਦਵਾਈਆਂ ਆਦਿ ਦੀ ਰਲ਼ੀ-ਮਿਲੀ ਮੁਸ਼ਕ ਨੇ ਸਰੀਰਾਂ ’ਤੇ ਖਾਜ ਤੇ ਧੱਫੜ ਉਠਾਉਣੇ ਸ਼ੁਰੂ ਕਰ ਦਿੱਤੇ। ਇਸੇ ਤਰ੍ਹਾਂ ਹੈਜ਼ਾ ਫੈਲ ਗਿਆ। ਜ਼ਹਿਰੀਲੇ ਸੱਪ ਤੇ ਹੋਰ ਜ਼ਹਿਰੀਲੇ ਕੀਟ ਪਤੰਗਿਆਂ ਨੇ ਕਈ ਵਿਅਕਤੀਆਂ ਨੂੰ ਨੁਕਸਾਨ ਪਹੁੰਚਾਇਆ। ਸਿਹਤ ਵਿਭਾਗ ਦੀਆਂ ਟੀਮਾਂ ਕਿਸ਼ਤੀ ਰਾਹੀਂ ਮਾੜੀ-ਮੋਟੀ ਦਵਾ-ਦਾਰੂ ਕਰ ਜਾਂਦੀਆਂ।
ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋ ਗਿਆ, ਓਹ ਬਹੁਤ ਚਿਰ ਸੈੱਟ ਨਹੀਂ ਹੋ ਸਕੇ। ਪਿੰਡ ਦੇ ਗ਼ਰੀਬ ਤਬਕੇ ਦੇ ਕਈ ਘਰ ਸਨ, ਜਿਨ੍ਹਾਂ ਦੀਆਂ ਕੁੜੀਆਂ ਦੇ ਦਾਜ-ਦਹੇਜ ਦਾ ਸਾਮਾਨ ਖ਼ਰਾਬ ਹੋ ਗਿਆ ਸੀ। ਭਾਵੇਂ ਕਿ ਪਿੰਡ ਵਾਲਿਆਂ ਓਹਨਾਂ ਘਰਾਂ ਦੀ ਸਹਾਇਤਾ ਵੀ ਕਰੀ, ਪਰ ਖ਼ੁਦ ਟੁੱਟੇ ਲੋਕ ਕਿੰਨਾ ਕੁ ਕਰਦੇ? ਉਦੋਂ ਸਰਕਾਰ ਨੇ ਤਬਾਹ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਤਾਂ ਦਿੱਤਾ ਪਰ ਗਰੀਬਾਂ ਲਈ ਕੁਝ ਨਾ ਕੀਤਾ। ਹਾਂ ਇਹ ਵੀ ਸੱਚਾਈ ਹੈ ਕਿ ਜਿੱਥੇ ਵੱਡੇ ਘਰਾਂ ਦੇ ਕਈ ਜ਼ਿਮੀਂਦਾਰ ਵੀ ਮਿਲ ਮਿਲਾ ਕੇ ਤਕੜਾ ਮੁਆਵਜ਼ਾ ਲੈ ਗਏ ਜਿਨ੍ਹਾਂ ਦੀ ਫ਼ਸਲ ਤਬਾਹ ਨਹੀਂ ਸੀ ਹੋਈ, ਓੱਥੇ ਕਈ ਨੁਕਸਾਨੀਆਂ ਫ਼ਸਲਾਂ ਵਾਲਿਆਂ ਨੂੰ ਉਸ ਸਮੇਂ ਪੰਜਾਹ ਕੁ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਤੁੱਛ ਮੁਆਵਜ਼ਾ ਮਿਲਿਆ ਸੀ। ਅਖ਼ਬਾਰਾਂ ਵਿੱਚ ਖ਼ਬਰਾਂ ਲੱਗੀਆਂ ਤੇ ਸਰਕਾਰ ਦੇ ਬਿਆਨ ਆਏ,”ਇਸ ਧੋਖਾਧੜੀ ਦੀ ਜਾਂਚ ਹੋਊ।” ਪਰ ਹੋਣਾ ਕੀ ਸੀ। ਹੜ੍ਹਾਂ ਵਿਚ ਕਈ ਉੱਜੜ ਗਏ ਤੇ ਕਈ ਆਪਣੀਆਂ ਪੀੜ੍ਹੀਆਂ ਤੱਕ ਵਸਾ ਗਏ। ਕਿੰਨੇ ਈ ਅਫ਼ਸਰ ਆਪਣੇ ਭੜੋਲੇ ਭਰ ਗਏ ਤੇ ਕਈ ਭਰੀਆਂ ਭੜੋਲੀਆਂ ਵਾਲੇ਼ ਜਿਊਂਦੇ ਵੀ ਮਰ ਗਏ।
ਇਹ ਵੀ ਹਕੀਕਤ ਹੈ ਕਿ ਉਦੋਂ ਸਾਡੇ ਘਰਾਂ ਤੱਕ ਬਣਿਆ-ਬਣਾਇਆ ਰਾਸ਼ਨ ਤੇ ਲੋੜੀਂਦੀਆਂ ਹੋਰ ਚੀਜ਼ਾਂ ਵਸਤਾਂ, ਕਿਸ਼ਤੀਆਂ ਰਾਹੀਂ ਜਾਂ ਤਿੰਨ-ਚਾਰ ਫੁੱਟ ਪਾਣੀ ਵਿੱਚੋਂ ਲੰਘ ਕੇ ਆਮ ਲੋਕ ਪਹੁੰਚਾਉਂਦੇ ਰਹੇ ਕਿਉਂਕਿ ਪਿੰਡ ਦੇ ਸਾਰੇ ਪਾਸੇ ਪਾਣੀ ਸੀ, ਸਾਰੇ ਰਸਤੇ ਬੰਦ ਸਨ।
ਜਿੱਥੇ ਮਰੀਆਂ ਜ਼ਮੀਰਾਂ ਵਾਲ਼ੇ, ਮਰਿਆਂ ਤੋਂ ਕੱਫਣ ਉਤਾਰ ਕੇ ਮੋਏ ਸਰੀਰਾਂ ਨੂੰ ਨੰਗਿਆਂ ਕਰ ਰਹੇ ਸਨ, ਓੱਥੇ ਹੀ ਕਈ ਜਾਗਦੀਆਂ ਜ਼ਮੀਰਾਂ ਵਾਲ਼ੇ ਪੰਜਾਬ ਦੇ ਜਾਏ, ਆਪਣੇ ਕੱਪੜੇ ਉਤਾਰ ਸਾਡਾ ਤਨ ਕੱਜ ਰਹੇ ਸਨ।
ਕੁਝ ਲੋਕ ਆਖਦੇ ਨੇ ਕਿ ਭੁੱਖ ਤੇ ਮੁਸੀਬਤ ਬੰਦੇ ਦਾ ਸਬਰ ਖ਼ਤਮ ਕਰ ਦਿੰਦੀਆਂ ਨੇ। ਪਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਬਹੁਤ ਲੋਕ ਦੇਖੇ ਨੇ, ਜਿਨ੍ਹਾਂ ਨੇ ਵੱਡੀਆਂ ਤੋਂ ਵੱਡੀਆਂ ਮੁਸੀਬਤਾਂ ਵੇਲ਼ੇ ਸਬਰ ਦਾ ਪੱਲਾ ਨਹੀਂ ਛੱਡਿਆ। ਉਸ ਮੌਕੇ ਸਾਡੇ ਲਈ ਬਣੇ ਲੰਗਰ ਤੋਂ ਇਲਾਵਾ, ਸੁੱਕਾ ਰਾਸ਼ਨ ਬੇਥਾਹ ਆਇਆ। ਜਿਵੇਂ, ਲੂਣ, ਮਿਰਚ, ਹਲਦੀ, ਪਿਆਜ਼, ਚਾਹ ਪੱਤੀ, ਬੰਦ ਬੋਤਲ ਸਰ੍ਹੋਂ ਦਾ ਤੇਲ, ਡਾਲਡਾ ਘਿਓ, ਖੰਡ ਆਦਿ। ਮਤਲਬ ਰਸੋਈ ਦਾ ਸਾਰਾ ਸਮਾਨ ਹੀ। ਪਸ਼ੂਆਂ ਲਈ ਕੁਤਰੇ ਹੋਏ ਪੱਠੇ। ਇਸਦੇ ਨਾਲ਼ ਹੀ ਆਟਾ ਆਇਆ। ਸਾਡੇ ਪਿੰਡ ਦੇ ਇਕ ਬੰਦੇ ਨੇ ਹੋਰਨਾਂ ਵਸਤਾਂ ਤੋਂ ਇਲਾਵਾ ਆਟਾ ਜਮ੍ਹਾਂ ਕਰਨ ਦੀ ਹਨੇਰੀ ਲਿਆ ਦਿੱਤੀ। ਤਿੰਨ-ਚਾਰ ਕੁਇੰਟਲ ਆਟਾ ਜਮ੍ਹਾਂ ਕਰ ਲਿਆ। ਬਰਸਾਤਾਂ ਦੇ ਮੌਸਮ ਵਿੱਚ ਏਨਾ ਆਟਾ ਕਿੱਥੇ ਬਚਣਾ ਸੀ ਭਲਾ। ਪਰਿਵਾਰ ਦੇ ਓਹ ਚਾਰ ਜੀਅ ਈ ਸਨ। ਆਟੇ ਵਿੱਚ ਕੀੜੇ ਪੈਣੇ ਸ਼ੁਰੂ ਹੋ ਗਏ। ਘਰ ਸੱਜਰ ਸੂਈ ਗਾਂ ਸੀ। ਹਰੇ-ਚਾਰੇ ਅਤੇ ਤੂੜੀ ’ਤੇ ਛਿੜਕ-ਛਿੜਕ ਗਾਂ ਨੂੰ ਖਰਾਬ ਆਟਾ ਪਾਉਣ ਲੱਗ ਪਿਆ। ਗਾਂ ਅਜਿਹੀ ਬਿਮਾਰ ਹੋਈ ਕਿ ਮਰ ਕੇ ਖਹਿੜਾ ਛੁਟਿਆ। ਗਾਂ ਦੀ ਵੱਛੀ ਛੋਟੀ ਸੀ। ਕੁਝ ਦਿਨਾਂ ਬਾਅਦ ਓਹ ਵੀ ਆਪਣੀ ਮਾਂ ਦੇ ਮਗਰੇ ਤੁਰ ਗਈ। ਪਿੰਡ ਵਾਲ਼ਿਆਂ ਉਸਨੂੰ ਬਹੁਤ ਲਾਹਣਤਾਂ ਪਾਈਆਂ।
ਜਦੋਂ ਹੜ੍ਹ ਆਉਂਦੇ ਨੇ ਤਾਂ ਉਹ ਕਈ ਅਣਕਿਆਸੀਆਂ ਮੁਸੀਬਤਾਂ ਵੀ ਨਾਲ਼ ਲੈ ਕੇ ਆਉਂਦੇ ਨੇ। ਹੜ੍ਹਾਂ ਵੇਲ਼ੇ ਤਾਂ ਮੁਸੀਬਤ ਹੁੰਦੀ ਈ ਐ, ਪਰ ਹੜ੍ਹਾਂ ਦੇ ਗ਼ੁਜ਼ਰਨ ਬਾਅਦ ਮੁਸੀਬਤਾਂ ਦਾ ਦੌਰ ਬਹੁਤ ਭਾਰੂ ਹੁੰਦਾ ਹੈ। ਹੁਣ ਫਿਰ ਪੰਜਾਬ ਦੇ ਕਈ ਇਲਾਕਿਆਂ ਨੂੰ ਹੜ੍ਹਾਂ ਨੇ, ਆਪਣੀ ਲਪੇਟ ਵਿੱਚ ਲੈ ਲਿਆ ਹੋਇਆ ਹੈ। ਸਲਾਮ ਉਹਨਾਂ ਲੋਕਾਂ ਨੂੰ, ਜੋ ਹੁਣ ਆਏ ਹੜ੍ਹਾਂ ਵਿੱਚ ਬਿਨਾਂ ਕਿਸੇ ਲਾਲਚ ਦੇ, ਪ੍ਰਭਾਵਿਤ ਲੋਕਾਂ ਲਈ ਮਸੀਹੇ ਬਣ ਉੱਤਰੇ ਨੇ।
ਸੰਪਰਕ: 97814-14118