ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਰਹੱਦਾਂ ਤੋਂ ਰਹਿਤ ਸੰਸਾਰ

ਸੰਯੁਕਤ ਰਾਸ਼ਟਰ ਸੰਘ ਨੇ 24 ਮਈ, 2017 ਨੂੰ ਇੱਕ ਮਤਾ ਪਾਸ ਕੀਤਾ ਕਿ ਹਰ ਸਾਲ 30 ਸਤੰਬਰ ਦਾ ਦਿਹਾੜਾ ‘ਅੰਤਰਰਾਸ਼ਟਰੀ ਅਨੁਵਾਦ ਦਿਵਸ’ ਦੇ ਤੌਰ ’ਤੇ ਮਨਾਇਆ ਜਾਵੇਗਾ। ਇਹ ਫ਼ੈਸਲਾ ਆਧੁਨਿਕ ਸੰਸਾਰ ਵਿੱਚ ਅਨੁਵਾਦ ਦੀ ਵਧ ਰਹੀ ਲੋੜ ਅਤੇ ਅਨੁਵਾਦਕਾਂ ਦੀ...
Advertisement

ਸੰਯੁਕਤ ਰਾਸ਼ਟਰ ਸੰਘ ਨੇ 24 ਮਈ, 2017 ਨੂੰ ਇੱਕ ਮਤਾ ਪਾਸ ਕੀਤਾ ਕਿ ਹਰ ਸਾਲ 30 ਸਤੰਬਰ ਦਾ ਦਿਹਾੜਾ ‘ਅੰਤਰਰਾਸ਼ਟਰੀ ਅਨੁਵਾਦ ਦਿਵਸ’ ਦੇ ਤੌਰ ’ਤੇ ਮਨਾਇਆ ਜਾਵੇਗਾ। ਇਹ ਫ਼ੈਸਲਾ ਆਧੁਨਿਕ ਸੰਸਾਰ ਵਿੱਚ ਅਨੁਵਾਦ ਦੀ ਵਧ ਰਹੀ ਲੋੜ ਅਤੇ ਅਨੁਵਾਦਕਾਂ ਦੀ ਅਹਿਮ ਭੂਮਿਕਾ ਨੂੰ ਮਾਨਤਾ ਦੇਣ ਲਈ ਕੀਤਾ ਗਿਆ ਤਾਂ ਜੋ ਵੱਖ-ਵੱਖ ਦੇਸ਼ਾਂ ਦਰਮਿਆਨ ਭਾਸ਼ਾਈ ਦੂਰੀਆਂ ਨੂੰ ਘਟਾਇਆ ਜਾ ਸਕੇ, ਆਪਸੀ ਸੰਵਾਦ ਅਤੇ ਸੰਚਾਰ ਦੇ ਸਾਧਨ ਸੁਖਾਲੇ ਤੇ ਭਰੋਸੇਮੰਦ ਬਣਾਏ ਜਾ ਸਕਣ। ਸਾਂਝੀਵਾਲਤਾ, ਮਿੱਤਰਤਾ, ਸ਼ਾਂਤੀ ਅਤੇ ਵਪਾਰਕ-ਆਰਥਿਕ-ਸਭਿਆਚਾਰਕ ਸਹਿਯੋਗ ਲਈ ਨਵੇਂ-ਨਰੋਏ ਰਾਹ ਸਿਰਜੇ ਜਾ ਸਕਣ। ਅਜੋਕੇ ਸਮੇਂ ਵਿੱਚ ਜਦੋਂ ਕਿ ਸੰਸਾਰ ਇੱਕ ‘ਗਲੋਬਲ ਵਿਲੇਜ’ ਬਣ ਚੁੱਕਾ ਹੈ, ਅਨੁਵਾਦਕਾਂ, ਦੋਭਾਸ਼ੀਆ ਅਤੇ ਭਾਸ਼ਾ ਵਿਗਿਆਨੀਆਂ ਦੀ ਮਹੱਤਤਾ ਹੋਰ ਵੀ ਜ਼ਿਆਦਾ ਵਧ ਗਈ ਹੈ। ਇਸੇ ਲਈ ਚੀਨ ਦੇ ਸਕੂਲਾਂ ਵਿੱਚ ਅੰਗਰੇਜ਼ੀ ਪੜ੍ਹਾਈ ਜਾ ਰਹੀ ਹੈ। ਅਮਰੀਕਾ ਵਿੱਚ ਮੈਂਡੇਰਿਨ, ਕੋਰੀਆ ਵਿੱਚ ਅੰਗਰੇਜ਼ੀ ਤੇ ਭਾਰਤ ਦੇ ਕਈ ਸਕੂਲਾਂ ਵਿੱਚ ਫਰੈਂਚ ਅਤੇ ਸਪੈਨਿਸ਼।

ਸੰਯੁਕਤ ਰਾਸ਼ਟਰ ਸੰਘ ਨੇ ‘ਅੰਤਰਰਾਸ਼ਟਰੀ ਅਨੁਵਾਦ ਦਿਵਸ ਇਸ ਵਿਧਾ ਦੇ ਪ੍ਰਾਚੀਨ ਸਧਕ ਸੇਂਟ ਜੇਰੋਮ ਦੀ ਪਵਿੱਤਰ ਯਾਦ ਨੂੰ ਸਮਰਪਿਤ ਕੀਤਾ ਹੈ। ਸੇਂਟ ਜੇਰੋਮ ਦਾ ਜਨਮ ਇਟਲੀ ਵਿਖੇ 342 ਵਿੱਚ ਹੋਇਆ ਸੀ। ਉਹ ਮਹਾਂਵਿਦਵਾਨ ਅਤੇ ਕਈ ਭਾਸ਼ਾਵਾਂ ਦੇ ਗਿਆਤਾ ਸਨ। ਉਨ੍ਹਾਂ ਨੇ ਹਿਬਰੂ ਅਤੇ ਗ੍ਰੀਕ ਭਾਸ਼ਾਵਾਂ ’ਚ ਉਪਲਬਧ ਬਾਈਬਲ ਦਾ ਲਾਤੀਨੀ ਭਾਸ਼ਾ ਵਿੱਚ ਅਨੁਵਾਦ ਕੀਤਾ ਸੀ। ਉਹ ਆਪਣੀ ਜ਼ਿੰਦਗੀ ਦੇ ਆਖ਼ਰੀ ਪਲਾਂ ਤੱਕ ਵੀ ਸ਼ਬਦ ਸਾਧਨਾਂ ਵਿੱਚ ਹੀ ਲੀਨ ਰਹੇ। ਉਨ੍ਹਾਂ ਦਾ ਦਿਹਾਂਤ 30 ਸਤੰਬਰ, 420 ਨੂੰ ਹੋਇਆ। ਅਨੁਵਾਦ-ਵਿਧਾ ਦੇ ਜਨਕ ਮੰਨੇ ਜਾਣ ਵਾਲੇ ਸੇਂਟ ਜੇਰੋਮ ਦੇ ਨਿਰਵਾਣ ਦਿਵਸ ਨੂੰ ਹੀ ਵਿਸ਼ਵ ਪੱਧਰ ’ਤੇ ਅਨੁਵਾਦ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ।

Advertisement

ਅਨੁਵਾਦਕਾਂ ਨੂੰ ਮਨੁੱਖ ਜਾਤੀ ਦੇ ਸਭ ਤੋਂ ਵੱਡੇ ਹਿਤੈਸ਼ੀ ਮੰਨਿਆ ਜਾਂਦਾ ਹੈ। ਜੇ ਅਨੁਵਾਦ ਵਿਧਾ ਦਾ ਚਲਣ ਨਾ ਹੋਇਆ ਹੁੰਦਾ ਤਾਂ ਦੁਨੀਆ ਦੇ ਵੱਖੋ-ਵੱਖਰੇ ਭੂਗੋਲਿਕ ਖ਼ਿੱਤਿਆਂ ਵਿੱਚ ਰਚੇ ਗਿਆਨ-ਵਿਗਿਆਨ ਦੇ ਗ੍ਰੰਥ ਸੀਮਤ ਘੇਰੇ ਵਿੱਚ ਹੀ ਰਹਿੰਦੇ ਤੇ ਮਨੁੱਖੀ ਸੋਚ ਖੂਹ ਦੇ ਡੱਡੂ ਵਰਗੀ ਹੁੰਦੀ। ਅਨੁਵਾਦ ਰਾਹੀਂ ਹੀ ਦੁਨੀਆ ਭਰ ਦਾ ਫ਼ਲਸਫਾ, ਵਿਗਿਆਨਕ ਖੋਜਾਂ ਤੇ ਸੋਝਾਂ, ਸਾਹਿਤ, ਇਤਿਹਾਸ, ਅਰਥ ਸ਼ਾਸਤਰ, ਸਮਾਜ ਸ਼ਾਸਤਰ, ਭੂਗੋਲ, ਖ਼ਗੋਲ, ਚਿਕਿਤਸਾ ਅਤੇ ਹੋਰ ਕਿੰਨੇ ਹੀ ਵਿਸ਼ਿਆਂ ਦਾ ਗਿਆਨ ਮਨੁੱਖ ਨੂੰ ਹਾਸਿਲ ਹੋਇਆ ਹੈ। ਦੁਨੀਆ ਵਿੱਚ ਹਰ ਨਵਾਂ ਵਿਚਾਰ ਅਨੁਵਾਦ ਦੇ ਜ਼ਰੀਏ ਫੁੱਲਾਂ ਦੀ ਖੁਸ਼ਬੋ ਵਾਂਗ ਹੱਦਾਂ-ਸਰਹੱਦਾਂ ਨੂੰ ਪਾਰ ਕਰ ਕੇ ਸਾਰੀ ਧਰਤੀ ਨੂੰ ਮਹਿਕਾ ਦਿੰਦਾ ਹੈ। ਮਹਾਤਮਾ ਗਾਂਧੀ ਨੇ ਠੀਕ ਹੀ ਕਿਹਾ ਸੀ, ‘‘ਸਾਨੂੰ ਆਪਣੇ ਘਰਾਂ ਦੇ ਬੂਹੇ ਬਾਰੀਆਂ ਦੀ ਤਰ੍ਹਾਂ ਮਨ-ਮਸਤਕ ਦੇ ਦਰਵਾਜੇ ਹਮੇਸ਼ਾ ਖੋਲ੍ਹ ਕੇ ਰੱਖਣੇ ਚਾਹੀਦੇ ਹਨ ਤਾਂ ਜੋ ਨਵੇਂ-ਨਵੇਂ ਵਿਚਾਰ ਭਾਵੇਂ ਕਿਧਰੋਂ ਵੀ ਆਉਣ, ਸਾਡੇ ਚਿੰਤਨ ਵਿੱਚ ਲਗਾਤਾਰ ਵਾਧਾ ਕਰਦੇ ਰਹਿਣ।’’

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵੱਖ ਵੱਖ ਦੇਸ਼ਾਂ ਦੀਆਂ ਭੂਗੋਲਿਕ ਸਥਿਤੀਆਂ ਵੱਖੋ-ਵੱਖਰੀਆਂ ਹਨ। ਰਹਿਣ-ਸਹਿਣ ਦੇ ਢੰਗ, ਪੂਜਾ-ਪਾਠ ਦੀ ਵਿਧੀ, ਰੀਤੀ-ਰਿਵਾਜ, ਰਾਜਨੀਤਕ ਪ੍ਰਣਾਲੀ, ਧਾਰਮਿਕ ਮਾਨਤਾਵਾਂ ਤੇ ਵਿਚਾਰਧਾਰਾਵਾਂ ਵਿੱਚ ਵੀ ਭਿੰਨਤਾ ਹੈ। ਇਨ੍ਹਾਂ ਭਿੰਨਤਾਵਾਂ ਦੇ ਬਾਵਜੂਦ ਸਾਰੀ ਮਨੁੱਖ ਜਾਤੀ ਦੇ ਦੁੱਖ ਤੇ ਫ਼ਿਕਰ ਸਾਂਝੇ ਹਨ। ਅਨੁਵਾਦ ਨੇ ਵਿਸ਼ਵ ਸਾਹਿਤ ਦੀ ਧਾਰਨਾ ਨੂੰ ਸਥਾਪਿਤ ਕਰਕੇ ਸਰਹੱਦਾਂ ਵਿੱਚ ਵੱਡੇ ਸੰਸਾਰ ਨੂੰ ਭਾਵਨਾਤਮਕ ਪੱਧਰ ’ਤੇ ਇੱਕ ਸਾਂਝੇ ਮੰਚ ’ਤੇ ਸੁਸ਼ੋਭਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਾਹਿਤ ਨੇ ਸਮੁੱਚੀ ਲੋਕਾਈ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕੀਤਾ ਹੈ ਜਿੱਥੇ ਕਿਸੇ ਧਰਮ, ਜਾਤ-ਪਾਤ, ਵਿਚਾਰਧਾਰਾ ਦਾ ਕੋਈ ਰੌਲਾ ਨਹੀਂ ਹੈ।

ਦੁਨੀਆ ਵਿੱਚ ਕੋਈ ਅਜਿਹੀ ਸਰਬਸਾਂਝੀ ਭਾਸ਼ਾ ਨਹੀਂ ਹੈ ਜਿਸ ਨੂੰ ਹਰ ਮਨੁੱਖ ਪੜ੍ਹ-ਲਿਖ ਸਕਦਾ ਹੋਵੇ। ਹਰ ਭੂਗੋਲਿਕ ਹਿੱਸੇ ਦੀ ਆਪਣੀ ਭਾਸ਼ਾ ਹੈ ਅਤੇ ਹਰ ਭਾਸ਼ਾ ਵਿੱਚ ਹੀ ਉੱਤਮ ਸਾਹਿਤ ਦੀ ਰਚਨਾ ਹੋਈ ਹੈ ਤੇ ਹੋ ਰਹੀ ਹੈ। ਅਨੁਵਾਦ ਦੇ ਜ਼ਰੀਏ ਹੀ ਇੱਕ ਭਾਸ਼ਾ ਦਾ ਸਾਹਿਤ ਸੀਮਤ ਦੇਸ਼ਾਈ ਸਰਹੱਦਾਂ ਨੂੰ ਪਾਰ ਕਰ ਕੇ ਕਿਸੇ ਹੋਰ ਭਾਸ਼ਾਈ ਮੁਲਕ ਵਿੱਚ ਪਹੁੰਚਦਾ ਹੈ। ਸਾਹਿਤ ਭਾਵੇਂ ਕਿਸੇ ਵੀ ਦੇਸ਼ ਦਾ ਹੋਵੇ ਤੇ ਕਿਸੇ ਵੀ ਭਾਸ਼ਾ ਵਿੱਚ ਲਿਖਿਆ ਗਿਆ ਹੋਵੇ, ਉਸ ਦਾ ਤੱਤਸਾਰ ਤੇ ਉਦੇਸ਼ ਸਾਰੀ ਮਨੁੱਖਤਾ ਲਈ ਹੁੰਦਾ ਹੈ। ਹਰ ਥਾਂ ਆਦਮੀ ਬੁਰਾਈ ਨੂੰ ਨਫ਼ਰਤ ਕਰਦਾ ਹੈ, ਹਰ ਥਾਂ ਆਦਮੀ ਇੱਕ ਬਿਹਤਰ ਜ਼ਿੰਦਗੀ ਜਿਊਣ ਦੀ ਉਮੀਦ ਰੱਖਦਾ ਹੈ, ਹਰ ਥਾਂ ਆਦਮੀ ਆਪਣੀ ਜ਼ਿੰਦਗੀ ਵਿੱਚ ਕੁਝ ਅਜਿਹਾ ਤਲਾਸ਼ਦਾ ਹੈ ਜੋ ਉਸ ਦੀ ਹੋਂਦ ਨੂੰ ਕੋਈ ਅਰਥ ਪ੍ਰਦਾਨ ਕਰ ਸਕੇ। ਗੋਰਕੀ ਨੇ ਕਿਹਾ ਸੀ, ‘‘ਗੋਗੋਲ ਦਾ ‘ਡੈੱਡ ਸੋਲਜ਼’ ਅਤੇ ‘ਡਿਕਨਜ਼ ਦੇ ਪਿੱਕ-ਵਿੱਕ ਪੇਪਰਜ਼ ਜ਼ਿੰਦਗੀ ਦੇ ਜਾਣੇ-ਪਛਾਣੇ ਯਥਾਰਥ ਨੂੰ ਚਿਤਰਤ ਕਰਦੇ ਹਨ ਪਰ ਇਹ ਰਚਨਾਵਾਂ ਅਜਿਹੇ ਨੈਤਿਕ ਸ਼ਬਦ ਸਿਖਾਉਂਦੀਆਂ ਹਨ ਜਿਨ੍ਹਾਂ ਨੂੰ ਦੁਨੀਆ ਦੀ ਕੋਈ ਵਧੀਆ ਤੋਂ ਵਧੀਆ ਯੂਨੀਵਰਸਿਟੀ ਵੀ ਨਹੀਂ ਸਿਖਾ ਸਕਦੀ।

ਦੱਖਣੀ ਭਾਰਤ ਦੇ ਨੀਲਗਿਰੀ ਪਰਬਤ ਦੇ ਆਦਿਵਾਸੀ ਕਬੀਲੇ ਦੀ ਜੰਮਪਲ ਸੀਤਾ ਰਤਨਾਮਲ ਨੇ ਆਪਣੀ ਸਵੈ-ਜੀਵਨੀ ‘ਜੰਗਲ ਤੋਂ ਪਾਰ’ ਵਿੱਚ ਇੱਕ ਅਜਿਹਾ ਦ੍ਰਿਸ਼ਟਾਂਤ ਦਰਜ ਕੀਤਾ ਹੈ ਜੋ ਮੈਨੂੰ ਅਨੁਵਾਦ-ਵਿਧਾ ਦੀ ਮਹਿਮਾ ਵਿੱਚ ਗਾਈ ਆਰਤੀ ਪ੍ਰਤੀਤ ਹੁੰਦੀ ਹੈ। ‘ਲਾਇਬ੍ਰੇਰੀ ਦੀ ਖ਼ਾਮੋਸ਼ੀ ਬੜੀ ਅਰਾਮਦਾਇਕ ਸੀ। ਮੇਰੇ ਸਾਹਮਣੇ ‘T’ ਅੱਖਰ ਸੀ। ਸ਼ੁਰੂ ਵਿੱਚ ਸਨ ਟੈਗੋਰ ਅਤੇ ਅੰਤ ’ਚ ਟਾਲਸਟਾਏ। ਮੈਂ ਟੈਗੋਰ ਦੀ ਪੁਸਤਕ ਚੁੱਕੀ। ਕਿਤਾਬ ਤੇ ਸਫੈਦ ਦਾੜ੍ਹੀ ਵਾਲੇ ਬਜ਼ੁਰਗ ਦੀ ਤਸਵੀਰ ਸੀ, ਜਿਸ ਦੇ ਚਿਹਰੇ ਤੇ ਸਿਆਣਪ ਅਤੇ ਮਹਾਨਤਾ ਝਲਕ ਰਹੀ ਸੀ। ਉਸ ਦੀ ਹਾਜ਼ਰੀ ਵਿੱਚ ਮੈਂ ਸਹਿਮ ਗਈ ਪਰ ਉਸ ਦੇ ਚਿਹਰੇ ਦੇ ਹਾਵ-ਭਾਵ ਬੜੇ ਕੋਮਲ ਅਤੇ ਦਿਆਲੂ ਪ੍ਰਤੀਤ ਹੋਏ। ਮੈਂ ਸੋਚਿਆ, ਮੈਨੂੰ ਟੈਗੋਰ ਨੂੰ ਇੱਕ ਵੇਰਾਂ ਜ਼ਰੂਰ ਪੜ੍ਹਨਾ ਚਾਹੀਦਾ ਹੈ। ਮੈਂ ਟਾਲਸਟਾਏ ਦੀ ਕਿਤਾਬ ਕੱਢੀ। ਉਸ ਕਵਰ ’ਤੇ ਵੀ ਇੱਕ ਚਿੱਟੀ ਦਾੜ੍ਹੀ ਵਾਲੇ ਬੁੱਢੇ ਆਦਮੀ ਦਾ ਚਿੱਤਰ ਸੀ। ਉਸ ਦੇ ਹਾਵ-ਭਾਵ ਵੱਖਰੇ ਸਨ- ਗੁੱਸੇ ਭਰੇ ਤੇ ਡਰਾਉਣੇ। ਮੈਂ ਹੈਰਾਨ ਹੋ ਕੇ ਸੋਚਣ ਲੱਗੀ ਕਿ ਇਹ ਚਿੱਟੀ ਦਾੜ੍ਹੀ ਵਾਲੇ ਕਿਸ ਵਿਸ਼ੇ ’ਤੇ ਲਿਖਦੇ ਰਹੇ ਹਨ। ਇੱਕ ਬੰਗਾਲੀ ਸੀ ਤੇ ਦੂਜਾ ਰੂਸੀ। ਮੈਂ ਕਿਹਾ, ‘‘ਤੁਸੀਂ ਦੋਵੇਂ ਮੇਰੇ ਜ਼ਿਹਨ ਵਿੱਚ ਕੁਝ ਦੇਰ ਇਕੱਠੇ ਵਾਸਾ ਕਰ ਸਕਦੇ ਹੋ।’’

ਭਾਰਤ ਵਰਗੇ ਬਹੁ-ਭਾਸ਼ੀ ਦੇਸ਼ ਵਿੱਚ ਵੀ ਹਰ ਪ੍ਰਾਂਤਕ ਭਾਸ਼ਾ ਵਿੱਚ ਬਹੁਤ ਉੱਤਮ ਸਾਹਿਤ ਲਿਖਿਆ ਜਾ ਰਿਹਾ ਹੈ। ਭਾਰਤੀ ਸਾਹਿਤ ਅਕਾਦਮੀ ਅਤੇ ਨੈਸ਼ਨਲ ਬੁੱਕ ਟਰੱਸਟ ਜਿਹੀਆਂ ਸੰਸਥਾਵਾਂ ਭਾਰਤੀ ਭਾਸ਼ਾਵਾਂ ਵਿੱਚ ਲਿਖਿਆ ਉੱਤਮ ਪੁਸਤਕਾਂ ਦਾ ਹਿੰਦੀ-ਅੰਗਰੇਜ਼ੀ ਤੋਂ ਇਲਾਵਾ ਹੋਰ ਪ੍ਰਾਂਤਕ ਭਾਸ਼ਾਵਾਂ ਵਿੱਚ ਅਨੁਵਾਦ ਕਰਵਾ ਕੇ ਬਹੁਤ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਅਨੁਵਾਦ ਸਦਕਾ ਹੀ ਗੀਤਾਂਜਲੀ ਸ੍ਰੀ ਅਤੇ ਬਾਨੂ ਮੁਸ਼ਤਾਕ ਬੁੱਕਰ ਪੁਰਸਕਾਰ ਨਾਲ ਸਨਮਾਨਿਤ ਹੋਈਆਂ। ਜੇਕਰ ਯਾਸੂਨਾਰੀ ਕਾਵਾਬਾਤਾ ਅਤੇ ਹਾਨਕਾਂਗ ਨੂੰ ਐਡਵਰਡ ਸੇਡਨਸਟਿਕਰ ਅਤੇ ਡੋਰਹਾ ਸਮਿਥ ਵਰਗੇ ਅਨੁਵਾਦਕ ਨਾ ਮਿਲੇ ਹੁੰਦੇ ਤਾਂ ਉਨ੍ਹਾਂ ਨੂੰ ਸ਼ਾਇਦ ਹੀ ਕਦੇ ਨੋਬਲ ਪੁਰਸਕਾਰ ਮਿਲ ਸਕਦਾ ਕਿਉਂਕਿ ਜਾਪਾਨੀ ਭਾਸ਼ਾ ਅਤੇ ਕੋਰੀਅਨ ਭਾਸ਼ਾ ਬਹੁਤ ਹੀ ਔਖੀਆਂ ਅਤੇ ਬਹੁਤ ਹੀ ਸੀਮਤ ਭੂਗੋਲਿਕ ਖ਼ਿੱਤੇ ਵਿੱਚ ਬੋਲੀਆਂ-ਲਿਖੀਆਂ ਜਾਣ ਵਾਲੀਆਂ ਭਾਸ਼ਾਵਾਂ ਹਨ।

ਅੰਤਰਰਾਸ਼ਟਰੀ ਅਨੁਵਾਦ ਦਿਵਸ ਦੇ ਮੌਕੇ ’ਤੇ ਭਾਸ਼ਾ ਵਿਭਾਗ, ਪੰਜਾਬ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕਰਨਾ ਬਣਦਾ ਹੈ। ਇਨ੍ਹਾਂ ਸੰਸਥਾਵਾਂ ਨੇ ਦੇਸੀ ਅਤੇ ਵਿਦੇਸ਼ੀ ਸਾਹਿਤ ਦਾ ਵੱਡੇ ਪੈਮਾਨੇ ’ਤੇ ਅਨੁਵਾਦ ਕਰਵਾਇਆ ਤੇ ਦੁਰਲੱਭ ਪੁਸਤਕਾਂ ਪੰਜਾਬੀ ਪਾਠਕਾਂ ਨੂੰ ਸੁਲੱਭ ਕਰਵਾਈਆਂ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਨੁਵਾਦ ਕਾਰਜ ਬੜੀ ਘਾਲਣਾ ਤੇ ਤਪੱਸਿਆ ਵਾਲਾ ਕੰਮ ਹੈ ਜੋ ਨਿਰੰਤਰ ਲਗਨ, ਅਭਿਆਸ, ਮਿਹਨਤ, ਸਿਰੜ ਅਤੇ ਸਿਦਕ ਨਾਲ ਹੀ ਨੇਪਰੇ ਚੜ੍ਹਦਾ ਹੈ। ਪੰਜਾਬੀ ਦੇ ਕੁਝ ਸਿਰਕੱਢ ਅਨੁਵਾਦਕਾਂ- ਗੁਰਬਖਸ਼ ਸਿੰਘ ਫਰੈਂਕ, ਸੁਖਬੀਰ, ਗੁਰਦਿਆਲ ਸਿੰਘ, ਪਿਆਰਾ ਸਿੰਘ ਸਹਿਰਾਈ, ਕਰਨਜੀਤ ਸਿੰਘ, ਡਾ. ਹਰਿਭਜਨ ਸਿੰਘ, ਅੰਮ੍ਰਿਤਾ ਪ੍ਰਤੀਮ, ਹਰਪਾਲ ਪਨੂੰ, ਸੁਭਾਸ਼ ਨੀਰਵ, ਪ੍ਰਵੇਸ਼ ਸ਼ਰਮਾ, ਡਾ. ਹਰੀ ਸਿੰਘ, ਜੋਸਪਾਲ ਘਈ ਨੂੰ ਸਲਾਮ ਜਿਨ੍ਹਾਂ ਨੇ ਦਿਨ-ਰਾਤ ਖੂਨ ਪਸੀਨਾ ਵਹਾ ਕੇ ਦੁਨੀਆ ਦੀਆਂ ਅਤੇ ਭਾਰਤੀ-ਸਾਹਿਤ ਦੀਆਂ ਅਮੁੱਲ ਕ੍ਰਿਤੀਆਂ ਪੰਜਾਬੀ ਵਿੱਚ ਲਿਆਂਦੀਆਂ ਜਿਨ੍ਹਾਂ ਨਾਲ ਸਾਡੀ ਸੋਚ ਦਾ ਦਾਇਰਾ ਮੋਕਲਾ ਹੋਇਆ।

ਸੰਪਰਕ : 98551-23499

Advertisement
Show comments