ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਔਰਤ ਦੀਆਂ ਭਾਵਨਾਵਾਂ ਦੀ ਤਰਜਮਾਨ

ਅੰਮ੍ਰਿਤਾ ਪ੍ਰੀਤਮ ਦੀ ਰਚਨਾ ਨੂੰ ਔਰਤ ਦੇ ਦਿਲ ਦੀ ਆਵਾਜ਼ ਕਿਹਾ ਗਿਆ ਹੈ। ਬੇਸ਼ੱਕ, ਉਸ ਦੀ ਕਵਿਤਾ ਦਾ ਆਰੰਭ ਨਿੱਜੀ ਪਿਆਰ ਤੋਂ ਹੋਇਆ ਪਰ ਬਹੁਤ ਛੇਤੀ ਉਸ ਦਾ ਨਿੱਜੀ ਪਿਆਰ ਲੋਕ ਪਿਆਰ ਤੇ ਮਾਨਵਵਾਦੀ ਪਿਆਰ ਵਿੱਚ ਵਟ ਜਾਂਦਾ ਹੈ। ਸਮਾਜਿਕ,...
Advertisement

ਅੰਮ੍ਰਿਤਾ ਪ੍ਰੀਤਮ ਦੀ ਰਚਨਾ ਨੂੰ ਔਰਤ ਦੇ ਦਿਲ ਦੀ ਆਵਾਜ਼ ਕਿਹਾ ਗਿਆ ਹੈ। ਬੇਸ਼ੱਕ, ਉਸ ਦੀ ਕਵਿਤਾ ਦਾ ਆਰੰਭ ਨਿੱਜੀ ਪਿਆਰ ਤੋਂ ਹੋਇਆ ਪਰ ਬਹੁਤ ਛੇਤੀ ਉਸ ਦਾ ਨਿੱਜੀ ਪਿਆਰ ਲੋਕ ਪਿਆਰ ਤੇ ਮਾਨਵਵਾਦੀ ਪਿਆਰ ਵਿੱਚ ਵਟ ਜਾਂਦਾ ਹੈ। ਸਮਾਜਿਕ, ਧਾਰਮਿਕ ਅਤੇ ਆਰਥਿਕ ਬੰਧਨਾਂ ਵਿੱਚ ਜਕੜੀ ਹੋਈ ਔਰਤ ਦੇ ਹਿਰਦੇ ਵਿੱਚ ਦੱਬੇ ਭਾਵਾਂ ਦੀ ਤਰਜਮਾਨੀ ਕਰਦੀ ਹੋਈ ਕਵਿੱਤਰੀ ਉਨ੍ਹਾਂ ਦੀਆਂ ਮਜਬੂਰੀਆਂ ਨੂੰ ਦਰਸਾਉਂਦੀ ਹੈ। ਉਹ ਉਨ੍ਹਾਂ ਦੇ ਹੱਕਾਂ ਦੀ ਪ੍ਰਤੀਨਿਧਤਾ ਕਰਦੀ ਹੋਈ ਪੂਰੀ ਜੱਦੋਜਹਿਦ ਕਰਦੀ ਹੈ।

ਅੰਮ੍ਰਿਤਾ ਦਾ ਜਨਮ ਪਿਤਾ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਅਤੇ ਮਾਤਾ ਰਾਜ ਕੌਰ ਦੇ ਘਰ ਗੁੱਜਰਾਂਵਾਲਾ (ਪਾਕਿਸਤਾਨ) ਵਿੱਚ 31 ਅਗਸਤ 1919 ਨੂੰ ਹੋਇਆ। ਉਸ ਦੇ ਪਿਤਾ ਹਿੰਦੀ, ਸੰਸਕ੍ਰਿਤ ਭਾਸ਼ਾ ਦੇ ਉੱਘੇ ਲੇਖਕ ਅਤੇ ਸੰਪਾਦਕ ਸਨ। ਅੰਮ੍ਰਿਤਾ ਨੂੰ ਕਵਿਤਾ ਦੀ ਦਾਤ ਵਿਰਸੇ ਵਿੱਚੋਂ ਆਪਣੇ ਪਿਤਾ ਕੋਲੋਂ ਮਿਲੀ। ਉਸ ਨੇ ਮੁੱਢਲੀ ਵਿੱਦਿਆ ਗੁੱਜਰਾਂਵਾਲਾ ਤੋਂ ਲਈ। ਫਿਰ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਅੱਠਵੀਂ ਸ਼੍ਰੇਣੀ ਅਤੇ ਵਿਦਵਾਨੀ ਦਾ ਇਮਤਿਹਾਨ 1932 ਈਸਵੀ ਵਿੱਚ ਪਾਸ ਕੀਤਾ। ਅਗਲੇ ਸਾਲ ਗਿਆਨੀ ਦੀ ਪਰੀਖਿਆ ਪਾਸ ਕੀਤੀ ਅਤੇ ਸੰਨ 1935 ਵਿੱਚ ਪੰਜਾਬ ਯੂਨੀਵਰਸਿਟੀ, ਲਾਹੌਰ ਤੋਂ ਦਸਵੀਂ ਸ਼੍ਰੇਣੀ ਪਾਸ ਕੀਤੀ।

Advertisement

ਅਜੇ ਅੰਮ੍ਰਿਤਾ ਗਿਆਰਾਂ ਵਰ੍ਹਿਆਂ ਦੀ ਸੀ, ਜਦੋਂ ਉਸ ਦੀ ਮਾਤਾ ਦੀ ਮੌਤ ਹੋ ਗਈ। ਉਹ ਸੋਲ੍ਹਾਂ ਵਰ੍ਹਿਆਂ ਦੀ ਹੋਈ ਤਾਂ ਉਸ ਦੇ ਪਿਤਾ ਨੇ ਉਸ ਦਾ ਵਿਆਹ ਪ੍ਰੀਤਮ ਸਿੰਘ ਕਵਾਤੜਾ ਨਾਲ ਕਰ ਦਿੱਤਾ। ‘ਪ੍ਰੀਤਮ’ ਉਪਨਾਮ ਉਸ ਨੇ ਆਪਣੇ ਪਤੀ ਤੋਂ ਲਿਆ ਹੈ। ਉਸ ਨੇ ਪੁੱਤਰ ਨਵਰਾਜ ਅਤੇ ਕੰਦਲਾ ਨਾਂ ਦੀ ਧੀ ਨੂੰ ਜਨਮ ਦਿੱਤਾ। ਦੇਸ਼ ਵੰਡ ਸਮੇਂ ਹੋਏ ਮਨੁੱਖਤਾ ਦੇ ਘਾਣ ਕਾਰਨ ਉਹ ਆਪਣੀ ਜੰਮਣ ਭੋਇੰ ਨੂੰ ਛੱਡ ਕੇ ਪਰਿਵਾਰ ਸਮੇਤ ਪਹਿਲਾਂ ਦੇਹਰਾਦੂਨ ਆ ਕੇ ਰਹੀ। ਫਿਰ ਉਹ ਦਿੱਲੀ ਚਲੀ ਗਈ। ਉਹ ਆਪਣੇ ਵਿਆਹੁਤਾ ਜੀਵਨ ਤੋਂ ਸੰਤੁਸ਼ਟ ਨਹੀਂ ਸੀ। ਇਸ ਲਈ ਉਸ ਨੇ 1960 ਵਿੱਚ ਆਪਣੇ ਪਤੀ ਨੂੰ ਛੱਡ ਦਿੱਤਾ।

ਪੰਜਾਬੀ ਸਾਹਿਤ ਪ੍ਰੇਮੀਆਂ ਵਿੱਚ ਅੰਮ੍ਰਿਤਾ ਪ੍ਰੀਤਮ ਇੱਕ ਕਵਿੱਤਰੀ ਦੇ ਤੌਰ ’ਤੇ ਵਧੇਰੇ ਹਰਮਨਪਿਆਰੀ ਹੋਈ ਹੈ, ਪਰ ਉਸ ਨੇ ਨਾਵਲ, ਕਹਾਣੀਆਂ, ਨਿਬੰਧ, ਸਫ਼ਰਨਾਮਾ ਅਤੇ ਸਵੈਜੀਵਨੀ ਵੀ ਲਿਖੀ ਹੈ। ਉਸ ਦੀਆਂ ਕਾਵਿ-ਰਚਨਾਵਾਂ ਵਿੱਚ ਠੰਢੀਆਂ ਕਿਰਨਾਂ, ਅੰਮ੍ਰਿਤ ਲਹਿਰਾਂ, ਜੀਉਂਦਾ ਜੀਵਨ, ਤ੍ਰੇਲ ਧੋਤੇ ਫੁੱਲ, ਓ ਗੀਤਾਂ ਵਾਲਿਓ, ਅੰਮੜੀ ਦਾ ਵਿਹੜਾ, ਬੱਦਲਾਂ ਦੇ ਪੱਲੇ ਵਿੱਚ, ਸੰਝ ਦੀ ਲਾਲੀ, ਨਿੱਕੀ ਜਿਹੀ ਸੌਗਾਤ, ਲੋਕ-ਪੀੜ, ਪੱਥਰ ਗੀਟੇ, ਲੰਮੀਆਂ ਵਾਟਾਂ, ਮੈਂ ਤਵਾਰੀਖ਼ ਹਾਂ ਹਿੰਦ ਦੀ, ਸਰਘੀ ਵੇਲਾ, ਮੇਰੀ ਚੋਣਵੀਂ ਕਵਿਤਾ, ਸੁਨੇਹੜੇ, ਅਸ਼ੋਕਾ ਚੇਤੀ, ਕਸਤੂਰੀ, ਨਾਗਮਣੀ, ਛੇ ਰੁੱਤਾਂ, ਮੈਂ ਜਮ੍ਹਾਂ ਤੂੰ, ਲਾਮੀਆਂ ਵਤਨ, ਕਾਗਜ਼ ਤੇ ਕੈਨਵਸ ਸ਼ਾਮਿਲ ਹਨ।

ਕਹਾਣੀ ਸੰਗ੍ਰਹਿਆਂ ਵਿੱਚ ਛੱਤੀ ਵਰ੍ਹੇ ਬਾਅਦ, ਕੁੰਜੀਆਂ, ਆਖ਼ਰੀ ਖ਼ਤ, ਗੋਜਰ ਦੀਆਂ ਪਰੀਆਂ, ਚਾਨਣ ਦਾ ਹਉਕਾ, ਜੰਗਲੀ ਬੂਟੀ, ਹੀਰੇ ਦੀ ਕਣੀ, ਲਾਤੀਯਾਂ ਦੀ ਛੋਕਰੀ, ਪੰਜ ਵਰ੍ਹੇ ਲੰਮੀ ਸੜਕ, ਇੱਕ ਸ਼ਹਿਰ ਦੀ ਮੌਤ, ਤੀਜੀ ਔਰਤ ਸ਼ਾਮਿਲ ਹਨ।

ਉਸ ਦੇ ਰਚੇ ਨਾਵਲਾਂ ਵਿੱਚ ਜੈ ਸ੍ਰੀ, ਡਾਕਟਰ ਦੇਵ, ਪਿੰਜਰ, ਆਲ੍ਹਣਾ, ਅੱਸ਼ੂ, ਇਕ ਸਵਾਲ, ਬੁਲਾਵਾ, ਬੰਦ ਦਰਵਾਜ਼ਾ, ਰੰਗ ਦਾ ਪੱਤਾ, ਇੱਕ ਸੀ ਅਨੀਤਾ, ਚੱਕ ਨੰਬਰ ਛੱਤੀ, ਧਰਤੀ ਸਾਗਰ ਤੇ ਸਿੱਪੀਆਂ, ਦਿੱਲੀ ਦੀਆਂ ਗਲੀਆਂ, ਧੁੱਪ ਦੀ ਕਤਾਰ, ਏਕਤੇ ਏਰਿਅਲ, ਜਲਾਵਤਨ, ਯਾਤਰੀ, ਜੇਬ ਕਤਰੇ, ਪੱਕੀ ਹਵੇਲੀ, ਅੱਗ ਦੀ ਲਕੀਰ, ਕੱਚੀ ਸੜਕ, ਕੋਈ ਨਹੀਂ ਜਾਣਦਾ, ਇਹ ਸੱਚ ਹੈ, ਦੂਸਰੀ ਮੰਜ਼ਿਲ, ਤੇਰ੍ਹਵਾਂ ਸੂਰਜ, ਉਨੰਜਾ ਦਿਨ, ਕੋਰੇ ਕਾਗਜ਼, ਹਰਦੱਤ ਦਾ ਜ਼ਿੰਦਗੀਨਾਮਾ ਆ ਜਾਂਦੇ ਹਨ।

ਵਾਰਤਕ ਰਚਨਾਵਾਂ ਵਿੱਚ ਕਿਰਮਿਚੀ ਲਕੀਰਾਂ, ਕਾਲ਼ਾ ਗੁਲਾਬ, ਅੱਗ ਦੀਆਂ ਲਕੀਰਾਂ, ਇੱਕੀ ਪੱਤੀਆਂ ਦਾ ਗੁਲਾਬ (ਸਫ਼ਰਨਾਮਾ), ਔਰਤ: ਇੱਕ ਦ੍ਰਿਸ਼ਟੀਕੋਣ, ਇੱਕ ਉਦਾਸ ਕਿਤਾਬ, ਆਪਣੇ ਆਪਣੇ ਚਾਰ ਵਰ੍ਹੇ, ਕਿਹੜੀ ਜ਼ਿੰਦਗੀ ਕਿਹੜਾ ਸਾਹਿਤ, ਕੱਚੇ ਅੱਖਰ, ਇੱਕ ਹੱਥ ਮਹਿੰਦੀ ਇੱਕ ਹੱਥ ਛੱਲਾ, ਮੁਹੱਬਤਨਾਮਾ, ਮੇਰੇ ਕਾਲ ਮੁਕਤ ਸਮਕਾਲੀ, ਸ਼ੌਕ ਸੁਰਾਹੀ, ਕੜੀ ਧੁੱਪ ਦਾ ਸਫ਼ਰ, ਅੱਜ ਦੇ ਕਾਫ਼ਰ ਸ਼ਾਮਿਲ ਹਨ। ਉਸ ਦੀ ਸਵੈਜੀਵਨੀ ਰਸੀਦੀ ਟਿਕਟ ਸਿਰਲੇਖ ਹੇਠ ਛਪੀ।

ਅੰਮ੍ਰਿਤਾ ਪ੍ਰੀਤਮ ਦੀਆਂ ਰਚਨਾਵਾਂ ਦਾ ਮੁੱਖ ਵਿਸ਼ਾ ਪਿਆਰ ਹੈ। ਉਹ ਔਰਤ ਦੀ ਪਿਆਰ ਨਾਲ ਸਬੰਧਿਤ ਸਥਿਤੀ ਨੂੰ ਸਮਾਜਿਕ ਚੌਖਟੇ ਵਿੱਚ ਪਰਖਦੀ ਹੈ। ਸਦੀਆਂ ਤੋਂ ਮਰਦ ਪ੍ਰਧਾਨ ਭਾਰਤੀ ਸਮਾਜ ਵਿੱਚ ਔਰਤ ਨੂੰ ਦਬਾਇਆ ਜਾਂਦਾ ਰਿਹਾ ਹੈ। ਉਸ ਦਾ ਅਪਮਾਨ ਕੀਤਾ ਜਾਂਦਾ ਰਿਹਾ ਹੈ। ਉਸ ਦਾ ਤ੍ਰਿਸਕਾਰ ਕੀਤਾ ਜਾਂਦਾ ਰਿਹਾ ਹੈ। ਕਦੇ ਉਸ ਨੂੰ ਮਰਦ ਦੇ ਪੈਰ ਦੀ ਜੁੱਤੀ, ਕਦੇ ਗੁੱਤ ਪਿੱਛੇ ਮੱਤ ਵਾਲੀ, ਕਦੇ ਵਿਸ਼ੇ ਵਿਕਾਰਾਂ ਦੀ ਭੱਠੀ, ਕਦੇ ਭੋਗਣ ਵਾਲੀ ਵਸਤੂ ਅਤੇ ਕਦੇ ਬੱਚੇ ਜੰਮਣ ਵਾਲੀ ਮਸ਼ੀਨ ਕਹਿ ਕੇ ਭੰਡਿਆ ਜਾਂਦਾ ਰਿਹਾ ਹੈ। ਕਵਿੱਤਰੀ ਮਰਦ ਪ੍ਰਧਾਨ ਸਮਾਜ ’ਤੇ ਚੋਟ ਕਰਦੀ ਹੋਈ ਲਿਖਦੀ ਹੈ:

ਵੇ ਮੈਂ ਕੀ ਆਖਾਂ ਤੇਰੇ ਦੇਸ਼ ਨੂੰ,

ਜੀਹਦੀ ਵਰਤੀ ਜਾਵੇ ਨਾਰ।

ਬੱਚੇ ਜੰਮਣ ਦੀ ਮਸ਼ੀਨ ਸਮਝਣ,

ਤੇ ਵਿਸ਼ਿਆਂ ਦੀ ਭੱਠੀ ਹਾਰ।

ਅੰਮ੍ਰਿਤਾ ਨੇ ਔਰਤ ਦੇ ਮਰਦ ਦੀ ਗ਼ੁਲਾਮੀ ਵਾਲੇ ਰੂਪ ਨੂੰ ਯਥਾਰਥ ਰੂਪ ਵਿੱਚ ਚਿੱਤਰਿਆ ਹੈ। ਬੇਸ਼ੱਕ ਅਜੋਕੇ ਸਮੇਂ ਵਿੱਚ ਔਰਤ ਦੀ ਸਥਿਤੀ ਵਿੱਚ ਸਿਧਾਂਤਕ ਤੌਰ ’ਤੇ ਕਾਫ਼ੀ ਸੁਧਾਰ ਆ ਚੁੱਕਾ ਹੈ। ਫਿਰ ਵੀ ਪਿਛਾਂਹਖਿੱਚੂ ਸੰਸਕਾਰਾਂ ਦੇ ਪ੍ਰਛਾਵੇਂ ਅੱਜ ਵੀ ਜਿਉਂ ਦੇ ਤਿਉਂ ਬਰਕਰਾਰ ਹਨ। ਦੇਸ਼ ਦੀ ਵੰਡ ਸਮੇਂ ਸੰਨ 1947 ਵਿੱਚ ਵਾਪਰੇ ਘੱਲੂਘਾਰੇ ਨੇ ਅੰਮ੍ਰਿਤਾ ਦੇ ਕੋਮਲ ਹਿਰਦੇ ਨੂੰ ਅਜਿਹਾ ਵਲੂੰਧਰਿਆ ਕਿ ਉਹ ਖ਼ੂਨ ਦੇ ਅੱਥਰੂ ਵਹਾਉਣ ਲੱਗੀ। ‘ਮੈਂ ਤਵਾਰੀਖ਼ ਹਾਂ ਹਿੰਦ ਦੀ’ ਕਵਿਤਾ ਵਿੱਚ ਉਸ ਨੇ ਔਰਤ ’ਤੇ ਢਾਹੇ ਜ਼ੁਲਮਾਂ ਦੀ ਦਾਸਤਾਨ ਇੰਝ ਬਿਆਨ ਕੀਤੀ ਹੈ:

ਰਾਜਿਆ ਰਾਜ ਕਰੇਂਦਿਆ, ਚੜ੍ਹਿਆ ਅੱਜ ਵਿਸਾਖ।

ਏਸ ਨਵੀਂ ਸਦੀ ਦੇ ਮੂੰਹ ’ਤੇ, ਉੱਡ ਉੱਡ ਪੈਂਦੀ ਰਾਖ਼।

ਰਾਜਿਆ ਰਾਜ ਕਰੇਂਦਿਆ, ਕਿਹਾ ਕੁ ਚੜ੍ਹਿਆ ਸੌਣ,

ਓਏ ਆਪ ਬੁਲਾਈਆਂ ਹੋਣੀਆਂ, ਅੱਜ ਰੋਕਣ ਵਾਲ਼ਾ ਕੌਣ।

ਦੇਸ਼ ਦੀ ਵੰਡ ਸਮੇਂ ਦੋਵਾਂ ਪੰਜਾਬਾਂ ਵਿੱਚ ਜਿਸ ਢੰਗ ਨਾਲ ਔਰਤ ਨੂੰ ਬੇਪੱਤ ਕੀਤਾ ਗਿਆ, ਇਹ ਸਭ ਕੁਝ ਵੇਖ ਕੇ ਕਵਿੱਤਰੀ ਪਿਆਰ ਦੇ ਅਲੰਬਰਦਾਰ ਵਾਰਿਸ ਸ਼ਾਹ ਨੂੰ ਅਵਾਜ਼ਾਂ ਮਾਰਦੀ ਹੈ:

ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੋਂ ਕਬਰਾਂ ਵਿੱਚੋਂ ਬੋਲ।

ਤੇ ਅੱਜ ਕਿਤਾਬ-ਏ-ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ।

ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ,

ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।

ਓਏ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ।

ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਚਨਾਬ।

ਦੇਸ਼ ਵੰਡ ਸਮੇਂ ਹੈਵਾਨੀਅਤ ਦੇ ਨੰਗੇ ਨਾਚ ਦੇ ਜ਼ਿੰਮੇਵਾਰ ਉਹ ਦੇਸ਼ ਦੇ ਰਾਜਸੀ ਆਗੂਆਂ ਨੂੰ ਮੰਨਦੀ ਹੈ, ਕਿਉਂ ਜੋ ਉਨ੍ਹਾਂ ਨੇ ਖ਼ੁਦ ਹੀ ਨਫ਼ਰਤ ਦੀ ਇਸ ਚੰਗਿਆੜੀ ਨੂੰ ਭੜਕਾਉਣ ਲਈ ਅੱਗ ਬਾਲ਼ੀ ਸੀ। ਬੇਇੰਤਹਾ ਜ਼ੁਲਮ ਸਹਿੰਦੀਆਂ ਔਰਤਾਂ ਦੇ ਦਰਦ ਨੂੰ ਦੇਖ ਕੇ ਉਹ ਇੰਨੀ ਦੁਖੀ ਹੁੰਦੀ ਹੈ ਕਿ ਉਹ ਜ਼ੁਲਮ ਸਹਿੰਦੀਆਂ ਧੀਆਂ ਦੇ ਦਰਦ ਨੂੰ ਲਿਖਦੀ ਵੀ ਸ਼ਰਮਿੰਦਗੀ ਮਹਿਸੂਸ ਕਰਦੀ ਹੈ:

ਵੇ ਮੈਂ ਤੱਤੀ ਧੀ ਪੰਜਾਬ ਦੀ, ਮੇਰੇ ਫੁੱਟੇ ਵੇਖ ਨਸੀਬ।

ਕੀਕਣ ਦੱਸਾਂ ਬੋਲ ਕੇ, ਟੁੱਕੀ ਗਈ ਮੇਰੀ ਜੀਭ।

ਕਾਲ਼ੇ ਮੇਰੇ ਸਫ਼ੇ ਵੇ, ਹੋਰ ਲਿਖੇ ਨਾ ਜਾਣ,

ਕੀ-ਕੀ ਦੱਸਾਂ ਹੋਰ ਮੈਂ, ਮੇਰੇ ਵਰਕੇ ਪਏ ਸ਼ਰਮਾਣ।

ਪੱਥਰ ਗੀਟੇ ਕਵਿਤਾ ਵਿੱਚ ਉਹ ਔਰਤ ਉੱਤੇ ਲਗਾਏ ਗਏ ਸਮਾਜਿਕ ਬੰਧਨਾਂ ਅਤੇ ਗ਼ਲਤ ਕਦਰਾਂ ਕੀਮਤਾਂ ’ਤੇ ਬੜੀ ਬੇਬਾਕੀ ਨਾਲ ਜ਼ਬਰਦਸਤ ਸੱਟ ਮਾਰਦੀ ਹੈ:

ਅੰਨ ਦਾਤਾ, ਮੇਰੀ ਜੀਭ ਤੇ- ਤੇਰਾ ਲੂਣ ਏ।

ਤੇਰਾ ਨਾਂ- ਮੇਰੇ ਬਾਪ ਦਿਆਂ ਹੋਠਾਂ ਤੇ,

ਤੇ ਮੇਰੇ ਇਸ ਬੁੱਤ ਵਿੱਚ, ਮੇਰੇ ਬਾਪ ਦਾ ਖ਼ੂਨ ਏ!

ਮੈਂ ਕਿਵੇਂ ਬੋਲਾਂ?

ਮਾਰਕਸਵਾਦੀ ਵਿਚਾਰਧਾਰਾ ਨੂੰ ਅਪਨਾਉਣ ਉਪਰੰਤ ਉਸ ਦੀ ਕਵਿਤਾ ਵਿੱਚ ਤਬਦੀਲੀ ਆ ਜਾਂਦੀ ਹੈ। ਉਹ ਪਿਆਰ ਕਰਨ ਵਾਲੀਆਂ ਜਿੰਦਾਂ ’ਤੇ ਢਾਹੇ ਜਾਂਦੇ ਜ਼ੁਲਮਾਂ ਨੂੰ ਇੰਝ ਬਿਆਨ ਕਰਦੀ ਹੈ:

- ਕਾਨੀ ਸਮੇਂ ਦੀ ਸਦਾ ਹੀ ਰਹੀ ਲਿਖਦੀ,

ਖ਼ੂਨੀ ਪੱਤਰੇ ਪਿਆਰ ਦੀ ਬੀੜ ਵਾਲ਼ੇ।

- ਮੇਰੀ ਮੁਹੱਬਤ ਦੇ ਚਿਰਾਗ਼ ਇਹ ਸਿਆਹੀਆਂ ਬਦਲਦੇ,

ਗ਼ੀਤ ਮੇਰੇ ਖ਼ੂਨ ਦੇ, ਇਹ ਜ਼ਾਰ ਸ਼ਾਹੀਆਂ ਬਦਲਦੇ।

ਅੰਮ੍ਰਿਤਾ ਪ੍ਰੀਤਮ ਦੇ ਰਚੇ ਗੀਤਾਂ ਵਿੱਚ ਉਸ ਦੀ ਕਵਿਤਾ ਸਰਬੋਤਮ ਨੂੰ ਜਾ ਛੂੰਹਦੀ ਹੈ। ਉਸ ਨੇ ਸੰਜੋਗ ਅਤੇ ਵਿਜੋਗ ਦੋਵਾਂ ਭਾਵਾਂ ਦੇ ਗੀਤ ਰਚੇ ਹਨ। ਉਸ ਨੇ ਗੀਤਾਂ ਵਿੱਚ ਪੰਜਾਬਣ ਸੁਆਣੀ ਦੇ ਜਜ਼ਬਿਆਂ ਨੂੰ ਬਹੁਤ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ। ‘ਲੋਕ ਨਾਚ’ ਅਤੇ ‘ਤ੍ਰਿੰਝਣ ਦੇ ਗੀਤ’ ਇਸ ਦੀਆਂ ਵਰਣਨਯੋਗ ਵੰਨਗੀਆਂ ਹਨ। ਕਵਿੱਤਰੀ ਨੇ ਆਪਣੇ ਗੀਤਾਂ ਵਿੱਚ ਲੋਕ ਧੁਨੀਆਂ ਨੂੰ ਵੀ ਬਹੁਤ ਖ਼ੂਬਸੂਰਤ ਢੰਗ ਨਾਲ ਵਰਤਿਆ ਹੈ। ਉਸ ਵਿੱਚ ਮੌਲਿਕ ਉਪਮਾਵਾਂ ਅਤੇ ਸ਼ਬਦ-ਚਿੱਤਰ ਚੁਣਨ ਵਿੱਚ ਕਮਾਲ ਦੀ ਕਲਾਕਾਰੀ ਹੈ:

ਦਾਗ਼ ਨਹੀਂ ਇਹ ਚੰਨ ਦੇ ਸੀਨੇ, ਕੋਈ ਕਹਿੰਦੇ ਨੇ ਚਰਖਾ ਕੱਤੇ।

ਚੜ੍ਹ ਚੜ੍ਹ ਪੈਂਦਾ ਇੱਕ ਇੱਕ ਤਾਰਾ, ਜਿਉਂ ਇੱਕ ਇੱਕ ਮੁੱਢਾ ਲੱਥੇ।

ਉੱਚੀ ਲੰਮੀ ਤੰਦ ਕੁੜੀਆਂ ਦੀ, ਜਿਉਂ ਖੇਤਾਂ ਦੇ ਗੰਨੇ।

ਨਿੱਕੀ ਜੁਆਰ ਦੇ ਸਿੱਟਿਆਂ ਵਾਂਗੂੰ, ਮੁੱਢੇ ਵੰਨ ਸੁਵੰਨੇ।

ਉੱਸਰਨ ਮੁੱਢੇ ਤੇ ਉੱਸਰਨ ਯਾਦਾਂ, ਜਿਸ ਦਾ ਕੰਤ ਦੁਰੇਡੇ।

ਮੁੱਢੇ ਕੱਤਦੀ ਦੇ ਡੁੱਲ੍ਹ ਡੁੱਲ੍ਹ ਪੈਂਦੇ, ਅੱਥਰੂ ਮੁੱਢਿਆਂ ਜੇਡੇ।

ਫੁੱਲ ਅੱਖੀਆਂ ਤੇ ਅੱਥਰੂ ਆਏ, ਤ੍ਰੇਲ ਫੁੱਲਾਂ ਦੀ ਬਣ ਕੇ।

ਅੰਬਰ ਤਾਰੇ ਜਾਂ ਲੌਂਗ ਨਗੀਨੇ, ਜਾਂ ਜਿਉਂ ਗਾਨੀ ਦੇ ਮਣਕੇ।

ਉਸ ਦੇ ਲਿਖੇ ਗੀਤਾਂ ਵਿੱਚੋਂ ਸਾਵਣ, ਮਿਲੀ ਵੰਝਣਾ, ਭਾਦਰੋਂ ਚੜ੍ਹਿਆ, ਦਾਖਾਂ ਬੂਰੀਆਂ, ਪੌਣਾਂ ਦੇ ਪੰਖੇਰੂਆ, ਦੋ ਅੱਥਰੂ, ਲਹਿਰ ਅਲਬੇਲੀ, ਖ਼ੁਸ਼ੀਆ ਜੀਅੜਾ, ਯਾਦਾਂ ਦੇ ਹਵਾਲੇ, ਪੁਰੇ ਦੀ ਵਾਹ, ਜਿੰਦੇ ਆਦਿ ਬਹੁਤ ਪ੍ਰਸਿੱਧ ਹਨ। ਵੰਨਗੀ ਵਜੋਂ ਇੱਕ ਗੀਤ ਵਿੱਚ ਪ੍ਰੇਮਿਕਾ, ਪ੍ਰੇਮੀ ਨੂੰ ਮਿਲਣ ਜਾਣ ਲਈ ਕਿਸ ਤਰ੍ਹਾਂ ਦਾ ਵਾਤਾਵਰਣ ਉਸਾਰਦੀ ਹੈ:

ਨਿੰਮੀ ਨਿੰਮੀ ਤਾਰਿਆਂ ਦੀ ਲੋਅ, ਚੰਨ ਪਵੇ ਨਾ ਜਾਗ ਬੱਦਲੀਏ,

ਪੋਲੀ ਜਿਹੀ ਖਲੋ।/ ਪਲਕ ਨਾ ਝਮਕੋ ਅੱਖੀਓ, ਕਿਤੇ ਖੜਕ ਨਾ ਜਾਵੇ ਹੋ!/ ਹੌਲੀ ਹੌਲੀ ਧੜਕ ਕਲੇਜੇ, ਮਤ ਕੋਈ ਸੁਣਦਾ ਹੋ!/ ਪੀਆ ਮਿਲਣ ਨੂੰ ਮੈਂ ਚੱਲੀ, ਕਿਤੇ ਕੋਈ ਕੱਢੇ ਨਾ ਸੋਅ।/ ਨਹੀਂ ਤੇ ਖਿੰਡ ਜਾਏਗੀ ਵਾ ਨਾਲ਼, ਇਹ ਫੁੱਲਾਂ ਦੀ ਖ਼ੁਸ਼ਬੋ।

ਅੰਮ੍ਰਿਤਾ ਪ੍ਰੀਤਮ ਵੱਲੋਂ ਪੰਜਾਬੀ ਸਾਹਿਤ ਦੀ ਕੀਤੀ ਅਣਥੱਕ ਸੇਵਾ ਕਾਰਨ ਉਸ ਨੂੰ ਬਹੁਤ ਸਾਰੇ ਮਾਨ ਸਨਮਾਨ ਦੇ ਕੇ ਨਿਵਾਜਿਆ ਗਿਆ। ਕਾਵਿ-ਰਚਨਾ ‘ਸੁਨੇਹੜੇ’ ਲਈ ਉਸ ਨੂੰ 1956 ਵਿੱਚ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਦਿੱਤਾ ਗਿਆ। ਭਾਸ਼ਾ ਵਿਭਾਗ, ਪੰਜਾਬ ਵੱਲੋਂ 1958 ਵਿੱਚ ਉਸ ਨੂੰ ਸਨਮਾਨਿਤ ਕੀਤਾ ਗਿਆ। ਉਸ ਦੀ ਸਾਹਿਤਕ ਘਾਲਣਾ ਨੂੰ ਦੇਖਦੇ ਹੋਏ ਪਦਮ ਸ੍ਰੀ ਸਨਮਾਨ 1969 ਵਿੱਚ ਦਿੱਤਾ ਗਿਆ। ਉਸ ਦੀ ਰਚਨਾ ‘ਕਾਗਜ਼ ਤੇ ਕੈਨਵਸ’ ਲਈ ਭਾਰਤੀ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਸ ਦੀਆਂ ਜੀਵਨ ਭਰ ਦੀਆਂ ਉਪਲੱਬਧੀਆਂ ਲਈ ਭਾਰਤ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਵਿਭੂਸ਼ਣ ਨਾਲ 2004 ਵਿੱਚ ਸਨਮਾਨਿਤ ਕੀਤਾ ਗਿਆ। ਵੀਹਵੀਂ ਸਦੀ ਦੀ ਇਹ ਮਹਾਨ ਸ਼ਾਇਰਾ ਛਿਆਸੀ ਸਾਲ ਦੀ ਉਮਰ ਭੋਗ ਕੇ 31 ਅਕਤੂਬਰ 2005 ਨੂੰ ਸਦਾ ਲਈ ਮੌਤ ਦੀ ਗੋਦ ਵਿੱਚ ਸੌਂ ਗਈ।

ਸੰਪਰਕ: 84276-85020

Advertisement
Show comments