ਉਮਰਾਂ ਨਾਲ ਜੁੜੀ ਜੰਗ ਦੀ ਕਹਾਣੀ
ਸੱਠ ਸਾਲ ਪਹਿਲਾਂ ਅਗਸਤ 1965 ਦਾ ਪੂਰਾ ਮਹੀਨਾ ਜ਼ਬਰਦਸਤ ਗੋਲਾਬਾਰੀ ਚੱਲਦੀ ਰਹੀ ਅਤੇ ਨੁਕਸਾਨ ਵੀ ਹੁੰਦਾ ਰਿਹਾ। ਪਹਿਲੀ ਸਤੰਬਰ 1965 ਨੂੰ ਚਾਰ ਵਜੇ ਪਾਕਿਸਤਾਨ ਨੇ ਇੱਕ ਡਿਵੀਜ਼ਨ ਅਤੇ 70 ਟੈਂਕਾਂ ਨਾਲ ਜ਼ਬਰਦਸਤ ਹਮਲਾ ਕੀਤਾ, ਜਿਵੇਂ ਪਰਲੋ ਆ ਗਈ ਹੋਵੇ। ਆਸਮਾਨ ਲਾਲ ਸੂਹਾ ਸੀ। ਗੋਲਾਬਾਰੀ ਕਰਕੇ ਸਾਡੀਆਂ ਟੈਲੀਫੋਨ ਲਾਈਨਾਂ ਉੱਡ ਗਈਆਂ। ਦੁਸ਼ਮਣ ਨੇ ਵਾਇਰਲੈੱਸ ਸੈੱਟ ਜਾਮ ਕਰ ਦਿੱਤੇ ਅਤੇ ਸਾਡਾ ਇੱਕ ਦੂਜੇ ਤੋਂ ਰਾਬਤਾ ਟੁੱਟ ਗਿਆ। ਕੁਝ ਪੋਸਟਾਂ ਟੈਂਕਾਂ ਨੇ ਦਰੜ ਦਿੱਤੀਆਂ, ਕੁਝ ਕੁ ਉਹ ਬਾਈਪਾਸ ਕਰਕੇ ਲੰਘ ਗਿਆ। ਕੁਝ ਘੇਰੇ ਵਿੱਚ ਆ ਗਈਆਂ। ਦੁਸ਼ਮਣ ਅਖਨੂਰ ਪੁਲ ਵੱਲ ਵਧ ਰਿਹਾ ਸੀ। ਅਜਿਹੇ ਹਾਲਾਤ ਵਿੱਚੋਂ ਉਪਜੀ ਹੈ ਕੈਪਟਨ ਬੀ.ਬੀ. ਕੁਲਕਰਨੀ ਦੀ ਇਹ ਕਹਾਣੀ ‘ਮੈਂ ਜੰਗੀ ਕੈਦੀ ਸਾਂ’। 1965 ਦੀ ਜੰਗ ਦੌਰਾਨ ਲੇਖਕ ਵੀ ਭਾਰਤੀ ਫ਼ੌਜ ਦੀ ਕੈਪਟਨ ਬੀ.ਬੀ. ਕੁਲਕਰਨੀ ਵਾਲੀ ਬਟਾਲੀਅਨ ਵਿੱਚ ਸੇਵਾ ਨਿਭਾਅ ਰਿਹਾ ਸੀ। ਉਸ ਨੇ ਬਹਾਦਰੀ ਦੀ ਇਹ ਸੱਚੀ ਕਹਾਣੀ 2013 ਵਿੱਚ ਕਲਮਬੰਦ ਕੀਤੀ। ਕੈਪਟਨ ਬੀ.ਬੀ. ਕੁਲਕਰਨੀ ਦੇ ਸ਼ਬਦਾਂ ਵਿੱਚ ਇਹ ਘਟਨਾਕ੍ਰਮ ਪਾਠਕਾਂ ਲਈ ਪੇਸ਼ ਕਰ ਰਹੇ ਹਾਂ:
“ਮੈਂ ਟਰੇਨਿੰਗ ਉਪਰੰਤ ਅਫ਼ਸਰ ਬਣ ਕੇ ਮਈ ’65 ਦੇ ਅਖ਼ੀਰ ਵਿੱਚ ਬਟਾਲੀਅਨ ਪਹੁੰਚਿਆ। ਮੈਨੂੰ ਕੰਮ ਸਿੱਖਣ ਲਈ ਅਲਫ਼ਾ ਕੰਪਨੀ ਨਾਲ ਅਟੈਚ ਕੀਤਾ ਗਿਆ ਕਿਉਂਕਿ ਮੈਨੂੰ ਅਜੇ ਪ੍ਰੈਕਟੀਕਲ ਤਜਰਬਾ ਨਹੀਂ ਸੀ। ਇਹ ਫ਼ੌਜ ਦਾ ਦਸਤੂਰ ਹੈ। ਉਸ ਵਕਤ ਬਟਾਲੀਅਨ ਛੰਭ ਸੈਕਟਰ ਵਿੱਚ ਸੀ। ਮੇਰੀ ਪਲਟਨ ਦੀ ਪੁਜ਼ੀਸ਼ਨ ਸਭ ਤੋਂ ਮੂਹਰੇ ਸੀ ਅਤੇ ਬਟਾਲੀਅਨ ਹੈੱਡ-ਕੁਆਰਟਰ ਤੋਂ ਕੋਈ ਡੇਢ ਦੋ ਕਿਲੋਮੀਟਰ। ਹੈੱਡ-ਕੁਆਰਟਰ ਆਦਿ ਕੱਚੇ ਬੰਕਰਾਂ ਵਿੱਚ ਸਨ। ਮੈਂ ਪਲਟਨ ਵਿੱਚ ਗਰਾਊਂਡ ਸ਼ੀਟ (6x3’ ਦੀ ਤਰਪਾਲ ਜੋ ਹਰ ਫ਼ੌਜੀ ਨੂੰ ਮਿਲਦੀ ਹੈ ਅਤੇ ਕਈ ਕੰਮਾਂ ਲਈ ਵਰਤੀ ਜਾਂਦੀ ਹੈ) ਦੀ ਬਿਵੱਕ (ਉਲਟੀ ਵੀ ਸ਼ੇਪ ਜਾਂ ਝੁੱਗੀ) ਵਿੱਚ ਰਹਿੰਦਾ ਸਾਂ।
ਕੁਝ ਸਮਾਂ ਪਾ ਕੇ ਪਲਟਨ ਅੱਗੇ ਜੰਗਬੰਦੀ ਰੇਖਾ ’ਤੇ ਲੱਗ ਗਈ ਅਤੇ ਅਸੀਂ ਡਿਫੈਂਸ ਦੀ ਤਿਆਰੀ ਕਰਨ ਲੱਗੇ। ਲੜਾਈ ਕਦੇ ਵੀ ਲੱਗ ਸਕਦੀ ਸੀ। ਮੇਰਾ ਕੰਪਨੀ ਕਮਾਂਡਰ ਉੱਚਾ ਲੰਮਾ ਜਾਟ, ਆਦਤਾਂ ਅਤੇ ਬੋਲੀ ਜਾਟਾਂ ਵਾਲੀ ਤੇ ਪੰਜਾਬੀ ਦਾ ਮਿਲਗੋਭਾ। ਉਹ ਪਰਾਉਂਠੇ ਅਤੇ ਮਾਂਹ ਦੀ ਦਾਲ ਦਾ ਸ਼ੌਕੀਨ ਸੀ।
ਮੇਰੀ ਪੋਸਟ ਦਾ ਨਾਂਅ ਸੀ ‘ਮੋਇਲ’ ਅਤੇ ਇਹ 20-25 ਫੁੱਟ ਉੱਚੇ ਟਿੱਬੇ ’ਤੇ ਸੀ। ਇਸ ’ਤੇ ਮੋਰਚੇ, ਸੰਤਰੀ ਪੋਸਟਾਂ ਅਤੇ ਕਮਿਊਨੀਕੇਸ਼ਨ ਟਰੈਂਚਾਂ (ਖਾਈਆਂ/ ਖੰਦਕਾਂ) ਪੁੱਟੀਆਂ ਹੋਈਆਂ ਸਨ। ਲੜਨ ਲਈ ਮੋਰਚੇ ਘੇਰੇ ’ਤੇ ਸਨ। ਕੁਝ ਕੁ ਕੱਚੇ ਬੰਕਰ ਵੀ ਸਨ। ਸਾਡੇ ਸਭ ਤੋਂ ਨੇੜਲੀ ਦੁਸ਼ਮਣ ਦੀ ਪੋਸਟ ਸੀ ‘ਕੋਇਲ’। ਅਸੀਂ ਦੋਵੇਂ ਇੱਕ ਦੂਜੇ ਦੀ ਹਰ ਹਰਕਤ ਵੇਖ ਸਕਦੇ ਸਾਂ। ਤਜਰਬਾ ਹਾਸਲ ਹੋਣ ’ਤੇ ਮੈਂ ਪੱਕਾ ਪਲਟਨ ਕਮਾਂਡਰ ਬਣ ਗਿਆ ਪਰ ਫਿਰ ਵੀ ਮੈਂ ਆਪਣੇ ਜੇ.ਸੀ.ਓ. ਤੋਂ ਰਾਇ ਲੈ ਲੈਂਦਾ ਸਾਂ। ਇਸ ਦੌਰਾਨ ਦੁਸ਼ਮਣ ਵੱਲੋਂ ਗੋਲਾਬਾਰੀ ਨਿੱਤ ਦੀ ਗੱਲ ਸੀ, ਜਿਸ ਦੇ ਅਸੀਂ ਆਦੀ ਹੋ ਗਏ ਸਾਂ। ਇੱਕ ਦਿਨ ਮੇਰਾ ਇੱਕ ਜਵਾਨ ਬੰਕਰ ਵਿੱਚ ਵੜਨ ਲੱਗਿਆ ਮਰ ਗਿਆ, ਪਰ ਰਾਸ਼ਨ ਵਿੱਚ ਆਈ ਬੱਕਰੀ ਆਰਾਮ ਨਾਲ ਚਰਦੀ ਰਹੀ। ਇੱਥੋਂ ਹੀ ਮੈਂ ਇੱਕ ਦਿਨ ਗਸ਼ਤ ਪਾਰਟੀ ਨਾਲ ਕੌਮਾਂਤਰੀ ਸਰਹੱਦ ਦੇ ਇਲਾਕੇ ਵਿੱਚ ਝਨਾਬ ਦਰਿਆ ਲੱਕ ਲੱਕ ਪਾਣੀ ਵਿਚਦੀ ਟੱਪ ਕੇ ਗਿਆ। ਇੱਥੋਂ ਹੀ ਮੈਂ ਆਪਣੀਆਂ ਨੇੜਲੀਆਂ ਗੁਆਂਢੀ ਪੋਸਟਾਂ ‘ਭੂਰੇ ਜਾਲ’ ਅਤੇ ‘ਲਤਾ’ ਤੇ ‘ਮਿਲਾਪ’ ਲਈ ਗਸ਼ਤ ਪਾਰਟੀਆਂ ਲੈ ਕੇ ਜਾਂਦਾ ਰਿਹਾ।
ਪੰਦਰਾਂ ਅਗਸਤ ਨੂੰ ਮੇਰੀ ਪੋਸਟ ਦੇ ਨਜ਼ਦੀਕ ਹੀ ਸਾਡਾ ਕਮਾਂਡਰ ਬ੍ਰਿਗੇਡੀਅਰ ਬੀ.ਐਫ. ਮਾਸਟਰ ਮਾਰਿਆ ਗਿਆ। ਦੁਸ਼ਮਣ ਦੀਆਂ ਹਰਕਤਾਂ ਹੋਰ ਤੇਜ਼ ਹੋ ਗਈਆਂ। ਅਸੀਂ ਪੀਰ ਜਮਾਲ ਅਤੇ ਮੋਇਲ ਵਾਲੇ ਰਲ ਕੇ ਘਾਤ ਵੀ ਲਾਉਂਦੇ ਰਹਿੰਦੇ ਸਾਂ ਤਾਂ ਕਿ ਘੁਸਪੈਠ ਨਾ ਹੋ ਸਕੇ। ਇੱਕ ਰਾਤ ਘਾਤ ਲਾਉਣ ਲਈ ਨਿਕਲੇ ਅਤੇ ਪੁਜ਼ੀਸ਼ਨ ਲਈ ਹੀ ਸੀ ਕਿ ਨੇੜਲੀ ਪਾਕਿਸਤਾਨੀ ਪੋਸਟ ਤੋਂ ਜ਼ਬਰਦਸਤ ਗੋਲਾਬਾਰੀ ਹੋਈ। ਸ਼ਾਇਦ ਦੁਸ਼ਮਣ ਨੂੰ ਸਾਡੀ ਪੁਜ਼ੀਸ਼ਨ ਦਾ ਪਤਾ ਲੱਗ ਗਿਆ ਸੀ।
31 ਅਗਸਤ ਨੂੰ ਗੋਲਾਬਾਰੀ ਤਾਂ ਘੱਟ ਹੋਈ ਪਰ ਦੂਰ ਟੈਂਕਾਂ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ। ਗੋਲਾਬਾਰੀ ਕਾਰਨ ਮੇਰੀ ਪੋਸਟ ਦਾ ਇੱਕ ਬੰਕਰ ਢਹਿ ਗਿਆ। ਟੈਲੀਫੋਨ ਤਾਰਾਂ ਸੜ ਗਈਆਂ। ਪਿਛਲੇ ਪਹਿਰ ਦੁਸ਼ਮਣ ਦੀ ਇੱਕ ਟੋਲੀ (ਵੀਹ ਕੁ ਆਦਮੀ) ਸਾਡੀ ਪੋਸਟ ਦੇ ਦੱਖਣ ਵੱਲ ਵੇਖੀ ਗਈ। ਸ਼ਾਇਦ ਉਹ ਦੁਸ਼ਮਣ ਦੀ ਫਾਈਟਿੰਗ ਪੈਟਰੋਲ ਹੋਵੇ। ਅਸੀਂ ਮਾਰਟਰ ਦੇ ਗੋਲੇ ਦਾਗੇ ਪਰ ਉਹ ਬੇਅਸਰ ਰਹੇ। ਆਹਮੋ-ਸਾਹਮਣੇ ਗੋਲੀਆਂ ਚੱਲਦੀਆਂ ਰਹੀਆਂ। ਆਖ਼ਰ ਉਹ ਮੁੜ ਗਏ। ਇਸ ਵਿੱਚ ਦੁਸ਼ਮਣ ਦਾ ਇੱਕ ਗੋਲਾ ਮੇਰੀ ਸੰਤਰੀ ਪੋਸਟ ’ਤੇ ਵੱਜਾ ਅਤੇ ਛੱਤ ਵਾਲੇ ਬਾਲੇ ਉੱਡਣ ਨਾਲ ਸਿਪਾਹੀ ਲਾਭ ਸਿੰਘ ਅਤੇ ਦੋ ਜਵਾਨ ਜ਼ਖ਼ਮੀ ਹੋ ਗਏ। ਸ਼ਾਮ ਨੂੰ ਇੱਕ ਗੋਲਾ ਪੋਸਟ ਦੇ ਵਿਚਕਾਰਲੇ ਬੰਕਰ ’ਤੇ ਡਿੱਗਿਆ ਅਤੇ ਬੰਕਰ ਤਬਾਹ ਹੋ ਗਿਆ। ਇੱਕ ਮੁੰਡੇ ਦਾ ਹੱਥ ਬਾਹਰ ਵੇਖ ਕੇ ਅਸੀਂ ਤਿੰਨ ਜਵਾਨ ਤਾਂ ਜਿਊਂਦੇ ਕੱਢ ਲਏ, ਪਰ ਬਾਕੀ ਚਾਰ ਮਲਬੇ ਹੇਠ ਦੱਬੇ ਸ਼ਹੀਦ ਹੋ ਗਏ। ਉੱਤਰ ਵਾਲੇ ਪਾਸੇ ਵੇਖਿਆ ਤਾਂ ਇੱਕ ਸੰਤਰੀ ਢਹਿ-ਢੇਰੀ ਹੋ ਗਿਆ। ਵੇਖਣ ਨੂੰ ਉਸ ਦੇ ਕੋਈ ਜ਼ਖ਼ਮ ਨਹੀਂ ਸੀ ਦਿਸਦਾ। ਗਹੁ ਨਾਲ ਵੇਖਣ ’ਤੇ ਪਤਾ ਲੱਗਿਆ ਕਿ ਇੱਕ ਸ਼ੈੱਲ ਸਪਲਿੰਟਰ (ਛੱਰਾ) ਉਸ ਦੇ ਗਲ ਵਿਚਦੀ ਪਾਰ ਹੋ ਗਿਆ ਸੀ। ਰਾਤ ਟਿਕ ਗਈ ਲੱਗਦੀ ਸੀ ਪਰ ਟੈਂਕਾਂ ਦੇ ਨੇੜੇ ਆਉਣ ਦੀ ਆਵਾਜ਼ ਸੁਣਾਈ ਦਿੰਦੀ ਰਹੀ। ਅਸੀਂ ਮੋਰਚਿਆਂ ਵਿੱਚ ਇੰਤਜ਼ਾਰ ਕਰ ਰਹੇ ਸਾਂ।
ਪਹਿਲੀ ਸਤੰਬਰ 1965 ਨੂੰ ਸਵੇਰੇ 4 ਵਜੇ ਦੁਸ਼ਮਣ ਦਾ ਹਮਲਾ ਸ਼ੁਰੂ ਹੋਇਆ। ਦੁਸ਼ਮਣ ਦੇ ਚਾਰ ਟੈਂਕ ਮੇਰੀ ਪੋਸਟ ਦੇ ਉੱਤਰ ਵੱਲ ਦੀ ਲਗਭਗ 200 ਗਜ਼ ਤੋਂ ਲੰਘੇ। ਇਨ੍ਹਾਂ ਹੈੱਡਲਾਈਟਾਂ ਜਗਾਈਆਂ ਹੋਈਆਂ ਸਨ, ਪਰ ਸਾਨੂੰ ਕੁਝ ਨਹੀਂ ਕਿਹਾ, ਜਾਂ ਤਾਂ ਉਨ੍ਹਾਂ ਸਾਨੂੰ ਵੇਖਿਆ ਨਹੀਂ ਜਾਂ ਉਹ ਬਾਈਪਾਸ ਕਰਕੇ ਲੰਘ ਗਏ। ਸਾਡੇ ਕੋਲ ਟੈਂਕਾਂ ਨੂੰ ਬਰਬਾਦ ਕਰਨ ਦਾ ਕੋਈ ਸਾਧਨ ਨਹੀਂ ਸੀ। ਸੰਪਰਕ ਟੁੱਟਣ ਕਾਰਨ ਬਾਕੀ ਪੋਸਟਾਂ ਬਾਰੇ ਕੁਝ ਪਤਾ ਨਹੀਂ ਸੀ ਲੱਗ ਰਿਹਾ। ਅਸੀਂ ਸਾਰੀ ਰਾਤ ਮੋਰਚਿਆਂ ਵਿੱਚ ਕੱਟੀ। ਚਾਰ ਚੁਫ਼ੇਰੇ ਦੁਸ਼ਮਣ ਦੀ ਹਰਕਤ ਸੀ, ਸਾਡਾ ਕੋਈ ਵਿਖਾਈ ਨਹੀਂ ਦਿੱਤਾ। ਦੋ ਸਤੰਬਰ ਨੂੰ ਅਸੀਂ ਪਿੱਛੇ ਹਟਣ ਦੀ ਵਿਉਂਤ ਬਣਾਈ। ਦਸ ਵਜੇ ਦੇ ਕਰੀਬ ਮੇਰੇ ਨਾਲ ਦਾ ਆਰ.ਟੀ.ਓ.ਪੀ. (ਤੋਪਖਾਨਾ ਅਫ਼ਸਰ), ਉਸਦਾ ਬੈਟ ਮੈਨ/ ਰੇਡੀਓ ਆਪਰੇਟਰ/ ਡਰਾਈਵਰ ਅਤੇ ਮੇਰੇ ਦੋ ਜ਼ਖ਼ਮੀ ਜਵਾਨ (ਲਾਭ ਸਿੰਘ ਤੇ ਇੱਕ ਹੋਰ) ਪਿੱਛੇ ਭੇਜ ਦਿੱਤੇ। ਮੇਰੇ ਕੋਲ ਮੇਰੇ ਸੱਤ ਜਵਾਨਾਂ ਦੀਆਂ ਲਾਸ਼ਾਂ ਸਨ। ਮੈਂ ਸਾਥੀਆਂ ਦੀ ਮਦਦ ਨਾਲ ਕੰਬਲਾਂ ਵਿੱਚ ਲਪੇਟ ਕੇ ਸ਼ੈੱਡ ਵਿੱਚ ਰੱਖ ਦਿੱਤੀਆਂ। ਇੱਕ ਹੋਰ ਛੋਟੀ ਟੋਲੀ ਪਿੱਛੇ ਕੱਢ ਦਿੱਤੀ। ਅਖ਼ੀਰ ਵਿੱਚ ਮੈਂ ਅਤੇ ਸਿਪਾਹੀ ਬਹਾਦਰ ਸਿੰਘ (ਜੋ ਜ਼ਖ਼ਮੀ ਸੀ) ਨੇ ਪੋਸਟ ਛੱਡ ਦਿੱਤੀ। ਅਸੀਂ ਲੁਕਦੇ ਛੁਪਦੇ ਪਿੱਛੇ ਹਟਦੇ ਰਹੇ। ਇੱਕ ਪਿੰਡ ਦਿਸਿਆ ਅਤੇ ਨਾਲ ਲੱਗਦੀ ਸੜਕ ’ਤੇ ਦੁਸ਼ਮਣ ਦੀਆਂ ਗੱਡੀਆਂ ਦੀ ਹਰਕਤ ਵੇਖੀ। ਅਸੀਂ ਬਾਜਰੇ ਦੇ ਖੇਤ ਵਿੱਚ ਲੁਕ ਗਏ। ਸਾਹ ਲਿਆ ਅਤੇ ਉੱਤਰ ਵੱਲ ਸੁੱਕੇ ਨਾਲੇ ਵਿਚਦੀ ਹੋ ਕੇ ਨਿਕਲਣ ਦੀ ਸੋਚੀ। ਦਿਨ ਦਾ ਛਿਪਾਅ ਸੀ। ਜਿਉਂ ਹੀ ਅਸੀਂ ਨਾਲੇ ਵਿੱਚ ਖੁੱਲ੍ਹੀ ਥਾਂ ’ਤੇ ਆਏ ਤਾਂ ਦੁਸ਼ਮਣ ਨੇ ਘੇਰ ਲਿਆ। ਹਥਿਆਰ ਸੁੱਟਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਉਹ ਸਾਨੂੰ ਨੇੜਲੇ ਪਿੰਡ ਲੈ ਗਏ, ਜਿੱਥੇ ਇੱਕ ਪਾਕਿਸਤਾਨੀ ਕੈਪਟਨ ਮਿਲਿਆ। ਉਹ ਬਹੁਤ ਗਾਲੜੀ ਸੀ। ਸਾਨੂੰ ਚਾਹ ਦਾ ਇੱਕ ਇੱਕ ਕੱਪ ਦਿੱਤਾ। ਉਸ ਨੇ ਦੱਸਿਆ ਕਿ ਉਹ (ਪਾਕਿਸਤਾਨੀ) ਕੱਲ੍ਹ ਨੂੰ ਅਖਨੂਰ ਪਹੁੰਚ ਜਾਣਗੇ।
ਸੂਰਜ ਛਿਪਦੇ ਸਾਰ ਸਾਡੀਆਂ ਅੱਖਾਂ ’ਤੇ ਪੱਟੀ ਬੰਨ੍ਹ ਦਿੱਤੀ ਅਤੇ ਜੀਪ ਵਿੱਚ ਪਿੱਛੇ ਕਿਤੇ ਲੈ ਗਏ। ਰਾਤ ਪਈ ਅਸੀਂ ਦੁਸ਼ਮਣ ਦੀਆਂ ਗੰਨ ਪੁਜ਼ੀਸ਼ਨਾਂ ’ਤੇ ਪਹੁੰਚੇ। ਇੱਥੋਂ ਲਗਾਤਾਰ ਗੰਨਾਂ ਫਾਇਰ ਭਾਰਤ ਵੱਲ ਹੁੰਦਾ ਰਿਹਾ। ਹੁਣ ਸਾਨੂੰ ਵੱਖ ਵੱਖ ਕਰ ਦਿੱਤਾ। ਮੈਨੂੰ ਕਟੋਰੇ ਵਿੱਚ ਦਾਲ ਅਤੇ ਰੋਟੀ ਦਿੱਤੀ ਗਈ। ਸਫ਼ਰ ਜਾਰੀ ਰਿਹਾ- ਅੱਖਾਂ ’ਤੇ ਪੱਟੀ ਵੀ ਉਵੇਂ ਸੀ। ਫਿਰ ਐਸੀ ਜਗ੍ਹਾ ਪਹੁੰਚੇ, ਜਿੱਥੇ ਟੈਂਟ ਲੱਗੇ ਹੋਏ ਸਨ। ਉੱਥੇ ਕੁਝ ਹੋਰ ਜੰਗੀ ਕੈਦੀ ਮੈਥੋਂ ਪਹਿਲਾਂ ਦੇ ਸਨ। ਸਾਨੂੰ ਇੱਕ ਤਰਪਾਲ ਸੌਣ ਲਈ ਦਿੱਤੀ ਗਈ, ਜਿਹੜੀ ਹੇਠਾਂ ਵਿਛਾ ਕੇ ਬਾਕੀ ਹਵਾ ਤੇ ਠੰਢ ਤੋਂ ਬਚਣ ਲਈ ਉੱਪਰ ਲੈ ਲਈ। ਮੇਰੀਆਂ ਅੱਖਾਂ ’ਤੇ ਸਾਰੀ ਰਾਤ ਪੱਟੀ ਬੰਨ੍ਹੀ ਰੱਖੀ। ਅਗਲੇ ਦਿਨ ਪਿੱਛੇ ਵੱਲ ਸਫ਼ਰ ਚਲਦਾ ਰਿਹਾ ਅਤੇ ਰਾਤੀਂ ਕਿਤੇ ਪਹੁੰਚੇ। ਰਾਤ ਨੂੰ ਮੈਨੂੰ ਹੋਰ ਜਗ੍ਹਾ ਲਿਜਾਇਆ ਗਿਆ, ਜਿੱਥੇ ਕੁਝ ਭਾਰਤੀ ਅਫ਼ਸਰ ਜੰਗੀ ਕੈਦੀ ਪਹਿਲਾਂ ਹੀ ਮੌਜੂਦ ਸਨ। ਅਸੀਂ ਸਾਰੇ ਖੁੱਲ੍ਹੇ ਵਿੱਚ ਬੈਠੇ ਸਾਂ। ਸਾਡੇ ਵਿੱਚ ਕੋਈ ਆਪਸੀ ਗੱਲਬਾਤ ਨਹੀਂ ਹੋਈ। ਰਾਤ ਨੂੰ ਮੈਨੂੰ ਪਿੰਡ ਦੇ ਪੁਲੀਸ ਸਟੇਸ਼ਨ ਲਿਜਾਇਆ ਗਿਆ। ਮੈਨੂੰ ਤੇਜ਼ ਬੁਖ਼ਾਰ ਸੀ। ਇੱਕ ਡਾਕਟਰ ਨੇ ਮੇਰਾ ਮੁਆਇਨਾ ਕੀਤਾ ਅਤੇ ਕੁਝ ਗੋਲੀਆਂ ਦਿੱਤੀਆਂ।
ਅਗਲੇ ਦਿਨ ਦਾ ਸਫ਼ਰ ਕਰਕੇ ਅਸੀਂ ਗੁਜਰਾਤ ਜੇਲ੍ਹ ਪਹੁੰਚੇ। ਮੇਰਾ ਬੁਖਾਰ ਉਵੇਂ ਸੀ। ਇੱਥੇ ਸਾਨੂੰ ਪਾਕਿਸਤਾਨ ਦੇ ਕਿਸੇ ਸਿਵਿਲ ਅਫਸਰ ਨੇ ਭਾਸ਼ਨ ਦਿੱਤਾ। ਅਗਲੇ ਦਿਨ ਫਿਰ ਅੱਖਾਂ ’ਤੇ ਪੱਟੀ ਬੰਨ੍ਹ ਕਿਸੇ ਰੇਲਵੇ ਸਟੇਸ਼ਨ ’ਤੇ ਲੈ ਗਏ। ਗੱਡੀ ਦੇ ਉਸ ਡੱਬੇ ਵਿੱਚ ਅਸੀਂ ਸਾਰੇ ਜੰਗੀ ਕੈਦੀ ਸਾਂ।
ਅਗਲੇ ਦਿਨ (ਸ਼ਾਇਦ 7 ਸਤੰਬਰ) ਮੈਂ ਆਪਣੇ ਆਪ ਨੂੰ 60x40 ਗੁਦਾਮ ਵਿੱਚ ਬੈਠਾ ਪਾਇਆ, ਜਿਸ ਦੀ ਛੱਤ ਬਹੁਤ ਉੱਚੀ ਸੀ ਅਤੇ ਫ਼ਰਸ਼ ਪੂਰਾ ਸਲ੍ਹਾਬਿਆ। ਗੁਦਾਮ ਖ਼ਾਲੀ ਸੀ। ਮੈਨੂੰ ਇੰਟੈਰੋਗੇਸ਼ਨ (ਪੁੱਛਗਿੱਛ) ਲਈ ਇੱਕ ਕਮਰੇ ਵਿੱਚ ਲਿਜਾਇਆ ਗਿਆ। ਮਗਰੋਂ ਪਤਾ ਲੱਗਿਆ ਕਿ ਇਹ ਇਸਲਾਮਾਬਾਦ ਸੀ।
ਅਗਲੇ ਦਿਨ ਮੈਂ ਅਤੇ ਕੁਝ ਹੋਰ ਕੋਹਾਟ ਦੇ ਜੰਗੀ ਕੈਂਪ ਵਿੱਚ ਪਹੁੰਚਾ ਦਿੱਤੇ ਗਏ, ਜੋ ਕੋਹਾਟ ਦੇ ਕਿਲੇ ਵਿੱਚ ਸੀ। ਇੱਥੇ ਸਾਨੂੰ ਸਾਡੀ ਏਅਰ ਫੋਰਸ ਅਤੇ ਥਲ ਸੈਨਾ ਦੇ ਜੰਗੀ ਕੈਦੀ ਮਿਲੇ। ਮੈਂ ਇੱਥੇ 15 ਦਿਨ ਰਿਹਾ। ਇੱਥੇ ਸਫ਼ਾਈ ਅਤੇ ਰੋਟੀ ਤਸੱਲੀਬਖ਼ਸ਼ ਸੀ। ਇੱਥੇ ਹੋਰ ਮੁਹਾਜ਼ਾਂ ਤੋਂ ਵੀ ਜੰਗੀ ਕੈਦੀ ਆ ਰਹੇ ਸਨ। ਇੱਕ ਦਿਨ ਸਾਡੀ ਹਵਾਈ ਸੈਨਾ ਦੇ ਜਹਾਜ਼ਾਂ ਨੇ ਦੋ ਬੰਬ ਸੁੱਟੇ। ਇੱਕ ਬੰਬ ਤਾਂ ਇੱਥੋਂ ਦੀ ਹਵਾਈ ਪੱਟੀ ਤੋਂ ਤਿਲ੍ਹਕ ਕੇ ਨੇੜਲੇ ਹਸਪਤਾਲ ਵਿੱਚ ਜਾ ਫਟਿਆ। ਸੁਣਿਆ ਸੀ ਜ਼ਿਆਦਾ ਨੁਕਸਾਨ ਨਹੀਂ ਹੋਇਆ। ਦੂਜਾ ਬੰਬ ਕਿਲ੍ਹੇ ਦੀ ਕੰਧ ’ਚ ਵੱਜਿਆ, ਪਰ ਫਟਿਆ ਨਹੀਂ।
ਕੋਹਾਟ ਤੋਂ ਮੈਨੂੰ ਦੁਰਗਈ ਦੇ ਜੰਗੀ ਕੈਦੀ ਕੈਂਪ ਵਿੱਚ ਲਿਜਾਇਆ। ਸਫ਼ਰ ਰੇਲ ਦਾ ਸੀ, ਅੱਖਾਂ ’ਤੇ ਪੱਟੀ ਬੰਨ੍ਹੀ ਸੀ। ਦੁਰਗਈ ਦਾ ਕੈਂਪ ਮਜ਼ਬੂਤ ਸੀ। ਆਲੇ-ਦੁਆਲੇ ਕੰਡਿਆਲੀ ਤਾਰ ਲੱਗੀ ਸੀ ਅਤੇ ਸੰਤਰੀ ਤਾਇਨਾਤ ਸਨ। ਇੱਥੇ ਅਸੀਂ 53 ਜੰਗੀ ਕੈਦੀ ਅਫ਼ਸਰ, ਇੱਕ ਲੰਮੀ ਬੈਰਕ ਵਿੱਚ ਸਾਂ। ਬਾਹਰ ਥੋੜ੍ਹੀ ਖੁੱਲ੍ਹੀ ਜਗ੍ਹਾ ਸੀ। ਪਰਲੇ ਪਾਸੇ ਪਰਦੇ ਲਈ ਕੰਧ ਕੱਢੀ ਸੀ ਅਤੇ ਉਸ ਪਾਰ ਏਅਰ ਫੋਰਸ ਅਤੇ ਸਿੱਖ ਅਫਸਰ ਕੈਦੀ ਸਨ। ਇੱਥੇ ਸਾਨੂੰ ਮੋਟੇ ਮੋਟੇ ਗੱਦੇ ਅਤੇ ਰਜਾਈਆਂ ਦਿੱਤੀਆਂ ਹੋਈਆਂ ਸਨ ਅਤੇ ਪਾਉਣ ਲਈ ਡਾਂਗਰੀਆਂ।
ਸਾਨੂੰ ਸਾਡੇ ਜਵਾਨ ਕੈਦੀਆਂ ਬਾਰੇ ਕੁਝ ਪਤਾ ਨਹੀਂ ਸੀ। ਜੰਗੀ ਕੈਦੀਆਂ ਲਈ ਖਾਣਾ ਸਾਡੇ ਹੀ ਜਵਾਨ ਕੈਦੀ ਬਣਾਉਂਦੇ ਸਨ ਅਤੇ ਸਾਨੂੰ ਵੀ ਉਹੀ ਦੇ ਕੇ ਜਾਂਦੇ ਸਨ। ਦੋ ਵੇਲੇ ਚਾਹ, ਦੁਪਹਿਰੇ ਦਾਲ ਰੋਟੀ ਅਤੇ ਆਥਣੇ ਕੱਦੂ ਦੀ ਸਬਜ਼ੀ, ਰੋਟੀ ਅਤੇ ਚੌਲ ਹੁੰਦੇ ਸਨ।
ਸਮਾਂ ਲੰਘਾਉਣ ਲਈ ਸਾਨੂੰ ਤਾਸ਼, ਚੈੱਸ, ਕੈਰਮ ਬੋਰਡ, ਡਾਰਟ ਬੋਰਡ ਦਿੱਤੇ ਸਨ। ਪੜ੍ਹਨ ਲਈ ਵਾਈਲਡ ਵੈਸਟ ਦੀਆਂ ਕਹਾਣੀਆਂ ਦੀਆਂ ਕਿਤਾਬਾਂ ਦਿੱਤੀਆਂ ਗਈਆਂ। ਮੈਨੂੰ ਯਾਦ ਹੈ ਕਿ ਉਸ ਵੇਲੇ ਦੀ ਬੈਸਟ ਸੈਲਰ ਕਿਤਾਬ ‘ਕਾਰਪੈੱਟ ਬੈਗਰਜ਼’ ਅਸੀਂ ਪਾੜ ਕੇ ਵੰਡ ਕੇ ਪੜ੍ਹੀ ਸੀ। ਇੱਕ ਹੋਰ ਗੱਲ ਯਾਦ ਆਈ, ਸਾਡੇ ਵਿੱਚ ਤੋਪਖਾਨੇ ਦਾ ਅਫਸਰ ਸੀ ਲੈਫਟੀਨੈਂਟ ਆਰ.ਕੇ. ਸ਼ਾਹ। ਇੱਕ ਦਿਨ ਉਸ ਨੇ ਸੰਤਰੀ ਨੂੰ ਪੁੱਛਿਆ, “ਮਾਚਿਸ ਹੈ? ” ਸੰਤਰੀ ਨੇ ਜਵਾਬ ਦਿੱਤਾ ‘ਹਾਂ’ ਤਾਂ ਸ਼ਾਹ ਨੇ ਕਿਹਾ, “ਅਗਰ ਤੇਰੇ ਪਾਸ ਮਾਚਿਸ ਹੈ ਤੋ ਸਿਗਰਟ ਜ਼ਰੂਰ ਹੋਗੀ।” ਉਪਰੰਤ ਸੰਤਰੀ ਨੇ ਉਸ ਨੂੰ ਸਿਗਰਟ ਅਤੇ ਮਾਚਿਸ ਦੋਵੇਂ ਦੇ ਦਿੱਤੀਆਂ। ਇਸ ਕਿਲ੍ਹੇ ਦੀ ਬੰਦੋਬਸਤ ਟੀਮ ਵਿੱਚ ਇੱਕ ਜੇ.ਸੀ.ਓ. (ਜੋ ਉਮਰੋਂ ਵੱਡਾ ਲੱਗਦਾ ਸੀ) ਦਾ ਪੁਰਾਣਾ ਪਿੰਡ ਭਾਰਤੀ ਰਾਜਸਥਾਨ ਵਿੱਚ ਸੀ। ਸਾਡੇ ’ਚੋਂ ਇੱਕ ਅਫ਼ਸਰ ਕੈਦੀ ਵੀ ਉਸੇ ਪਿੰਡ ਦਾ ਸੀ। ਉਸ ਜੇ.ਸੀ.ਓ. ਨੇ ਆਪਣੇ ਪੁਰਾਣੇ ਪਿੰਡ (ਵੰਡ ਤੋਂ ਪਹਿਲਾਂ) ਦੇ ਕਈ ਪੁਰਾਣੇ ਦੋਸਤਾਂ ਬਾਰੇ ਪੁੱਛਿਆ। ਉਸ ਨੇ ਆਪਣੇ ਪਿੰਡ ਬਾਰੇ ਲਿਖੀ ਇੱਕ ਕਵਿਤਾ ਵੀ ਪੜ੍ਹ ਕੇ ਸੁਣਾਈ ਅਤੇ ਪਿੰਡ ਤੇ ਦੋਸਤਾਂ ਨੂੰ ਯਾਦ ਕਰਕੇ ਬਹੁਤ ਰੋਇਆ। ਵਕਤ ਬੀਤਦਾ ਗਿਆ। ਇੱਕ ਦਿਨ ਸਾਡੇ ਜੰਗੀ ਕੈਦੀ ਕੈਂਪ ਦਾ ਕਮਾਂਡੈਂਟ ਲੈਫਟੀਨੈਂਟ ਕਰਨਲ ਆਇਆ ਅਤੇ ਦੱਸਿਆ ਕਿ ਤੁਹਾਡਾ ਪ੍ਰਧਾਨ ਮੰਤਰੀ ਰੂਸ ਵਿੱਚ ਮਰ ਗਿਆ ਹੈ। ਅਸੀਂ ਸਾਰਿਆਂ ਨੇ ਦੋ ਮਿੰਟ ਦਾ ਮੌਨ ਧਾਰਿਆ। ਕੁਝ ਦਿਨਾਂ ਮਗਰੋਂ ਐਡਮ ਜੇ.ਸੀ.ਓ. ਨੇ ਦੱਸਿਆ ਕਿ ਦੋਹਾਂ ਮੁਲਕਾਂ ਵਿੱਚ ਸਮਝੌਤਾ ਹੋ ਗਿਆ ਹੈ ਅਤੇ ਛੇਤੀ ਹੀ ਤੁਸੀਂ ਵਤਨ ਚਲੇ ਜਾਉਗੇ।
ਇੱਥੇ ਰਹਿੰਦਿਆਂ ਇੱਕ ਦਿਨ ਅਚਾਨਕ ਸਾਨੂੰ ਬਾਹਰ ਕਿਸੇ ਟਰਿਪ ’ਤੇ ਲਿਜਾਇਆ ਗਿਆ। ਸਾਡਾ ਸਾਰਾ ਸਾਮਾਨ ਚੁਕਵਾ ਕੇ ਬੈਰਕ ਦੇ ਬਾਹਰ ਇੱਕ ਕਮਰੇ ਵਿੱਚ ਰਖਵਾ ਕੇ ਤਾਲਾ ਮਾਰ ਦਿੱਤਾ ਗਿਆ। ਸਾਡੀਆਂ ਅੱਖਾਂ ’ਤੇ ਪੱਟੀ ਬੰਨ੍ਹ ਕੇ ਟਰੱਕ ’ਤੇ ਕਿਤੇ ਦੂਰ ਲੈ ਗਏ ਅਤੇ ਦੇਰ ਰਾਤ ਵਾਪਸ ਲੈ ਕੇ ਆਏ। ਇਹ ਲੜਕਾਣਾ ਨਾਮੀ ਜਗ੍ਹਾ ਸੀ। ਵਾਪਸ ਆਉਣ ’ਤੇ ਪਤਾ ਲੱਗਿਆ ਕਿ ਕੌਮਾਂਤਰੀ ਰੈੱਡ ਕਰਾਸ ਦੇ ਵਫ਼ਦ ਦਾ ਅਚਾਨਕ ਦੌਰੇ ਦਾ ਪ੍ਰੋਗਰਾਮ ਆ ਗਿਆ ਸੀ। ਇਸ ਕਾਰਨ ਸਾਨੂੰ ਸਮੱਗਲ ਕਰਕੇ ਬਾਹਰ ਭੇਜਿਆ ਗਿਆ ਕਿਉਂਕਿ ਅਸੀਂ ‘ਅਣਐਲਾਨੇ’ ਕੈਦੀ ਸਾਂ, ਭਾਵ ਸਾਡੇ ਕੈਦੀ ਹੋਣ ਬਾਰੇ ਪਾਕਿਸਤਾਨ ਨੇ ਭਾਰਤ ਨੂੰ ਨਹੀਂ ਦੱਸਿਆ ਸੀ। ਜਨਰਲ (ਮਗਰੋਂ ਫੀਲਡ ਮਾਰਸ਼ਲ) ਕਰਿਅੱਪਾ ਦਾ ਪੁੱਤਰ (ਏਅਰ ਫੋਰਸ ਅਫਸਰ) ਐਲਾਨੇ ਕੈਦੀਆਂ ਵਿੱਚ ਸੀ ਅਤੇ ਪਿੱਛੇ ਕੈਂਪ ਵਿੱਚ ਸੀ। ਉਸ ਨੇ ਰੈੱਡ ਕਰਾਸ ਵਾਲਿਆਂ ਨੂੰ ਸਾਡੇ ਬਾਰੇ ਦੱਸ ਦਿੱਤਾ ਸੀ, ਨਹੀਂ ਤਾਂ ਕੀ ਹੁੰਦਾ ਕਿਹਾ ਨਹੀਂ ਜਾ ਸਕਦਾ।
5 ਮਹੀਨੇ 20 ਦਿਨ ਮਗਰੋਂ ਮੈਂ ਹੋਰਾਂ ਨਾਲ ਪਾਕਿਸਤਾਨ ਦੀ ਕੈਦ ਵਿੱਚੋਂ ਰਿਹਾਅ ਹੋਇਆ। ਪਹਿਲਾਂ ਅਸੀਂ ਰੇਲਗੱਡੀ ਰਾਹੀਂ ਲਾਹੌਰ ਲਿਆਂਦੇ ਗਏ। ਉਸ ਦੌਰਾਨ ਇਹ ਪਹਿਲਾ ਸਫ਼ਰ ਸੀ ਜਦੋਂ ਸਾਡੀਆਂ ਅੱਖਾਂ ’ਤੇ ਪੱਟੀ ਨਹੀਂ ਸੀ ਬੱਝੀ ਅਤੇ ਅਸੀਂ ਫਸਟ ਕਲਾਸ ਡੱਬੇ ਵਿੱਚ ਸਫ਼ਰ ਕਰ ਰਹੇ ਸਾਂ। ਅਸੀਂ ਲਾਹੌਰ ਸਵੇਰੇ ਛੇ ਵਜੇ ਪਹੁੰਚੇ ਅਤੇ ਸਾਨੂੰ ਪਲੈਟਫਾਰਮ ’ਤੇ ਨਾਸ਼ਤਾ ਦਿੱਤਾ ਗਿਆ। ਉਪਰੰਤ ਲਾਰੀਆਂ ’ਤੇ ਵਾਹਗਾ ਪਹੁੰਚੇ। ਸਾਡੀ ਰਿਹਾਈ ਬਾਰੇ ਕੁਝ ਘਪਲਾ ਸੀ, ਜਿਸ ਕਾਰਨ ਅਸੀਂ ਪਿੱਛੇ ਲਿਆਂਦੇ ਗਏ ਅਤੇ ਗੱਡੀਆਂ ਖੜ੍ਹੀਆਂ ਰਹੀਆਂ। ਸਾਡੇ ਭਵਿੱਖ ਬਾਰੇ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ। ਬਾਅਦ ਦੁਪਹਿਰ ਅਦਲਾ ਬਦਲੀ ਹੋਈ। ਅਸੀਂ ਇੱਧਰ ਆਏ ਅਤੇ ਉਨ੍ਹਾਂ ਦੇ ਕੈਦੀ ਭਾਰਤ ’ਚੋਂ ਪਾਕਿਸਤਾਨ ਗਏ। ਸ਼ਾਮ ਨੂੰ ਅਸੀਂ ਫ਼ਿਰੋਜ਼ਪੁਰ ਦੇ ਕਿਲ੍ਹੇ ਵਿੱਚ ਲਿਆਂਦੇ ਗਏ ਅਤੇ ਰਾਤੀਂ ਰੇਲ ਰਾਹੀਂ ਅਗਲੇ ਦਿਨ ਮਥੁਰਾ ਛਾਉਣੀ ਪਹੁੰਚੇ, ਜਿੱਥੇ ਸਾਡੀ ਡੀਬਰੀਫਿੰਗ (ਪੁੱਛਤਾਛ) ਅਤੇ ਡਾਕਟਰੀ ਮੁਆਇਨਾ ਹੋਇਆ। ਮੈਂ ਬਹਾਦਰੀ ਅਤੇ ਦੇਸ਼ ਭਗਤੀ ਦੀ ਫੜ ਤਾਂ ਨਹੀਂ ਮਾਰਦਾ, ਪਰ ਮੈਂ ਅਤੇ ਮੇਰੇ ਬਹਾਦਰ ਜਵਾਨਾਂ ਨੇ ਦਿੱਤੇ ਹੁਕਮ ਦੀ ਪਾਲਣਾ ਕੀਤੀ ਅਤੇ ਦੁਸ਼ਮਣ ਨੂੰ ਲੇਟ ਕਰਨ ਲਈ ਲਾਈ ਪੋਸਟ ’ਤੇ ਹਮਲੇ ਤੋਂ 36 ਘੰਟੇ ਮਗਰੋਂ ਚੁਫ਼ੇਰਾ ਘਿਰ ਜਾਣ ’ਤੇ ਪੋਸਟ ਛੱਡੀ।
ਕਹਾਣੀ ਮੁੱਕਦੀ ਹੈ, ਪਰ ਯਾਦਾਂ ਹੌਲਨਾਕ ਕਿੱਸੇ, ਝੱਲੇ ਸਰੀਰਕ ਅਤੇ ਮਾਨਸਿਕ ਤਸੀਹੇ, ਉਮਰਾਂ ਦੇ ਨਾਲ ਹੀ ਜਾਣਗੇ।”
ਸੰਪਰਕ: 92165-50612